ਜੋ ਮਨੁੱਖ ਅੱਕਦਾ, ਥੱਕਦਾ, ਯੱਕਦਾ ਨਹੀਂ, ਉਹ ਹਮੇਸ਼ਾ ਆਪਣੀ ਮੰਜ਼ਿਲ ’ਤੇ ਪਹੁੰਚਦਾ ਹੈ। ਕੋਈ ਟੀਚਾ ਰੱਖ ਕੇ ਕੀਤੀ ਨਿਰੰਤਰ ਮਿਹਨਤ ਜਿੱਤ ਦੀ ਨਿਸ਼ਾਨੀ ਹੁੰਦੀ ਹੈ। ਉੱਥੇ ਹੌਸਲਾ ਆਪਣੇ ਆਪ ਰਾਹ ਖੋਲ੍ਹਦਾ ਤੁਰਿਆ ਜਾਂਦਾ ਹੈ। ਮੈਂ, ਉਸ ਸ਼ਖ਼ਸ ਦੀ ਗੱਲ ਕਰਨ ਲੱਗਿਆ ਹਾਂ, ਜਿਨ੍ਹਾਂ ਨੇ ਲਗਾਤਾਰ ਅੱਧੀ ਸਦੀ ਪੰਜਾਬੀ ਸਾਹਿਤ ਦੀ ਸੇਵਾ ਕੀਤੀ ਹੈ। ਉਹ ਭਰ ਵਗਦਾ ਦਰਿਆ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ, ਉਹ ਹੈ, ਮਾਂ ਬੋਲੀ ਦਾ ਲਾਲ ਕਰਤਾਰ ਸਿੰਘ ਦੁੱਗਲ।

ਕਰਤਾਰ ਸਿੰਘ ਦੁੱਗਲ ਦਾ ਜਨਮ 1 ਮਾਰਚ, 1917 ਈ: ਨੂੰ ਮਾਤਾ ਸਤਵੰਤ ਕੌਰ ਅਤੇ ਪਿਤਾ ਜੀਵਨ ਸਿੰਘ ਦੇ ਘਰ, ਰਾਵਲਪਿੰਡੀ ਦੇ ਕਸਬੇ ਧਮਿਆਲ (ਪਾਕਿਸਤਾਨ) ’ਚ ਹੋਇਆ। ਸ਼੍ਰੀਮਤੀ ਆਇਸ਼ਾ ਨੂੰ ਉਨ੍ਹਾਂ ਨੇ ਜੀਵਨ ਸਾਥਣ ਬਣਾਇਆ। ਡਾ. ਸੁਹੇਲ ਦੁੱਗਲ, ਉਨ੍ਹਾਂ ਦਾ ਸਪੁੱਤਰ ਹੈ। ਉਨ੍ਹਾਂ ਲਾਹੌਰ ਦੇ ਕਿ੍ਰਸ਼ਚੀਅਨ ਕਾਲਜ ਤੋਂ ਅੰਗਰੇਜ਼ੀ ਦੀ ਐਮ. ਏ. ਕੀਤੀ। ਆਲ ਇੰਡੀਆਂ ਰੇਡੀਓ ਵਿੱਚ ਉਨ੍ਹਾਂ ਨੂੰ 1942 ਈ: ਵਿੱਚ ਨੌਕਰੀ ਮਿਲੀ ਅਤੇ ਡਾਇਰੈਕਟਰ ਦੀ ਪਦਵੀ ਤੋਂ 1966 ਈ: ’ਚ ਸੇਵਾ ਮੁਕਤ ਹੋਏ। ਉਨ੍ਹਾਂ ਨੇ ਦੇਸ਼ ਦੀ ਵੰਡ ਸਮੇਂ ਲਾਹੌਰ ਤੋਂ ਆ ਕੇ ਜਲੰਧਰ ਰੇਡੀਓ ਸਟੇਸ਼ਨ ਸ਼ੁਰੂ ਕੀਤਾ। 1973 ਈ: ਤਕ ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਰਹੇ। ਉਨ੍ਹਾਂ ਨੂੰ 1973 ਈ: ਤੱਕ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਲਾਹਕਾਰ ਬਣਾਈ ਰੱਖਿਆ। ਦੁੱਗਲ ਸਾਹਿਬ 5 ਸਾਲ ਰਾਜ ਸਭਾ ਦੇ ਮੈਂਬਰ ਵੀ ਰਹੇ ਅਤੇ ਉਹ ਪਿਛਲੇ ਤਿੰਨ ਦਹਾਕਿਆਂ ਦੇ ਲਗਪਗ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਰਹੇ।

ਕਰਤਾਰ ਸਿੰਘ ਦੁੱਗਲ ਜਿੱਥੇ ਪੰਜਾਬੀ ਮਾਂ ਬੋਲੀ ਨਾਲ ਗਹਿਰਾ ਸਬੰਧ ਰੱਖਦੇ ਸਨ, ਉੱਥੇ ਉਹ ਉਰਦੂ, ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਵਧੀਆ ਲਿਖਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਈਆਂ। ਲੇਖਕ, ਉਨ੍ਹਾਂ ਲੇਖਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਪੰਜਾਬੀ ਗਲਪ ਅਤੇ ਪੰਜਾਬੀ ਕਹਾਣੀ ਦਾ ਮੁੱਢ ਬੰਨ੍ਹਿਆ। ਦੁੱਗਲ ਦੀ ‘ਸਵੇਰ ਸਾਰ’ ਕਹਾਣੀ ਛਪਣ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਬਹੁਤ ਪ੍ਰਸੰਸਾ ਹੋਈ ਅਤੇ ਫਿਰ ਇਹ ਕਹਾਣੀ ਉਰਦੂ ਵਿੱਚ ਵੀ ਬਹੁਤ ਸਲਾਹੀ ਗਈ। ਇਸ ਕਹਾਣੀ ਨੇ ਸ੍ਰੀਮਤੀ ਆਇਸ਼ਾ ਨੂੰ ਦੱੁਗਲ ਸਾਹਿਬ ਦੀ ਜੀਵਨ ਸਾਥਣ ਬਣਾ ਦਿੱਤਾ।

ਲੇਖਕ ਦੀਆਂ ਪੁਸਤਕਾਂ ਦੀ ਬਹੁਤ ਲੰਬੀ ਲਿਸਟ ਹੈ, ਉਨ੍ਹਾਂ ਵਿੱਚ ਅਹਿਮ ਹਨ,‘ਕਿਸੇ ਪਹਿ ਖੋਹਲੂ ਗੱਠੜੀ’ (ਸਵੈ-ਜੀਵਨੀ), ‘ਇੱਕ ਗੀਤ ਦਾ ਜਨਮ’, ‘ਇਕ ਛਿਟ ਚਾਨਣ ਦੀ’, ‘ਨਵਾਂ ਘਰ’, ‘ਸੋਨਾਰ ਬੰਗਲਾ ਤੇ ਤਰਕਾਲਾਂ ਵੇਲੇ’, ‘ਹਾਲ ਮੁਰੀਦਾਂ ਦਾ’, ‘ਦਿਲ ਦਰਿਆ’, ‘ਮੈਂ ਤੋਂ ਪ੍ਰੇਮ ਦੀਵਾਨੀ’, ‘ਮੇਰਾ ਦਿਲ ਮੋੜਦੇ’, ‘ਫੱੁਲਾਂ ਦਾ ਸਾਥ’, ‘ਮਾਂ ਪਿਓ ਜਾਏ’, ‘ਇੱਕ ਦਿਲ ਵਿਕਾਊ’, ‘ਅੰਮੀ ਨੂੰ ਕੀ ਹੋ ਗਿਐ’, ‘ਸਰਦ ਪੁੰਨਿਆਂ ਦੀ ਰਾਤ’, ‘ਮਨ ਪ੍ਰਦੇਸੀ’, ‘ਜਲ ਕੀ ਪਿਆਸ ਨਾ ਜਾਇ’, ‘ਨਾਨਕ ਨਾਮ ਚੜ੍ਹਦੀ ਕਲਾ’, ‘ਕਰਾਮਾਤ’, ‘ਸਵੇਰ ਸਾਰ’, ‘ਪਿੱਪਲ ਪੱਤੀਆਂ’, ‘ਹੰਸਾ ਆਦਮੀ’, ‘ਸਭੇ ਸਾਂਝੀਵਾਲ ਸਦਾਇਨ’, ‘ਪਾਰੇ ਮੈਰੇ’, ‘ਡੰਗਰ’, ‘ਇਕਰਾਰਾਂ ਵਾਲੀ ਰਾਤ’, ‘ਫੁੱਲ ਤੋੜਨਾ ਮਨ੍ਹਾ ਹੈ’, ‘ਮਾਝਾ ਨਹੀਂ ਮੋਇਆ’, ‘ਸ਼੍ਰੇਸ਼ਟ ਕਹਾਣੀਆਂ’, ‘ਢੋਇਆ ਹੋਇਆ ਬੂਹਾ’, ‘ਇੱਕ ਅੱਖ ਇੱਕ ਨਜ਼ਰ’ (ਨਾਟਕ), ‘ਯੱੁਗ ਕਵੀ ਮੋਹਨ ਸਿੰਘ’ (ਕਾਵਿ-ਬਿੰਬ), ‘ਗੁਰੂ ਸਿੱਖੀ ਦਾ ਸਰਮਾਇਆ’, ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਅੰਗਰੇਜ਼ੀ ਵਿੱਚ ਅਨੁਵਾਦ ਚਾਰ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਇਆ, ‘ਸਿੱਖ ਧਰਮ ਦੇ ਫਲਸਫ਼ੇ’ ਬਾਰੇ ਪੁਸਤਕ (ਅੰਗਰੇਜ਼ੀ ਵਿੱਚ) ਉਨ੍ਹਾਂ ਦੇ 24 ਕਹਾਣੀ ਸੰਗ੍ਰਹਿ, 10 ਨਾਵਲ, 7 ਨਾਟਕ ਸੰਗ੍ਰਹਿ, 2 ਕਵਿਤਾ ਸੰਗ੍ਰਹਿ, 7 ਆਲੋਚਨਾ ਦੀਆਂ ਪੁਸਤਕਾਂ ਆਦਿ ਹਨ। ਉਨ੍ਹਾਂ ਦੀਆਂ ਲਾਇਬ੍ਰੇਰੀ ਆਫ ਕਾਂਗਰਸ ਵਿੱਚ 118 ਕਿਤਾਬਾਂ ਪਈਆਂ ਹਨ। ਲੇਖਕ ਦੀਆਂ ਕਈ ਕਿਤਾਬਾਂ ਕਈ ਯੂਨੀਵਰਸਿਟੀ ਦੇ ਗਰੈਜ਼ੂਏਸ਼ਨ ਕੋਰਸਾਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਸੰਸਾਰ ਦੀਆਂ ਇੱਕ ਹਜ਼ਾਰ ਤੋਂ ਉੱਪਰ ਕਹਾਣੀਆਂ ਪੜ੍ਹੀਆਂ ਅਤੇ 500 ਦੇ ਲਗਪਗ ਕਹਾਣੀਆਂ ਦੀ ਰਚਨਾ ਕੀਤੀ।

ਕਰਤਾਰ ਸਿੰਘ ਦੁੱਗਲ ਬਹੁ-ਭਾਸ਼ਾਈ ਅਤੇ ਬਹੁ-ਪੱਖੀ ਲੇਖਕ ਸੀ। ਉਨ੍ਹਾਂ ਨੇ ਜਿੱਥੇ ਨਾਵਲ, ਨਾਟਕ, ਕਵਿਤਾ, ਕਹਾਣੀ ਆਲੋਚਨਾ ਤੇ ਕਲਮ ਅਜ਼ਮਾਈ ਕੀਤੀ, ਉੱਥੇ ਉੱਚ ਕੋਟੀ ਦੇ ਅਨੁਵਾਦ ਵੀ ਕੀਤੇ। ਸਾਹਿਤ ਜਗਤ ਵਿੱਚ ਸਭ ਤੋਂ ਵੱਧ ਸਨਮਾਨਤ ਸ਼ਖ਼ਸ਼ੀਅਤ ਸ਼ਾਇਦ ਕਰਤਾਰ ਸਿੰਘ ਦੁੱਗਲ ਹੀ ਹੋਵੇ।

ਉਨ੍ਹਾਂ ਨੂੰ 1988 ਈ: ਵਿੱਚ ਭਾਰਤ ਸਰਕਾਰ ਨੇ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਨੇ ਸਰਵ-ਸ੍ਰੇਸ਼ਠ ਸਾਹਿਤਕਾਰ ਅਤੇ ਪ੍ਰਮਾਣ ਪੱਤਰ ਨਾਲ ਸਨਮਾਨ ਕੀਤਾ। ਸਾਹਿਤ ਅਕਾਦਮੀ ਪੁਰਸਕਾਰ ਵੀ ਝੋਲੀ ਪਿਆ। ਸੰਨ 2007 ਈ. ਵਿੱਚ ਸਾਹਿਤ ਅਕਾਦਮੀ ਨੇ ਫੈਲੋਸ਼ਿਪ ਪ੍ਰਦਾਨ ਕੀਤੀ। ਪੰਜਾਬੀ ਯੂਨੀਵਰਸਿਟੀ ਦੀ ਫੈਲੋਸ਼ਿਪ, ਗਾਲਿਬ ਸਨਮਾਨ, ਭਾਰਤੀ ਭਾਸ਼ਾ ਪ੍ਰੀਸ਼ਦ ਸਨਮਾਨ, ਸੋਵੀਅਤ ਲੈਂਡ ਇਨਾਮ, ਭਾਈ ਵੀਰ ਸਿੰਘ, ਭਾਈ ਮੋਹਨ ਸਿੰਘ ਵੈਦ ਆਦਿ ਸਨਮਾਨ ਹਾਸਲ ਹੋਏ। ਕਲੱਬਾਂ ਅਤੇ ਸਾਹਿਤ ਸਭਾਵਾਂ ਦੇ ਦਿੱਤੇ ਸਨਮਾਨਾਂ ਦੀ ਲੜੀ ਤਾਂ ਬਹੁਤ ਲੰਬੀ ਹੈ।

ਕਰਤਾਰ ਸਿੰਘ ਦੁੱਗਲ ਦੇ ਸਮਕਾਲੀ ਲੇਖਕ ਪਿ੍ਰੰਸੀਪਲ ਸੰਤ ਸਿੰਘ ਸੇਖੋਂ, ਪਿੰ੍ਰਸੀਪਲ ਸੁਜਾਨ ਸਿੰਘ, ਬਲਵੰਤ ਗਾਰਗੀ, ਪ੍ਰੋ: ਮੋਹਨ ਸਿੰਘ, ਅੰਮਿ੍ਰਤਾ ਪ੍ਰੀਤਮ, ਪਿਆਰਾ ਸਿੰਘ ਦਾਤਾ ਆਦਿ ਅਤੇ ਕਾਮਰੇਡ ਜਗਜੀਤ ਸਿੰਘ ਆਨੰਦ, ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਪੱਤਰਕਾਰ ਕੁਲਦੀਪ ਨਈਅਰ, ਭਾਪਾ ਪ੍ਰੀਤਮ ਸਿੰਘ ਅਤੇ ਡਾ. ਕਰਨਜੀਤ ਸਿੰਘ ਆਦਿ ਉਨ੍ਹਾਂ ਦੇ ਗੂੜੇ ਮਿੱਤਰ ਸਨ। ਜਾਕਿਰ ਹੁਸੈਨ ਵਿੱਦਿਅਕ ਫਾਉਂਡੇਸ਼ਨ ਅਤੇ ਰਾਜਾ ਰਾਮ ਮੋਹਨ ਰਾਇ ਲਾਇਬਰੇਰੀ ਫਾਉਂਡੇਸ਼ਨ ਉਨ੍ਹਾਂ ਦੀ ਹੀ ਦੇਣ ਹੈ। ਬਹੁਤ ਸਾਰੀਆਂ ਸੰਸਥਾਵਾਂ ਨੂੰ ਉੱਚਾ ਚੁੱਕਣ ਦਾ ਬੀੜਾ ਚੁੱਕਿਆ ਸੀ। ਲੇਖਕ ਨੂੰ ਸ਼੍ਰੀ ਲੰਕਾ, ਤੁਨੀਸ਼ੀਆ, ਉੱਤਰੀ ਕੋਰੀਆ, ਸਿੰਘਾਪੁਰਾ, ਰੂਸ, ਇੰਗਲੈਂਡ, ਬੁਲਮਾਰੀਆ ਅਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ।

ਇੱਕ ਵਾਰ ਮੈਂ, ਸੰਨ 1998 ਵਿਚ ਕਰਤਾਰ ਸਿੰਘ ਦੁੱਗਲ ਜੀਆਂ ਨੂੰ ਮਿਲਣ ਦਿੱਲੀ ਗਿਆ ਪਰ ਉਹ ਨਾ ਮਿਲੇ ਕਿਤੇ ਟੂਰ ਤੇ ਗਏ ਹੋਏ ਸਨ। ਮੈਂ ਆਪਣਾ ਨਾਵਲ ‘ਇਹ ਅੱਗ ਕਦੋਂ ਬੁਝੇਗੀ?’ ਉਨ੍ਹਾਂ ਦੇ ਗੇਟ ਮੈਨ ਨੂੰ ਫੜਾ ਆਂਦਾ। ਤੀਜੇ ਦਿਨ ਹੀ 50 ਪੈਸੇ ਵਾਲਾ ਕਾਰਡ ਡਾਕੀਆ ਫੜਾ ਗਿਆ। ਲਿਖਿਆ ਸੀ ‘ਪ੍ਰੀਤੀਮਾਨ’ ਹੁਣੇ ਹੀ ਵਿਦੇਸ਼ ਜਾਣ ਦੀ ਤਿਆਰੀ ਵਿੱਚ ਹਾਂ। ਡਾ. ਤੇਜਵੰਤ ਮਾਨ ਦਾ ਨਾਵਲ ਬਾਰੇ ਮੁੱਖ ਬੰਧ ਪੜ੍ਹ ਲਿਆ ਹੈ। ਨਾਵਲ ਵਿਦੇਸ਼ੋਂ ਆ ਕੇ ਪੜ੍ਹਾਂਗਾ। ਵੈਸੇ ਲੋੜ ਹੈ ਅੱਜ ਦਾਜ ਪ੍ਰਥਾ ਵਿਰੁੱਧ ਆਵਾਜ਼ ਬੁਲੰਦ ਕਰਨ ਦੀ, ਤੁਸੀਂ ਵਿਸ਼ਾ ਠੀਕ ਚੁਣਿਆ ਹੈ। ਆਪ ਦਾ ਨਾਵਲ ਸੰਗ੍ਰਹਿ, ਨਾਵਲ ਸੰਸਾਰ ਵਿੱਚ ਪ੍ਰਵੇਸ਼ ਹੋਣ ’ਤੇ ਮੁਬਾਰਕਾਂ। ਨਵੇਂ ਸਾਹਿਤਕਾਰਾਂ ਨੂੰ ਦੱੁਗਲ ਸਾਹਿਬ ਹਮੇਸ਼ਾ ਉਤਸਾਹ ਅਤੇ ਪ੍ਰੇਰਨਾ ਦਿੰਦੇ ਰਹਿੰਦੇ ਸਨ।

ਕਰਤਾਰ ਸਿੰਘ ਦੁੱਗਲ 26 ਜਨਵਰੀ, 2012 ਈ: ਨੂੰ 94 ਵਰ੍ਹਿਆਂ ਦੀ ਉਮਰ ਭੋਗ ਕੇ ਸਦਾ ਦੀ ਨੀਂਦ ਸੌਂ ਗਏ। ਭਾਵੇਂ ਦੁੱਗਲ ਸਾਹਿਬ ਅੱਜ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦਾ ਲਿਖਿਆ ਸਾਹਿਤ ਸਦਾ ਉਨ੍ਹਾਂ ਦੀਆਂ ਯਾਦਾਂ ਨੂੰ ਤਾਜਾ ਰੱਖੇਗਾ। ਨਵੀਂ ਪੀੜੀ ਨੂੰ ਉਨ੍ਹਾਂ ਦੀਆਂ ਲਿਖਤਾਂ ਤੋਂ ਸਦਾ ਪ੍ਰੇਰਨਾ ਤੇ ਸਿੱਖਿਆ ਮਿਲਦੀ ਰਹੇਗੀ।

- ਦਰਸ਼ਨ ਸਿੰਘ ਪ੍ਰੀਤੀਮਾਨ

Posted By: Harjinder Sodhi