ਸਵੈ ਦੀ ਪਛਾਣ ਕਰਨ ਵਾਲੀ ਦਰਸ਼ਨ-ਸ਼ਾਸਤਰ ਦੀ ਆਧੁਨਿਕ ਵਿਚਾਰਧਾਰਾ ਅਸਤਿਤਵਵਾਦ ਦੇ ਸੰਸਾਰ ਪ੍ਰਸਿੱਧ ਫਰਾਂਸੀਸੀ ਚਿੰਤਕ ਜਾਂ ਪਾਲ ਸਾਰਤਰ ਨੇ ਕਿਹਾ ਹੈ ਕਿ ਮਨੁੱਖ ਵੱਲੋਂ ਜਦੋਂ ਕੋਈ ਚੋਣ ਕੀਤੀ ਜਾਂਦੀ ਹੈ ਜਾਂ ਜੀਵਨ ਵਿਚ ‘ਵਿਸੰਗਤੀ’ ਦੀ ਪਛਾਣ ਹੁੰਦੀ ਹੈ ਤਾਂ ਭੈ ਨੂੰ ਪਲਟਿਆ ਜਾਂਦਾ ਹੈ ਜਾਂ ਜ਼ਿੰਮੇਵਾਰੀ ਵਜੋਂ ਅਪਣਾਇਆ ਜਾਂਦਾ ਹੈ।

ਸਵੈ ਦੀ ਪਛਾਣ ਕਰਨ ਵਾਲੀ ਦਰਸ਼ਨ-ਸ਼ਾਸਤਰ ਦੀ ਆਧੁਨਿਕ ਵਿਚਾਰਧਾਰਾ ਅਸਤਿਤਵਵਾਦ ਦੇ ਸੰਸਾਰ ਪ੍ਰਸਿੱਧ ਫਰਾਂਸੀਸੀ ਚਿੰਤਕ ਜਾਂ ਪਾਲ ਸਾਰਤਰ ਨੇ ਕਿਹਾ ਹੈ ਕਿ ਮਨੁੱਖ ਵੱਲੋਂ ਜਦੋਂ ਕੋਈ ਚੋਣ ਕੀਤੀ ਜਾਂਦੀ ਹੈ ਜਾਂ ਜੀਵਨ ਵਿਚ ‘ਵਿਸੰਗਤੀ’ ਦੀ ਪਛਾਣ ਹੁੰਦੀ ਹੈ ਤਾਂ ਭੈ ਨੂੰ ਪਲਟਿਆ ਜਾਂਦਾ ਹੈ ਜਾਂ ਜ਼ਿੰਮੇਵਾਰੀ ਵਜੋਂ ਅਪਣਾਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਅਸਤਿਤਵ ਸਵੈ-ਮੂਲ ਦੇ ਤੌਰ ’ਤੇ ਮਹਿਸੂਸ ਹੋਣ ਲੱਗਦਾ ਹੈ।
ਮੈਂ ਵੀ ਆਪਣੇ ਸਵੈ ਦੀ ਪਛਾਣ ਬਾਰੇ ਕੁਝ ਗੱਲਾਂ ਆਪਣੀ ਮਾਂ ਨਾਲ ਸਾਂਝੀਆਂ ਕੀਤੀਆਂ। ਉਸ ਨੇ ਮੇਰੇ ਨਾਂ ਬਾਰੇ ਦੱਸਿਆ, ‘ਤੇਰੇ ਨਾਨੇ ਨੇ ਜਸਵੀਰ ਸਿੰਘ ਨਾਂ ਵਾਲੇ ਕਾਨੂੰਗੋ ਦੀ ਅਫਸਰੀ ਤੋਂ ਪ੍ਰਭਾਵਿਤ ਹੋ ਕੇ ਤੇਰਾ ਨਾਂ ਜਸਵੀਰ ਸਿੰਘ ਧਰ ਦਿੱਤਾ ਸੀ। ਉਹ ਕਹਿੰਦਾ ਹੁੰਦਾ ਸੀ ‘ਮੇਰਾ ਦੋਹਤਾ ਵੀ ਕਾਨੂੰਗੋ ਬਣੇ।’ ਪਰ! ਮੈਂ ਤਾਂ ਪਟਵਾਰੀ ਵੀ ਨਹੀਂ ਬਣਿਆ। ਹਾਂ, ਹੋਰ ਕਈ ਕੁਝ ਬਣ ਗਿਆ। ਜਿਸ ’ਚੋਂ ਮੇਰੀ ਸਿਰਜਣਾ ਨੇ ਸਾਹਿਤ ਖੇਤਰ ਦੀ ਵਿਧਾ ਵਾਰਤਕ ਨਾਲ ਸਬੰਧਤ ਜੀਵਨੀ ਵਾਲੀ ਆਪਣੀ ਪਲੇਠੀ ਪੁਸਤਕ ’ਤੇ ਜਸਵੀਰ ਸਿੰਘ ਕਲਸੀ ਨਾਂ, ਜਸਵੰਤ ਸਿੰਘ ਕੰਵਲ ਦੀ ਤਰਜ ਅਨੁਸਾਰ ਪਿ੍ਰੰਟ ਕਰਵਾਇਆ ਸੀ।
ਫਿਰ ਮੇਰੀ ਸਿਰਜਣਾ ਕਹਾਣੀ ਵਿਧਾ ਨਾਲ ਜੁੜੀ ਤਾਂ ਅਖ਼ਬਾਰਾਂ ਤੇ ਪੱਤ੍ਰਕਾਵਾਂ ਵਿਚ ਛਪਦੀਆਂ ਰਹੀਆਂ ਕਹਾਣੀਆਂ ਅਤੇ ਪਹਿਲੇ ਮੌਲਿਕ ਤੇ ਦੂਜੇ ਸੰਪਾਦਿਤ ਕਹਾਣੀ ਸੰਗ੍ਰਹਿ ਅਤੇ ਦੂਜੇ ਮੌਲਿਕ ਕਹਾਣੀਆਂ ਦੇ ਕਹਾਣੀ ਸੰਗ੍ਰਹਿ ਉੱਪਰ ਜਸਵੀਰ ਕਲਸੀ ਨਾਂ ਪਾਠਕਾਂ ਨੂੰ ਪੜ੍ਹਨ ਲਈ ਮੈਂ ਹੀ ਦਿੱਤਾ ਸੀ। ਮੈਂ ਆਪਣੇ ਤੀਜੇ ਕਹਾਣੀ ਸੰਗ੍ਰਹਿ ਉਤੇ ਜਸਬੀਰ ਕਲਸੀ ਨਾਂ ਪੇਸ਼ ਕੀਤਾ ਹੈ। ਮੈਨੂੰ ਕਿਸੇ ਮਿੱਤਰ ਕੋਲੋਂ ਵ ਦੀ ਥਾਂ ਬ ਅੱਖਰ ਉਚਾਰਨ ਕਰਨਾ ਪ੍ਰਭਾਵਸ਼ਾਲੀ ਹੈ ਦਾ ਗਿਆਨ ਹੋਇਆ ਸੀ।
‘ਕਲਸੀ’ ਮਿਸਤਰੀਆਂ ਦਾ ਗੋਤ ਹੈ। ਪ੍ਰਸਿੱਧ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਦੇ ਨਾਂ ਤੋਂ ਸੇਧ ਲੈ ਕੇ ਮੈਂ, ‘ਜਸਬੀਰ ਕਲਸੀ ਧਰਮਕੋਟ’ ਨਾਮਕਰਣ ਆਪ ਹੀ ਕਰ ਦਿੱਤਾ ਹੈ। ਫਿਰ ਵੀ ਬਹੁਤੇ ਸਾਹਿਤਕਾਰ ਲਿਖਣ ਤੇ ਬੋਲਣ ਸਮੇਂ ਜਸਵੀਰ ਕਲਸੀ ਹੀ ਵਰਤੋਂ ਵਿਚ ਲਿਆ ਰਹੇ ਹਨ ਪਰ ਇਸ ਵਰਤਾਰੇ ਦੇ ਜਵਾਬ ਵਿਚ ਢੁੱਕਵੀਂ ਮਿਸਾਲ ਪਿਛਲੇ ਦਿਨਾਂ ਦੀ ਪੰਜਾਬੀ ਜਾਗਰਣ ਅਖਬਾਰ ਵਿਚ ਪ੍ਰਕਾਸ਼ਿਤ ਪ੍ਰਸਿੱਧ ਸਾਹਿਤਕਾਰ ਕੁਲਦੀਪ ਸਿੰਘ ਬੇਦੀ ਦੀ ਕਲਮ ਤੋਂ ਮੇਰੇ ਕਹਾਣੀ ਸੰਗ੍ਰਹਿਆਂ ਸਬੰਧੀ ਸਮੀਖਿਆ ਦੇ ਲੇਖ ਦੇ ਪਹਿਲੇ ਪਹਿਰੇ ਤੋਂ ਪ੍ਰਾਪਤ ਹੋਈ ਨੂੰ ਪੜ੍ਹੋ :
‘ਜਸਬੀਰ ਕਲਸੀ ਉਂਝ ਇਕੋ ਹੀ ਹੈ ਪਰ ਉਹ ਆਪਣੇ ਨਾਂ ਨਾਲ ਧਰਮਕੋਟ ਜ਼ਰੂਰ ਲਗਾਉਂਦਾ ਹੈ। ਇਹ ਉਸ ਦੀ ਸੋਚ ਹੈ ਕਿ ਇੰਝ ਬੰਦਾ ਜਦੋਂ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਵੇਗਾ ਤਾਂ ਉਹ ਆਪਣੇ ਲੋਕਾਂ ਦੀਆਂ ਬਾਤਾਂ ਹੀ ਆਪਣੀਆਂ ਕਹਾਣੀਆਂ ਵਿਚ ਪਾਏਗਾ।’
ਜ਼ਿਲ੍ਹਾ ਮੋਗਾ ਅਧੀਨ ‘ਧਰਮਕੋਟ’ ਮੇਰੇ ਨਗਰ ਦਾ ਨਾਂ ਹੈ। ਜਿੱਥੇ ਘਰਾਂ ਦੇ ਲੱਕੜ ਵਾਲੇ ਮੰਜੇ, ਦਰਵਾਜ਼ੇ, ਬਾਰੀਆਂ ਤੇ ਬੈੱਡ, ਕੁਰਸੀਆਂ, ਸੋਫੇ, ਡਰੈਸਿੰਗ ਟੇਬਲ ਆਦਿ ਦਸਤਕਾਰੀ-ਸਿਰਜਣਾ ਦਾ ਕਿੱਤਾ ਮੇਰੇ ਹਿੱਸੇ ’ਚ ਆਇਆ ਸੀ ਉੱਥੇ ਕੂਹਣੀ ਮੋੜ ਮੁੜ ਕੇ ਕਾਗਜ਼ ਤੇ ਕਲਮ ਨਾਲ ਜਾ ਜੁੜਨ ਦੀ ਕਹਾਣੀ ਇੰਝ ਹੈ : ਮੈਂ ਜਦੋਂ ਦਸਵੀਂ ’ਚ ਪੜ੍ਹ ਰਿਹਾ ਸੀ ਉਦੋਂ ਆਪਣੇ ਨਵੇਂ ਨਿਯੁਕਤ ਹੋਏ ਪੰਜਾਬੀ ਮਾਸਟਰ ਦਲੀਪ ਕੁਮਾਰ ਭੰਡਾਰੀ ਵੱਲੋਂ ਪੰਜਾਬੀ ਵਾਲੀਆਂ ਤਿੰਨ-ਚਾਰ ਕਿਤਾਬਾਂ ’ਚੋਂ ਕਵਿਤਾਵਾਂ ਦੀ, ਕਹਾਣੀਆਂ ਤੇ ਲੇਖਾਂ ਦੀ ਤੇ ਵਿਆਕਰਣ ਦੀ ਅਤੇ ਇਕ ਨਾਵਲ ‘ਤੂਤਾਂ ਵਾਲਾ ਖੂਹ’ ਦੇ ਸ਼ਬਦਾਂ ਨੂੰ ਹੇਕ ਲਾ ਕੇ ਲੰਮੇ ਕਰਦਿਆਂ ਤੇ ਦੁਹਰਾ-ਦੁਹਰਾ ਕੇ ਬੋਲਦਿਆਂ ਸੁਣਿਆ ਤਾਂ ਦੋ ਕਹਾਣੀਆਂ ਪਹਿਲੀ ‘ਦੁੱਧ ਦਾ ਛੱਪੜ’ ਤੇ ਦੂਜੀ ‘ਮੈਨੂੰ ਟੈਗੋਰ ਬਣਾ ਦੇ ਮਾਂ’ ਮੇਰੇ ਮਨ-ਮਸਤਕ ਵਿਚ ਕੁਝ ਯਾਦਾਂ ਛੱਡ ਗਈਆਂ ਸਨ।
ਫਿਰ ਇਹ ਗੱਲ 1986_87 ਦੀ ਹੈ ਕਿ ਘਰ ਅੰਦਰ ਨਵੇਂ-ਨਵੇਂ ਆਏ ਟੈਲੀਵਿਜ਼ਨ ਨੂੰ ਹਰ ਰੋਜ਼ ਵੇਖਦਿਆਂ ਇਕ ਦਿਨ ਇਕ ਨਾਟਕ ਆਇਆ ਜਿਸ ਵਿਚ ਕਹਾਣੀ ‘ਦੁੱਧ ਦਾ ਛੱਪੜ’ ਵਾਲਾ ਸਾਰਾ ਕੁਝ ਵਿਖਾਇਆ ਤੇ ਸੁਣਾਇਆ ਗਿਆ ਸੀ। ਇਸ ਤਰ੍ਹਾਂ ਮੇਰੇ ਮਨ-ਮਸਤਕ ਅੰਦਰ ਇਹ ਕਹਾਣੀ ਚੰਗੀ ਤਰ੍ਹਾਂ ਯਾਦ ਹੋ ਗਈ। ਇਸ ਸਮੇਂ ਦੌਰਾਨ ਹੀ ਇਕ ਦਿਨ ਅਖ਼ਬਾਰ ਦੇ ਪੰਨੇ ਉੱਤੇ ਇਕ ਖ਼ਬਰ ਵਿਚ ‘ਦੁੱਧ ਦਾ ਛੱਪੜ’ ਕਹਾਣੀ ਦੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਮੌਤ ਹੋ ਗਈ ਵਾਲੀ ਜਾਣਕਾਰੀ ਪੜ੍ਹੀ ਤਾਂ ਮੇਰੇ ਮਨ ’ਚ ਝਟਪਟ ਵਿਚਾਰ ਆਇਆ ਕਿ ਮੇਰੇ ਅਗਵਾੜ ਵਿਚ ਵੀ ਬੰਦੇ ਮਰਦੇ ਨੇ, ਉਨ੍ਹਾਂ ਦੀ ਤਾਂ ਅਖ਼ਬਾਰ ’ਚ ਖ਼ਬਰ ਨਹੀਂ ਆਈ ਕਦੇ।
ਮੈਂ ਵੀ ਕੁਲਵੰਤ ਸਿੰਘ ਵਿਰਕ ਤਰ੍ਹਾਂ ਕਹਾਣੀ ਲਿਖਾਂਗਾ ਤਾਂ ਮੇਰੀ ਮੌਤ ਦੀ ਖ਼ਬਰ ਅਖ਼ਬਾਰ ’ਚ ਜ਼ਰੂਰ ਆਵੇਗੀ।’ ਮੈਂ, ਆਪਣੇ ਨਗਰ ਦੀ ਕਿਤਾਬਾਂ-ਕਾਪੀਆਂ ਵਾਲੀ ਦੁਕਾਨ ਤੋਂ ਆਪਣੇ ਘਰ ਲਈ ਅਤੇ ਆਪਣੇ ਨੌਕਰੀ ਵਾਲੇ ਸਕੂਲ ਵੱਲੋਂ ਖ਼ਰੀਦੇ ਸਾਮਾਨ ਨੂੰ ਲੈਣ ਵਾਸਤੇ ਜਾਂਦਾ ਰਹਿੰਦਾ ਸੀ। ਉਸ ਦੁਕਾਨ ਦੇ ਹੀ ਕਾਊਂਟਰ ਉੱਤੇ ਟਿਕਾਏ ਅਖ਼ਬਾਰਾਂ ’ਚੋਂ ਇਕ-ਇਕ ਕਰ ਕੇ ਵੱਖ-ਵੱਖ ਤਰ੍ਹਾਂ ਦੇ ਅਖ਼ਬਾਰ ਫ੍ਰੀ ਵਿਚ ਪੜ੍ਹਦਾ ਵੀ ਹੁੰਦਾ ਸੀ। ਕੁਲਵੰਤ ਸਿੰਘ ਵਿਰਕ ਦੀ ਮੌਤ ਦੀ ਖ਼ਬਰ ਤੋਂ ਕੁਝ ਕੁ ਦਿਨ ਬਾਅਦ ਹੀ ਦੁਕਾਨ ਵਾਲੇ ਨੂੰ ਮੈਂ ਕਿਹਾ, ‘ਕੁਲਵੰਤ ਸਿੰਘ ਵਿਰਕ ਦੀ ਕਹਾਣੀਆਂ ਵਾਲੀ ਕਿਤਾਬ ਲੈਣੀ ਆ?’
ਦੁਕਾਨਦਾਰ ਨੇ ਅੱਗੋਂ ਉੱਤਰ ਦਿੱਤਾ,‘ਓ ਤਾਂ ਜਲੰਧਰੋਂ ਲਿਆ ਕੇ ਦੇਵਾਂਗਾ। ਕੁਝ ਦਿਨ ਲੱਗ ਜਾਣਗੇ। ਤੂੰ ਹੁਣ ਐਨ੍ਹਾ ਕਿਤਾਬਾਂ ’ਚੋਂ ਲੈ ਜਾ ਕੋਈ?’ ਦੁਕਾਨਦਾਰ ਆਪਣੇ ਹੱਥ ਦੇ ਇਸ਼ਾਰੇ ਨਾਲ ਵੀ ਮੈਨੂੰ ਸਮਝਾ ਰਿਹਾ ਸੀ। ਮੈਂ ਕਿੰਨਾ ਚਿਰ ਉਨ੍ਹਾਂ ਕਿਤਾਬਾਂ ਨੂੰ ਉਲਟਾ ਪਲਟਾ ਕੇ ਵੇਖੀ ਜਾ ਰਿਹਾ ਸੀ ਕਿ ਦੁਕਾਨਦਾਰ ਮੇਰੇ ਕੋਲ ਆਇਆ ਤੇ ਉਸ ਨੇ ਆਪਣੇ ਹੱਥਾਂ ਨਾਲ ਇਕ ਕਿਤਾਬ ਚੁੱਕੀ ਅਤੇ ਮੈਨੂੰ ਫੜਾ ਕੇ ਬੋਲਿਆ, ‘ਓਨਾ ਚਿਰ ਆ ਪੜ੍ਹ ਲੈ।’ ਜੇਕਰ ਉਹ ਕਿਤਾਬਾਂ-ਕਾਪੀਆਂ ਵਾਲਾ ਦੁਕਾਨਦਾਰ ਕਹਿ ਦਿੰਦਾ ਕਿ ‘ਕੁਲਵੰਤ ਸਿੰਘ ਵਿਰਕ ਦੀ ਕਹਾਣੀਆਂ ਵਾਲੀ ਕਿਤਾਬ ਨਹੀਂ ਮੇਰੀ ਦੁਕਾਨ ’ਚ’ ਤਾਂ ਮੈਂ ਆਪਣੇ ਵੱਲੋਂ ਲਿਖਣ ਵਾਲੇ ਰਾਹ ਦਾ ਰਾਹੀ ਨਹੀਂ ਬਣਨਾ ਸੀ। ਹੋਇਆ ਇਸ ਤਰ੍ਹਾਂ ਕਿ ਮੈਨੂੰ ਆਪਣੇ ਨਗਰ ਦੇ ਪ੍ਰਸਿੱਧ ਨਾਂ ਪੱਬੀ ਕਿਤਾਬਾਂ ਵਾਲਾ, ਪੱਬੀ ਅਖਬਾਰਾਂ ਵਾਲੇ ਰਾਮ ਸਰੂਪ ਪੱਬੀ ਵੱਲੋਂ ਦਿੱਤੀ ਕਿਤਾਬ ਜਸਵੰਤ ਸਿੰਘ ਕੰਵਲ ਦਾ ਨਾਵਲ ‘ਪੂਰਨਮਾਸ਼ੀ’, ਜਿਸ ਨੂੰ ਪੜ੍ਹਦਿਆਂ ਮੈਂ ਰੋਟੀ-ਪਾਣੀ ਵੀ ਭੁੱਲ ਗਿਆ ਸੀ। ਰਾਮ ਸਰੂਪ ਪੱਬੀ ਨੇ ਨਾਮਵਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਪੁਸਤਕ ‘ਮੇਰੀਆਂ ਸਾਰੀਆਂ ਕਹਾਣੀਆਂ’ ਦੇ ਨਾਲ ‘ਸੰਤ ਸਿੰਘ ਸੇਖੋਂ ਦੀਆਂ ਚੋਣਵੀਆਂ ਕਹਾਣੀਆਂ’ ਵਾਲੀ ਕਿਤਾਬ ਵੀ ਲਿਆ ਕੇ ਮੈਨੂੰ ਦੇ ਦਿੱਤੀ ਸੀ।
ਇਸ ਤਰ੍ਹਾਂ ਉਹ ਦੋ ਕਿਤਾਬਾਂ ਇਕੱਠੀਆਂ ਵੇਚ ਕੇ ਵਪਾਰ ਦੇ ਨੁਕਤੇ ਤੋਂ ਦੁਕਾਨਦਾਰੀ ਕਰ ਗਏ ਪਰ ਮੈਨੂੰ ਦੋ ਕਹਾਣੀਕਾਰਾਂ ਦੀਆਂ ਵੱਖੋ ਵੱਖ ਕਹਾਣੀ ਕਲਾ ਦਾ ਗਿਆਨ ਵੀ ਦੇ ਗਏ। ਇਸ ਤਰ੍ਹਾਂ ਮੇਰੀ ਸਿਰਜਣਾ ਊਰਜਾ-ਭਰਪੂਰ ਹੋ ਕੇ ਚੱਲ ਸੋ ਚੱਲ ਚੱਲੀ ਕਿ ਮੈਂ, ਮੇਰੀ ਕਲਮ, ਕਾਗਜ਼ ਤੇ ਕਿਤਾਬ; ਅਸੀਂ ਇਕੱਠੇ ਹੀ ਚੱਲ ਰਹੇ ਹਾਂ। ਪਾਠਕ ਮੇਰੀ ਇਸ ਸਾਰੀ ਜਾਣਕਾਰੀ ’ਚੋਂ ਮੇਰੀ ਸਿਰਜਣਾਤਮਿਕ ਸ਼ਕਤੀ ਨੂੰ ਗਤੀਸ਼ੀਲ ਕਰਨ ਵਾਲੇ ਬਾਹਰੀ ਪ੍ਰੇਰਕਾਂ ਦੀ ਪਛਾਣ ਕਰ ਸਕਦੇ ਹਨ।
ਸਿਰਜਣਾ ਦੀ ਸ਼ਕਤੀ ਤਾਂ ਹਰੇਕ ਵਿਅਕਤੀ ’ਚ ਹੁੰਦੀ ਹੈ ਪਰ ਇਸ ਵਰਤਾਰੇ ਨੂੰ ਵਿਹਾਰਕ ਰੂਪ ਵਿਚ ਲਿਆਉਣ ਵਾਸਤੇ ਬਾਹਰੀ ਪ੍ਰੇਰਕਾਂ ਦਾ ਰੋਲ ਮੇਰੀ ਸਮਝ ਅਨੁਸਾਰ ਬਹੁਤ ਮਹੱਤਵਪੂਰਨ ਅਤੇ ਪਹਿਲਾ ਪੜਾਅ ਹੈ।
ਦੂਜੇ ਪੜਾਅ ਅਨੁਸਾਰ ਮੈਂ ਵੀ ਸੰਨ 1990 ਦੌਰਾਨ ਆਪਣੇ ਆਲੇ ਦੁਆਲੇ ਦੇ ਬਾਹਰੀ ਮਾਹੌਲ ’ਚੋਂ ਨਿੱਕੀਆਂ-ਨਿੱਕੀਆਂ ਕਹਾਣੀਆਂ ਲਿਖੀਆਂ ਤੇ ਸਿਰਜਣਾ ਦੇ ਤੀਜੇ ਪੜਾਅ ਵਿਚ ਪ੍ਰਵੇਸ਼ ਕਰਨ ਵਾਸਤੇ ਮੈਂ ਆਪਣੇ ਸਾਹਿਤਕ ਪੈਂਡੇ ਦੇ ਪਹਿਲੇ ਸਹਿਯੋਗੀ ਮਾਣਯੋਗ ਸੱਜਣ ਉਸ ਦੁਕਾਨਦਾਰ ਨੂੰ ਹੀ ਕਿਹਾ, ‘ਇਨ੍ਹਾਂ ਨੂੰ ਅਖ਼ਬਾਰਾਂ ਵਿਚ ਛਪਵਾ ਦਿਓ’ ਤਾਂ ਉਸ ਮਹਾਨ ਸ਼ਖਸੀਅਤ ਨੇ ਮੇਰੀਆਂ ਕਹਾਣੀਆਂ ਵੀ ਸਪਤਾਹਿਕ ਸਮਰਾਟ ਅਤੇ ‘ਅੱਜ ਦੀ ਆਵਾਜ਼’ ਤੇ ਹੋਰ ਅਖਬਾਰਾਂ ਵਿਚ ਛਪਵਾ ਦਿੱਤੀਆਂ ਸਨ। ਉਨ੍ਹਾਂ ਦਿਨਾਂ ਵਿਚ ਹੀ ਰਾਮ ਸਰੂਪ ਪੱਬੀ ਨੇ ਆਪਣੀ ਦੁਕਾਨ ਦੇ ਨੇੜੇ ਹੀ ਇਕ ਦੁਕਾਨਦਾਰ ਕੋਲ ਮੈਨੂੰ ਲਿਜਾ ਕੇ ਮਿਲਾਇਆ ਤਾਂ ਉੱਥੋਂ ਮੇਰੀ ਪਲੇਠੀ ਪੁਸਤਕ ਜੀਵਨੀ ਵਾਲੀ ਨੂੰ ਲਿਖਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ।
ਇਸ ਜੀਵਨੀ ਪੁਸਤਕ ਨੂੰ ਉਨ੍ਹਾਂ ਨੇ ਹੀ ਜਲੰਧਰ ਦੀ ਕਾਪੀਆਂ ਛਾਪਣ ਵਾਲੀ ਦੁਕਾਨ ਤੋਂ ਛਪਵਾ ਕੇ ਦਿੱਤਾ ਸੀ। ਮੇਰੀ ਸਿਰਜਣਾ ਦੇ ਇਸ ਕਾਰਜ ਨੇ ਮੈਨੂੰ ਚੌਥੇ ਪੜਾਅ ਭਾਵ ਲੇਖਕਾਂ-ਪਾਠਕਾਂ ਤੇ ਪਬਲਿਸ਼ਰਾਂ ਅਤੇ ਸਾਹਿਤ ਸਭਾਵਾਂ ਦੇ ਸੰਸਾਰ ਨਾਲ ਵੀ ਜੋੜ ਦਿੱਤਾ ਸੀ। ਜਿਸ ਦੀ ਬਦੌਲਤ ‘ਪੰਜਾਬੀ ਸਾਹਿਤ ਸਭਾ, ਧਰਮਕੋਟ’ ਅੰਦਰ ਵੀ ਮੈਂ ਦਾਖ਼ਲ ਹੋ ਗਿਆ ਸਾਂ।
ਹੁਣ ਮੈਂ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਰਾਤ ਲੰਘ ਗਈ’ ਦਾ ਖਰੜਾ ਤਿਆਰ ਕੀਤਾ ਤੇ ਨੇੜਲੇ ਵੱਡੇ ਸ਼ਹਿਰ ਮੋਗਾ ਦੇ ਬੱਸ ਅੱਡੇ ਅੰਦਰ ਕਿਤਾਬਾਂ ਵਾਲੇ ਸਟਾਲ ਵਾਲੇ ਭਾਈ ਕੋਲ ਲੈ ਗਿਆ ਸੀ ਕਿਉਂਕਿ, ਇਸ ਕਿਤਾਬਾਂ ਵਾਲੇ ਸਟਾਲ ਨੂੰ ਪਹਿਲਾਂ ਤੋਂ ਹੀ ਆਪਣੇ ਨਾਨਕੇ ਪਿੰਡ ਨੂੰ ਜਾਂਦਿਆਂ-ਆਉਂਦਿਆਂ ਸ਼ਹਿਰ ਮੋਗਾ ਦੇ ਬੱਸ ਅੱਡੇ ਵਿੱਚੋਂ ਲੰਘਦਿਆਂ ਮੈਂ ਵੇਖਿਆ ਹੋਇਆ ਸੀ। ਇਸ ਕਰਕੇ ਦਿਮਾਗ਼ ਵਿਚ ਉੱਥੇ ਵੇਖੀਆਂ ਕਿਤਾਬਾਂ ਵਰਗੀ ਕਿਤਾਬ ਬਣਾਉਣ ਦਾ ਫੁਰਨਾ ਫੁਰਿਆ ਸੀ ਮੈਨੂੰ। ਇਸ ਕਰਕੇ ਉਸ ਕੋਲ ਚਲਾ ਗਿਆ ਸੀ। ਤੇ ਉਸ ਬੁੱਕ ਸਟਾਲ ਵਾਲੇ ਗਿਆਨੀ ਪਿ੍ਰਤਪਾਲ ਸਿੰਘ ਨੇ ਆਪਣੇ ‘ਸਮਰਾਟ ਪਬਲਿਸ਼ਰ, ਮੋਗਾ’ ਵੱਲੋਂ ਮੇਰਾ ਪਲੇਠਾ ਕਹਾਣੀ ਸੰਗ੍ਰਹਿ ‘ਰਾਤ ਲੰਘ ਗਈ’ ਪ੍ਰਕਾਸ਼ਿਤ ਕਰ ਕੇ ਸਾਲ 1992 ਦੀ ਦੀਵਾਲੀ ਤੋਂ ਬਾਅਦ ਮੈਨੂੰ ਦੇ ਦਿੱਤਾ ਸੀ। ਮੈਨੂੰ ਇਸ ਕਹਾਣੀ ਸੰਗ੍ਰਹਿ ਨੇ ਬਹੁਤ ਸਾਰੇ ਸਾਹਿਤਕ ਸਮਾਗਮਾਂ ਤੇ ਸਾਹਿਤਕਾਰਾਂ ਨਾਲ ਮਿਲਾਉਣ ਦਾ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਜਿਵੇਂ, ਸਨਮਾਨਿਤ ਵੱਡੀ ਕਹਾਣੀਕਾਰਾ ਬਚਿੰਤ ਕੌਰ ਨੇ ਹੌਸਲਾ-ਅਫਜ਼ਾਈ ਦੀ ਚਿੱਠੀ ਮੈਨੂੰ ਭੇਜੀ ਸੀ। ਇਸ ਕਰਕੇ ਮੇਰੀ ਸਾਹਿਤਕ ਸਿਰਜਣਾ ਜਿਸ ਜਰੀਏ ਮੈਂ ਆਪਣੇ ਨਾ-ਪੜ੍ਹਨ ਤੇ ਨਾ-ਲਿਖਣ ਵਾਲੇ ਪਰਿਵਾਰ ਤੇ ਸ਼ਰੀਕੇ ਕਬੀਲੇ ਅਤੇ ਰਿਸ਼ਤੇਦਾਰਾਂ ਦੀ ਮਿਸਤਰੀਪੁਣੇ ਦੇ ਵੱਖ-ਵੱਖ ਕੰਮਾਂ ਦੀ ਆਪਣੇ ਆਪ ਤਕ ਸੀਮਤ ਤੇ ਖ਼ੁਸ਼ਕ ਜਿਹੀ ਦੁਨੀਆ ਦੇ ਸੰਸਾਰ ਤੋਂ ਬਾਹਰ ਇਕ ਸਾਹਿਤਕ ਸੰਸਾਰ ਵਿਚ ਇਕ ਵਿਲੱਖਣ ਕਿਸਮ ਦੀ ਦੁਨੀਆ ਨਾਲ ਵਾਹ ਵਾਸਤਾ ਪਾ ਸਕਿਆ ਹਾਂ। ਇਸ ’ਚੋਂ ਮੈਨੂੰ ‘ਲਿਖਣ ਨਾਲੋਂ ਵੀ ਬਹੁਤ ਜ਼ਿਆਦਾ ਪੜ੍ਹਨਾ ਚਾਹੀਦਾ ...’ ਦੀ ਪਹਿਲੀ ਸਿੱਖਿਆ ਤੇ ‘ਪਾਲ ਸਿੰਘ ਮਹਿਰੋਂ ਟਰੱਸਟ ਯਾਦਗਾਰੀ ਲਾਇਬ੍ਰੇਰੀ’ ਮੋਗਾ ਅੰਦਰੋਂ ਆਪਣੇ ਹੱਥੀਂ ਪੁਸਤਕਾਂ ਦੇਣ ਵਾਲੀ ਵੱਡੀ ਸ਼ਖ਼ਸੀਅਤ ਗ਼ਜ਼ਲਗੋ ਮਹਿੰਦਰ ਸਾਥੀ ਜੀ ਦੀ ਮਿਲੀ ਤੇ ਇਹ ਸ਼ਖ਼ਸੀਅਤ ਆਪਣੇ ਸਰੀਰਕ ਵਿਛੋੜੇ ਤਕ ਸਹਿਯੋਗੀ ਹੀ ਰਹੀ। ਇਸ ਪੱਧਰ ਤੋਂ ਹੇਠਲੇ ਪੱਧਰ ਦੀਆਂ ਹੋਰ ਬਹੁਤ ਸਾਰੀਆਂ ਸਤਿਕਾਰਤ ਸ਼ਖ਼ਸੀਅਤਾਂ ਦਾ ਸਾਥ ਵੀ ਮੇਰੇ ਨਾਲ-ਨਾਲ ਹੈ।
ਮੇਰੀ ਸਾਹਿਤਕ ਸਿਰਜਣਾ ਦਾ ਸਿਲਸਿਲਾ ਜਾਰੀ ਰਿਹਾ ਤਾਂ ਮੈਂ ਸਾਲ 1997 ਵਿਚ ਭਾਈ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਜੀ ਦੇ ਅਸ਼ੀਰਵਾਦ ਵਰਗੇ ਸਹਿਯੋਗ ਦੀ ਬਦੌਲਤ ਹੀ ਉਨ੍ਹਾਂ ਦੇ ਪ੍ਰਕਾਸ਼ਨ ‘ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ’ ਵੱਲੋਂ ਆਪਣੇ ਪਲੇਠੇ ਸੰਪਾਦਿਤ ਕਹਾਣੀ ਸੰਗ੍ਰਹਿ ‘ਕਲਮ ਤੇ ਕਹਾਣੀ’ ਜ਼ਰੀਏ ਆਪਣੇ ਸਮਕਾਲੀ ਕਹਾਣੀਕਾਰਾਂ ਤੇ ਉਨ੍ਹਾਂ ਦੀਆਂ ਕਹਾਣੀਆਂ ਨਾਲ ਜੁੜ ਕੇ ਆਪਣੀ ਸਿਰਜਣਾ ਨੂੰ ਹੋਰ ਵਿਸ਼ਾਲ ਕਰ ਸਕਿਆ ਹਾਂ।
ਫਿਰ ਮੈਂ ਕਹਾਣੀ ਸੰਗ੍ਰਹਿ ‘ਟਿੱਬਿਆਂ ਦੀ ਜੂਨ’ ਸਾਲ 2003 ’ਚ ਪ੍ਰਕਾਸ਼ਿਤ ਕਰਵਾਇਆ। ਮੈਨੂੰ ਇਸ ਕਹਾਣੀ ਸੰਗ੍ਰਹਿ ਨੇ ਬਹੁਤ ਵਧੀਆ ਸਾਹਿਤਕਾਰਾਂ ਨਾਲ ਮਿਲਾਉਣ ਦਾ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਸਾਲ 2015 ਵਿਚ ‘ਔਲੇ ਦਾ ਬੂਟਾ’ ਸਮੇਂ ਮੈਂ ਚਾਹੁੰਦਾ ਸਾਂ ਕਿ ਇਸ ਪੁਸਤਕ ਦੀ ਭੂਮਿਕਾ ਜਾਂ ਮੁੱਖ ਬੰਦ ਮੇਰੇ ਦੂਜੇ ਕਹਾਣੀ ਸੰਗ੍ਰਹਿ ਦੀ ਤਰ੍ਹਾਂ ਹੋਵੇ ਪਰ ਮੈਨੂੰ ਸੁਝਾਅ ਮਿਲੇ ਕਿ ‘ਖ਼ੁਦ ਹੀ ਆਪਣੀ ਕਹਾਣੀ ਸਿਰਜਣਾ ਬਾਰੇ ਗੱਲਾਂ ਲਿਖ ਕੇ ਪੇਸ਼ ਕਰਨੀਆਂ ਚਾਹੀਦੀਆਂ ਹਨ।’ ਸੋ, ਮੇਰੇ ਮਨ ਨੂੰ ਸੁਝਾਅ ਸਹੀ ਲੱਗ ਗਿਆ ਸੀ। ਸੋ, ਮੈਂ ਵੀ ਪੰਜਾਬੀ ਕਹਾਣੀ ਦੇ ਲੇਖਕਾਂ ਤੇ ਪਾਠਕਾਂ ਅਤੇ ਆਲੋਚਕਾਂ ਦੇ ਰਿਸ਼ਤੇ ਵਾਲੇ ਭਾਵ ਜੋ ਨੇ ਉਸ ਨੂੰ ਲੈ ਕੇ ਇਕ ਲੰਮੀ ਭੂਮਿਕਾ ਲਿਖੀ ਤੇ ਆਪਣੇ ਕਹਾਣੀ ਸੰਗ੍ਰਹਿ ‘ਔਲੇ ਦਾ ਬੂਟਾ’ ’ਚ ਦਰਜ ਕਰ ਦਿੱਤੀ ਸੀ।
ਸਾਲ 2020 ਆ ਗਿਆ। ਮੇਰੀ ਸਿਰਜਣਾ ਇਕੱਤੀ ਵਰ੍ਹਿਆਂ ਦਾ ਸਾਹਿਤਕ ਸਫ਼ਰ ਕਰਦਿਆਂ ਆਪਣੀ ਮੰਜ਼ਿਲ ਪ੍ਰਾਪਤੀ ਵਾਸਤੇ ਬਾਬੇ ਨਾਨਕ ਦਾ ਉਪਦੇਸ਼ ‘ਸਹਿਜ ਪਕੇ ਸੋ ਮੀਠਾ ਹੋਇ’ ਮਨ ਅੰਦਰ ਵਸਾ ਕੇ ਚੱਲੀ ਜਾ ਰਹੀ ਹੈ, ਮਹਿਸੂਸ ਹੋਇਆ ਸੀ ਕਿਉਂਕਿ! ਮੈਂ ਕਹਾਣੀ ਸਿਰਜੀ ਤੇ ਅਖਬਾਰ ਜਾਂ ਪੱਤਰਕਾ ਨੂੰ ‘ਛਪਣਯੋਗ ਲੱਗੇ ਤਾਂ ਛਾਪਣੀ’ ਬੇਨਤੀ ਲਿਖ ਕੇ ਭੇਜ ਦਿੰਦਾ ਸਾਂ। ਕਈ ਸੰਪਾਦਕਾਂ ਨੇ ਕਈ ਕਹਾਣੀਆਂ ਵਾਪਸ ਮੈਨੂੰ ਭੇਜੀਆਂ ਪਰ ਮੈਂ, ਉਸ ਸੰਪਾਦਕ ਨੂੰ ਮੁੜ ਦੁਬਾਰਾ ਬੇਨਤੀ ਨਹੀਂ ਸੀ ਕਰਦਾ। ਸੰਪਾਦਕ ਤੋਂ ਕਹਾਣੀ ਛਪਵਾਉਣ ਵਾਸਤੇ ਕਿਸੇ ਵੱਡੇ ਲੇਖਕ ਦੀ ਸਿਫਾਰਿਸ਼ ਤਾਂ ਅੱਜ ਤਕ ਨਹੀਂ ਕਰਵਾਈ ।
ਸਾਲ 2021 ਵਿਚ ਆਪਣੇ ਪਹਿਲੇ ਤਿੰਨ ਕਹਾਣੀ ਸੰਗ੍ਰਹਿ ਮੁੜ ਦੁਬਾਰਾ ਨਵੇਂ ਚੌਥੇ ਕਹਾਣੀ ਸੰਗ੍ਰਹਿ ਦੇ ਨਾਲ ਹੀ ਪ੍ਰਕਾਸ਼ਿਤ ਕਰਨ ਦੇ ਮੇਰੇ ਕੁਝ ਕਾਰਨ ਸਨ। ਮੁੱਖ ਕਾਰਨ ਮੇਰੇ ਪਰਿਵਾਰ ਦਾ ਮੇਰੀ ਸਿਰਜਣਾ ਨਾਲ ਨਾ ਜੁੜੇ ਹੋਣਾ ਹੈ। ਦੂਜਾ, ਆਪਣੇ ਪਾਠਕਾਂ ਦੀਆਂ ਚਿੱਠੀਆਂ ਦੀ ਪੱਕੀ ਸਾਂਭ-ਸੰਭਾਲ ਤੇ ਨਵੇਂ ਪਾਠਕਾਂ ਦੇ ਸਨਮੁੱਖ ਕਰਨ ਦਾ ਹੈ। ਇਸ ਤੋਂ ਇਲਾਵਾ ਮੈਂ, ਚੌਥੇ ਕਹਾਣੀ ਸੰਗ੍ਰਹਿ ‘ਇੱਥੋਂ ਸੂਰਜ ਦਿੱਸਦਾ ਹੈ’ ਅੰਦਰ ‘ਕਥਾ- ਪੈਂਡਾ’ ਸਿਰਲੇਖ ਅਧੀਨ ਪਹਿਲੇ ਤੋਂ ਚੌਥੇ ਕਹਾਣੀ ਸੰਗ੍ਰਹਿ ਤਕ ਆਪਣੀ ਮੌਲਿਕ ਕਹਾਣੀ ਦੀ ਸਿਰਜਣਾ ਦਾ ਸਫ਼ਰ ਵੀ ਸੰਖੇਪ ਵਿਚ ਪਾਠਕਾਂ ਨੂੰ ਪਰੋਸਿਆ ਹੈ।
ਇਸ ’ਚੋਂ ਦੋ ਮਿਸਾਲਾਂ ਇੱਥੇ ਵੀ ਪੜ੍ਹੋ: -ਮੈਂ, ਕਹਾਣੀ ‘ਅੰਨ ਦਾਤਾ’ ਜੋ ਉਦੋਂ ਖ਼ੁਦਕੁਸ਼ੀ ਕਰਦਾ ਸੀ ਨੂੰ ਸਾਲ 2000 ਸਮੇਂ ਸਿਰਜਿਆ ਸੀ। ਤੇ ਹੁਣ 21 ਵਰ੍ਹਿਆਂ ਦੇ ਬਾਅਦ ਉਸ ‘ਅੰਨ ਦਾਤਾ’ ਦਾ ਦੂਜਾ ਰੂਪ ਕਹਾਣੀ ‘ਦਿੱਲੀ ਵਾਇਆ ਸਿੰਘੂ ਬਾਡਰ’ ਜੋ ਹੁਣ ਸੰਘਰਸ਼ ਕਰਦਾ ਹੈ ਜ਼ਰੀਏ ਸਿਰਜਿਆ ਹੈ। ਇੱਕੀਵੀਂ ਸਦੀ ਦੇ ਦੂਜੇ ਦਹਾਕੇ ਦੇ ਸਰਵਪੱਖੀ ਜੀਵਨ ਅੰਦਰ ਵਾਪਰਿਆ ਵੱਖ-ਵੱਖ ਕਿਸਮਾਂ ਦਾ ਵਰਤਾਰਾ ਜੋ ਕਹਾਣੀ ਸੰਗ੍ਰਹਿ ‘ਇੱਥੋਂ ਸੂਰਜ ਦਿੱਸਦਾ ਹੈ’ ਦੀਆਂ ਸੱਤ ਕਹਾਣੀਆਂ ਜ਼ਰੀਏ ਪੇਸ਼ ਹੋਇਆ। ਇੱਥੇ ਮੈਂ, ਇਸ ਚੌਥੇ ਕਹਾਣੀ ਸੰਗ੍ਰਹਿ ਦੇ ਸਮਰਪਿਤ ਸ਼ਬਦ ‘ਬਾਬਾ ਫ਼ਰੀਦ ਜੀ ਦਾ ਸਲੋਕ ਹੈ : ਫਰੀਦਾ ਡੁਖਾ ਸੇਤੀ ਦਿਹੁ ਗਿਆ, ਸੂਲਾਂ ਸੇਤੀ ਰਾਤਿ। ਖੜਾ ਪੁਕਾਰੇ ਪਾਤਣੀ, ਬੇੜਾ ਕਾਪਰ ਵਾਤਿ।। ਭਾਵ ਅਰਥ : ਦਿਨ ਦੁੱਖਾਂ ਵਿਚ ਲੰਘਦਾ ਹੈ ਅਤੇ ਰਾਤ ਨੂੰ ਵੀ ਦੁੱਖਾਂ ਦੀਆਂ ਸੂਲਾਂ ਚੁੱਭਦੀਆਂ ਹਨ। ਕੰਢੇ ਉੱਤੇ ਖੜ੍ਹਾ ਮਲਾਹ ਪੁਕਾਰ ਰਿਹਾ ਹੈ ਕਿ ਬੇੜਾ ਤੂਫ਼ਾਨ ਦਾ ਸਾਹਮਣਾ ਕਰ ਰਿਹਾ ਹੈ। ਖ਼ੁਦਕੁਸ਼ੀਆਂ ਤੋਂ ਸੰਘਰਸ਼ ਵੱਲ ਵਧਦੇ ਕਿਸਾਨਾਂ, ਮਜ਼ਦੂਰਾਂ ਨੂੰ ਵੀ ਰੂ-ਬ-ਰੂ ਕਰਕੇ ਆਪਣੀ ਸਮੀਖਿਆ ਨੂੰ ਸਮਝਣ ਦਾ ਵੇਰਵਾ ਦੇ ਰਿਹਾ ਹਾਂ।
‘ਮੈਂ ਤੇ ਮੇਰੀ ਸਿਰਜਣਾ’ ਦੇ ਜੋ ਅੰਦਰੂਨੀ ਪੜਾਅ ਹਨ ਬਾਰੇ ਸੰਕੇਤ ਰੂਪ ਵਿਚ ਕੁਝ ਵੇਰਵਾ ਉਪਰ ਪੇਸ਼ ਲਿਖਤ ਦੇ ਸ਼ੁਰੂ ਦੇ ’ਚ ਲਿਖਿਆ ਹੈ। ਕੁਝ ਹੋਰ ਵੀ ਹੈ ’ਚੋਂ, ‘ਮੈਨੂੰ ਟੈਗੋਰ ਬਣਾ ਦੇ ਮਾਂ’ ਦੇ ਪਾਤਰ ਬਦਰੂ ਦੀ ਗ਼ਰੀਬੀ, ਲਾਚਾਰੀ ਅਤੇ ਭੱਠੇ ਨਾਲ ਸਬੰਧਿਤ ਮਿਹਨਤ-ਮਜ਼ਦੂਰੀ ਵਰਗਾ ਕੁਝ ਕੁ ਮੇਰੇ ਘਰ ਤੇ ਆਲੇ-ਦੁਆਲੇ ਉਦੋਂ ਸੀ। ‘ਪੂਰਨਮਾਸ਼ੀ’ ਦਾ ਪਿੰਡ, ਕੁਝ ਕੁ ਮੇਰਾ ਨਾਨਕਾ ਪਿੰਡ ਸੀ। ਇਸ ਨਾਵਲ ਦੇ ਮੇਲੇ ਵਰਗਾ ਤਾਂ ਮਾਘੀ-ਮੇਲਾ ਧਰਮਕੋਟ ਹੀ ਸੀ। ਫਿਰ ਪੁਸਤਕਾਂ ਪੜ੍ਹਦਿਆਂ-ਪੜ੍ਹਦਿਆਂ ਪੜਾਅ ਆਇਆ ਕਿ ਵਿਸ਼ੇਸ਼ ਪ੍ਰਭਾਵ ਪ੍ਰੋ. ਗੁਰਦਿਆਲ ਸਿੰਘ ਦੇ ਨਾਵਲਾਂ ਤੇ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਅਤੇ ਇਨ੍ਹਾਂ ਉਪਰ ਆਲੋਚਨਾ ਪੁਸਤਕਾਂ ਦਾ ਮੇਰੀ ਸਿਰਜਣਾ ਉਤੇ ਅਚੇਤ ਹੀ ਪਿਆ ਪਰ ਇਸ ਅਚੇਤ ਦੇ ਪਿੱਛੇ ਮੇਰੀ ਸ਼ਖ਼ਸੀਅਤ ਨੂੰ ਫੜਿਆ ਜਾ ਸਕਦਾ ਹੈ। ਮੇਰੇ ਆਲੇ-ਦੁਆਲੇ ਨੂੰ ਘੋਖਿਆ ਜਾ ਸਕਦਾ ਹੈ। ਮੈਂ ਆਪਣੇ ਸਮਕਾਲ ਨੂੰ ਸੰਬੋਧਨ ਹੋ ਕੇ ਮੌਲਿਕ ਕਹਾਣੀ ਦੀ ਸਿਰਜਣਾ ਕਰਨ ਨੂੰ ਪਹਿਲ ਦਿੰਦਾ ਹਾਂ।
ਅੰਤ ਵਿਚ ਗਲਪਕਾਰ ਗੁਰਬਚਨ ਸਿੰਘ ਭੁੱਲਰ ਦੇ ਸ਼ਬਦ, ‘ਜੋ ਕੁਛ ਮੈਂ ਕਾਲੇ ਇਲਮ ਬਾਰੇ ਸੁਣਿਆ ਹੈ ਤੇ ਜੋ ਕੁਛ ਆਪਣੇ ਰਚਣਈ ਅਨੁਭਵ ਤੋਂ ਜਾਣਿਆ ਅਨੁਸਾਰ ਜਦੋਂ ਮੈਂ ਮਨ ਵਿਚ ਸਿਰਜੀ ਜਾ ਚੁੱਕੀ ਕਹਾਣੀ ਮੁਕੰਮਲ ਇਕਾਂਤ ਤੇ ਖ਼ਾਮੋਸ਼ੀ ਵਿਚ ਲਿਖਣ ਬੈਠਦਾ ਹਾਂ, ਨਾਟਕੀ ਮੰਚ ਵਾਂਗ ਸਾਰੇ ਪਾਤਰ ਆਪਣੀ ਆਪਣੀ ਭੂਮਿਕਾ ਅਨੁਸਾਰ ਪ੍ਰਗਟ ਹੁੰਦੇ ਤੇ ਲੋਪ ਹੁੰਦੇ ਦੇਖਦਾ ਹਾਂ। ਇਉਂ ਹੀ ਸਭ ਘਟਨਾਵਾਂ ਸਾਹਮਣੇ ਵਾਪਰਦੀਆਂ ਮਹਿਸੂਸ ਕਰਦਾ ਹਾਂ। ਜੇ ਉਦੋਂ ਘਰਦੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾ ਦੇਣ ਤਾਂ ਉਦੋਂ ਨਾਟਕੀ ਮੰਚ ਵਰਗਾ ਸੰਸਾਰ ਇਕ ਛਿਣ ਵਿਚ ਲੋਪ ਹੋ ਜਾਂਦਾ ਹੈ।’
ਗੁਰਬਚਨ ਸਿੰਘ ਭੁੱਲਰ ਜੀ ਵਾਂਗ ਹੀ ਮੈਂ ਵੀ ਹਨੇਰੇ ਅੰਦਰ ਆਪਣੀ ਸਿਰਜਣਾ ਬਾਰੇ ਸੋਚਦਾ, ਚਿਤਵਦਾ ਤੇ ਕਲਪਨਾ ਕਰਦਾ ਹਾਂ। ਜੀਵਨ-ਦਿ੍ਰਸ਼ਟੀ, ਕਥਾ-ਦਿ੍ਰਸ਼ਟੀ ਅਤੇ ਕਥਾ-ਵਸਤੂ, ਕਥਾ-ਸੰਗਠਨ ਤੇ ਕਹਾਣੀਕਾਰ ਵੱਲੋਂ ਘਟਨਾਵਾਂ, ਪਾਤਰਾਂ ਅਤੇ ਗਲਪ-ਭਾਸ਼ਾ ਵਿੱਚੋਂ ਲੰਘਦਿਆਂ ਸਿਰਜਣਾ ਦਾ ਸਫ਼ਰ ਤੈਅ ਹੁੰਦਾ ਹੈ ਪਰ ਪਾਠਕਾਂ ਨੂੰ ਤਾਂ ਸਿਰਫ਼ ਸਿਰਜਣਾ ਦਾ ਨਮੂਨਾ ਭਾਵ ਕਵਿਤਾ, ਕਹਾਣੀ ਤੇ ਨਾਵਲ ਆਦਿ ਨਾਲ ਮਤਲਬ ਹੁੰਦਾ ਹੈ।
ਸਿਰਜਣਾ ਵਾਸਤੇ ਲੋੜੀਂਦੀ ਰਚਨਾ-ਪ੍ਰਕਿਰਿਆ ਬਾਰੇ ਵਰਿਆਮ ਸਿੰਘ ਸੰਧੂ ਦੇ ਸ਼ਬਦ ਉਲੇਖਯੋਗ ਹਨ : ਮੇਰੀਆਂ ਕਹਾਣੀਆਂ ਵਿਚ ਵਕਤਾ ਦੇ ਦੂਰ ਪਿੱਛੇ ਲੇਖਕ ਦੇ ਖੜੋਤੇ ਹੋਣ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਉਹ ‘ਇਕ ਪਾਸੇ ਖੜੋਤਾ’ ਹੈ ਅਤੇ ਕਹਾਣੀ ਦੇ ‘ਪਾਤਰਾਂ’ ਨਾਲ ਉਸ ਦਾ ਕੋਈ ਸਰੋਕਾਰ ਹੀ ਨਹੀਂ। ਅਸਲ ਵਿਚ ਸਮੁੱਚੀ ਕਹਾਣੀ ਨੂੰ ਸੰਜੋਦਿਆਂ, ਕੱਟ-ਛਾਂਗ ਕਰਦਿਆਂ, ਅੱਗਾ- ਪਿੱਛਾ ਸਿਰਜਦਿਆਂ, ਪਾਤਰਾਂ, ਸਥਿਤੀਆਂ ਤੇ ਘਟਨਾਵਾਂ ਦੇ ਵਿਰੋਧਾਂ ਨੂੰ ਟਕਰਾਉਂਦਿਆਂ ਦਿਖਾਉਣ ਪਿੱਛੇ ਜਾਂ ਉਨ੍ਹਾਂ ਵਿੱਚੋਂ ਵਿਸ਼ੇਸ਼ ਪਰ ਸਹਿਜ ਅਰਥ ਉਜਾਗਰ ਕਰਨ ਪਿੱਛੇ ਲੇਖਕ ਦੀ ਦਿ੍ਰਸ਼ਟੀ ਅਤੇ ਉਸ ਦਾ ਆਪਾ ਹੀ ਕੰਮ ਕਰ ਰਹੇ ਹੁੰਦੇ ਹਨ। ‘ਮੈਂ ਤੇ ਮੇਰੀ ਸਿਰਜਣਾ ਖਾਸ ਕਰਕੇ, ਵਰਿਆਮ ਸਿੰਘ ਸੰਧੂ ਤੇ ਗੁਰਦਿਆਲ ਸਿੰਘ ਅਤੇ ਡਾਕਟਰ ਬਲਦੇਵ ਸਿੰਘ ਧਾਲੀਵਾਲ ਦੀ ਸਾਹਿਤਕ - ਸਮਝ ਤੋਂ ਸੇਧ ਲੈਂਦਿਆਂ ਅਤੇ ਬਾਕੀ ਤਤਕਾਲੀ ਤੇ ਸਮਕਾਲੀ ਸਾਹਿਤਕਾਰਾਂ ਦੀਆਂ ਲਿਖਤਾਂ ਨੂੰ ਪੜ੍ਹਨ ਤੇ ਸਮਝਣ ਲਈ ਉਨ੍ਹਾਂ ਲਿਖਤਾਂ ਦੇ ਅੰਦਰਲੇ ਤੇ ਬਾਹਰਲੇ ਸੰਸਾਰ ਦੀ ਮਾਨਸਿਕ-ਯਾਤਰਾ ਕਰ ਰਹੀ ਹੈ।
ਲੇਖਕ ਵੱਲੋਂ ਸਿਰਜਣਾ ਕਰਨੀ ਦਿਲਚਸਪ ਵਰਤਾਰਾ ਹੈ। ਉਹ ਆਪਣੇ ਮਨ ’ਚ ਸੋਚੇ, ਚਿਤਵੇ ਹੋਏ ਨੂੰ ਸਿਰਜਣਾ ਦੇ ਸਰੂਪ ’ਚ ਢਾਲ ਕੇ ਕਾਗ਼ਜ਼ ਉਤੇ ਸੰਭਾਲ ਦਿੰਦਾ ਹੈ। ਅਜਿਹੇ ਕਾਗ਼ਜ਼ ਨੂੰ ਅਗਲੇ ਪੜਾਅ ਵਿਚ ਵਿਚਰਦੇ ਪਾਠਕ ਪੜ੍ਹਦੇ ਹਨ ਤੇ ਉਹ ਵੀ ਲੇਖਕ ਦੀ ਸਿਰਜਣਾ ਦੀ ਮੁੜ ਸਿਰਜਣਾ ਆਪਣੇ ਆਪਣੇ ਜੀਵਨ ਸੰਸਾਰ ਨਾਲ ਵੀ ਜੋੜ ਕੇ ਪ੍ਰਾਪਤ ਕਰਦੇ ਹਨ। ਕਈ ਵਾਰ ਲੇਖਕ ਤੇ ਪਾਠਕ ਦੀ ਸਿਰਜਣਾ ਰਲ-ਮਿਲ ਵੀ ਜਾਂਦੀ ਹੈ।
- ਜਸਬੀਰ ਕਲਸੀ ਧਰਮਕੋਟ