ਮਾਘ ਮਹੀਨੇ ਦਾ ਅਧਿਆਤਮਕ ਦੇ ਨਾਲ-ਨਾਲ ਕੁਦਰਤੀ ਮਹੱਤਵ ਵੀ ਬਹੁਤ ਹੈ। ਮਾਘੀ ਦੇ ਮੇਲੇ ਵਾਲੇ ਕਹੇ ਜਾਂਦੇ ਇਸ ਮਹੀਨੇ 'ਚ ਜਿੱਥੇ ਪਾਠ ਪੂਜਾ ਕਰਨੀ ਸ਼ੁੱਭ ਮੰਨੀ ਜਾਂਦੀ ਹੈ, ਉੱਥੇ ਦਾਨ ਪੁੰਨ ਕਰਨਾ ਵੀ ਚੰਗਾ ਸਮਝਿਆ ਜਾਂਦਾ ਹੈ। ਪੋਹ ਦੀ ਕੜਾਕੇ ਦੀ ਸਰਦੀ ਤੇ ਕੱਕਰ ਕਾਰਨ ਸੁੱਤੀ ਹੋਈ ਬਨਸਪਤੀ ਮਾਘ ਮਹੀਨੇ ਸੂਰਜ ਦੇਵਤਾ ਦੀ ਹਾਜ਼ਰੀ ਵਧਣ ਕਾਰਨ ਕੋਸੀ-ਕੋਸੀ ਧੁੱਪ ਦਾ ਅਨੰਦ ਮਾਣਦਿਆਂ ਉਸਲਵੱਟੇ ਲੈਣ ਲੱਗ ਪੈਂਦੀ ਹੈ। ਮਾਘ ਮਹੀਨੇ ਚਾਰ ਚੁਫੇਰਾ ਨਿਖਰਿਆ-ਨਿਖਰਿਆ ਲੱਗਦਾ ਹੈ। ਮਾਘ ਮਹੀਨੇ ਕੁੜੀਆਂ ਦਾ ਵਿਆਹ ਕਰ ਕੇ ਕੰਨਿਆ ਦਾਨ ਕਰਨਾ ਬਹੁਤ ਮਹੱਤਵ ਰੱਖਦਾ ਹੈ।

ਅਕਸਰ ਹੀ ਹਰ ਸਾਲ 13 ਜਨਵਰੀ ਨੂੰ ਪੋਹ ਮਹੀਨੇ ਦੀ ਆਖ਼ਰੀ ਰਾਤ ਮੌਕੇ ਲੋਹੜੀ ਹੁੰਦੀ ਹੈ ਅਤੇ 14 ਜਨਵਰੀ ਨੂੰ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਮਾਘ ਦੀ ਸੰਗਰਾਂਦ ਦਾ ਆਪਣਾ ਵੱਖਰਾ ਮਹੱਤਵ ਹੈ, ਇਸ ਦਿਨ ਮਾਘੀ ਦਾ ਤਿਉਹਾਰ ਵੀ ਹੁੰਦਾ ਹੈ।

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰਹ ਮਾਹਾ ਤੁਖਾਰੀ ਰਾਗੁ ਵਿਚ ਮਾਘ ਮਹੀਨੇ ਬਾਰੇ ਲਿਖਿਆ ਹੈ :

ਮਾਘਿ ਪੁਨੀਤ ਭਈ ਤੀਰਥੁ

ਅੰਤਰਿ ਜਾਨਿਆ

ਸਾਜਨ ਸਹਜਿ ਮਿਲੇ ਗੁਣ ਗਹਿ

ਅੰਕਿ ਸਮਾਨਿਆ

ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ

ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ

ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ

ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ੧੫

ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ ਕਿ ਜਿਸ ਮਨੁੱਖ ਨੇ ਮਾਘ ਦੇ ਮਹੀਨੇ ਵਿਚ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ ਕੇ ਉਸਦੇ ਨਾਮ ਦਾ ਰਸ ਪੀ ਲਿਆ, ਉਸ ਮਨੁੱਖ ਨੇ ਅਠਾਹਟ ਤੀਰਥਾਂ ਦਾ ਇਸ਼ਨਾਨ ਕਰ ਲਿਆ :

ਪੁੰਨ ਦਾਨ ਪੂਜਾ ਪਰਮੇਸੁਰ

ਜੁਗਿ ਜੁਗਿ ਏਕੋ ਜਾਤਾ

ਨਾਨਕ ਮਾਘਿ ਮਹਾ ਰਸੁ ਹਰਿ ਜਪਿ

ਅਠਸਠਿ ਤੀਰਥ ਨਾਤਾ

ਗੁਰੂ ਅਰਜਨ ਦੇਵ ਜੀ ਨੇ ਮਾਘ ਮਹੀਨੇ ਦਾ ਵਰਣਨ ਆਪਣੀ ਬਾਣੀ ਬਾਰਹ ਮਾਹਾ ਮਾਝ ਵਿਚ ਕਰਦਿਆਂ ਲਿਖਿਆ ਹੈ ਕਿ

ਮਾਘਿ ਮਜਨੁ ਸੰਗਿ ਸਾਧੂਆ

ਧੂੜੀ ਕਰਿ ਇਸਨਾਨੁ

ਹਰਿ ਕਾ ਨਾਮੁ ਧਿਆਇ ਸੁਣਿ

ਸਭਨਾ ਨੋ ਕਰਿ ਦਾਨੁ

ਜਨਮ ਕਰਮ ਮਲੁ ਉਤਰੈ

ਮਨ ਤੇ ਜਾਇ ਗੁਮਾਨੁ

ਕਾਮਿ ਕਰੋਧਿ ਨ ਮੋਹੀਐ

ਬਿਨਸੈ ਲੋਭੁ ਸੁਆਨੁ

ਸਚੈ ਮਾਰਗਿ ਚਲਦਿਆ

ਉਸਤਤਿ ਕਰੇ ਜਹਾਨੁ

ਅਠਸਠਿ ਤੀਰਥ ਸਗਲ ਪੁੰਨ

ਜੀਅ ਦਇਆ ਪਰਵਾਨੁ

ਜਿਸ ਨੋ ਦੇਵੈ ਦਇਆ ਕਰਿ

ਸੋਈ ਪੁਰਖੁ ਸੁਜਾਨੁ

ਜਿਨਾ ਮਿਲਿਆ ਪ੍ਰਭੁ ਆਪਣਾ

ਨਾਨਕ ਤਿਨ ਕੁਰਬਾਨੁ

ਮਾਘਿ ਸੁਚੇ ਸੇ ਕਾਢੀਅਹਿ

ਜਿਨ ਪੂਰਾ ਗੁਰੁ ਮਿਹਰਵਾਨੁ ੧੨

ਬਾਬਾ ਬੁੱਲੇ ਸ਼ਾਹ ਨੇ ਮਾਘ ਮਹੀਨੇ ਬਾਰੇ ਲਿਖਿਆ ਹੈ :

ਮਾਘੀ ਨਹਾਵਣ ਮੈਂ ਚੱਲੀ ਜੋ

ਤੀਰਥ ਕਰ ਸਮਿਆਨ।

ਗੱਜ ਗੱਜ ਬਰਸੇ ਮੇਘਲਾ

ਮੈਂ ਰੋ ਰੋ ਕਰਾਂ ਇਸ਼ਨਾਨ।

ਮਾਘ ਮਹੀਨੇ ਗਏ ਉਲਾਂਘ,

ਨਵੀਂ ਮੁਹਬਤ ਬਹੁਤੀ ਤਾਂਘ,

ਇਸ਼ਕ ਮੁਅੱਜ਼ਨ ਦਿੱਤੀ ਬਾਂਗ,

ਪੜ੍ਹਾਂ ਨਮਾਜ਼ ਪੀਆ ਦੀ

ਤਾਂਘ, ਦੁਆਈਂ ਕੀ ਕਰਾਂ ।

ਆਖਾਂ ਪਿਆਰੇ ਮੈਂ ਵੱਲ ਆ,

ਤੇਰੇ ਮੁੱਖ ਵੇਖਣ ਦਾ ਚਾਅ,

ਭਾਵੇਂ ਹੋਰ ਤੱਤੀ ਨੂੰ ਤਾਅ,

ਬੁੱਲ੍ਹਾ ਸ਼ੌਹ ਨੂੰ ਆਣ ਮਿਲਾ,

ਤੇਰੀ ਹੋ ਰਹਾਂ।।

ਭਾਈ ਵੀਰ ਸਿੰਘ ਨੇ ਮਾਘ ਮਹੀਨੇ ਦਾ ਵਰਣਨ ਕਰਦੇ ਹੋਏ ਲਿਖਿਆ ਹੈ :

ਚੜ੍ਹ ਪਿਆ ਮਾਘ ਮਹੀਨਾ,

ਸੁੱਕੇ ਨੈਣ ਨ ਸਾਡੇ,

ਬੱਦਲ ਭਰਿਆਂ ਦੇ ਵਾਂਙੂੰ,

ਅੱਖਾਂ ਭਰੀਆਂ ਹੀ ਰਹੀਆਂ।

ਧਨੀ ਰਾਮ ਚਾਤ੍ਰਿਕ ਨੇ ਲਿਖਿਆ ਹੈ -

ਮੈਂ ਮਾਘੋਂ ਕੂਕਣ ਲਗੀ ਹਾਂ

ਕੁੜੀ ਹੋਈ ਮੁਟਿਆਰ

ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਵੀ ਪਵਿੱਤਰ ਗ੍ਰੰਥ ਗੀਤਾ ਦੇ ਅੱਠਵੇਂ ਅਧਿਆਏ ਵਿਚ ਮਾਘ ਮਹੀਨੇ ਦੀ ਉਸਤਤਿ ਕੀਤੀ ਹੈ। ਮਹਾਭਾਰਤ ਵਿਚ ਜ਼ਿਕਰ ਆਉਂਦਾ ਹੈ ਕਿ ਮਾਘ ਮਹੀਨੇ ਦੀ ਸੰਗਰਾਂਦ ਨੂੰ ਸਵਰਗ ਦਾ ਦਰਵਾਜ਼ਾ ਖੁੱਲ੍ਹਦਾ ਹੈ।

ਮਾਘ ਦੀ ਸੰਗਰਾਂਦ ਨੂੰ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਵਿਚ ਮੁਕਤਸਰ ਦਾ ਮਾਘੀ ਮੇਲਾ ਬਹੁਤ ਪ੍ਰਸਿੱਧ ਹੈ। ਮਾਘੀ ਵਰਗੇ ਤਿਉਹਾਰ ਹੀ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਵੀ ਮਨਾਏ ਜਾਂਦੇ ਹਨ। ਉੱਤਰ ਪ੍ਰਦੇਸ਼ ਵਿਚ ਮਾਘ ਮਹੀਨੇ ਦੀ ਸੰਗਰਾਂਦ ਨੂੰ 'ਰੰਗੋਲੀ' ਉਤਸਵ ਮਨਾਇਆ ਜਾਂਦਾ ਹੈ। ਤਾਮਿਲ ਨਾਡੂ ਵਿਚ ਮਾਘੀ ਵਾਲੇ ਦਿਨ 'ਪੋਂਗਲ' ਤਿਉਹਾਰ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਵਿਚ ਮਾਘੀ ਵਾਲੇ ਦਿਨ 'ਮਿਲਣ' ਤਿਉਹਾਰ ਮਨਾਇਆ ਜਾਂਦਾ ਹੈ। ਇਹ ਸਾਰੇ ਤਿਉਹਾਰ ਮਾਘੀ ਨਾਲ ਸਬੰਧਿਤ ਹੀ ਹੁੰਦੇ ਹਨ ਪਰ ਵੱਖ-ਵੱਖ ਸੂਬਿਆਂ ਵਿਚ ਇਨ੍ਹਾਂ ਦੇ ਨਾਂ ਵੱਖ-ਵੱਖ ਰੱਖੇ ਹੋਏ ਹਨ।

ਕਿਹਾ ਜਾਂਦਾ ਹੈ ਕਿ ਮਾਘ ਮਹੀਨੇ ਦੀ ਸੰਗਰਾਂਦ ਭਾਵ ਮਾਘੀ ਵਾਲੇ ਦਿਨ ਮੁਕਤਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ਼ਨਾਨ ਕਰਨ ਨਾਲ 68 ਤੀਰਥਾਂ ਦਾ ਫਲ ਇਕੱਠਾ ਹੀ ਮਿਲਦਾ ਹੈ। ਇਸ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਉਪਰੋਕਤ ਦੋਵਾਂ ਥਾਵਾਂ 'ਤੇ ਕੇਸੀ ਇਸ਼ਨਾਨ ਕਰਦੇ ਵਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਤਖਤੂਪੂਰਾ ਵਿਖੇ ਵੀ ਮਾਘੀ ਮੇਲਾ ਲੱਗਦਾ ਹੈ।

ਭਾਰਤ ਦੇ ਕੁਝ ਇਲਾਕਿਆਂ ਵਿਚ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸੂਰਜ ਦੇਵਤਾ ਦੀ ਪੂਜਾ ਵੀ ਕੀਤਾ ਜਾਂਦੀ ਹੈ। ਕਈ ਇਲਾਕਿਆਂ ਵਿਚ ਮਾਘ ਦੀ ਸੰਗਰਾਂਦ ਨੂੰ ਜਲ ਦੇਵਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ। ਸੂਰਜ ਨਾਲ ਹੀ ਜਗ ਵਿਚ ਜ਼ਿੰਦਗੀ ਹੈ। ਸੂਰਜ ਨਾਲ ਹੀ ਅੰਧੇਰਾ ਦੂਰ ਹੁੰਦਾ ਹੈ। ਸੂਰਜ ਨਾਲ ਹੀ ਦਿਨ, ਰਾਤ, ਪਲ, ਮਹੀਨੇ ਅਤੇ ਸੰਮਤ ਆਦਿ ਦੀ ਵੰਡ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਭਾਰਤ ਦੀ ਸਮੁੱਚੀ ਧਰਤੀ 'ਤੇ 5000 ਲੱਖ ਕਰੋੜ ਕਿਲੋਵਾਟ ਘੰਟਾ ਪ੍ਰਤੀ ਵਰਗ ਮੀਟਰ ਦੇ ਬਰਾਬਰ ਸੌਰ ਊਰਜਾ ਆਉਂਦੀ ਹੈ ਜੋ ਕਿ ਦੁਨੀਆ ਦੀ ਸਮੁੱਚੀ ਬਿਜਲੀ ਖਪਤ ਤੋਂ ਕਈ ਗੁਣਾ ਜ਼ਿਆਦਾ ਹੈ। ਸਾਲ ਵਿਚ 300 ਦਿਨਾਂ ਦੇ ਕਰੀਬ ਸੂਰਜ ਦੀ ਰੋਸ਼ਨੀ ਪੂਰੀ ਮਿਲਦੀ ਹੈ, ਜਿਸ ਕਾਰਨ ਸੂਰਜ ਦੀ ਮਹੱਤਤਾ ਦਾ ਪਤਾ ਚਲ ਜਾਂਦਾ ਹੈ।

ਮਾਘੀ ਵਾਲੇ ਦਿਨ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ 'ਚ ਹੀ ਲੋਕ ਪਵਿੱਤਰ ਸਰੋਵਰਾਂ, ਝਰਨਿਆਂ, ਨਦੀਆਂ, ਨਹਿਰਾਂ, ਦਰਿਆਵਾਂ, ਝੀਲਾਂ ਵਿਚ ਇਸ਼ਨਾਨ ਕਰ ਕੇ ਮਾਘੀ ਮਨਾਉਂਦੇ ਹਨ। ਮਾਘ ਮਹੀਨਾ ਚੜ੍ਹਦਿਆਂ ਹੀ ਕਈ ਵਾਰ ਮੌਸਮ ਦਾ ਮਿਜ਼ਾਜ ਵੀ ਬਦਲ ਜਾਂਦਾ ਹੈ। ਕਈ ਵਾਰ ਲੋਹੜੀ ਵਾਲੇ ਦਿਨ ਮੌਸਮ ਸਾਫ਼ ਹੁੰਦਾ ਹੈ ਅਤੇ ਨੀਲਾ ਅਸਮਾਨ ਦੂਰੋਂ ਹੀ ਲਿਸ਼ਕਾਂ ਮਾਰਦਾ ਹੈ ਅਤੇ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਨੂੰ ਪੂਰੀ ਧੁੰਦ ਪੈਂਦੀ ਹੈ। ਕਈ ਵਾਰ ਮਾਘ ਮਹੀਨੇ ਦੀ ਸ਼ੁਰੂਆਤ ਮੀਂਹ ਨਾਲ ਵੀ ਹੋ ਜਾਂਦੀ ਹੈ।

ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਲੋਹੜੀ ਮੌਕੇ ਲੋਕ ਲੋਹੜੀ ਮਨਾਉਂਦੇ ਹਨ। ਇਸ ਰਾਤ ਲੋਕ ਘਰਾਂ ਵਿਚ ਖੀਰ ਬਣਾਉਂਦੇ ਹਨ ਤੇ ਉਸ ਨੂੰ ਅਗਲੇ ਦਿਨ ਸਵੇਰੇ ਭਾਵ ਮਾਘ ਮਹੀਨੇ ਦੀ ਸੰਗਰਾਂਦ ਨੂੰ ਖਾਧਾ ਜਾਂਦਾ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ-

'ਪੋਹ ਰਿੱਧੀ, ਮਾਘ ਖਾਧੀ '

ਪੋਹ ਵਾਂਗ ਮਾਘ ਦੇ ਅੱਧ ਵਿਚਕਾਰ ਤਕ ਪੱਤਝੜ ਆਪਣੇ ਜੋਬਨ 'ਤੇ ਹੁੰਦੀ ਹੈ ਅਤੇ ਰੁੱਖ ਟੁੰਡ ਮੁਰੰਡੇ ਜਿਹੇ ਲੱਗਦੇ ਹਨ।

ਬਾਬਾ ਫਰੀਦ ਨੇ ਕਿਹਾ ਹੈ :

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤੁ ਝੜੈ ਝੜ ਪਾਇ।।

ਪਤਝੜ ਰੁੱਤ ਵਿਯੋਗ ਅਤੇ ਵਿਛੋੜੇ ਦੀ ਪ੍ਰਤੀਕ ਹੈ। ਮਾਘ ਮਹੀਨਾ ਅੱਧ ਟੱਪਦਿਆਂ ਪੱਤਝੜ ਉਡਾਰੀ ਮਾਰ ਜਾਂਦੀ ਹੈ ਅਤੇ ਮਨਮੋਹਨੀ ਬਸੰਤ ਰੁੱਤ ਸ਼ੁਰੂ ਹੋ ਜਾਂਦੀ ਹੈ ਜੋ ਕਿ ਫੱਗਣ ਮਹੀਨੇ ਵਿਚ ਵੀ ਪੈਲਾਂ ਪਾਉਂਦੀ, ਨੱਚਦੀ ਗਾਉਂਦੀ ਰਹਿੰਦੀ ਹੈ। ਇਸੇ ਕਾਰਨ ਮਾਘ ਅਤੇ ਫੱਗਣ ਦੇ ਮਹੀਨੇ ਨੂੰ ਬਸੰਤ ਰੁੱਤ ਦਾ ਸਮਾਂ ਵੀ ਕਿਹਾ ਜਾਂਦਾ ਹੈ। ਬਸੰਤ ਰੁੱਤ ਨੂੰ ਸੰਯੋਗ ਅਤੇ ਖ਼ੁਸ਼ੀਆਂ ਅਤੇ ਖੇੜਿਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰੁੱਖਾਂ ਉੱਪਰ ਨਵੀਆਂ ਕਰੂੰਬਲਾਂ ਨਿਕਲ ਆਉਂਦੀਆਂ ਹਨ। ਬਸੰਤ ਪੰਚਮੀ ਵੀ ਮਾਘ ਮਹੀਨੇ 'ਚ ਹੀ ਆਉਂਦੀ ਹੈ। ਇਹ ਬਸੰਤ ਪੰਚਮੀ ਹਰ ਸਾਲ ਮਾਘ ਸੁਦੀ 5 ਨੂੰ ਮਨਾਈ ਜਾਂਦੀ ਹੈ।

- ਜਗਮੋਹਨ ਸਿੰਘ ਲੱਕੀ

94638-19174

Posted By: Harjinder Sodhi