ਪੰਜਾਬੀ ਸਾਹਿਤ ਜਗਤ ਅੰਦਰ ਵਿਚਰਦੀਆਂ ਕੁਝ ਸਾਹਿਤੱਕ ਰੂਹਾਂ ਏਨੀਆਂ ਪਿਆਰੀਆਂ ਹਨ ਕਿ ਉਨ੍ਹਾਂ ਦੀਆਂ ਸਾਹਿਤੱਕ ਕਿਰਤਾਂ ਨੂੰ ਪੜ੍ਹਨ ਦੀ ਵਜਾਏ ਉਨ੍ਹਾਂ ਨੂੰ ਮਿਲਣ, ਉਨ੍ਹਾਂ ਨਾਲ ਬੈਠਣਾ-ਉੱਠਣਾ ਤੇ ਉਨ੍ਹਾਂ ਨਾਲ ਵਿਚਰਨਾ ਜ਼ਿਆਦਾ ਚੰਗਾ ਲਗਦਾ ਹੈ। ਅਸਲ ਵਿਚ ਮਨ ਦੇ ਮੇਲੇ ਮੁਹੱਬਤਾਂ ਦਾ ਹੀ ਫਲ਼ ਹੁੰਦੇ ਹਨ ਮੁਹਬੱਤਾਂ ਦਿਲ ਦੀ ਪਸੰਦ ਹੁੰਦੀਆਂ ਹਨ। ਇਸ ਪਸੰਦ ਵਿਚੋਂ ਜੋ ਨਿਕਲਦਾ ਹੈ ਉਹ ਕਿਸੇ ਨਾ ਕਿਸੇ ਰੂਪ ਵਿਚ ਸਾਹਿਤ ਨੂੰ ਵੀ ਪ੍ਰਭਾਵਿਤ ਕਰਦਾ ਹੈ, ਸਾਹਿਤਕਾਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਸਾਹਿਤੱਕ ਸਬੰਧਾਂ ਵਿੱਚੋਂ ਹਾਸਲ ਹੋਈ ਸਾਡੀ ਇਕ ਪ੍ਰਾਪਤੀ ਹੈ ਪ੍ਰਿੰਸੀਪਲ ਮਲੂਕ ਚੰਦ ਕਲੇਰ। ਮਲੂਕ ਚੰਦ ਕਲੇਰ ਪੰਜਾਬੀ ਨਾਵਲ ਜਗਤ ਅੰਦਰ ਨਵਾਂ ਪਰ ਮਜ਼ਬੂਤ ਹਸਤਾਖਰ ਹੈ। ਹੁਣ ਤਕ ਆਏ ਉਸ ਦੇ ਤਿੰਨ ਨਾਵਲ 'ਸੂਰਜ ਉੱਗ ਪਿਆ', 'ਜੰਗਲ ਵਿਚ ਚੋਣ' ਅਤੇ 'ਤਲਾਸ਼ ਜਾਰੀ ਹੈ' ਉਸ ਦੀ ਕਲਤਾਮਿਕ ਤੇ ਵਿਸ਼ਾਗਤ ਗੁਣਾਤਮਿਕਤਾ ਦੀ ਭਰਪੂਰ ਸ਼ਾਹਦੀ ਭਰਦੇ ਹਨ। ਇਸ ਸੂਝਵਾਨ ਲੇਖਕ ਨਾਲ ਹੋਈ ਲੰਬੀ ਗੱਲਬਾਤ ਵਿੱਚੋਂ ਕੁਝ ਅੰਸ਼ ਪਾਠਕਾਂ ਦੀ ਨਜ਼ਰ ਹਨ।

- ਆਪਣੇ ਜੀਵਨ ਤੇ ਵਿੱਦਿਆ ਬਾਰੇ ਕੁਝ ਦੱਸੋ?

ਮੇਰਾ ਜਨਮ ਪਿੰਡ ਸਰਹਾਲੀ (ਮੰਜਕੀ) ਜ਼ਿਲ੍ਹਾ ਜਲੰਧਰ ਵਿਖੇ ਮਾਤਾ ਈਸਰੀ ਤੇ ਪਿਤਾ ਜਗਤ ਰਾਮ ਦੇ ਘਰ ਇਕ ਕਿਰਤੀ ਪਰਿਵਾਰ ਵਿਚ ਹੋਇਆ। ਮੈਟ੍ਰਿਕ ਸਮਰਾਏ-ਜੰਡਿਆਲਾ ਸਕੂਲ ਤੋਂ ਕੀਤੀ ਉਪਰੰਤ ਗਿਆਨੀ ਓ.ਟੀ ਕਰ ਕੇ ਪੰਜਾਬੀ ਟੀਚਰ ਵਜੋਂ ਹਾਜ਼ਰੀ ਭਰੀ। ਬੀਏ, ਬੀਐੱਡ, ਐੱਮ.ਏ. ਪ੍ਰਾਈਵੇਟ ਤੌਰ 'ਤੇ ਕੀਤੀ। ਲੈਕਚਰਾਰ ਅਤੇ ਪ੍ਰਿੰਸੀਪਲ ਤੌਰ 'ਤੇ ਸਿੱਖਿਆ ਵਿਭਾਗ ਪੰਜਾਬ ਵਿਚ ਸ਼ਾਨਾਮੱਤੀ ਸੇਵਾ ਕੀਤੀ।

- ਪੰਜਾਬੀ ਸਾਹਿਤਕ ਦੁਨੀਆ ਅੰਦਰ ਕਿਵੇਂ ਪ੍ਰਵੇਸ਼ ਕੀਤਾ?

ਗਿਆਨੀ ਦਾ ਕੋਰਸ ਗਿਆਨੀ ਤ੍ਰਿਲੋਕ ਕਾਲੜਾ ਦੀ ਯੋਗ ਅਗਵਾਈ ਅਧੀਨ ਕੀਤਾ। ਕਾਲੜਾ ਸਾਹਿਬ ਆਪ ਇਕ ਲੇਖਕ ਸਨ ਸੋ ਖਰਬੂਜੇ ਨੂੰ ਵੇਖ ਕੇ ਖਰਬੂਜੇ ਨੇ ਵੀ ਰੰਗ ਫੜਿਆ ਤੇ ਸਾਹਿਤ ਵੱਲ ਮੇਰਾ ਰੁਖ਼ ਹੋਇਆ। ਸ਼ੁਰੂ-ਸ਼ੁਰੂ ਵਿਚ ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਮੈਗਜ਼ੀਨਾਂ ਵਿਚ ਮੇਰੀਆਂ ਰਚਨਾਵਾਂ ਛਪਣ ਲੱਗੀਆਂ। ਮਨ ਵਿਚ ਆਇਆ ਕਿ ਮੈਂ ਪਹਿਲਾਂ ਆਪਣੇ ਇਤਿਹਾਸ ਨੂੰ ਸੰਭਾਲਾਂ ਸੋ 'ਕੋਰੇ ਘੜੇ ਦਾ ਪਾਣੀ' ਮੇਰੀ ਸਵੈ ਜੀਵਨੀ 2008 ਵਿਚ ਛਪੀ। ਪੰਜਾਬੀ ਪਾਠਕਾਂ ਵੱਲੋਂ ਹੱਲਾਸ਼ੇਰੀ ਮਿਲੀ ਫੇਰ ਚੱਲ ਸੋ ਚੱਲ।

- ਆਮ ਤੌਰ 'ਤੇ ਪੰਜਾਬੀ ਸਾਹਿਤਕਾਰ ਥੋੜ੍ਹੀ ਜਿਹੀ ਜਾਂ ਬਹੁਤ ਪ੍ਰਸਿੱਧੀ ਤੋਂ ਬਾਅਦ ਸਵੈ-ਜੀਵਨੀ ਲਿਖਦੇ ਹਨ ਪਰ ਤੁਸੀਂ ਪਹਿਲੋਂ ਹੀ ਉਦਮ ਕਿਉਂ ਕੀਤਾ?

ਮੈਂ ਇਕੱਤੀ ਸਾਲ ਸਿੱਖਿਆ ਵਿਭਾਗ ਪੰਜਾਬ ਵਿਚ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਾਹਿਤ ਦੀਆਂ ਨੌਂ ਵਿਧਾ ਪੜ੍ਹੀਆਂ ਤੇ ਪੜ੍ਹਾਈਆਂ। ਸੋ ਮੈਨੂੰ ਇਨ੍ਹਾਂ ਵਿਧਾ ਵਿੱਚੋਂ ਸਵੈ-ਜੀਵਨੀ ਵਿਧਾ ਚੰਗੀ ਲਗਦੀ ਸੀ। ਸੋ ਆਪੇ ਨੇ ਹਾਮੀ ਭਰੀ ਤੇ 'ਕੋਰੇ ਘੜੇ ਦਾ ਪਾਣੀ' ਸਵੈ-ਜੀਵਨੀ ਲਿਖੀ ਗਈ। ਸੋ ਪੰਜਾਬੀ ਦੇ ਨਾਮਵਰ ਲੇਖਕਾਂ ਬਿਕਮਜੀਤ ਨੂਰ ਅਤੇ ਸੁਖਦੇਵ ਮਾਦਪੁਰੀ ਆਦਿ ਲੇਖਕਾਂ ਨੇ ਮੇਰੀ ਸਵੈ-ਜੀਵਨੀ ਨੂੰ ਸਲਾਹਿਆ। ਨੂਰ ਨੇ ਤਾਂ ਇਹ ਵੀ ਕਿਹਾ ਕਿ ਇਹ ਇਕ ਆਮ ਆਦਮੀ ਦੀ ਲਿਖੀ ਸਵੈ-ਜੀਵਨੀ ਹੈ। ਸੁਖਦੇਵ ਮਾਦਪੁਰੀ ਜੀ ਨੇ ਸਵੈ-ਜੀਵਨੀ ਬਾਰੇ ਆਪਣੀ ਰਾਏ ਦਿੰਦਿਆਂ ਲਿਖਿਆ ਹੈ ਕਿ ਇਸ ਵਿਚ ਨਾਵਲ ਜਿੰਨਾ ਰਸ ਹੈ। ਜਦੋਂ ਮੈਂ 2008 ਵਿਚ ਪਰਿਵਾਰ ਸਮੇਤ ਕੈਨੇਡਾ ਚਲੇ ਗਿਆ ਤਾਂ ਰੇਡੀਓ ਇੰਡੀਆ 1600 ਏਐੱਮ ਤੋਂ ਪਹਿਲੀ ਵਾਰੀ ਕੋਈ ਪੰਜਾਬੀ ਪੁਸਤਕ ਰਿਲੀਜ਼ ਹੋਈ। ਸਾਲ 2009 ਵਿਚ ਜਦੋਂ ਮੈਂ ਸਰੀ ਦੀਆਂ ਸੰਗਤਾਂ ਨਾਲ ਸਤਿਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ਮਨਾਉਣ ਬੀਸੀ ਦੀ ਵਿਧਾਨ ਸਭਾ ਵਿਕਟੋਰੀਆ ਗਿਆ ਤਾਂ ਬੀਸੀ ਦੇ ਪੰਜਾਬੀ ਐੱਮਐੱਲਏਜ਼ ਨੇ ਵਿਧਾਨ ਸਭਾ ਵਿਚ ਇਹ ਪੁਸਤਕ ਰਿਲੀਜ਼ ਕੀਤੀ। ਇਹ ਵੀ ਦੱਸਿਆ ਕਿ ਇਹ ਪੰਜਾਬੀ ਪੁਸਤਕ ਪਹਿਲੀ ਹੈ ਜੋ ਬੀਸੀ ਦੀ ਵਿਧਾਨ ਸਭਾ ਦੀ ਲਾਇਬ੍ਰੇਰੀ 'ਚ ਰਿਲੀਜ਼ ਹੋਈ ਹੈ। ਇੰਜ ਮੈਨੂੰ ਇਸ ਪਹਿਲੀ ਹੀ ਪੰਜਾਬੀ ਸਾਹਿਤਕ ਕਲਾ ਕਿਰਤ 'ਤੇ ਬੇਹੱਦ ਮਾਣ ਹੈ।

- ਤੁਸੀਂ ਪੰਜਾਬੀ ਸਾਹਿਤ ਜਗਤ ਵਿਚ ਨਾਵਲ ਵਿਸ਼ਾ ਹੀ ਕਿਉਂ ਚੁਣਿਆ?

ਸਾਹਿਤ ਦੇ ਬਾਕੀ ਰੂਪਾਂ ਨਾਲੋਂ ਨਾਵਲ ਹੀ ਇਕੋ ਇਕ ਵਿਧਾ ਹੈ ਜਿਸ ਵਿਚ ਲੇਖਕ ਆਪਣੇ ਮਨ ਦੀ ਗੱਲ ਵਿਸਥਾਰ ਪੂਰਵਕ ਕਹਿ ਸਕਦਾ ਹੈ ਤੇ ਨਾਵਲ ਨੂੰ ਹੀ ਇਹ ਮਾਣ ਪ੍ਰਾਪਤ ਹੈ ਕਿ ਇਸ ਵਿਚ ਸਾਹਿਤ ਦੀਆਂ ਦੂਜੀਆਂ ਵੰਨਗੀਆਂ ਵੀ ਸਹਿਜੇ ਹੀ ਸਮਾ ਸਕਦੀਆਂ ਹਨ। ਜਦੋਂ ਮੇਰਾ ਨਾਵਲ 'ਸੂਰਜ ਉੱਗ ਪਿਆ' ਪੰਜਾਬੀ ਸਾਹਿਤ ਰਤਨ ਵਿਜੇਤਾ ਪ੍ਰੋ. ਨਰਿੰਜਨ ਤਸਨੀਮ ਨੇ ਪੜ੍ਹਿਆ ਤੇ ਨਾਵਲ ਬਾਰੇ ਲਿਖਿਆ ਤਾਂ ਮੈਨੂੰ ਇਕ ਤਸੱਲੀ ਜਿਹੀ ਹੋਈ। ਪ੍ਰੋ. ਤਸਨੀਮ ਨੇ ਨਾਵਲ ਬਾਰੇ ਲਿਖਿਆ ਕਿ 'ਸੂਰਜ ਉੱਗ ਪਿਆ' ਇਕ ਕਲਾਤਮਿਕ ਰਚਨਾ ਹੈ। ਨਾਲ ਦੀ ਨਾਲ ਇਹ ਵੀ ਕਿਹਾ ਕਿ ਤੁਹਾਡੀ ਲਿਖਤ ਵਿਚ ਸਹਿਜਤਾ ਤੇ ਸਪਸ਼ਟਤਾ ਹੈ ਸੋ ਤੁਸੀਂ ਮੇਰੇ ਕਹਿਣ 'ਤੇ ਨਾਵਲ ਹੀ ਲਿਖਿਆ ਕਰੋ ਤੇ ਮੇਰੇ ਨਾਵਲ 'ਤਲਾਸ਼ ਜਾਰੀ ਹੈ' ਦਾ ਨਾਂ ਰੱਖਣ ਲਈ ਵੀ ਉਨ੍ਹਾਂ ਨੇ ਹੀ ਸਲਾਹ ਦਿੱਤੀ ਸੀ।

- ਤੁਹਾਡੀ ਨਾਵਲ ਰਚਨਾ ਦਾ ਕੇਂਦਰੀ ਭਾਵ ਕੀ ਹੈ?

ਹਰੇਕ ਲੇਖਕ ਦੀ ਰਚਨਾ ਦਾ ਕੋਈ ਨਾ ਕੋਈ ਕੇਂਦਰੀ ਭਾਵ ਜ਼ਰੂਰ ਹੋਣਾ ਚਾਹੀਦਾ ਹੈ। ਮੇਰੀ ਨਾਵਲ ਰਚਨਾ ਦਾ ਕੇਂਦਰੀ ਭਾਵ ਪੰਜਾਬੀ ਸਾਹਿਤ ਨਾਲ ਇਨਸਾਫ਼ ਕਰਨਾ ਤੇ ਪੰਜਾਬੀ ਨਾਵਲ ਨੂੰ ਦੂਜੀਆਂ ਭਾਸ਼ਾਵਾਂ ਦੇ ਰਚੇ ਨਾਵਲਾਂ ਦੇ ਹਾਣ ਦਾ ਬਣਾਉਣਾ ਹੈ।

- ਕੈਨੇਡਾ ਦੇ ਮੌਜੂਦਾ ਪੰਜਾਬੀ ਸਾਹਿਤ ਬਾਰੇ ਤੁਹਾਡੇ ਕੀ ਵਿਚਾਰ ਹਨ?

ਹਾਂ ਇਹ ਤੁਹਾਡਾ ਪ੍ਰਸ਼ਨ ਬਹੁਤ ਹੀ ਪਾਏਦਾਰ ਹੈ। ਮੈਂ ਪੰਜਾਬੀ ਸਾਹਿਤ ਦੇ ਗੜ੍ਹ ਸਰੀ ਵਿਚ ਰਹਿ ਰਿਹਾ ਹਾਂ। ਇਥੇ ਪੰਜਾਬੀ ਦੀਆਂ ਲਗਪਗ 15 ਅਖ਼ਬਾਰਾਂ ਨਿਕਲਦੀਆਂ ਹਨ ਤੇ ਮੈਂ ਪੰਜਾਬੀ ਅਖ਼ਬਾਰ ਦਾ ਪਿਛਲੇ ਪੰਜ ਸਾਲ ਤੋਂ ਕਾਲਮ ਲਿਖ ਰਿਹਾ ਹਾਂ ਜਿਸ ਦਾ ਨਾਂ ਹੈ 'ਮੇਰੀ ਵੀ ਸੁਣੋ।' ਪੰਜਾਬੀ ਸਾਹਿਤ ਸਭਾਵਾਂ ਵੀ ਪੰਜਾਬੀ ਸਾਹਿਤ ਦੀ ਉੱਨਤੀ ਵਿਚ ਸਿਰਤੋੜ ਜਤਨ ਕਰ ਰਹੀਆਂ ਹਨ। ਮੈਂ ਖ਼ੁਦ 'ਸਾਹਿਤ ਸਭਾ ਸਰੀ' ਦਾ ਮੁੱਢਲਾ ਮੈਂਬਰ ਹਾਂ। 21-22 ਫਰਵਰੀ ਕੌਮਾਂਤਰੀ ਪੰਜਾਬੀ ਕਾਨਫਰੰਸ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵਿਚ ਕੈਨੇਡਾ ਦੇ 19 ਲੇਖਕਾਂ ਵਿੱਚੋਂ ਮੈਨੂੰ ਵੀ ਸਨਮਾਨਿਤ ਕੀਤਾ। ਇਹ ਪੰਜਾਬੀ ਸਾਹਿਤ ਸਭਾ ਵਾਸਤੇ ਮਾਣ ਵਾਲੀ ਗੱਲ ਹੈ। ਕੈਨੇਡਾ ਵਿਚ ਸਾਰੇ ਰੇਡੀਓ 'ਤੇ ਪੰਜਾਬੀ ਸਾਹਿਤ ਦੀ ਗੱਲ ਅਕਸਰ ਹੁੰਦੀ ਰਹਿੰਦੀ ਹੈ। ਇੰਦਰਜੀਤ ਸਿੰਘ ਧਾਮੀ, ਕ੍ਰਿਸ਼ਨ ਭਨੋਟ, ਇਕਵਿੰਦਰ ਚਾਂਦ, ਸੁਰਜੀਤ ਮਾਧੋਪੁਰੀ ਤੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਆਦਿ ਪੰਜਾਬੀ ਸਾਹਿਤ ਲਈ ਜਤਨਸ਼ੀਲ ਹਨ। ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਦਾ ਵੀ 21 ਅਕਤੂਬਰ 2018 ਨੂੰ ਗਠਨ ਕੀਤਾ ਗਿਆ ਹੈ।

- ਮੌਜੂਦਾ ਪੰਜਾਬੀ ਸਾਹਿਤ ਬਾਰੇ ਆਪਣੇ ਵਿਚਾਰ ਸਾਡੇ ਪਾਠਕਾਂ ਨਾਲ ਸਾਂਝੇ ਕਰੋ?

ਜਿੱਥੋਂ ਤਕ ਪੰਜਾਬੀ ਸਾਹਿਤ ਬਾਰੇ ਮੇਰੇ ਵਿਚਾਰ ਹਨ ਚੰਗਾ ਤੇ ਪਾਏਦਾਰ ਪੰਜਾਬੀ ਸਾਹਿਤ ਰਚਣ ਲਈ ਲੇਖਕ ਨੂੰ ਸਾਰੀ ਉਮਰ ਖ਼ੁਦ ਪਾਠਕ ਬਣੇ ਰਹਿਣਾ ਚਾਹੀਦਾ ਹੈ। ਇਨਾਮਾਂ ਤੇ ਪੁਰਸਕਾਰਾਂ ਦੇ ਚੱਕਰ ਤੋਂ ਉੱਪਰ ਉੱਠ ਕੇ ਸਾਹਿਤਕਾਰ ਸਮਾਜ ਦਾ ਸ਼ੀਸ਼ਾ ਹੋਵੇ। ਉਸ ਦਾ ਨਿੱਜੀ ਵਰਤੋਂ ਵਿਹਾਰ ਉਸ ਦੀ ਲਿਖਤ ਵਿੱਚੋਂ ਦਿਸਣਾ ਚਾਹੀਦਾ ਹੈ। ਲੇਖਕ ਦੇ ਪਿੰਡੇ 'ਤੇ ਹੰਢਾਇਆ ਸੱਚ ਹੀ ਸਾਹਿਤ ਵਿਚ ਯਥਾਰਥ ਹੈ, ਜਿਸ ਦੀ ਘਾਟ ਰੜਕਦੀ ਹੈ। ਚੰਗਾ ਸਾਹਿਤ ਅੱਜ ਵੀ ਜੀਉਂਦਾ ਹੈ ਤੇ ਕੱਲ੍ਹ ਵੀ ਰਹੇਗਾ।

- ਪੰਜਾਬੀ ਸਾਹਿਤ ਦੇ ਪਾਠਕਾਂ ਵਾਸਤੇ ਤੁਹਾਡਾ ਕੀ ਸੁਨੇਹਾ ਹੈ?

ਇਕ ਚੰਗਾ ਤੇ ਮਿਆਰੀ ਸਾਹਿਤ ਪੜ੍ਹਨ ਤੇ ਲਿਖਣ ਵਾਲਾ ਆਪਣੀ ਜ਼ਿੰਦਗੀ ਵਿਚ ਕਈ ਜ਼ਿੰਦਗੀਆਂ ਜੀ ਲੈਂਦਾ ਹੈ। ਇਕ ਸਾਹਿਤਕਾਰ ਉੱਪਰ ਬਿਮਾਰੀਆਂ ਤਾਂ ਕੀ ਮੌਤ ਦੇ ਸਿਧਾਂਤ ਵੀ ਲਾਗੂ ਨਹੀਂ ਹੁੰਦੇ। ਸ਼ਾਹਕਾਰ ਰਚਨਾਵਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਤੁਸੀਂ ਖ਼ੁਦ ਬਿਹਤਰ ਤੇ ਸਾਵੀ ਪੱਧਰੀ ਜ਼ਿੰਦਗੀ ਜਿਊ ਸਕੋ।

- ਹਰਮੀਤ ਸਿੰਘ ਅਟਵਾਲ

98155-05287

Posted By: Harjinder Sodhi