ਸਾਹਿਤ ਸਮਾਜ ਦਾ ਸੀਸ਼ਾ ਹੈ। ਇਸ ਰਾਹੀਂ ਅਸੀਂ ਚੰਗੇ ਕੰਮਾਂ ਨੂੰ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਹਾਂ ਅਤੇ ਗ਼ਲਤ ਫ਼ੈਸਲਿਆਂ ਤੋਂ ਸਬਕ ਲੈਂਦੇ ਖ਼ੁਦ ਨੂੰ ਬਰਬਾਦ ਹੋਣ ਤੋਂ ਬਚਾ ਲੈਂਦੇ ਹਾਂ। ਸਾਹਿਤ ਸ਼ਬਦਾਂ ਦਾ ਹੀ ਤਾਣਾ-ਬਾਣਾ ਹੁੰਦਾ ਹੈ। ਜਿਸ 'ਚ ਲੇਖਕ ਆਪਣੀ ਕਲਪਨਾ ਸ਼ਕਤੀ ਨੂੰ ਅਜਿਹੇ ਰਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਸ਼ਬਦਾਂ ਰਾਹੀਂ ਹੀ ਉਹ ਸਭ ਕੁਝ ਮਹਿਸੂਸ ਕਰਵਾ ਦਿੰਦਾ ਹੈ, ਜਿਸ ਦਾ ਤਜਰਬਾ ਉਸ ਨੇ ਖ਼ੁਦ ਕੀਤਾ ਹੁੰਦਾ ਹੈ। ਲੇਖਕ ਜ਼ਿੰਦਗੀ ਦੀਆਂ ਸਚਾਈਆਂ, ਕਠੋਰਤਾਵਾਂ, ਵਿਚਾਰ, ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ ਤੇ ਉਨ੍ਹਾਂ ਲੋਕਾਂ ਲਈ ਰਸਤਾ ਤਿਆਰ ਕਰਦਾ ਹੈ, ਜਿਹੜੇ ਉਸ 'ਤੇ ਚੱਲਣਾ ਚਾਹੁੰਦੇ ਹਨ।

ਵਿਚਾਰਾਂ ਦਾ ਅਦਾਨ ਪ੍ਰਦਾਨ ਸਿਰਫ਼ ਬੋਲਚਾਲ ਰਾਹੀਂ ਹੀ ਨਹੀਂ ਸ਼ਬਦਾਂ ਦੁਆਰਾ ਵੀ ਹੁੰਦਾ ਹੈ। ਹੁਣ ਇਹ ਲੇਖਕ 'ਤੇ ਨਿਰਭਰ ਕਰਦਾ ਹੈ ਕਿ ਉਸ ਵਿਚ ਸ਼ਬਦਾਂ ਨੂੰ ਚਿਤਰਨ ਦੀ ਕਿੰਨੀ ਕੁ ਮੁਹਾਰਤ ਹੈ। ਉਸ ਦੁਆਰਾ ਲਿਖੀ ਕੋਈ ਵੀ ਲਿਖਤ ਪਾਠਕਾਂ ਦੀਆਂ ਅੱਖਾਂ ਮੂਹਰੇ ਕਿਸੇ ਫਿਲਮ ਦੀ ਰੀਲ ਵਾਂਗ ਘੁੰਮ ਜਾਵੇ ਤੇ ਉਹ ਖ਼ੁਸ਼ੀ ਦੀ ਘਟਨਾ ਵੇਲੇ ਖ਼ੁਸ਼ ਹੋਵੇ ਅਤੇ ਦੁੱਖ ਦੀ ਘਟਨਾ ਵੇਲੇ ਅੰਦਰੋਂ ਦੁਖੀ ਮਹਿਸੂਸ ਕਰੇ। ਦਿਲ ਦੀ ਚੀਸ ਉਸ ਦੇ ਅੰਦਰੋਂ ਅੱਖਾਂ ਦੁਆਰਾ ਹੰਝੂਆਂ ਦੇ ਰੂਪ ਵਿਚ ਵਹਿ ਕੇ ਉਸ ਦੇ ਚਿਹਰੇ 'ਤੇ ਆ ਜਾਵੇ ਤੇ ਗੱਲ ਉਸ ਦੇ ਅਚੇਤ ਮਨ, ਉਪਰ ਇਸ ਕਦਰ ਹਾਵੀ ਹੋ ਜਾਵੇ ਕਿ ਹਰ ਸਮੇਂ ਉਹ ਉਹੀ ਗੱਲ ਸੋਚੇ, ਜੋ ਉਸ ਨੇ ਕਿਤਾਬ ਵਿਚ ਪੜ੍ਹੀ ਹੋਵੇ। ਬਹੁਤ ਸਾਰੇ ਸਹਿਤਕਾਰ ਹੋਏ ਨੇ ਜਿਨ੍ਹਾਂ ਅੰਦਰ ਇਹੋ ਜਿਹੀ ਸ਼ਕਤੀ ਸੀ, ਜੋ ਮਨੁੱਖਤਾ ਨੂੰ ਬਦਲਣ ਦੇ ਕੰਮ ਆ ਸਕਦੀ ਹੈ। ਬਾਬਾ ਫ਼ਰੀਦ ਜੀ ਨੂੰ ਸਾਹਿਤ ਦੇ ਮੋਢੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਰਚਨਾ ਨਾਲ ਹੀ ਸਾਹਿਤ ਆਰੰਭ ਹੋਇਆ। ਸਾਹਿਤ ਪੜ੍ਹਨਾ ਬਹੁਤ ਜਰੂਰੀ ਹੈ, ਕਿਉਂਕਿ ਇਹ ਹਰ ਮਨੁੱਖ ਅੰਦਰ ਪਣਪਦੀ ਹਰ ਸ਼ੈਅ ਨੂੰ ਕਾਬੂ 'ਚ ਰੱਖਦਾ ਹੈ। ਇਸ ਨਾਲ ਮਨ ਅੰਦਰ ਆਲੋਚਨਾਤਮਿਕ ਵਿਚਾਰਧਾਰਾ ਵੀ ਪੈਦਾ ਹੁੰਦੀ ਹੈ ਜਿਹੜੀ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ, ਜਬਰ-ਜ਼ੁਲਮ, ਵਖਰੇਵੇਂ, ਉੂਚ ਨੀਚ, ਜਾਤ ਪਾਤ ਦੇ ਭੈੜੇ ਵਿਕਾਰਾਂ ਨੂੰ ਦਬਾਉਣ ਵਿਚ ਮਨੁੱਖ ਦੀ ਸੋਚ ਨੂੰ ਸਹੀ ਦਿਸ਼ਾ ਦਿੰਦੀ ਹੈ। ਸਾਹਿਤ ਕਿਸੇ ਆਦਮੀ ਉੱਪਰ 'ਸਮਾਜ ਵਿੱਚੋਂ' ਪੈਣ ਵਾਲੇ ਦਬਾਅ ਨੂੰ ਘੱਟ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ।

ਸਾਹਿਤ ਦੁਆਰਾ ਸਾਨੂੰ ਪੁਰਾਤਨ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਮੈਡੀਸਨ, ਇਤਿਹਾਸ, ਸਮਾਜ ਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਉਪਰ ਗਿਆਨ ਪ੍ਰਾਪਤ ਹੁੰਦਾ ਹੈ। 'ਸਾਹਿਤ' ਪੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸਾਹਿਤ ਪੜ੍ਹਨ ਲਈ ਹਲੀਮੀ, ਜ਼ਮੀਨੀ ਪੱਧਰ, ਸੋਚ ਉੱਪਰ ਕਾਬੂ ਹੋਣਾ ਜਿਵੇਂ ਕਿ

'ਲੱਖ ਕਿਤਾਬਾਂ ਪੜ੍ਹੀਆਂ ਭਾਵੇਂ ਤੂੰ

ਕੋਈ ਮਨ ਦੀ ਪੜ੍ਹੀ ਤਾਂ ਦੱਸੀਂ'

ਕਿਤਾਬਾਂ ਆਪਣੇ ਅੰਦਰ ਗਿਆਨ ਦਾ ਅਥਾਹ ਸਮੁੰਦਰ ਛੁਪਾ ਕੇ ਬੈਠੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਮਨ ਵਧੀਆ ਹੋ ਜਾਂਦਾ ਹੈ। ਅੰਗਰੇਜ਼ੀ ਦੇ ਇਕ ਵਿਦਵਾਨ ਅਨੁਸਾਰ ਕਿਤਾਬਾਂ ਦੀਆਂ ਵੀ ਆਪਣੀਆਂ ਕਿਸਮਾਂ ਹੁੰਦੀਆਂ ਹਨ। ਕੁਝ ਕਿਤਾਬਾਂ ਸਿਰਫ਼ ਸੁਆਦ ਲਈ ਹੁੰਦੀਆਂ ਹਨ ਤੇ ਕੁਝ ਨਿਗਲਣ ਵਾਸਤੇ ਅਤੇ ਕੁਝ ਹੌਲੀ- ਹੌਲੀ ਚਬਾ ਕੇ ਹਜ਼ਮ ਕਰਨ ਲਈ ਹੁੰਦੀਆਂ ਹਨ। ਕਿਤਾਬਾਂ ਸੱਚੇ ਮਿੱਤਰਾਂ ਵਾਂਗ ਹੁੰਦੀਆਂ ਹਨ ਜਿਹੜੀਆਂ ਸਮੇਂ-ਸਮੇਂ 'ਤੇ ਸਾਡੀ ਅਗਵਾਈ ਕਰਦੀਆਂ ਹਨ।

ਬੱਚੇ ਤੋਂ ਲੈ ਕੇ ਪੱਕੀ ਉਮਰ ਦੇ ਵਿਅਕਤੀਆਂ ਲਈ ਕਿਤਾਬਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਉਸ ਤੋਂ ਵੀ ਜਰੂਰੀ ਹੈ, ਉਨ੍ਹਾਂ ਵਿੱਚੋਂ ਗਿਆਨ ਪ੍ਰਾਪਤ ਕਰਨਾ ਅਤੇ ਉਸ ਨੂੰ ਸਮੇਂ-ਸਮੇਂ ਸਿਰ ਵਰਤਣਾ ਤਾਂ ਜੋ ਜ਼ਿੰਦਗੀ ਦੇ ਉਤਰਾਅ-ਝੜਾਅ ਵਿਚ ਕਿਤਾਬੀ ਗਿਆਨ ਦੀ ਮਦਦ ਲਈ ਜਾਵੇ। ਆਪਣੇ ਮਨ ਦੀ ਸਥਿਤੀ ਨੂੰ ਹੋਰ ਵਿਗੜਣ ਤੋਂ ਬਚਾਇਆ ਜਾ ਸਕੇ। ਕਿਉਂਕਿ ਕਿਤਾਬਾਂ ਸਾਡਾ ਧਿਆਨ ਭਟਕਣ ਨਹੀਂ ਦਿੰਦੀਆਂ।

ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਸ਼ਬਦਾਂ ਦੇ ਸਮੁੰਦਰ ਵਿਚ ਆਪਣੇ ਆਪ ਨੂੰ ਤੈਰਦਾ ਹੋਇਆ ਮਹਿਸੂਸ ਕਰਦੇ ਹਾਂ। ਇਸ ਨਾਲ ਸਾਨੂੰ ਅੰਦਰੂਨੀ ਟੈਨਸ਼ਨਾਂ ਤੋਂ ਨਿਜਾਤ ਮਿਲਦੀ ਹੈ। ਜਿਵੇਂ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਲੋੜ ਕਾਢ ਦੀ ਮਾਂ ਹੈ, ਅਨੁਸਾਰ ਅਸੀਂ ਕਿਸੇ ਵੀ ਸਮੱਸਿਆ ਦਾ ਹੱਲ ਕਿਤਾਬਾਂ ਵਿਚ ਲਿਖੀ ਘਟਨਾ ਦੇ ਹੱਲ ਨਾਲ ਤੁਲਨਾ ਕਰ ਕੇ ਝਟ ਕੱਢ ਲੈਂਦੇ ਹਾਂ ਤੇ ਸਾਡੇ ਮਨ, ਚਿੰਤਾ ਤੇ ਡਰ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਸਾਨੂੰ ਕਿਸੇ ਅੱਗੇ ਸ਼ਰਮਿੰਦਾ ਵੀ ਨਹੀਂ ਹੋਣਾ ਪੈਂਦਾ।

ਜ਼ਿੰਦਗੀ ਵਿਚ ਇਕ ਉਮਰ ਐਸੀ ਆਉਂਦੀ ਹੈ, ਜਦੋਂ ਵਿਅਕਤੀ ਦੇ ਵਿਚਾਰ ਖੰਭ ਲਾ ਕੇ ਅੰਬਰਾਂ ਵਿਚ ਉੱਡਣ ਲੱਗਦੇ ਹਨ, ਪੈਰ ਜ਼ਮੀਨ 'ਤੇ ਨਹੀਂ ਲੱਗਦੇ। ਹਰ ਸ਼ੈਅ ਵਿਚ ਮਿੱਠਾ-ਮਿੱਠਾ ਸੰਗੀਤ

ਸੁਣਾਈ ਦਿੰਦਾ ਹੈ। ਕਲਪਨਾ ਕਾਬੂ ਵਿਚ ਨਹੀਂ ਰਹਿੰਦੀ, ਹਰ ਸ਼ੈਅ ਕਵਿਤਾ

ਜਾਪਣ ਲੱਗ ਜਾਂਦੀ ਹੈ। ਉਸੇ ਸਮੇਂ

ਸਾਹਿਤ ਦੀ ਬਹੁਤ ਜ਼ਿਆਦਾ ਲੋੜ

ਅਨੁਭਵ ਕੀਤੀ ਜਾਂਦੀ ਹੈ, ਕਿਉਂਕਿ ਮਨ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਿਸੇ ਨਾਲ ਸਾਂਝਾ ਕਰਨ ਤੋਂ ਡਰਦਾ ਹੈ। ਝਿਜਕ ਮਹਿਸੂਸ ਕਰਦਾ ਹੈ, ਕਿ ਕਿਤੇ ਲੋਕ ਪਾਗਲ ਹੀ ਨਾ ਸਮਝਣ। ਫਿਰ ਉਹ ਸਾਹਿਤ ਵੱਲ ਰੁਖ ਕਰਦਾ ਹੈ।

ਸਿਰਫ਼ ਤੇ ਸਿਰਫ਼ ਕਵਿਤਾਵਾਂ, ਕਹਾਣੀਆਂ, ਲੇਖ, ਨਾਟਕ, ਨਾਵਲ ਹੀ ਅਜਿਹੇ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖ਼ੜ੍ਹਦੇ ਹਨ ਤੇ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਭਾਵਨਾਵਾਂ ਦੇ ਵਹਿਣ ਦੀ ਸਹੀ ਤਰਜ਼ਮਾਨੀ ਕਰਦੇ ਹਨ।

ਇਹ ਪਲ ਜ਼ਿੰਦਗੀ ਦਾ ਬਹੁਤ ਨਾਜ਼ੁਕ ਪਲ ਹੁੰਦਾ ਹੈ। ਇਸ ਸਮੇਂ 'ਤੇ ਜੋ ਵੀ ਮਨ ਵਿਚ ਕੋਈ ਤਸਵੀਰ ਬਣ ਜਾਂਦੀ ਹੈ, ਉਹ ਪੱਥਰ 'ਤੇ ਲਕੀਰ ਹੁੰਦੀ ਹੈ। ਹਲਕੇ ਪੱਧਰ ਦਾ ਸਾਹਿਤ ਵਿਅਕਤੀਆਂ ਦੀ ਜਿੰਦਗੀ ਨੂੰ 'ਆਰ. ਡੀ. ਐਕਸ' ਦੇ ਵਿਸਫੋਟ ਦੀ ਤਰ੍ਹਾਂ ਬਰਬਾਦ ਕਰਦਾ ਹੈ। ਪਰ ਜੇ ਇਸ ਸਮੇਂ ਵਧੀਆ ਸਾਹਿਤ, ਚੰਗੀ ਸ਼ਬਦਾਵਲੀ ਤੇ ਉੱਤਮ ਵਿਚਾਰ ਲੇਖਕਾਂ ਦੁਆਰਾ ਦਿੱਤੇ ਜਾਣ ਤਾਂ ਸਮਾਜ ਦੀ ਨੁਹਾਰ ਹੀ ਬਦਲ ਸਕਦੀ ਹੈ। ਹਰ ਵਿਅਕਤੀ ਖ਼ੁਦ ਦੀ ਸਿਰਜਣਾ ਖ਼ੁਦ ਕਰ ਕੇ ਉੱਚੀ ਸੁੱਚੀ ਜ਼ਿੰਦਗੀ ਬਤੀਤ ਕਰ ਸਕਦਾ ਹੈ।

J ਪਰਮਜੀਤ ਕੌਰ ਸਿੱਧੂ

98148-90905

Posted By: Harjinder Sodhi