'ਇਸ਼ਕ ਮਲੰਗੀ' ਖ਼ਾਲਿਦ ਹੁਸੈਨ ਦਾ ਨਵਾਂ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਤੇ ਜੇਹਲਮ ਵਗਦਾ ਰਿਹਾ', 'ਗੋਰੀ ਫ਼ਸਲ ਦੇ ਸੌਦਾਗਰ', 'ਡੂੰਘੇ ਪਾਣੀਆਂ ਦਾ ਦੁੱਖ', 'ਬਲਦੀ ਬਰਫ਼ ਦਾ ਸੇਕ' ਅਤੇ 'ਸੂਲਾਂ ਦਾ ਸਾਲਣ' ਨਾਲ ਪੰਜਾਬੀ ਕਹਾਣੀ ਜਗਤ 'ਚ ਆਪਣੇ ਆਪ ਨੂੰ ਸਥਾਪਤ ਕਰ ਚੁੱਕਾ ਹੈ। ਉਹ ਆਪਣੀ ਕਹਾਣੀ ਸਿਰਜਣ ਪ੍ਰਕਿਰਿਆ ਬਾਰੇ ਬੜਾ ਸੁਚੇਤ ਹੈ। ਉਹ ਕਹਾਣੀ ਬਾਰੇ ਕਈ ਵੱਡੇ ਲੇਖਕਾਂ, ਚਿੰਤਕਾਂ ਤੇ ਦਾਰਸ਼ਨਿਕਾਂ ਦੇ ਵਿਚਾਰਾਂ ਤੋਂ ਵੀ ਜਾਣੂ ਹੈ ਜਿਵੇਂ ਜੇਮਜ਼ਲਿੰਨ ਨੇ ਕਿਹਾ ਕਿ ਕਹਾਣੀ ਕਿਸੇ ਇਕ ਪਾਤਰ, ਇਕ ਘਟਨਾ ਜਾਂ ਕਿਸੇ ਜਜ਼ਬੇ ਨੂੰ ਪੇਸ਼ ਕਰਨ ਦਾ ਨਾਂ ਹੈ। ਲਾਰਿਸ ਨੇ ਕਿਹਾ ਕਿ ਅਜਿਹੀਆਂ ਕਹਾਣੀਆਂ ਲਿਖੋ ਜਿਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਦੇ ਜਿਣਸੀ ਜਜ਼ਬੇ ਨੂੰ ਸਕੂਨ ਮਿਲੇ। ਫਰਾਇਡ ਨੇ ਕਿਹਾ ਕਿ ਕਹਾਣੀ 'ਚ ਮਨੁੱਖੀ ਵਜੂਦ, ਮਨੋਵਿਗਿਆਨ ਤੇ ਕਾਮ ਦੀ ਗੱਲ ਕਰਨੀ ਚਾਹੀਦੀ ਹੈ।

ਵਰਜੀਨੀਆ ਵੁਲਫ ਦਾ ਕਹਿਣਾ ਹੈ ਕਿ ਜੀਵਨ ਚਾਨਣ ਦਾ ਅਜਿਹਾ ਸਰੋਵਰ ਹੈ, ਜਿਸ 'ਚ ਗਿਆਨ ਤੇ ਅਕਲ ਦੇ ਚਸ਼ਮੇ ਉੱਭਰਦੇ ਹਨ। ਮਾਰਕਸ ਨੇ ਆਰਥਿਕ ਲੋੜਾਂ 'ਤੇ ਕਾਬੂ ਪਾਉਣ ਤੇ ਗ਼ਰੀਬੀ ਦੇ ਮਸਲਿਆਂ ਨੂੰ ਸੁਲਝਾਉਣ ਦੀ ਬਾਤ ਪਾਈ। ਖ਼ਾਲਿਦ ਹੁਸੈਨ ਮੋਪਾਸਾਂ, ਸਾਰਤਰ, ਚੈਖ਼ਵ, ਓ. ਹੈਨਰੀ, ਸਮਰਸੈਟ ਮਾਮ, ਪੁਸ਼ਕਿਨ, ਪ੍ਰੇਮ ਚੰਦ, ਟੈਗੋਰ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਬਲਵੰਤ ਸਿੰਘ, ਸਆਦਤ ਹਸਨ ਮੰਟੋ ਤੋਂ ਵੀ ਪ੍ਰਭਾਵਿਤ ਹੋਇਆ ਪਰ ਅਸਲ 'ਚ ਉਹ ਆਪਣਾ ਮੁਰਸ਼ਦ ਸਾਈਂ ਬੁੱਲ੍ਹੇ ਸ਼ਾਹ ਨੂੰ ਮੰਨਦਾ ਹੈ;

ਇਲਮੋਂ ਬੱਸ ਕਰੀਂ ਓ ਯਾਰ

ਇਕ ਅਲਫ਼ ਤੇਰੇ ਦਰਕਾਰ

'ਇਸ਼ਕ ਮਲੰਗੀ' 'ਚ ਕੁੱਲ ਬਾਈ ਕਹਾਣੀਆਂ ਹਨ। ਇਨ੍ਹਾਂ ਦੇ ਵੱਥ/ਵਸਤੂ ਅਤੇ ਰੂਪ ਦੀ ਇਕਜੁੱਟਤਾ 'ਚੋਂ ਕਈ ਵਰਗ ਬਣਦੇ ਦਿਖਾਈ ਦਿੰਦੇ ਹਨ। ਪਹਿਲਾ ਵਰਗ ਹੈ ਦੇਸ਼ ਵੰਡ ਨਾਲ ਜੁੜੇ ਮਸਲੇ ਅਤੇ ਮਾਨਵੀ ਸਰੋਕਾਰ। 'ਬਾਜੀ ਬਲਕੀਸ' ਅਜਿਹੀ ਹੀ ਇਕ ਕਹਾਣੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਦੇਸ਼ ਵੰਡ ਕਾਰਨ ਕਿਵੇਂ ਰਿਸ਼ਤਿਆਂ ਦਾ ਲਹੂ ਚਿੱਟਾ ਹੋ ਜਾਂਦਾ ਹੈ ਤੇ ਜਨਮ ਭੋਇੰੰ ਦਾ ਭੂ-ਹੇਰਵਾ ਮਰਦੇ ਦਮ ਤਕ ਦਿਲਾਂ 'ਚ ਘਰ ਕਰੀ ਰੱਖਦਾ ਹੈ। ਇਸ ਕਹਾਣੀ ਦਾ ਆਰੰਭ ਉਰਦੂ ਦੇ ਇਕ ਸ਼ਿਅਰ ਨਾਲ ਹੁੰਦਾ ਹੈ :

ਦੀਮਕ ਜ਼ਦਹ ਕਿਤਾਬ ਥੀ ਯਾਦੋਂ ਕੀ ਜ਼ਿੰਦਗੀ

ਹਰ ਵਰਕ ਖੋਲਨੇ ਕੀ ਖ਼ੁਆਹਿਸ਼ ਮੇਂ ਫ਼ਟ ਗਿਆ।

ਇਹੋ ਸਿਉਂਕ ਦਾ ਰੂਪਕ ਕਥਾ ਬਿਰਤਾਂਤ ਦੀਆਂ ਪਰਤਾਂ ਦਰ ਪਰਤਾਂ ਖੋਲ੍ਹਦਾ ਹੈ 'ਬਲਵਈ ਸਿਊਂਕ ਵਾਂਗਰ ਤਬਾਹੀ ਮਚਾ ਗਏ ਸਨ। ਤੁਹਾਨੂੰ ਤਾਂ ਪਤਾ ਹੀ ਏ ਸਿਊਂਕ ਜਿਸ ਘਰ ਨੂੰ ਲੱਗੇ ਕੱਖ ਨਾ ਛੱਡੇ।' ਇਹ ਕਹਾਣੀ ਜੰਮੂ ਦੇ ਪੁਲਿਸ ਇੰਸਪੈਕਟਰ ਖ਼ੁਆਜਾ ਹਮੀਦ ਤੇ ਉਸ ਦੀ ਬੀਵੀ ਬਲਕੀਸ ਦੇ ਦੇਸ਼ ਵੰਡ ਕਾਰਨ ਪੈਦਾ ਹੋਏ ਦੁੱਖਾਂ ਦੀ ਹੈ, ਜੋ ਰਿਸ਼ਤਿਆਂ ਦੇ ਮੋਹ ਕਾਰਨ ਦੇਸ਼ ਵੰਡ ਤੋਂ ਕਾਫ਼ੀ ਅਰਸਾ ਬਾਅਦ ਪਾਕਿਸਤਾਨ ਚਲੇ ਜਾਂਦੇ ਹਨ ਤੇ ਰਿਸ਼ਤੇਦਾਰਾਂ ਦੇ ਲੋਭ ਦਾ ਸ਼ਿਕਾਰ ਹੋ ਮੁਫ਼ਲਿਸੀ ਹੰਢਾਉਂਦੇ ਰੋਜ਼ੀ-ਰੋਟੀ ਦੇ ਮੁਹਤਾਜ ਹੋ ਜਾਂਦੇ ਹਨ। ਖ਼ੁਆਜਾ ਹਮੀਦ ਮੌਤ ਉਡੀਕਦਾ ਜੰਮਣ ਭੌਇੰ ਜੰਮੂ ਦਾ ਭੂ-ਹੇਰਵਾ ਪਾਲੀ ਰੱਖਦਾ ਪਰ ਅੰਤ ਉੱਥੇ ਦੀ ਸਾਰੀ ਜਾਇਦਾਦ ਸਮੇਟ ਕੇ ਪੈਸੇ ਦੁਬਈ ਭੇਜ ਦਿੰਦਾ ਹੈ ਜਿਨ੍ਹਾਂ ਨੂੰ ਉਸ ਦੇ ਸਾਲੇ ਹੀ ਮਾਰ ਜਾਂਦੇ ਹਨ। ਖ਼ੁਆਜਾ ਹਮੀਦ ਝੂਰਦਾ ਫ਼ੌਤ ਹੋ ਜਾਂਦਾ ਹੈ। ਬਲਕੀਸ ਕਹਾਣੀ ਦੇ ਵਕਤਾ ਨੂੰ ਵਾਰ-ਵਾਰ ਬੇਨਤੀ ਕਰਦੀ ਹੈ ਕਿ ਜੰਮੂ ਦੀ ਮਿੱਟੀ ਲਿਆ ਦੇਵੇ ਤਾਂ ਕਿ ਖ਼ੁਆਜਾ ਦੀ ਕਬਰ ਦੀ ਮਿੱਟੀ ਨਾਲ ਮਿਲਾ ਦੇਵੇ।

'ਆਹੀ ਦਾ ਬਾਲਣ' ਕਹਾਣੀ ਦੇਸ਼ ਵੰਡ ਕਾਰਨ ਪੈਦਾ ਹੋਈ ਸਰਹੱਦ ਦੀ ਵਜ੍ਹਾ ਕਰਕੇ ਦੁਖੀ ਔਰਤ ਰਾਬਿਆ ਦਾ ਬੜਾ ਸੰਵੇਦਨਸ਼ੀਲ ਬਿਰਤਾਂਤ ਹੈ, ਜੋ ਰਾਬਿਆ 'ਤੇ ਪਾਖੰਡੀ ਪਿੱਤਰਕੀ ਦੇ ਪ੍ਰਤੀਕ ਪਾਤਰ ਅਨਵਰ ਹੱਥੋਂ ਹੋਏ ਸ਼ੋਸ਼ਣ ਤੇ ਜ਼ੁਲਮ ਦੇ ਇਰਦ-ਗਿਰਦ ਉੱਸਰਦਾ ਹੈ। ਇਸ ਕਹਾਣੀ ਦੇ ਅੰਤ 'ਚ ਸਰਹੱਦ ਦੀ ਕੰਡਿਆਲੀ ਤਾਰ ਨੂੰ ਰੂਪਾਤਮਕ ਭਾਸ਼ਾ ਵਿਧੀ ਨਾਲ ਰੂਪਾਂਤਰਿਤ ਕੀਤਾ ਹੈ। 'ਜੁੱਤੀ ਕਸੂਰੀ' ਕਹਾਣੀ 'ਚ ਭਾਰਤ-ਪਾਕਿਸਤਾਨ 'ਚ ਵੰਡ ਹੋ ਜਾਣ ਕਾਰਨ ਵੀ ਮਾਨਵੀ ਰਿਸ਼ਤੇ ਤੇ ਮੋਹ ਦੀਆਂ ਕਦਰਾਂ-ਕੀਮਤਾਂ ਤੇ ਨੈਤਿਕਤਾ ਦੇ ਸਰੋਕਾਰਾਂ ਦੇ ਬਣੇ ਰਹਿਣ ਗਿਰਦ ਉੱਸਰਿਆ ਬਿਰਤਾਂਤ ਹੈ। ਡਵੀਜ਼ਨਲ ਕਮਿਸ਼ਨਰ ਜੰਮੂ ਇਕਬਾਲ, ਉਸ ਦੀ ਪੁਰਾਣੀ ਕਾਰਪੋਰੇਟਰ ਦੋਸਤ ਨਮਰਤਾ ਤੇ ਉਸ ਦੀ ਪੱਤਰਕਾਰ ਸਹੇਲੀ ਜੰਮੂ ਜ਼ਿਲ੍ਹੇ 'ਚ ਪੈਂਦੇ ਸੁਚੇਤਗੜ੍ਹ ਵਿਖੇ ਭਾਰਤ- ਪਾਕਿ ਬਾਰਡਰ ਦੇਖਣ ਜਾਂਦੇ ਹਨ। ਉੱਥੇ ਨੋ ਮੈਂਨਜ਼ ਲੈਂਡ 'ਤੇ ਪਾਕਿਸਤਾਨ ਦੇ ਡਸਕਾ ਨਾਮੀ ਸਥਾਨ ਤੋਂ ਆਈ ਕੁੜੀ ਆਲੀਆ ਦੇ ਪੈਰੀਂ ਪਾਈ ਜੁੱਤੀ ਦੇਖ ਪੁੱਛਦੀ ਹੈ, 'ਇਹ ਸੋਹਣੀ ਜੁੱਤੀ ਕਿੱਥੇ ਦੀ ਬਣੀ ਹੈ ? “ਕਸੂਰ ਦੀ ਜੁੱਤੀ ਹੈ।' ਆਲੀਆ ਸੁਰਿੰਦਰ ਕੌਰ ਦੇ ਗਾਏ ਗੀਤ ਦਾ ਜ਼ਿਕਰ ਕਰਦੀ ਹੈ… 'ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ' ਤੇ ਦੱਸਦੀ ਹੈ ਕਿ ਕਸੂਰ ਦੀਆਂ ਜੁੱਤੀਆਂ ਤੇ ਖੁੱਸੇ ਪੂਰੀ ਦੁਨੀਆ 'ਚ ਮਸ਼ਹੂਰ ਹਨ ਤੇ ਨਾਲ ਹੀ ਜੁੱਤੀ ਤੋਹਫ਼ੇ ਵਜੋਂ ਨਮਰਤਾ ਨੂੰ ਭੇਂਟ ਕਰ ਦਿੰਦੀ ਹੈ। ਬਿਰਤਾਂਤ 'ਚ ਇਸ ਸੱਭਿਆਚਾਰਕ ਪੁੱਠ ਨਾਲ ਦੋਵਾਂ ਦਰਿਮਆਨ ਇਕ ਸੱਭਿਆਚਾਰਕ ਭਾਸ਼ਾ ਦਾ ਸੰਵਾਦੀ ਪਰਿਪੇਖ ਸਿਰਜਿਆ ਜਾਂਦਾ ਹੈ। ਨਮਰਤਾ ਇਸ ਘਟਨਾ ਤੋਂ ਬਾਅਦ ਬੜੀ ਭਾਵੁਕ ਹੋ ਜਾਂਦੀ ਹੈ ਤੇ ਦੋਵੇਂ ਮੁਲਕਾਂ ਦਰਮਿਆਨ ਅਮਨ ਸ਼ਾਂਤੀ ਦੀ ਅਰਦਾਸ ਕਰਦੀ ਹੈ।

'ਲਕੀਰ' ਦਾ ਬਿਰਤਾਂਤ ਵੀ ਵੰਡ ਦੀ ਰਾਜਨੀਤੀ 'ਚ ਸੱਤਾ ਤੇ ਉਸ ਨਾਲ ਜੁੜੇ ਕਾਇਦੇ-ਕਾਨੂੰਨਾਂ ਦੀ ਭੂਮਿਕਾ ਤੇ ਮਾਨਵੀ ਰਿਸ਼ਤਿਆਂ ਦੀ ਹੋਣੀ ਦੇ ਕੱਚ-ਸੱਚ ਦੇ ਅਮੂਰਤਨ 'ਚ ਕਾਰਜਸ਼ੀਲ ਵਿਰੋਧਾਭਾਸਾਂ ਦੀ ਪੇਸ਼ਕਾਰੀ ਹੈ। ਇਸ ਦਾ ਕਥਾਨਕ ਵੰਡ ਕਾਰਨ ਪੈਦਾ ਹੋਏ ਸਜਾਵਲ ਤੇ ਸਾਬਰੀ ਦੇ ਵਿਛੋੜੇ ਪ੍ਰਤੀ ਵਰਤਮਾਨ ਸੱਤਾ-ਰਾਜਨੀਤੀ ਹੁਣ ਵੀ ਕਿੰਨੀ ਬੇਹਿਸ ਤੇ ਬੇਰਹਿਮ ਹੈ, ਦੀ ਤ੍ਰਾਸਦੀ ਦੇ ਗਿਰਦ ਸਿਰਜਿਆ ਗਿਆ ਹੈ। ਇਸ ਬਿਰਤਾਂਤ ਦੇ ਅੰਤ 'ਚ ਜਦ ਬੇਬੇ ਸਾਬਰੀ ਨੋ-ਮੈਂਨਜ਼ ਲੈਂਡ 'ਤੇ ਪਹੁੰਚ ਡਿੱਗ ਪੈਂਦੀ ਹੈ ਤਾਂ ਉਸ ਨੂੰ ਚੁੱਕਣ ਲਈ ਦੋਵੇਂ ਮੁਲਕਾਂ ਦੇ ਸਰਹੱਦੀ ਮੁਹਾਫ਼ਿਜ਼ ਦੌੜਦੇ ਹਨ ਪਰ ਬੇਬੇ ਦੀ ਰੂਹ ਦੇਹ ਛੱਡ ਸਾਰੇ ਕਾਇਦੇ-ਕਾਨੂੰਨਾਂ ਤੋਂ ਆਜ਼ਾਦ ਹੋ ਜਾਂਦੀ ਹੈ। 'ਸੋਨੇ ਦੀ ਝਕਰੀ' ਕਹਾਣੀ ਦਾ ਬਿਰਤਾਂਤ ਵੀ ਦੇਸ਼ ਵੰਡ ਦੇ ਦੁਖਾਂਤ 'ਚੋਂ ਉੱਸਰਦਾ ਹੈ। ਨਵੀਂ ਪੀੜ੍ਹੀ ਜਿਸ 'ਤੇ ਇਕ ਖ਼ਾਸ ਫਿਰਕੇ ਪ੍ਰਤੀ ਧਾਰਮਿਕ ਕੱਟੜਤਾ ਕੁੱਟ-ਕੁੱਟ ਕੇ ਭਰੀ ਹੈ, ਨੂੰ ਜਦੋਂ ਪੁਰਾਣੀ ਪੀੜ੍ਹੀ ਦੀ ਇਮਾਨਦਾਰੀ ਤੇ ਦਿਆਨਤਦਾਰੀ ਜਿਹੇ ਮਾਨਵੀ ਗੁਣਾਂ ਦਾ ਪਤਾ ਲੱਗਦਾ ਹੈ ਤਾਂ ਉਹ ਸੋਚੀਂ ਪੈ ਜਾਂਦੀ ਹੈ।

'ਦੀਵਾ ਬਲੇ ਉਜਾੜੀ' ਕਹਾਣੀ ਕਰਨਲ ਨਿਰਮਲ ਭਾਟੀਆ, ਉਸ ਦੇ ਬੇਟੇ ਕੈਪਟਨ ਆਦਰਸ਼ ਤੇ ਕਸ਼ਮੀਰੀ ਕੁੜੀ ਰੁਖ਼ਸਾਨਾ ਦੇ ਗਿਰਦ ਉੱਸਰਿਆ ਬਿਰਤਾਂਤ ਹੈ। ਕੈਪਟਨ ਨਿਰਮਲ ਦੀ ਯੂਨਿਟ ਦੇ ਸਿਪਾਹੀ ਵੱਲੋਂ ਚਲਾਈ ਗੋਲ਼ੀ ਕਾਰਨ ਰੁਖ਼ਸਾਨਾ ਦਾ ਪਿਓ ਗ਼ੁਲਾਮ ਅਲੀ ਮਾਰਿਆ ਜਾਂਦਾ ਹੈ। ਇਸ ਦੁਖਦਾਈ ਤੇ ਅਣਚਾਹੀ ਘਟਨਾ ਦੇ ਖ਼ਸਾਰੇ ਲਈ ਕਰਨਲ ਨਿਰਮਲ ਨੇਕੀ ਦੀ ਭਾਵਨਾ ਤਹਿਤ ਉਸ ਨੂੰ ਗੋਦ ਲੈ ਕੇ ਪੜ੍ਹਾਈ- ਲਿਖਾਈ ਕਰਵਾ ਕੇ ਚੰਗਾ ਪਾਲਣ-ਪੋਸ਼ਣ ਕਰਦਾ ਹੈ। ਨੇਕੀ ਬਾਰੇ ਭਾਰਤੀ ਤੇ ਪੱਛਮੀ ਦਰਸ਼ਨ 'ਚ ਬੜੇ ਪ੍ਰਸੰਗ ਮਿਲ ਜਾਂਦੇ ਹਨ। ਇਸ ਦੌਰਾਨ ਕਰਨਲ ਭਾਟੀਆ ਦਾ ਬੇਟਾ ਕੈਪਟਨ ਆਦਰਸ਼ ਕਾਰਗਿਲ ਦੀ ਲੜਾਈ 'ਚ ਮਾਰਿਆ ਜਾਂਦਾ ਹੈ ਪਰ ਕਰਨਲ ਰੁਖ਼ਸਾਨਾ ਦੀ ਜ਼ਿੰਮੇਵਾਰੀ ਪੂਰਨ ਰੂਪ 'ਚ ਨਿਭਾਉਂਦਾ ਹੈ।

'ਖੂਹ ਤੇ ਖਾਈ' ਦਾ ਬਿਰਤਾਂਤ ਵੀ ਕਸ਼ਮੀਰ ਸਮੱਸਿਆ ਦੇ ਨਾਲ-ਨਾਲ ਭਾਰਤ-ਪਾਕਿ ਦੇਸ਼ਾਂ ਦਰਮਿਆਨ ਸਰਹੱਦ ਕਾਰਨ ਕਿਵੇਂ ਮਾਨਵਤਾ ਜ਼ੁਲਮਾਂ ਦਾ ਸ਼ਿਕਾਰ ਹੁੰਦੀ ਹੈ, ਦੁਆਲੇ ਘੁੰਮਦਾ ਹੈ। ਸਲਾਮ ਪੰਡਿਤ ਭਾਰਤੀ ਫ਼ੌਜੀਆਂ ਵੱਲੋਂ ਆਪਣੀ ਭੈਣ ਨਾਲ ਹੋਈ ਹੁਰਮਤੀ ਦਾ ਬਦਲਾ ਲੈਣ ਲਈ ਪਾਰ ਚਲਿਆ ਜਾਂਦਾ ਹੈ ਤੇ ਜਿਹਾਦ ਵਾਸਤੇ ਸਿਖਲਾਈ ਲੈਂਦਾ ਹੈ।

ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਕਾਰਨ ਉਸ ਦੇ ਸਿਰ 'ਤੇ ਵੱਡੇ ਇਨਾਮ ਦਾ ਐਲਾਨ ਹੈ ਪਰ ਜਲਦੀ ਹੀ ਉਸਦਾ ਮਨ ਜਿਹਾਦ ਤੋਂ ਉੱਖੜ ਜਾਂਦਾ ਤੇ ਮਕਬੂਜ਼ਾ ਕਸ਼ਮੀਰ ਦੇ ਪਿੰਡ ਤੰਬੋਲੀ ਵਿਖੇ ਹੱਟੀ ਪਾ ਲੈਂਦਾ ਤੇ ਸਥਾਨਕ ਕੁੜੀ ਜੈਨਬ ਨਾਲ ਵਿਆਹ ਕਰ ਲੈਂਦਾ ਪਰ ਪਾਕਿ ਖ਼ੁਫ਼ੀਆ ਏਜੰਸੀਆਂ ਉਸ ਨੂੰ ਭਾਰਤੀ ਖ਼ਬਰੀ ਵਜੋਂ ਗ੍ਰਿਫ਼ਤਾਰ ਕਰ ਲੈਂਦੀਆਂ।

ਜੈਨਬ ਸਲਾਮ ਪੰਡਿਤ ਦੀ ਸੱਚਾਈ ਦੱਸ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦੀ ਕੋਈ ਨਹੀਂ ਸੁਣਦਾ। 'ਜਿਉਂਦਿਆਂ ਮਰ ਰਹੀਏ' ਕਹਾਣੀ 'ਚ ਕਸ਼ਮੀਰ ਵਾਦੀ ਦੀ ਸਮੱਸਿਆ ਦਾ ਦਿਨੋ- ਦਿਨ ਹੋਰ ਵੱਧ ਗੁੰਝਲਦਾਰ ਤੇ ਗੰਭੀਰ ਹੋਣ ਦੇ ਕਾਰਨਾਂ ਤੇ ਕਸ਼ਮੀਰੀਆਂ ਦੀ ਨਵੀਂ ਪੀੜ੍ਹੀ 'ਚ ਆ ਰਹੇ ਜੁਝਾਰੂ ਜਿਹਾਦ ਤੇ ਹਿੰਸਕ ਇਹਤਜਾਜ਼ ਦੇ ਨਵੇਂ ਰੁਝਾਨਾਂ ਨੂੰ ਦੋ ਕਾਲਪਨਿਕ ਤੇ ਮਿੱਥਕ ਪਾਤਰਾਂ ਯਾਜੂਜ ਅਤੇ ਮਾਜੂਜ (ਸ਼ਾਇਦ ਭਾਰਤ ਤੇ ਪਾਕਿ ਦੇ ਚਿਹਨ) ਰਾਹੀਂ ਜਾਦੂਈ ਯਥਾਰਥ ਦੀ ਭਾਸ਼ਾ ਤੇ ਫੰਤਾਸੀ ਦੀ ਜੁਗਤ ਨਾਲ ਬਿਰਤਾਂਤ ਸਿਰਜਿਆ ਹੈ। ਜਾਦੂਈ ਯਥਾਰਥ ਜਿਵੇਂ ਇਸ ਦੇ ਨਾਂ ਤੋਂ ਹੀ ਸਪੱਸ਼ਟ ਹੈ, ਯਥਾਰਥ ਨੂੰ ਜਾਦੂਈ ਤਰੀਕੇ ਨਾਲ ਪੇਸ਼ ਕਰਦਾ ਹੈ।

'ਰੂਹ ਨਗਰ ਦਾ ਸਫ਼ਰਨਾਮਾ' ਦੇ ਬਿਰਤਾਂਤ ਨੂੰ ਕਸ਼ਮੀਰੀਅਤ ਦੀਆਂ ਦੋ ਮਹਾਨ ਅਧਿਆਤਮਕ, ਸੂਫ਼ੀ ਤੇ ਦਾਰਸ਼ਨਿਕ ਸ਼ਖ਼ਸੀਅਤਾਂ ਨੁੰਦ ਰਿਸ਼ੀ ਤੇ ਲੱਲਮਾਂ/ਲੱਲੇਸ਼ਵਰੀ ਦੇ ਮੈਟਾਫਰਾਂ ਰਾਹੀਂ ਸਹਿਹੋਂਦ ਤੇ ਸਦਭਾਵ ਦੇ ਮਾਨਵੀ ਸਰੋਕਾਰਾਂ ਨੂੰ ਜਾਦੂਈ ਯਥਾਰਥ ਦੀ ਭਾਸ਼ਾ ਤੇ ਫੰਤਾਸੀ ਦੀ ਜੁਗਤ ਨਾਲ ਘੜਿਆ ਹੈ। ਵਕਤਾ ਨੂੰ ਇਨ੍ਹਾਂ ਦੋਵਾਂ ਨੇ ਕੌੜੀਆਂ-ਕਸੈਲੀਆਂ ਤੇ ਖੰਡ ਮਿੱਠੀਆਂ ਰੂਹਾਂ ਨਾਲ ਭਰੀ ਇਕ ਪੋਟਲੀ ਦਿੱਤੀ ਤੇ ਕਿਹਾ ਕਿ ਦੁੱਧ ਅਤੇ ਸ਼ੱਕਰ ਵਿਚ ਘੁਲੀਆਂ ਅਤੇ ਨਫ਼ਰਤ ਅਤੇ ਕ੍ਰੋਧ ਵਾਲੀਆਂ ਰੂਹਾਂ ਨੂੰ ਅੱਡ-ਅੱਡ ਕਰੇ ਤੇ ਉਨ੍ਹਾਂ ਨਾਲ ਕਸ਼ਮੀਰ ਦੇ ਕਾਲੇ ਸਮਿਆਂ ਦੌਰਾਨ ਜੋ-ਜੋ ਵਾਪਰਿਆ, ਉਸ ਬਾਰੇ ਦੱਸੇ।

ਇੰਝ ਸੱਭਿਆਚਾਰਕ ਭਾਸ਼ਾ ਅਤੇ ਲੋਕ ਮਨ 'ਚ ਪਈਆਂ ਕਥਾ ਕਹਾਣੀਆਂ/ਬਾਬਾਣੀਆਂ ਨਾਲ ਖ਼ਾਲਿਦ ਹੁਸੈਨ ਨੇ ਆਪਣੇ 'ਸਮੇਂ ਦੀ ਆਤਮਾ' ਨੂੰ ਸਮਝਣ ਦਾ ਯਤਨ ਕੀਤਾ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਰਚਨਾਵਾਂ ਆਪਣੇ ਸਮੇਂ ਦੀ ਆਤਮਾ ਨੂੰ ਆਪਣੇ ਅਨੁਭਵ ਤੇ ਭਾਸ਼ਾ 'ਚ ਗੁੰਨ੍ਹ ਕੇ ਪੇਸ਼ ਕਰਦੀਆਂ ਹਨ, ਉਹ ਹੀ ਪ੍ਰਮਾਣਿਕ ਅਤੇ ਕਾਲਜਈ ਹੁੰਦੀਆਂ ਹਨ।

'ਜਿਊਂਦੀਆਂ ਅੱਖਾਂ ਦੀ ਦਾਸਤਾਨ' ਵੀ ਜਾਦੂਈ ਯਥਾਰਥ ਤੇ ਫੰਤਾਸੀ ਦੀ ਜੁਗਤ ਰਾਹੀਂ ਕਸ਼ਮੀਰ ਦੀ ਸਮੱਸਿਆ ਤੋਂ ਪੈਦਾ ਹੋਈ ਹਿੰਸਾ ਤੇ ਜ਼ੁਲਮ ਦਾ ਸ਼ਿਕਾਰ ਬਣੀਆਂ ਰੂਹਾਂ ਦਾ ਬਿਰਤਾਂਤ ਹੈ, ਜੋ ਕਿ ਖ਼ਾਲਿਦ ਦੇ ਕਸ਼ਮੀਰ ਸੰਕਟ ਦੇ ਪ੍ਰਮਾਣਿਕ ਅਨੁਭਵ ਤੇ ਇਸ ਨਾਲ ਜੁੜੇ ਪ੍ਰਮਾਣਿਕ ਰੂਪ ਤੇ ਭਾਸ਼ਾ 'ਚੋਂ ਆਪਣਾ ਆਪ ਸਿਰਜਦਾ ਹੈ।

'ਖੇਡਣ ਨੂੰ ਮੰਗੇ ਚੰਨ' 'ਚ ਬਾਲ ਮਾਨਸਿਕਤਾ 'ਚ ਪਈ ਵੱਡੀ ਸੋਝੀ ਨੂੰ ਕਸ਼ਮੀਰ ਸੰਕਟ ਦੇ ਪਿੱਛੇ ਕੰਮ ਕਰਦੇ ਆਜ਼ਾਦੀ ਦੀ ਮੰਗ ਉੱਪਰ ਆਧਾਰਿਤ ਕਥਾਨਕ 'ਚ ਬੜੇ ਸੂਖ਼ਮ ਢੰਗ ਨਾਲ ਦਰਸਾਇਆ ਗਿਆ ਹੈ। ਕਸ਼ਮੀਰ 'ਚ ਫ਼ੌਜੀ ਦਸਤਿਆਂ ਤੇ ਆਜ਼ਾਦੀ ਦੀ ਮੰਗ ਕਰਦੇ ਕਸ਼ਮੀਰੀ ਨੌਜਵਾਨਾਂ ਦਰਮਿਆਨ ਵਾਪਰੀਆਂ ਪੱਥਰਬਾਜ਼ੀ ਤੇ ਫਿਰ ਗੋਲੀਬਾਰੀ ਦੀ ਇਕ ਘਟਨਾ 'ਚ ਕਈ ਲੋਕ ਮਾਰੇ ਜਾਂਦੇ ਹਨ ਤੇ ਦੁਕਾਨਦਾਰ ਦੁਕਾਨਾਂ ਖੁੱਲ੍ਹੀਆਂ ਛੱਡ ਭੱਜ ਜਾਂਦੇ ਹਨ। ਇਕ ਲਾਸ਼ ਕੋਲ ਇਕ ਛੋਟਾ ਕਸ਼ਮੀਰੀ ਬੱਚਾ ਬੈਠਾ ਰੋ ਰਿਹਾ ਹੈ । ਲਾਗੇ ਜੀਪ ਕੋਲ ਖਲੋਤਾ ਫ਼ੌਜੀ ਅਫ਼ਸਰ ਉਸ 'ਤੇ ਤਰਸ ਖਾ ਕੇ ਉਸ ਨੂੰ ਚਾਕਲੇਟ ਦਿੰਦਾ ਹੈ ਤੇ ਬੱਚਾ ਚੁੱਪ ਹੋ ਜਾਂਦਾ ਹੈ। ਅਫ਼ਸਰ ਫਿਰ ਉਸ ਨੂੰ ਪੁੱਛਦਾ ਹੈ ਕਿ ਕੁਝ ਹੋਰ ਚਾਹੀਦੈ ਤਾਂ ਬੱਚੇ ਦਾ ਜਵਾਬ ਹੈ, 'ਆਜ਼ਾਦੀ।' ਬਾਲ ਮਾਨਸਿਕਤਾ ਨੂੰ ਇਸ ਬਿਰਤਾਂਤ 'ਚ ਯੱਕ ਲਾਕਾਂ ਦੇ ਮਨੋਵਿਗਿਆਨਕ ਸੰਕਲਪ 'ਦਰਪਣ ਬਿੰਬ' ਦੇ ਸਿਧਾਂਤ ਤੋਂ ਪੇਸ਼ ਕੀਤਾ ਗਿਆ ਹੈ ਭਾਵ ਬੱਚਾ ਜੋ ਦੇਖਦਾ ਹੈ, ਉਹੀ ਉਸ ਦੀ ਸਮਝ ਨੂੰ ਘੜਦਾ ਹੈ।

'ਇਸ਼ਕ ਮਲੰਗੀ' ਦੀਆਂ ਕੁਝ ਕਹਾਣੀਆਂ ਦੀ ਬਿਰਤਾਂਤਕਤਾ ਦਾ ਇਕ ਹੋਰ ਪ੍ਰਮੁੱਖ ਚਿਹਨ ਹੈ ਮਨੋਵਿਗਿਆਨ ਦੇ ਵਿਭਿੰਨ ਪਾਸਾਰਾਂ ਜਿਵੇਂ ਸੁਪਨੇ, ਕਲਪਨਾਵਾਂ, ਡਰਾਂ, ਮਨੋਗ੍ਰੰਥੀਆਂ ਆਦਿ ਨਾਲ ਜੁੜੇ ਮਾਨਵੀ ਸਰੋਕਾਰ। 'ਰੂਹ ਤੇ ਕਲਬੂਤ' ਕਹਾਣੀ ਦਾ ਬਿਰਤਾਂਤ ਵਕਤੇ ਦੀ ਸਹੁਰੇ ਪਿੰਡ ਦੇ ਸਫ਼ਰ ਦੌਰਾਨ ਰਾਤ ਅਲੀਏ ਨਾਮੀ ਬੰਦੇ ਦੇ ਘਰ ਰੁਕਣ ਦੌਰਾਨ ਸੁਪਨ-ਅਰਧ ਸੁਪਨ ਅਵਸਥਾ 'ਚ ਗਨੀਏ ਨਾਮੀ ਬੰਦੇ ਦਾ ਸੁਪਨਾ/ਖ਼ਿਆਲ ਆਉਂਦਾ ਕਿ ਉਹ ਅਲੀਏ ਦੇ ਵਿਰੁੱਧ ਮੇਰੇ ਕਤਲ ਦੀ ਗਵਾਹੀ ਪੁਲਿਸ ਨੂੰ ਦੇਵੇ। ਗਨੀਏ ਨੂੰ ਅਲੀਏ ਨੇ ਇਸ ਕਰਕੇ ਮਾਰ ਮੁਕਾਇਆ ਕਿ ਉਸ ਦੇ ਨਾਜਾਇਜ਼ ਸਬੰਧ ਗਨੀਏ ਦੀ ਬੀਵੀ ਨਾਲ ਸਨ। ਵਕਤੇ ਨੂੰ ਆਪਣੇ ਸਹੁਰੇ ਪਿੰਡ ਜਾ ਕੇ ਇਹ ਵੀ ਪਤਾ ਲਗਦਾ ਕਿ ਛੇ ਮਹੀਨੇ ਪਹਿਲਾਂ ਤੋਂ ਗਨੀਆ ਲਾਪਤਾ ਹੈ ਤੇ ਪਿੰਡ ਨਹੀਂ ਪਰਤਿਆ।

ਵਕਤਾ ਪੁਲਿਸ ਨੂੰ ਗਵਾਹੀ ਦਿੰਦਾ ਹੈ ਪਰ ਇਸ ਦਾ ਸਹਿਮ ਉਸ ਦੇ ਦਿਲੋ-ਦਿਮਾਗ਼ 'ਤੇ ਦੇਰ ਤਕ ਛਾਇਆ ਰਹਿੰਦਾ ਹੈ। ਇੰਝ ਇਸ ਬਿਰਤਾਂਤ 'ਚ ਮਾਨਵੀ ਮਨ ਦੀਆਂ ਕਲਪਨਾਵਾਂ ਤੇ ਫਿਰ ਇਨ੍ਹਾਂ 'ਚ ਪੈਦਾ ਹੋਏ ਡਰ ਅਤੇ ਅਸੁਰੱਖਿਅਤਾ ਦੇ ਅਹਿਸਾਸ ਨੂੰ ਰੂਹ ਅਤੇ ਕਲਬੂਤ/ਜਿਸਮ ਦੇ ਮੈਟਾਫਰਾਂ ਰਾਹੀਂ ਜਾਦੂਈ ਯਥਾਰਥ ਦੀ ਭਾਸ਼ਾ 'ਚ ਚਿਤਰਿਆ ਹੈ। ਇਸ ਬਿਰਤਾਂਤ ਦੇ ਸੰਵਾਦਾਂ 'ਚ ਪੰਜਾਬੀ ਦੀ ਗੱਦੀ ਉਪ ਬੋਲੀ ਤੇ ਲੋਕ ਯਾਨ 'ਜੋ ਮਾਅੜੇ ਗਦੀਆ… ਅੱਜ ਦੀ ਰਾਤੇਂ ਰੋਹ…ਦੀ ਪੁੱਠ' ਇਸ 'ਚ ਦੋ ਸੱਭਿਆਚਾਰਾਂ ਦਾ ਭਾਸ਼ਕੀਕਰਨ ਹੈ।

ਸਮਾਜਿਕ ਵਰਤਾਰਿਆਂ 'ਚ ਮਨੁੱਖੀ ਕਦਰਾਂ-ਕੀਮਤਾਂ ਨਾਲ ਜੁੜੇ ਬਿਰਤਾਂਤਾਂ 'ਚੋਂ 'ਪ੍ਰੇਮ ਖੇਲਣ ਕਾ ਚਾਓ' 'ਚ ਪਿਓ ਵੱਲੋਂ ਪੁੱਤਰ ਪ੍ਰਤੀ ਵਿਵਹਾਰ 'ਚ ਪੈਸਾ ਕੀਮਤਾਂ ਨਹੀਂ ਬਲਕਿ ਚੰਗੀ ਪਰਵਰਿਸ਼ ਹੀ ਵੱਡੀ ਭੂਮਿਕਾ ਨਿਭਾਉਂਦੀ ਹੈ, ਦੇ ਮਹੱਤਵ ਨੂੰ ਉਭਾਰਿਆ ਗਿਆ ਹੈ। 'ਜਿਨ੍ਹਾਂ ਖਾਧੀ ਚੋਪੜੀ' 'ਚ ਬਾਬਾ ਫ਼ਰੀਦ ਦੇ ਸਾਦੇ ਜੀਵਨ ਤੇ ਰਹਿਣੀ-ਬਹਿਣੀ ਦੇ ਸਾਰਵਭੌਮਿਕ ਫਲਸਫ਼ੇ (ਰੋਟੀ ਮੇਰੀ ਕਾਠ ਦੀ ਲਾਵਣ ਮੇਰੀ ਭੁਖ, ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ) 'ਚੋਂ ਪੈਦਾ ਹੋਈ ਸਮਝ ਨੂੰ ਜਗਤੂ ਜੱਟ ਦੇ ਚੌਧਰੀ ਜਗਤ ਸਿੰਘ ਬਣਨ ਦੇ ਉਭਾਰ ਤੇ ਫਿਰ ਕਰਮਾਂ/ਕਰਨੀ ਦੇ ਫ਼ਲ ਦੇ ਦਰਸ਼ਨ ਕਾਰਨ ਆਏ ਨਿਘਾਰ ਦੇ ਕਥਾਨਕ ਨੂੰ ਪੇਸ਼ ਕੀਤਾ ਗਿਆ ਹੈ। 'ਆਪਣਾ ਸੇਕ ਸਿਆਪਾ' ਕਹਾਣੀ ਦਾ ਬਿਰਤਾਂਤ ਆਦਤ ਤੇ ਖ਼ਾਸ ਕਰਕੇ ਜੂਏ ਦੀ ਲੱਤ ਦੇ ਨਾਲ ਜੁੜੇ ਮਾਨਵੀ ਸਰੋਕਾਰਾਂ ਗਿਰਦ ਉੱਸਰਿਆ ਹੈ।

'ਗਊ ਰਕਸ਼ਕ' ਦੇ ਬਿਰਤਾਂਤ 'ਚ ਸੱਭਿਆਚਾਰਕ ਰਾਸ਼ਟਰਵਾਦ, ਧਾਰਮਿਕ ਉਨਮਾਦ ਤੇ ਫ਼ਾਸ਼ੀਵਾਦ ਦੇ ਵਰਤਮਾਨ ਦੌਰ 'ਚ ਗਊ ਭਕਸ਼ਕ ਦੇ ਗਊ ਰਕਸ਼ਕ 'ਚ ਰੂਪਾਂਤਰਨ ਦੀ ਵਿਡੰਬਣਾ ਨੂੰ ਵਿਅੰਗ ਤੇ ਵਕਰੋਕਤੀ ਦੀ ਗਾਲਪਨਿਕ ਭਾਸ਼ਾ ਜੁਗਤ ਰਾਹੀਂ ਪੇਸ਼ ਕੀਤਾ। 'ਕਾਗ ਨਾ ਥੀਂਦੇ ਬੱਗੇ' ਕਹਾਣੀ 'ਚ ਦੇਸ਼ 'ਚ ਫੈਲ ਰਹੇ ਸੱਭਿਆਚਾਰਕ ਰਾਸ਼ਟਰਵਾਦ ਕਾਰਨ ਫੈਲ ਰਹੀ ਫਿਰਕਾਪ੍ਰਸਤੀ ਨੂੰ ਵਿਡੰਬਣਾ ਦੀ ਸ਼ੈਲੀ 'ਚ ਪੇਸ਼ ਕੀਤਾ ਹੈ। ਇਹ ਬਿਰਤਾਂਤ ਦ੍ਰਿਸ਼ਟਾਂਤਕਤਾ ਰਾਹੀਂ ਵਿਸ਼ੇਸ਼ ਰਾਜਨੀਤੀ ਨਾਲ ਜੁੜੇ ਕੁਝ ਚਰਿੱਤਰਾਂ ਦਾ ਚਿਹਨਕੀਕਰਣ ਕਰਦਾ ਹੈ, ਜਿਸ 'ਚੋਂ ਚਿਹਨਤ ਰਾਜਨੀਤਕ ਸ਼ਖ਼ਸੀਅਤ ਦੀ ਸਹਿਜੇ ਹੀ ਪਛਾਣ ਹੋ ਜਾਂਦੀ ਹੈ।

'ਬਾਬੇ ਨੂਰੇ ਦੀ ਵੇਲ' ਕਹਾਣੀ ਵੀ ਸੱਤਾ ਤੇ ਰਾਜਨੀਤੀ ਦੇ ਦੋਗਲੇ ਕਿਰਦਾਰ 'ਤੇ ਬੜਾ ਸ਼ਕਤੀਸ਼ਾਲੀ ਕਟਾਖ਼ਸ਼ ਹੈ।

'ਵੇਲੇ ਦੀ ਵਾਰ' ਕਹਾਣੀ ਵੀ ਧਾਰਮਿਕ ਕੱਟੜਤਾ, ਉਨਮਾਦ ਤੇ ਫਿਰਕਾਪ੍ਰਸਤੀ ਦੇ ਵਿਕਾਰਾਂ ਨੂੰ ਗਿਆਨਾਤਮਕਤਾ ਅਤੇ ਤਾਰਕਿਕਤਾ ਮੂਹਰੇ ਢੇਰ ਹੋਣ ਨੂੰ ਪੇਸ਼ ਕਰਦਾ ਬੜਾ ਪ੍ਰਭਾਵਸ਼ਾਲੀ ਬਿਰਤਾਂਤ ਹੈ। ਪੰਜਾਬ ਤੋਂ ਇਕ ਨਵ ਵਿਆਹੁਤਾ ਜੋੜੇ ਨੂੰ ਕਸ਼ਮੀਰ ਦੇ ਰਾਹ 'ਚ ਕੁਝ ਖਾੜਕੂ ਘੇਰ ਕੇ ਪੁੱਛਦੇ ਹਨ, ਤੁਸੀਂ ਕਿਹੜੇ ਮਜ਼ਹਬ ਦੇ ਹੋ ? ਮੁੰਡਾ ਆਪਣਾ ਨਾਂ ਦੱਸਦਿਆਂ ਕਹਿੰਦਾ ਹੈ ਅਸੀਂ ਮੁਸਲਮਾਨ ਹਾਂ। ਖਾੜਕੂ ਤਦ ਕਹਿੰਦੇ ਨੇ ਕੁਰਾਨ ਸ਼ਰੀਫ਼ ਦੀ ਕੋਈ ਆਇਤ ਸੁਣਾਓ ਫਿਰ। ਉਸ ਨੇ ਆਇਤ ਪੜ੍ਹੀ। ਇਸ 'ਤੇ ਖਾੜਕੂ ਖ਼ੁਸ਼ ਹੋ ਜਾਂਦੇ ਹਨ ਤੇ ਜਾਣ ਦਿੰਦੇ ਹਨ। ਥੋੜ੍ਹੀ ਦੂਰ ਜਾ ਕੇ ਪਤਨੀ ਪਤੀ ਨੂੰ ਕਹਿੰਦੀ ਹੈ ਤੁਸਾਂ ਤਾਂ ਉਨ੍ਹਾਂ ਨੂੰ ਗਾਇਤਰੀ ਮੰਤਰ ਦਾ ਤਰਜਮਾ ਸੁਣਾ ਦਿੱਤਾ। ਤੁਹਾਨੂੰ ਡਰ ਨਹੀ ਲੱਗਾ । ਪਤੀ ਨੇ ਜੋ ਜਵਾਬ ਦਿੱਤਾ, ਉਹ ਹੀ ਇਸ ਕਹਾਣੀ ਦੀ ਘੁੰਡੀ ਹੈ, “ਬਿਲਕੁਲ ਨਹੀਂ। ਕਿਉਂ ਜੇ ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਮੁਜਾਹਿਦਾਂ ਨੇ ਕੁਰਾਨ ਨੂੰ ਨਹੀਂ ਪੜ੍ਹਿਆ ਹੋਇਆ। ਜੇ ਪੜ੍ਹਿਆ ਹੁੰਦਾ ਤਾਂ ਇਹ ਅੱਤਵਾਦੀ ਨਹੀਂ ਹੋਣੇ ਸਨ।'' ਕਹਾਣੀ 'ਇਸ਼ਕ ਮਲੰਗੀ' ਦੇ ਬਿਰਤਾਂਤ 'ਚ ਕਾਲੇ ਖਾਨ ਦੇ ਕਸਬੀ ਔਰਤ ਫ਼ਿਰੋਜ਼ਾ ਪ੍ਰਤੀ ਸੱਚੇ ਪਿਆਰ ਤੇ ਸਮਰਪਣ ਤੇ ਪੈਸਾ ਕੀਮਤਾਂ ਦੀ ਚਕਾਚੌਂਧ ਨੂੰ ਪ੍ਰਣਾਈ ਫ਼ਿਰੋਜ਼ਾ ਵੱਲੋਂ ਦਿਖਾਈ ਬੇਹਿਸੀ ਤੇ ਬੇਕਦਰੀ ਦੇ ਕਥਾਨਕ ਨੂੰ ਭਾਸ਼ਾ ਦੀ ਵੰਨ-ਸੁਵੰਨਤਾ ਰਾਹੀਂ ਕਥਾਕਾਰੀ ਦੀ ਉੱਤਮ ਪੇਸ਼ਕਾਰੀ ਹੋਈ ਹੈ। ਇਸ ਕਹਾਣੀ ਦਾ ਅੰਤਿਮ ਸੰਵਾਦ ਬੜਾ ਪ੍ਰਭਾਵਸ਼ਾਲੀ ਹੈ, 'ਬਾਬੂ! ਇਹ ਪੱਥਰ 'ਤੇ ਮੈ ਤੋੜ ਲੈਨਾ ਵਾਂ ਪਰ ਫ਼ਿਰੋਜ਼ਾ ਦੇ ਦਿਲ ਦਾ ਪੱਥਰ ਮੈਥੋਂ ਨਹੀਂ ਟੁੱਟ ਸਕਿਆ ਤੇ ਇਸ ਗੱਲ ਦਾ ਦੁੱਖ ਮਰਦੇ ਦਮ ਤੋੜੀ ਮੇਰੇ ਅੰਦਰ ਜ਼ਿੰਦਾ ਰਵ੍ਹੇਗਾ।' ਕਹਾਣੀ 'ਸ਼ਾਦਾਂ ਬਿੱਲੀ ਜੰਮੂ ਵਾਲੀ' ਵੀ ਪ੍ਰੇਮ ਦੀ ਪਲੈਟੌਨਿਕ ਸਮਝ ਦੇ ਗਿਰਦ ਆਪਣਾ ਕਥਾਨਕ ਸਿਰਜਦੀ ਹੈ ।

ਪ੍ਰੇਮ ਦੀ ਇਸ ਸਮਝ 'ਚ ਆਤਮਿਕ ਸਮਰਪਣ ਤੇ ਤਿਆਗ, ਦੇਹ ਦੀ ਸੱਤਾ ਤੇ ਹਵਸ ਦੀ ਸ਼ਹਿਵਤ ਦਾ ਦਵੰਦ ਪਿਆ ਹੈ। ਸ਼ਾਦਾਂ ਪ੍ਰਤੀ ਗਫ਼ੂਰੇ ਭਲਵਾਨ ਦਾ ਸਮਰਪਣ, ਸ਼ਾਦਾਂ ਦਾ ਯੂਸਫ਼ ਦੀ ਕਲਾ ਤੇ ਨਫ਼ਾਸਤ ਨਾਲ ਨੇਹੁੰੁ ਅਤੇ ਗਜੂ ਚਾੜਕ ਦਾ ਸ਼ਾਦਾਂ ਦੀ ਦੇਹ ਪ੍ਰਾਪਤੀ ਦੀ ਹਵਸ ਦੇ ਤਿਕੋਣੀ ਤਣਾਓ 'ਚੋਂ ਇਹ ਕਹਾਣੀ ਪ੍ਰੇਮ ਦੀ ਕਥਾ ਸਿਰਜਦੀ ਹੋਈ 'ਸਾਂਸੋਂ ਕੀ ਮਾਲਾ ਪੇ ਸਿਮਰੂੰ ਮੈਂ ਪੀ ਕਾ ਨਾਮ' ਜਿਹੇ ਰੂਹਾਨੀਅਤ ਤੇ ਰੂਮਾਨੀਅਤ ਭਰੇ ਜੁਮਲੇ ਨਾਲ ਖ਼ਤਮ ਹੁੰਦੀ ਹੈ। ਇਸ ਬਿਰਤਾਂਤ 'ਚ ਸੂਫ਼ੀ ਇਸਲਾਮ ਦੀ ਰਾਬਿਆ ਅਲਬਸਰੀ, ਕਸ਼ਮੀਰੀਅਤ ਦੀ ਬਿੰਬ ਲੱਲ ਦੇਈ/ਮਾਂ ਲੱਲੇਸ਼ਵਰੀ ਤੇ ਭਗਤੀ ਲਹਿਰ ਦੀ ਨਾਰੀ ਭਗਤ ਮੀਰਾ ਬਾਈ ਦਾ ਪ੍ਰਸੰਗ ਇਸ ਬਿਰਤਾਂਤ ਨੂੰ ਇਤਿਹਾਸ ਅਤੇ ਅਧਿਆਤਮ ਦੀ ਸੱਭਿਆਚਾਰਕ ਭਾਸ਼ਾ ਦਾ ਪਰਿਵੇਸ਼ ਪ੍ਰਦਾਨ ਕਰਦੇ ਹਨ। 'ਇਸ਼ਕ ਮਲੰਗੀ' ਦੀਆਂ ਕਹਾਣੀਆਂ 'ਚ ਖ਼ਾਲਿਦ ਹੁਸੈਨ ਨੇ ਸੱਭਿਆਚਾਰਕ ਅਤੇ ਲੋਕ ਭਾਸ਼ਾ ਦੀ ਪੁੱਠ ਨਾਲ ਜੋ ਮੁਹਾਵਰੀ ਮੜੰਗਾ ਘੜਿਆ ਹੈ, ਉਹ ਇਨ੍ਹਾਂ ਬਿਰਤਾਂਤਾਂ ਨੂੰ ਹੋਰ ਪੜ੍ਹਨਯੋਗ ਬਣਾਉਂਦੀ ਹੈ। ਉਸ ਦੀ ਇਹ ਭਾਸ਼ਾ ਯੋਗਤਾ ਉਸ ਦੀ ਸੱਭਿਆਚਾਰਕ ਅਨੁਭਵਸ਼ੀਲਤਾ 'ਚੋਂ ਆਪਣਾ ਆਪ ਘੜਦੀ ਹੈ।

ਕਸ਼ਮੀਰ ਸਮੱਸਿਆ ਦੀ ਸਿਧਾਂਤਕ ਸਮਝ

ਕਸ਼ਮੀਰ ਸਮੱਸਿਆ ਦੇ ਕਾਰਨਾਂ ਪਿੱਛੇ ਕਾਰਜਸ਼ੀਲ ਰਾਜਨੀਤੀ, ਕੂਟਨੀਤੀ ਅਤੇ ਸਵਾਰਥਾਂ ਨੂੰ ਨੇੜਿਓਂ ਡਿੱਠਾ ਹੋਣ ਅਤੇ ਡੂੰਘੀ ਨੀਝ 'ਚੋਂ ਉੱਭਰੇ ਪ੍ਰਮਾਣਿਕ ਅਨੁਭਵ ਦੀ ਖ਼ਾਲਿਦ ਹੁਸੈਨ ਦੀ ਸਿਧਾਂਤਕ ਸਮਝ ਅਤੇ ਸੰਵੇਦਨਾ ਬੜੀ ਗ਼ਹਿਰੀ, ਗੰਭੀਰ ਅਤੇ ਪ੍ਰਬੁੱਧ ਹੈ। 'ਇਕ ਮਰੇ ਬੰਦੇ ਦੀ ਕਹਾਣੀ' ਕਸ਼ਮੀਰ ਸੰਕਟ ਦੌਰਾਨ ਦਹਿਸ਼ਤਗਰਦੀ ਦੇ ਮਾਹੌਲ 'ਚ ਵੀ ਮਨੁੱਖੀ ਕਦਰਾਂ-ਕੀਮਤਾਂ ਦੀ ਹਮਾਇਤ ਤੇ ਉਨ੍ਹਾਂ ਉੱਪਰ ਕਾਇਮ ਰਹਿਣ ਦੀ ਹਿੰਮਤ ਤੇ ਜ਼ਾਹਰਾਦਿਲੀ ਨੂੰ ਪੇਸ਼ ਕੀਤਾ ਗਿਆ ਹੈ। ਇਸ ਦੇ ਕਥਾਨਕ 'ਚ ਇਹ ਕਿਹਾ ਗਿਆ ਹੈ ਕਿ ਦਹਿਸ਼ਤਗਰਦ ਹਾਲਾਤ ਤੇ ਪ੍ਰਸਥਿਤੀਆਂ ਦੀ ਸਿਤਮਜ਼ਰੀਫ਼ੀ ਦੀ ਪੈਦਾਵਾਰ ਹੁੰਦੇ ਨੇ ਤੇ ਉਨ੍ਹਾਂ ਅੰਦਰ ਵੀ ਇਨਸਾਨੀਅਤ ਤੱਤ-ਬੀਜੀ ਰੂਪ 'ਚ ਮੌਜੂਦ ਹੁੰਦੀ ਹੈ। ਕਸ਼ਮੀਰ ਦੀ ਸਮੱਸਿਆ ਗਿਰਦ ਉੱਸਰੇ ਇਸ ਬਿਰਤਾਂਤ 'ਚ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਆਮ ਸਾਧਾਰਨ ਆਦਮੀ ਅੱਤਵਾਦ 'ਚ ਜਾਣੇ-ਅਣਜਾਣੇ ਆ ਫਸਦਾ ਹੈ ਪਰ ਉਲਟ ਪ੍ਰਸਥਿਤੀਆਂ ਦੇ ਹੋਣ ਦੇ ਬਾਵਜੂਦ ਮੂਲ ਇਨਸਾਨੀ ਕਦਰਾਂ -ਕੀਮਤਾਂ ਅਤੇ ਬੰਦੇ ਅੰਦਰ ਪਈ ਸੁੱਤੀ ਪਈ ਨੈਤਿਕਤਾ ਸਮੇਂ ਸਿਰ ਜਾਗ ਹੀ ਪੈਂਦੀ ਹੈ।

ਡਾ. ਮਨਮੋਹਨ 82839-48811


Posted By: Harjinder Sodhi