ਹਰ ਇਨਸਾਨ ਦੀ ਜ਼ਿੰਦਗੀ ਜਿਊਣ ਦੀ ਫਿਤਰਤ ਵੱਖੋ-ਵੱਖਰੀ ਹੁੰਦੀ ਹੈ। ਕਿਸੇ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ ਉਹ ਉਸ ਦੀਆਂ ਆਦਤਾਂ 'ਤੇ ਨਿਰਭਰ ਕਰਦਾ ਹੈ ਤੇ ਉਸ ਦੀਆਂ ਆਦਤਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਇਹ ਉਸਦੀ ਸੋਚ 'ਤੇ। ਕਈ ਇਨਸਾਨ ਆਪਣੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਂਦੇ ਹਨ ਤੇ ਕਈ ਆਪਣੀ ਖ਼ੁਸ਼ਗਵਾਰ ਜ਼ਿੰਦਗੀ ਨੂੰ ਡਿੱਗਦੇ ਹੌਸਲਿਆਂ ਸਦਕਾ ਨਰਕੀ ਕੁੰਭ ਮੰਨਣ ਲੱਗ ਪੈਂਦੇ ਹਨ। ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਊਣ ਵਾਲੇ ਇਨਸਾਨ ਜਦੋਂ ਆਪਣੀ ਮਿਹਨਤ ਨਾਲ ਆਪਮੁਹਾਰੇ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਹਨ ਤਾਂ ਉਸ ਨੂੰ ਠਿੱਬੀ ਲਾਉਣ ਲਈ ਵੀ ਅਨੇਕਾਂ ਵਿਰੋਧੀ ਆਪਮੁਹਾਰੇ ਹੀ ਪੈਦਾ ਹੋ ਜਾਂਦੇ ਹਨ। ਉਨ੍ਹਾਂ ਵਿਰੋਧੀਆਂ ਨੂੰ ਤੁਹਾਡੀ ਤਰੱਕੀ ਪੈਰ-ਪੈਰ 'ਤੇ ਤਿੱਖੀਆਂ ਸੂਲਾਂ ਵਾਂਗ ਚੁੱਭਦੀ ਹੈ ਤੇ ਜਦੋਂ ਉਹ ਤੁਹਾਡਾ ਸਿੱਧਾ ਮੁਕਾਬਲਾ ਕਰਨ ਤੋਂ ਆਪਣੇ ਆਪ ਨੂੰ ਅਸਮਰੱਥ ਜਾਪਦੇ ਹਨ ਤਾਂ ਸਮਾਜ ਵਿਚ ਫ਼ਰਜ਼ੀ ਕਹਾਣੀਆਂ ਬਣਾ ਕੇ ਤੁਹਾਡੇ ਖ਼ਿਲਾਫ਼ ਕੂੜ ਪ੍ਰਚਾਰ ਕਰਨ 'ਚ ਜੁੱਟ ਜਾਂਦੇ ਹਨ।

ਅਜਿਹੇ ਲੋਕ ਕਿਸੇ ਦੇ ਵੀ ਮਿੱਤ ਨਹੀਂ ਹੁੰਦੇ। ਚਾਪਲੂਸੀ ਕਰਨ ਵਾਲੇ ਇਹ ਵਿਰੋਧੀ ਹਰ ਵੇਲੇ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਤੁਹਾਡੀ ਨਿੱਕੀ ਜਿਹੀ ਕਮਜ਼ੋਰੀ ਨੂੰ ਵੀ ਰਾਈ ਦੇ ਪਹਾੜ ਜਿੱਡਾ ਬਣਾ ਕੇ ਤੁਹਾਨੂੰ ਖੁੱਡੇ ਲਾਉਣ ਦਾ ਕੋਈ ਵੀ ਮੌਕਾ ਅਜਾਈਂ ਨਹੀਂ ਗੁਆਉਣਾ ਚਾਹੁੰਦੇ। ਯਾਦ ਰੱਖੋ ਕਿ ਅਜਿਹੇ ਸਖ਼ਸ਼ ਪਹਿਲਾਂ ਹੀ ਤੁਹਾਡੇ ਤੋਂ ਬਹੁਤ ਪਿੱਛੇ ਹੁੰਦੇ ਹਨ ਤੇ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ। ਅਜਿਹੇ ਸਖ਼ਸ਼ ਜੇ ਤੁਹਾਡੇ ਸਾਹਮਣੇ ਕਿਸੇ ਹੋਰ ਦੀ ਬੁਰਾਈ ਜਾਂ ਨਿੰਦਿਆ ਕਰਦੇ ਹਨ ਤਾਂ ਦੂਜਿਆਂ ਸਾਹਮਣੇ ਤੁਹਾਡੀ ਭੰਡੀ ਵੀ ਜ਼ਰੂਰ ਕਰਦੇ ਹੋਣਗੇ। ਸਮਾਜ ਵਿਚ ਜਦੋਂ ਵੀ ਕਿਸੇ ਦੀ ਨਿੰਦਿਆ ਬਾਰੇ ਕੋਈ ਸੁਣੀਆਂ-ਸੁਣਾਈਆਂ ਗੱਲਾਂ ਅੱਗੇ ਪਹੁੰਚਾਉਂਦਾ ਹੈ ਤਾਂ ਜਿੱਥੇ ਚੁਗਲੀ ਕਰਨ ਵਾਲਾ ਬੰਦਾ ਆਪਣਾ ਕੀਮਤੀ ਸਮਾਂ ਵਿਅਰਥ ਗਵਾਉਂਦਾ ਹੈ ਉੱਥੇ ਉਹ ਦੂਜਿਆਂ ਦਾ ਕੀਮਤੀ ਵਕਤ ਵੀ ਬਰਬਾਦ ਕਰਦਾ ਰਹਿੰਦਾ ਹੈ। ਆਪਣੀ ਜ਼ਿੰਦਗੀ 'ਚ ਅਜਿਹੇ ਚਾਪਲੂਸ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਪ੍ਰਸਿੱਧ ਦਾਰਸ਼ਨਿਕ ਸੁਕਰਾਤ ਕੋਲ ਉਸਦੀ ਜਾਣ-ਪਛਾਣ ਵਾਲਾ ਇਕ ਬੰਦਾ ਮਿਲਣ ਲਈ ਆਇਆ ਤੇ ਉਸਨੇ ਸੁਕਰਾਤ ਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਇਕ ਦੋਸਤ ਬਾਰੇ ਕੁਝ ਸੁਣਿਆ ਹੈ ਤਾਂ ਸੁਕਰਾਤ ਨੇ ਉਸਨੂੰ ਕਿਹਾ ਕਿ ਜ਼ਰਾ ਰੁਕੋ। ਮੈਂ ਇਹ ਗੱਲ ਸੁਣਨ ਤੋਂ ਪਹਿਲਾਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ ਉਸ ਤੋਂ ਬਾਅਦ ਤੁਹਾਡੇ ਵਾਰਤਾਲਾਪ ਨੂੰ ਖੁੱਲ੍ਹਾ ਸਮਾਂ ਦੇਵਾਂਗਾ। ਸੁਕਰਾਤ ਨੇ ਸਭ ਤੋਂ ਪਹਿਲਾਂ ਉਸ ਨੂੰ ਪੁੱਛਿਆ ਕਿ ਤੁਸੀਂ ਮੇਰੇ ਦੋਸਤ ਬਾਰੇ ਜੋ ਵੀ ਕੁਝ ਮੈਨੂੰ ਦੱਸਣ ਜਾ ਰਹੇ ਹੋ ਕੀ ਉਸ ਬਾਰੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਬਿਲਕੁਲ ਸੱਚ ਹੈ। ਇਹ ਸੁਣ ਕੇ ਉਹ ਵਿਅਕਤੀ ਬੋਲਿਆ ਨਹੀਂ ਪਰ ਮੈਂ ਇਹ ਗੱਲ ਕਿਸੇ ਹੋਰ ਕੋਲੋਂ ਸੁਣੀ ਹੈ। ਇਸ ਮਗਰੋਂ ਸੁਕਰਾਤ ਨੇ ਉਸਨੂੰ ਪੁੱਛਿਆ ਹੁਣ ਤੁਸੀ ਮੈਨੂੰ ਇਹ ਦੱਸੋ ਕਿ ਜੋ ਤੁਸੀਂ ਮੈਨੂੰ ਕਹਿਣ ਜਾ ਰਹੇ ਹੋ ਉਹ ਕੋਈ ਚੰਗੀ ਗੱਲ ਵੀ ਹੈ ਜਾਂ ਨਹੀਂ। ਉਸ ਵਿਅਕਤੀ ਨੇ ਕਿਹਾ ਕਿ ਹਾਂ ਉਹ ਕੋਈ ਚੰਗੀ ਗੱਲ ਵੀ ਨਹੀਂ ਹੈ ਸਗੋਂ ਉਸਦਾ ਬਿਲਕੁਲ ਉਲਟ ਹੈ।

ਹੁਣ ਸੁਕਰਾਤ ਨੇ ਉਸ ਨੂੰ ਆਖ਼ਰੀ ਸੁਆਲ ਕਰਦਿਆਂ ਪੁੱਛਿਆ ਕਿ ਚਲੋ ਹੁਣ ਤੁਸੀਂ ਇਹ ਵੀ ਦੱਸ ਦਿਓ ਕਿ ਜੋ ਗੱਲ ਤੁਸੀਂ ਦੱਸਣ ਜਾ ਰਹੇ ਹੋ, ਕੀ ਉਹ ਮੇਰੇ ਲਈ ਉਪਯੋਗੀ ਵੀ ਹੈ ਜਾਂ ਨਹੀਂ। ਇਹ ਸੁਣਕੇ ਉਸ ਵਿਅਕਤੀ ਨੇ ਕਿਹਾ, ਨਹੀਂ ਕੁਝ ਖ਼ਾਸ ਨਹੀਂ। ਸੁਕਰਾਤ ਨੇ ਕਿਹਾ ਤਾਂ ਫਿਰ ਤੁਸੀਂ ਪੂਰੇ ਭਰੋਸੇ ਨਾਲ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਜੋ ਕੁਝ ਮੇਰੇ ਦੋਸਤ ਬਾਰੇ ਦੱਸਣ ਜਾ ਰਹੇ ਓ, ਉਹ ਗੱਲ ਸੱਚ ਵੀ ਹੈ ਜਾਂ ਫਿਰ ਝੂਠ। ਤੇ ਤੁਸੀਂ ਮੈਨੂੰ ਕੁਝ ਅਜਿਹਾ ਬੁਰਾ ਦੱਸਣ ਜਾ ਰਹੇ ਸੀ ਜਿਸ ਬਾਰੇ ਤੁਹਾਨੂੰ ਇਹ ਯਕੀਨ ਵੀ ਨਹੀਂ ਹੈ ਕਿ ਉਹ ਸੱਚ ਹੈ ਤੇ ਤੁਹਾਡੇ ਵੱਲੋਂ ਦੱਸੀ ਜਾਣ ਵਾਲੀ ਇਹ ਗੱਲ ਮੇਰੇ ਲਈ ਕਿਸੇ ਕੰਮ ਦੀ ਵੀ ਨਹੀਂ ਹੈ। ਇਹ ਕਹਿਕੇ ਸੁਕਰਾਤ ਆਪਣੇ ਕਿਸੇ ਹੋਰ ਕੰਮ ਵਿਚ ਰੁਝ ਗਏ।

ਇਹ ਛੋਟੀ ਜਿਹੀ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਜੇ ਇਸ ਵਿਚਲੀਆਂ ਗੱਲਾਂ ਨੂੰ ਅਸੀਂ ਆਪਣੇ ਜ਼ਿਹਨ ਵਿਚ ਵਸਾ ਲਵਾਂਗੇ ਤਾਂ ਆਪਣੀ ਜ਼ਿੰਦਗੀ ਵਿਚ ਵੱਡਾ ਸੁਧਾਰ ਆ ਸਕਦਾ ਹੈ। ਸਮਾਜ ਵਿਚ ਅਜਿਹਾ ਅਕਸਰ ਹੁੰਦਾ ਹੈ ਕਿ ਜ਼ਿਆਦਾਤਰ ਵਿਅਕਤੀ ਸੁਣੀਆਂ-ਸੁਣਾਈਆਂ ਗੱਲਾਂ ਨੂੰ ਆਪਣੇ ਕੋਲੋਂ ਹੋਰ ਵਧਾ-ਚੜ੍ਹਾ ਕੇ ਅੱਗੇ ਦੱਸਦੇ ਹਨ ਤੇ ਅੱਗੋਂ ਇਸ ਨੂੰ ਚਟਕਾਰੇ ਲੈ ਕੇ ਸੁਣਨ ਵਾਲੇ ਲੋਕ ਵੀ ਅਜਿਹੇ ਨਾਸਮਝ ਇਨਸਾਨਾਂ ਨਾਲ ਵਾਰਤਾਲਾਪ ਕਰਕੇ ਜਿੱਥੇ ਆਪਣਾ ਕੀਮਤੀ ਸਮਾਂ ਅਜਾਈਂ ਗੁਆ ਲੈਂਦੇ ਹਨ ਉੱਥੇ ਹੀ ਅਜਿਹੀਆਂ ਮਨਘੜਤ ਗੱਲਾਂ 'ਤੇ ਯਕੀਨ ਕਰਕੇ ਅਸੀਂ ਆਪਣੇ ਸ਼ੁਭਚਿੰਤਕਾਂ ਨੂੰ ਬਿਨਾਂ ਕਿਸੇ ਆਧਾਰ ਤੋਂ ਸ਼ੱਕ ਦੇ ਦਾਇਰੇ 'ਚ ਲੈ ਆਉਂਦੇ ਹਨ। ਇਹ ਗ਼ਲਤ ਆਦਤ ਹੀ ਸਾਡੀ ਸੋਚ ਨੂੰ ਖ਼ਰਾਬ ਕਰਦੀ ਹੈ ਤੇ ਖ਼ਰਾਬ ਹੋਈ ਸੋਚ ਸਾਡੀ ਖ਼ੁਸ਼ਗਵਾਰ ਜ਼ਿੰਦਗ਼ੀ ਨੂੰ ਗ੍ਰਹਿਣ ਲਗਾਉਣ ਦਾ ਕੰਮ ਕਰ ਦਿੰਦੀ ਹੈ। ਜੇ ਆਪਾਂ ਕਿਸੇ ਕੋਲੋਂ ਕਿਸੇ ਦੇ ਖ਼ਿਲਾਫ਼ ਕੋਈ ਵੀ ਗੱਲ ਸੁਣ ਰਹੇ ਹਾਂ ਤਾਂ ਪਹਿਲਾਂ ਉਸ ਗੱਲ ਦੀ ਚੰਗੀ ਤਰ੍ਹਾਂ ਘੋਖ ਕਰੋ ਕਿ ਉਹ ਗੱਲ ਸੱਚੀ ਹੈ ਜਾਂ ਨਹੀਂ। ਜੇ ਉਹ ਗੱਲ ਬੁਰੀ ਹੈ ਤੇ ਸੱਚੀ ਵੀ ਨਹੀਂ ਤਾਂ ਫਿਰ ਉਸਨੂੰ ਉੱਥੇ ਹੀ ਛੱਡ ਦਿਓ। ਕਿਉਂਕਿ ਬੁਰੀਆਂ ਗੱਲਾਂ ਨੂੰ ਸਮਾਜ ਵਿਚ ਫੈਲਾ ਕੇ ਅਸੀਂ ਮਾੜੇ ਕਿਉਂ ਕਹਾਈਏ। ਕਿਸੇ ਦੇ ਖ਼ਿਲਾਫ ਮਾੜੀਆਂ ਗੱਲਾਂ ਕਹਿਣ 'ਤੇ ਉਸ ਨੂੰ ਅੱਗੇ ਫੈਲਾਉਣ ਵਾਲੇ ਵਿਅਕਤੀ ਦੀ ਸੱਚਾਈ ਜਦੋਂ ਦੁਨੀਆ ਸਾਹਮਣੇ ਆਉਂਦੀ ਹੈ ਤਾਂ ਉਸਦੀ ਵੁਕਤ ਇਕ ਕੌਡੀ ਦੀ ਵੀ ਨਹੀਂ ਰਹਿੰਦੀ। ਸੋ ਆਓ ਬੁਰੀਆਂ ਗੱਲਾਂ ਦਾ ਤਿਆਗ ਕਰ ਕੇ ਹਰ ਕਿਸੇ ਦੀਆਂ ਚੰਗੀਆਂ ਆਦਤਾਂ ਨੂੰ ਅਪਣਾਉਂਦੇ ਹੋਏ ਖ਼ੁਸ਼ਗਵਾਰ ਜ਼ਿੰਦਗੀ ਜਿਊਣ ਦੀ ਜਾਚ ਸਿੱਖ ਕੇ ਤਰੱਕੀ 'ਚ ਬਣਦਾ ਯੋਗਦਾਨ ਪਾਈਏ।

- ਸਰਵਣ ਸਿੰਘ ਭੰਗਲਾਂ

98725 54147

Posted By: Harjinder Sodhi