ਪੁਸਤਕ : ‘ਹਿੰਦੋਸਤਾਨ ਦਾ ਆਜ਼ਾਦੀ ਸੰਗਰਾਮ ਗ਼ਦਰੀ ਲਹਿਰਾਂ ਦੀ ਹਿੱਸੇਦਾਰੀ’

ਲੇਖਕ : ਗੁਰਮੇਲ ਸ. ਸਿੱਧੂ

ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ

ਪੰਨੇ : 876, ਮੁੱਲ : 1195/-

ਇਹ ਕਿਤਾਬ ਮੁਲਕ ਦੇ ਆਜ਼ਾਦੀ ਸੰਗਰਾਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ‘ਗ਼ਦਰ ਲਹਿਰਾਂ’ ਦਾ ਨਿੱਗਰ ਪੱਖ ਸਾਹਮਣੇ ਲੈ ਕੇ ਆਉਦੀ ਹੈ। ਇਹ ਕਿਤਾਬ ਇਤਿਹਾਸ ਦੀ ਖੋਜਬੀਨ ਕਰਨ ਵਾਲਿਆਂ ਲਈ ਨਾਯਾਬ ਤੋਹਫ਼ਾ ਹੈ। ਦਰਅਸਲ ਕਿਤਾਬ ਆਪਣੇ ਆਪ ਵਿਚ ਜਿੱਥੇ ‘ਇਤਿਹਾਸਕ ਰੂਮਾਨੀਅਤ’ ਨਾਲ ਲਬਾਲਬ ਹੈ, ਉਥੇ ਗ਼ਦਰ ਲਹਿਰ ਦੇ ਨਾਲ-ਨਾਲ ‘ਗ਼ਦਰ’ ਵੱਲ ਸੇਧਤ ਹੋਰ ਲਹਿਰਾਂ ਨੂੰ ਸਾਹਮਣੇ ਲਿਆਂਦੀ ਹੈ।

ਕਿਤਾਬ ਦੇ ਤਤਕਰੇ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਇਸ ਕਿਤਾਬ ਨੂੰ ਕੁਲ 46 ਅਧਿਆਇਆਂ ਵਿਚ ਤਕਸੀਮ ਕੀਤਾ ਗਿਆ ਹੈ। ਕਿਤਾਬ ਦੀ ਖ਼ੂਬੀ ਇਹ ਹੈ ਕਿ ਲੇਖਕ ਗੁਰਮੇਲ ਸ. ਸਿੱਧੂ ਨੇ ਕਿਸੇ ਖ਼ਾਸ ਧਰਮ, ਫਿਰਕੇ ਜਾਂ ਜਾਤ ਨੂੰ ਵਡਿਆਉਣ ਦੀ ਥਾਂ ‘ਗ਼ਦਰੀ ਘੋਲ’ ਨੂੰ ਵਡਿਆਇਆ ਹੈ ਤੇ ਇਸ ਦੇ ਇਤਿਹਾਸਕ ਰੋਲ ਨੂੰ ਈਮਾਨਦਾਰੀ ਨਾਲ ਸਾਹਿਤਕ ਸ਼ੈਲੀ ਵਿਚ ਹਰਫ਼ ਦਰ ਹਰਫ਼ ਬਿਆਨ ਕੀਤਾ ਹੈ। ਮਸਲਨ, ਪਹਿਲਾ ਕਾਂਡ ‘ਪੂਰਵ-1857 ਬਗ਼ਾਵਤਾਂ’ ਹੈ। ਫੇਰ, 1857 ਦਾ ਗ਼ਦਰ ਹੈ। ਤੀਜਾ ਅਧਿਆਏ 1857 ਦੇ ਗਦਰ ਵਿਚ ਵੱਖੋ-ਵੱਖ ਬਰਾਦਰੀਆਂ ਦੇ ਜੁਝਾਰੂਆਂ ਦੀ ਦੇਣ ਵੱਲ ਕੇਂਦਰ ਹੈ, ਅਗਲੇ ਕਾਂਡਾਂ ਵਿਚ ‘ਨਾਮਧਾਰੀ ਲਹਿਰ’ ਦੇ ਉਸ ਵੇਲੇ ਦੇ ਰਾਜਨੀਤਕ/ਸਮਾਜਕ/ਆਰਥਕ ਘੋਲ ਤੇ ਧਾਰਮਿਕ ਅੰਧ-ਵਿਸ਼ਵਾਸਾਂ ਵਿਰੁੱਧ ਜੂਝਣ ਦੇ ਕਿਰਦਾਰ ਨੂੰ ਚਾਨਣ ਵਿਚ ਲਿਆਂਦਾ ਗਿਆ ਹੈ।

ਦਰਅਸਲ, ਲੇਖਕ ਸਿੱਧੂ ਨੇ ‘ਪਰਦੇਸੀ ਗ਼ਦਰੀਆਂ’ ਦੀ ਓਸ ਭੂਮਿਕਾ ਨੂੰ ਵੀ ਚਾਨਣ ਵਿਚ ਲਿਆਂਦਾ ਹੈ, ਜਿਹੜਾ ਕਿ ਇਤਿਹਾਸ ਦੇ ਖੋਜੀ ਲਿਖਾਰੀਆਂ ਦੀ ਅਣਜਾਣਤਾ ਕਾਰਨ ਲੁਕੇ-ਛਿਪੇ ਰਹਿ ਜਾਂਦੇ ਹਨ। ਕਿਤਾਬ ਦੇ ਜ਼ਰੀਏ ਪੜ੍ਹਨਹਾਰ ਨੂੰ ‘ਗ਼ਦਰ ਅਖ਼ਬਾਰ’ ਤੋਂ ਇਲਾਵਾ ਗ਼ਦਰ ਝੰਡੇ ਤੇ ਗ਼ਦਰੀ ਜੁਝਾਰੂਆਂ ਦੇ ਉਸ ਸਿਆਸੀ ਸੁਪਨੇ ਤੇ ਮਕਸਦ ਬਾਰੇ ਪਤਾ ਲੱਗਦਾ ਹੈ, ਜੋ ਕਿ ‘ਆਜ਼ਾਦ ਹਿੰਦ’ ਵਿਚ ‘ਵੋਟ ਬੈਂਕ ਦੀ ਕੋਝੀ ਨੀਤੀ’ ਕਾਰਨ ਵਿਸਾਰ ਦਿੱਤੇ ਗਏ ਹਨ। ਬੇਸ਼ੱਕ, ਇਤਿਹਾਸ ਪੜ੍ਹਨ ਤੇ ਇਤਿਹਾਸਕ ਪਾਤਰਾਂ ਨਾਲ ਮੋਹ ਪੈਂਦਾ ਹੈ ਪਰ ਸੁਚੇਤ ਪਾਠਕ ਨੂੰ ਮਾਨਸਿਕ ਭਟਕਣ ਤੋਂ ਬਚਦਿਆਂ ਇਤਿਹਾਸ ਦੇ ਸੰਘਰਸ਼ ਦਾ ‘ਰਸਪਾਨ’ ਕਰਨਾ ਚਾਹੀਦਾ ਹੈ। ਜੇ ਤੁਸੀਂ, ਇਤਿਹਾਸ ਦੇ ਨਿਚੋੜ ਦਾ ਰਸਪਾਨ ਕਰਨਾ ਜਾਣਦੇ ਹੋ ਤਾਂ ਇਹ ਕਿਤਾਬ ਜ਼ਰੂਰ ਪੜੋ੍ਹ।

- ਯਾਦਵਿੰਦਰ

Posted By: Harjinder Sodhi