'ਵਿਆਹੀ ਵਰੀ ਇਕ ਬੱਚੇ ਦੀ ਮਾਂ-ਪ੍ਰੇਮੀ ਨਾਲ ਫਰਾਰ' ਅਖ਼ਬਾਰ ਦੇ ਤੀਸਰੇ ਪੰਨੇ ਉੱਪਰ ਲੱਗੀ ਇਕ ਕਾਲਮੀ ਖ਼ਬਰ 'ਤੇ ਨਜ਼ਰ ਜਾਂਦਿਆਂ ਹੀ ਚੌਕ ਜਾਂਦਾ ਹਾਂ। ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਟਪਕਣ ਲੱਗਦੀਆਂ ਨੇ। ਦਿਮਾਗ਼ ਵਿਚ ਉਹੀ ਕੂੜ੍ਹਾ-ਕਬਾੜਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਕਈ ਵਾਰ ਡਸਟਬਿਨ ਵਿਚ ਸੁੱਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਕ ਵਾਰ ਫੇਰ ਸਾਰੀ ਖ਼ਬਰ ਧਿਆਨ ਨਾਲ ਪੜ੍ਹਦਾ ਹਾਂ। ਠੰਢਾ ਸਾਹ ਭਰਦਾ ਹਾਂ। ਸ਼ੁਕਰ ਕਰਦਾਂ ਕਿ ਖ਼ਬਰ ਕਿਸੇ ਹੋਰ ਸ਼ਹਿਰ ਦੀ ਏ ਪਰ ਘਬਰਾਹਟ ਘੱਟ ਹੀ ਨਹੀਂ ਹੋ ਰਹੀ। ਇਹ ਸੋਚ ਪਤਾ ਨਹੀਂ ਕਿਉਂ ਵਾਰ-ਵਾਰ ਦਿਮਾਗ਼ ਵਿਚ ਘੁੰਮਣ ਘੇਰੀਆਂ ਪਾਉਣ ਲੱਗਦੀ ਹੈ ਕਿ ਜਦੋਂ ਸੈਮੀਨਾਰ ਅਟੈਂਡ ਕਰਨ ਬਾਅਦ ਵਾਪਸ ਘਰ ਜਾਵਾਂਗਾ; ਘਰੇ ਦਰਵਾਜ਼ਾ ਚੌੜ-ਚੁਪੱਟ ਖੁੱਲ੍ਹਾ ਮਿਲੇਗਾ। ਸੇਫ਼ ਖੁੱਲ੍ਹੀ ਤੇ ਗਹਿਣੇ-ਗੱਟੇ ਗਾਇਬ ਹੋਣਗੇ।

ਰਾਤ ਦੇ ਦਸ ਵੱਜੇ ਹਨ। ਘਰ ਫੋਨ ਮਿਲਾਉਂਦਾ ਹਾਂ। ਰਿੰਗ ਅਜੇ ਪੂਰੀ ਵੀ ਨਹੀਂ ਗਈ ਹੁੰਦੀ ਕਿ ਉਸੇ ਵਕਤ ਫੋਨ ਉਠਾ ਲਿਆ ਜਾਂਦਾ ਹੈ।

''ਕੀ ਕਰ ਰਹੀ ਏਂ?''

''ਪੜ੍ਹ ਰਹੀ ਸਾਂ।''

''ਕੀ ਪੜ੍ਹਦੀ ਸੀ?''

''ਬੋਰਿਸ ਪੋਲੋਵਾਈ ਦੀ ਅਸਲੀ ਇਨਸਾਨ ਦੀ ਕਹਾਣੀ।''

''ਸੁਮੀਤ ਕੀ ਕਰਦੈ?''

''ਕਰਨਾ ਕੀ? ਸੌਂ ਗਿਆ ਕਦੋਂ ਦਾ ਪਾਪਾ-ਪਾਪਾ ਕਰਦਾ!''

''ਮੇਰੀ ਗੱਲ ਕਰਾ ਸੁਮੀਤ ਨਾਲ।''

''ਸੁੱਤਾ ਪਿਆ ਗੂੜ੍ਹੀ ਨੀਂਦੇ----ਸਵੇਰੇ ਸਾਝਰੇ ਜੋ ਜਾਗਣਾ ਪੈਂਦਾ। ਸਿਕਸ ਥਰਟੀ 'ਤੇ ਤਾਂ ਸਕੂਲ ਵੈਨ ਆ ਜਾਂਦੀ ਹੈ।''

''ਮੈਂ ਕਿਹਾ ਮੇਰੀ ਗੱਲ ਕਰਾ ਸੁਮੀਤ ਨਾਲ ਹੁਣੇ ਹੀ---।''

''ਸੌਂ ਲੈਣ ਦਿਓ ਵਿਚਾਰੇ ਜੁਆਕ ਨੂੰ!''

''ਗੱਲ ਨਹੀਂ ਕਰਾ ਸਕਦੀ? ਕੋਈ ਪਰਾਬਲਮ ਐ? ਕਿ ਜਗਾਉਣਾ ਨਹੀਂ ਚਾਹੁੰਦੀ?'' ਮੈਥੋਂ ਖਾਸੀ ਉੱਚੀ ਆਵਾਜ਼ ਵਿਚ ਬੋਲ ਹੋ ਜਾਂਦਾ ਹੈ। ਮੈਂ ਮੇਜ਼ 'ਤੇ ਮੁੱਕਾ ਮਾਰਦਾ ਚੀਕ ਹੀ ਪਂੈਂਦਾ ਹਾਂ। ਟੇਬਲ 'ਤੇ ਪਿਆ ਕੱਚ ਦਾ ਗਲਾਸ ਫਰਸ਼ 'ਤੇ ਜਾ ਡਿੱਗਦਾ ਹੈ। ਗਲਾਸ ਟੁੱਟਣ ਦੀ ਆਵਾਜ਼ ਵੀ ਫੋਨ ਰਾਹੀਂ ਯਾਤਰਾ ਕਰ ਜਾਂਦੀ ਹੈ।

''ਜਸਟ...! ਜਸਟ...!'' ਕੰਬਦੀ ਜਿਹੀ ਆਵਾਜ਼ ਆਉਂਦੀ ਹੈ।

ਸੁਮੀਤ ਨੂੰ ਜਗਾਉਣ ਦੀਆਂ ਕੋਸ਼ਿਸ਼ ਕਰਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹਿੰਦੀਆਂ ਨੇ। ''ਊਂ----ਊਂ'' ਕਰਦੇ ਸੁਮੀਤ ਦੀ ਆਵਾਜ਼ ਵੀ ਫੋਨ ਰਾਹੀਂ ਆਉਂਦੀ ਹੈ। ਸੁੱਤੇ ਪਏ ਬੱਚੇ ਨੂੰ ਜਗਾਉਣਾ ਕਿੰਨਾ ਔਖਾ ਹੈ, ਇਸਦਾ ਅਹਿਸਾਸ ਤਾਂ ਹੁੰਦਾ ਹੈ ਪਰ ਮੈਂ ਚਾਹੁੰਦਾ ਹਾਂ ਕਿ ਸੁਮੀਤ ਜਾਗ ਪਏ। ਉਹ ਜਾਗ ਪਏਗਾ ਤਾਂ ਕੁੱਝ ਭੇਤ ਤਾਂ ਪਤਾ ਲੱਗੇਗਾ ਹੀ। ਬੱਚੇ ਕਦੋਂ ਝੂਠ ਬੋਲਦੇ ਨੇ? ਇਹ ਹਥਿਆਰ ਤਾਂ ਅੱਗੇ ਵੀ ਕਈ ਵਾਰ ਵਰਤਿਆ ਜਾ ਚੁੱਕਾ ਹੈ।

''ਘਰ ਕਿਸਦਾ ਫੋਨ ਆਇਆ ਸੀ? ਕੌਣ-ਕੌਣ ਆਏ ਸਨ ਘਰੇ?'' ਆਨੇ-ਬਹਾਨੇ ਸੁਮੀਤ ਨੂੰ ਪੁੱਛਦਾ ਹੀ ਰਹਿੰਦਾ ਹਾਂ।

ਬੱਚਾ ਮੇਰੇ ਅੰਦਰਲੀ ਭਾਵਨਾ ਨੂੰ ਕੀ ਜਾਣੇ?

''ਸੁਮੀਤ ਬੇਟੇ! ਅੰਕਲ ਆਏ ਸਨ?''

''ਕਿਹੜੇ ਅੰਕਲ?'' ਸੁਮੀਤ ਦੀ ਪੁੱਛ 'ਤੇ ਮੈਂ ਘਬਰਾ ਜਾਂਦਾ ਹਾਂ। ਕੀਹਦਾ ਨਾਂ ਲਵਾਂ? ਉਂਜ ਮੈਂ ਨੀਲੂ ਤੋਂ ਚੋਰੀ ਸੁਮੀਤ ਕੋਲੋਂ ਕੋਈ ਨਾ ਕੋਈ ਪੁੱਛ-ਪੜਤਾਲ ਕਰਦਾ ਹੀ ਰਹਿੰਦਾ ਹਾਂ। ਕਈ ਵਾਰ ਤਾਂ ਕਿਸੇ ਦਾ ਨਾਂ ਲੈ ਕੇ ਹੀ ਪੁੱਛ ਲੈਂਦਾ ਹਾਂ,

''ਸੁਨੀਲ ਅੰਕਲ ਆਏ ਸਨ?''

''ਨੋ...ਨੋ...।'' ਸੁਮੀਤ ਕਿੰਨਾ ਚਿਰ ਆਪਣਾ ਗੋਭਲਾ ਜਿਹਾ ਸਿਰ ਸੱਜੇ-ਖੱਬੇ ਹਿਲਾਉਂਦਾ ਰਹਿੰਦਾ ਹੈ।

''ਬੇਟੇ ਮੇਰੇ ਬਾਅਦ ਕੋਈ ਤਾਂ ਆਇਆ ਹੀ ਹੋਊ ਚੀਜ਼ੀ ਲੈ ਕੇ? ਜਿਵੇਂ ਤੇਰੇ ਮਾਮਾ ਜੀ ਆ ਜਾਂਦੇ ਨੇ ਕਦੇ-ਕਦੇ। ਹੈਂ!''

''ਊਂ...ਊ...ਹਾਂ ਯਾਦ ਆਇਆ! ਨਿਰਮਲ ਆਂਟੀ ਆਏ ਸਨ...।'' ਰਸੋਈ ਵਿੱਚੋਂ ਖਾਣ-ਪੀਣ ਦਾ ਸਮਾਨ ਲੈ ਕੇ ਆ ਰਹੀ ਨੀਲੂ ਨੂੰ ਸੁਮੀਤ ਦਾ ਜੁਆਬ ਸੁਣਾਈ ਦੇ ਜਾਂਦਾ ਹੈ।

''ਕੋਈ ਹੋਰ ਵੀ ਹੈ ਆਪਣੇ ਆਉਣ ਵਾਲਾ? ਇਕ ਨਿਰਮਲ ਹੀ ਤਾਂ ਹੈ। ਵਿਚਾਰੀ ਨੂੰ ਆਥਣੇ-ਸਵੇਰੇ ਆਉਣਾ ਪੈਂਦਾ। ਬੜੀ ਔਖ ਝੱਲਦੀ।''

ਨੀਲੂ ਭਰਵੱਟੇ ਉਪਰ ਨੂੰ ਚੜ੍ਹਾ ਲੈਂਦੀ ਹੈ। ਮੈਨੂੰ ਪਤਾ ਨੀਲੂ ਉਸਦੇ ਆਉਣ 'ਤੇ ਔਖੀ ਤਾਂ ਮਹਿਸੂਸ ਕਰਦੀ ਹੈ ਪਰ ਉਸਨੇ ਅੱਜ ਤਕ ਨਿਰਮਲ ਨੂੰ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ। ਜਦੋਂ ਉਹ ਆਨੇ-ਬਹਾਨੇ ਗੇੜਾ ਮਾਰ ਕੇ ਚਲੀ ਜਾਂਦੀ ਹੈ ਤਾਂ ਉਸਦੇ ਜਾਣ ਬਾਅਦ ਨੀਲੂ ਹੱਸਦਿਆਂ-ਹੱਸਦਿਆਂ ਆਖ ਦਿੰਦੀ ਹੈ, ''ਇਹਨੂੰ ਤਾਂ ਘਰ ਜਾ ਕੇ ਹੀ ਦਰਸ਼ਨ ਦੇ ਆਇਆ ਕਰੋ, ਐਵੇਂ ਔਖੀ ਹੁੰਦੀ ਰਹਿੰਦੀ ਵਿਚਾਰੀ। ਪਤਾ ਨਹੀਂ ਕੀ ਸੌ ਝੂਠੇ-ਸੱਚੇ ਬਹਾਨੇ ਮਾਰਨੇ ਪੈਂਦੇ ਅਗਲੀ ਨੂੰ।''

''ਐਵੇਂ ਨਹੀਂ ਕਿਸੇ 'ਤੇ ਖਾਹ-ਮਖਾਹ ਊਜ ਲਾਈਦੀ। ਵਿਚਾਰੀ 'ਤੇ ਸ਼ੱਕ ਕਰਦੀ ਏਂ ਨਜਾਇਜ਼ ਈ।'' ਮੈਂ ਆਖ ਤਾਂ ਦਿੰਦਾ ਹਾਂ ਪਰ ਫੇਰ ਕਿੰਨਾ ਚਿਰ ਸੋਚਣ ਲੱਗਾ ਰਹਿੰਦਾ ਹਾਂ। ਨੀਲੂ ਚੁੱਪ ਕਰ ਜਾਂਦੀ ਹੈ। ਕੋਈ ਜੁਆਬ ਤਾਂ ਨਹੀਂ ਦਿੰਦੀ ਪਰ ਉਸਦੇ ਚਿਹਰੇ ਦੇ ਬਦਲਦੇ ਰੰਗ ਜਿਵੇਂ ਜੁਆਬ ਦੇ ਰਹੇ ਹੋਣ, ''ਇਹ ਗੱਲ ਤੁਹਾਡੇ ਮੂੰਹੋਂ ਸ਼ੋਭਾ ਨਹੀਂ ਦਿੰਦੀ।''

...........

''ਆਹ ਸੈਮੀਨਾਰ ਤਾਂ ਮੈਨੂੰ ਆਪਣੀਆਂ ਸ਼ੌਕਣਾਂ ਵਰਗੇ ਲੱਗਦੇ। ਤੀਜੇ ਦਿਨ ਸਾਮਾਨ ਚੱਕ ਕੇ ਤੁਰ ਜਾਨੇ ਓਂ।'' ਨੀਲੂ ਆਖਦੀ ਰਹਿੰਦੀ ਹੈ।

ਮੈਨੂੰ ਅਕਸਰ ਹੀ ਸੈਮੀਨਾਰਾਂ 'ਤੇ ਦੂਰ-ਦੂਰ ਜਾਣਾ ਪੈਂਦਾ ਹੈ। ਕਈ ਵਾਰ ਤਾਂ ਦੇਸ਼ ਤੋਂ ਬਾਹਰ ਵੀ। ਹਰ ਜਗ੍ਹਾ ਮੇਰੇ ਲਿਖੇ ਪੇਪਰ ਦੀ ਖ਼ਾਸ ਮਹੱਤਤਾ ਹੁੰਦੀ ਹੈ। ਸਹੀ ਮਾਅਨਿਆਂ ਵਿਚ ਤਾਂ ਘਰ ਟਿਕਣਾ ਹੀ ਨਹੀਂ ਮਿਲਦਾ। ਜੇ ਇਕ ਪੈਰ ਘਰ ਤਾਂ ਦੂਜਾ ਸਫ਼ਰ ਲਈ ਨਿਕਲ ਤੁਰਦਾ ਹੈ। ਜੇ ਸੋਮਵਾਰ ਨੀਲੂ ਦੇ ਹੱਥਾਂ ਦੀ ਪੱਕੀ ਰੋਟੀ ਖਾਧੀ ਹੋਵੇ ਤਾਂ ਮੰਗਲਵਾਰ ਦਾ ਨਾਸ਼ਤਾ ਦੂਰ ਸ਼ਹਿਰ ਦੇ ਕਿਸੇ ਰੈਸਟੋਰੈਂਟ ਵਿਚ ਖਾਈਦਾ। ਜਿਵੇਂ ਉੱਡਦਾ ਫਿਰਦਾ ਹੋਵਾਂ। ਇਕ ਰੁੱਖ ਤੋਂ ਦੂਜੇ ਰੁੱਖ। ਇਕ ਅੰਬਰ ਤੋਂ ਦੂਜੇ ਅੰਬਰ।

''ਛੱਡੋ ਖਹਿੜਾ ਹੁਣ ਸੈਮੀਨਾਰਾਂ-ਸੂਮੀਨਾਰਾਂ ਦਾ। ਕੀ ਪਿਆ ਪੇਪਰ ਪਰੈਜਿਨਟੇਸ਼ਨਾਂ 'ਚ? ਬਥੇਰੀ ਦੁਨੀਆ ਗਾਹ ਲਈ। ਬੱਲੇ-ਬੱਲੇ ਵੀ ਵਾਧੂ ਹੋਗੀ। ਹੈੱਡ ਆਫ ਦੀ ਡਿਪਾਰਟਮੈਂਟ ਤੁਸੀਂ ਹੈਗੇ ਈ ਓਂ। ਹੋਰ ਦੋ-ਚਾਰ ਸਾਲਾਂ ਨੂੰ ਪ੍ਰਿੰਸੀਪਲ ਬਣ ਜਾਣਾ। ਅੱਗੇ ਡਾਇਰੈਕਟਰ ਤਕ ਜਾ ਸਕਦੇ ਓਂ। ਹੋਰ ਕੀ ਭਾਲਦੇਂ ? ਫਿਰ ਕਿਉਂ ਐਵੇਂ ਨਿੱਤ ਦਿਨ ਮੁਸਾਫਰੀ ਕੱਟਣੀ। ਬਹੁਤ ਹੋ ਗਿਆ। ਛੱਡੋ ਹੁਣ ਨੱਠ-ਭੱਜ।''

''ਕਿਵੇਂ ਛੱਡ ਦਿਆਂ? ਡਾ: ਅਰੀਤ ਦੀ ਜੇ ਕੋਈ ਵੈਲਿਊ ਹੈ ਤਾਂ ਇਨ੍ਹਾਂ ਪੇਪਰਜ਼ ਕਰਕੇ ਹੀ ਹੈ। ਪੂਰੀ ਦੁਨੀਆ ਦੇ ਐਕੇਡੈਮਿਕ ਸਫੀਅਰ ਵਿਚ ਡਾ: ਅਰੀਤ ਦੀ ਹੋਂਦ ਬਣੀ ਹੋਈ ਹੈ। ਬੱਟ ਤੂੰ ਚਹੁੰਨੀ ਏਂ ਘਰ 'ਚ ਕੈਦ ਹੋ ਕੇ ਰਹਿ ਜਾਵਾਂ। ਬਸ ਇਕ ਬਿੰਦੂ 'ਤੇ ਈ ਸਿਮਟ ਜਾਂਵਾਂ। ਸਿਰਫ਼ ਤੇਰੇ ਦੁਆਲੇ। ਉਹ--ਨੋਅ---ਹਾਓ ਇਟ ਪਾਸੀਬਲ? ਇਹ ਡਾ. ਅਰੀਤ ਲਈ ਮੌਤ ਸਾਮਾਨ ਹੋਵੇਗਾ।'' ਮੈਂ ਲੰਬਾ-ਚੌੜਾ ਭਾਸ਼ਣ ਝਾੜ ਦਿੰਦਾ ਹਾਂ।

''ਕੀ ਤੂੰ ਚਹੁੰਨੀ ਏਂ ਕਿ ਮੈਂ ਆਪਣੇ ਸਾਰੇ ਸਮਾਜ ਨਾਲੋਂ ਕੱਟਿਆ ਜਾਵਾਂ?'' ਮੈਂ ਸੁਆਲ ਨੀਲੂ ਅੱਗੇ ਫੈਲਾ ਦਿੰਦਾ ਹਾਂ।

''ਕਿਹੋ ਜਿਹੀਆਂ ਗੱਲਾਂ ਕਰਦੇ ਓਂ ਰੀਤ...? ਮੈਂ ਨਾ ਇੰਜ ਚਾਹੁੰਨੀ ਹਾਂ...ਨਾ ਉਂਜ। ਪਰ...?''

''ਪਰ ਕੀ...?''

''ਤੁਸੀਂ ਆਪਣੇ ਆਪ ਨੂੰ ਮੇਰੀ ਥਾਂ 'ਤੇ ਰੱਖ ਕੇ ਵੇਖੋ। ਕਿੰਨੇ-ਕਿੰਨੇ ਦਿਨ ਤੁਸੀਂ ਬਾਹਰ ਰਹਿੰਦੇ ਹੋ। ਕਦੇ ਸੋਚਿਆ ਮੇਰਾ ਤੇ ਸੁਮੀਤ ਦਾ ਘਰ ਵਿਚ ਕਿਵੇਂ ਜੀਅ ਲੱਗਦਾ ਹੋਊ? ਖਲਾਅ ਭਰਿਆ ਪਿਆ ਹੈ ਸਾਡੇ ਅੰਦਰ। ਘਰ ਨੇ ਜਿਵੇਂ ਨਿਗਲ ਜਾਣਾ ਹੋਵੇ ਸਾਨੂੰ। ਰੀਅਲੀ ਡਾ. ਅਰੀਤ ਇਕੱਲਤਾ ਕਾਰਨ ਅਸੀਂ ਪਾਗ਼ਲ ਹੀ ਹੋ ਜਾਂਦੇ ਹਾਂ।''

ਮੈਂ ਗਹੁ ਨਾਲ ਨੀਲੂ ਵੱਲ ਵੇਖਦਾ ਹਾਂ। ਉਸ ਦੀਆਂ ਅੱਖਾਂ ਵਿਚ ਕਿਧਰੇ ਵੀ ਬਨਾਉਟੀਪਣ ਨਜ਼ਰ ਨਹੀਂ ਆਉਂਦਾ ਪਰ ਫੇਰ ਵੀ ਮੈਨੂੰ ਜਾਪਦਾ ਹੈ ਕਿ ਉੱਕਾ ਝੂਠ ਬੋਲਦੀ ਹੈ। ਉਹ ਜਿਵੇਂ ਸੁਮੀਤ ਨੂੰ ਵੀ ਢਾਲ ਵਾਂਗ ਹੀ ਵਰਤ ਰਹੀ ਹੋਵੇ।

''ਠੀਕ ਹੈ...ਠੀਕ ਹੈ। ਗੱਲਾਂ ਵਿਚ ਤੈਥੋਂ ਕੋਈ ਨਹੀਂ ਜਿੱਤ ਸਕਦਾ। ਕੋਈ ਆਦਮੀ ਨਹੀਂ ਜਿੱਤ ਸਕਦਾ ਕਿਸੇ ਔਰਤ ਤਂ। ਪਲੀਜ਼ ਮੈਨੂੰ ਰੀਲੈਕਸ ਹੋ ਜਾਣ ਦੇ ਕੁੱਝ ਟਾਈਮ। ਮੈਨੂੰ ਪਤਾ ਜਿਹੜੀ ਇਕੱਲਤਾ ਤੰਗ ਕਰਦੀ ਹੈ ਤੈਨੂੰ।''

''ਕੀ ਕਿਹਾ...ਫਿਰ ਬੋਲੀਂ ਕੀ ਕਿਹਾ?''

''ਇਕੱਲਤਾ ਤੰਗ ਕਰਦੀ ਹੈ ਕਿ ਖ਼ੁਸ਼ੀ ਦਿੰਦੀ ਹੈ...?'' ਆਖਦਿਆਂ ਮੈਂ ਦੂਸਰੇ ਕਮਰੇ ਵਿਚ ਜਾ ਕੰਪਿਊਟਰ ਦੇ ਕੀ-ਬੋਰਡ 'ਤੇ ਟਿੱਕ-ਟਿੱਕ ਕਰਨ ਲੱਗਦਾ ਹਾਂ। ਮੇਰੇ ਸ਼ਬਦਾਂ ਦੀ ਮਾਰ ਨਾਲ ਲਹੂ-ਲੁਹਾਣ ਹੋਈ ਨੀਲੂ ਖ਼ੂਨ ਦੇ ਅੱਥਰੂ ਕੇਰਦੀ ਰਹਿੰਦੀ ਹੈ। ਸੁਮੀਤ ਨੂੰ ਛਾਤੀ ਨਾਲ ਘੁੱਟੀ ਉਹ ਦੇਰ ਰਾਤ ਤਕ ਸਿਸਕੀਆਂ ਭਰਦੀ ਹੈ ਪਰ ਉਸਦੀਆਂ ਸਿਸਕੀਆਂ ਮੇਰੇ ਕੰਪਿਊਟਰ ਦੀ ਟਿੱਕ-ਟਿੱਕ ਵਿਚ ਗੁਆਚੀਆਂ ਰਹਿੰਦੀਆਂ ਹਨ। ਕੰਧ ਉਪਰ ਲੱਗੇ ਕਲਾਕ 'ਤੇ ਨਜ਼ਰ ਜਾਂਦੀ ਹੈ। ਜਦੋਂ ਵਾਪਸ ਬੈੱਡ ਰੂਮ ਵਿਚ ਆਉਂਦਾ ਹਾਂ, ਰਾਤ ਅਗਲੇ ਦਿਨ ਵਿਚ ਪ੍ਰਵੇਸ਼ ਕਰ ਚੁੱਕੀ ਹੁੰਦੀ ਹੈ।

''ਨੀਲੂ...!'' ਮੈਂ ਹੌਲੀ ਜਿਹੇ ਉਸਦਾ ਹੱਥ ਘੁੱਟ ਲੈਂਦਾ ਹਾਂ। ਉਹ ਉੱਚੀ-ਉੱਚੀ ਰੋਣ ਲੱਗਦੀ ਹੈ।

''ਐਹੋ ਜਿਹਾ ਕੀ ਮਾੜਾ ਸ਼ਬਦ ਆਖ ਦਿੱਤਾ ਤੈਨੂੰ?''

''ਵੱਡੇ-ਵੱਡੇ ਸੈਮੀਨਾਰਾਂ ਵਿਚ ਵੱਡੇ-ਵੱਡੇ ਪੇਪਰ ਪੜ੍ਹਨ ਵਾਲੇ ਤੋਂ ਵੱਧ ਸ਼ਬਦਾਂ ਦੀ ਮਾਰ ਦਾ ਗਿਆਨ ਕਿਸਨੂੰ ਹੋਊ?''

ਕੁੱਝ ਚਿਰ ਰੁਕਣ ਉਪਰੰਤ ਫੇਰ ਸ਼ੁਰੂ ਹੋ ਜਾਂਦੀ ਹੈ, ''ਕਿਸੇ ਨੂੰ ਮਾਰਨ ਲਈ ਚਾਕੂ-ਛੁਰੀ ਹੀ ਜ਼ਰੂਰੀ ਨ੍ਹੀਂ ਹੁੰਦੇ। ਤੁਹਾਡੇ ਵਾਂਗੂੰ ਸ਼ਬਦਾਂ ਨਾਲ ਵੀ ਮਾਰਿਆ ਜਾ ਸਕਦਾ ਕਿਸੇ।'' ਨੀਲੂ ਸੁਮੀਤ ਨੂੰ ਛਾਤੀ ਨਾਲ ਲਾ ਬੈੱਡ ਦੇ ਦੂਸਰੇ ਸਿਰੇ ਜਾ ਪੈਂਦੀ ਹੈ। ਸਾਰੀ ਰਾਤ ਉਸਦੀਆਂ ਸਿਸਕੀਆਂ ਦੀ ਆਵਾਜ਼ ਸੁਣਾਈ ਦਿੰਦੀ ਰਹਿੰਦੀ ਹੈ।

..........

ਜਦੋਂ ਵੀ ਫੋਨ ਕਰਦਾਂ ਹਾਂ ਤਾਂ ਨੀਲੂ ਦੇ ਮੋਬਾਈਲ ਦੀ ਥਾਂ, ਘਰ ਵਾਲੇ ਲੈਂਡ ਲਾਈਨ ਫੋਨ 'ਤੇ ਹੀ ਕਰਦਾ ਹਾਂ। ਨੀਲੂ ਕਈ ਵਾਰ ਲੈਂਡ-ਲਾਈਨ ਫੋਨ ਕਟਵਾ ਦੇਣ ਬਾਰੇ ਆਖ ਚੁੱਕੀ ਹੈ।

''ਕੀ ਲੋੜ ਹੈ ਹੁਣ ਲੈਂਡ ਲਾਈਨ ਦੀ, ਇਸਦੀ ਵਰਤੋਂ ਤਾਂ ਹੁੰਦੀ ਨਹੀਂ। ਜਦੋਂ ਵੇਖੋ ਖਰਾਬ ਈ ਰਹਿੰਦਾ। ਐਕਸਚੇਂਜ ਵਾਲਿਆਂ ਨੂੰ ਕੰਪਲੇਂਟਾਂ ਲਿਖਾਉਂਦੇ ਹੀ ਥੱਕ ਜਾਈਦਾ। ਫ਼ਜ਼ੂਲ ਬਿੱਲ ਭਰਦੇ ਹਾਂ। ਫ਼ਾਇਦਾ ਤਾਂ ਕੋਈ ਹੈ ਨ੍ਹੀ। ਕਟਾਓ ਪਰ੍ਹੇ ਏਹਨੂੰ।''

ਮੈਂ ਨੀਲੂ ਦੀ ਗੱਲ ਨੂੰ ਅਣਸੁਣਿਆਂ ਕਰ ਦਿੰਦਾ ਹਾਂ। ਨੀਲੂ ਨੂੰ ਕੀ ਦੱਸਾਂ ਕਿ ਬਾਹਰੋਂ ਇਸ ਲੈਂਡ ਲਾਈਨ 'ਤੇ ਫੋਨ ਕਰਕੇ ਹੀ ਤਾਂ ਘਰ ਵਿਚ ਉਸਦੀ ਮੌਜੂਦਗੀ ਦਾ ਪਤਾ ਲਾਉਣਾ ਹੁੰਦਾ ਹੈ। ਮੋਬਾਈਲ ਨਾਲ ਕੀ ਪਤਾ ਕਿ ਕੋਈ ਕਿੱਥੋਂ ਬੋਲ ਰਿਹਾ। ਏਸੇ ਕਰਕੇ ਘਰ ਵਾਲਾ ਫੋਨ ਕਟਵਾਉਣ ਨਹੀਂ ਦਿੰਦਾ।

''ਇਹ ਨੰਬਰ ਬਹੁਤ ਪੁਰਾਣਾ ਚੱਲਿਆ ਆ ਰਿਹਾ। ਬਹੁਤ ਸਾਰੇ ਪੁਰਾਣੇ ਦਸਤਾਵੇਜ਼ਾਂ ਵਿਚ ਵੀ ਇਹੀ ਨੰਬਰ ਦਰਜ ਹੈ। ਬਹੁਤ ਸਾਰੇ ਲੋਕਾਂ ਕੋਲ ਵੀ ਇਹ ਨੰਬਰ ਨੋਟ ਹੈ। ਫਿਰ ਲੈਂਡ ਲਾਈਨ ਫੋਨ ਹੋਣ ਨਾਲ ਰਿਹਾਇਸ਼ ਦਾ ਪ੍ਰਮਾਣ ਵੀ ਤਾਂ ਬਣਿਆ ਰਹਿੰਦਾ।'' ਇਸ ਸਬੰਧੀ ਮੈਂ ਆਪਣੀ ਮਜ਼ਬੂਤ ਦਲੀਲ ਘੜੀ ਹੋਈ ਹੈ।

''ਹਾਂ ਠੀਕ ਐ...ਇਹ ਤਾਂ ਤੁਹਾਡੀ ਗੱਲ ਠੀਕ ਹੈ।'' ਮੈਨੂੰ ਪਤਾ ਨੀਲੂ ਮੇਰੇ ਜੁਆਬ ਤੋਂ ਸੰਤੁਸ਼ਟ ਤਾਂ ਨਹੀਂ ਪਰ ਫਿਰ ਵੀ ਮੇਰੀ ਹਾਂ ਵਿਚ ਹਾਂ ਮਿਲਾ ਦਿੰਦੀ ਹੈ।

''ਮੋਬਾਇਲ ਫੋਨ 'ਤੇ ਗੱਲ ਕਰਨ ਦਾ ਮਜ਼ਾ ਵੀ ਨਹੀਂ ਆਉਂਦਾ। ਲੈਂਡ-ਲਾਈਨ 'ਤੇ ਆਵਾਜ਼ ਬੜੀ ਕਲੀਅਰ ਆਉਂਦੀ ਹੈ, ਬਿਲਕੁਲ ਅਸਲੀ ਵਰਗੀ। ਫਿਰ ਫੋਨ ਸੁਣਦਿਆਂ ਦਿਮਾਗ਼ 'ਤੇ ਅਸਰ ਵੀ ਨਹੀਂ ਹੁੰਦਾ। ਮੋਬਾਈਲ ਦੀਆਂ ਤਾਂ ਵਾਈਬਰੇਸ਼ਨਜ਼ ਹੀ ਬੜੀਆਂ ਹਾਰਮਫੁੱਲ ਨੇ... ਏਸੇ ਕਰਕੇ ਲੈਂਡ-ਲਾਈਨ ਯੂਜ਼ ਕਰਨਾ ਹੀ ਚੰਗਾ।'' ਮੈਂ ਆਪਣੀ ਗੱਲ ਦੀ ਪ੍ਰੋੜਤਾ ਲਈ ਬਿਲਕੁਲ ਝੂਠੀ ਕਹਾਣੀ ਸੁਣਾਉਂਦਾ ਹਾਂ। ਉਂਜ ਮੈਨੂੰ ਪਤਾ ਕਿ ਘਰੋਂ ਬਾਹਰ ਰਹਿੰਦਿਆਂ ਲੈਂਡ-ਲਾਈਨ ਕੋਈ ਨਹੀਂ ਵਰਤਦਾ।

''ਹਾਂ---ਅ ! ਇਹ ਤਾਂ ਹੈ--।'' ਨੀਲੂ ਦੇ ਇਹ ਚਾਰ ਸ਼ਬਦ ਸਹਿਮਤੀ ਘੱਟ ਅਸਹਿਮਤੀ ਵੱਧ ਪ੍ਰਗਟ ਕਰਦੇ ਜਾਪਦੇ ਨੇ।

''ਏਸੇ ਕਰਕੇ ਮੈਂ ਤਾਂ ਘਰਦੇ ਲੈਂਡ-ਲਾਈਨ ਫੋਨ 'ਤੇ ਹੀ ਫੋਨ ਮਿਲਾਉਨੈ...।'' ਮੇਰੇ ਅੰਦਰਲਾ ਚੋਰ ਬੜੀ ਚਲਾਕੀ ਨਾਲ ਸਫ਼ਾਈ ਦੇਣ ਦੀ ਅਸਫ਼ਲ ਕੋਸ਼ਿਸ਼ ਕਰਦਾ ਹੈ।

ਜਦੋਂ ਵੀ ਮੈਂ ਫੋਨ ਕਰਦਾ ਹਾਂ ਤਾਂ ਮੈਂਨੂੰ ਜਾਪਦਾ ਹੈ ਜਿਵੇਂ ਮੇਰਾ ਫੋਨ ਆਉਣ 'ਤੇ ਨੀਲੂ ਇਕ ਦਮ ਤ੍ਰਭਕ ਗਈ ਹੋਵੇ। ਹੌਲੀ-ਹੌਲੀ ਹੁੰਦੀ ਘੁਸਰ-ਮੁਸਰ ਮੈਨੂੰ ਸੁਣਾਈ ਦੇਣ ਲੱਗਦੀ ਹੈ।

''ਤੇਰੇ ਪਾਪਾ-ਮੰਮੀ ਵਲੋਂ ਕੋਈ ਆਇਆ?''

''ਨਹੀਂ ਤਾਂ...ਕੋਈ ਨਹੀਂ ਆਇਆ। ਕਿਉਂ...? ਕਿਵੇਂ...? ਤੁਹਾਨੂੰ ਕੀ ਲੱਗਾ?'' ਨੀਲੂ ਇਕ ਦਮ ਕਈ ਸੁਆਲ ਕਰਦੀ ਹੈ।

''ਮੈਨੂੰ ਲੱਗਾ ਸੀ....ਜਿਵੇਂ ਗੱਲਾਂ ਕਰਨ ਦੀ ਆਵਾਜ਼ ਆ ਰਹੀ। ਮੈਂ ਸੋਚਿਆ ਸ਼ਾਇਦ ਉਧਰੋਂ ਕੋਈ ਆਇਆ ਹੋਵੇ।'' ਮੈਨੂੰ ਗੱਲ ਨਹੀਂ ਅਹੁੜਦੀ, ਕੀ ਤੇ ਕਿਵੇਂ ਆਖਾਂ।

''ਤੁਹਾਡੇ ਕੰਨ ਵੱਜਦੇ ਨੇ...ਤੇ ਸ਼ਾਇਦ ਇਹਦਾ ਕੋਈ ਇਲਾਜ ਵੀ ਹੈਨੀ। ਸੁਮੀਤ ਵੀ ਸੌਂ ਗਿਆ ਕਦੋਂ ਦਾ। ਗੱਲਾਂ ਭਲਾ ਮੈਂ ਕੰਧਾਂ ਨਾਲ ਕਰਨੀਆਂ? ਤੁਹਾਡਾ ਫੋਨ ਉਡੀਕਦੀ ਜਾਗਦੀ ਪਈ ਸਾਂ। ਪੱਖੇ ਦੀ ਘੂੰ -ਘੂੰ ਹੈ, ਕਲਾਕ ਦੀ ਟਿੱਕ-ਟਿੱਕ ਤੇ ਜਾਂ ਸਾਡੇ ਦੋਵਾਂ, ਮੇਰੇ ਤੇ ਸੁਮੀਤ ਦੇ ਸਾਹਾਂ ਦੀ ਸ਼ਾਂ- ਸ਼ਾਂ। ਜਾਂ ਫਿਰ ਤੇਰੇ ਹਰਮਨ ਪਿਆਰੇ ਲੈਂਡ-ਲਾਈਨ 'ਚੋਂ ਆਉਂਦੀ ਕੜ੍ਹਅ-ਕੜ੍ਹਅ ਦੀ ਆਵਾਜ਼।''

''ਨਿੱਕੀ ਜਿਹੀ ਪੁੱਛ ਦਾ ਐਡਾ ਵੱਡਾ ਉਤਰ ਦਿੰਨੀ ਏਂ ਕਿ...ਮੈਂ ਇਹੀ ਪੁੱਛਿਆ ਕੋਈ ਆਇਆ? ਤੂੰ ਆਖਤਾ ਕੋਈ ਨਹੀਂ। ਬਸ ਗੱਲ ਖ਼ਤਮ। ਕਿਸੇ ਲੰਮੇ ਨਾਟਕ ਦੀ ਸਕ੍ਰਿਪਟ ਹੀ ਪੜ੍ਹਨ ਲੱਗ ਜਾਨੀ ਏਂ।'' ਮੈਨੂੰ ਗੱਲ ਨਹੀਂ ਅਹੁੜਦੀ। ਮੈਂ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਭਾਰੂ ਹੋਣ ਦਾ ਯਤਨ ਕਰਦਾ ਹਾਂ ਜੋ ਅਕਸਰ ਮੇਰਾ ਆਖਰੀ ਹਥਿਆਰ ਹੁੰਦਾ ਹੈ।

........

ਅਚਾਨਕ ਬਿਨਾਂ ਦੱਸਿਆਂ ਘਰ ਪਰਤਦਾ ਹਾਂ। ਹੌਲੀ ਜਿਹੇ ਡੋਰ ਬੈੱਲ 'ਤੇ ਹੱਥ ਟਿਕਾਉਂਦਾ ਹਾਂ। ਦਿਲ ਦੀ ਧੜਕਣ ਆਮ ਨਾਲੋਂ ਤੇਜ਼ ਹੈ। ਸੋਚਦਾ ਹਾਂ ਦਰਵਾਜ਼ਾ ਖੋਲ੍ਹਿਆ ਤਾਂ ਕੁਝ ਖ਼ਤਰਨਾਕ ਵਾਪਰ ਜਾਵੇਗਾ। ਪਰ ਕੁਝ ਨਹੀਂ ਵਾਪਰਦਾ। ਸਾਹਮਣੇ ਨੀਲੂ ਖੜ੍ਹੀ ਮੁਸਕਰਾ ਰਹੀ ਹੈ। ਮੈਂ ਉਸ ਦੀਆਂ ਅੱਖਾਂ ਵਿਚ ਗਹੁ ਨਾਲ ਵੇਖਦਾ ਹਾਂ।

(ਜਾਰੀ)

- ਗੁਰਮੀਤ ਕੜਿਆਲਵੀ

Posted By: Harjinder Sodhi