ਪੁਸਤਕਾਂ ਮਨੁੱਖ ਦੇ ਮਾਨਸਿਕ ਤੇ ਬੌਧਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਪੰਜਾਬੀਆਂ ਦੀ ਜੀਵਨਸ਼ੈਲੀ ਵਿੱਚੋਂ ਪੁਸਤਕ ਸੱਭਿਆਚਾਰ ਮਨਫ਼ੀ ਹੋ ਚੱੁਕਿਆ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿਚ ਬੈਠ ਕੇ ਪੜ੍ਹਨਾ ਵਿਦਿਆਰਥੀਆਂ ਦੀ ਮਜਬੂਰੀ ਹੈ ਕਿਉਂਕਿ ਸਿਲੇਬਸ ਨਾਲ ਸਬੰਧਤ ਪੁਸਤਕਾਂ ਉਨ੍ਹਾਂ ਨੂੰ ਇਥੋਂ ਹੀ ਮਿਲਦੀਆਂ ਹਨ। ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਲਾਇਬ੍ਰੇਰੀਆਂ ਸਥਾਪਤ ਕਰਨ ਬਾਰੇ ਸਰਕਾਰ ਨੇ ਕਦੇ ਸੋਚਿਆ ਹੀ ਨਹੀਂ। ਪੰਜਾਬੀ ਸਾਹਿਤ ਸਭਾ ਦਿੱਲੀ ਨੇ ਕੁਝ ਸਾਲ ਪਹਿਲਾਂ ਆਪਣੇ ਪੱਧਰ ’ਤੇ ਪੰਜਾਬ ਦੇ ਪਿੰਡਾਂ ਵਿਚ ਲਾਇਬ੍ਰੇਰੀਆਂ ਖੋਲ੍ਹਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਅਤੇ ਦੋ ਸੌ ਲਾਇਬ੍ਰੇਰੀਆਂ ਖੋਲ੍ਹਣ ਦਾ ਟੀਚਾ ਪੂਰਾ ਕੀਤਾ ਸੀ। ਸਭਾ ਇਨ੍ਹਾਂ ਲਾਇਬ੍ਰੇਰੀਆਂ ਨੂੰ ਕਾਰਜਸ਼ੀਲ ਰੱਖਣ ਲਈ ਯਤਨਸ਼ੀਲ ਹੈ ਭਾਵੇਂ ਕਿ ਕੁਝ ਕੁ ਲਾਇਬ੍ਰੇਰੀਆਂ ਬੰਦ ਵੀ ਹੋ ਗਈਆਂ ਹਨ। ਇਨ੍ਹਾਂ ਲਾਇਬ੍ਰੇਰੀਆਂ ’ਚ ਸਭਾ ਵੱਲੋਂ ਨਾਮਵਰ ਸਾਹਿਤਕਾਰਾਂ ਦੀਆਂ ਪੁਸਤਕਾਂ ਰੱਖੀਆਂ ਗਈਆਂ ਹਨ। ਪੰਜਾਬੀ ਸਾਹਿਤ ਸਭਾ ਆਪਣੇ ਪੱਧਰ ’ਤੇ ਇਹ ਲਾਇਬ੍ਰੇਰੀਆਂ ਜਾਰੀ ਰੱਖਣ ਲਈ ਵਚਨਬੱਧ ਹੈ। ਜੇਕਰ ਪੰਜਾਬ ਸਰਕਾਰ ਇਨ੍ਹਾਂ ਲਾਇਬ੍ਰੇਰੀਆਂ ਨੂੰ ਹੀ ਆਪਣੀ ਸਰਪ੍ਰਸਤੀ ਦੇ ਦਿੰਦੀ ਤਾਂ ਇਹ ਲਾਇਬ੍ਰੇਰੀਆਂ ਪੁਸਤਕ ਸੱਭਿਆਚਾਰ ਉਸਾਰਨ ’ਚ ਹੋਰ ਵੀ ਵੱਡੀ ਭੂਮਿਕਾ ਨਿਭਾਅ ਸਕਦੀਆਂ ਸਨ।

ਮਜ਼ਬੂਤ ਥੰਮ੍ਹ

ਆਸਟ੍ਰੇਲੀਆ ਦੀ ਫੇਰੀ ਦੌਰਾਨ ਮੈਨੂੰ ਉਥੋਂ ਦੇ ਪੁਸਤਕ ਸੱਭਿਆਚਾਰ ਅਤੇ ਲਾਇਬ੍ਰੇਰੀ ਪ੍ਰਬੰਧ ਬਾਰੇ ਜਾਣਨ ਦਾ ਮੌਕਾ ਮਿਲਿਆ ਅਤੇ ਇਹ ਗੱਲ ਸਮਝ ਵਿਚ ਆਈ ਕਿ ਜਿਸ ਦੇਸ਼ ਵਿਚ ਕੰਮ ਅਤੇ ਪੁਸਤਕ ਸੱਭਿਆਚਾਰ ਉਸ ਸਮਾਜ ਦਾ ਮਜ਼ਬੂਤ ਥੰਮ੍ਹ ਹੋਵੇ, ਉਸ ਦਾ ਵਿਕਾਸ ਬੁਲੰਦੀਆਂ ਨੂੰ ਛੂਹ ਲੈਂਦਾ ਹੈ। ਆਸਟ੍ਰੇਲੀਆ ਸਰਕਾਰ ਭਾਵੇਂ ਅਜੇ ਵੀ ਆਪਣੇ ਦੇਸ਼ ਨੂੰ ਵਿਕਾਸਸ਼ੀਲ ਆਖਦੀ ਹੈ ਜਦੋਂ ਕਿ ਇਹ ਦੇਸ਼ ਅੱਜ ਵਿਕਾਸ ਦੀਆਂ ਬੁਲੰਦੀਆਂ ਦੀ ਸਿਖ਼ਰ ’ਤੇ ਹੈ। ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੀ ਹਰ ਇਕ ਕੌਂਸਲ ਵਿਚ ਸਰਕਾਰ ਵੱਲੋਂ ਸਥਾਪਤ ਕੀਤੀਆਂ ਗਈਆਂ ਲਾਇਬ੍ਰੇਰੀਆਂ ਪੁਸਤਕ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਲਾਇਬ੍ਰੇਰੀ ਵਿਚ ਦਾਖ਼ਲ ਹੋਣ ਦੀ ਕੋਈ ਫ਼ੀਸ ਨਹੀਂ ਤੇ ਨਾ ਹੀ ਕੋਈ ਕਾਰਡ ਹੋਣਾ ਜ਼ਰੂਰੀ ਹੈ ਪਰ ਪੁਸਤਕਾਂ ਕਢਵਾਉਣ ਲਈ ਕਾਰਡ ਦੀ ਲੋੜ ਪੈਂਦੀ ਹੈ। ਕਿਸੇ ਵੀ ਕੌਂਸਲ ਦੀ ਲਾਇਬ੍ਰੇਰੀ ਵਿੱਚੋਂ ਪੜ੍ਹਨ ਲਈ ਕਢਵਾਈ ਗਈ ਪੁਸਤਕ, ਕੌਂਸਲ ਵਿਚ ਪੈਂਦੀ ਕਿਸੇ ਵੀ ਲਾਇਬ੍ਰੇਰੀ ਵਿਚ ਜਮ੍ਹਾਂ ਕਰਵਾਈ ਜਾ ਸਕਦੀ ਹੈ। ਲਾਇਬ੍ਰੇਰੀ ਵਿਚ ਬੈਠ ਕੇ ਕੋਈ ਵੀ ਪੁਸਤਕਾਂ ਜਾਂ ਅਖ਼ਬਾਰਾਂ ਪੜ੍ਹ ਸਕਦਾ ਹੈ। ਇੰਨਾ ਹੀ ਨਹੀਂ, ਹਰ ਲਾਇਬ੍ਰੇਰੀ ਵਿਚ ਇੰਟਰਨੈੱਟ ਦੀ ਸਹੂਲਤ ਮੌਜੂਦ ਹੈ, ਜਿਸ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ। ਇਹ ਸਹੂਲਤ ਮੁਫ਼ਤ ਮੁਹਈਆ ਕੀਤੀ ਗਈ ਹੈ। ਲੋਕੀਂ ਇਨ੍ਹਾਂ ਲਾਇਬ੍ਰੇਰੀਆਂ ਦਾ ਭਰਪੂਰ ਲਾਭ ਉਠਾਉਂਦੇ ਹਨ। ਇਥੇ ਪੁਸਤਕ ਸੱਭਿਆਚਾਰ ਇੰਨਾ ਪ੍ਰਫੁਲਿੱਤ ਹੈ ਕਿ ਜਦੋਂ ਵੀ ਕਿਸੇ ਨੂੰ ਸਮਾਂ ਮਿਲਦਾ ਹੈ, ਉਹ ਲਾਇਬ੍ਰੇਰੀ ਜ਼ਰੂਰ ਜਾਂਦਾ ਹੈ। ਅੰਗਰੇਜ਼ਾਂ ਨੇ ਪਹਿਲੀ ਕੌਂਸਲ ਲਾਇਬ੍ਰੇਰੀ 1862 ਵਿਚ ਬੈਰਿਕ ਵਿਚ ਅਤੇ ਇਸੇ ਸਾਲ ਬਾਲਾਰੈਟ (ਸੋਨੇ ਦੀ ਖਾਣ) ਕਸਬੇ ਵਿਚ ਸਥਾਪਤ ਕੀਤੀ ਸੀ। ਇਹ ਲਾਇਬ੍ਰੇਰੀਆਂ ਅੱਜ ਵੀ ਕਾਰਜਸ਼ੀਲ ਹਨ।

ਵਿਸ਼ਾਲ ਨੈੱਟਵਰਕ

ਲਾਇਬ੍ਰੇਰੀਆਂ ਦਾ ਇਹ ਵਿਸ਼ਾਲ ਨੈੱਟਵਰਕ ਆਸਟ੍ਰੇਲੀਅਨ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਬੱਸਾਂ, ਟਰੇਨਾਂ ਵਿਚ ਵੀ ਗੋਰੇ ਕਿਤਾਬਾਂ, ਅਖ਼ਬਾਰ ਪੜ੍ਹਦੇ ਨਜ਼ਰ ਆਉਣਗੇ। ਨਿਯਮਾਂ ਦੀ ਪਾਲਣਾ ਦੇ ਆਦੀ ਹੋਣ ਵਾਂਗ ਹੀ ਪੜ੍ਹਨਾ ਉਨ੍ਹਾਂ ਦੀ ਆਦਤ ਹੈ। ਆਸਟ੍ਰੇਲੀਆ ਵਿਚ ਜਾ ਵਸੇ ਪੰਜਾਬੀਆਂ ਅਤੇ ਖ਼ਾਸ ਕਰਕੇ ਨੌਜਵਾਨਾਂ ’ਤੇ ਵੀ ਉੱਥੋਂ ਦੇ ਪੁਸਤਕ ਸੱਭਿਆਚਾਰ ਦਾ ਬਹੁਤ ਪ੍ਰਭਾਵ ਪਿਆ ਹੈ ਅਤੇ ਉਹ ਵੀ ਮਿਆਰੀ ਸਾਹਿਤ ਪੜ੍ਹਨ ਵੱਲ ਰੁਚਿਤ ਹੋਏ ਹਨ। ਇੰਨਾ ਹੀ ਨਹੀਂ, ਬੱਚਿਆਂ ਵਿਚ ਵੀ ਪੜ੍ਹਨ ਦਾ ਰੁਝਾਨ ਵਧ ਰਿਹਾ ਹੈ। ਸੱਭਿਆਚਾਰਕ ਪ੍ਰੋਗਰਾਮਾਂ, ਵਿਸਾਖੀ ਤੇ ਖੇਡ ਮੇਲਿਆਂ ਮੌਕੇ ਲਗਦੇ ਪੁਸਤਕਾਂ ਦੇ ਸਟਾਲਾਂ ਉਤੇ ਪੁਸਤਕਾਂ ਦੀ ਵੱਡੀ ਪੱਧਰ ਉਤੇ ਹੁੰਦੀ ਵਿਕਰੀ ਇਸ ਗੱਲ ਦਾ ਪ੍ਰਤੱਖ ਸਬੂਤ ਹਨ। ਇਸੇ ਲਈ ਗੁਰਦੁਆਰਿਆਂ ਵਿਚ ਵੀ ਪ੍ਰਬੰਧਕਾਂ ਵੱਲੋਂ ਬ੍ਚਿਆਂ, ਨੌਜੁਆਨਾਂ ਅਤੇ ਬਜ਼ੁਰਗਾਂ ਲਈ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਗਈਆਂ ਹਨ। ਇਹ ਲਾਇਬ੍ਰੇਰੀਆਂ ਆਸਟ੍ਰੇਲੀਆ ਦੇ ਲਾਇਬ੍ਰੇਰੀ ਪ੍ਰਬੰਧ ਅਤੇ ਪੁਸਤਕ ਸੱਭਿਆਚਾਰ ਦਾ ਹੀ ਪ੍ਰਭਾਵ ਹਨ।

ਸੂਬੇ ਦੀ ਸਭ ਤੋਂ ਵੱਡੀ ਲਾਇਬ੍ਰੇਰੀ

ਮੈਲਬੌਰਨ ਵਿਕਟੋਰੀਆ ਸੂਬੇ ਦੀ ਰਾਜਧਾਨੀ ਹੈ। ਸ਼ਹਿਰ ਵਿਚ ਸਥਿਤ ‘ਸਟੇਟ ਲਾਇਬ੍ਰੇਰੀ ਆਫ਼ ਵਿਕਟੋਰੀਆ’ ਸੂਬੇ ਦੀ ਵੱਡੀ ਲਾਇਬ੍ਰੇਰੀ ਹੈ, ਜਿਸ ਨੂੰ ‘ਮੈਲਬੌਰਨ ਪਬਲਿਕ ਲਾਇਬ੍ਰੇਰੀ’ ਵੀ ਆਖਿਆ ਜਾਂਦਾ ਹੈ। ਵਿਕਟੋਰੀਆ ਸੂਬੇ ਦੀ ਇਹ ਮੁੱਖ ਲਾਇਬ੍ਰੇਰੀ ਹੈ, ਜਿਸ ਨੂੰ ਪਾਠਕਾਂ ਲਈ ਵਿਸ਼ਵ ਦੀ ਸਭ ਤੋਂ ਪਹਿਲੀ ਮੁਫ਼ਤ ਲਾਇਬ੍ਰੇਰੀ ਮੰਨਿਆ ਜਾਂਦਾ ਹੈ। ਇਹ ਲਾਇਬ੍ਰੇਰੀ 1854 ਵਿਚ ਸਥਾਪਤ ਹੋਈ ਸੀ ਅਤੇ ਇਹ ਬਹੁਤ ਹੀ ਵੱਡੀ ਤੇ ਖ਼ੂਬਸੂਰਤ ਇਮਾਰਤ ਵਿਚ ਸਥਿਤ ਹੈ। ਇਸ ਵਿਚ ਦਾਖ਼ਲਾ ਵੀ ਮੁਫ਼ਤ ਹੈ ਅਤੇ ਇੰਟਰਨੈੱਟ ਦੀ ਸਹੂਲਤ ਵੀ ਦਿੱਤੀ ਗਈ ਹੈ। ਸਭ ਤੋਂ ਵੱਧ ਪਾਠਕਾਂ ਦੀ ਆਮਦ ਸਦਕਾ ਇਹ ਲਾਇਬ੍ਰੇਰੀ 2018 ਵਿਚ ਵਿਸ਼ਵ ਦੀ ਚੌਥੀ ਲਾਇਬ੍ਰੇਰੀ ਬਣ ਗਈ ਸੀ। ਇਹ ਲਾਇਬ੍ਰੇਰੀ ਮੈਲਬੌਰਨ ਦੇ ਨਾਰਦਰਨ ਸੈਂਟਰ ਵਿਚ ਸਥਿਤ ਹੈ। ਇਸ ਲਾਇਬ੍ਰੇਰੀ ਵਿਚ ਦੋ ਮਿਲੀਅਨ ਤੋਂ ਵੱਧ ਪੁਸਤਕਾਂ, ਤਿੰਨ ਲੱਖ ਮਹੱਤਵਪੂਰਨ ਫੋਟੋਗ੍ਰਾਫ਼, ਖਰੜੇ, ਨਕਸ਼ੇ ਤੇ ਅਖ਼ਬਾਰਾਂ ਵੱਡੀ ਗਿਣਤੀ ਵਿਚ ਮੌਜੂਦ ਹਨ। ਇਸ ਵਿਚ ਇਕੋ ਵੇਲੇ 600 ਪਾਠਕ ਬਹਿ ਕੇ ਪੜ੍ਹ ਸਕਦੇ ਹਨ।

ਇਸ ਲਾਇਬ੍ਰੇਰੀ ਵਿਚ ਦੋ ਪ੍ਰਦਰਸ਼ਨੀਆਂ ‘ਦਾ ਚੇਂਜਿੰਗ ਫ਼ੇਸ ਆਫ਼ ਵਿਕਟੋਰੀਆ’ ਅਤੇ ‘ਮਿਰਰ ਆਫ਼ ਦਾ ਵਰਲਡ’ ਪੱਕੇ ਤੌਰ ’ਤੇ ਲੱਗੀਆਂ ਹੋਈਆਂ ਹਨ। ਇਹ ਲਾਇਬ੍ਰੇਰੀ ਗੁੱਡ-ਫਰਾਈ ਡੇਅ ਅਤੇ ਕਿ੍ਰਸਮਿਸ-ਡੇਅ ਨੂੰ ਛੱਡ ਕੇ ਬਾਕੀ ਸਾਰਾ ਵਰ੍ਹਾ ਖੁੱਲ੍ਹੀ ਰਹਿੰਦੀ ਹੈ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ‘ਸਿਡਨੀ’ ਦੀ ਫੇਰੀ ਦੌਰਾਨ ਆਪਣੇ ਦੋਸਤ ਗੁਰਚਰਨ ਸਿੰਘ ਕਾਹਲੋਂ ਕੋਲ ਕੌਂਸਲ ਦੀ ਲਾਇਬ੍ਰੇਰੀ ਵੇਖਣ ਦੀ ਇੱਛਾ ਪ੍ਰਗਟਾਈ ਤਾਂ ਉਹ ਮੈਨੂੰ ਸਟਰੈਥਫੀਲਡ ਲਾਇਬ੍ਰੇਰੀ ਵਿਚ ਲੈ ਗਿਆ। ਬਿਨਾਂ ਕਿਸੇ ਚੈਕਿੰਗ ਤੇ ਪੁੱਛ-ਗਿੱਛ ਤੋਂ ਲਾਇਬ੍ਰੇਰੀ ਵਿਚ ਦਾਖ਼ਲ ਹੋਏ ਤਾਂ ਸਾਹਮਣੇ ਆਪਣੇ ਕੰਮ ਵਿਚ ਰੁਝੀ ਲਾਇਬ੍ਰੇਰੀਅਨ ਨੇ ਨਿੱਘਾ ਸਵਾਗਤ ਕੀਤਾ। ਕਾਹਲੋਂ ਨੇ ਮੇਰੀ ਜਾਣ-ਪਛਾਣ ਕਰਾਉਂਦਿਆਂ ਆਉਣ ਦਾ ਮੰਤਵ ਦੱਸਿਆ ਕਿ ਇਹ ਲਾਇਬ੍ਰੇਰੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਨ ਅਤੇ ਵਿਸ਼ੇਸ਼ ਤੌਰ ’ਤੇ ਇਸ ਲਾਇਬ੍ਰੇਰੀ ਦੇ ਪੰਜਾਬੀ ਸੈਕਸ਼ਨ ਨੂੰ ਵੇਖਣ ਦੇ ਚਾਹਵਾਨ ਹਨ। ਉਸ ਨੇ ਬਹੁਤ ਹੀ ਨਿਮਰਤਾ ਨਾਲ ਆਖਿਆ ਕਿ ਪਹਿਲਾਂ ਉਪਰਲੀ ਮੰਜ਼ਲ ’ਤੇ

ਜਾ ਕੇ ਲਾਇਬ੍ਰੇਰੀ ਅਤੇ ਪੰਜਾਬੀ ਸੈਕਸ਼ਨ ਵੇਖ ਲਵੋ ਤੇ ਫਿਰ ਆ ਕੇ ਮੇਰੇ ਕੋਲੋਂ, ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਲੈ ਲੈਣੀ।

ਲਾਇਬ੍ਰੇਰੀਅਨ ਦੇ ਕਮਰੇ ਵਿੱਚੋਂ ਬਾਹਰ ਆ ਕੇ ਉੱਪਰ ਜਾਣ ਲਈ ਅਜੇ ਅਸੀਂ ਪੌੜੀ ’ਤੇ ਪਹਿਲਾ ਕਦਮ ਹੀ ਰੱਖਿਆ ਸੀ ਕਿ ਉੱਪਰੋਂ ਆਈ ਇਕ ਗੋਰੀ ਨੇ ‘ਵੈੱਲਕਮ’ ਆਖਿਆ ਅਤੇ ਨਾਲ ਲੈ ਕੇ ਪੰਜਾਬੀ ਸੈਕਸ਼ਨ ਵਿਚ ਚਲੀ ਗਈ। ਉਸ ਵੇਲੇ ਲਾਇਬ੍ਰੇਰੀ ਵਿਚ ਉੱਘੇ ਪੰਜਾਬੀ ਲੇਖਕਾਂ ਦੀਆਂ 25 ਪੁਸਤਕਾਂ ਪਈਆਂ ਸਨ। ਉਨ੍ਹਾਂ ਬਹੁਤ ਹੀ ਸਤਿਕਾਰ ਤੇ ਠਰ੍ਹੰਮੇ ਨਾਲ ਜਾਣਕਾਰੀ ਦਿੱਤੀ ਕਿ ਪੰਜਾਬੀ ਦੀਆਂ ਇਹ ਪੁਸਤਕਾਂ ਇਕ ਹਫ਼ਤੇ ਮਗਰੋਂ ਦੂਜੀ ਲਾਇਬ੍ਰੇਰੀ ਨੂੰ ਚਲੀਆਂ ਜਾਣਗੀਆਂ ਅਤੇ ਉਥੋਂ ਹੋਰ ਨਵੀਆਂ ਪੁਸਤਕਾਂ ਇਸ ਲਾਇਬ੍ਰੇਰੀ ਵਿਚ ਆ ਜਾਣਗੀਆਂ। ਉਨ੍ਹਾਂ ਅਨੁਸਾਰ ਇਹ ਆਦਾਨ-ਪ੍ਰਦਾਨ ਸਾਰੀਆਂ ਲਾਇਬ੍ਰੇਰੀਆਂ ਵਿਚ ਹੁੰਦਾ ਹੈ ਤਾਂ ਜੋ ਹਰੇਕ ਲਾਇਬ੍ਰੇਰੀ ਦੇ ਪਾਠਕ ਇਹ ਪੁਸਤਕਾਂ ਪੜ੍ਹ ਸਕਣ। ਉਨ੍ਹਾਂ ਦੱਸਿਆ ਕਿ ਇਸ ਸੂਬੇ ਦੀਆਂ ਸਾਰੀਆਂ ਲਾਇਬ੍ਰੇਰੀਆਂ ਵਿਚ ਇਹ ਪੁਸਤਕਾਂ ਹਰੇਕ ਪਾਠਕ ਕੋਲ ਪੁੱਜਣਗੀਆਂ। ਮੈਂ ਉਸ ਮੈਡਮ ਨੂੰ ਪੁੱਛਿਆ ਕਿ ਜੇਕਰ ਪੰਜਾਬੀ ਦੀਆਂ ਕੁਝ ਪੁਸਤਕਾਂ ਲਾਇਬ੍ਰੇਰੀ ਨੂੰ ਭੇਟ ਕਰਨੀਆਂ ਚਾਹਵਾਂ ਤਾਂ ਕੀ ਤੁਸੀਂ ਪ੍ਰਵਾਨ ਕਰੋਗੇ? ਤਾਂ ਉਸ ਆਖਿਆ, ‘‘ਪੁਸਤਕਾਂ ਵੀ ਲਵਾਂਗੇ ਅਤੇ ਤੁਹਾਡੇ ਇਸ ਯੋਗਦਾਨ ਲਈ ਅਸੀਂ ਤੁਹਾਡੇ ਧੰਨਵਾਦੀ ਵੀ ਹੋਵਾਂਗੇ ਕਿਉਂਕਿ ਲਾਇਬ੍ਰੇਰੀ ਲਈ ਤੁਹਾਡਾ ਇਹ ਬਹੁਤ ਵੱਡਾ ਯੋਗਦਾਨ ਹੋਵੇਗਾ।’’

ਇਥੇ ਇਕ ਹੋਰ ਗੱਲ ਮੈਂ ਦੱਸਣੀ ਚਾਹੁੰਦਾ ਹਾਂ ਕਿ ਆਸਟ੍ਰੇਲੀਆ ਦੀ ਕੌਂਸਲ ਦੀ ਕਿਸੇ ਵੀ ਲਾਇਬ੍ਰੇਰੀ ਵਿਚ ਕੋਈ ਵੀ ਪੰਜਾਬੀ ਪੁਸਤਕ ਭੇਟ ਕਰੋ ਤਾਂ ਲਾਇਬ੍ਰੇਰੀ ਸਟਾਫ਼ ਬਹੁਤ ਹੀ ਖ਼ੁਸ਼ੀ ਨਾਲ ਪ੍ਰਵਾਨ ਕਰੇਗਾ ਅਤੇ ਇਸ ਦੇ ਲਈ ਤੁਹਾਡਾ ਸ਼ੁਕਰੀਆ ਵੀ ਅਦਾ ਕਰੇਗਾ। ਪਰ ਉਸ ਇਕ ਅਹਿਮ ਗੱਲ ਵੀ ਆਖੀ ਕਿ ਹਰ ਆਉਣ ਵਾਲੀ ਪੁਸਤਕ ਤੋਂ ਬਾਅਦ ਹੀ ਪੁਸਤਕ ਪਾਠਕਾਂ ਲਈ ਰੈਕ ਵਿਚ ਰੱਖੀ ਜਾਂਦੀ ਹੈ। ਜੇਕਰ ਪਾਠਕਾਂ

ਲਈ ਉਹ ਪੁਸਤਕ ਲਾਹੇਵੰਦ ਨਾ ਲਗਦੀ ਹੋਵੇ ਤਾਂ ਲੇਖਕ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ।

ਨਿਰਧਾਰਤ ਨਿਯਮ

ਇਨ੍ਹਾਂ ਲਾਇਬ੍ਰੇਰੀਆਂ ਵੱਲੋਂ ਪੁਸਤਕ ਪ੍ਰੇਮੀਆਂ ਬਾਰੇ ਨਿਰਧਾਰਤ ਕੁਝ ਨਿਯਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਬਿਮਾਰ ਹੋਵੇ, ਬਜ਼ੁਰਗ ਹੋਵੇ ਜਾਂ ਲਾਇਬ੍ਰੇਰੀ ਵਿਚ ਪਹੁੰਚਣ ਦੇ ਸਮਰੱਥ ਨਾ ਹੋਵੇ ਜਾਂ ਕਿਸੇ ਹੋਰ ਕਾਰਨ ਲਾਇਬ੍ਰੇਰੀ ਵਿਚ ਨਿੱਜੀ ਤੌਰ ’ਤੇ ਨਾ ਆ ਸਕਦਾ ਹੋਵੇ, ਤਾਂ ਫ਼ੋਨ ਉਤੇ ਲਾਇਬ੍ਰੇਰੀ ਦੇ ਸਟਾਫ਼ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਉਹ ਮਨਪਸੰਦ ਪੁਸਤਕਾਂ ਘਰ ਵਿਚ ਹੀ ਮੰਗਵਾ ਸਕਦਾ ਹੈ। ਲਾਇਬ੍ਰੇਰੀ ਸਟਾਫ਼ ਲੋੜੀਂਦੀਆਂ ਪੁਸਤਕਾਂ ਘਰ ਵਿਚ ਉਨ੍ਹਾਂ ਤੀਕ ਪੁੱਜਦਾ ਕਰੇਗਾ ਅਤੇ ਫਿਰ ਵਾਪਸ ਵੀ ਲਾਇਬ੍ਰੇਰੀ ਸਟਾਫ਼ ਹੀ ਲੈ ਕੇ ਆਵੇਗਾ। ਇਹ ਪੁਸਤਕਾਂ ਪਾਠਕਾਂ ਕੋਲ ਪਹੁੰਚਾਉਣ ਅਤੇ ਵਾਪਸ ਲਾਇਬ੍ਰੇਰੀ ਵਿਚ ਲੈ ਕੇ ਆਉਣ ਦੀ ਸਹੂਲਤ ਕੌਂਸਲ ਵੱਲੋਂ ਦਿੱਤੀ ਗਈ ਹੈ ਅਤੇ ਇਹਦੇ ਲਈ ਲਾਇਬ੍ਰੇਰੀ ਵੱਲੋਂ ਕੋਈ ਖ਼ਰਚਾ ਨਹੀਂ ਲਿਆ ਜਾਂਦਾ।

ਕੌਂਸਲ ਲਾਇਬ੍ਰੇਰੀਆਂ ਦੇ ਕਾਨੂੰਨ ਸਖ਼ਤ ਹਨ। 15 ਸਾਲ ਦੀ ਉਮਰ ਦੇ ਕਿਸੇ ਵੀ ਬੱਚੇ ਲਈ ਇਹ ਜ਼ਰੂਰੀ ਹੈ ਕਿ ਲਾਇਬ੍ਰੇਰੀ ਦਾ ਮੈਂਬਰ ਬਣਨ ਲਈ ਉਸ ਦੇ ਆਪਣੇ ਮਾਤਾ-ਪਿਤਾ ਉਸ ਦੀ ਅਰਜ਼ੀ ’ਤੇ ਮੈਂਬਰ ਬਣਨ ਸਬੰਧੀ ਸਿਫਾਰਸ਼ ਕਰ ਕੇ ਦਸਤਖ਼ਤ ਕਰਨ। ਇਸ ਦੇ ਨਾਲ ਹੀ ਅੱਠ ਸਾਲ ਜਾਂ ਇਸ ਉਮਰ ਤੋਂ ਉੱਪਰ ਦਾ ਬੱਚਾ ਲਾਇਬ੍ਰੇਰੀ ਦੀ ਕਿਸੇ ਵੀ ਸਰਗਰਮੀ ਵਿਚ ਆਪਣੇ ਮਾਤਾ-ਪਿਤਾ ਨਾਲ ਹਿੱਸਾ ਲੈ ਸਕਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਛੋਟੇ ਬੱਚਿਆਂ ਨਾਲ ਮਾਂ-ਪਿਉ ਜਾਂ ਬਾਲਗ ਵਿਅਕਤੀ ਲਾਇਬ੍ਰੇਰੀ ਵਿਚ ਆਉਣਾ ਜ਼ਰੂਰੀ ਹੈ। ਇਕ ਹੋਰ ਮਹੱਤਵਪੂਰਨ ਗੱਲ ਹੈ ਕਿ ਲਾਇਬ੍ਰੇਰੀ ਵਿੱਚੋਂ

ਤੁਸੀਂ ਕੋਈ ਪੁਸਤਕ ਲੈਣਾ ਚਾਹੁੰਦੇ ਹੋ ਅਤੇ ਪੁਸਤਕ ਲਾਇਬ੍ਰੇਰੀ ਵਿੱਚੋਂ ਪਹਿਲਾਂ ਹੀ ਕਿਸੇ ਹੋਰ ਨੇ ਆਪਣੇ ਨਾਂ ’ਤੇ ਲਈ ਹੋਈ ਹੈ ਤਾਂ ਉਸ ਪੁਸਤਕ ਲਈ ਤੁਸੀਂ ਰਿਜ਼ਰਵੇਸ਼ਨ ਕਰਵਾ ਸਕਦੇ ਹੋ। ਜਦੋਂ ਵੀ ਉਹ ਪੁਸਤਕ ਲਾਇਬ੍ਰੇਰੀ ਵਿਚ ਆਵੇਗੀ, ਉਹ ਕੇਵਲ ਤੁਹਾਨੂੰ ਹੀ ਮਿਲੇਗੀ। ਪੁਸਤਕ ਦੇ ਲਾਇਬ੍ਰੇਰੀ ਵਿਚ ਆਉਣ ’ਤੇ ਪਾਠਕ ਨੂੰ ਸੂਚਿਤ ਕਰੇਗਾ।

ਲਾਇਬ੍ਰੇਰੀ ਪ੍ਰਬੰਧ

ਗੁਰੂ ਘਰਾਂ ਦੀ ਸਾਰਥਿਕ ਭੂਮਿਕਾ ਲਾਇਬ੍ਰੇਰੀ ਪ੍ਰਬੰਧ ਦੇ ਪ੍ਰਭਾਵ ਸਦਕਾ ਹੀ ਆਸਟ੍ਰੇਲੀਆ ਦੇ ਸ਼ਹਿਰਾਂ ਵਿਚ ਸਥਾਪਤ ਹੋਏ ਗੁਰਦੁਆਰਿਆਂ ਵਿਚ ਵੀ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਗਈਆਂ ਹਨ। ਗੁਰੂ ਘਰ ਬਣ ਰਹੇ ਹਨ ਤਾਂ ਇਨ੍ਹਾਂ ਵਿਚ ਵੀ ਲਾਇਬ੍ਰੇਰੀਆਂ ਕਾਇਮ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਲਾਇਬ੍ਰੇਰੀਆਂ ਵਿਚ ਸਿੱਖ ਧਰਮ, ਸਿੱਖ ਇਤਿਹਾਸ ਅਤੇ ਉੱਘੇ ਲੇਖਕਾਂ ਦੇ ਮਿਆਰ ਸਾਹਿਤ ਦੀਆਂ ਪੁਸਤਕਾਂ ਵੱਡਿਆਂ ਲਈ ਰੱਖੀਆਂ ਗਈਆਂ ਹਨ ਅਤੇ ਬੱਚਿਆਂ ਨੂੰ ਧਰਮ ਤੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਕਿਤਾਬਚੇ ਵੀ ਮੌਜੂਦ ਹਨ। ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਵੀ ਸਿਖਾਈ ਜਾਂਦੀ ਹੈ ਅਤੇ ਜਦੋਂ ਉਹ ਪੜ੍ਹਨੀ ਤੇ ਲਿਖਣੀ ਸਿੱਖ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਾਲ ਪੁਸਤਕਾਂ ਪੜ੍ਹਨ ਲਈ ਪ੍ਰੇਰਿਆ ਜਾਂਦਾ ਹੈ ਤੇ ਪੁਸਤਕਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਸ਼ਹਿਰਾਂ ਵਿਚ ਛਪਦੇ ਪੰਜਾਬੀ ਦੇ ਅਖ਼ਬਾਰ ਵੀ ਗੁਰੂ ਘਰਾਂ ਵਿੱਚੋਂ ਹੀ ਮਿਲਦੇ ਹਨ। ਇਹ ਲਾਇਬ੍ਰੇਰੀਆਂ ਵੱਡਿਆਂ ਦੇ ਨਾਲ-ਨਾਲ ਬੱਚਿਆਂ ਵਿਚ ਵੀ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਇਹੋ ਕਾਰਨ ਹੈ ਕਿ ਜਦੋਂ ਵੀ ਆਸਟ੍ਰੇਲੀਆ ਦੇ ਸ਼ਹਿਰਾਂ ਵਿਚ ਪੰਜਾਬੀ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ, ਖੇਡ ਮੇਲੇ ਹੁੰਦੇ ਹਨ ਜਾਂ ਫਿਰ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ ਤਾਂ ਉੱਥੇ ਕਿਤਾਬਾਂ ਦੇ ਸਟਾਲ ਵੀ ਲੱਗਦੇ ਹਨ। ਅਪਰੈਲ 2019 ਵਿਚ ਮੈਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ‘32ਵੀਆਂ ਸਿੱਖ ਖੇਡਾਂ’ ਵੇਖਣ ਦਾ ਮੌਕਾ ਮਿਲਿਆ ਸੀ। ਇਸ ਮੌਕੇ ਪੰਜਾਬੀ ਦੀਆਂ ਪੁਸਤਕਾਂ ਦੇ ਲੱਗੇ ਸਟਾਲ ’ਤੇ ਤਿੰਨ ਦਿਨ ਪੁਸਤਕਾਂ ਦੀ ਵੱਡੀ ਪੱਧਰ ’ਤੇ ਵਿਕਰੀ ਹੋਈ ਸੀ। ਸਟਾਲ ਵਾਲਿਆਂ ਦਾ ਦਾਅਵਾ ਸੀ ਕਿ ਹੁਣ ਪੰਜਾਬੀਆਂ ਵਿਚ ਪੁਸਤਕ ਸੱਭਿਆਚਾਰ ਪ੍ਰਫੁਲਿੱਤ ਹੋ ਰਿਹਾ ਹੈ। ਇਸ ਮੌਕੇ ਪੰਜਾਬੀ ਦੇ ‘ਕਾਇਦੇ’ ਅਤੇ ਲੱਕੜ ਦੀਆਂ ‘ਫੱਟੀਆਂ’ ਵੱਡੀ ਗਿਣਤੀ ਵਿਚ ਵਿਕੀਆਂ ਸਨ। ਇਹ ਵਧੀਆ ਉਪਰਾਲਾ ਹੋਵੇਗਾ ਜੇਕਰ ਆਸਟ੍ਰੇਲੀਆ ਵਿਚ ਸਥਾਪਤ ਗੁਰਦੁਆਰਿਆਂ ਤੋਂ ਸੇਧ ਲੈ ਕੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਸਥਿਤ ਗੁਰੂ ਘਰਾਂ ਵਿਚ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਜਾਣ। ਇਸ ਮੰਤਵ ਦੀ ਪੂਰਤੀ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਹੋਰ ਸੰਸਥਾਵਾਂ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ।

- ਮਨਮੋਹਨ ਸਿੰਘ ਢਿੱਲੋਂ

Posted By: Harjinder Sodhi