23rd District Of Punjab: ਮੁਸਲਿਮ-ਸਿੱਖ ਏਕਤਾ ਦਾ ਮਰਕਜ਼ ਮਾਲੇਰਕੋਟਲਾ
ਮਾਲੇਰਕੋਟਲਾ ਰਾਜ ਦੀ ਸਥਾਪਨਾ ਵਜੀਦ ਖ਼ਾਨ ਨੇ 1657 ਵਿਚ ਕੀਤੀ ਸੀ। ਸ਼ੇਰ ਦੇ ਹਮਲੇ ਵਿਚ ਮੁਗਲ ਬਾਦਸ਼ਾਹ ਔਰੰਗਜੇਬ ਦੀ ਜਾਨ ਬਚਾਉਣ ਤੋਂ ਬਾਅਦ ਵਜੀਦ ਖ਼ਾਨ ਨੂੰ ਇਕ ਕਿਲ੍ਹਾ ਬਣਾਉਣ ਦਾ ਸਨਮਾਨ ਪ੍ਰਾਪਤ ਹੋਇਆ, ਜਿਸ ਦਾ ਨਾਮ ਉਸ ਨੇ ਮਲੇਰਕੋਟਲਾ ਰੱਖਿਆ ਅਤੇ ਆਖਰਕਾਰ ਇਸ ਨੇ ਰਾਜ ਨੂੰ ਆਪਣਾ ਨਾਂ ਦੇ ਦਿੱਤਾ। 3 ਮਈ 1809 ਨੂੰ ਮਾਲੇਰਕੋਟਲਾ ਬਿ੍ਰਟਿਸ਼ ਪ੍ਰੋਟੈਕਟੋਰੇਟ ਬਣ ਗਿਆ।
Publish Date: Sun, 16 May 2021 10:15 AM (IST)
Updated Date: Sun, 16 May 2021 10:20 AM (IST)
ਇਤਿਹਾਸ ’ਚ ਅਹਿਮ ਮੁਕਾਮ ਰੱਖਣ ਵਾਲਾ ਸ਼ਹਿਰ ਮਾਲੇਰਕੋਟਲਾ ਨੂੰ ਈਦ ਦੇ ਮੁਬਾਰਕ ਮੌਕੇ ’ਤੇ ਸਰਕਾਰ ਵਲੋਂ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨਿਆ ਗਿਆ ਹੈ। ਇਸ ਐਲਾਨ ਨਾਲ ਮੁਸਲਿਮ-ਸਿੱਖ ਏਕਤਾ ਦੇ ਇਸ ਮਰਕਜ਼ ਦੀ ਅਹਿਮੀਅਤ ਹੋਰ ਵੱਧ ਗਈ ਹੈ। ਮਾਲੇਰਕੋਟਲਾ ਦੀ ਸਥਾਪਨਾ ਅਫਗਾਨਿਸਤਾਨ ਦੇ ਖੇਤਰ ਦੇ ਸ਼ੇਰਵਾਨੀ ਕਬੀਲੇ ਦੇ ਇਕ ਪਵਿੱਤਰ ਪੁਰਸ਼ ਸ਼ੇਖ਼ ਸਦਰ-ਉਦ-ਦੀਨ ‘ਸਦਰ-ਏ-ਜਹਾਂ’ ਦੁਆਰਾ 1454 ਈਸਵੀ ਵਿਚ ਕੀਤੀ ਸੀ।
ਦੱਸਿਆ ਜਾਂਦਾ ਹੈ ਕਿ ਬਹਿਲੋਲ ਲੋਧੀ (1451-1517), ਅਫਗਾਨ ਰਾਜਾ, ਜਿਸ ਦਾ ਪੱਛਮੀ ਭਾਰਤ ਦੇ ਸਭ ਤੋਂ ਵੱਧ ਹਿੱਸੇ ’ਤੇ ਕੰਟਰੋਲ ਸੀ, ਦਿੱਲੀ ਉੱਤੇ ਰਾਜ ਕਰਨਾ ਚਾਹੁੰਦਾ ਸੀ ਅਤੇ ਰਸਤੇ ਵਿਚ ਉਹ ਰੇਤ ਵਿਚ ਫਸ ਗਿਆ। ਹਨੇਰੇ ਵਿਚ ਰਾਜੇ ਨੇ ਇਕ ਦੀਵੇ ਦੀ ਮੱਧਮ ਰੋਸ਼ਨੀ ਵੇਖੀ ਜੋ ਅਜੇ ਵੀ ਹਵਾ ਵਿਚ ਬਲ ਰਹੀ ਸੀ। ਇਹ ਸ਼ੇਖ਼ ਸਦਰ-ਉਦ-ਦੀਨ ‘ਸਦਰ-ਏ-ਜਹਾਂ’ ਦੀ ਝੌਂਪੜੀ ਸੀ ਅਤੇ ਜਦੋਂ ਰਾਜੇ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਝੌਂਪੜੀ ’ਤੇ ਪੁੱਜਾ ਅਤੇ ਪਵਿੱਤਰ ਆਦਮੀ ਨੂੰ ਉਸ ਲਈ ਇਕ ਪੁੱਤਰ ਦੀ ਦਾਤ ਅਤੇ ਜਿੱਤ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਨ ਲਈ ਕਿਹਾ। 1451 ਅਤੇ 1452 ਦੇ ਦੌਰਾਨ ਰਾਜੇ ਨੇ ਆਪਣੀ ਧੀ ਤਾਜ ਮੁਰੱਸਾ ਦਾ ਵਿਆਹ ਦਿੱਲੀ ਵਿਚ ਰਾਜ ਸਥਾਪਤ ਕਰਨ ਤੋਂ ਬਾਅਦ ਸ਼ੇਖ਼ ਸਦਰ-ਉਦ-ਦੀਨ ‘ਸਦਰ-ਏ-ਜਹਾਂ’ ਨਾਲ ਕਰ ਦਿੱਤਾ ਅਤੇ ਉਸ ਨੂੰ ਮਾਲੇਰਕੋਟਲਾ ਦਾ ਖੇਤਰ ਜਾਗੀਰ ਦੇ ਰੂਪ ਵਿਚ ਦੇ ਦਿੱਤਾ। ਸ਼ੇਖ਼ ਸਦਰ-ਉਦ-ਦੀਨ ‘ਸਦਰ-ਏ-ਜਹਾਂ’ ਦੇ ਉੱਤਰਾਧਿਕਾਰੀ ਦੋ ਵਰਗਾਂ ਵਿਚ ਸ਼ਾਮਿਲ ਹੋਏ। ਇਕ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੁਗ਼ਲ ਸਾਮਰਾਜ ਬਣਨ ’ਤੇ ਨਵਾਬ ਦੀ ਉਪਾਧੀ ਦਿੱਤੀ ਗਈ। ਦੂਜੀ ਸਾਖਾ ਸ਼ੇਖ਼ ਸਦਰ-ਉਦ-ਦੀਨ ਜਹਾਂ ਦੇ ਅਸਥਾਨ ਦੇ ਦੁਆਲੇ ਰਹਿੰਦੀ ਸੀ ਅਤੇ ਸ਼ਰਧਾਲੂਆਂ ਤੋਂ ਇਸ ਦੇ ਮਾਲੀਏ ਨੂੰ ਵਸੂਲ ਦੀ ਸੀ।
ਮਾਲੇਰਕੋਟਲਾ ਰਾਜ ਦੀ ਸਥਾਪਨਾ ਵਜੀਦ ਖ਼ਾਨ ਨੇ 1657 ਵਿਚ ਕੀਤੀ ਸੀ। ਸ਼ੇਰ ਦੇ ਹਮਲੇ ਵਿਚ ਮੁਗਲ ਬਾਦਸ਼ਾਹ ਔਰੰਗਜੇਬ ਦੀ ਜਾਨ ਬਚਾਉਣ ਤੋਂ ਬਾਅਦ ਵਜੀਦ ਖ਼ਾਨ ਨੂੰ ਇਕ ਕਿਲ੍ਹਾ ਬਣਾਉਣ ਦਾ ਸਨਮਾਨ ਪ੍ਰਾਪਤ ਹੋਇਆ, ਜਿਸ ਦਾ ਨਾਮ ਉਸ ਨੇ ਮਲੇਰਕੋਟਲਾ ਰੱਖਿਆ ਅਤੇ ਆਖਰਕਾਰ ਇਸ ਨੇ ਰਾਜ ਨੂੰ ਆਪਣਾ ਨਾਂ ਦੇ ਦਿੱਤਾ। 3 ਮਈ 1809 ਨੂੰ ਮਾਲੇਰਕੋਟਲਾ ਬਿ੍ਰਟਿਸ਼ ਪ੍ਰੋਟੈਕਟੋਰੇਟ ਬਣ ਗਿਆ ਅਤੇ ਇਸ ਨੂੰ 1862 ਤਕ ਸੀਆਈ ਸਤਲੁਜ ਰਾਜਾਂ ਦਾ ਹਿੱਸਾ ਬਣਾ ਦਿੱਤਾ ਗਿਆ। ਮਾਲੇਰਕੋਟਲਾ 1890 ਵਿਚ ਪੰਜਾਬ ਦਰਬਾਰ ਵਿਚ 12ਵਾਂ ਨੰਬਰ ਸੀ। 1947 ਦੇ ਦੰਗਿਆਂ ਦੌਰਾਨ ਜਦੋਂ ਪੰਜਾਬ ਅੱਗ ਦੀਆਂ ਲਪਟਾਂ ਵਿਚ ਸੀ ਤਦ ਮਾਲੇਰਕੋਟਲਾ ਹਿੰਸਾ ਦੀ ਘਟਨਾ ਤੋਂ ਬਚਿਆ ਰਿਹਾ ਹੈ। 1705 ਈ. ’ਚ ਜਦੋਂ ਸਰਹਿੰਦ ਦੇ ਨਵਾਬ ਵਜੀਦ ਖ਼ਾਨ ਨੇ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਫ਼ਤਹਿ ਸਿੰਘ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ’ਤੇ ਈਨ ਮੰਨਣ ਲਈ ਜ਼ੁਲਮ ਕਰ ਰਿਹਾ ਸੀ ਤਾਂ ਮਾਲੇਰਕੋਟਲਾ ਦੇ ਨਵਾਬ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਸੀ ਕਿ ਜੋ ਬੱਚਿਆਂ ’ਤੇ ਜ਼ੁਲਮ ਕੀਤਾ ਜਾ ਰਿਹਾ ਹੈ ਉਹ ਇਸਲਾਮ ਦੇ ਵਿਰੁੱਧ ਹੈ, ਜੇਕਰ ਤੂੰ ਬਦਲਾ ਲੈਣਾ ਹੈ ਤਾਂ ਇਨ੍ਹਾਂ ਦੇ ਪਿਤਾ ਤੋਂ ਲੈ, ਬੱਚਿਆਂ ਦਾ ਕੀ ਕਸੂਰ ਹੈ। ਇਸ ਦੇ ਬਾਵਜੂਦ ਵਜੀਦ ਖ਼ਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੰਦਿਆਂ ਜਿਉਦਿਆਂ ਨੀਹਾਂ ਵਿਚ ਚਿਣਵਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਮਾਰੇ ਹਾਅ ਦੇ ਨਾਅਰੇ ਤੋਂ ਬਾਅਦ ਮਾਲੇਰਕੋਟਲਾ ਰਿਆਸਤ ਨੂੰ ਵਰ ਦਿੱਤਾ ਸੀ ਕਿ ਇੱਥੇ ਆਪਸੀ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹੇਗੀ। ਇਸ ਕਾਰਜ ਦੀ ਪਛਾਣ ਵਜੋਂ ਮਾਲੇਰਕੋਟਲਾ ਰਾਜ ਵਿਚ 1947 ਦੀ ਵੰਡ ਸਮੇਂ ਹਿੰਸਾ ਦੀ ਇਕ ਵੀ ਘਟਨਾ ਨਹੀਂ ਵਾਪਰੀ। 1948 ਵਿਚ ਭਾਰਤ ਦੇ ਇੰਡੀਅਨ ਯੂਨੀਅਨ ਵਿਚ ਸ਼ਾਮਿਲ ਹੋਣ ਦੇ ਦਸਤਾਵੇਜ਼ ’ਤੇ ਦਸਤਖ਼ਤ ਕਰਨ ਤੋਂ ਬਾਅਦ ਮਾਲੇਰਕੋਟਲਾ 1956 ਵਿਚ ਪੰਜਾਬ ਵਿਚ ਸ਼ਾਮਿਲ ਹੋਣ ਤਕ ਨਵੇਂ ਸਥਾਪਤ ਰਾਜ ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਵਿਚ ਸ਼ਾਮਿਲ ਹੋ ਗਿਆ।
ਮਾਲੇਰਕੋਟਲਾ ਦੀ ਅਬਾਦੀ ਪਹਿਲਾਂ ਸਰਹੰਦੀ ਦਰਵਾਜ਼ਾ, ਦਿੱਲੀ ਦਰਵਾਜ਼ਾ, ਕੇਲੋ ਦਰਵਾਜ਼ਾ, ਪੈਲੀਆ ਦਰਵਾਜ਼ਾ ਦੇ ਅੰਦਰ-ਅੰਦਰ ਵਸਦੀ ਸੀ ਅਤੇ ਹੁਣ ਆਬਾਦੀ ਇਨ੍ਹਾਂ ਦਰਵਾਜ਼ਿਆਂ ਤੋਂ ਬਾਹਰ ਵੀ ਹੋ ਗਈ ਹੈ। ਮਾਲੇਰਕੋਟਲਾ ਬਹੁਗਿਣਤੀ ਮੁਸਲਿਮ ਸ਼ਹਿਰ ਹੈ ਅਤੇ ਇੱਥੇ ਸਾਰੇ ਵਰਗਾਂ ਦੇ ਲੋਕ ਆਪਸ ਵਿਚ ਮਿਲ-ਜੁਲ ਕੇ ਪਿਆਰ ਮੁਹੱਬਤ ਨਾਲ ਰਹਿੰਦੇ ਹਨ। ਇੱਥੇ ਵੱਖ-ਵੱਖ ਧਾਰਮਿਕ ਸਥਾਨ ਜਿਵੇਂ ਕਿ ਨਾਮਧਾਰੀ ਸ਼ਹੀਦੀ ਸਮਾਰਕ, ਜੈਨ ਸਮਾਰਕ, ਏਸ਼ੀਆ ਦੀ ਸਭ ਤੋਂ ਵੱਡੀ ਈਦਗਾਹ, ਗੁਰਦੁਆਰਾ ਨਾਨਕ ਦਰਬਾਰ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਹਾਅ ਦਾ ਨਾਅਰਾ, ਹਨੂੰਮਾਨ ਮੰਦਰ ਅਤੇ ਪੁਰਾਤਨ ਮੰਦਰ, ਦਰਗਾਹਾਂ ਸੁਸ਼ੋਭਿਤ ਹਨ। ਇੱਥੋਂ ਦੇ ਰਾਏਕੋਟ ਰੋਡ ਉੱਪਰ ਸਥਿਤ ਕੇਐੱਸ ਕੰਬਾਈਨ, ਦਸਮੇਸ਼ ਕੰਬਾਈਨ ਵੱਲੋਂ ਤਿਆਰ ਕੀਤੀਆਂ ਕੰਬਾਈਨਾਂ ਦੀ ਮੰਗ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਵਧੇਰੇ ਹੈ। ਇੱਥੇ ਲੁਧਿਆਣਾ ਰੋਡ ’ਤੇ ਸਥਿਤ ਸੀਗਾ ਕੰਪਨੀ ਵੱਲੋਂ ਵੱਡੇ ਪੱਧਰ ’ਤੇ ਸਪੋਰਟਸ ਬੂਟ ਅਤੇ ਹੋਰ ਖੇਡਾਂ ਨਾਲ ਸਬੰਧਤ ਸਾਮਾਨ ਤਿਆਰ ਕੀਤਾ ਜਾਂਦਾ ਹੈ। ਇੱਥੇ ਲੱਕੜੀ ਨਾਲ ਸਬੰਧਤ ਵੱਖ-ਵੱਖ ਸਾਜੋ ਸਾਮਾਨ ਕੁੰਡਾ, ਸੰਗਲੀ, ਕੈਂਚੀ, ਕਾਂਡੀ, ਗਰਮਾਲਾ, ਸਾਇਕਲ ਦੇ ਪਾਰਟਸ ਤਿਆਰ ਕੀਤੇ ਜਾਂਦੇ ਹਨ। ਇੱਥੇ ਫ਼ੌਜ ਦੇ ਬੈਜ ਬਣਾਏ ਜਾਂਦੇ ਹਨ। ਖੇਤੀਬਾੜੀ ਨਾਲ ਸਬੰਧਤ ਮਸ਼ਨੀਰੀ, ਸੂਟਾਂ ਤੇ ਕਢਾਈ, ਜ਼ਮੀਨ ਦੀ ਮਿਣਤੀ ਕਰਨ ਲਈ ਜਰੀਬ, ਕੜਾਹੀਆਂ, ਤਵੇ, ਚਿਮਟੇ, ਖੁਰਚਣੇ, ਡੀਜ਼ਲ ਭੱਠੀਆਂ, ਤਿੱਲੇਦਾਰ ਕਢਾਈ ਵਾਲੀਆਂ ਜੁੱਤੀਆਂ, ਸ਼ਬਜੀਆਂ ਦੀਆਂ ਵਧੇਰੇ ਪੈਦਾਵਾਰ ਹੁੰਦੀ ਜੋ ਕਿ ਵੱਖ-ਵੱਖ ਸੂਬਿਆਂ ਵਿਚ ਸਪਲਾਈ ਹੁੰਦੀ ਹੈ ਅਤੇ ਇੱਥੋਂ ਦੇਗਾਂ ਵਿਚ ਬਣਾਏ ਜਾਂਦੇ ਮਿੱਠੇ ਚੌਲ, ਮੀਟ, ਰੋਟੀ ਆਦਿ ਖਾਣ ਲਈ ਦੂਰੋਂ-ਦੂਰੋਂ ਲੋਕ ਵਿਸ਼ੇਸ਼ ਤੌਰ ’ਤੇ ਆਉਂਦੇ ਹਨ।
ਪੰਜਾਬ ਦਾ 23ਵਾਂ ਜ਼ਿਲ੍ਹਾ ਬਣਿਆ ਮਾਲੇਰਕੋਟਲਾ
ਅੱਜ ਮਾਲੇਰਕੋਟਲਾ, ਇੱਥੋਂ ਦੀ ਵਿਧਾਇਕਾ ਅਤੇ ਪੰਜਾਬ ਸਰਕਾਰ ਦੀ ਕੈਬਨਿਟ ਵਿਚ ਵਜ਼ੀਰ ਰਜੀਆ ਸੁਲਤਾਨਾ ਦੇ ਯਤਨਾਂ ਸਦਕਾ ਤਰੱਕੀ ਦੀਆਂ ਲੀਹਾਂ ਵੱਲ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨ ਕਰਦੇ ਹੋਏ ਇੱਥੇ ਛੇਤੀ ਹੀ ਡਿਪਟੀ ਕਮਿਸ਼ਨਰ ਅਤੇ ਹੋਰ ਅਮਲਾ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ ਅਤੇ ਇੱਥੇ ਦੇ ਰਾਏਕੋਟ ਰੋਡ ’ਤੇ ਸਥਿਤ ਪਿੰਡ ਸ਼ੇਰਵਾਨੀ ਕੋਟ (ਕੇਲੋਂ) ਨੇੜੇ ਪੰਜਾਬ ਵਕਫ਼ ਬੋਰਡ ਵੱਲੋਂ ਦਿੱਤੀ ਗਈ ਜ਼ਮੀਨ ਉੱਪਰ ਮੈਡੀਕਲ ਕਾਲਜ, ਜਿਸ ਉੱਪਰ 500 ਕਰੋੜ ਰੁਪਏ ਖ਼ਰਚ ਹੋਣਗੇ, ਲਈ 50 ਕਰੋੜ ਰੁਪਏ ਦਾ ਪਹਿਲਾਂ ਦੇਣ ਦਾ ਐਲਾਨ ਕੀਤਾ ਹੈ।
- ਅਸ਼ਵਨੀ ਸੋਢੀ