ਕਿਸੇ ਵੀ ਇਨਸਾਨ ਦੀ ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਉਹ ਜਨਮ ਤੋਂ ਸਿੱਖਦਾ ਹੈ। ਇੰਝ ਕਹਿ ਲਓ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿੱਖਦਾ ਹੈ ਜਾਂ ਉਹ ਭਾਸ਼ਾ ਜਿਸ ਨੂੰ ਉਹ ਸਭ ਤੋਂ ਵੱਧ ਚੰਗੀ ਤਰ੍ਹਾਂ ਮਹਿਸੂਸਦਾ, ਜਾਣਦਾ, ਸਮਝਦਾ ਤੇ ਮਾਣਦਾ ਹੈ। ਅਸਲ ਵਿਚ ਮਾਂ ਹੀ ਇਨਸਾਨ ਦੀ ਪਹਿਲੀ ਅਧਿਆਪਕ ਹੁੰਦੀ ਹੈ ਜੋ ਉਸ ਨੂੰ ਬੋਲਣਾ, ਸਮਝਣਾ ਤੇ ਸਮਝਾਉਣਾ ਸਿਖਾਉਂਦੀ ਹੈ। ਮਾਂ ਨੂੰ ਇਸ ਵਾਸਤੇ ਕਿਸੇ ਖ਼ਾਸ ਸਿਖਲਾਈ ਦੀ ਲੋੜ ਨਹੀਂ ਹੁੰਦੀ। ਇਹ ਇਕ ਕੁਦਰਤੀ ਵਰਤਾਰਾ ਹੈ। ਮਾਂ ਨੂੰ ਕੁਦਰਤ ਦੀ ਦੇਣ ਹੈ। ਆਮ ਦੇਖਿਆ ਜਾਂਦਾ ਹੈ ਕਿ ਮੂਲ ਰੂਪ ਵਿਚ ਇਕ ਅਨਪੜ੍ਹ ਮਾਂ ਵੀ ਆਪਣੇ ਬੱਚੇ ਨੂੰ ਮਾਂ ਬੋਲੀ ਵਿਚ ਨਿਪੁੰਨ ਬਣਾ ਦਿੰਦੀ ਹੈ। ਇਸੇ ਲਈ ਜਦੋਂ ਕਿਸੇ ਬੋਲੀ ਨੂੰ 'ਮਾਂ ਬੋਲੀ' ਕਿਹਾ ਜਾਂਦਾ ਹੈ ਤਾਂ ਅਸਲ ਵਿਚ ਇਹ ਮਾਂ ਦੀ ਆਪਣੇ ਬੱਚਿਆਂ ਖ਼ਾਤਰ ਕੀਤੀ ਗਈ ਘਾਲਣਾ ਤੇ ਨਿਸ਼ਠਾ ਪ੍ਰਤੀ ਸਤਿਕਾਰ, ਸਨਮਾਨ ਤੇ ਅਹਿਸਾਨ ਦਾ ਪ੍ਰਗਟਾਵਾ ਵੀ ਹੁੰਦਾ ਹੈ।

ਮਾਂ ਬੋਲੀ ਇਨਸਾਨ ਨੂੰ ਸਮਾਜ ਨਾਲ ਜੋੜਦੀ ਹੈ, ਗੰਢਦੀ ਹੈ। ਸਮਾਜ ਨੂੰ ਸਮਝਣ, ਪਛਾਣਨ, ਵਿਚਰਣ ਤੇ ਜਿਊਣ ਜੋਗੇ ਬਣਾਉਂਦੀ ਹੈ। ਮਾਂ ਬੋਲੀ ਤੋਂ ਬਿਨਾਂ ਜੋ ਵੀ ਹੋਰ ਬੋਲੀ ਇਨਸਾਨ ਬੋਲਦਾ ਹੈ ਉਸ ਨੂੰ ਦੂਜੀ ਭਾਸ਼ਾ ਜਾਂ ਮਾਸੀ ਭਾਸ਼ਾ ਵੀ ਕਹਿੰਦੇ ਹਨ। ਜਿੰਨੀ ਡੂੰਘੀ ਤੇ ਗ਼ਹਿਰੀ ਸਮਝ ਇਨਸਾਨ ਨੂੰ ਆਪਣੀ ਮਾਂ ਬੋਲੀ ਬਾਰੇ ਹੋ ਸਕਦੀ ਹੈ ਓਨੀ ਸ਼ਾਇਦ ਮਾਸੀ ਬੋਲੀ ਬਾਰੇ ਕਦੇ ਨਹੀਂ ਹੋ ਸਕਦੀ। ਜਿਵੇਂ ਕੋਈ ਵੀ ਮਾਸੀ 'ਮਾਂ' ਵਰਗੀ ਤਾਂ ਹੋ ਸਕਦੀ ਹੈ ਪਰ 'ਮਾਂ ਦੀ ਥਾਂ' ਨਹੀਂ ਲੈ ਸਕਦੀ ਉਸੇ ਤਰ੍ਹਾਂ ਕੋਈ ਵੀ ਦੂਸਰੀ ਭਾਸ਼ਾ ਤੁਹਾਡੀ ਇਕ ਹੋਰ ਭਾਸ਼ਾ ਤਾਂ ਜ਼ਰੂਰ ਹੋ ਸਕਦੀ ਹੈ ਪਰ ਉਹ ਤੁਹਾਡੀ ਮਾਤਰ ਭਾਸ਼ਾ ਉਰਫ਼ ਮਾਂ ਬੋਲੀ ਦੀ ਥਾਂ ਨਹੀਂ ਲੈ ਸਕਦੀ। ਅਸਲ ਵਿਚ ਜੋ ਕੁਝ ਤੁਸੀਂ ਮਾਂ ਬੋਲੀ ਰਾਹੀਂ ਪ੍ਰਗਟਾ ਸਕਦੇ ਹੋ ਉਹ ਮਾਸੀ ਭਾਸ਼ਾ ਵਿਚ ਮੁਮਕਿਨ ਨਹੀਂ ਹੈ।

ਕਿਹਾ ਜਾਂਦਾ ਹੈ ਕਿ ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ, ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੁੰਦੀ ਹੈ। ਮਨੁੱਖੀ ਸਮਾਜ ਦੀ ਚੇਤਨਾ ਦੇ ਤੇਜ਼ੀ ਨਾਲ ਵਿਕਸਤ ਹੋਣ ਦੀਆਂ ਸੰਭਾਵਨਾਵਾਂ ਉਸ ਦੀ ਮਾਂ ਬੋਲੀ ਰਾਹੀਂ ਹੀ ਵਧੇਰੇ ਪਨਪਦੀਆਂ ਤੇ ਉਗਮਦੀਆਂ ਹਨ। ਮਾਂ ਬੋਲੀ ਰਾਹੀਂ ਹੀ ਮਨੁੱਖ ਆਪਣੇ ਕੌਮੀ ਇਤਿਹਾਸ ਤੇ ਮਿਥਿਹਾਸ ਬਾਰੇ ਜਾਣ ਸਕਣ ਵਿਚ ਨਿਪੁੰਨ ਹੋ ਸਕਦਾ ਹੈ। ਮਾਂ ਬੋਲੀ ਹੀ ਇਨਸਾਨ ਨੂੰ ਆਪਣੇ ਘਰ, ਪਰਿਵਾਰ, ਭਾਈਚਾਰੇ, ਮੁਲਕ ਤੇ ਕੌਮ ਨਾਲ ਜੋੜਦੀ ਹੈ।

ਮਾਂ ਬੋਲੀ ਰਾਹੀਂ ਇਨਸਾਨ ਆਪਣੇ ਵਿਚਾਰਾਂ, ਲੋੜਾਂ ਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਸਿਰਜਣਾਤਮਿਕਤਾ, ਮੌਲਿਕਤਾ ਦੀ ਗਵਾਹੀ ਦਿੰਦੇ ਹਨ। ਆਪਣਾ ਮਾਨਸਿਕ, ਸਮਾਜਿਕ ਤੇ ਭਾਵਾਤਮਿਕ ਵਿਕਾਸ ਕਰਦੇ ਹਨ।

ਮਾਂ ਬੋਲੀ ਰਾਹੀਂ ਹੀ ਇਨਸਾਨ ਦੀ ਸੋਚ ਗਤੀਸ਼ੀਲ ਹੁੰਦੀ ਹੈ। ਉਹ ਸੁਪਨੇ ਲੈਂਦਾ ਹੈ। ਮਾਂ ਬੋਲੀ ਇਨਸਾਨ ਦੇ ਜਨਮ ਤੋਂ ਲੈ ਕੇ ਮੌਤ ਤਕ ਨਾਲ ਵਿਚਰਦੀ ਹੈ। ਇਨਸਾਨ ਆਪਣੀ ਮਾਂ ਬੋਲੀ ਵਿਚ ਹੀ ਆਪਣੇ ਅਤਿ ਸੂਖਮ, ਮੁੱਢਲੇ, ਦਿਲ ਦੇ ਵਲਵਲਿਆਂ, ਜਜ਼ਬਾਤ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਤੇ ਵਖਾਣ ਆਸਾਨੀ ਤੇ ਸਹਿਜਤਾ ਨਾਲ ਕਰ ਸਕਦਾ ਹੈ।

ਇਨਸਾਨ ਆਪਣੇ ਜੀਵਨ ਦੇ ਸ਼ੁਰੂ ਦੇ ਸਾਲਾਂ ਵਿਚ ਜਿਸ ਚੌਗਿਰਦੇ ਨਾਲ ਜੁੜਦਾ ਹੈ ਉਸ ਦਾ ਮਾਧਿਅਮ ਉਸ ਦੀ ਮਾਂ ਬੋਲੀ ਹੀ ਹੁੰਦੀ ਹੈ। ਮਾਂ ਬੋਲੀ ਹੀ ਚਾਰੇ ਪਾਸੇ ਦਿਖਾਈ ਦਿੰਦੀ ਹੈ। ਮਾਂ ਬੋਲੀ ਕਰਕੇ ਹੀ ਉਸਦੀ ਮਾਂ ਨਾਲ ਭਾਵੁਕ ਸਾਂਝ ਪੈਂਦੀ ਹੈ।

ਇਨਸਾਨ ਦੀ ਜ਼ਿੰਦਗੀ ਵਿਚ ਮਾਂ ਬੋਲੀ ਦਾ ਅਹਿਮ ਸਥਾਨ ਹੈ। ਇਸੇ ਬੋਲੀ ਵਿਚ ਉਸ ਦੀ ਬੁੱਧੀ ਵਿਕਾਸ ਦਾ ਰਾਹ ਫੜਦੀ ਹੈ। ਇਸੇ ਬੋਲੀ ਵਿਚ ਹੀ ਸਾਰਾ ਕੁਝ ਸਮਝ ਆਉਂਦਾ ਹੈ। ਇਸੇ ਬੋਲੀ ਵਿਚ ਹੀ ਤਾਂ ਰੋਂਦਾ ਹੱਸਦਾ, ਗਾਹਲਾਂ ਕੱਢਦਾ, ਗੁੱਸੇ ਵਿਚ ਲੂਸਦਾ, ਝੂਰਦਾ, ਚੀਕਦਾ ਤੇ ਪਸ਼ੇਮਾਨ ਹੁੰਦਾ, ਜ਼ਿੱਦਾਂ ਕਰਦਾ ਹੈ। ਉਸ ਦੀਆਂ ਸਾਰੀਆਂ ਮੰਗਾਂ ਵੀ ਮਾਂ ਬੋਲੀ ਵਿਚ ਹੀ ਪੂਰੀਆਂ ਹੁੰਦੀਆਂ ਹਨ।

ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇ ਇਨਸਾਨ ਨੇ ਸਾਰਾ ਕੁਝ ਆਪਣੀ ਮਾਂ ਬੋਲੀ ਵਿਚ ਹੀ ਕਰਨਾ ਹੈ ਤਾਂ ਫਿਰ ਇਨਸਾਨ ਨੂੰ ਕੋਈ ਹੋਰ ਭਾਸ਼ਾ ਸਿੱਖਣ ਦੀ ਲੋੜ ਕਿਉਂ ਪੈਂਦੀ ਹੈ? ਪਰ ਇਹ ਆਮ ਨਹੀਂ ਸਗੋਂ ਅਹਿਮ ਸਵਾਲ ਹੈ ਸੋ ਇਸ ਸਵਾਲ ਦਾ ਜਵਾਬ ਇਕਹਿਰਾ ਨਹੀਂ ਹੋ ਸਕਦਾ। ਇਸਦੇ ਅਣਗਿਣਤ ਜਵਾਬ ਹੋ ਸਕਦੇ ਹਨ। ਇਨਸਾਨ ਦੇ ਹੋਰ ਭਾਸ਼ਾ ਸਿੱਖਣ ਦੇ ਅਣਗਿਣਤ ਕਾਰਨ ਹੋ ਸਕਦੇ ਹਨ। ਲੋੜਾਂ, ਜ਼ਰੂਰਤਾਂ ਤੇ ਮਜਬੂਰੀਆਂ ਹੋ ਸਕਦੀਆਂ ਹਨ।

ਅੱਜ ਕੁੱਲ ਮਨੁੱਖਤਾ ਤੇ ਲੋਕਾਈ ਬਹੁਤ ਤੇਜ਼ ਗਤੀ ਨਾਲ ਵਿਕਾਸ ਕਰ ਰਹੀ ਹੈ। ਹਰ ਤਰ੍ਹਾਂ ਦੀ ਆਧੁਨਿਕ ਤਕਨਾਲੋਜੀ ਤੇ ਸੋਸ਼ਲ ਮਡੀਆ ਦੇ ਚਲਦਿਆਂ ਸਾਰਾ ਵਿਸ਼ਵ ਇਕ ਕੁਟੰਬ ਬਣਦਾ ਜਾ ਰਿਹਾ ਹੈ। ਜਿਸ ਵਿਚ ਭਾਂਤ-ਭਾਂਤ ਖਿੱਤਿਆਂ ਨਾਲ ਸਬੰਧਤ ਲੋਕ ਵਸਦੇ ਹਨ। ਹੋਰ ਭਿੰਨਤਾਵਾਂ ਤੋਂ ਇਲਾਵਾ ਉਨ੍ਹਾਂ ਦੀਆਂ ਭਿੰਨ-ਭਿੰਨ ਮਾਂ ਬੋਲੀਆਂ ਵੀ ਹਨ।

ਮੌਜੂਦਾ ਸਮੇਂ ਵਿਚ ਲਗਪਗ ਸਾਰੀ ਦੁਨੀਆ ਵਿਚ ਅੰਗਰੇਜ਼ੀ ਇਕ ਐਸੀ ਅੰਤਰ-ਰਾਸ਼ਟਰੀ ਭਾਸ਼ਾ ਬਣ ਚੁੱਕੀ ਹੈ ਜੋ ਇਸ ਕੁਟੰਬ ਦਿਆਂ ਜੀਆਂ ਨੂੰ ਆਪਸ ਵਿਚ ਹਰ ਪੱਖ ਤੋਂ ਜੋੜਨ ਦਾ ਕਿਰਦਾਰ ਬਾਖੂਬੀ ਨਿਭਾ ਰਹੀ ਹੈ। ਜਿਸ ਨਾਲ ਗਿਆਨ, ਵਿਗਿਆਨ ਤੇ ਵਿਚਾਰਕ ਸਾਂਝ ਆਪਸ ਵਿਚ ਸਾਂਝੀ ਕੀਤੀ ਜਾ ਰਹੀ ਹੈ।

ਸਾਡਾ ਆਪਣਾ ਦੇਸ਼ ਵੀ ਅਣਗਿਣਤ ਭਿੰਨਤਾਵਾਂ ਨਾਲ ਭਰੇ ਵਾਸੀਆਂ ਵਾਲਾ ਵਿਲੱਖਣ ਦੇਸ਼ ਹੈ। ਇੱਥੇ ਵਸਦੇ ਲੋਕਾਂ ਦੀਆਂ ਬਾਕੀ ਦੀਆਂ ਭਿੰਨਤਾਵਾਂ ਨੂੰ ਛੱਡ ਕੇ ਜੇ ਵੱਖ-ਵੱਖ ਭਾਸ਼ਾਵਾਂ ਤੇ ਬੋਲੀਆਂ ਦੀ ਹੀ ਗੱਲ ਕਰੀਏ ਤਾਂ 2001 ਦੀ ਮਰਦਮਸ਼ੁਮਾਰੀ ਅਨੁਸਾਰ ਸਾਡੇ ਦੇਸ਼ ਵਿਚ ਲਗਪਗ 122 ਮੁੱਖ ਭਾਸ਼ਾਵਾਂ,1600 ਦੇ ਕਰੀਬ ਉੱਪ ਭਾਸ਼ਾਵਾਂ ਤੇ ਅਣਗਿਣਤ ਸਥਾਨਕ ਮਾਂ-ਬੋਲੀਆਂ ਹਨ।

ਅੱਜ ਵੀ ਸਾਡੇ ਦੇਸ਼ ਵਿਚ ਕਈ ਅਜਿਹੇ ਇਲਾਕੇ ਤੇ ਖੇਤਰ ਹਨ ਜਿੱਥੋਂ ਦੇ ਲੋਕ ਕੇਵਲ ਤੇ ਕੇਵਲ ਆਪਣੀ ਮਾਂ ਬੋਲੀ ਹੀ ਸਮਝਦੇ, ਜਾਣਦੇ ਤੇ ਬੋਲਦੇ ਹਨ। ਨਾ ਤਾਂ ਉਹ ਕਿਸੇ ਹੋਰ ਕੌਮੀ ਭਾਸ਼ਾ ਤੇ ਨਾ ਹੀ ਕੋਈ ਅੰਤਰ-ਰਾਸ਼ਟਰੀ ਭਾਸ਼ਾ ਦਾ ਗਿਆਨ ਰੱਖਦੇ ਹਨ। ਉਹ ਵੱਖਰੀ ਗੱਲ ਹੈ ਕਿ ਅਜਿਹੇ ਦੇਸ਼ ਵਾਸੀਆਂ ਦਾ ਅੰਤਰ ਰਾਸ਼ਟਰੀ ਪੱਧਰ ਉੱਪਰ ਇਕ ਦੂਸਰੇ ਨਾਲ ਵਾ-ਵਾਸਤਾ ਭਾਵੇਂ ਘੱਟ ਪੈਂਦਾ ਹੈ ਪਰ ਮੁਮਕਿਨ ਹੈ ਕਿ ਉਨ੍ਹਾਂ ਦਾ ਰਾਸ਼ਟਰੀ ਪੱਧਰ 'ਤੇ ਤਾਂ ਇਕ ਦੂਸਰੇ ਦੇਸ਼ ਵਾਸੀ ਨਾਲ ਵਾ-ਵਾਸਤਾ ਅਕਸਰ ਪੈਂਦਾ ਰਹਿੰਦਾ ਹੋਵੇਗਾ।

ਸੋ ਅਹਿਮ ਤੇ ਸਧਾਰਨ ਸਵਾਲ ਇਹ ਉੱਠਦਾ ਹੈ ਕਿ ਇਕ ਹੀ ਦੇਸ਼ ਦੇ ਸਾਰੇ ਵਾਸੀਆਂ ਨੂੰ ਫਿਰ ਆਪਸ ਵਿਚ ਭਾਸ਼ਾਈ ਤੌਰ ਉੱਪਰ ਕਿਵੇਂ ਜੋੜਿਆ ਜਾ ਸਕਦਾ ਹੈ...? ਇਸ ਸਵਾਲ ਦਾ ਬੜਾ ਸੌਖਾ ਤੇ ਸਧਾਰਨ ਜਵਾਬ ਕੀ ਇਹ ਨਹੀਂ ਹੋ ਸਕਦਾ ਕਿ ਸਾਰੇ ਦੇਸ਼ ਵਾਸੀਆਂ ਨੂੰ ਭਾਸ਼ਾਈ ਸੰਚਾਰ ਰਾਹੀਂ ਜੋੜਨ ਖਾਤਰ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਨਾਲ ਇਕ ਹੋਰ ਸਾਂਝੀ ਕੌਮੀ ਭਾਸ਼ਾ ਵੀ ਜ਼ਰੂਰੀ ਸਿਖਾਈ ਜਾਵੇ ਤਾਂ ਕਿ ਉਹ ਆਪਣੇ ਦੇਸ਼ ਵਿਚ ਇਕ ਦੂਸਰੇ ਨਾਲ ਆਸਾਨੀ ਤੇ ਸਹਿਜਤਾ ਨਾਲ ਵਿਚਰ ਸਕਣ।

ਇਕ ਦੂਸਰੇ ਨੂੰ ਸਮਝ ਤੇ ਸਮਝਾ ਸਕਣ। ਜਾਣ ਤੇ ਪਛਾਣ ਸਕਣ। ਮੇਲ ਮਿਲਾਪ ਵਧਾ ਸਕਣ। ਆਪਣਾ ਚੌਪੱਖੀ ਵਿਕਾਸ ਕਰ ਸਕਣ। ਉਹ ਵੱਖਰੀ ਗੱਲ ਹੈ ਕਿ ਇਸ ਸਾਂਝੀ ਕੌਮੀ ਭਾਸ਼ਾ ਨੂੰ ਲਾਗੂ ਕਰਨ ਵਿਚ ਕੋਈ ਨੀਵੇਂ ਪੱਧਰ ਦੀ ਸਿਆਸਤ ਨਾ ਖੇਲੀ ਜਾਵੇ। ਕੀ ਮੈਂ ਕੋਈ ਝੂਠ ਬੋਲਿਐ..?

J ਗੋਵਰਧਨ ਗੱਬੀ

9417173700

Posted By: Harjinder Sodhi