ਸਾਹਿਤਕ ਖੇਤਰ ਵਿਚ ਕਿਤਾਬਾਂ ਹੀ ਜਸਵਿੰਦਰ ਦੀਆਂ ਉਸਤਾਦ ਤੇ ਰਾਹ ਦਸੇਰਾ ਹਨ। ਕਿਤਾਬਾਂ ਹੀ ਸੱਚੀਆਂ ਦੋਸਤ ਹਨ।

ਕੁਲਦੀਪ ਸਿੰਘ ਬੰਗੀ - ਪੰਜਾਬੀ ਸਾਹਿਤ ਵਿਚ ਗ਼ਜ਼ਲ ਵਿਧਾ ਦਾ ਆਪਣਾ ਇਕ ਵੱਖਰਾ ਮੁਕਾਮ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਗ਼ਜ਼ਲ ਦੇ ਖੇਤਰ ਵਿਚ ਆਏ ਸਮਰੱਥ ਕਵੀਆਂ ਨੇ ਇਸ ਸਿਨਫ਼ ਨੂੰ ਹੋਰ ਵਿਲੱਖਣ ਵਿਸਥਾਰ ਦਿੱਤਾ ਹੈ, ਜੋ ਰਸ਼ਕ ਕਰਨ ਯੋਗ ਹੈ, ਸਾਹਿਤ ਅਕਾਦਮੀ ਇਨਾਮ ਪ੍ਰਾਪਤ ਜਸਵਿੰਦਰ, ਪੰਜਾਬੀ ਗ਼ਜ਼ਲ ਦੀ ਇਕ ਮਾਣਮੱਤੀ ਪ੍ਰਾਪਤੀ ਦਾ ਨਾਂ ਹੈ। ਜਿਸ ਦੇ ਜ਼ਿਕਰ ਬਿਨਾਂ ਗ਼ਜ਼ਲ ਅਧੂਰੀ ਹੈ। ਪਿਛਲੇ ਦਿਨੀਂ ਜਸਵਿੰਦਰ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ ਪੇਸ਼ ਹੈ ਉਨ੍ਹਾਂ ਨਾਲ ਹੋਏ ਸਵਾਲ-ਜਵਾਬ।
ਆਪਣੇ ਪਰਿਵਾਰ ਤੇ ਪਿਛੋਕੜ ਬਾਰੇ ਜਾਣਕਾਰੀ ਦਿਓ।
ਮੇਰਾ ਜਨਮ 15 ਦਸੰਬਰ, 1956 ਈਸਵੀ ਨੂੰ ਪਿੰਡ ਕਲਾਲ ਵਾਲਾ, ਤਹਿਸੀਲ ਤਲਵੰਡੀ ਸਾਬੋ , ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਅਸੀਂ ਪੰਜ ਭੈਣ ਭਰਾ ਹਾਂ ਜਿਸ ਵਿੱਚੋਂ ਤਿੰਨ ਭੈਣਾਂ ਤੇ ਅਸੀਂ ਦੋ ਭਰਾ ਹਾਂ।
ਆਪਣੀ ਵਿੱਦਿਅਕ ਯੋਗਤਾ ਅਤੇ ਨੌਕਰੀ ਬਾਰੇ ਵੀ ਜਾਣਕਾਰੀ ਦਿਓ।
ਮੇਰੀ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਆਪਣੇ ਜੱਦੀ ਪਿੰਡ ਕਲਾਲ ਵਾਲਾ ਦੀ ਹੈ। ਫਿਰ ਨਜ਼ਦੀਕ ਪੈਂਦੇ ਪਿੰਡ ਨਥੇਹਾ ਤੋਂ ਨੌਵੀਂ ਤਕ ਦੀ ਪੜ੍ਹਾਈ ਕੀਤੀ ਤੇ ਦਸਵੀਂ ਜਮਾਤ ਬਲਬੀਰ ਸਕੂਲ ਫ਼ਰੀਦਕੋਟ ਤੋਂ ਪਾਸ ਕੀਤੀ। ਰੋਡੇ ਕਾਲਜ ਤੋਂ ਡਿਪਲੋਮਾ ਕਰ ਕੇ ਥਰਮਲ ਪਲਾਂਟ ਰੋਪੜ ਵਿਖੇ ਨੌਕਰੀ ਕੀਤੀ।
ਤੁਹਾਨੂੰ ਸਾਹਿਤ ਦੀ ਚੇਟਕ ਕਿਵੇਂ ਲੱਗੀ?
ਅਸਲ ਵਿਚ ਸਾਹਿਤ ਦਾ ਬੀਜ ਮੇਰੇ ਅੰਦਰੋਂ ਹੀ ਪੁੰਗਰਿਆ। ਮੈਂ ਛੇਵੀਂ ਤੋਂ ਨੌਵੀਂ ਜਮਾਤ ਤਕ ਪਹੁੰਚਦੇ ਸਰਕਾਰੀ ਸਕੂਲ ਨਥੇਹਾ ਦੀ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਚਾਰ ਪੰਜ ਸੌ ਤਿੰਨ ਸਾਲਾਂ ਵਿਚ ਪੜ੍ਹ ਦਿੱਤੀਆਂ। ਇਸ ਤੋਂ ਇਲਾਵਾ ਕਿੱਸਾ ਕਾਵਿ, ਹੀਰ ਵਾਰਿਸ, ਜ਼ਿੰਦਗੀ ਬਿਲਾਸ ਆਦਿ ਰਸਾਲੇ ਨਿਰੰਤਰ ਪੜ੍ਹਦਾ ਰਿਹਾ ਹਾਂ।
ਤੁਹਾਡੇ ਪਰਿਵਾਰ ਵਿਚ ਵੀ ਸਾਹਿਤਕ ਮਾਹੌਲ ਸੀ?
ਨਹੀਂ ਸਾਡਾ ਘਰੇਲੂ ਮਾਹੌਲ ਸਾਹਿਤਕ ਨਹੀਂ ਸੀ। ਪਿਤਾ ਖੇਤੀਬਾੜੀ ਕਰਦੇ ਸਨ ਪਰ ਮੇਰੇ ਤੋਂ ਪ੍ਰੇਰਿਤ ਹੋ ਕੇ ਮੇਰੀ ਇਕ ਭੈਣ ਜਗਦੀਪ ਕੌਰ ਬਰਾੜ ਕਵਿਤਾ ਲਿਖਣ ਲੱਗੀ। ਉਸ ਦੀ ਵੀ ਇਕ ਕਿਤਾਬ ਆਈ ਹੈ। ਮੇਰਾ ਛੋਟਾ ਭਰਾ ਗੁਰਦੀਪ ਵੀ ਅਮਰੀਕਾ ਸੈੱਟ ਹੈ ਤੇ ਮੇਰੇ ਤੋਂ ਪ੍ਰੇਰਿਤ ਹੋ ਕੇ ਕਵਿਤਾ ਤੇ ਗੀਤ ਲਿਖਦਾ ਹੈ। ਉੱਥੋਂ ਦੀਆਂ ਸਾਹਿਤ ਸਭਾਵਾਂ ਵਿਚ ਵੀ ਹਾਜ਼ਰੀ ਭਰਦਾ ਹੈ।
ਸਾਹਿਤਕ ਖੇਤਰ ਵਿਚ ਤੁਹਾਡਾ ਉਸਤਾਦ?
ਸਾਹਿਤਕ ਖੇਤਰ ਵਿਚ ਕਿਤਾਬਾਂ ਹੀ ਮੇਰੀਆਂ ਉਸਤਾਦ ਤੇ ਰਾਹ ਦਸੇਰਾ ਹਨ। ਕਿਤਾਬਾਂ ਹੀ ਮੇਰੀਆਂ ਸੱਚੀਆਂ ਦੋਸਤ ਹਨ। ਮੇਰੀ ਸਾਹਿਤਕ ਦੋਸਤੀ ਦਾ ਦਾਇਰਾ ਵੀ ਬਹੁਤ ਜ਼ਿਆਦਾ ਲੰਮਾ ਚੌੜਾ ਨਹੀਂ ਹੈ। ਸਿਰਫ਼ ਕਿਤਾਬਾਂ ਹੀ ਮੇਰਾ ਮਾਰਗ ਦਰਸ਼ਕ ਹਨ।
ਤੁਹਾਡੀ ਲੇਖਣੀ ਤੇ ਕਿਸੇ ਖ਼ਾਸ ਸਾਹਿਤ ਦਾ ਪ੍ਰਭਾਵ?
ਤੁਸੀਂ ਜਿਹੋ ਜਿਹਾ ਸਾਹਿਤ ਪੜ੍ਹਦੇ ਹੋ ਤੁਹਾਡੀ ਲੇਖਣੀ ਅਤੇ ਸ਼ਖ਼ਸੀਅਤ ਦਾ ਉਸ ਉੱਪਰ ਪ੍ਰਭਾਵ ਜ਼ਰੂਰ ਪੈਂਦਾ ਹੈ। ਮੇਰੇ ਉੱਪਰ ਵੀ ਇਹ ਪ੍ਰਭਾਵ ਹੈ। ਜੁਝਾਰਵਾਦੀ ਲਹਿਰ ਦੇ ਸਾਹਿਤ ਦਾ ਮੇਰੇ 'ਤੇ ਕਾਫ਼ੀ ਪ੍ਰਭਾਵ ਰਿਹਾ। ਸੰਤ ਰਾਮ ਉਦਾਸੀ, ਜਗਰੂਪ ਝੁਨੀਰ, ਨਿਰੰਜਨ ਸਿੰਘ ਨੂਰ, ਪ੍ਰਿੰਸੀਪਲ ਤਖ਼ਤ ਸਿੰਘ ਤੋਂ ਇਲਾਵਾ ਜਸਵੰਤ ਸਿੰਘ ਕੰਵਲ, ਈਸ਼ਵਰ ਚਿੱਤਰਕਾਰ, ਪ੍ਰੋਫੈਸਰ ਗੁਰਦਿਆਲ ਸਿੰਘ ਦੇ ਨਾਵਲ ਤੇ ਹੋਰ ਵੀ ਮੈਂ ਆਪਣੀ ਸਮਰੱਥਾ ਅਨੁਸਾਰ ਕਾਫ਼ੀ ਸਾਰਾ ਸਾਹਿਤ ਪੜ੍ਹਿਆ ਜਿਸ ਦਾ ਪ੍ਰਭਾਵ ਹੈ।
ਤੁਸੀਂ ਗ਼ਜ਼ਲ ਵਿਧਾ ਹੀ ਕਿਉਂ ਚੁਣੀ?…
ਸੀਮਤ ਸ਼ਬਦਾਂ 'ਚ ਵੱਡੀ ਗੱਲ ਕਰਨੀ ਮੇਰੇ ਦਿਲ ਨੂੰ ਟੁੰਬਦੀ ਹੈ ਜੋ ਗ਼ਜ਼ਲ ਵਿਧਾ ਵਿਚ ਹੀ ਕਹੀ ਜਾ ਸਕਦੀ ਹੈ। ਇਸ ਲਈ ਮੈਂ ਗ਼ਜ਼ਲ ਲਿਖਦਾ ਹਾਂ। ਨਮੂਨੇ ਵਜੋਂ ਕੁਝ ਸ਼ਿਅਰ :
ਨਮੋਸ਼ੀ ਹਾਰ ਦੀ ਤੇ ਜਿੱਤ ਦਾ
ਹੰਕਾਰ ਲਾਹ ਦੇਈਏ
ਚਲੋ ਹੁਣ ਫਾਲਤੂ ਚੀਜ਼ਾਂ ਦਾ ਰੂਹ ਤੋਂ ਭਾਰ ਲਾਹ ਦੇਈਏ
ਦੋ ਦਿਨ ਦੀ ਖ਼ੁਸ਼ੀ ਮਗਰੋਂ ਨੂੜਨਗੇ ਬਦਨ ਤੇਰਾ
ਗੋਟਾ ਇਹ ਦੁਪੱਟੇ ਦਾ ਇਹ ਲੌਣ ਗਰਾਰੇ ਦੀ
ਸਾੜ ਕੇ ਮੇਰਾ ਲਹੂ ਮਹਿਕਾਂ ਫ਼ਿਜ਼ਾ ਵਿਚ ਵੰਡਦੀ
ਮੇਰੇ ਅੰਦਰ ਧੁਖ ਰਹੀ ਇਹ ਅਗਰਬੱਤੀ ਕੌਣ ਹੈ
ਇੱਕ ਪਰਿੰਦਾ ਗੁਟਕਦਾ ਇੱਕਲਾਪੇ ਨੂੰ ਤੋੜਦਾ
ਬਾਰੀ ਵਿਚ ਦੀ ਆ ਗਿਆ ਦਿਲਬਰ ਅੱਧੀ ਰਾਤ ਨੂੰ
ਆਪਣੀ ਲਿਖਣ ਤੇ ਛਪਣ ਪ੍ਰਕਿਰਿਆ ਬਾਰੇ ਜਾਣਕਾਰੀ ਦਿਓ।
ਅਸਲ 'ਚ ਮੈਂ ਇਕ ਪਾਠਕ ਸੀ ਪਰ ਜਦ ਮੈਂ ਮੈਗਜ਼ੀਨ ਅਖ਼ਬਾਰਾਂ 'ਚ ਕਵਿਤਾਵਾਂ ਬਗੈਰਾ ਪੜ੍ਹਦਾ ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਤਾਂ ਮੈਂ ਲਿਖ ਸਕਦਾ ਹਾਂ ਫਿਰ ਮੈਂ ਅਖ਼ਬਾਰਾਂ ਮੈਗਜ਼ੀਨਾਂ ਵਿਚ ਵੀ ਛਪਿਆ ਤੇ ਮੇਰੀ ਪਹਿਲੀ ਕਿਤਾਬ 1978 ਵਿੱਚ ਗੀਤਾਂ ਦੀ 'ਕਾਫ਼ਲੇ' ਨਾਂ ਹੇਠ ਛਪੀ। ਉਸ ਤੋਂ ਬਾਅਦ ਗੁਰਸ਼ਰਨ ਭਾਅ ਜੀ ਨੇ 'ਲੇਖ ਸਿਆੜਾਂ' ਨਾਂ ਹੇਠ ਕਿਤਾਬ ਛਾਪੀ ਜਿਸ ਵਿਚ ਗੀਤ ਅਤੇ ਗ਼ਜ਼ਲਾਂ ਸ਼ਾਮਿਲ ਸਨ। ਉਸ ਤੋਂ ਬਾਅਦ ਨਿਰੋਲ ਗ਼ਜ਼ਲ ਲਿਖਣ ਲੱਗਾ ਤੇ ਤਿੰਨ ਕਿਤਾਬਾਂ ਗ਼ਜ਼ਲ ਦੀਆਂ ਆਈਆਂ ਹਨ। ਪਹਿਲੀ ਕਿਤਾਬ 'ਕਾਲੇ ਹਰਫ਼ਾਂ ਦੀ ਲੋਅ' ਦੂਸਰੀ 'ਕੱਕੀ ਰੇਤ ਦੇ ਵਰਕੇ' ਤੀਸਰੀ 'ਅਗਰਬੱਤੀ।'
ਤੁਹਾਡੀ ਇਨਾਮਾਂ ਬਾਰੇ ਕੀ ਰਾਇ ਹੈ? ਤੁਹਾਨੂੰ ਖ਼ੁਦ ਨੂੰ ਵੀ ਸਾਹਿਤ ਅਕਾਦਮੀ ਵੱਲੋਂ ਇਨਾਮ ਮਿਲਿਆ ਹੈ।
ਕਿਸੇ ਲੇਖਕ ਨੂੰ ਕਿਸੇ ਸੰਸਥਾ ਵੱਲੋਂ ਇਨਾਮ ਮਿਲਣਾ ਚੰਗੀ ਗੱਲ ਹੈ। ਹਰੇਕ ਸੰਸਥਾ ਦੇ ਆਪਣੇ ਨਿਯਮ ਹਨ। ਉਨ੍ਹਾਂ ਦਾ ਆਪਣਾ ਮਿਆਰ ਹੁੰਦਾ ਹੈ ਪਰ ਮੈਂ ਕਿਸੇ ਇਨਾਮ ਮਿਲਣ ਵਾਲੇ ਲੇਖਕ ਨੂੰ ਵੱਖਰੀ ਨਜ਼ਰ ਨਾਲ ਨਹੀਂ ਵੇਖਦਾ। ਮੈਨੂੰ ਸਾਹਿਤ ਅਕਾਦਮੀ ਵੱਲੋਂ ਇਨਾਮ ਮਿਲਿਆ ਸੀ ਜਿਸ ਨੂੰ ਦੂਸਰੇ ਸਾਹਿਤਕਾਰਾਂ ਦੀ ਤਰ੍ਹਾਂ ਜ਼ੁਬਾਨਬੰਦੀ ਸਬੰਧੀ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਮੈਂ ਵੀ ਵਾਪਸ ਕਰ ਦਿੱਤਾ।
ਸਾਹਿਤਕ ਸਭਾਵਾਂ ਸਬੰਧੀ ਤੁਹਾਡਾ ਕੀ ਨਜ਼ਰੀਆ?
ਸਾਹਿਤਕ ਸਭਾਵਾਂ ਦਾ ਹੋਣਾ ਸਾਹਿਤ ਲਈ ਸ਼ੁੱਭ ਸ਼ਗਨ ਹੈ। ਜੇਕਰ ਉਹ ਆਪਣੇ ਖੇਤਰ ਵਿਚ ਉਸਾਰੂ ਭੂਮਿਕਾ ਨਿਭਾਉਂਦੀਆਂ ਹਨ ਚਾਹੇ ਉਹ ਇਕ ਸ਼ਹਿਰ ਵਿਚ ਕਿੰਨੀਆਂ ਵੀ ਕਿਉਂ ਨਾ ਹੋਣ।
ਸਾਹਿਤ ਸਿਰਜਣਾ ਤੋਂ ਇਲਾਵਾ ਤੁਹਾਡੀਆਂ ਹੋਰ ਗਤੀਵਿਧੀਆਂ?
ਅਸਲ ਵਿਚ ਮੈਂ ਸਾਹਿਤ ਨਾਲ ਹੀ ਜੁੜਿਆ ਹੋਇਆ ਹਾਂ। ਕੁਝ ਨਾਟਕਾਂ ਤੇ ਟੈਲੀ ਫ਼ਿਲਮਾਂ ਦੇ ਗੀਤ ਵੀ ਮੇਰੇ ਵੱਲੋਂ ਲਿਖੇ ਗਏ ਹਨ ਜੋ ਇਕ ਵਧੀਆ ਤਜਰਬਾ ਰਿਹਾ। ਮੈਨੂੰ ਅੱਛਾ ਲੱਗਾ ਤੇ ਮਨ ਨੂੰ ਤਸੱਲੀ ਵੀ ਮਿਲੀ।
ਤੁਹਾਡੀ ਨਵੀਂ ਕਿਤਾਬ ਕਦੋਂ ਆ ਰਹੀ ਹੈ ਪਾਠਕਾਂ ਵਿਚ ਬੜੀ ਬੇਸਬਰੀ ਹੈ
ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਮੈਂ ਗਿਣਾਤਮਕ ਨਾਲੋਂ ਗੁਣਾਤਮਕ ਵਿਚ ਜ਼ਿਆਦਾ ਵਿਸ਼ਵਾਸ ਰੱਖਦਾ ਹਾਂ ਮੇਰੀ ਲਿਖਣ ਪ੍ਰਕਿਰਿਆ ਧੀਮੀ ਚਾਲ ਹੈ ਪਰ ਮੈਂ ਨਿਰੰਤਰ ਲਿਖ ਰਿਹਾ ਹਾਂ।
ਤੁਹਾਡੀ ਲੇਖਣ ਪ੍ਰਕਿਰਿਆ ਵਿਚ ਪਰਿਵਾਰ ਦਾ ਸਹਿਯੋਗ ਕਿਵੇਂ ਹੈ?
ਪਰਿਵਾਰ ਵੱਲੋਂ ਪੂਰਾ ਸਹਿਯੋਗ ਹੈ। ਮੈਂ 2014 ਵਿਚ ਥਰਮਲ ਪਲਾਂਟ ਰੋਪੜ ਤੋਂ ਸੇਵਾ ਮੁਕਤ ਹੋਇਆਂ, ਮੇਰੀਆਂ ਦੋਨੋਂ ਬੇਟੀਆਂ, ਸਰੀ, ਕੈਨੇਡਾ ਸੈੱਟ ਹਨ। ਅੱਜ ਕੱਲ੍ਹ ਮੈਂ ਅਤੇ ਪਤਨੀ ਵੀ ਉਨ੍ਹਾਂ ਕੋਲ ਰਹਿ ਰਹੇ ਹਾਂ।
ਤੁਹਾਡੇ ਚਾਹੁੰਣ ਵਾਲੇ ਪਾਠਕਾਂ ਦਾ ਵਸੀਹ ਘੇਰਾ ਤਾਂ ਪੰਜਾਬ ਵਿਚ ਹੈ, ਪਰ ਤੁਸੀਂ ਪਰਵਾਸ ਕਰ ਗਏ ਅਜਿਹਾ ਕਿਉਂ?
ਘਰੇਲੂ ਜ਼ਿੰਮੇਵਾਰੀਆਂ ਲਈ ਪਰਵਾਸ ਜ਼ਰੂਰੀ ਸੀ। ਸਾਡੀ ਬੱਚਿਆਂ ਨੂੰ ਜ਼ਰੂਰਤ ਸੀ ਜਿਸ ਕਰਕੇ ਕੈਨੇਡਾ ਜਾਣਾ ਲਾਜ਼ਮੀ ਹੋ ਗਿਆ। ਵੈਸੇ ਫਿਰ ਵੀ ਹਰ ਸਾਲ ਪੰਜਾਬ ਦਾ ਚੱਕਰ ਲਾਈਦਾ ਹੈ।
ਤੁਹਾਡੀਆਂ ਬੇਟੀਆਂ ਵਿੱਚੋਂ ਕੋਈ ਬੇਟੀ ਸਾਹਿਤਕ ਰੁਚੀ ਰੱਖਦੀ ਹੈ?
ਮੇਰੀਆਂ ਬੇਟੀਆਂ ਤੇ ਪਤਨੀ ਮੇਰੀਆਂ ਕਿਤਾਬਾਂ ਜ਼ਰੂਰ ਪੜ੍ਹਦੀਆਂ ਤੇ ਪਸੰਦ ਕਰਦੀਆਂ ਹਨ। ਵੈਸੇ ਉਨ੍ਹਾਂ ਦਾ ਸਾਹਿਤ ਵੱਲ ਜ਼ਿਆਦਾ ਝੁਕਾਅ ਨਹੀਂ ਹੈ ।
ਪਾਠਕਾਂ ਨੂੰ ਕੋਈ ਸੰਦੇਸ਼?
ਮੈਂ ਪਾਠਕਾਂ ਨੂੰ ਸੰਦੇਸ਼ ਤਾਂ ਕੀ ਦੇ ਸਕਦਾ ਹਾਂ ਜੀ, ਸਲਾਹ ਦੇਵਾਂਗਾ ਕਿ ਵੱਧ ਤੋਂ ਵੱਧ ਸਾਹਿਤ ਨਾਲ ਜੁੜਨ। ਸਾਹਿਤ ਹੀ ਸਾਨੂੰ ਸੰਵੇਦਨਸ਼ੀਲਤਾ ਪ੍ਰਦਾਨ ਕਰਦਾ ਹੈ ਤੇ ਸਾਹਿਤ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀਣ ਦੇ ਸਮਰੱਥ ਹੋ ਸਕਦੇ ਹਾਂ।
94174-07778