ਪੰਜਾਬੀ ਜੀਵਨ ਚਾਵਾਂ-ਮਲਾਰਾਂ ਨਾਲ ਭਰਪੂਰ ਹੈ ਤੇ ਲੋਕ ਹਰ ਖ਼ੁਸ਼ੀ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸੇ ਲਈ ਪੰਜਾਬੀ ਸੱਭਿਆਚਾਰ ਸੰਸਾਰ ਵਿਚ ਖ਼ਾਸ ਸਥਾਨ ਰੱਖਦਾ ਹੈ । ਸੱਭਿਆਚਾਰ ਕੌਮ ਦਾ ਉਹ ਅਕਸ ਹੁੰਦਾ ਹੈ, ਜਿਸ ਤੋਂ ਉਸ ਦੀ ਤਸਵੀਰ ਝਲਕਦੀ ਹੈ । ਇਸ ਰਾਹੀਂ ਮਨ ਦੇ ਚਾਅ ਤੇ ਖ਼ੁਸ਼ੀਆਂ ਦਾ ਪ੍ਰਗਟਾਵਾ ਕਰਨ ਲਈ ਵੰਨਗੀਆਂ ਤੇ ਤਰੀਕੇ ਦਰਸਾਏ ਹੁੰਦੇ ਹਨ । ਵਿਆਹ ਇਕ ਵਡੇਰੀ ਰਸਮ ਹੈ, ਜਿਸ ਵਿਚ ਅਨੇਕਾਂ ਪਰ ਮਹੱਤਵਪੂਰਨ ਰਸਮਾਂ ਹਨ, ਜਿਨ੍ਹਾਂ 'ਚੋਂ ਇਕ ਹੈ 'ਜਾਗੋ', ਜਿਹੜੀ ਮੁੱਖ ਤੌਰ 'ਤੇ ਨਾਨਕਿਆਂ ਵੱਲੋਂ ਨਿਭਾਈ ਜਾਦੀ ਹੈ। ਇਸ ਦੌਰਾਨ ਲੋਕ ਮਨ ਆਪਣੇ ਪਿੱਤਰਾਂ ਦੀਆਂ ਪੈੜਾਂ 'ਤੇ ਚੱਲਦਿਆਂ ਪੰਜਾਬੀ ਵਿਰਸੇ ਦੀ ਨਿਸ਼ਾਨਦੇਹੀ ਕਰਦੇ ਹਨ । ਵਿਆਹ ਵਾਲੇ ਘਰ ਬਰਾਤ ਤੋਂ ਪਹਿਲੀ ਰਾਤ ਨੂੰ ਨਾਨਕਾ ਮੇਲ ਬਲਟੋਹੀ ,ਗਾਗਰ ਜਾਂ ਘੜੇ ਦੇ ਦੁਆਲੇ ਗਿੱਲੇ ਆਟੇ ਨਾਲ ਦੀਵੇ ਚਿਣ ਕੇ ਵਿਚਕਾਰ ਚੌਮੁਖੀਏ ਦੀਵਿਆਂ ਨਾਲ ਸਜਾਉਂਦੇ ਹਨ ਤੇ ਪਿੰਡ 'ਚ ਫੇਰਾ ਪਵਾਇਆ ਜਾਂਦਾ ਹੈ। ਪਾਣੀ ਤੇ ਚਾਨਣ ਨੂੰ ਜੀਵਨ ਦਾ ਆਧਾਰ ਮੰਨਣਾ ਸਦੀਆਂ ਪੁਰਾਣੀ ਰੀਤ ਹੈ। ਫਿਰ ਵੀ ਜਾਗੋ ਨਾਲ ਮਿੱਥਾਂ ਵੀ ਜੁੜੀਆਂ ਹੋਈਆਂ ਹਨ ਕਿ ਜਿੱਥੋਂ ਲਟ-ਲਟ ਬਲਦੀ ਜਾਗੋ ਲੰਘ ਜਾਵੇ , ਉਸ ਦੀ ਰੋਸ਼ਨੀ ਕਾਰਨ ਬਦਰੂਹਾਂ ਪਿੰਡ ਦੀ ਜੂਹ ਵਿਚ ਨਹੀਂ ਆਉਂਦੀਆਂ। ਪੁਰਾਣੇ ਸਮੇਂ 'ਚ ਲੋਕ ਇਸ ਨੂੰ ਸ਼ਗਨ ਸ਼ੁਰੂ ਕਰਨ ਦਾ ਟੂਣਾ ਮੰਨਦੇ ਤੇ ਵਿਆਹ ਦੇ ਸਾਰੇ ਕਾਰ-ਵਿਹਾਰ ਨਿਰਵਿਘਨ ਹੋਣ ਦਾ ਵਿਸ਼ਵਾਸ ਵੀ ਕਰਦੇ। ਇਸ ਕਾਰਨ ਜਾਗੋ ਫੇਰਨ ਜਾਂ ਜਾਗੋ ਕੱਢਣ ਨੂੰ ਖ਼ਾਸ ਅਹਿਮੀਅਤ ਦਿੱਤੀ ਜਾਂਦੀ ਸੀ ।

ਵੱਡੀ ਮਾਮੀ ਦੀ ਹੁੰਦੀ ਹੈ ਪੂਰੀ ਟੌਹਰ ਤੇ ਚੌਧਰ

ਸ਼ਾਮ ਢਲਦਿਆਂ ਹੀ ਜਾਗੋ ਦੀਆਂ ਤਿਆਰੀਆਂ ਲਈ ਤਤਪਰ ਹੁੰਦਿਆਂ ਘਿਓ ਜਾਂ ਤੇਲ ਦੇ ਦੀਵੇ ਸਲੀਕੇ ਨਾਲ ਲਾਉਣ ਤੇ ਆਪਣੇ ਆਪ ਨੂੰ ਸਜਾਉਣ ਲਈ ਨਾਨਕਾ ਮੇਲ ਖ਼ਾਸ ਕਰਕੇ ਮਾਮੀਆਂ ਮਸ਼ਰੂਫ ਹੋ ਜਾਂਦੀਆਂ ਤੇ ਸੂਫ ਜਾਂ ਸਾਟਨ ਦੇ ਘੱਗਰੇ , ਫੁਲਕਾਰੀ , ਗੋਟੇ ਵਾਲੀਆਂ ਚੁੰਨੀਆਂ , ਲਟਕਦੇ ਫੁੱਲਾਂ ਨਾਲ ਸਜੀਆਂ ਕੁੜਤੀਆਂ ,ਪਿੱਪਲ ਪੱਤੀਆਂ, ਸੱਗੀ ਫੁੱਲ, ਸੁਹਾਗ ਪੱਟੀ ਤੇ ਮਾਂਗ ਟਿੱਕੇ ਨਾਲ ਫਬੀਆਂ ਮੇਲਣਾਂ ਜਾਗੋ ਦੇ ਚਾਨਣ ਨੂੰ ਵੀ ਹੋਰ ਦੂਣਾ ਕਰ ਦਿੰਦੀਆਂ । ਇਸ ਕੰਮ ਦੇ ਕਰਤਾ -ਧਰਤਾ ਨਾਨਕੇ ਹੁੰਦੇ ਹਨ। ਪਿੰਡ ਵਿਚ ਪਹਿਲਾਂ ਹੀ ਜਾਗੋ ਫੇਰਨ ਦਾ ਸੱਦਾ ਲਾਗੀ ਰਾਹੀਂ ਸਭ ਘਰਾਂ 'ਚ ਲਾ ਦਿੱਤਾ ਜਾਂਦਾ ਸੀ ਤਾਂ ਜੋ ਲੋਕ ਆਪਣਾ ਕੰਮ- ਧੰਦਾ ਸਮੇਟ ਕੇ ਜਾਗੋ ਵਿਚ ਸ਼ਾਮਲ ਹੋ ਸਕਣ । ਤਾਰਿਆਂ ਦੀ ਲਿਸ਼ਕ ਵਾਂਗ ਚਮਕਦੇ ਦੀਵਿਆਂ ਨਾਲ ਸਜੀ ਜਾਗੋ ਵਿਚ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੀ ਮਾਂ ਤੇਲ ਪਾਉਣ ਤੇ ਜਾਗੋ ਸਿਰ 'ਤੇ ਰੱਖਣ ਦਾ ਸ਼ਗਨ ਕਰਦੀ। ਉਸ ਤੋਂ ਬਾਅਦ ਮਾਸੀਆਂ, ਮਾਮੀਆਂ, ਚਾਚੀਆਂ, ਭਾਬੀਆਂ ਤੇ ਰਿਸ਼ਤੇਦਾਰ ਸਿਰ 'ਤੇ ਵਾਰੋ-ਵਾਰੀ ਜਾਗੋ ਚੁੱਕ ਕੇ ਪਿੰਡ ਵਿਚ ਗੇੜਾ ਦੇਣ ਦੌਰਾਨ ਸਿੱਠਣੀਆਂ ,ਬੋਲੀਆਂ ਤੇ ਗੀਤਾਂ ਨਾਲ ਇਕ- ਦੂਜੇ 'ਤੇ ਨਿਹੋਰੇ ਕਸਦੀਆਂ। ਜਾਗੋ ਲਈ ਇਕ ਘੁੰਗਰੂੰਆਂ ਵਾਲੀ ਡਾਂਗ ਜਾਂ ਸੋਟਾ ਵੀ ਨਾਲ ਲੈ ਕੇ ਚੱਲਣ ਦਾ ਰਿਵਾਜ ਵੀ ਪ੍ਰਚੱਲਿਤ ਹੈ । ਜਾਗੋ 'ਚ ਵੱਡੀ ਮਾਮੀ ਦੀ ਪੂਰੀ ਟੌਹਰ ਤੇ ਚੌਧਰ ਹੋਣ ਕਰਕੇ ਪਿੰਡ ਵਾਲਿਆਂ ਨੂੰ ਉੱਚੀ ਆਵਾਜ਼ 'ਚ ਬੋਲੀ ਪਾ ਕੇ ਆਪਣੀ ਦਸਤਕ ਦਾ ਸੁਨੇਹਾ ਦਿੰਦੀ :

ਸਾਰੇ ਪਿੰਡ 'ਚ ਫੇਰਨੀ ਜਾਗੋ

ਵਿਆਹ ਸਾਡੇ ਅਨੰਤ ਸਿੰਘ ਦਾ

ਸ਼ਰੀਕੇ 'ਚ ਬਣਿਆ ਰਹਿੰਦਾ ਸੀ ਸਾਂਝ ਤੇ ਪਿਆਰ

ਜਾਗੋ ਆਪਸੀ ਮੇਲ-ਜੋਲ ਤੇ ਖ਼ੁਸ਼ੀਆਂ ਦਾ ਪ੍ਰਤੀਕ ਹੈ। ਇਸ ਲਈ ਅੱਗੇ ਵਧਦਿਆਂ ਪਹਿਲਾਂ ਤਾਏ- ਚਾਚੇ ਦੇ ਘਰਾਂ 'ਚ ਫੇਰਾ ਪਾਇਆ ਜਾਂਦਾ ਤਾਂ ਜੋ ਸ਼ਰੀਕੇ ਦੀ ਸਾਂਝ ਤੇ ਪਿਆਰ ਬਣੇ ਰਹਿਣ। ਉਹ ਵੀ ਅੱਗਿਓਂ ਵਧ ਕੇ ਤੇਲ ,ਸ਼ਗਨ ਤੇ ਨਾਨਕਿਆਂ ਦੀ ਆਉ-ਭਗਤ ਦਾ ਉਚੇਚਾ ਪ੍ਰਬੰਧ ਕਰਦੇ । ਮੇਲਣਾਂ ਉੁੱਥੋਂ ਗਿੱਧੇ ਦਾ ਆਗਾਜ਼ ਕਰ ਕੇ ਬੋਲੀਆਂ ਪਾਉਂਦੀਆਂ ਹਨ :

ਜੋਰੂ ਜਗਾ ਲੈ ਵੇ ਹੁਣ ਜਾਗੋ ਆਈ ਆ

ਸ਼ਾਵਾ ਬਈ ਹੁਣ ਜਾਗੋ ਆਈ ਆ ।

ਰੁੱਸੀ ਤਾਂ ਮਨਾ ਲੈ ਵੇ

ਸੋਨ ਚਿੜੀ ਗਲ ਲਾ ਲੈ ਵੇ

ਹੁਣ ਜਾਗੋ ਆਈ ਐ ਸ਼ਾਵਾ ਬਈ

ਪੁਰਾਣੇ ਸਮੇਂ 'ਚ ਇਸ ਨੂੰ ਪਿੰਡ ਦੀ ਸਾਂਝੀ ਰਸਮ ਮੰਨਦੇ ਸਨ, ਜਿਸ ਕਰਕੇ ਮੇਲ ਪਿੰਡ ਦੇ ਕਿਸੇ ਵੀ ਘਰ ਵਿਚ ਚਲਾ ਜਾਂਦਾ ਤਾਂ ਲੋਕੀਂ ਖਿੜੇ ਮੱਥੇ ਸਵਾਗਤ ਕਰਦੇ ਪਰ ਮੌਜੂਦਾ ਦੌਰ 'ਚ ਇਹ ਸਾਂਝ ਦਾ ਘੇਰਾ ਸੁੰਗੜਦਾ ਜਾ ਰਿਹਾ ਹੈ। ਫਿਰ ਵੀ ਨਾਨਕੇ ਮੱਲੋ ਜ਼ੋਰੀਂ ਸ਼ਗਨ ਜਾਂ ਤੇਲ ਪਾਉਣ ਤੋਂ ਪਿੱਛੇ ਹਟਦੇ ਲੋਕਾਂ ਨੂੰ ਬੋਲੀਆ ਰਾਹੀਂ ਖਿੱਚਦੇ ਹੋਏ ਰਸਮਾਂ ਪੂਰੀਆਂ ਕਰਵਾਉਣੋਂ ਨਹੀਂ ਟਲਦੇ :

ਤੇਲ ਪਾਉਣਗੇ ਨਸੀਬਾਂ ਵਾਲੇ

ਬਈ ਜਾਗੋ ਵਿਚੋਂ ਤੇਲ ਮੁੱਕਿਆ

ਨੋਕ-ਝੋਕ ਕਰਦਿਆਂ ਕੁੱਟਿਆ ਜਾਂਦਾ ਛੱਜ

ਪਿੰਡ ਦੇ ਗੇੜੇ ਤੋਂ ਬਾਅਦ ਵਾਪਸ ਘਰ ਆ ਕੇ ਗਿੱਧੇ ਦੀਆਂ ਧਮਕਾਂ ਤੇ ਬੋਲੀਆਂ ਦੇ ਨਾਲ -ਨਾਲ ਆਪਸੀ ਨੋਕ-ਝੋਕ ਤੇ ਹਾਸਾ ਮਜ਼ਾਕ ਕਰਦਿਆਂ ਛੱਜ ਕੁੱਟਿਆ ਜਾਂਦਾ ਹੈ । ਇਸ ਮਘਦੇ ਗਿੱਧੇ ਦੇ ਪਿੜ ਵਿਚ ਸਭ ਸਕੇ - ਸਬੰਧੀਆਂ ਨੂੰ ਬੋਲੀਆਂ ਤੇ ਗਿੱਧਾ ਪਾਉਣ ਦਾ ਮੌਕਾ ਮਿਲਦਾ। ਜਦੋਂ ਉਹ ਬੋਲੀਆਂ ਰਾਹੀਂ ਆਪਣੇ ਮਨ ਦੀ ਭਾਵਨਾ ਉਜਾਗਰ ਕਰਦੇ ਤਾਂ ਖ਼ੁਸ਼ੀ ਦੇ ਇਸ ਮੌਕੇ ਕੋਈ ਗਿਲਾ-ਸ਼ਿਕਵਾ ਵੀ ਨਹੀਂ ਸੀ ਕਰਦਾ, ਜੋ ਕਿ ਸਭਿਆਚਾਰ ਸਨਮਾਨ ਦਾ ਪ੍ਰਤੀਕ ਹੈ। ਡੰਡੇ ਨਾਲ ਛੱਜ ਤੀਲਾ- ਤੀਲਾ ਕਰਦੇ ਨਾਨਕਿਆਂ ਵੱਲੋਂ ਬੋਲੀਆਂ ਦੀ ਸ਼ੁਰੂਆਤ ਹੁੰਦੀ ਹੈ :

ਜਾਗੋ ਨਾਨਕਿਆਂ ਦੀ ਆਈ ਨੀ ਬੀਬੀ ਦੀਵਾ ਜਗਾ

ਜਾਵੇ ਗਲੀ-ਗਲੀ ਰੁਸ਼ਨਾਈ ਨੀ ਬੀਬੀ ਦੀਵਾ ਜਗਾ

ਦੀਵਾ ਜਦੋਂ ਜਗ੍ਹਾ 'ਤੇ ਧਰਿਆ ਵਿਹੜਾ ਰੋਸ਼ਨੀ ਦੇ ਨਾਲ ਭਰਿਆ

ਦੂਜਾ ਚੰਨ ਕਿੱਥੋਂ ਆ ਚੜ੍ਹਿਆ ਨੀ ਬੀਬੀ ਦੀਵਾ ਜਗਾ

ਤੈਨੂੰ ਕਹੇ ਤੇਰੀ ਭਰਜਾਈ ਨੀ ਬੀਬੀ ਦੀਵਾ ਜਗਾ

ਦਿਓਰ ਦੇ ਵਿਆਹ ਦਾ ਨਹੀਂ ਸੰਭਾਲਿਆ ਜਾਂਦਾ ਚਾਅ

ਜਾਗੋ ਸਮੇਂ ਭਾਬੀ ਆਪਣੇ ਦਿਓਰ ਦੀ ਆਪਣੱਤ ਜ਼ਾਹਿਰ ਕਰਦੀ ਹੈ ਕਿਉਂਕਿ ਦਿਓਰ ਵੱਡੀ ਭਾਬੀ ਨੂੰ ਮਾਂ ਦੇ ਬਰਾਬਰ ਦਾ ਸਤਿਕਾਰ ਦਿੰਦਾ ਹੈ । ਉਸ ਦੇ ਵਿਆਹ ਦਾ ਚਾਅ ਉਹ ਬੋਲੀ ਰਹੀ ਦੱਸਦੀ ਹੈ ਤੇ ਆਪਣੀ ਔਲਾਦ ਵਾਂਗ ਉਸ ਲਈ ਵੀ ਪਿਆਰ ਤੇ ਦੁਲਾਰ ਆਪ ਮੂਹਰੇ ਬਾਹਰ ਉਲਰਦਾ ਹੈ :

ਨਿੱਕਾ ਦਿਓਰ ਹੈ ਪੁੱਤਾਂ ਵਰਗਾ

ਹੱਥੀਂ ਆਪ ਵਿਆਹਵਾਂ

ਚੰਨ ਜਿਹੇ ਦਿਓਰ ਲਈ

ਲੈ ਕੇ ਚਾਨਣੀ ਆਵਾਂ

ਜੇਠ-ਜੇਠਾਣੀ ਪ੍ਰਤੀ ਕੱਢੀ ਜਾਂਦੀ ਹੈ ਭੜਾਸ

ਜਿੱਥੇ ਇਹ ਸਮਾਂ ਅਪਣੱਤ ਦਿਖਾਉਣ ਦਾ ਮੌਕਾ ਦਿੰਦਾ, ਉੱਥੇ ਹੀ ਸਾਂਝੇ ਪਰਿਵਾਰਾਂ 'ਚ ਜੇਠ- ਜੇਠਾਣੀ ਦੀ ਪ੍ਰਧਾਨਗੀ ਵਾਲੀ ਰੜਕਦੀ ਭੜਾਸ ਕੱਢਣ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ । ਜਦੋਂ ਕੋਈ ਭਰੀ- ਪੀਤੀ ਦਰਾਣੀ ਹਾਸੇ -ਮਜ਼ਾਕ ਵਿਚ ਹੇਕਾਂ ਲਾ ਕੇ ਢੁਕਵੀਂ ਬੋਲੀ ਪਾਉਂਦੀ ਹੈ ਤਾਂ ਚਾਰੇ ਪਾਸੇ ਹਾਸੇ ਦੀਆਂ ਫੁਹਾਰਾਂ ਫੁੱਟਦੀਆਂ ਹਨ :

ਜੇਠ ਜੇਠਾਣੀ ਪਾਇਆ ਚੁਬਾਰਾ, ਮੈਂ ਢੋਂਦੀ ਸੀ ਪਾਣੀ

ਮੇਰੀ ਹਾ ਲੱਗਜੂ , ਉੱਪਰੋਂ ਡਿੱਗੂ ਜੇਠਾਣੀ

ਜਦੋਂ ਜਾਗੋ 'ਚ ਨਾਨਕਿਆਂ-ਦਾਦਕਿਆਂ ਦਾ ਆਪਸੀ ਮੁਕਾਬਲਾ ਚਲਦਾ ਹੈ ਤਾਂ ਮਾਮੀਆਂ ਥੱਕੇ ਦਾਦਕਿਆਂ ਨੂੰ ਬੋਲੀਆਂ ਰਾਹੀਂ ਖਿਚਾਈ ਕਰਦੀਆਂ ਗਿੱਧਾ ਮਘਾਉਂਦੀਆਂ ਹਨ। ਉਂਜ ਇਸ ਮੁਕਾਬਲੇ ਦਾ ਮਕਸਦ ਕਿਸੇ ਨੂੰ ਨੀਵਾ ਦਿਖਾਉਣਾ ਜਾ ਹਰਾਉਣਾ ਨਹੀਂ ਸਗੋਂ ਪਿੜ ਦੀ ਮਘੀ ਲੈਅ ਨੂੰ ਬਰਕਰਾਰ ਰੱਖਣਾ ਹੁੰਦਾ ਹੈ :

ਸੁਣ ਵੇ ਦਾਦਕਿਓ ਨੱਚਣ ਵਾਲਿਓ

ਕੀ ਮੂੰਹ ਵਿਚ ਪਈ ਮਲੱਠੀ

ਗਿੱਧੇ ਵਿਚ ਪਾ'ਲੋ ਬੋਲੀਆਂ

ਕੇਹੀ ਏ ਚੁੱਪ ਵੱਟੀ

ਅੱਧੀ ਰਾਤ ਤਕ ਚੱਲਦੇ ਖ਼ੁਸ਼ੀਆਂ ਦੇ ਜਸ਼ਨਾਂ ਨੂੰ ਥੰਮਣ ਦੇ ਲਈ ਮੁੰਡਾ ਜਾਂ ਕੁੜੀ ਦੀ ਮਾਤਾ ਨਾਨਕਿਆਂ ਨੂੰ ਸਵੱਖਤੇ ਬਰਾਤ ਦੀ ਤਿਆਰੀ ਲਈ ਅਰਜ਼ੋਈ ਕਰ ਕੇ ਸਮਾਪਤੀ ਕਰਵਾਉਂਦੀ ਹੋਈ ਮਾਮੀ ਦਾ ਮੂੰਹ ਮਿੱਠਾ ਕਰਵਾ ਕੇ ਤੇ ਪੱਲੇ ਵਿਚ ਲੱਡੂ ਤੇ ਸ਼ਗਨ ਪਾ ਕੇ ਜਾਗੋ ਸਿਰ ਤੋਂ ਉਤਾਰਦੀ ਹੈ । ਉੱਧਰੋਂ ਮਾਮੀ ਦੂਜੇ ਮੁੰਡੇ ਦੇ ਵਿਆਹ 'ਤੇ ਆਉਣ ਦੀ ਚਾਹਤ ਨਾਲ ਬੋਲੀ ਪਾ ਕੇ ਜਾਗੋ ਵਾਲੀ ਰਸਮ ਦੀ ਸਮਾਪਤੀ ਕਰਦੀ ਹੈ :

ਫੇਰ ਆਵਾਂਗੇ ਅਸੀਂ ਫੇਰ ਆਵਾਂਗੇ ਰੱਖੀਂ ਕੁਬੇਰ ਦਾ ਵਿਆਹ

ਅਸੀਂ ਫੇਰ ਆਵਾਂਗੇ ਸਾਨੂੰ ਗੋਡੇ -ਗੋਡੇ ਚਾਅ ਅਸੀਂ ਫੇਰ ਆਵਾਂਗੇ

ਸਾਨੂੰ ਭੁੰਜੇ ਸਵਾਇਆ , ਮੰਜੇ ਨਾਲ ਲਿਆਵਾਂਗੇ

ਜਾਗੋ ਦਾ ਗੇੜ ਘੁੰਮਦਿਆਂ-ਘੁੰਮਦਿਆਂ ਜਦੋਂ ਹੱਟੀ ਵਾਲੇ ਦੇ ਘਰ ਪਹੁੰਚਦਾ ਤਾਂ ਉਸ ਨੂੰ ਦੁਕਾਨ ਖੁਲਵਾ ਕੇ ਰਿਓੜੀਆਂ ਤੇ ਪਕੌੜੀਆਂ ਵੰਡਣ ਲਈ ਤਾਕੀਦ ਵੀ ਕਰਦੇ। ਜਦੋਂ ਪੈਰੀਂ ਛਣਕਦੀਆਂ ਪੰਜੇਬਾਂ ਤੇ ਤਾੜੀਆਂ ਦੀ ਗੂੰਜ ਨਾਲ ਮਿੱਠੀ ਧਮਕੀਨੁਮਾ ਬੋਲੀ ਪੈਂਦੀ ਤਾਂ ਇਸ ਮਾਹੌਲ ਨੂੰ ਹੋਰ ਵੀ ਸੰਗੀਤਮਈ ਬਣਾ ਦਿੰਦੀ :

ਬੂਹਾ ਖੋਲ ਵੇ ਦੁਕਾਨਦਾਰਾ , ਕੁੜੀਆਂ ਨੂੰੰ ਵੰਡ ਰਿਓੜੀਆਂ

ਜੇ ਤੂੰ ਅੜ ਕਰਦਾ , ਕਿਤੇ ਲੁੱਟਿਆ ਨਾ ਜਾਵੇਂ ਹਟ ਸਾਰਾ

ਪੰਜਾਬੀ ਸੁਭਾਅ ਪੱਖੋਂ ਖੁੱਲ੍ਹੇ ਵਿਚਾਰ ਤੇ ਆਉਭਗਤ ਲਈ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਹਨ। ਪੰਜਾਬੀਆਂ ਦੇ ਖੁੱਲ੍ਹੇ ਦਿਲ ਦੀ ਪੂਰੇ ਵਿਸ਼ਵ 'ਚ ਚਰਚਾ ਹੁੰਦੀ ਹੈ। ਪਿੰਡ ਆਇਆ ਸਾਧੂ- ਸੰਤ ਵੀ ਖ਼ਾਲੀ ਹੱਥ ਨਹੀਂ ਸੀ ਜਾਂਦਾ। ਪੁਰਾਣੇ ਬਜ਼ੁਰਗ ਉਨ੍ਹਾਂ ਨੂੰ ਦਾਨ ਦੇਣਾ ਆਪਣੇ 'ਤੇ ਆਏ ਸੰਕਟ ਟਾਲਣ ਦਾ ਹਿੱਤ ਸਮਝਦੇ ਤੇ ਆਪਣੀ ਫ਼ਸਲ ਵਿੱਚੋਂ ਪਹਿਲਾਂ ਦਾਨ ਦਾ ਹਿੱਸਾ ਕੱਢਦੇ ਤੇ ਉਨ੍ਹਾਂ ਨੂੰ ਵੰਡਦੇ। ਸੋ ਸਾਧੂ-ਸੰਤ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਇਸੇ ਲਈ ਭੰਗੜਾ, ਗਿੱਧਾ ਤੇ ਜਾਗੋ ਵਿਚ ਵੀ ਔਰਤਾਂ ਸਾਧੂ ਦਾ ਭੇਸ ਬਣਾ ਕੇ ਵੰਨਗੀ ਪੇਸ਼ ਕਰ ਕੇ ਦਾਨ- ਪੁੰਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ :

ਦਿਲ ਖੋਲ੍ਹ ਕੇ ਸਾਧਾਂ ਦੀ ਝੋਲੀ ਭਰ'ਦੋ

ਹੋਣਗੀਆਂ ਆਸਾਂ ਪੂਰੀਆਂ।

ਛੜਿਆਂ ਨੂੰ ਕੀਤੀਆਂ ਜਾਂਦੀਆਂ ਸੀ ਟਿੱਚਰਾਂ

ਨਾਨਕਾ ਮੇਲ ਪਿੰਡ ਦੇ ਮੋਹਤਬਰ ਨੂੰ ਵੀ ਜਾਗੋ 'ਚ ਸ਼ਾਮਿਲ ਕਰਨ ਲਈ ਪਹਿਲਾਂ ਹੀ ਜਾਣਕਾਰੀ ਇਕੱਤਰ ਕਰ ਲੈਂਦਾ ਤਾਂ ਜੋ ਕਿਸੇ ਦੀ ਨਾਰਾਜ਼ਗੀ ਦਾ ਉਲਾਂਭਾ ਨਾ ਰਹੇ। ਮੇਲਣਾਂ ਦਾ ਜੋਸ਼ ਜਦੋਂ ਚਰਮ ਸੀਮਾ 'ਤੇ ਪਹੁੰਚਦਾ ਤਾਂ ਔਰਤਾਂ ਇਕ ਸਿਰ 'ਤੇ ਪਰਨਾ ਲਪੇਟ ਕੇ ਠਾਣੇਦਾਰੀ ਰੋਅਬ ਨਾਲ ਉਨ੍ਹਾਂ ਦੇ ਘਰ ਜਾ ਕੇ ਜਾਂ ਅੱਗਿਓਂ ਲੰਘਦੀਆਂ ਹੋਈਆਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੇਬਾਕ ਬੋਲੀਆ ਪਾ ਕੇ ਤਾੜਨਾ ਕਰਨੋਂ ਨਾ ਝਿਜਕਦੀਆਂ :

ਇਸ ਪਿੰਡ ਦੇ ਪੰਚੋ ਵੇ ਸਰਪੰਚੋ ਵੇ ਲੰਬੜਦਾਰੋ

ਵੇ ਮੇਲ ਆਇਆ ਹਰਮੇਸ ਸਿਓਂ ਕੇ

ਜ਼ਰਾ ਬਚ ਕੇ ਪਾਸੇ ਦੀ ਲੰਘ ਜਾਇਓ

ਜਾਗੋ ਵਾਲੇ ਮੇਲ ਨੂੰ ਪਿੰਡ ਵਿਚ ਕਿਸੇ ਵੀ ਵਿਅਕਤੀ ਵੱਲੋਂ ਕੋਈ ਰੋਕ- ਟੋਕ ਜਾਂ ਗੁੱਸਾ ਨਹੀਂ ਕੀਤਾ ਜਾਂਦਾ। ਰਾਤ ਰਸਤੇ ਵਿਚ ਸੁੱਤੇ ਪਏ ਲੋਕਾਂ ਦੇ ਮੰਜੇ ਮੂਧੇ ਮਾਰਨੇ ਜਾਂ ਪਰਨਾਲੇ ਭੰਨਣਾ ਵੀ ਇਸੇ ਖਰਮਸਤੀ ਦਾ ਹਿੱਸਾ ਹੁੰਦਾ ਹੈ। ਇੱਥੋਂ ਤਕ ਕਿ ਜ਼ਿਆਦਾ ਨੇੜਲੇ ਸ਼ਰੀਕ ਦੇ ਤਾਂ ਚੁੱਲ੍ਹੇ ਤੇ ਹਾਰੇ ਵੀ ਭੰਨ ਦਿੱਤੇ ਜਾਦੇ । ਮਾਡਰਨ ਜ਼ਮਾਨੇ 'ਚ ਤਾਂ ਇਹ ਨਜ਼ਾਰੇ ਬੀਤੇ ਸਮੇਂ ਦੀਆਂ ਗੱਲਾਂ ਹੀ ਰਹਿ ਗਈਆਂ।

ਪੁਰਾਣੇ ਸਮਿਆਂ 'ਚ ਜ਼ਮੀਨ-ਜਾਇਦਾਦ ਦੀ ਵੰਡ ਨੂੰ ਘਟਾਉਣ ਲਈ ਪਰਿਵਾਰਾਂ 'ਚ ਛੜੇ ਬੰਦੇ ਜ਼ਰੂਰ ਹੁੰਦੇ ਸਨ। ਉਨ੍ਹਾਂ ਨੂੰ ਤਾਂ ਮੇਲਣਾਂ ਬੜੇ ਚਾਅ ਨਾਲ ਹਾਸਾ -ਠੱਠਾ ਕਰ ਕੇ ਖ਼ੂਬ ਰੌਣਕਾਂ ਬੰਨ੍ਹਦੀਆਂ :

ਚਿੱਟਾ ਚਾਦਰਾ ਪੱਗ ਗੁਲਾਬੀ

ਖੂਹ 'ਤੇ ਕੱਪੜੇ ਧੋਵੇ

ਸਾਬਣ ਥੋੜ੍ਹਾ ਮੈਲ ਬਥੇਰੀ

ਉੱਚੀ -ਉੱਚੀ ਰੋਵੇ

ਨੀ ਛੜੇ ਵਿਚਾਰੇ ਦਾ

ਕੌਣ ਚਾਦਰਾ ਧੋਵੇ।

ਜਾਗੋ ਦੀ ਰਸਮ ਪਈ ਫਿੱਕੀ

ਅਜੋਕੀ ਪੀੜ੍ਹੀ ਜਾਗੋ ਦੀ ਰਸਮ ਦੇ ਅਨੰਦਮਈ ਸੰਗੀਤਕ ਪੱਖ ਤੇ ਰਿਸ਼ਤੇਦਾਰੀਆਂ ਦੇ ਮੋਹ ਤੋਂ ਅਭਿੱਜ ਹੈ। ਹੁਣ ਤਾਂ ਜਾਗੋ ਫੇਰਨ ਦੇ ਸਮੇਂ ਨਾਲੋਂ ਵੀ ਘੱਟ ਸਮੇਂ 'ਚ ਵਿਆਹ ਹੋ ਜਾਦਾ ਹੈ। ਰੈਡੀਮੈਡ ਜਾਗੋ 'ਚ ਵੱਜਦੇ 'ਮੁੰਨੀ ਬਦਨਾਮ' ਜਿਹੇ ਹਿੰਦੀ ਗਾਣਿਆਂ ਤੇ ਰਫਲਾਂ ,ਨਸ਼ੇ, ਲੜਾਈਆਂ ਵਾਲੇ ਹੁੜਦੰਗ ਮਚਾਉਂਦੇ ਪੰਜਾਬੀ ਗਾਣਿਆਂ ਨੇ ਪੰਜਾਬੀ ਸੱਭਿਆਚਾਰ ਦਾ ਘਾਣ ਹੀ ਕਰ ਦਿੱਤਾ ਹੈ । ਜਾਗੋ ਦੀ ਰੀਤ ਨੂੰ ਪੈਲੇਸ ਦੀ ਸਟੇਜ 'ਤੇ ਘੁੰਮਾ ਕੇ ਮੂਵੀ ਦੇ ਸੀਨ ਪੂਰਾ ਕਰਨ ਦੀ ਖਾਨਾਪੂਰਤੀ ਬਣਾ ਛੱਡਿਆ ਹੈ। ਬਾਕੀ ਕਸਰ ਡੀਜੇ ਵਾਲੇ ਕੰਨ ਪਾੜੂ ਸੰਗੀਤ ਨਾਲ ਪੂਰੀ ਕਰ ਦਿੰਦੇ ਹਨ । ਕੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅਜਿਹਾ ਸੱਭਿਆਚਾਰ ਦੇ ਕੇ ਜਾਵਾਂਗੇ? ਪੈਲੇਸ ਕਲਚਰ ਨਾਲ ਆ ਰਹੀ ਸਮਾਜਿਕ ਕਦਰਾਂ-ਕੀਮਤਾਂ ਦੀ ਗਿਰਾਵਟ ਕਿਸੇ ਤੋਂ ਲੁਕੀ ਨਹੀਂ। ਜਨਤਾ ਫੋਕੀ ਸ਼ੁਹਰਤ ਦੇ ਬਦਲੇ ਜ਼ਮੀਨਾਂ ਵੇਚ ਜਾ ਕਰਜ਼ੇ ਚੁੱਕ ਕੇ ਵਿਆਹ ਦੀਆਂ ਰਸਮਾਂ ਨੂੰ ਨੇਪਰੇ ਚਾੜ੍ਹਦੀ ਹੈ। ਇਸ ਕਾਰਨ ਪੰਜਾਬੀਆਂ ਦਾ ਅਰਥਚਾਰਾ ਲੀਹੋਂ ਲਹਿ ਗਿਆ ਹੈ ਤੇ ਉਹ ਨੱਕੋ -ਨੱਕ ਡੁੱਬ ਕੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹਨ । ਪੜ੍ਹੇ -ਲਿਖੇ ਨੌਜਵਾਨਾਂ ਨੂੰ ਸਾਦੇ ਤੇ ਸੱਭਿਆਚਾਰਕ ਕਾਰਜ ਕਰਨ ਤੇ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਖ਼ੁਸ਼ੀਆਂ ਦੇ ਕਾਰਜ ਆਉਣ ਵਾਲੇ ਸਮੇਂ ਵਿਚ ਵੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਚਹਿਕਦਾ ਰੱਖਣ ਤੇ ਪੰਜਾਬੀ ਸੱਭਿਆਚਾਰ ਦਾ ਚੌਮੁਖੀਆ ਦੀਵਾ ਇਸ ਬਾਜ਼ਾਰੂ ਯੁੱਗ ਦੇ ਮਾਇਆਜਾਲ ਵਿਚ ਵੀ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਕੇ ਰੱਖੇ ।

ਐਡਵੋਕੇਟ ਰਵਿੰਦਰ ਧਾਲੀਵਾਲ , 99880-03419

Posted By: Harjinder Sodhi