ਪੰਜਾਬੀ ਸਾਹਿਤ, ਸੱਭਿਆਚਾਰ, ਪੰਜਾਬੀ ਮਾਂ-ਬੋਲੀ ਤੇ ਪੰਜਾਬੀਅਤ ਦੇ ਆਲਮੀ ਪੱਧਰ ’ਤੇ ਪਸਾਰ ਲਈ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਜੇ ਪੰਜਾਬੀ ਅੱਜ ਸੱਤ ਸਮੁੰਦਰਾਂ ਤੋਂ ਪਾਰ ਦੀ ਭਾਸ਼ਾ ਬਣੀ ਹੈ ਤਾਂ ਇਸ ’ਚ ਇਨ੍ਹਾਂ ਕਾਨਫਰੰਸਾਂ ਦੀ ਭੂਮਿਕਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। 1980 ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹਾਲੇ ਤਕ ਜਾਰੀ ਹੈ। ਸਿਰਫ਼ ਸਾਹਿਤ ਹੀ ਨਹੀਂ ਸਗੋਂ ਸਮਕਾਲੀ ਰਾਜਸੀ, ਸਮਾਜਿਕ ਤੇ ਆਰਥਿਕ ਵਰਤਾਰਿਆਂ ਬਾਰੇ ਵੀ ਉਸਾਰੂ ਤੇ ਅਗਾਂਹਵਧੂ ਚਰਚਾ ਕਰਨ ਲਈ ਇਹ ਬਹੁਤ ਵੱਡਾ ਮੰਚ ਹੈ। ਇਨ੍ਹਾਂ ਕਾਨਫਰੰਸਾਂ ਤੋਂ ਦੁਨੀਆ ਦੇ ਕਿਸੇ ਵੀ ਖਿੱਤੇ ’ਚ ਵਸਦੇ ਪੰਜਾਬੀ ਜਾਣੂ ਹਨ ਪਰ ਇਨ੍ਹਾਂ ਦੀ ਵਿਸਥਾਰਤ ਜਾਣਕਾਰੀ ਤੇ ਮਾਣਮੱਤੇ ਇਤਿਹਾਸ ਤੋਂ ਬਹੁਤ ਘੱਟ ਲੋਕ ਵਾਕਫ਼ ਹਨ। ਹੁਣ ਤਕ ਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਨੂੰ ਕਿਤਾਬੀ ਰੂਪ ’ਚ ਸਾਂਭਣ ਦਾ ਉਪਰਾਲਾ ਕੀਤਾ ਹੈ ਸਾਹਿਤਕ ਮੱਸ ਵਾਲੇ ਲੇਖਕ ਤੇ ਪੱਤਰਕਾਰੀ ਦੇ ਵਿਦਿਆਰਥੀ ਰਹੇ ਅਰਵਿੰਦਰ ਢਿੱਲੋਂ ਨੇ। ਉਸ ਦੀ ਹਾਲੀਆ ਕਿਤਾਬ ‘ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ’ ’ਚੋਂ ਉਸ ਦੀ ਕੀਤੀ ਗਈ ਮਿਹਨਤ ਸਾਫ਼ ਝਲਕਦੀ ਹੈ।

ਲੇਖਕ ਨੇ ਸਿਰਫ਼ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਇਤਿਹਾਸ ਤੋਂ ਹੀ ਜਾਣੂ ਨਹੀਂ ਕਰਵਾਇਆ ਸਗੋਂ ਇਸ ਦੀ ਸਾਰਥਿਕਤਾ ਤੇ ਵੱਖ-ਵੱਖ ਖੇਤਰਾਂ ’ਚ ਪਾਏ ਯੋਗਦਾਨ ਦੀ ਵੀ ਪੜਚੋਲ ਕੀਤੀ ਹੈ। ਸਾਹਿਤਕਾਰਾਂ ਦੇ ਨਾਲ-ਨਾਲ ਸਮਾਜ ਦੇ ਕਈ ਖੇਤਰਾਂ ਦੀਆਂ ਮਾਣਮੱਤੀਆਂ ਹਸਤੀਆਂ ਇਨ੍ਹਾਂ ਕਾਨਫਰੰਸਾਂ ’ਚ ਸ਼ਿਰਕਤ ਕਰ ਕੇ ਮਾਣ ਵਧਾਉਂਦੀਆਂ ਰਹੀਆਂ ਹਨ। ਲੇਖਕ ਨੇ ਇਕੱਲੀ-ਇਕੱਲੀ ਹਸਤੀ ਦਾ ਨਾਂ ਕਿਤਾਬ ’ਚ ਸ਼ਾਮਲ ਕੀਤਾ ਹੈ। ਲੇਖਕ ਨੇ ਇਨ੍ਹਾਂ ਕਾਨਫਰੰਸਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ।

ਇਸ ਕਿਤਾਬ ਦੀ ਖ਼ਾਸੀਅਤ ਇਹ ਵੀ ਹੈ ਕਿ ਲੇਖਕ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ’ਚ ਅਹਿਮ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ’ਚ ਰਣਜੀਤ ਧੀਰ, ਡਾ. ਵਿਸ਼ਵਾਨਾਥ ਤਿਵਾੜੀ, ਜਨਾਬ ਫ਼ਖ਼ਰ ਜ਼ਮਾਨ, ਦਰਸ਼ਨ ਸਿੰਘ ਧਾਲੀਵਾਲ, ਡਾ. ਦਰਸ਼ਨ ਸਿੰਘ ਬੈਂਸ, ਅਜੈਬ ਸਿੰਘ ਚੱਠਾ, ਪ੍ਰੋ. ਕੁਲਬੀਰ ਸਿੰਘ, ਡਾ.ਨਬੀਲਾ ਰਹਿਮਾਨ, ਡਾ. ਮੁਜ਼ਾਹਿਦਾ ਭੱਟ, ਚਰਨਜੀਤ ਸਿੰਘ ਬਾਠ, ਪਿ੍ਰੰਸੀਪਲ ਡਾ.ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਹੰਸਪਾਲ, ਡਾ.ਦਲਜੀਤ ਸਿੰਘ, ਡਾ. ਧਰਮਿੰਦਰ ਸਿੰਘ ਉੱਭਾ, ਡਾ. ਐੱਸਪੀ ਸਿੰਘ, ਜਗਜੀਤ ਸਿੰਘ ਦਰਦੀ, ਡਾ. ਸਰਬਜੀਤ ਕੌਰ ਸੋਹਲ ਜਿਹੇ ਨਾਂ ਸ਼ਾਮਲ ਹਨ। ਇਨ੍ਹਾਂ ਬਾਰੇ ਪੜ੍ਹ ਕੇ ਪਤਾ ਲੱਗਦਾ ਹੈ ਕਿ ਪੰਜਾਬ ਤੋਂ ਵਿਦੇਸ਼ ਦੀ ਧਰਤੀ ’ਤੇ ਪਹੁੰਚ ਕੇ ਵੀ ਪੰਜਾਬੀ ਆਪਣੇ ਮਾਣਮੱਤੇ ਸਾਹਿਤ ਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸੱਤ ਸਮੁੰਦਰੋਂ ਪਾਰ ਲਿਜਾਣ ਲਈ ਹਮੇਸ਼ਾ ਯਤਨਸ਼ੀਲ ਰਹੇ ਤੇ ਹੁਣ ਵੀ ਹਨ।

1980 ’ਚ ਪਹਿਲਾ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ ਕਰਵਾਉਣ ਵਾਲੇ ਰਣਜੀਤ ਧੀਰ ਦੀ ਸ਼ਖ਼ਸੀਅਤ ਤੇ ਪੰਜਾਬੀ ਸਾਹਿਤ ਤੇ ਸੱਭਿਆਚਾਰ ’ਚ ਪਾਏ ਯੋਗਦਾਨ ਬਾਰੇ ਲੇਖਕ ਨੇ ਬਹੁਤ ਸੋਹਣੇ ਸ਼ਬਦਾਂ ’ਚ ਜਾਣਕਾਰੀ ਦਿੱਤੀ ਹੈ। ਭਾਰਤ ’ਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਵਾਲੇ ਡਾ. ਵਿਸ਼ਵਾਨਾਥ ਤਿਵਾੜੀ ਦੇ ਕਈ ਨਵੇਂ ਪੱਖ ਲੇਖਕ ਨੇ ਸਾਹਮਣੇ ਲਿਆਂਦੇ ਹਨ। 1983 ’ਚ ਦਿੱਲੀ ’ਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣਾ ਉਨ੍ਹਾਂ ਦੇ ਉੱਦਮ ਦਾ ਹੀ ਨਤੀਜਾ ਸੀ।

ਪੰਜਾਬੀਅਤ ਨੂੰ ਸਰਹੱਦਾਂ ਤੋਂ ਪਾਰ ਵੀ ਕਾਇਮ ਰੱਖਣ ਲਈ ਸਮਰਪਿਤ ਜਨਾਬ ਫ਼ਖ਼ਰ ਜ਼ਮਾਨ ਤੋਂ ਭਾਰਤੀ ਪੰਜਾਬ ਦੇ ਜ਼ਿਆਦਾਤਰ ਲੋਕ ਵਾਕਿਫ਼ ਨਹੀਂ ਜਦਕਿ ਪਾਕਿਸਤਾਨੀ ਪੰਜਾਬ ਨੂੰ ਦੁਨੀਆ ਭਰ ’ਚ ਵਸਦੇ ਪੰਜਾਬੀਆਂ ਨਾਲ ਜੋੜਨ ਵਾਲਾ ਸ਼ਖ਼ਸ ਉਹੋ ਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਸਬੰਧਿਤ ਡਾ. ਨਬੀਲਾ ਰਹਿਮਾਨ ਤੇ ਡਾ. ਮੁਜ਼ਾਹਿਦਾ ਭੱਟ ਜਿਹੀਆਂ ਹਸਤੀਆਂ ਵੱਲੋਂ ਪੰਜਾਬ, ਪੰਜਾਬੀ ਜ਼ੁਬਾਨ ਤੇ ਪੰਜਾਬੀਅਤ ਲਈ ਸਮਰਪਿਤ ਭਾਵਨਾ ਨਾਲ ਕੀਤੇ ਕੰਮਾਂ ਨੂੰ ਸਾਹਮਣੇ ਲਿਆ ਕੇ ਲੇਖਕ ਨੇ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ’ਚ ਆਪਸੀ ਸਾਂਝ ਵਧਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ, ਜਿਸ ਲਈ ਉਹ ਸ਼ਲਾਘਾ ਦਾ ਪਾਤਰ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਈਵਨਿੰਗ ਕਾਲਜ, ਜਲੰਧਰ ’ਚ ਇਤਿਹਾਸ ਦੇ ਪ੍ਰੋਫੈਸਰ ਰਹੇ ਤੇ ਹੁਣ ਕੈਨੇਡਾ ’ਚ ਪੰਜਾਬੀ ਪੱਤਰਕਾਰੀ ਦੇ ਰੂਹੇ ਰਵਾਂ ਡਾ. ਦਰਸ਼ਨ ਸਿੰਘ ਬੈਂਸ ਦੀ ਜ਼ਿੰਦਗੀ ਦੇ ਦਿਲਚਸਪ ਪੱਖ ਸਭ ਨੂੰ ਪ੍ਰਭਾਵਿਤ ਕਰਦੇ ਹਨ। ਪੰਜ ਵਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਣ ਵਾਲੇ ਅਜੈਬ ਸਿੰਘ ਚੱਠਾ ਦੇ ਨਾਂ ਤੋਂ ਤਾਂ ਸਾਰੇ ਪੰਜਾਬੀ ਹੀ ਜਾਣੂ ਹਨ। ਲੇਖਕ ਨੇ ਪੰਜਾਬੀਅਤ ਲਈ ਉਸ ਵੱਲੋਂ ਕੀਤੇ ਉਪਰਾਲਿਆਂ ਨੂੰ ਵਿਸਥਾਰ ’ਚ ਸਾਂਝਾ ਕੀਤਾ ਹੈ।

ਪੰਜਾਬੀ ਮੀਡੀਆ ਦੀ ਮਾਣਮੱਤੀ ਹਸਤੀ ਪ੍ਰੋ. ਕੁਲਬੀਰ ਸਿੰਘ ਬਾਰੇ ਵੀ ਵਿਸਥਾਰਤ ਜਾਣਕਾਰੀ ਪਾਠਕਾਂ ਨੂੰ ਸੇਧ ਦੇਣ ਵਾਲੀ ਹੈ। ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ’ਚ ਪਹਿਲੀ ਔਰਤ ਵਜੋਂ ਸ਼ੁਮਾਰ ਡਾ. ਨਬੀਲਾ ਰਹਿਮਾਨ ਦੀ ਘਾਲਣਾ ਤੇ ਪ੍ਰਾਪਤੀਆਂ ਦੁਨੀਆ ਭਰ ’ਚ ਵਸਦੀਆਂ ਚਿੰਤਨਸ਼ੀਲ ਔਰਤਾਂ ਲਈ ਚਾਨਣ ਮੁਨਾਰਾ ਹਨ।

ਅਮਰੀਕਾ ’ਚ ਜਾ ਕੇ ਆਪਣੀ ਮਿਹਨਤ ਦੇ ਦਮ ’ਤੇ ‘ਸੌਗੀ ਕਿੰਗ’ ਦੇ ਨਾਂ ਨਾਲ ਦੁਨੀਆ ਭਰ ’ਚ ਮਕਬੂਲ ਹੋਏ ਚਰਨਜੀਤ ਸਿੰਘ ਬਾਠ ਨੂੰ ਕਾਮਯਾਬ ਪਰਵਾਸੀ ਪੰਜਾਬੀ ਵਜੋਂ ਤਾਂ ਤਕਰੀਬਨ ਸਾਰੇ ਜਾਣਦੇ ਹਨ ਪਰ ਉਹ ਪੰਜਾਬੀ ਮਾਂ-ਬੋਲੀ ਤੇ ਪੰਜਾਬੀਅਤ ਨੂੰ ਸੱਤ ਸਮੁੰਦਰੋਂ ਪਾਰ ਵੀ ਧੁਰ ਅੰਦਰੋਂ ਮੁਹੱਬਤ ਕਰਦਿਆਂ ਆਪਣੇ ਪੱਲਿਓਂ ਵਿੱਤੀ ਪ੍ਰਬੰਧ ਕਰ ਕੇੇ ਆਲਮੀ ਪੰਜਾਬੀ ਕਾਨਫਰੰਸ ਕਰਵਾਉਣ ’ਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਇਨ੍ਹਾਂ ਉਪਰਾਲਿਆਂ ਬਾਰੇ ਲੇਖਕ ਵੱਲੋਂ ਦਿੱਤੀ ਜਾਣਕਾਰੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇੱਧਰੋਂ ਗਏ ਪੰਜਾਬੀ ਕਿਸ ਤਰ੍ਹਾਂ ਵਿਦੇਸ਼ ਦੀ ਧਰਤੀ ’ਤੇ ਆਰਥਿਕ ਪੱਖੋਂ ਵੀ ਖ਼ੁਸ਼ਹਾਲ ਹੋ ਰਹੇ ਹਨ ਤੇ ਪੰਜਾਬੀਅਤ ਨੂੰ ਆਪਣੀ

ਜ਼ਿੰਦਗੀ ਸਮਰਪਿਤ ਕਰ ਕੇ ਵਡੇਰੇ ਕਾਰਜ ਕਰ ਰਹੇ ਹਨ।

ਸਿਆਸਤਦਾਨ ਅਕਸਰ ਪੰਜਾਬੀ ਮਾਂ-ਬੋਲੀ ਤੇ ਸੱਭਿਆਚਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਪਰ ਇਸ ਲਈ ਅਮਲੀ ਤੌਰ ’ਤੇ ਕੋਈ ਕੰਮ ਨਹੀਂ ਕਰਦੇ। ਹਰਵਿੰਦਰ ਸਿੰਘ ਹੰਸਪਾਲ ਪੰਜਾਬ ਦੇ ਅਜਿਹੇ ਸਿਆਸਤਦਾਨ ਹਨ, ਜਿਨ੍ਹਾਂ ਨੇ ਸਿਰਫ਼ ਕਿਹਾ ਹੀ ਨਹੀਂ ਸਗੋਂ ਕਰ ਕੇ ਵੀ ਦਿਖਾਇਆ। ਲੇਖਕ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ’ਚ ਉਨ੍ਹਾਂ ਦੀ ਮੋਹਰੀ ਭੂਮਿਕਾ ਨੂੰ ਵੀ ਸਾਹਮਣੇ ਲਿਆਂਦਾ ਹੈ।

ਕਾਨੂੰਨ ਪੜ੍ਹਨ ਤੇ ਪੜ੍ਹਾਉਣ ਦੇ ਨਾਲ-ਨਾਲ ਭਾਸ਼ਾ ਤੇ ਸੱਭਿਆਚਾਰ ਦੇ ਖੇਤਰ ’ਚ ਜੀਅ ਜਾਨ ਨਾਲ ਡਟ ਕੇ ਕੰਮ ਕਰਨ ਵਾਲੇ ਡਾ. ਦਲਜੀਤ ਸਿੰਘ ਦੀ ਜ਼ਿੰਦਗੀ ਦੇ ਸਫ਼ਰ ਤੇ ਉਨ੍ਹਾਂ ਦੀ ਘਾਲਣਾ ਬਾਰੇ ਬੜੇ ਸੋਹਣੇ ਸ਼ਬਦਾਂ ’ਚ ਜਾਣਕਾਰੀ ਦਿੱਤੀ ਗਈ ਹੈ। ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਸਾਹਿਤਕ ਘਾਲਣਾ ਬਾਰੇ ਲੇਖ ਜਾਣਕਾਰੀ ਭਰਪੂਰ ਹੈ। ਅਕਾਦਮਿਕ ਖੇਤਰ ਦੇ ਨਾਲ-ਨਾਲ ਪੰਜਾਬੀ ਸਾਹਿਤ ਤੇ ਸੱਭਿਆਚਾਰ ਲਈ ਡਟ ਕੇ ਕੰਮ ਕਰਨ ਵਾਲੀ ਮਾਣਮੱਤੀ ਹਸਤੀ ਡਾ. ਐੱਸ.ਪੀ. ਸਿੰਘ ਯਾਨੀ ਡਾ. ਸੁਰਿੰਦਰਪਾਲ ਸਿੰਘ, ਪੰਜਾਬੀ ਪਿ੍ਰੰਟ ਤੇ ਇਲੈਕਟ੍ਰੋਨਿਕ ਮੀਡੀਆ ਦੀ ਮਾਣਮੱਤੀ ਹਸਤੀ ਜਗਜੀਤ ਸਿੰਘ ਦਰਦੀ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਬਾਰੇ ਲੇਖ ਵੀ ਪੜ੍ਹਨਯੋਗ ਹਨ। ਲੇਖਕ ਨੇ ਹੁਣ ਤਕ ਹੋਈਆਂ ਸਾਰੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੀਆਂ ਤਸਵੀਰਾਂ ਵੀ ਬੜੀ ਮਿਹਨਤ ਨਾਲ ਲੱਭ ਕੇ ਇਸ ਕਿਤਾਬ ’ਚ ਸ਼ਾਮਲ ਕੀਤੀਆਂ ਹਨ। ਇਸ ਤਰ੍ਹਾਂ ਇਹ ਕਿਤਾਬ ਸਾਂਭਣਯੋਗ ਦਸਤਾਵੇਜ਼ ਬਣ ਗਈ ਹੈ। ਅਸੀਮ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ 176 ਸਫ਼ਿਆਂ ਦੀ ਇਸ ਕਿਤਾਬ ਦੀ ਕੀਮਤ 1200 ਰੁਪਏ ਹੈ।

- ਗੁਰਪ੍ਰੀਤ ਖੋਖਰ

Posted By: Harjinder Sodhi