ਦੇਸ਼ ਨੂੰ ਅੰਗਰੇਜ਼ ਹਕੂਮਤ ਦੀਆਂ ਬੇੜੀਆਂ ਤੋਂ ਮੁਕਤ ਕਰਵਾਉਣ ਲਈ ਚੱਲੀ ਗ਼ਦਰ ਲਹਿਰ 'ਚ ਜਲੰਧਰ ਜ਼ਿਲ੍ਹੇ ਦੇ 170 ਦੇ ਕਰੀਬ ਸੂਰਬੀਰ ਗ਼ਦਰੀ ਹੋਏ ਹਨ, ਜਿਨ੍ਹਾਂ ਨੇ ਦੇਸ਼ ਦੀ ਖ਼ਾਤਰ ਨਾ ਸਿਰਫ਼ ਵਿਦੇਸ਼ੀ ਧਰਤੀ 'ਤੇ ਆਪਣਾ ਤੇ ਆਪਣੇ ਪਰਿਵਾਰ ਦਾ ਸੁਨਹਿਰੀ ਭਵਿੱਖ ਬਣਾਉਣ ਦਾ ਸੁਪਨਾ ਛੱਡਿਆ ਬਲਕਿ ਆਪਣੇ ਤਨ, ਮਨ ਤੇ ਧਨ ਵਾਰ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੱਸ-ਹੱਸ ਕੇ ਫਾਂਸੀਆਂ 'ਤੇ ਚੜ੍ਹੇ।

ਸ਼ਹੀਦ ਬਾਬਾ ਬੰਤਾ ਸਿੰਘ ਦਾ ਜਨਮ 1890 ਵਿਚ ਪਿੰਡ ਸੰਘਵਾਲ 'ਚ ਹੋਇਆ ਸੀ ਅਤੇ ਉਹ ਗ਼ਦਰ ਪਾਰਟੀ ਦੇ ਅਹਿਮ ਲੀਡਰਾਂ ਵਿੱਚੋਂ ਇਕ ਸਨ। ਉਨ੍ਹਾਂ ਨੇ ਸੂਰਾਨੁੱਸੀ ਰੇਲਵੇ ਸਟੇਸ਼ਨ 'ਤੇ ਰੇਲਵੇ ਲਾਈਨ ਤੋੜ ਦਿੱਤੀ ਤੇ ਟੈਲੀਫੋਨ ਦੀਆਂ ਤਾਰਾਂ ਵੱਢ ਦਿੱਤੀਆਂ ਅਤੇ ਅਲਾਵਲਪੁਰ 'ਚ ਸਿਆਸੀ ਡਕੈਤੀ ਮਾਰੀ। ਇਸ ਤੋਂ ਬਾਅਦ ਲਾਹੌਰ 'ਚ ਹਥਿਆਰ ਖੋਹਣ ਗਏ ਤਾਂ ਉਨ੍ਹਾਂ ਨੂੰ ਇਕ ਸਾਥੀ ਸਮੇਤ ਦੋ ਪੁਲਿਸ ਵਾਲਿਆਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਕ ਸਿਪਾਹੀ ਨੂੰ ਮਾਰ ਦਿੱਤਾ ਅਤੇ ਭੱਜ ਗਏ। ਉਸ ਤੋਂ ਮਾਨਾਂਵਾਲਾ ਵਿਖੇ ਪੁਲਿਸ ਪੋਸਟ 'ਤੇ ਧਾਵਾ ਬੋਲਿਆ ਤੇ ਉਨ੍ਹਾਂ ਦੇ ਹਥਿਆਰ ਖੋਹ ਲਏ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਰਿਹਾਅ ਹੋਣ ਬਾਅਦ ਉਨ੍ਹਾਂ ਨੇ ਆਪਣਾ ਕਾਰਜ ਜਾਰੀ ਰੱਖਿਆ। ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਅਤੇ ਸੂਹ ਦੇਣ ਵਾਲੇ ਨੂੰ ਦੋ ਵਿਘੇ ਜ਼ਮੀਨ ਤੇ ਦੋ ਹਜ਼ਾਰ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕਰ ਦਿੱਤਾ। 15 ਜੂਨ 1915 ਨੂੰ ਉਨ੍ਹਾਂ ਨੂੰ ਆਪਣੇ ਹੀ ਨੇੜਲੇ ਰਿਸ਼ਤੇਦਾਰ ਨੇ ਸੂਹ ਦੇ ਕੇ ਪੁਲਿਸ ਕੋਲ ਫੜਵਾ ਦਿੱਤਾ। ਉਨ੍ਹਾਂ ਨੂੰ ਮਾਰਸ਼ਲ ਲਾਅ ਹੇਠ ਕੇਂਦਰੀ ਜੇਲ੍ਹ ਲਾਹੌਲ 'ਚ ਡੱਕ ਦਿੱਤਾ ਗਿਆ ਅਤੇ 12 ਅਗਸਤ 1915 ਨੂੰ ਫਾਂਸੀ ਦੇ ਦਿੱਤੀ ਗਈ।


ਗ਼ਦਰੀ ਸ਼ਹੀਦ ਭਾਈ ਬਲਵੰਤ ਸਿੰਘ ਦਾ ਨਾਂ ਕੈਨੇਡਾ ਵਿਚ ਅੱਜ ਵੀ ਪਰਵਾਸੀਆਂ ਵੱਲੋਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਵੈਨਕੂਵਰ 'ਚ ਲੀਡਰ ਤੇ ਸਮਾਜ ਸੇਵੀ ਸਨ, ਜਿਨ੍ਹਾਂ ਨੂੰ ਭਾਰਤੀ ਕ੍ਰਾਂਤੀਕਾਰੀ ਹੋਣ ਕਾਰਨ ਫਾਂਸੀ 'ਤੇ ਚਾੜ੍ਹਿਆ ਗਿਆ, ਜਿਨ੍ਹਾਂ ਨੂੰ ਭਾਰਤ ਤੇ ਵਿਦੇਸ਼ਾਂ 'ਚ ਗ਼ਦਰੀ ਸ਼ਹੀਦ ਵਜੋਂ ਜਾਣਿਆ ਜਾਂਦਾ ਹੈ। 8ਵੀਂ ਜਮਾਤ 'ਚ ਪੜ੍ਹਨ ਦੌਰਾਨ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਅਤੇ 13 ਸਾਲ ਦੀ ਉਮਰ 'ਚ ਹੀ ਉਨ੍ਹਾਂ ਨੇ ਸਕੂਲੀ ਪੜ੍ਹਾਈ ਛੱਡ ਦਿੱਤੀ ਸੀ। ਜਦੋਂ ਉਹ ਜਵਾਨ ਹੋਏ ਤਾਂ ਫ਼ੌਜ 'ਚ ਭਰਤੀ ਹੋ ਗਏ ਤੇ ਪੰਜ ਸਾਲ ਬਾਅਦ ਨੌਕਰੀ ਛੱਡ ਦਿੱਤੀ ਅਤੇ 1906 'ਚ ਕੈਨੇਡਾ ਪਰਵਾਸ ਕਰ ਗਏ। ਉਸੇ ਸਾਲ ਹੀ ਜੂਨ 'ਚ ਵੈਨਕੂਵਰ ਦੇ ਸਿੱਖਾਂ ਨੇ ਗੁਰਦੁਆਰਾ ਸਾਹਿਬ ਬਣਾਉਣ ਲਈ ਇਕ ਘਰ ਕਿਰਾਏ 'ਤੇ ਲਿਆ। ਦੋ ਸਾਲ ਬਾਅਦ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰ ਲਈ ਅਤੇ ਉਹ ਪਹਿਲੇ ਗ੍ਰੰਥੀ ਬਣੇ ਤੇ ਅੱਠ ਸਾਲ ਤਕ ਸੇਵਾਵਾਂ ਨਿਭਾਈਆਂ ਪਰ 1910 ਤੇ 1911 'ਚ ਉਹ ਦੋ ਸਾਲ ਲਈ ਵੈਨਕੂਵਰ ਤੋਂ ਦੂਰ ਰਹੇ। ਇਸ ਦੌਰਾਨ ਉਹ ਭਾਰਤ ਆਏ ਅਤੇ ਆਪਣੇ ਪਰਿਵਾਰ ਨੂੰ ਕੈਨੇਡਾ ਲਿਜਾਣ ਲਈ ਯਤਨ ਕਰਦੇ ਰਹੇ। ਕੈਨੇਡੀਅਨ ਸਰਕਾਰ ਵੱਲੋਂ ਭਾਰਤੀ ਪਰਿਵਾਰਾਂ ਦੇ ਦੇਸ਼ 'ਚ ਪਰਵਾਸ ਉਪਰ ਲਾਈ ਗਈ ਪਾਬੰਦੀ ਨੂੰ ਚੁਣੌਤੀ ਦਿੱਤੀ ਸੀ ਅਤੇ ਉਨ੍ਹਾਂ ਨੇ ਵੈਨਕੂਵਰ ਪੁੱਜਣ ਲਈ 11 ਮਹੀਨੇ ਤਕ ਸੰਘਰਸ਼ ਕੀਤਾ ਅਤੇ ਅਖੀਰ ਉੱਥੇ ਪੁੱਜ ਗਏ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਰਿਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ 200 ਕੈਨੇਡੀਅਨ ਡਾਲਰ ਦੀ ਜ਼ਮਾਨਤੀ ਰਾਸ਼ੀ ਲੈ ਕੇ ਛੱਡ ਦਿੱਤਾ। 1913 'ਚ ਉਹ ਵੈਨਕੂਵਰ ਤੋਂ ਇੰਗਲੈਂਡ ਵਿਖੇ ਅੰਗਰੇਜ਼ ਹਕੂਮਤ ਵੱਲੋਂ ਬਣਾਏ ਗਏ ਕੈਨੇਡੀਅਨ ਇਮੀਗਰੇਸ਼ਨ ਨਿਯਮਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਜਾਣ ਵਾਲੇ ਤਿੰਨ ਮੈਂਬਰੀ ਡੈਲੀਗੇਸ਼ਨ ਦਾ ਹਿੱਸਾ ਬਣ ਕੇ ਗਏ। ਉਨ੍ਹਾਂ ਦਾ ਵਫ਼ਦ 13 ਮਈ 1914 ਨੂੰ ਕਾਲੋਨੀਅਨ ਆਫਿਸ ਦੇ ਅੰਡਰ ਸੈਕਟਰੀ ਨੂੰ ਲੰਡਨ ਵਿਖੇ ਮਿਲਿਆ ਤੇ ਫਿਰ ਭਾਰਤ ਨੂੰ ਚਾਲੇ ਪਾ ਦਿੱਤੇ। ਅਗਸਤ ਮਹੀਨੇ ਉਹ ਲਾਹੌਰ ਵਿਚ ਸਨ ਅਤੇ ਉਨ੍ਹਾਂ ਨੇ 18 ਅਗਸਤ ਨੂੰ ਲਾਹੌਰ ਦੇ ਬ੍ਰਾਡਲ ਹਾਲ 'ਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣ ਦੀ ਰਿਪੋਰਟ ਉਥੇ ਮੌਜੂਦ ਇਕ ਪੰਜਾਬੀ ਜੋ ਕਿ ਸਰਕਾਰੀ ਪ੍ਰੈੱਸ ਦਾ ਸੀਨੀਅਰ ਰੀਡਰ ਸੀ, ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੰਜਾਬ ਦੇ ਅੰਗਰੇਜ਼ ਗਵਰਨਰ ਦਾ ਧਿਆਨ ਇਸ ਵੱਲ ਦਿਵਾਇਆ ਗਿਆ। 1914 ਵਿਚ ਉਹ ਮੁੜ ਕੈਨੇਡਾ ਵਾਪਸ ਚਲੇ ਗਏ ਅਤੇ ਉਥੋਂ ਆਪਣਾ ਪਰਿਵਾਰ ਨਾਲ ਲੈ ਕੇ ਸ਼ੰਘਾਈ ਪੁੱਜ ਗਏ।

ਜੁਲਾਈ 1915 ਵਿਚ ਉਹ ਥਾਈਲੈਂਡ ਦੇ ਉਥੋਂ ਦੇ ਭਾਰਤੀ ਗ਼ਦਰੀਆਂ ਨਾਲ ਮਿਲ ਗਏ ਅਤੇ ਉੱਥੇ ਰਹਿਣ ਦੌਰਾਨ ਉਨ੍ਹਾਂ ਨੂੰ ਬੁਖਾਰ ਚੜ੍ਹ ਗਿਆ, ਜਿਸ ਕਾਰਨ ਉਹ ਹਸਪਤਾਲ ਦਾਖ਼ਲ ਹੋ ਗਏ। ਇਲਾਜ ਦੌਰਾਨ ਹੀ ਥਾਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਰਤਾਨਵੀ ਅਧਿਕਾਰੀਆਂ ਦੇ ਕਹਿਣ 'ਤੇ ਗ੍ਰਿਫ਼ਤਾਰ ਕਰ ਲਿਆ। ਬਰਤਾਨਵੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਭਾਰਤ ਤੇ ਪੰਜਾਬ ਭੇਜ ਦਿੱਤਾ। ਉਨ੍ਹਾਂ ਉਪਰ ਸਾਜ਼ਿਸ਼ ਦੇ ਤਿੰਨ ਕੇਸ ਚਲਾਏ ਗਏ ਅਤੇ 30 ਮਾਰਚ 1917 ਨੂੰ ਭਾਈ ਬਲਵੰਤ ਸਿੰਘ ਨੂੰ ਫਾਂਸੀ 'ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ।


ਸ਼ਹੀਦ ਭਾਈ ਰੰਗਾ ਸਿੰਘ ਗ਼ਦਰ ਪਾਰਟੀ ਜਲੰਧਰ ਦੇ ਮੁਖੀ ਸਨ। ਉਹ 25 ਸਾਲ ਦੀ ਉਮਰੇ ਅਮਰੀਕਾ ਚਲੇ ਗਏ ਅਤੇ ਉਥੇ ਜਾ ਕੇ ਕ੍ਰਾਂਤੀਕਾਰੀ ਸਰਗਰਮੀਆਂ 'ਚ ਸ਼ਾਮਲ ਹੋ ਗਏ। ਗ਼ਦਰ ਪਾਰਟੀ ਵੱਲੋਂ ਸੱਦੇ ਜਾਣ 'ਤੇ 1914 ਵਿਚ ਉਹ ਭਾਰਤ ਵਾਪਸ ਆ ਗਏ ਅਤੇ ਉਨ੍ਹਾਂ ਨੂੰ ਗ਼ਦਰ ਪਾਰਟੀ ਜਲੰਧਰ ਦਾ ਮੁਖੀ ਥਾਪਿਆ ਗਿਆ। 1914 ਵਿਚ ਜਦੋਂ ਗ਼ਦਰ ਪਾਰਟੀ ਨੇ ਫੌਜੀ ਛਾਉਣੀਆਂ 'ਚ ਗ਼ਦਰ ਕਰਵਾਉਣ ਦੀ ਤਿਆਰੀ ਕੀਤੀ ਸੀ ਤਾਂ ਭਾਈ ਰੰਗਾ ਸਿੰਘ ਆਪਣੇ 200 ਗ਼ਦਰੀ ਸਾਥੀਆਂ ਸਮੇਤ 'ਧਾਰਮਿਕ ਜਥੇ' ਦੇ ਰੂਪ ਵਿਚ ਫਿਰੋਜ਼ਪੁਰ 'ਚ ਇਕ ਥਾਂ 'ਤੇ ਰੁਕ ਕੇ ਬੇਸਬਰੀ ਨਾਲ ਕਰਤਾਰ ਸਿੰਘ ਸਰਾਭਾ ਦੀ ਉਡੀਕ ਕਰ ਰਹੇ ਸਨ ਤਾਂ ਜੋ ਫਿਰੋਜ਼ਪੁਰ ਕਿਲ੍ਹੇ ਜਿੱਥੇ ਕਿ ਛਾਉਣੀ ਸੀ, ਦੀ ਹਕੀਕੀ ਰਿਪੋਰਟ ਹਾਸਲ ਕੀਤੀ ਜਾ ਸਕੇ ਅਤੇ ਉਹ ਹਮਲਾ ਕਰ ਸਕਣ।


ਜਦੋਂ ਕਰਤਾਰ ਸਿੰਘ ਸਰਾਭਾ ਉਨ੍ਹਾਂ ਕੋਲ ਪੁੱਜਾ ਤਾਂ ਦੱਸਿਆ ਕਿ ਸਾਰੀ ਯੋਜਨਾ ਫੇਲ੍ਹ ਹੋ ਗਈ ਹੈ। ਇਸੇ ਦੌਰਾਨ ਪਤਾ ਲੱਗਾ ਕਿ ਮੀਆਂ ਮੀਰ ਛਾਉਣੀ ਦਾ ਹਮਲਾ ਵੀ ਨਾਕਾਮ ਹੋ ਗਿਆ ਹੈ ਤਾਂ ਭਾਈ ਰੰਗਾ ਸਿੰਘ ਨੇ ਆਪਣੇ ਸਾਥੀਆਂ ਨੂੰ ਮਿਲ ਕੇ ਕਪੂਰਥਲਾ ਫ਼ੌਜੀ ਛਾਉਣੀ ਦੇ ਡਿਪੂ 'ਚੋਂ ਹਥਿਆਰ ਲੁੱਟਣ ਦੀ ਯੋਜਨਾ ਬਣਾਈ। ਇਸ ਲੁੱਟ ਵਾਸਤੇ ਉਨ੍ਹਾਂ ਨੇ ਵਾਲਾ ਬ੍ਰਿਜ ਪੁਲਿਸ ਚੌਕੀ 'ਤੇ ਹਮਲਾ ਕਰ ਕੇ ਹਥਿਆਰ ਲੁੱਟੇ ਪਰ ਛਾਉਣੀ 'ਚੋਂ ਹਥਿਆਰ ਲੁੱਟਣ 'ਚ ਸਫਲ ਨਹੀਂ ਹੋ ਸਕੇ ਅਤੇ ਉਨ੍ਹਾਂ ਦੇ ਦੋ ਸਾਥੀ ਗ੍ਰਿਫ਼ਤਾਰ ਕਰ ਲਏ ਗਏ। ਉਨ੍ਹਾਂ ਨੇ ਕ੍ਰਾਂਤੀਕਾਰੀ ਸਾਹਿਤ ਵੰਡਣ 'ਚ ਵੀ ਅਹਿਮ ਭੂਮਿਕਾ ਨਿਭਾਈ ਅਤੇ ਉਹ ਕ੍ਰਾਂਤੀਕਾਰੀ ਸਾਹਿਤ ਲੈ ਕੇ ਸੜਕਾਂ, ਪਿੰਡਾਂ ਤੇ ਸਕੂਲਾਂ ਅਤੇ ਇਥੋਂ ਤਕ ਕਿ ਵੱਖ-ਵੱਖ ਜਨਤਕ ਥਾਵਾਂ 'ਤੇ ਜਾ ਕੇ ਵੀ ਲੋਕਾਂ ਨੂੰ ਵੰਡਦੇ ਸਨ। 1915 ਵਿਚ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਪੁਲਿਸ ਨੇ ਉਨ੍ਹਾਂ ਕੋਲੋਂ ਪ੍ਰਿੰਟਿੰਗ ਪ੍ਰੈੱਸ ਜ਼ਬਤ ਕੀਤੀ ਜਿਹੜੀ ਕਿ ਉਨ੍ਹਾਂ ਨੇ ਸੰਘਵਾਲ ਪਿੰਡ ਨੇੜੇ ਸੜਕ ਕੰਢੇ ਲੁਕਾਈ ਹੋਈ ਸੀ। ਬਰਤਾਨਵੀ ਹਕੂਮਤ ਨੇ ਉਨ੍ਹਾਂ ਨੂੰ 18 ਜੂਨ 1916 ਵਿਚ ਫਾਂਸੀ 'ਤੇ ਲਟਕਾ ਕੇ ਸ਼ਹੀਦ ਕਰ ਦਿੱਤਾ।

ਸ਼ਹੀਦ ਅਰੂੜ ਸਿੰਘ ਖੁਰਦਪੁਰ ਨੂੰ ਬੰਬ ਮਾਹਰ ਤੇ ਡਾ. ਰੂੜ ਸਿੰਘ ਵਜੋਂ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ ਸੰਘਵਾਲ ਪਿੰਡ ਦਾ ਖ਼ਤਰਨਾਕ ਵਿਅਕਤੀ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਜਲੰਧਰ ਦੇ ਵੈਟਰਨਰੀ ਹਸਪਤਾਲ ਵਿਚ ਸਹਾਇਕ ਵਜੋਂ ਕੰਮ ਕੀਤਾ ਸੀ। ਉਨ੍ਹਾਂ ਨੇ ਬੰਤਾ ਸਿੰਘ ਸੰਘਵਾਲ ਨਾਲ ਉਨ੍ਹਾਂ ਦੇ ਪਿੰਡ ਰਹਿੰਦਿਆਂ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ 'ਚ ਕ੍ਰਾਂਤੀਕਾਰੀ ਸਰਗਰਮੀਆਂ 'ਚ ਹਿੱਸਾ ਲਿਆ ਸੀ। ਸੂਰਾਨੁੱਸੀ ਰੇਲਵੇ ਸਟੇਸ਼ਨ ਨੇੜੇ ਲਾਈਨਾਂ ਤੋੜਨ ਤੇ ਟੈਲੀਫੋਨ ਦੀਆਂ ਤਾਰਾਂ ਕੱਟਣ ਦੀ ਘਟਨਾ ਵੇਲੇ ਉਹ ਬੰਤਾ ਸਿੰਘ ਦੇ ਨਾਲ ਹੀ ਸਨ।


ਨੰਗਲ ਕਲਾਂ ਦੇ ਜਵੰਦ ਸਿੰਘ ਕੋਲੋਂ ਬੰਬ ਬਣਾਉਣ ਦੀ ਤਕਨੀਕ ਸਿੱਖਣ ਤੋਂ ਬਾਅਦ ਉਹ ਬੰਬ ਬਣਾਉਣ ਦੇ ਮਾਹਰ ਬਣ ਗਏ। ਛੇਤੀ ਹੀ ਹਕੂਮਤ ਨੇ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਅਤੇ ਉਹ ਦੋ ਸਾਲ ਤਕ ਅੰਡਰਗਰਾਊਂਡ ਰਹੇ। ਇਸੇ ਦੌਰਾਨ ਉਨ੍ਹਾਂ ਦੇ ਸਾਥੀ ਬੰਤਾ ਸਿੰਘ ਸੰਘਵਾਲ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਪ੍ਰਤਾਪ ਸਿੰਘ ਨੇ ਸੂਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ ਅਤੇ ਇਨਾਮ ਪ੍ਰਾਪਤ ਕੀਤਾ।

ਇਸ ਦਾ ਪਤਾ ਲੱਗਣ 'ਤੇ ਅਰੂੜ ਸਿੰਘ ਨੇ ਆਪਣੇ ਸਾਥੀਆਂ ਸਮੇਤ ਜਾ ਕੇ ਪ੍ਰਤਾਪ ਸਿੰਘ ਦੇ ਪੁੱਤਰ ਨੂੰ ਮਾਰ ਕੇ ਉਸੇ ਜ਼ਮੀਨ ਵਿਚ ਹੀ ਦੱਬ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਬਰਤਾਨਵੀ ਹਕੂਮਤ ਦੇ ਇਕ ਹੋਰ ਪਿੱਠੂ ਤੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਮਾਰ ਮੁਕਾਇਆ। 2 ਨਵੰਬਰ 1916 ਨੂੰ ਉਹ ਲਾਹੌਰ ਜੇਲ੍ਹ ਵਿਚ ਆਪਣੇ ਇਕ ਮਿੱਤਰ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਪਛਾਣ ਕੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਉੱਪਰ ਲਾਹੌਰ ਸਾਜ਼ਿਸ਼ ਕੇਸ-ਤਿੰਨ ਤਹਿਤ ਕੇਸ ਚਲਾਇਆ ਗਿਆ ਅਤੇ 4 ਜਨਵਰੀ 1917 ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ। ਬਾਬਾ ਭਗਤ ਸਿੰਘ ਬਿਲਗਾ ਹਾਲੇ ਦੋ ਸਾਲ ਦੇ ਵੀ ਨਹੀਂ ਹੋਏ ਸਨ ਕਿ ਉਨ੍ਹਾਂ ਦੇ ਪਿਤਾ ਦਾ ਅਚਾਨਕ ਦੇਹਾਂਤ ਹੋ ਗਿਆ ਤਾਂ ਪਰਿਵਾਰ ਦੇ ਪਾਲਣ-ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮਾਤਾ ਸਿਰ ਪੈ ਗਈ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਨੂੰ ਉਸਾਰਨ ਤੋਂ ਲੈ ਕੇ ਸੱਭਿਆਚਾਰਕ ਕੇਂਦਰ ਵਜੋਂ ਸਥਾਪਤ ਕਰਨ ਵਿਚ ਉਨ੍ਹਾਂ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ। ਮਈ 2009 ਨੂੰ ਉਹ 102 ਸਾਲ ਦੀ ਲੰਮੀ ਸਰਗਰਮ ਜ਼ਿੰਦਗੀ ਬਿਤਾ ਕੇ ਅਕਾਲ ਚਲਾਣਾ ਕਰ ਗਏ। ਇਨ੍ਹਾਂ ਗ਼ਦਰੀ ਸ਼ਹੀਦਾਂ ਤੋਂ ਇਲਾਵਾ ਛੱਜੂ ਰਾਮ, ਧੰਨੂ, ਗੁਰਬਚਨ ਸਿੰਘ, ਹਜ਼ਾਰਾ ਸਿੰਘ, ਹੀਰਾ ਸਿੰਘ, ਗੁਰਦਿੱਤ ਸਿੰਘ ਉਰਫ਼ ਮੁਨਸ਼ੀ ਰਾਮ, ਨੱਥਾ ਸਿੰਘ, ਰਾਮ ਸਿੰਘ ਪਰਜਾਪਤ, ਭਾਈ ਸੱਫਾ ਸਿੰਘ (ਸਾਰੇ ਬਿਲਗਾ ਵਾਸੀ), ਬਾਬਾ ਗੁਰਦਿੱਤ ਸਿੰਘ ਕਟਾਣਾ, ਬਾਬਾ ਕਿਸ਼ਨ ਸਿੰਘ ਕਟਾਣਾ, ਕਰਮ ਸਿੰਘ ਮੁਸਤਾਪੁਰ, ਊਧਮ ਸਿੰਘ ਉਰਫ ਹਰੀ ਸਿੰਘ, ਰਾਮ ਸਿੰਘ ਧਲੇਤਾ ਤੇ ਹੋਰ ਕਈ ਗ਼ਦਰੀ ਬਾਬਿਆਂ ਨੇ ਦੇਸ਼ ਖ਼ਾਤਰ ਜਾਨਾਂ ਵਾਰੀਆਂ ਸਨ।

- ਜਤਿੰਦਰ ਪੰਮੀ

97818-00213

Posted By: Harjinder Sodhi