ਭਾਈ ਵੀਰ ਸਿੰਘ ਆਧੁਨਿਕ ਸਾਹਿਤ ਦਾ ਪਿਤਾਮਾ ਮੰਨਿਆ ਜਾਂਦਾ ਹੈ ਅਤੇ ਨਾਲ ਹੀ ਵੱਡ-ਆਕਾਰੀ ਲੇਖਕ ਵੀ। ਵੱਡੇ ਲੇਖਕਾਂ ਦਾ ਮਾਪਦੰਡ ਇਹ ਵੀ ਹੁੰਦਾ ਹੈ ਕਿ ਪਿੱਛਲਕਾਲੀ ਸਾਹਿਤ ਉੱਪਰ ਉਸਦਾ ਵਿਆਪਕ ਪ੍ਰਭਾਵ ਵੀ ਪੈਂਦਾ ਹੈ ਅਤੇ ਭਾਈ ਵੀਰ ਸਿੰਘ ਦਾ ਇਹ ਪ੍ਰਭਾਵ ਲੱਭਦਾ ਹੈ। ਬੇਸ਼ੱਕ ਇਕ ਧਾਰਮਿਕ ਲੇਖਕ ਮੰਨ ਕੇ ਉਨ੍ਹਾਂ ਬਾਰੇ ਸੰਕੋਚਵੀਂ ਗੱਲ ਕੀਤੀ ਜਾਂਦੀ ਹੈ ਪਰ ਜੇ ਭਾਈ ਸਾਹਿਬ ਦੇ ਸਮਕਾਲ ਅਤੇ ਨਿਕਟ ਸਮਕਾਲ ਨੂੰ ਖੰਘਾਲਣ ਦਾ ਯਤਨ ਕਰੀਏ ਤਾਂ ਕਾਫ਼ੀ ਕੁਝ ਨਵਾਂ ਵੀ ਦਿਸ ਆਉਂਦਾ ਹੈ।

ਪ੍ਰੋ. ਪੂਰਨ ਸਿੰਘ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਮਸਤ ਮਲੰਗ, ਜਜ਼ਬਾਤੀ ਅਤੇ ਮਨ ਦੀਆਂ ਤਰੰਗਾਂ ਵਿਚ ਵਹਿ ਜਾਣਾ ਵਾਲਾ ਸੰਗਤ ਵਿਚ ਆਇਆ ਤਾਂ ਨਾ ਕੇਵਲ ਉਸ ਦਾ ਅੰਦਰਲਾ ਸਾਹਿਤਕਾਰ ਹੀ ਫੁੱਟ ਨਿਕਲਿਆ, ਸਗੋਂ ਉਸ ਨੂੰ ਆਪਣੇ ਵਿਰਸੇ ਖ਼ਾਸ ਕਰ ਕੇ ਪੰਜਾਬ ਅਤੇ ਪੰਜਾਬੀਅਤ ਉੱਪਰ ਮਾਣ ਵੀ ਹੋਣ ਲੱਗ ਪਿਆ। ਉਸ ਦੀ ਸਮੁੱਚੀ ਕਾਵਿ-ਰਚਨਾ ਵਿਚ ਪੰਜਾਬ ਅਤੇ ਪੰਜਾਬੀਅਤ ਦੇ ਝਲਕਾਰੇ ਥਾਂ-ਥਾਂ ਪਏ ਮਿਲਦੇ ਹਨ। ਗਿਆਨੀ ਮਹਾਂ ਸਿੰਘ ਦੀ

ਇਕ ਪੁਸਤਕ ਗੁਰਮੁਖ ਜੀਵਨ ਵਿਚ ਇਕ ਗਰੁੱਪ ਫੋਟੋ ਹੈ ਜਿਸ ਵਿਚ ਪ੍ਰੋ. ਪੂਰਨ ਸਿੰਘ ਜ਼ਮੀਨ ਉੱਪਰ ਉਨ੍ਹਾਂ ਦਾ ਗੋਡਾ ਫੜੀ ਬੈਠਾ ਹੈ। ਇਹ ਤਸਵੀਰ ਪ੍ਰੋ. ਪੂਰਨ ਸਿੰਘ ਦੇ ਮਨ ਵਿਚ ਭਾਈ ਵੀਰ ਸਿੰਘ ਪ੍ਰਤੀ ਜੋ ਸਤਿਕਾਰ ਸੀ, ਇਸਦਾ ਪ੍ਰਤੀਕ ਮੰਨੀ ਜਾ ਸਕਦੀ ਹੈ।

ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਆਪਣੇ ਇਕ ਲੇਖ ਵਿਚ ਇਹ ਦੱਸਿਆ ਹੈ ਕਿ ਦਸਵੀਂ ਪਾਸ ਕਰਨ ਤੋਂ ਬਾਅਦ ਰੁੜਕੀ ਵਿਖੇ ਇੰਜੀਨੀਅਰਿੰਗ ਵਿਚ ਦਾਖ਼ਲੇ ਲਈ ਤਿਆਰੀ ਕਰ ਰਹੇ ਸਨ ਤਾਂ ਉਹ ਆਪਣੇ ਚਾਚਾ (ਰਿਸ਼ਤੇ ਵਿੱਚੋਂ ਨਹੀਂ ਪਿਤਾ ਜੀ ਦੇ ਦੋਸਤ ਕਰਕੇ) ਜੀ ਕੋਲ ਮੁਲਤਾਨ ਜ਼ਿਲ੍ਹੇ ਦੇ ਸਿੱਧਨਈ ਹੈੱਡਵਰਕਸ ਉੱਤੇ ਗਏ ਹੋਏ ਸਨ। ਇਹ ਚਾਚਾ ਵੀ ਭਾਈ ਵੀਰ ਸਿੰਘ ਦੀ ਲੇਖਣੀ ਦੇ ਵੱਡੇ ਪ੍ਰਸੰਸਕ ਸਨ। ਉਨ੍ਹਾਂ ਨੇ ਆਪਣੇ ਇਕ ਪੁੱਤਰ ਦਾ ਨਾਂ ਭਾਈ ਵੀਰ ਸਿੰਘ ਦੇ ਇਕ ਪ੍ਰਸਿੱਧ ਨਾਵਲੀ ਪਾਤਰ ਤੋਂ ਪੇ੍ਰਰਨਾ ਲੈ ਕੇ ਬਿਜੈ ਸਿੰਘ ਰੱਖਿਆ ਸੀ। ਉਨ੍ਹਾਂ ਨੇ ਗੁਰਬਖ਼ਸ਼ ਸਿੰਘ ਨੂੰ ਭਾਈ ਵੀਰ ਸਿੰਘ ਦੀਆਂ ਦੋ ਪੁਸਤਕਾਂ ਸੁੰਦਰੀ ਅਤੇ ਬਿਜੈ ਸਿੰਘ ਪੜ੍ਹਨ ਲਈ ਦਿੱਤੀਆਂ।

ਪੰਜਾਬੀ ਸਾਹਿਤ ਨਾਲ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਪਰਿਚੈ ਇਨ੍ਹਾਂ ਦੋਹਾਂ ਪੁਸਤਕਾਂ ਨਾਲ ਹੀ ਹੋਇਆ ਜੋ ਮਗਰੋਂ ਸ਼ੌਕ ਅਤੇ ਸਾਹਿਤਕਾਰੀ ਵਿਚ ਤਬਦੀਲ ਹੋ ਗਿਆ। ‘ਸੁੰਦਰੀ’ ਅਤੇ ‘ਬਿਜੈ ਸਿੰਘ’ ਪੜ੍ਹ ਕੇ ਗੁਰਬਖ਼ਸ਼ ਸਿੰਘ ਉਪਰ ਜੋ ਪ੍ਰਭਾਵ ਪਿਆ ਉਸ ਬਾਰੇ ਉਨ੍ਹਾਂ ਦਾ ਸਵੈ-ਕਥਨ ਹੈ, ਇਨ੍ਹਾਂ ਰਚਨਾਵਾਂ ਨੂੰ ਪੜ੍ਹਨ ਤੋਂ ਬਾਅਦ ਮੇਰੇ ਅੰਦਰਲੇ ਖ਼ਾਮੋਸ਼ ਸੁਪਨੇ ਪ੍ਰਗਟਾਵੇ ਲਈ ਉਤਾਵਲੇ ਹੋਣ ਲੱਗ ਪਏ ਤੇ ਮੈਂ ਇਕ ਨਾਵਲ ‘ਪ੍ਰਤਿਮਾ’ ਲਿਖਿਆ। ਇਹ ਮੇਰਾ ਪਹਿਲਾ ਸਾਹਿਤਕ ਯਤਨ ਸੀ ਤੇ ਇਸ ਦੇ ਪ੍ਰੇਰਕ ਭਾਈ ਵੀਰ ਸਿੰਘ ਜੀ ਸਨ। ਇਸ ਤੋਂ ਮਗਰੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਉਸ ਲਈ ਇਹ ਵੀ ਇਕ ਨਵਾਂ ਤਜਰਬਾ ਸੀ। ਨਵੇਂ ਰੰਗ ਰੂਪ ਦੀ ਛੋਟੀ ਕਵਿਤਾ ਉਸ ਵੇਲੇ ਲਿਖੇ ਜਾ ਰਹੇ ਕਿੱਸਿਆਂ ਅਤੇ ਪ੍ਰਸੰਗਾਂ ਨਾਲੋਂ ਅਸਲੋਂ ਵੱਖਰੇ ਸੀ ਜਿਸ ਨੇ ਗੁਰਬਖ਼ਸ਼ ਸਿੰਘ ਦਾ ਧਿਆਨ ਖਿੱਚਿਆ। ਭਾਈ ਵੀਰ ਸਿੰਘ ਦੀ ਇਕ ਹੋਰ ਰਚਨਾ ‘ਰਾਣਾ ਸੂਰਤ ਸਿੰਘ’ ਬਾਰੇ ਗੁਰਬਖ਼ਸ਼ ਸਿੰਘ ਦੀ ਟਿੱਪਣੀ ਸੀ,‘ਰਾਣਾ ਸੂਰਤ ਸਿੰਘ ਦਾ ਪਲਾਟ ਤਾਂ ਮੈਨੂੰ ਭਾਵੇਂ ਹੋਣਹਾਰ ਤਾਂ ਨਾ ਲੱਗਾ ਪਰ ਉਹਦੀ ਜ਼ਬਾਨ ਤੇ ਕਰੁਣਾ ਭਰੇ ਪ੍ਰਭਾਵ ਨੇ ਮੇਰੇ ਉੱਤੇ ਭਾਈ ਵੀਰ ਸਿੰਘ ਦੀ ਪ੍ਰਤਿਭਾ ਦਾ ਡੂੰਘਾ ਅਸਰ ਹੋਇਆ।’

ਸਤੰਬਰ 1933 ਵਿਚ ਜਦ ਪ੍ਰੀਤਲੜੀ ਸ਼ੁਰੂ ਹੋਈ ਤਾਂ ਗੁਰਬਖ਼ਸ਼ ਸਿੰਘ ਹੁਰਾਂ ਨੇ ਇਸ ਦਾ ਪਲੇਠਾ ਅੰਕ ਭਾਈ ਵੀਰ ਸਿੰਘ ਨੂੰ ਵੀ ਭੇਜਿਆ। ਭਾਈ ਜੀ ਨੇ ਉਹ ਅੰਕ ਪੜ੍ਹਿਆ ਅਤੇ ਆਪਣੇ ਭਾਵ ਇਕ ਚਿੱਠੀ ਵਿਚ ਲਿਖ ਭੇਜੇ। ਇਹੋ ਚਿੱਠੀ ਦੋਹਾਂ ਵਿਚਕਾਰ ਸਾਂਝ ਦਾ ਸਬੱਬ ਬਣੀ। ਮੈਗਜ਼ੀਨ ਪ੍ਰੀਤਲੜੀ ਵਿਚਲੀਆਂ ਲਿਖਤਾਂ ਅਤੇ ਗੁਰਬਖ਼ਸ਼ ਸਿੰਘ ਦੀਆਂ ਹੋਰ ਪੁਸਤਕ ਬਾਰੇ ਉਸ ਵੇਲੇ ਕਾਫ਼ੀ ਵਾਵੇਲਾ ਮੱਚਿਆ। ਬੇਸ਼ੱਕ ਕੁਝ ਟਿੱਪਣੀਆਂ ‘ਖ਼ਾਲਸਾ ਸਮਾਚਾਰ’ ਵਿਚ ਵੀ ਛਪੀਆਂ ਪਰ ਭਾਈ ਵੀਰ ਸਿੰਘ ਨੇ ਆਪਣੀ ਕਲਮ ਤੋਂ ਇਕ ਸ਼ਬਦ ਵੀ ਗੁਰਬਖ਼ਸ਼ ਸਿੰਘ ਖ਼ਿਲਾਫ਼ ਨਾ ਲਿਖਿਆ।

ਗੁਰਬਖ਼ਸ਼ ਸਿੰਘ ਅਜਿਹਾ ਕਰਨ ਨੂੰ ਵੀ ਭਾਈ ਵੀਰ ਸਿੰਘ ਦਾ ਅਹਿਸਾਨ ਹੀ ਮੰਨਦਾ ਹੈ। ਉਸ ਦਾ ਸਵੈ-ਕਥਨ ਹੈ,‘ਖ਼ਾਲਸਾ ਸਮਾਚਾਰ’ ਵਿਚ ਕਈ ਸੱਜਣਾਂ ਨੇ ਮੇਰੀ ਬੜੀ ਨੁਕਤਾਚੀਨੀ ਕੀਤੀ ਪਰ ਮੈਂ ਬੜਾ ਿਤਗ ਹਾਂ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਮੇਰੇ ਖ਼ਿਲਾਫ਼ ਇਕ ਸ਼ਬਦ ਵੀ ਨਾ ਲਿਖਿਆ। ਉਸ ਵੇਲੇ ਮੇਰਾ ਜਿਹੋ ਜਿਹਾ ਰੌਂਅ ਸੀ, ਉਸ ਵਿਚ ਸ਼ਾਇਦ ਏਸ ਮਹਾਨ ਲੇਖਕ, ਜਿਹੜਾ ਮੇਰੀ ਜਵਾਨੀ ਦਾ ਪਹਿਲਾ ਸਾਹਿਤਕ ਪਿਆਰਾ ਸੀ, ਵੱਲੋਂ ਇਕ ਵੀ ਨੁਕਤਾਚੀਨੀ ਦਾ ਲਫ਼ਜ਼ ਮੇਰਾ ਦਿਲ ਤੋੜ ਦਿੰਦਾ’ ਕਹਿਣ ਦੀ ਲੋੜ ਨਹੀਂ ਕਿ ਭਾਈ ਵੀਰ ਸਿੰਘ ਦੀ ਖ਼ਾਮੋਸ਼ੀ ਨੇ ਸਾਨੂੰ ਗੁਰਬਖ਼ਸ਼ ਸਿੰਘ ਦੇ ਰੂਪ ਵਿਚ ਇਕ ਵੱਡਾ ਲੇਖਕ ਦੇ ਦਿੱਤਾ। ਭਾਈ ਜੋਧ ਨੇ ਆਪਣੇ ਇਕ ਲੇਖ ਵਿਚ ਮਾਸਟਰ ਤਾਰਾ ਸਿੰਘ ਦੇ ਹਵਾਲੇ ਨਾਲ ਲਿਖਿਆ ਹੈ ਕਿ ‘ਸੁੰਦਰੀ’ ਨਾਵਲ ਪੜ੍ਹ ਕੇ ਹੀ ਉਹ ਨਾਨਕ ਚੰਦ ਤੋਂ ਤਾਰਾ ਸਿੰਘ ਬਣਨ ਨੂੰ ਉਤਸ਼ਾਹਿਤ ਹੋਏ।

ਜਿਹੜੇ ਲੇਖਕ ਸਚੇਤ ਤੌਰ ’ਤੇ ਭਾਈ ਵੀਰ ਸਿੰਘ ਤੋਂ ਪੇ੍ਰਰਿਤ ਅਤੇ ਪ੍ਰਭਾਵਿਤ ਹਨ, ਉਨ੍ਹਾਂ ਵਿੱਚੋਂ ਪ੍ਰੋ. ਪੂਰਨ ਸਿੰਘ ਦੀ ਗੱਲ ਆਰੰਭ ਵਿਚ ਹੋ ਚੁੱਕੀ ਹੈ, ਬਾਕੀ ਲੇਖਕਾਂ ਵਿਚ ਡਾ. ਬਲਬੀਰ ਸਿੰਘ, ਗਿਆਨੀ ਮਹਾਂ ਸਿੰਘ, ਧਨੀ ਰਾਮ ਚਾਤਿ੍ਰਕ, ਬੀਬੀ ਹਰਨਾਮ ਕੌਰ, ਕਰਨਲ ਜਗਜੀਤ ਸਿੰਘ ਗੁਲੇਰੀਆ ਅਤੇ ਜਸਵੰਤ ਸਿੰਘ ਨੇਕੀ ਤੇ ਕੁਝ ਹੋਰ ਵੀ ਹਨ। ਜੇ ਡਾ. ਬਲਬੀਰ ਸਿੰਘ ਦੀ ਉਦਾਹਰਣ ਲੈ ਲਈਏ ਤਾਂ ਕਿਤਾਬੀ ਰੂਪ ਵਿਚ ਛਪੇ ਉਨ੍ਹਾਂ ਦੇ ਨਿਬੰਧਾਂ ਤੋਂ ਇਲਾਵਾ ‘ਖ਼ਾਲਸਾ ਸਮਾਚਾਰ’ ਵਿਚ ਉਨ੍ਹਾਂ ਦੇ ਕਈ ਹੋਰ ਨਿਬੰਧ ਵੀ ਹਨ। ਮੇਰੀ ਪੀਐੱਚਡੀ ਦੀ ਇਕ ਵਿਦਿਆਰਥਣ ਨੇ ਡਾ. ਬਲਬੀਰ ਸਿੰਘ ਦੇ ਘਟੋ ਘੱਟ ਦਸ ਨਿਬੰਧ ਅਜਿਹੇ ਇਕੱਤਰ ਕੀਤੇ ਹਨ ਜੋ ਕਿਸੇ ਕਿਤਾਬ ਵਿਚ ਸ਼ਾਮਿਲ ਨਹੀਂ।

ਸੰਨ 29 ਨਵੰਬਰ 1917 ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਖ਼ਾਲਸਾ ਸਮਾਚਾਰ ਨੇ ਜੋ ਅੰਕ ਛਾਪਿਆ, ਉਸ ਵਿਚ ਗੁਰੂ ਨਾਨਕ ਦੇਵ ਜੀ ਸਬੰਧੀ ਕਵਿਤਾਵਾਂ ਨੂੰ ਇਕ ਸਿਰਲੇਖ ਅਧੀਨ ਛਾਪਿਅਆ ਗਿਆ ਸੀ,‘ਕੇਸਰ ਕਿਆਰੀ’। ਪ੍ਰਤੀਤ ਹੁੰਦਾ ਹੈ ਕਿ ਏਸੇ ਸਿਰਲੇਖ ਤੋਂ ਪ੍ਰਭਾਵਿਤ ਹੋ ਕੇ ਲਾਲਾ ਧਨੀ ਰਾਮ ਚਾਤਿ੍ਰਕ ਨੇ ਮਗਰੋਂ ਆਪਣੀ ਇਕ ਕਿਤਾਬ ਦਾ ਨਾਂ ‘ਕੇਸਰ ਕਿਆਰੀ’ ਰੱਖਿਆ। ਚਾਤਿ੍ਰਕ ਜੀ ਦੀ ਹੀ ਇਕ ਹੋਰ ਪੁਸਤਕ ਸੂਫ਼ੀਖਾਨਾ ਦੀਆਂ ਕਵਿਤਾਵਾਂ ਉੱਪਰ ਵੀ ਭਾਈ ਵੀਰ ਸਿੰਘ ਦਾ ਪ੍ਰਭਾਵ ਉਲੀਕਿਆ ਜਾ ਸਕਦਾ ਹੈ।

ਭਾਈ ਸੰਤੋਖ ਸਿੰਘ ਸਿੱਖਾਂ ਦੇ ਪ੍ਰਮੁੱਖ ਇਤਿਹਾਸਕਾਰ ਹੋ ਗੁਜ਼ਰਿਆ ਹੈ। ਜਦ ਭਾਈ ਵੀਰ ਸਿੰਘ ਨੇ ਉਨ੍ਹਾਂ ਦੇ ਪ੍ਰਸਿੱਧ ਗ੍ਰੰਥ ‘ਗੁਰਪ੍ਰਤਾਪ ਸੂਰਜ ਗ੍ਰੰਥ’ ਦਾ ਸੰਪਾਦਨ ਕੀਤਾ ਤਾਂ ਉਨ੍ਹਾਂ ਇਹ ਗਿਲਾ ਕੀਤਾ ਕਿ ਏਡੇ ਵੱਡੇ ਕਵੀ ਦੀ ਕੌਮ ਵੱਲੋਂ ਕੋਈ ਯਾਦਗਾਰ ਹੀ ਕਾਇਮ ਨਹੀਂ ਹੋ ਸਕੀ। ਭਾਈ ਵੀਰ ਸਿੰਘ ਦੇ ਇਸ ਗਿਲੇ ਨੂੰ ਦੂਰ ਕਰਨ ਲਈ ਉਸ ਵੇਲੇ ਦੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗਿਆਨੀ ਖਜ਼ਾਨ ਸਿੰਘ ਨੇ ਯਤਨ ਆਰੰਭੇ।

ਇਹ ਖਜ਼ਾਨ ਸਿੰਘ ਨੇ ਭਾਈ ਸੰਤੋਖ ਸਿੰਘ ਦੇ ਜਨਮ ਅਸਥਾਨ ਨੂਰਦੀਨ ਦੀ ਸਰਾਂ (ਅੱਜ ਕੱਲ੍ਹ੍ਹ ਜ਼ਿਲ੍ਹਾ ਤਰਨ ਤਾਰਨ) ਵਿਖੇ ਉਨ੍ਹਾਂ ਦਾ ਜਨਮ ਅਸਥਾਨ ਖ਼ਰੀਦਿਆ ਜਿਸ ਵਿਚ ਭਾਈ ਵੀਰ ਸਿੰਘ ਨੇ ਵੀ ਕੁਝ ਪੈਸੇ ਦਿੱਤੇ ਅਤੇ ਯਾਦਗਾਰ ਉਸਾਰਨ ਦਾ ਉਦਮ ਆਰੰਭਿਆ। ਇਹ ਯਾਦਗਾਰ ਇਕ ਆਲੀਸ਼ਾਨ ਗੁਰਦੁਆਰੇ ਦੇ ਰੂਪ ਵਿਚ ਸੁਭਾਇਮਾਨ ਹੈ।

ਏਸ ਅਰਸੇ ਦੌਰਾਨ ਹੀ ਗਿਆਨੀ ਖ਼ਜ਼ਾਨ ਸਿੰਘ ਨੇ ਮਹਾਂਕਵੀ ਭਾਈ ਸੰਤੋਖ ਸਿੰਘ ਦੀ ਜੀਵਨੀ ਵੀ ਲਿਖੀ ਜੋ ਮਗਰੋਂ ਪ੍ਰਕਾਸ਼ਿਤ ਹੋਈ। ਇੰਜ ਅਸੀਂ ਦੇਖਦੇ ਹਾਂ ਕਿ ਜੇਕਰ ਇਸ ਵਿਸ਼ੇ ਬਾਰੇ ਹੋਰ ਖੋਜ ਕੀਤੀ ਜਾਵੇ ਤਾਂ ਬਹੁਤ ਕੁਝ ਅਣਗੌਲਿਆ ਅਤੇ ਅਣਫਰੋਲਿਆ ਸਾਹਮਣੇ ਆ ਸਕਦਾ ਹੈ।

- ਡਾ. ਧਰਮ ਸਿੰਘ

Posted By: Harjinder Sodhi