ਪੰਜਾਬੀ ਸਾਹਿਤ ਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਸਾਹਿਤਕਾਰਾਂ ਨੇ ਨਵੀਆਂ ਬੁਲੰਦੀਆਂ, ਨਵੀਆਂ ਮੰਜ਼ਲਾਂ ’ਤੇ ਪਹੁੰਚਾਇਆ ਹੈ। ਸਾਹਿਤ ਅਤੇ ਸਾਹਿਤਕਾਰ ਦੋਵੇਂ ਇਕ ਦੂਸਰੇ ਦੇ ਪੂਰਕ ਹੋਇਆ ਕਰਦੇ ਨੇ। ਅਨੇਕਾਂ ਸਾਹਿਤਕ ਰਚਨਾਵਾਂ/ਵਿਧਾਵਾਂ ਪਾਠਕਾਂ ਦੇ ਜ਼ਿਹਨ ’ਚ ਚਿਰ ਕਾਲ ਤੀਕ ਵਸੀਆਂ ਰਹਿੰਦੀਆਂ ਨੇ ਪਰ ਉਨ੍ਹਾਂ ਰਚਨਾਵਾਂ/ ਵਿਧਾਵਾਂ ਨੂੰ ਰਚਣ ਵਾਲੇ ਸਾਹਿਤਕਾਰ ਤੁਰ ਜਾਂਦੇ ਨੇ। ਅਜਿਹਾ ਹੀ ਇਕ ਵਿਲੱਖਣ ਅਤੇ ਮਿਆਰੀ ਸਾਹਿਤ ਦੀ ਰਚਨਾ ਕਰਨ ਵਾਲਾ ਸਾਹਿਤਕਾਰ ਸੀ- ਜਗਜੀਤ ਸਿੰਘ ਪਿਆਸਾ। ਮਾਲਵੇ ਦੇ ਕੇਂਦਰ ਵਿਚ ਵਸੇ ਜ਼ਿਲ੍ਹਾ ਫ਼ਰੀਦਕੋਟ ਦੇ ਕਸਬੇ ਕੋਟਕਪੂਰਾ ਵਿਚ ਰਹਿਣ ਵਾਲੇ ਜਗਜੀਤ ਸਿੰਘ ਪਿਆਸਾ ਇੱਕੋ ਸਮੇਂ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਦੇ ਰਚੇਤਾ ਸਨ। ਬੇਸ਼ੱਕ ਜਗਜੀਤ ਸਿੰਘ ਪਿਆਸਾ ਨੇ ਅਨੇਕਾਂ ਗ਼ਜ਼ਲਾਂ ਅਤੇ ਕਵਿਤਾਵਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਵਿੱਚੋਂ ਬਹੁਤੀਆਂ ਮਕਬੂਲ ਵੀ ਹੋਈਆਂ ਪਰ ਉਨ੍ਹਾਂ ਦੀ ਵਧੇਰੇ ਮਕਬੂਲੀਅਤ ਗੀਤ-ਰਚਨਾ ਕਰਕੇ ਹੀ ਹੋਈ।

‘ਤੂੰ ਬੂਹਾ ਖੋਲ੍ਹ ਕੇ ਰੱਖੀਂ’ ਅਤੇ ‘ਸਹਿਮੇ-ਸਹਿਮੇ ਹਾਸ’-ਇਹ ਦੋ ਪੁਸਤਕਾਂ ਉਨ੍ਹਾਂ ਦੀ ਮਕਬੂਲੀਅਤ ਦੀ ਗਵਾਹੀ ਭਰਦੀਆਂ ਨੇ। ਜਗਜੀਤ ਸਿੰਘ ਪਿਆਸਾ ਨੂੰ ਇਕ ਵਾਰ ਜਦੋਂ ਦਿਲ ਦਾ ਜ਼ਬਰਦਸਤ ਦੌਰਾ ਪਿਆ ਸੀ ਅਤੇ ਉਹ ਡੀਐਮਸੀ ਲੁਧਿਆਣਾ ਵਿਚ ਜ਼ੇਰੇ ਇਲਾਜ ਸਨ ਤਾਂ ਆਪ੍ਰੇਸ਼ਨ ਥੀਏਟਰ ਵੱਲ ਜਾਂਦਿਆਂ ਆਪਣੀ ਸੁਪਤਨੀ ਸ਼ਰਨਜੀਤ ਕੌਰ ਨੂੰ ਧਰਵਾਸਾ ਦਿੰਦਿਆਂ ਉਨ੍ਹਾਂ ਕਿਹਾ ਸੀ,

“ਮੈਂ ਛੇਤੀ ਪਰਤ ਆਵਾਂਗਾ,

ਤੂੰ ਬੂਹਾ ਖੋਲ੍ਹ ਕੇ ਰੱਖੀਂ ,

ਤੇਰੇ ਸੰਗ ਹੱਸਾਂ-ਗਾਵਾਂਗਾ,

ਤੂੰ ਬੂਹਾ ਖੋਲ੍ਹ ਕੇ ਰੱਖੀਂ ।’’

ਤੇ ਇਹ ਸਤਰਾਂ, ਉਨ੍ਹਾਂ ਦੀ ਜ਼ੁਬਾਨੋਂ ਨਿੱਕਲੇ ਇਹ ਬੋਲ ਸਾਹਿਤਕ-ਹਲਕਿਆਂ ਵਿਚ ਉਨ੍ਹਾਂ ਦੀ ਜ਼ਿੰਦਾਦਿਲੀ ਵਜੋਂ ਜਾਣੇ ਜਾਣ ਲੱਗੇ। ਤੇ ਫਿਰ ਮਗਰੋਂ ‘ਤੂੰ ਬੂਹਾ ਖੋਲ੍ਹ ਕੇ ਰੱਖੀਂ’ ਨਾਂ ਦੀ ਪੁਸਤਕ ਛਪੀ, ਜਿਸ ਵਿਚ ਉਨ੍ਹਾਂ ਨੇ ਆਪਣੇ ਗੀਤ, ਗ਼ਜ਼ਲਾਂ, ਕਵਿਤਾਵਾਂ ਨੂੰ ਸ਼ਾਮਲ ਕੀਤਾ ਅਤੇ ਆਪਣੀ ਵੇਦਨਾ ਤੇ ਸੰਵੇਦਨਾ ਨੂੰ ਪ੍ਰਗਟ ਕੀਤਾ। ਇਸ ਕਿਤਾਬ ਨੇ ਸਾਹਿਤਕ-ਹਲਕਿਆਂ ਵਿਚ ਭਰਪੂਰ ਨਾਮਣਾ ਖੱਟਿਆ ਅਤੇ ਜਗਜੀਤ ਸਿੰਘ ਪਿਆਸਾ ਦੇ ਪਾਠਕਾਂ ਦਾ ਦਾਇਰਾ ਬਹੁਤ ਵਿਸ਼ਾਲ ਕਰ ਦਿੱਤਾ।

ਸ਼ਾਇਰੀ, ਚਿੰਤਨ, ਗ਼ਜ਼ਲ ਅਤੇ ਗੀਤਕਾਰੀ ਦੇ ਖੇਤਰ ਵਿਚ ਦੇਸ਼-ਵਿਦੇਸ਼ਾਂ ਵਿਚ ਮਕਬੂਲੀਅਤ ਹਾਸਲ ਕਰਨ ਵਾਲੇ ਜਗਜੀਤ ਸਿੰਘ ਪਿਆਸਾ ਪੇਸ਼ੇ ਵਜੋਂ ਸੋਨੇ-ਚਾਂਦੀ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ ਅਤੇ ‘ਪੈਰਿਸ ਜਵੈਲਰਜ਼, ਕੋਟਕਪੂਰਾ’ ਨਾਂ ਦਾ ਸ਼ੋਅਰੂਮ ਚਲਾ ਰਹੇ ਸਨ। ਜ਼ਿੰਦਗੀ ਵਿਚ ਅਨੇਕਾਂ ਤੰਗੀਆਂ-ਤੁਰਸ਼ੀਆਂ ਅਤੇ ਸੰਘਰਸ਼ ਸਹਿੰਦਿਆਂ ਉਨ੍ਹਾਂ ਨੇ ਪਹਿਲਾਂ ਖ਼ੁਦ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਤੇ ਫਿਰ ਆਪਣੇ ਦੋ ਬੇਟਿਆਂ ਸੁਖਵਿੰਦਰਪਾਲ ਸਿੰਘ ਸਦਿਓੜਾ ਅਤੇ ਗੁਰਿੰਦਰਪਾਲ ਸਿੰਘ ਸਦਿਓੜਾ ਨੂੰ ਵੀ ਆਪੋ-ਆਪਣੇ ਕੰਮ-ਧੰਦਿਆਂ ਵਿਚ ਸਥਾਪਿਤ ਕੀਤਾ।

ਜਗਜੀਤ ਸਿੰਘ ਪਿਆਸਾ ਇਕ ਜ਼ਿੰਦਾਦਿਲ ਸ਼ਾਇਰ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਵਧੇਰੇ ਆਤਮਿਕ ਸੰਤੁਸ਼ਟੀ ਗੀਤ ਲਿਖ ਕੇ ਹੀ ਹੁੰਦੀ ਸੀ। ਉਨ੍ਹਾਂ ਦੇ ਅਨੇਕਾਂ ਗੀਤਾਂ ਨੂੰ ਪੰਜਾਬੀ ਦੇ ਕਈ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਵਿਚ ਗਾਇਆ। ਪੰਜਾਬੀ ਫਿਲਮ ਇੰਡਸਟਰੀ ਅਤੇ ਥੀਏਟਰ ਦੇ ਪ੍ਰਸਿੱਧ ਕਲਾਕਾਰ ਗੁਰਮੀਤ ਸਾਜਨ ਨਾਲ ਉਨ੍ਹਾਂ ਦੀ ਬਹੁਤ ਨੇੜਤਾ ਸੀ। ਕੋਟਕਪੂਰਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਆਦਿ ਵੱਖ-ਵੱਖ ਸਾਹਿਤਕ ਮੰਚਾਂ ਅਤੇ ਸਭਾਵਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਨਾਲ ਸਮਾਗਮਾਂ ਵਿਚ ਇਕ ਵੱਖਰੀ ਰੌਣਕ ਭਰ ਜਾਂਦੀ ਸੀ। ਉਹ ਸਾਹਿਤ ਸਭਾ, ਕੋਟਕਪੂਰਾ ਵਿਚ ਲੰਮੇ ਸਮੇਂ ਤੋਂ ਕਾਰਜਸ਼ੀਲ ਸਨ। ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਹਰਮਿੰਦਰ ਸਿੰਘ ਕੋਹਾਰਵਾਲਾ, ਮਿੰਨੀ ਕਹਾਣੀਕਾਰ ਸ਼ਾਮ ਸੁੰਦਰ ਅਗਰਵਾਲ, ਕੁਲਦੀਪ ਮਾਣੂੰਕੇ, ਸਵ. ਜ਼ੋਰਾ ਸਿੰਘ ਸੰਧੂ, ਪ੍ਰੀਤਮ ਸਿੰਘ ਚਹਿਲ, ਪ੍ਰਸਿੱਧ ਕਹਾਣੀਕਾਰਾ ਵਿਸ਼ਵਜੋਤੀ ਧੀਰ, ਉੱਘੇ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ, ਸ਼ਾਇਰ ਕੁਲਵਿੰਦਰ ਵਿਰਕ ਆਦਿ ਸਾਹਿਤਕ-ਹਸਤੀਆਂ ਨਾਲ ਸਾਹਿਤ, ਚਿੰਤਨ ਅਤੇ ਛਪੀਆਂ ਪੁਸਤਕਾਂ ਬਾਰੇ ਉਨ੍ਹਾਂ ਦੇ ਅਕਸਰ ਲੰਮੇ ਸੰਵਾਦ ਚਲਦੇ ਰਹਿੰਦੇ ਸਨ।

ਉਨ੍ਹਾਂ ਦੀਆਂ ਆਪਣੀਆਂ ਰਚਨਾਵਾਂ ਵਿਚ ਜਿੱਥੇ ਸਮਾਜਿਕ ਰਿਸ਼ਤਿਆਂ ਵਿਚ ਆਈਆਂ ਤਰੇੜਾਂ, ਵਿੱਥਾਂ, ਗਰਜ਼ਾਂ ਅਤੇ ਸਵਾਰਥ ਦੀ ਝਲਕ ਨਜ਼ਰ ਆਉਂਦੀ ਹੈ, ਉੱਥੇ ਨਾਲ ਹੀ ਮੋਹ-ਭਿੱਜੇ ਰਿਸ਼ਤਿਆਂ ਵਿਚ ਨੋਕ-ਝੋਕ ਅਤੇ ਮੁਹੱਬਤੀ ਰਿਸ਼ਤਿਆਂ ਦਾ ਵੀ ਭਰਪੂਰ ਜ਼ਿਕਰ ਮਿਲਦਾ ਹੈ। ਲੱਚਰ ਗੀਤਕਾਰੀ ਅਤੇ ਗਾਇਕੀ ਦੇ ਸਖ਼ਤ ਖ਼ਿਲਾਫ਼ ਪਿਆਸਾ ਜੀ ਸਦਾ ਹੀ ਸਾਫ਼-ਸੁਥਰੀ ਅਤੇ ਪਰਿਵਾਰਕ ਗੀਤਕਾਰੀ ਦਾ ਪੱਖ ਪੂਰਦੇ ਰਹੇ ਨੇ। ਇਕ ਜ਼ਿੰਮੇਵਾਰ ਲੇਖਕ ਅਤੇ ਬੇਹੱਦ ਸੰਵੇਦਨਸ਼ੀਲ ਇਨਸਾਨ ਵਜੋਂ ਉਨ੍ਹਾਂ ਆਪਣਾ ਅਕਸ ਸਦਾ ਸਾਫ਼-ਸੁਥਰਾ ਅਤੇ ਪਾਕ ਰੱਖਿਆ। ਗੰਭੀਰ ਗੱਲ ਨੂੰ ਵੀ ਵਿਅੰਗਾਤਮਕ ਲਹਿਜੇ ਵਿਚ ਕਹਿ ਜਾਣਾ ਉਨ੍ਹਾਂ ਦਾ ਸੁਭਾਅ ਰਿਹਾ ਹੈ। ਇਕ ਵਾਰ ਉਨ੍ਹਾਂ ਕਿਸੇ ਗੰਭੀਰ ਸਾਹਿਤਕ-ਮਸਲੇ ’ਤੇ ਮੇਰੇ ਨਾਲ ਸੰਵਾਦ ਰਚਾਉਂਦਿਆਂ ਆਖਿਆ ਸੀ-

ਸ਼ਬਦਾਂ ਦੀਆਂ ਜੋ ਰੂਹਾਂ

ਨਾ ਸਮਝਣ ਅਰਥਾਂ,

ਜਜਬਿਆਂ ਤੋਂ ਕੋਰੇ ਜਾਪਣ...

ਨਾ ਰੋਣਾ ਚੰਗਾ ਲੱਗੇ,

ਨਾ ਹਾਸਾ ਚੰਗਾ,

ਐਸੇ ਕੋਰੇ, ਬੇਲੋੜੇ

ਲੋਕਾਂ ਤੋਂ ਪਾਸਾ ਚੰਗਾ...!

ਹਵਾਵਾਂ ਦੇ ਦੇਸੋਂ

ਜੋ ਆਉਣ ਪਰਿੰਦੇ,

ਰਾਤੀਂ ਨੀਂਦਰ ਲੈਣ ਨਹੀਂ ਦਿੰਦੇ...।

ਚੰਗੀ ਜਿਨ੍ਹਾਂ ਨੂੰ ਪਹਿਲਾਂ

ਪਨਾਹ ਸੀ ਲੱਗਦੀ

ਹਰ ਹਰਕਤ ਹੁਣ ਮੇਰੀ

ਗੁਨਾਹ ਹੀ ਲੱਗਦੀ...!

ਸਾਥ ਨਾ ਹੁਣ ਜਿਨ੍ਹਾਂ ਨੂੰ

ਸਾਡਾ ਮਾਸਾ ਚੰਗਾ,

ਐਸੇ ਕੋਰੇ, ਬੇਲੋੜੇ

ਲੋਕਾਂ ਤੋਂ ਪਾਸਾ ਚੰਗਾ...!

ਪਤਾ ਨਹੀਂ ਸੀ ਕਿ ਅਧਰੰਗ ਵਰਗੀ ਚੰਦਰੀ ਬਿਮਾਰੀ ਨਾਲ ਦੋ ਹੱਥ ਕਰਦਿਆਂ ਸਮੂਹ ਦੋਸਤਾਂ, ਰਿਸ਼ਤੇਦਾਰਾਂ, ਸਹਿਤ-ਪ੍ਰੇਮੀਆਂ ਤੇ ਆਪਣੇ ਪਾਠਕਾਂ ਨੂੰ ਇੰਨੀ ਜਲਦੀ ਛੱਡ ਕੇ ਸਦਾ ਲਈ ਨਾ ਮੁੜਨ ਵਾਲੇ ਰਾਹਾਂ ’ਤੇ ਤੁਰ ਜਾਣਗੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 12 ਅਗਸਤ, ਦਿਨ ਸ਼ੁੱਕਰਵਾਰ, ਦੁਪਹਿਰ 12 ਵਜੇ, ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਜੀ, ਕੋਟਕਪੂਰਾ-ਫ਼ਰੀਦਕੋਟ ਰੋਡ, ਪਿੰਡ ਸੰਧਵਾਂ, ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਵੇਗੀ।

ਇਸ ਮੌਕੇ ਉਨ੍ਹਾਂ ਦੇ ਸਭ ਸਨੇਹੀ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ ਅਤੇ ਉਨ੍ਹਾਂ ਦੀ ਜੀਵਨ-ਬੋਲਾਂ ਅਤੇ ਰਚਨਾਵਾਂ ਅਤੇ ਯਾਦਾਂ ਨੂੰ ਚੇਤਿਆਂ ਦੀ ਚੰਗੇਰ ’ਚ ਭਰਨਗੇ...!

- ਕੁਲਵਿੰਦਰ ਵਿਰਕ

Posted By: Harjinder Sodhi