ਕੰਵਰ ਨੌਨਿਹਾਲ ਸਿੰਘ ਦਾ ਜਨਮ 9 ਮਾਰਚ 1821 ਨੂੰ ਮਹਾਰਾਜਾ ਖੜਕ ਸਿੰਘ ਤੇ ਮਹਾਰਾਣੀ ਚੰਦ ਕੌਰ ਦੇ ਘਰ ਹੋਇਆ। ਇਹ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਲਗਦਾ ਸੀ। ਕੰਵਰ ਨੌਨਿਹਾਲ ਸਿੰਘ ਸਿਆਣਾ, ਸੂਝਵਾਨ ਅਤੇ ਉੁਸ ਵਿਚ ਸਿੱਖ ਰਾਜ ਦੇ ਲਾਹੌਰ ਤਖ਼ਤ ਨੂੰ ਚਲਾਉੁਣ ਵਾਲੇ ਸਾਰੇ ਗੁਣ ਮੌਜੂਦ ਸਨ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਆਖ ਦਿੰਦੇ ਸਨ ਮੇਰੀ ਮੌਤ ਤੋਂ ਬਾਅਦ ਲਾਹੌਰ ਤਖ਼ਤ 'ਤੇ ਬੈਠ ਕੇ ਸਿੱਖ ਰਾਜ ਨੂੰ ਇਹ ਹੀ ਕਾਇਮ ਰੱਖ ਸਕਦਾ ਹੈ। ਕੰਵਰ ਨੌਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਅਟਾਰੀ ਵਾਲੇ ਦੀ ਲੜਕੀ ਬੀਬੀ ਨਾਨਕੀ ਨਾਲ ਹੋਇਆ। ਇਸ ਵਿਆਹ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਸ਼ਾਨੋ-ਸ਼ੌਕਤ ਨਾਲ ਕੀਤਾ। ਇਸ ਵਿਆਹ ਦੀ ਸਿੱਖ ਰਾਜ ਵਿਚ ਆਪਣੀ ਹੀ ਮਿਸਾਲ ਸੀ।

ਕੰਵਰ ਨੌਨਿਹਾਲ ਸਿੰਘ ਛੋਟੀ ਉੁਮਰ ਵਿਚ ਹੀ ਪਿਸ਼ਾਵਰ ਦਾ ਗਵਰਨਰ ਲੱਗ ਗਿਆ ਸੀ। 9 ਅਕਤੂਬਰ 1839 ਲਗਪਗ 18 ਸਾਲ ਦੀ ਉਮਰ ਵਿਚ ਹੀ ਨੌਨਿਹਾਲ ਸਿੰਘ ਨੇ ਆਪਣੇ ਪਿਤਾ ਦੇ ਬੰਦੀ ਬਣਨ ਤੋਂ ਬਾਅਦ ਸਿੱਖ ਰਾਜ ਦੀ ਵਾਗਡੋਰ ਸੰਭਾਲ ਲਈ ਸੀ।

ਨੌਨਿਹਾਲ ਸਿੰਘ ਦਾ ਪਿਤਾ ਮਹਾਰਾਜਾ ਖੜਕ ਸਿੰਘ 5 ਨਵੰਬਰ 1840 ਨੂੰ ਲਾਹੌਰੀ ਦਰਵਾਜ਼ੇ ਅੰਦਰ ਸ਼ਾਹੀ ਹਵੇਲੀ ਵਿਚ ਦਮ ਤੋੜ ਗਈ। ਮਹਾਰਾਜਾ ਖੜਕ ਸਿੰਘ ਦਾ ਅੰਤਿਮ ਸੰਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਚੰਦਨ ਦੀ ਚਿਖਾ ਚਿਣ ਕੇ ਕਰ ਦਿੱਤਾ ਗਿਆ। ਖੜਕ ਸਿੰਘ ਦੀ ਚਿਖਾ ਨੂੰ ਮਹਾਰਾਜਾ ਕੰਵਰ ਨੌਨਿਹਾਲ ਸਿੰਘ ਨੇ ਅਗਨੀ ਵਿਖਾਈ।

ਧਿਆਨ ਸਿੰਘ ਡੋਗਰਾ ਤੇ ਗਾਰਡਨਰ ਸਿੱਖ ਰਾਜ ਦੇ ਤੋਪਖਾਨੇ ਦਾ ਅਫ਼ਸਰ ਸੀ। ਉੁਹ ਧਿਆਨ ਸਿੰਘ ਦਾ ਗੂੜ੍ਹਾ ਮਿੱਤਰ ਸੀ। ਸਸਕਾਰ ਵਾਲੀ ਜਗ੍ਹਾ ਕੋਲ ਹੀ ਧਿਆਨ ਸਿੰਘ ਨੇ ਉਸ ਨੂੰ ਤੋਪਖਾਨੇ ਵਿੱਚੋਂ 40 ਸਿਪਾਹੀ ਬਿਨਾਂ ਵਰਦੀ ਤੋਂ ਲਿਆਉੁਣ ਲਈ ਕਿਹਾ। ਕੰਵਰ ਨੌਨਿਹਾਲ ਸਿੰਘ ਨੇ ਰਾਜਾ ਧਿਆਨ ਸਿੰਘ ਡੋਗਰਾ ਅਤੇ ਗਾਰਡਨਰ ਨੂੰ ਹੌਲੀ-ਹੌਲੀ ਕੋਈ ਰਾਇ ਮਸ਼ਵਰਾ ਕਰਦੇ ਵੇਖ ਲਿਆ। ਕੰਵਰ ਨੂੰ ਸ਼ੱਕ ਪੈ ਗਿਆ ਉਹ ਝੱਟ ਹੀ ਊਧਮ ਸਿੰਘ (ਗੁਲਾਬ ਸਿੰਘ ਡੋਗਰੇ ਦਾ ਪੁੱਤਰ) ਨੂੰ ਨਾਲ ਲੈ ਕੇ ਕਿਲ੍ਹੇ ਵੱਲ ਨੂੰ ਤੁਰ ਪਿਆ। ਬਾਕੀ ਦੇ ਦਰਬਾਰੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ। ਜਿਸ ਤਰ੍ਹਾਂ ਕੰਵਰ ਦੇ ਮਨ ਵਿਚ ਕੋਈ ਡਰ ਬੈਠਾ ਹੁੰਦਾ ਹੈ। ਉੁਹ ਊਧਮ ਸਿੰਘ ਦੇ ਛਡਾਉੁਣ ਤੇ ਵੀ ਉਸ ਦਾ ਹੱਥ ਨਹੀ ਛੱਡ ਰਿਹਾ ਸੀ।

ਜਦ ਉੁਹ ਰੇਸ਼ਮੀ ਦਰਵਾਜ਼ੇ ਕੋਲ ਪਹੁੰਚੇ ਤਾਂ ਉੁਸ ਉੁਪਰ ਕਰਨਲ ਬਿਜੈ ਸਿੰਘ ਸਿਪਾਹੀਆਂ ਸਮੇਤ ਬੈਠਾ ਸੀ। ਉੁਸ ਨੂੰ ਕਿਹਾ ਗਿਆ ਸੀ ਜਦੋਂ ਕੰਵਰ ਦਰਵਾਜ਼ੇ ਥੱਲੇ ਦੀ ਲੰਘੇ ਤਾਂ ਉਸ ਉੁੱਪਰ ਇੱਟਾਂ ਦਾ ਛੱਜਾ ਸੁੱਟ ਦਿੱਤਾ ਜਾਵੇ। ਕਰਨਲ ਬਿਜੈ ਸਿੰਘ ਨੂੰ ਇਸ ਗੱਲ ਦਾ ਇਸ਼ਾਰਾ ਕਰਨ ਵਾਸਤੇ ਹੀਰਾ ਸਿੰਘ (ਰਾਜਾ ਧਿਆਨ ਸਿੰਘ ਦਾ ਪੁੱਤਰ) ਪਾਸੇ ਖੜ੍ਹਾ ਸੀ। ਜਦੋਂ ਕੰਵਰ ਨੌਨਿਹਾਲ ਸਿੰਘ ਦਰਵਾਜ਼ੇ ਕੋਲ ਪਹੁੰਚਣ ਲੱਗਾ ਤਾਂ ਹੀਰਾ ਸਿੰਘ ਨੇ ਦੇਖਿਆ ਕੰਵਰ, ਊਧਮ ਸਿੰਘ ਦਾ ਹੱਥ ਫੜੀ ਆ ਰਿਹਾ ਹੈ ਤਾਂ ਉੁਸ ਨੇ ਪਿੱਛੇ ਆਉੁਂਦੇ ਧਿਆਨ ਸਿੰਘ ਤੋਂ ਇਸ਼ਾਰੇ ਨਾਲ ਪੁੱਛਿਆ ਕੀ ਕੀਤਾ ਜਾਵੇ ?

ਧਿਆਨ ਸਿੰਘ ਡੋਗਰੇ ਦੇ ਦਿਮਾਗ਼ ਉੁੱਪਰ ਇਕ ਗੱਲ ਦਾ ਹੀ ਭੂਤ ਸਵਾਰ ਸੀ ਮਹਾਰਾਜੇ ਰਣਜੀਤ ਸਿੰਘ ਦੀ ਵੰਸ਼ ਨੂੰ ਖ਼ਤਮ ਕਰਕੇ ਆਪ ਦੇ ਪੁੱਤਰ ਹੀਰਾ ਸਿੰਘ ਨੂੰ ਤਖ਼ਤ 'ਤੇ ਬਿਠਾ ਦਿੱਤਾ ਜਾਵੇ।

ਧਿਆਨ ਸਿੰਘ ਨੇ ਹੀਰਾ ਸਿੰਘ ਨੂੰ ਇਸ਼ਾਰਾ ਕੀਤਾ, ਤੁਸੀਂ ਆਪਦਾ ਕੰਮ ਕਰੋ ਊਧਮ ਸਿੰਘ ਮੇਰਾ ਭਤੀਜਾ ਮੌਕੇ 'ਤੇ ਮਰਦਾ ਹੈ ਤਾਂ ਮਰ ਜਾਵੇ। ਹੀਰਾ ਸਿੰਘ ਦੇ ਇਸ਼ਾਰਾ ਕਰਨ 'ਤੇ ਕਰਨਲ ਬਿਜੈ ਸਿੰਘ ਦੇ ਸਿਪਾਹੀਆਂ ਨੇ ਉੁੱਪਰ ਤੋਂ ਛੱਜਾ ਸੁੱਟ ਦਿੱਤਾ।

ਊਧਮ ਸਿੰਘ ਤਾਂ ਮੌਕੇ 'ਤੇ ਮਰ ਗਿਆ। ਕੰਵਰ ਦੇ ਕੰਨ ਪਿੱਛੇ ਸੱਟ ਦਾ ਥੋੜ੍ਹਾ ਜਿਹਾ ਨਿਸ਼ਾਨ ਸੀ। ਉੁਸ ਵਿੱਚੋਂ ਥੋੜ੍ਹਾ ਜਿਹਾ ਲਹੂ ਸਿਮ ਕੇ ਬਾਹਰ ਆਇਆ ਸੀ। ਨੌਨਿਹਾਲ ਸਿੰਘ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਿਆ। ਉਸ ਦੇ ਮੂੰਹ ਵਿੱਚੋਂ ਇਕਦਮ 'ਪਾਣੀ' ਨਿਕਲਿਆ। ਪਰ ਕੰਵਰ ਤੂੰ ਕੀ ਜਾਣਦਾ ਸੀ ? ਤੇਰੇ ਦਾਦੇ, ਮਹਾਰਾਜਾ ਰਣਜੀਤ ਸਿੰਘ ਦੀਆਂ ਡੋਗਰਿਆਂ ਪ੍ਰਤੀ ਕੀਤੀਆਂ ਹਮਦਰਦੀਆਂ ਦਾ ਡੋਗਰੇ ਮੁੱਲ ਮੋੜ ਰਹੇ ਹਨ ਇਸ ਕਰਕੇ ਤੈਨੂੰ ਪਾਣੀ ਕਿਸ ਨੇ ਨਹੀਂ ਦੇਣਾ ਸੀ ਉੁਹ ਤਾਂ ਤੈਨੂੰ ਮਾਰਨ ਦੇ ਹਰ ਤਰੀਕੇ ਵਰਤ ਰਹੇ ਸਨ।

ਮਿੱਥੇ ਅਨੁਸਾਰ ਦਰਵਾਜ਼ੇ ਦੀ ਨਾਲ ਵਾਲੀ ਕੋਠੜੀ ਵਿੱਚੋਂ ਪਾਲਕੀ ਅਤੇ ਬਿਨਾਂ ਵਰਦੀ ਸਿਪਾਹੀ ਲਿਆ ਕੇ ਕੰਵਰ ਨੂੰ ਫਟਾਫਟ ਕਿਲ੍ਹੇ ਅੰਦਰ ਲੈ ਗਏੇ। ਸਰਦਾਰ ਲਹਿਣਾ ਸਿੰਘ ਮਜੀਠੀਆ ਮਗਰ ਭੱਜਿਆ ਪਰ ਧਿਆਨ ਸਿੰਘ ਨੇ ਉਸ ਨੂੰ ਵੀ ਧੱਕੇ ਮਾਰ ਕੇ ਪਿੱਛੇ ਮੋੜ ਦਿੱਤਾ।

ਕੰਵਰ ਨੂੰ ਕਿਲ੍ਹੇ ਅੰਦਰ ਵਾੜਨ ਤੋਂ ਬਾਅਦ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਗਾਰਡਨਰ ਲਿਖਦਾ ਹੈ ਜਦ ਮੈਂ 40 ਬੰਦੇ ਲੈ ਕੇ ਵਾਪਸ ਆਇਆ ਤਾਂ ਇਹ ਭਾਣਾ ਵਰਤ ਚੁੱਕਿਆ ਸੀ। ਧਿਆਨ ਸਿੰਘ ਹੋਰੀਂ ਕੰਵਰ ਨੂੰ ਪਾਲਕੀ ਵਿਚ ਪਾ ਕੇ ਹਜ਼ੂਰੀ ਬਾਗ਼ ਵਿਚ ਲਈ ਜਾਂਦੇ ਸਨ।

ਮੈਨੂੰ ਧਿਆਨ ਸਿੰਘ ਨੇ ਬੰਦੇ ਵਾਪਸ ਲਿਜਾਣ ਵਾਸਤੇ ਕਿਹਾ ਹੁਣ ਇਨ੍ਹਾਂ ਦੀ ਲੋੜ ਨੀ ਵਾਪਸ ਲੈ ਜਾਵੋ। ਇਹ ਗੱਲ ਮੇਰੇ ਅੰਦਰ ਬੁਝਾਰਤ ਬਣ ਗਈ ਇਨ੍ਹਾਂ ਬੰਦਿਆ ਤੋਂ ਕੀ ਕਰਾਉੁਣਾ ਸੀ ? ਹੁਣ ਵਾਪਸ ਕਿਉੁਂ ਕਰ ਦਿੱਤੇ ?

ਸ਼ਾਹੀ ਮਹੱਲ ਦੇ ਸਾਹਮਣੇ ਭੋਰੇ ਵਿਚ ਹੋਰ ਭਾਣਾ ਵਰਤਾਉਣ ਲਈ ਕੰਵਰ ਦੀ ਪਾਲਕੀ ਕਮਰੇ ਵਿਚ ਵਾੜ ਕੇ ਕਮਰੇ ਨੂੰ ਅੰਦਰ ਤੋਂ ਬੰਦ ਕਰ ਲਿਆ ਗਿਆ। ਉਸ ਕਮਰੇ ਅੰਦਰ ਧਿਆਨ ਸਿੰਘ ਡੋਗਰਾ ਅਤੇ ਉੁਸ ਦੇ ਦੋ ਪਹਾੜੀ ਨੌਕਰ ਸਨ। ਕਮਰੇ ਦੇ ਬਾਹਰ ਡੋਗਰਾ ਫ਼ੌਜ ਦੇ ਸਿਪਾਹੀ ਲਾ ਦਿੱਤੇ ਤਾਂ ਕੇ ਕਮਰੇ ਦੇ ਨੇੜੇ ਕੋਈ ਨਾ ਆਵੇ।

ਮਹਾਰਾਣੀ ਚੰਦ ਕੌਰ ਤਾਂ ਅਜੇ ਚਿਖਾ ਵਿਚ ਜਲ ਰਹੇ ਵਿਧਵਾ ਪੂਣੇ ਦੇ ਭਾਂਬੜ ਵੇਖ ਰਹੀ ਸੀ ਕਿਸੇ ਨੇ ਜਾ ਕੇ ਨੌਨਿਹਾਲ ਸਿੰਘ 'ਤੇ ਵਾਪਰੇ ਭਾਣੇ ਦੀ ਗੱਲ ਦੱਸ ਦਿੱਤੀ। ਉੁਹ ਇਕਦਮ ਹੀ ਕਿਲ੍ਹੇ ਵੱਲ ਭੱਜ ਪਈ। ਨਾਲ ਹੀ ਜਦ ਕੰਵਰ ਦੀ ਪਤਨੀ ਬੀਬੀ ਨਾਨਕੀ ਨੂੰ ਪਤਾ ਲਗਿਆ ਉੁਹ ਵੀ ਕਿਲ੍ਹੇ ਵੱਲ ਨੂੰ ਇਕਦਮ ਭੱਜ ਪਈ।

ਜਦ ਉਹ ਕਿਲ੍ਹੇ ਦੇ ਦਰਵਾਜ਼ੇ 'ਤੇ ਪਹੁੰਚੀਆਂ ਤਾਂ ਦਰਵਾਜ਼ੇ ਬੰਦ ਸਨ। ਉਨ੍ਹਾਂ ਰੋ-ਰੋ ਬਹੁਤ ਵਾਸਤੇ ਪਾਏ। ਭੋਰੇ ਅੰਦਰ ਧਿਆਨ ਸਿੰਘ ਨੇ ਪਹਾੜੀ ਨੌਕਰਾਂ ਨਾਲ ਰਲ ਕੇ ਪੱਥਰ ਮਾਰ-ਮਾਰ ਕੇ ਮਹਾਰਾਜਾ ਨੌਨਿਹਾਲ ਸਿੰਘ ਦਾ ਸਿਰ ਫੇਹ ਦਿੱਤਾ।

ਮਹਾਰਾਜਾ ਕੰਵਰ ਨੌਨਿਹਾਲ ਸਿੰਘ 1 ਸਾਲ 28 ਦਿਨ ਰਾਜ ਕਰਨ ਤੋਂ ਬਾਅਦ 19 ਸਾਲ 7 ਮਹੀਨੇ 27 ਦਿਨ ਦੀ ਉੁਮਰ ਭੋਗ ਕੇ 5 ਨਵੰਬਰ 1840 ਨੂੰ ਆਪਦੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਚਿਖਾ ਠੰਢੀ ਹੋਣ ਤੋਂ ਪਹਿਲਾਂ-ਪਹਿਲਾਂ ਸਿੱਖ ਰਾਜ ਨੂੰ ਅਲਵਿਦਾ ਕਹਿ ਗਿਆ।

ਮੌਤ ਨੂੰ ਰੱਖਿਆ ਗੁਪਤ

ਮਹਾਰਾਜਾ ਕੰਵਲ ਨੌਨਿਹਾਲ ਸਿੰਘ ਦੀ ਮੌਤ ਨੂੰ ਅਗਲੇ ਮਹਾਰਾਜੇ ਦਾ ਐਲਾਨ ਕਰਨ ਤਕ ਗੁਪਤ ਰਖਿਆ ਗਿਆ। ਮਹਾਰਾਜਾ ਨੌਨਿਹਾਲ ਸਿੰਘ ਦੀ ਚਿਖਾ ਵੀ ਮਹਾਰਾਜਾ ਖੜਕ ਸਿੰਘ ਦੀ ਚਿਖਾ ਕੋਲ ਚਿਣੀ ਗਈ। ਕੰਵਰ ਦੀਆਂ ਦੋ ਪਤਨੀਆਂ 'ਚੋਂ ਇਕ ਨੇ ਸ਼ੇਰ ਸਿੰਘ ਦੀ ਦਸਤਾਰ 'ਤੇ ਸ਼ਾਹੀ ਚਿੰਨ੍ਹ ਲਾ ਕੇ ਮਹਾਰਾਜਾ ਬਣਨ ਦਾ ਅਤੇ ਦੂਸਰੀ ਨੇ ਧਿਆਨ ਸਿੰਘ ਦੇ ਮੱਥੇ 'ਤੇ ਕੇਸਰ ਦਾ ਤਿਲਕ ਲਾ ਕੇ ਮਹਾਰਾਜਾ ਸ਼ੇਰ ਸਿੰਘ ਦਾ ਵਜ਼ੀਰ ਹੋਣ ਦਾ ਸਬੂਤ ਦਿੱਤਾ।

J ਸੁਖਵਿੰਦਰ ਸਿਘ ਮੁੱਲਾਂਪੁਰ

9914184794

Posted By: Harjinder Sodhi