ਹੁਣ ਮੈਂ ਪੂਰੀ ਤਰ੍ਹਾਂ ਇਕੱਲਾ ਸਾਂ, ਜਾਂ ਫਿਰ ਕਹਿ ਲਵਾਂ ਕਿ ਮੇਰੇ ਕੋਲ ਕੇਵਲ ਮੈਂ ਹੀ ਸੀ। ਰੋਗ ਦਾ ਇਲਾਜ ਠੀਕ ਦਿਸ਼ਾ ਵੱਲ ਨਹੀਂ ਜਾ ਰਿਹਾ ਸੀ। ਸੜਕਾਂ ’ਤੇ ਚਾਨਣ ਦੂਰ-ਦੂਰ ਤਕ ਫੈਲਿਆ ਹੋਇਆ ਸੀ ਅਤੇ ਇਸ ਦੇ ਸਹਾਰੇ ਹੀ ਲੋਕਾਂ ਦੀ ਦੌੜ ਭੱਜ ਉਨ੍ਹਾਂ ਦੇ ਅੰਦਰ ਦੀ ਬੇਚੈਨੀ ਦਾ ਅਨੁਭਵ ਕਰਵਾ ਰਹੀ ਸੀ। ਉੱਚੀਆਂ ਉੱਚੀਆਂ ਉਸਰੀਆਂ ਇਮਾਰਤਾਂ ਸਨ ਜਿਨ੍ਹਾਂ ਵਿਚ ਕੁੱਝ ਸੌਂਦਾ ਕੁੱਝ ਜਾਗਦਾ ਅਜੀਬ ਸੰਸਾਰ ਸੀ। ਮੈਨੂੰ ਯਾਦ ਨਹੀਂ ਕਿ ਇਹ ਸਭ ਉਦੋਂ ਮੈਨੂੰ ਕਿਹੋ ਜਿਹਾ ਲੱਗਾ ਸੀ। ਸ਼ਾਇਦ ਇਸ ਪਾਸੇ ਸੋਚ ਗਈ ਹੀ ਨਹੀਂ ਸੀ। ਮਨ ਠੀਕ ਨਹੀਂ ਸੀ, ਜਿਵੇਂ ਪਤਾ ਨਹੀਂ ਕੀ ਹੋ ਗਿਆ ਹੋਵੇ। ਡਰ ਦੇ ਵਾਵਰੋਲੇ ਅੰਦਰ ਸਨ। ਰੋਗ ਦੀ ਜੜ੍ਹ ਸਮਝ ਨਾ ਆਉਣ ਕਰਕੇ ਇਕ ਤਰ੍ਹਾਂ ਦਾ ਜੁਆਬ ਹੀ ਸੀ। ਸੋਚਦਿਆਂ ਦਿਲ ਵਿਚ ਭਿਆਨਕ ਖ਼ੌਫ਼ ਇਕ ਵਾਰ ਫਿਰ ਫੈਲਿਆ..ਅੱਖਾਂ ਅੱਗੇ ਹਨੇਰਾ ਆਇਆ..ਹੱਥਾਂ ਪੈਰਾਂ ’ਚ ਸੁੰਨ ਫੈਲ ਗਈ..ਸਾਰੇ ਦਾ ਸਾਰਾ ਸਹਿਮ ਗਿਆ..ਇਹੋ ਮੈਨੂੰ ਚੇਤੇ ਹੈ।

ਮੇਰੇ ਆਲੇ ਦੁਆਲੇ ਸਵੇਰ ਤੋੋਂ ਸਕੇ ਸਬੰਧੀ ਅਤੇ ਆਸੇ ਪਾਸਿਉਂ ਹੋਰ ਲੋਕ ਜੁੜੇ ਹੋਏ ਹਨ। ਮੇਰੇ ਅੰਦਰ ਬਾਹਰ ਗੰਭੀਰ ਚੱੁਪ ਹੈ। ਮੈਂ ਇਨ੍ਹਾਂ ਦੇ ਵਿਚਕਾਰ ਬੈਠਾ ਹੋਇਆ ਹਾਂ। ਇਹ ਮੈਨੂੰ ਤਸੱਲੀਆਂ ਦਿਲਾਸੇ ਦੇ ਰਹੇ ਹਨ। ਇਹ ਸਭ ਇਥੇ ਕਿਉਂ ਹਨ? ਚੰਗੀ ਤਰ੍ਹਾਂ ਜਾਣਦਾ ਹਾਂ। ਮੌਤ ਜੁ ਹੋ ਗਈ ਹੈ। ਬੇਵਕਤੀ ਦੁੱਖ ਝੋਲੀ ਆ ਪਏ ਹਨ ਜਿਨ੍ਹਾਂ ਦਾ ਚਿੱਤ ਚੇਤਾ ਵੀ ਨਹੀਂ ਸੀ। ਹੌਲੀ-ਹੌਲੀ ਮੈਨੂੰ ਉਹ ਗੁਜ਼ਰੇ ਪਲ ਯਾਦ ਆ ਰਹੇ ਹਨ ਜਦੋਂ ਮੇਰੀਆਂ ਆਸਾਂ ਟੁੱਟਣ ਕਿਨਾਰੇ ਸਨ, ਪਰ ਫੇਰ ਵੀ ਜਿਉਂਦੀਆਂ ਸਨ। ਹੱਥ ਨੂੰ ਮੈਂ ਉਸ ਦੇ ਮੱਥੇ ’ਤੇ ਰੱਖਿਆ ਸੀ। ਧਾਰੀਦਾਰ ਲਾਲ ਤੌਲੀਏ ਨੂੰ ਥਾਂ ਸਿਰ ਕੀਤਾ ਸੀ। ਮੇਰੇ ਪੈਰ ਡਗਮਗਾਏ ਸਨ..ਮੇਰੀਆਂ ਅੱਖਾਂ ’ਚੋਂ ਹੰਝੂ ਉਸ ਦੇ ਹੱਥਾਂ ’ਤੇ ਡਿਗ ਪਏ ਸਨ। ਸ਼ਾਇਦ ਉਸ ਨੂੰ ਕੁੱਝ ਵੀ ਪਤਾ ਨਹੀਂ ਸੀ। ਸਦੀਵੀ ਵਿਦਾਈ ਉਸ ਦੀ ਨੇੜੇ ਸੀ ਤੇ ਕੱਲ੍ਹ ਦਾ ਸੂਰਜ ਉਸ ਨੇ ਨਹੀਂ ਦੇਖਣਾ ਸੀ।

ਯਾਦ ਤਾਂ ਇਹ ਵੀ ਹੈ ਕਿ ਦਿਨ ਦੇ ਮਟਮੈਲੇ ਚਾਨਣ ’ਚ ਹੌਲੀ-ਹੌਲੀ ਨ੍ਹੇਰਾ ਘੁਲ ਰਿਹਾ ਸੀ। ਉਸ ਦੇ ਚਿਹਰੇ ਦਾ ਨੂਰ ਉਸੇ ਤਰ੍ਹਾਂ ਖਿੜਵਾਂ ਸੀ, ਜਿਵੇਂ ਉਸ ਨੇ ਹੁਣੇ ਉੱਠ ਕੇ ਬੈਠ ਜਾਣਾ ਹੋਵੇ। ਪਰ ਉਸ ਨੂੰ ਉਠਾਉਣ ਵਾਲੇ ਇਲਾਜ ਹੀ ਨਹੀਂ ਬਚੇ ਸਨ। ਮੇਰੇ ਸਾਹਮਣੇ ਹੀ ਉਸ ਦੇ ਹੱਥਾਂ ਪੈਰਾਂ ’ਚ ਖੁੱਭੀਆਂ ਸੂਈਆਂ ਅਤੇ ਬੰਨ੍ਹੀਆਂ ਪੱਟੀਆਂ ਖੋਲ੍ਹ ਦਿੱਤੀਆਂ ਗਈਆਂ ਸਨ। ਇਹ ਕੀ ਵਾਪਰ ਰਿਹਾ ਸੀ? ਡਰਿਆ, ਸਹਿਮਿਆ ਤੇ ਭੈ ਭੀਤ ਹੋਇਆ ਕੋਲ ਬੈਠਾ ਮੈਂ ਟਿਕਟਿਕੀ ਲਾਈ ਦੇਖ ਰਿਹਾ ਸੀ। ਆਪਣੀ ਅੰਦਰਲੀ ਘਬਰਾਹਟ ਨੂੰ ਸੰਭਾਲਣ ਦੇ ਯਤਨ ਵਿਚ ਸੀ।

ਮੈਂ ਦੇਖਿਆ, ਵਿਹੜਾ ਬਾਹਰੋਂ ਆਏ ਹੋਇਆਂ ਨਾਲ ਭਰ ਗਿਆ ਹੈ। ਉਸ ਦੇ ਹਾਸੇ ਸਦਾ ਲਈ ਇਸ ਘਰ ’ਚੋਂ ਚਲੇ ਗਏ ਹਨ। ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਤੇ ਸ਼ੁਕਰਾਨਾ ਕਰਨ ਵਾਲੀ ਹੁਣ ਹਮੇਸ਼ਾ ਲਈ ਚੁੱਪ ਹੋ ਗਈ ਹੈ। ਨੂੰਹਾਂ- ਪੁੱਤ, ਮਾਂ ਲਈ ਰੋ ਰਹੇ ਹਨ। ਚਿਹਰੇ ਮੁਰਝਾਏ ਹੋਏ ਹਨ। ਮੇਰੇ ਖੱਬੇ ਸੱਜੇ ਬੈਠਿਆਂ ਨੇ ਮੇਰੇ ਮੋਢਿਆਂ ’ਤੇ ਹੱਥ ਰੱਖਦਿਆਂ ਮੈਨੂੰ ਹੌਸਲਾ ਬਣਾਈ ਰੱਖਣ ਲਈ ਕਿਹਾ ਹੈ। ਕੌਣ ਪਾਣੀ ਪਿਆ ਗਿਆ? ਪਤਾ ਨਹੀਂ। ਥੋੜ੍ਹਾ ਜਿਹਾ ਸਿਰ ਚੁੱਕ ਕੇ ਉਤਾਂਹ ਦੇਖਣ ਲਈ ਵੀ ਮਨ ਨਹੀਂ ਸੀ। ਸਦਮੇ ਨੇ ਸਰੀਰ ਨੂੰ ਆਪਣੇ ਅੰਦਰ ਡੁਬੋ ਲਿਆ ਸੀ।

ਹੋਰ ਪੰਜ ਸੱਤ ਦਿਨਾਂ ਵਿਚ ਰੀਤਾਂ ਰਸਮਾਂ, ਰਿਵਾਜ ਨਿਭਾਏ ਗਏ। ਆਪੋ ਆਪਣੀਂ ਘਰੀਂ ਸਭ ਚਲੇ ਗਏ। ਪੁੱਤ ਬੋਲੇ, “ਸਾਡੇ ਨਾਲ ਚੱਲੋ, ਪਾਪਾ। ਇਥੇ ’ਕੱਲੇ ਕਿਵੇਂ ਰਹੋਗੇ? ਮੰਮੀ ਤਾਂ..।” ਸ਼ਾਇਦ ਠੀਕ ਕਹਿੰਦੇ ਤੇ ਸੋਚਦੇ ਸਨ। ਨੌਕਰੀਆਂ ’ਤੇ ਮੁੜਨਾ ਉਨ੍ਹਾਂ ਦੀ ਮਜਬੂਰੀ ਸੀ। ਇਕਲਾਪੇ ਦੇ ਸੰਤਾਪ ਤੋਂ ਮੈਨੂੰ ਬਚਾਉਣ ਦੀ ਉਨ੍ਹਾਂ ਦੀ ਸੋਚ ਸਹੀ ਸੀ।

‘‘ਹਾਂ ਆਵਾਂਗਾ। ਜ਼ਰੂਰ ਆਵਾਂਗਾ।’’ ‘‘ਕਦੋਂ?’’ ‘‘ਥੋੜ੍ਹੇ ਕੁ ਦਿਨ ਹੋਰ ਲੰਘ ਜਾਣ’’ ਮੈਂ ਕਿਹਾ। ਇਹੋ ਹੀ ਕਹਿ ਸਕਦਾ ਸਾਂ। ਕਿਹਾ ਵੀ। ਇਥੋਂ ਮੇਰੇ ਲਈ ਜਾਣਾ ਅਜੇ ਸੁਖਾਲਾ ਵੀ ਨਹੀਂ ਸੀ। ਦਿਲ ’ਤੇ ਪੱਥਰ ਰੱਖਣਾ ਪੈਣਾ ਸੀ। ਘਰ ਛੱਡਣ ਦੀ ਅਥਾਹ ਪੀੜ ਨੂੰ ਸਹਾਰਨਾ ਪੈਣਾ ਸੀ। ਇਹ ਵੀ ਸੋਚਦਾ ਸਾਂ ਕਿ ਘਰ ਵੀ ਜੀਆਂ ਨਾਲ ਹੀ ਹੁੰਦੇ ਹਨ। ਜੀਆਂ ਬਿਨਾਂ...ਨਿਰੀਆਂ ਇੱਟਾਂ..। ਇਹ ਘਰ ਤਾਂ ਉਸ ਦੀਆਂ ਰੀਝਾਂ ਤੇ ਸੁਪਨਿਆਂ ਦਾ ਘਰ ਸੀ। ਤਨ, ਮਨ, ਧਨ ਉਸ ਨੇ ਆਪਣਾ ਇਸ ਨੂੰ ਸਮਰਪਿਤ ਕੀਤਾ ਸੀ। ਇਸ ਦੀ ਹਰ ਚੀਜ਼ ਨਾਲ ਉਸ ਦੀ ਸਾਂਝ ਸੀ। ਮੈਂ ਸਮਝਦਾ ਸੀ ਕਿ ਇਥੇ ਰਹਿਣ ’ਚ ਮੇਰੀ ਕੋਈ ਸਿਆਣਪ ਨਹੀਂ ਸੀ, ਪਰ ਫ਼ਿਲਹਾਲ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣਾ ਵੀ ਜਲਦਬਾਜ਼ੀ ਹੀ ਸੀ।

ਹੁਣ ਉਨ੍ਹਾਂ ਜਾਣਾ ਸੀ। ਜਾਣਾ ਪੈਣਾ ਵੀ ਸੀ। ਸਮਾਨ ਸਾਂਭਦੇ ਹੋਏ ਉਹ ਮੇਰੇ ਵੱਲ ਦੇਖੀ ਜਾ ਰਹੇ ਸਨ। ‘‘ਪਾਪਾ!..ਕੀ ਕਰੀਏ? ਮੰਮੀ ਤੋਂ ਬਿਨਾਂ ਘਰ ਦਾ ਅਰਥ ਵੀ ਕੀ ਰਹਿ ਗਿਆ ਹੈ? ਉਦਾਸ ਰਹੋਗੇ ਤਾਂ ਅਸੀਂ ਵੀ ਦੁਖੀ ਪਰੇਸ਼ਾਨ ਹੋਵਾਂਗੇ। ਬੜਾ ਕੁੱਝ ਆਦਮੀ ਦੇ ਹੱਥ ਵੱਸ ਨਹੀਂ ਹੁੰਦਾ। ਬੇਵੱਸੀਆਂ ਨਾਲ ਵੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ।’’ ਕੋਲ ਖੜ੍ਹਾ ਚੁੱਪ ਚੁਪੀਤਾ ਮੈਂ ਸੁਣ ਰਿਹਾ ਸਾਂ। ਉਹ ਮੇਰੇ ਮੂੰਹ ਵੱਲ ਦੇਖ ਰਹੇ ਸਨ। ਉਡੀਕ ਵਿਚ ਸਨ ਕਿ ਮੈਂ ਕੀ ਕਹਾਂਗਾ। ਕੀ ਬੋਲਾਂਗਾ?’’ ‘‘ਤੁਹਾਡੀ ਜ਼ਿੰਮੇਵਾਰੀ ਹੁਣ ਦੂਹਰੀ ਹੋ ਗਈ ਹੈ ਪਾਪਾ!..। ਮਾਂ ਦੇ ਫ਼ਰਜ਼ ਵੀ ਤੁਸੀਂ..। ਰੱਬ ਦੀ ਮਰਜ਼ੀ ਹੀ ਇਹੋ ਸੀ। ਕਰ ਵੀ ਤਾਂ ਨਹੀਂ ਸਕਦੇ ਕੁਝ। ਇਲਾਜ ਪੱਖੋਂ ਤਾਂ ਕੋਈ ਕਸਰ ਨਹੀਂ ਸੀ। ਸਬਰ ਕਰ ਲਵੋਗੇ ਤਾਂ ਅਸੀਂ ਵੀ ਸੌਖੇ ਰਹਾਂਗੇ।’’

ਮਨ ਮੇਰਾ ਅੱਖਾਂ ਥਾਣੀਂ ਰੋ ਪਿਆ। ਚੁਫੇਰੀਂ ਮੈਂ ਨਿਗ੍ਹਾ ਘੁੰਮਾਈ। ਤਹਿ ਕੀਤੇ ਕੱਪੜੇ ਸਨ। ਸ਼ਾਲਾਂ ਸਨ। ਬਿੰਦੀ ਸੁਰਖ਼ੀ ਸਭ ਉਸੇ ਤਰ੍ਹਾਂ ਪਏ ਸਨ। ਇਨ੍ਹਾਂ ਨੂੰ ਆਪਣੇ ਹੱਥਾਂ ਨਾਲ ਛੋਹ ਕੇ ਦੇਖਣ ਨੂੰ ਮਨ ਕਰਦਾ ਸੀ। ਮੇਰਾ ਪੋਤਾ ਮੇਰੀ ਉਂਗਲ ਫੜੀ ਖੜ੍ਹਾ ਸੀ। ਛੋਟੀ ਨੂੰਹ ਦਾ ਹੱਥ ਮੇਰੇ ਮੋਢਿਆਂ ’ਤੇ ਸੀ। ਗਹਿਰੀ ਚੁੱਪ ਸਾਡੇ ਸਾਰਿਆਂ ਦੇ ਵਿਚਾਲੇ ਸੀ। ਉਹ ਮੇਰੇ ਹੋਰ ਵੀ ਨੇੜੇ ਆ ਗਏ ਸਨ। ਚੁੱਪ ਤੋੜਦੇ ਹੋਏ ਮੈਂ ਕਹਿਣਾ ਚਾਹਿਆ, ‘‘ਕਿਵੇਂ ਦੱਸਾਂ..ਕਿਵੇਂ ਸਮਝਾਵਾਂ..ਕਿਵੇਂ ਕਹਾਂ ਕਿ..ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ। ਤੇ..ਤੇ..।’’ ਚੁੱਪ ਹੀ ਰਿਹਾ। ਸੋਚਿਆ ਕਿ ਸਾਰੀਆਂ ਗੱਲਾਂ ਕਹਿਣ ਵਾਲੀਆਂ ਵੀ ਨਹੀਂ ਹੁੰਦੀਆਂ। ਅਜਿਹਾ ਕਹਿਣਾ ਉਨ੍ਹਾਂ ਦਾ ਮਨ ਹੋਰ ਤੋੜਨ ਜਿਹਾ ਸੀ।

ਮੇਰੀ ਉਂਗਲ ਨੂੰ ਮੇਰੇ ਪੋਤੇ ਨੇ ਹੋਰ ਵੀ ਘੁੱਟ ਕੇ ਫੜ ਲਿਆ ਸੀ। ਜਿਵੇਂ ਕਿਸੇ ਮੈਨੂੰ ਡੂੰਘੀ ਨੀਂਦ ਵਿੱਚੋਂ ਜਗਾਇਆ ਹੋਵੇ। ਪਲ ਵਿਚ ਹੀ ਮੈਂ ਆਪਣੇ ਆਪ ਨੂੰ ਕਈ ਸੁਆਲ ਕਰ ਗਿਆ। ਸੋਚਾਂ ਮੇਰੇ ਅੰਦਰ ਦੌੜਨ ਲੱਗੀਆਂ। ਮੈਨੂੰ ਲੱਗਿਆ ਕਿ ਹੁਣ ਮੈਂ ਇਨ੍ਹਾਂ ਲਈ ਜੀਣਾ ਹੈ।..ਦੁੱਖਾਂ ਦਰਦ ਪੱਲੇ ਬੰਨ੍ਹ ਕੇੇ ਡੂੰਘੇ ਖਲਾਅ ਵਿਚ ਸਮਾਉਣ ਦੀ ਕੀ ਲੋੜ? ਜ਼ਿੰਦਗੀ ਦੇ ਅੰਗ ਸੰਗ ਤੁਰਨਾ ਹੈ। ਰਾਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਹੈ। ਮੈਂ ਉਨ੍ਹਾਂ ਨੂੰ ਗੇਟ ਤੱਕ ਛੱਡਣ ਆਇਆ ਹਾਂ। ਦੇਖਿਆ ਕਾਰ ਗੇਟ ਦੇ ਕੋਲ ਹੀ ਖੜ੍ਹੀ ਹੈ ਤੇ ਉਹ ਹੁਣੇ ਹੀ ਇਸ ’ਚ ਬੈਠ ਕੇ ਚਲੇ ਜਾਣਗੇ। ਮੈਂ ਹੁਣ ਅਸੀਸ ਹੀ ਦੇਣੀ ਹੈ। ਮੈਂ ਉਨ੍ਹਾਂ ਨੂੰ ਜਾਂਦੇ ਹੋਏ ਕਾਫ਼ੀ ਦੇਰ ਦੇਖਦਾ ਰਿਹਾ, ਉਦੋਂ ਤਕ ਦੇਖਦਾ ਰਿਹਾ, ਜਦੋਂ ਤਕ ਉਹ ਅੱਖੋਂ ਓਹਲੇ ਨਾ ਹੋ ਗਏ। ਮੇਰੀ ਇਕੱਲ ਸ਼ੁਰੂ ਹੋ ਗਈ ਹੈ।..ਜ਼ਿੰਦਗੀ ਦੀ ਪਹਿਲੀ ਇਕੱਲ..। ਕੰਧਾਂ ਮੈਨੂੰ ਪਹਿਲੀ ਵਾਰ ਹੀ ਹੋਰਵੇਂ ਜਿਹੀਆਂ ਜਾਪਦੀਆਂ ਹਨ। ਅਜੇ ਪਹਿਲੀ ਵਾਰ ਹੀ ਬੜਾ ਕੁੱਝ ਹੋਰ ਹੋਣ ਵਾਲਾ ਹੈ।

ਮੈਂ ਦੇਖਦਾ ਰਿਹਾ, ਤੱਕਦਾ ਰਿਹਾ। ਮੇਰੇ ਸੁਪਨਿਆਂ ਦਾ ਇਹ ਅੰਤ ਸੀ। ਜੀਂਦੀ ਹੁੰਦੀ ਤਾਂ ਮੈਂ ਹੋਰ ਵੀ ਨਵੇਂ ਸੁਪਨੇ ਲੈਂਦਾ, ਪਰ ਹੁਣ ਕੀ ਹੋਵੇਗਾ? ਖਿੰਡਿਆ ਹੋਇਆ ਘਰ..ਹਰ ਚੀਜ਼ ਬੇਤਰਤੀਬੀ ਜਿਹੀ ਤੇ ਚੁੱਪ ’ਚ ਡੁੱਬੀ ਹੋਈ। ਸਮੇਂ ਦਾ ਵਹਾਅ ਕੀ ਕੀ ਵਹਾ ਕੇ ਲੈ ਗਿਆ। ਸੋਚਦਾ ਹਾਂ ਤਾਂ ਕੰਬਣੀ ਛਿੜਦੀ ਹੈ। ਖ਼ਾਲੀ-ਖ਼ਾਲੀ ਸਭ ਲਗਦਾ ਹੈ। ਕੰਧ ’ਤੇ ਉਸ ਦੀ ਇਕ ਵੱਡੀ ਤਸਵੀਰ ਮੈਨੂੰ ਤੱਕ ਰਹੀ ਹੈ। ਸੋਹਣੀਆਂ ਅੱਖਾਂ ਵਾਲੀ, ਸੁਨੱਖੇ ਚਿਹਰੇ ਵਾਲੀ, ਹਾਸਾ ਹੱਸਦੀ, ਮੁਸਕਰਾਉਂਦੀ ਹੋਈ ਤਸਵੀਰ। ਮੈਨੂੰ ਤਸਵੀਰ ਦਾ ਕੋਈ ਹੋਰ ਰੰਗ ਦਿਖਾਈ ਨਾ ਦਿੱਤਾ, ਮੈਥੋਂ ਹੋਰ ਦੇਖਿਆ ਹੀ ਨਹੀਂ ਗਿਆ। ਦੇਖਣਾ ਚਾਹੁੰਦਾ ਵੀ ਨਹੀਂ ਸੀ।

ਜ਼ਿੰਦਗੀ ਜਿਵੇਂ ਸੁਆਲਾਂ ’ਚ ਘਿਰ ਗਈ ਹੋਵੇ। ਮੇਰੇ ਲਈ ਹਰ ਔਕੜ ਹੀ ਹੁਣ ਵੱਡਾ ਸੁਆਲ ਸੀ। ਆਪ ਮੁਹਾਰਾ ਆਪਣੇ ਨਾਲ ਹੀ ਗੱਲਾਂ ਕਰਦਾ-ਇਕੱਲ ਨਾਲ ਮੈਂ ਕਦੋਂ ਤਕ ਲੜ ਸਕਾਂਗਾ? ਇਕਲਾਪਾ ਹੰਢਾਉਂਦਿਆਂ ਮੇਰੇ ਸਾਹ ਕਦੋਂ ਤਕ ਧੜਕਦੇ ਰਹਿਣਗੇ? ਤੇ ਕਦੋਂ ਤਕ..? ਮੈਂ ਬਚ ਸਕਾਂਗਾ? ਮੇਰੇ ਲਈ ਜੀਣ ਦਾ ਹੁਣ ਅਰਥ ਹੀ ਕੀ ਰਹਿ ਗਿਆ ਹੈ-। ਫਿਰ ਮੇਰੇ ਅੰਦਰੋਂ ਹੀ ਆਵਾਜ਼ ਆਉਂਦੀ-ਇਕੱਲ ਕਿਵੇਂ? ਤੇਰੇ ਕੋਲ ਤਾਂ ਸਭ ਕੁਝ ਹੈ। ਪੁੱਤਰ, ਨੂੰਹਾਂ, ਪੋਤਾ, ਪੋਤੀ। ਪਰ ਫਿਰ ਵੀ ਅੱਖਾਂ ਕਿਸੇ ਆਪਣੇ ਦੀ ਉਡੀਕ ਕਰਦੀਆਂ ਜਿਸ ਦਾ ਸਸਕਾਰ ਵੀ ਹੱਥੀਂ ਕੀਤਾ ਸੀ। ਇਹ ਵੀ ਖ਼ਿਆਲ ਕਦੀ ਕਦੀ ਮਨ ਵਿਚ ਆਉਂਦਾ ਪਾਗ਼ਲ ਨਾ ਬਣ! ਜੀਵਨ ਦੇਣਾ ਲੈਣਾ ਤਾਂ ਰੱਬ ਦੇ ਹੱਥ ਹੈ। ਆਈ ਮੁਸੀਬਤ ’ਤੇ ਹੌਸਲੇ ਨਾਲ ਕਾਬੂ ਪਾ। ਨਵੇਂ ਖ਼ਿਆਲ ਮੇਰੇ ਚਿਹਰੇ ’ਤੇ ਮੁਸਕਰਾਹਟ ਲੈ ਆਏ।

ਦਿਨ ਵੇਲੇ ਮੇਰੇ ਕੋਲ ਕੋਈ ਆ ਜਾਂਦਾ ਹੈ। ਝੱਟ ਘੜੀ ਲਈ ਰੁਝੇਵਾਂ ਵਧ ਜਾਂਦਾ ਹੈ। ਕਹਿੰਦਾ ਹੈ,‘‘ਬਾਹਰ ਨਿਕਲੋ ਹੁਣ। ਸੋਗ ਕਦੋਂ ਤਕ..?’’

ਮੈਂ ਕਿਹਾ,‘‘ਏਨਾ ਸੌਖਾ ਨਹੀਂ ਹੈ, ਕਿਵੇਂ ਭੁਲਾਵਾਂ ਦਿਲੋਂ? ਚਾਹੁੰਦਿਆਂ ਵੀ ਮੇਰੇ ਲਈ ਅਸੰਭਵ ਹੈ।’’

ਉਹ ਹੋਰ ਕਰ ਵੀ ਕੀ ਸਕਦੇ ਹਨ। ਮਨ ਦੀਆਂ ਪੀੜਾਂ ਦੁੱਖਾਂ ’ਤੇ ਕਾਬੂ ਤਾਂ ਆਪ ਹੀ ਪਾਉਣਾ ਹੁੰਦਾ ਹੈ।

ਮੈਂ ਹੋਰ ਕਿਹਾ,‘‘ਜ਼ਖਮਾਂ ਨੂੰ ਰਾਜ਼ੀ ਹੋਣ ’ਚ ਸਮਾਂ ਲੱਗਦਾ ਹੈ।’’

ਪੁੱਤ ਮੈਨੂੰ ਮਿਲਣ ਆਏ। ਉਦਾਸੀਆਂ ’ਚ ਘਿਰੇ ਬੈਠੇ ਮੈਨੂੰ ਦੇਖਿਆ। ‘‘ਪਾਪਾ, ਜੋ ਹੋਣਾ ਸੀ, ਉਹ ਤਾਂ ਹੋ ਗਿਆ। ਮੰਮੀ ਨੂੰ ਕੋਈ ਮੋੜ ਕੇ ਲਿਆ ਨਹੀਂ ਸਕਦਾ। ਪਰ ਜੋ ਸਾਡੇ ਲਈ ਸੰਭਵ ਹੈ, ਅਸੀਂ ਕਰਾਂਗੇ।’’

ਆਇਆਂ ਨੂੰ ਦੋ ਘੰਟੇ ਲੰਘ ਗਏ ਹਨ। ਛੇ ਕੁ ਸਾਲਾਂ ਦਾ ਪੋਤਾ ਮੇਰੇ ਕੋਲ ਆਇਆ। ਉਸ ਦੇ ਹੱਥ ’ਚ ਇਕ ਲਾਲ ਰੰਗ ਦਾ ਨਰਮ ਮੁਲਾਇਮ ਕੰਬਲ ਹੈ। ਕੰਬਲ ਮੇਰੇ ਮੋਢੇ ’ਤੇ ਦਿੰਦਾ ਆਖਦਾ ਹੈ,‘‘ਦਾਦੂ, ਹੁਣ ਠੰਢ ਤਹਾਨੂੰ ਨਹੀਂ ਲੱਗੇਗੀ। ਆਪਣੇ ਜੋੜੇ ਹੋਏ ਪੈਸਿਆਂ ਦਾ ਲੈ ਕੇ ਆਇਆ ਹਾਂ। ਮੈਂ ਉਸ ਨੂੰ ਗਲਵਕੜੀ ’ਚ ਲੈ ਕੇ ਘੁੱਟ ਲਿਆ। ਅਚਾਨਕ ਮੇਰੀਆਂ ਅੱਖਾਂ ਭਰ ਆਈਆਂ। ਕੋਈ ਖਿਆਲ ਆਇਆ। ਮੈਂ ਉਸ ਨੂੰ ਦੇਖਿਆ ਤੇ ਚੁੰਮ ਲਿਆ। ਫਿਰ ਆਏ ਇਕ ਹੋਰ ਖਿਆਲ ਨੇ ਮੈਨੂੰ ਹਸਾ ਦਿੱਤਾ। ‘‘ਖੇਡੀਏ ਦਾਦੂ?’’ ਮੈਨੂੰ ਖ਼ੁਸ਼ ਹੁੰਦੇ ਦੇਖ ਕੇ ਉਸ ਨੇ ਮਨ ਦੀ ਗੱਲ ਕਹੀ। ਹੌਲੀ-ਹੌਲੀ ਉਹ ਹੋਰ ਵੀ ਗੱਲਾਂ ਕਹਿ ਗਿਆ। ਸੋਚਦਾ ਸਾਂ ਕਿ ਹਾਦਸਿਆਂ ਦੇ ਨਾਲ-ਨਾਲ ਜ਼ਿੰਦਗੀ ਨੂੰ ਤੁਰਨਾ ਪੈਂਦਾ ਹੈ। ਹੋਰਾਂ ਲਈ ਜੀਣਾ ਪੈਂਦਾ ਹੈ। ਮਿਲੇ ਦੁੱਖ ਤੋਂ ਪਰ੍ਹਾਂ ਵੀ ਦੇਖਣ ਤੇ ਮਾਨਣ ਲਈ ਬੜਾ ਕੁਝ ਹੋਰ ਵੀ ਹੈ। ਮੇਰੇ ਅੰਦਰ ਨਵੇਂ ਵਿਚਾਰ ਤੇ ਸੋਚਾਂ ਉੱਠ ਰਹੀਆਂ ਹਨ-ਖ਼ੁਦ ਨੂੰ ਮੋੜ ਲਵਾਂ..। ਪੋਤੀ ਪੋਤੇ ਨੂੰ ਵੀ ਮੇਰੇ ਨਿੱਘ ਦੀ ਲੋੜ ਹੈ। ਮੇਰੀ ਪੋਤੀ ਜੋ ਰਿੜ੍ਹਦੀ ਰਿੜ੍ਹਦੀ ਮੇਰੇ ਕੋਲ ਆ ਗਈ ਸੀ। ਮੇਰੀ ਬਾਂਹ ਦਾ ਸਹਾਰਾ ਲੈਂਦਿਆਂ ਉਹ ਖੜ੍ਹੀ ਹੋ ਗਈ ਅਤੇ ਬਾਹਰ ਜਾਣ ਲਈ ਰੋਣ ਲੱਗੀ। ਗੁਰਦੁਆਰੇ ਮੈਂ ਉਸ ਨੂੰ ਲੈ ਗਿਆ। ਮੁੜ-ਮੁੜ ਉਹ ਮੇਰੇ ਵੱਲ ਤੱਕਦੀ ਇਧਰ ਉਧਰ ਰਿੜ੍ਹ ਕੇ ਚਲੀ ਜਾਂਦੀ, ਚੁੱਕ ਕੇ ਮੈਂ ਫੇਰ ਉਸ ਨੂੰ ਆਪਣੇ ਕੋਲ ਲੈ ਆਉਂਦਾ।

ਉਹ ਅਜੇ ਬੋਲ ਨਹੀਂ ਸਕਦੀ ਹੈ। ਉਹ ਸਾਰਾ-ਸਾਰਾ ਦਿਨ ਮੇਰੇ ਕੋਲ ਬੈਠੀ ਰਹਿੰਦੀ ਹੈ। ਪੋਤੀ ਪੋਤਾ ਮੇਰੇ ਖੱਬੇ ਸੱਜੇ ਗੇੜੇ ਕੱਢਦੇ ਹਨ।

ਜ਼ਿੰਦਗੀ ’ਚ ਮੈਂ ਫਿਰ ਮੁੜ ਆਉਂਦਾ ਹਾਂ। ਤੇ ਦੋ ਚਾਰ ਦਿਨ ਉਹ ਰਹਿ ਕੇ ਚਲੇ ਜਾਂਦੇ ਹਨ। ਜਾਂਦੇ ਹੋਏ ਮੁੜ-ਮੁੜ ਮੇਰੇ ਵੱਲ ਦੇਖਦੇ ਹਨ। ‘‘ਅਸੀਂ ਫਿਰ ਆਵਾਂਗੇ, ਦਾਦੂ।’’ ਉਨ੍ਹਾਂ ਦੀਆਂ ਅੱਖਾਂ ਇਹੋ ਕਹਿ ਰਹੀਆਂ ਹਨ।

ਜਾਂਦੇ ਹੋਏ ਪੁੱਤ ਨੇ ਮੈਨੂੰ ਫਿਰ ਕਿਹਾ,‘‘ਨਾਲ ਚੱਲੋ, ਪਾਪਾ। ਇੱਥੇ ਇਕੱਲੇ ਕੀ ਕਰੋਗੇ?’’

“ਮੈਂ ਜ਼ਰੂਰ ਆਵਾਂਗਾ।’’ ਸਹਿਜ ਸੁਭਾਅ ਮੈਂ ਕਿਹਾ। ਉਨ੍ਹਾਂ ਦੀਆਂ ਗੱਲਾਂ ਮੈਨੂੰ ਦੇਰ ਤਕ ਯਾਦ ਆਉਂਦੀਆਂ ਰਹੀਆਂ। ਮਨ ਵਿਚ ਮੋਹ ਦੀ ਤਾਂਘ ਵਧਦੀ ਗਈ।

‘‘ਅੰਕਲ ! ਰੋਟੀ ਮੈਂ ਬਣਾ ਦਿਆਂ?’’ ਝਾੜੂ ਪੋਚਾ ਕਰਨ ਵਾਲੀ ਕੁੜੀ ਨੇ ਇਕ ਦਿਨ ਮੈਨੂੰ ਕਿਹਾ। ਉਸਦੇ ਬੋਲਾਂ ’ਚ ਮੇਰੇ ਲਈ ਡੂੰੰਘੀ ਹਮਦਰਦੀ ਸੀ। ਰੋਟੀ ਬਣਾ ਕੇ ਉਹ ਚਲੀ ਗਈ। ਮੈਂ ਉਸ ਨੂੰ ਆਪਣੇ ਪੁੱਤਾਂ ਕੋਲ ਜਾ ਕੇ ਰਹਿਣ ਲਈ ਦੱਸਿਆ। ਸੁਣਦਿਆਂ ਚੁੱਪ ਦੀ ਚੁੱਪ ਉਹ ਹੋ ਗਈ। ‘‘ਚਲੇ ਜਾਉ, ਪਰ ਛੇੇਤੀ ਮੁੜ ਆਇਉ।’’ ਉਹ ਉਦਾਸ ਹੋ ਗਈ ਸੀ। ਸੋਚਦਾ ਸਾਂ ਕਿ ਸੁੱਚੇ ਮੋਹ ਦੀਆਂ ਤੰਦਾਂ ਕਿਵੇਂ ਹਰ ਇਕ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀਆਂ ਹਨ ਅਤੇ ਜ਼ਿੰਦਗੀ ਨੂੰ ਅੱਗੇ ਤੋਰਦੀਆਂ ਹਨ। ਉਸਦੀ ਇਹ ਗੱਲ ਵੀ ਮੈਨੂੰ ਯਾਦ ਆ ਰਹੀ ਸੀ ਕਿ ਜ਼ਿੰਦਗੀ ਦੇ ਕੁਝ ਦੱੁਖ ਅਸਹਿ ਤਾਂ ਜ਼ਰੂਰ ਹੁੰਦੇ ਹਨ ਪਰ ਇਨ੍ਹਾਂ ’ਚ ਜਿਊਣਾ ਹੀ ਤਾਂ ਜ਼ਿੰਦਗੀ ਹੈ। ਮੈਨੂੰ ਲੱਗਿਆ ਜਿਵੇਂ ਮੇਰੀਆਂ ਸੋਚਾਂ ’ਚ ਪਸਰੀ ਧੁੰਦ ਹੁਣ ਦੂਰ ਹੋ ਕੇ ਲਿਸ਼ਕਵੇਂ ਚਾਨਣ ਨੂੰ ਰਾਹ ਦੇ ਰਹੀ ਸੀ।

- ਦਰਸ਼ਨ ਸਿੰਘ

Posted By: Harjinder Sodhi