ਦੂਜੀ ਕਿਸ਼ਤ...)

1 ਮਈ : ਸ਼੍ਰੋਮਣੀ ਕਮੇਟੀ ਵੱਲੋਂ ਸ. ਅਮਰ ਸਿੰਘ ਵਾਸੂ ਅਤੇ ਦੋ ਮੈਂਬਰ ਲਾਹੌਰ ਦੇ ਕਮਿਸ਼ਨਰ ਟੌਲਿੰਗਟਨ ਅਤੇ ਹੋਮ ਸੈਕਟਰੀ ਵਿਲਸਨ ਜਾਨਸਟਨ ਗੁਰਦੁਆਰਾ ਪ੍ਰਬੰਧ ਸਬੰਧੀ ਵਿਚਾਰ ਕਰਨ ਲਈ ਮਿਲੇ। ਗੱਲਬਾਤ ਹੋਈ ਪਰ ਸਿਰੇ ਨਾ ਲੱਗੀ।

16 ਜੁਲਾਈ : ਸ਼੍ਰੋਮਣੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿਚ ਬਾਬਾ ਖੜਕ ਸਿੰਘ ਪ੍ਰਧਾਨ ਚੁਣੇ ਗਏ ਪਰ ਜੇਲ੍ਹ ਵਿਚ ਹੋਣ ਕਾਰਨ ਸ. ਬਹਾਦਰ ਮਹਿਤਾਬ ਸਿੰਘ ਨੂੰ ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ, ਮੀਤ ਪ੍ਰਧਾਨ ਸ. ਅਮਰ ਸਿੰਘ ਝਬਾਲ ਅਤੇ ਸਕੱਤਰ ਭਗਤ ਜਸਵੰਤ ਸਿੰਘ ਬਣੇ।

26 ਜੁਲਾਈ : ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਨੂੰ ਦਫ਼ਾ 124 ਹੇਠ 5 ਸਾਲ ਦੀ ਕੈਦ ਹੋਈ।

31 ਜੁਲਾਈ : ਸਰ ਜੌਹਨ ਮੈਕਾਰਡ ਨੇ ਪੰਜਾਬ ਲੈਜਿਸਲੇਟਿਵ ਕੌਂਸਲ ਵਿਚ ਐਲਾਨ ਕੀਤਾ ਕਿ 1921 ਦਾ ਗੁਰਦੁਆਰਾ ਬਿੱਲ, ਜੋ ਕੌਂਸਲ ਵਿਚ ਪਾਸ ਕਰਨ ਲਈ ਪੇਸ਼ ਕੀਤਾ ਜਾਣਾ ਸੀ, ਹੁਣ ਪੇਸ਼ ਨਹੀਂ ਕੀਤਾ ਜਾਵੇਗਾ ਅਤੇ ਦੋਸ਼ ਸਿੱਖਾਂ 'ਤੇ ਲਾਇਆ ਗਿਆ।

8 ਅਗਸਤ : ਗੁਰਦੁਆਰਾ ਗੁਰੂ ਕਾ ਬਾਗ਼ ਦੇ ਲੰਗਰ ਲਈ ਗੁਰਦੁਆਰੇ ਦੀ ਜ਼ਮੀਨ ਵਿਚ ਖੜ੍ਹੀਆਂ ਕਿੱਕਰਾਂ ਵਿੱਚੋਂ ਇਕ ਸੁੱਕੀ ਕਿੱਕਰ ਪੰਜ ਸਿੰਘਾਂ ਨੇ ਵੱਢ ਕੇ ਬਾਲਣ ਲਈ ਲੈ ਆਂਦੀ। ਡੀਸੀ ਮਿਸਟਰ ਡੰਨਟ ਨੇ ਬਾਵਾ ਬ੍ਰਿਜ ਲਾਲ ਬੇਦੀ ਨੂੰ ਆਖ ਕੇ ਅਕਾਲੀ ਸੇਵਾਦਾਰਾਂ ਖ਼ਿਲਾਫ਼ ਰਿਪੋਰਟ ਲਈ ਅਤੇ ਟਿੱਪਣੀ ਦਰਜ ਕਰ ਕੇ ਮਿਸਟਰ ਬੀਟੀ ਡੀਐੱਸਪੀ ਨੂੰ ਭੇਜੀ ਗਈ।

9 ਅਗਸਤ : ਬੀਟੀ ਦੀ ਰਿਪੋਰਟ 'ਤੇ ਆਧਾਰਿਤ ਇੰਸਪੈਕਟਰ ਪੁਲਿਸ ਆਲਮ ਅੱਬਾਸ ਮਿਰਜ਼ਾ ਨੇ ਅਕਾਲੀ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ। ਮਹੰਤ ਨੇ ਇਸ ਸਮੇਂ ਤਕ ਕੋਈ ਰਿਪੋਰਟ ਨਹੀਂ ਸੀ ਲਿਖਵਾਈ, ਰਿਪੋਰਟ ਬਾਅਦ ਵਿਚ ਲਿਖੀ ਗਈ।

10 ਅਗਸਤ : ਪੰਜਾਂ ਸਿੰਘਾਂ ਨੂੰ ਅੰਮ੍ਰਿਤਸਰ ਵਿਖੇ ਮਿਸਟਰ ਈਵਾਨ ਜਿਨਕਿਨਜ਼ ਮਜਿਸਟ੍ਰੇਟ ਦਰਜਾ ਅੱਵਲ ਦੇ ਸਾਹਮਣੇ ਪੇਸ਼

ਕੀਤਾ ਗਿਆ, ਜਿੱਥੇ ਇਨ੍ਹਾਂ ਨੂੰ 6-6 ਮਹੀਨੇ ਦੀ ਬਾਮੁਸ਼ੱਕਤ ਕੈਦ ਅਤੇ 50-50 ਰੁਪਏ ਜੁਰਮਾਨੇ ਦੇ ਸਜ਼ਾ ਸੁਣਾਈ ਗਈ।

11 ਅਗਸਤ : ਭਗਤ ਜਸਵੰਤ ਸਿੰਘ ਜੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਕੇ ਬਾਗ਼ ਜਾ ਕੇ ਸਾਰਾ ਹਾਲ ਪਤਾ ਕੀਤਾ।

12 ਅਗਸਤ : ਅਕਾਲੀਆਂ ਨੇ ਦੀਵਾਨ ਸਜਾ ਕੇ ਗੁਰੂ ਕਾ ਬਾਗ਼ ਦੀਆਂ ਘਟਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਗੁਰੂ ਕੇ ਬਾਗ਼ 8 ਤੋਂ 22 ਅਗਸਤ ਤਕ ਹੋਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

22 ਅਗਸਤ : ਪੁਲਿਸ ਅਚਾਨਕ ਹਰਕਤ ਵਿਚ ਆ ਗਈ ਅਤੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਸਿੰਘਾਂ ਨੇ ਵੀ ਗ੍ਰਿਫ਼ਤਾਰੀਆਂ ਦੇਣ ਦੀ ਯੋਜਨਾ ਬਣਾ ਲਈ। ਇਸ ਦਿਨ ਭਾਦੋਂ ਦੀ ਮੱਸਿਆ ਸੀ। ਸਿੰਘ ਸੁੱਕੀਆਂ ਕਿੱਕਰਾਂ ਵੱਢਣ ਗਏ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਦਿਨ 60 ਗ੍ਰਿਫ਼ਤਾਰੀਆਂ ਹੋਈਆਂ।

23 ਅਗਸਤ : ਅਕਾਲੀ ਸਿੰਘ 5-5 ਦੇ ਜਥੇ ਬਣਾ ਕੇ ਲੱਕੜਾਂ

ਵੱਢਣ ਗਏ ਅਤੇ ਗ੍ਰਿਫ਼ਤਾਰ

ਹੋਏ। ਇਸ ਦਿਨ 50 ਸਿੰਘਾਂ ਨੇ ਗ੍ਰਿਫ਼ਤਾਰੀ ਦਿੱਤੀ।

23 ਅਗਸਤ : ਸਰਕਾਰ ਦੇ ਜਬਰ ਤੋਂ ਜਾਣੂ ਕਰਵਾਉਣ ਲਈ ਸਿੰਘਾਂ ਨੇ 'ਅਕਾਲੀਆਂ ਦੇ ਬਾਗ਼' ਵਿਚ ਸਰਦਾਰ ਮਹਿਤਾਬ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਜਲਸਾ ਕੀਤਾ ਅਤੇ 25 ਅਗਸਤ ਨੂੰ

ਗੁਰੂ ਕਾ ਬਾਗ਼ ਵਿਚ ਕੀਤੇ ਜਾ ਰਹੇ ਵਿਸ਼ੇਸ਼ ਸਮਾਗਮ ਵਿਚ ਸ਼ਾਮਲ ਹੋਣ ਲਈ ਕਿਹਾ।

24 ਅਗਸਤ : ਅੱਜ ਵੀ ਅਕਾਲੀ ਸਿੰਘ 5-5 ਦੇ ਜਥੇ ਬਣਾ ਕੇ ਲੱਕੜਾਂ ਵੱਢਣ ਗਏ ਅਤੇ 70 ਸਿੰਘਾਂ ਨੇ ਗ੍ਰਿਫ਼ਤਾਰੀ ਦਿੱਤੀ।

25 ਅਗਸਤ : ਇਸ ਦਿਨ ਗੁਰੂ ਕਾ ਬਾਗ਼ ਵਿਚ ਵਿਸ਼ੇਸ਼ ਸਮਾਗਮ ਸੀ, ਪੁਲਿਸ ਨੇ ਦੀਵਾਨ ਵਿਚ ਬੈਠੇ ਸਿੰਘਾਂ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਸਮਾਗਮ ਵਿਚ 40 ਸਿੰਘ ਜ਼ਖ਼ਮੀ ਹੋ ਗਏ ਅਤੇ 30 ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

26 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਹੋਈ। ਪੁਲਿਸ ਨੇ ਸਰਦਾਰ ਮਹਿਤਾਬ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਗਤ ਜਸਵੰਤ ਸਿੰਘ, ਮਾਸਟਰ ਤਾਰਾ ਸਿੰਘ, ਸ. ਗੁਰਮੁਖ ਸਿੰਘ ਝਬਾਲ, ਸ. ਤੇਜਾ ਸਿੰਘ ਚੂਹੜਕਾਣਾ ਤੇ ਸ. ਰਵੇਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

27 ਅਗਸਤ : ਪੁਲਿਸ ਵੱਲੋਂ ਮਾਰਕੁਟਾਈ ਸ਼ੁਰੂ ਹੋਈ। ਅਕਾਲੀ ਸਿੰਘ 5-5 ਦੇ ਜਥੇ ਬਣਾ ਕੇ ਬਾਲਣ ਵੱਢਣ ਗਏ, ਜਿੱਥੇ ਪੁਲਿਸ ਨੇ ਉਨ੍ਹਾਂ ਦੀ ਮਾਰਕੁਟਾਈ ਕੀਤੀ ਅਤੇ ਗ੍ਰਿਫ਼ਤਾਰ ਕਰ ਲਿਆ।

28 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਕਾ ਬਾਗ਼ ਪਹੁੰਚ ਕੇ ਸ਼ਾਂਤਮਈ ਸਿੰਘਾਂ ਉੱਪਰ ਕੀਤੇ ਜਾ ਰਹੇ ਤਸ਼ੱਦਦ ਨੂੰ ਵੇਖਣ ਤਾਂ ਜੋ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਗ਼ਲਤ ਫ਼ਹਿਮੀਆਂ ਤੋਂ ਬਚਿਆ ਜਾ ਸਕੇ।

29 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਪ੍ਰਤਾਪ ਸਿੰਘ ਜੀ ਦੀ ਅਗਵਾਈ ਵਿਚ 100 ਸਿੰਘਾਂ ਦਾ ਜਥਾ ਗੁਰੂ ਕੇ ਬਾਗ਼ ਲਈ ਰਵਾਨਾ ਹੋਇਆ। ਇਹ ਜਥਾ ਰਾਤ ਹੋਣ ਤਕ ਗੁਰੂ ਕੇ ਬਾਗ਼ ਨੇੜੇ ਪਹੁੰਚਿਆ ਅਤੇ ਪਾਣੀ ਦੇ ਪੁਲ਼ ਨੇੜੇ ਦਰੱਖ਼ਤਾਂ ਹੇਠ ਡੇਰਾ ਕੀਤਾ। ਪੁਲਿਸ ਨੇ ਰਾਤ ਸਮੇਂ ਸੁੱਤੇ ਪਏ ਸਿੰਘਾਂ ਉੱਪਰ ਲਾਠੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਨਾਲ 30 ਸਿੰਘ ਜ਼ਖ਼ਮੀ ਹੋ ਗਏ।

30 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਬਦਨ ਸਿੰਘ ਦੀ ਅਗਵਾਈ ਵਿਚ 100 ਸਿੰਘਾਂ ਦਾ ਜਥਾ ਗੁਰੂ ਕੇ ਬਾਗ਼ ਪਹੁੰਚਿਆ, ਜਿੱਥੇ ਪਹਿਲੇ ਦਿਨ ਵਾਲੇ ਜਥੇ ਦੇ ਸਿੰਘ ਵੀ ਮਿਲ ਗਏ। ਜਥੇ ਦੇ ਸਿੰਘ 5-5 ਦੇ ਜਥੇ ਬਣਾ ਕੇ ਲੱਕੜਾਂ ਵੱਢਣ ਜਾਂਦੇ, ਜਿੱਥੇ ਸਿੰਘਾਂ ਦੀ ਮਾਰਕੁਟਾਈ ਕੀਤੀ ਜਾਂਦੀ।

31 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 120 ਗੜਗੱਜ ਅਕਾਲੀ ਸਿੰਘਾਂ ਦਾ ਜਥਾ ਭਾਈ ਨਰੈਣ ਸਿੰਘ ਪੰਡੋਰੀ, ਜ਼ਿਲ੍ਹਾ ਅੰਮ੍ਰਿਤਸਰ ਦੀ ਅਗਵਾਈ ਵਿਚ ਗੁਰੂ ਕੇ ਬਾਗ਼ ਲਈ ਤੁਰਿਆ। ਪੁਲਿਸ ਨੇ ਜਥੇ ਨੂੰ ਗੁਮਟਾਲੇ ਦੇ ਨਿਕਾਸ ਪੁਲ ਉੱਤੇ ਰੋਕ ਲਿਆ ਪਰ ਸਿੰਘ ਅੱਗੇ ਵਧਦੇ ਗਏ। ਪੁਲਿਸ ਨੇ ਸਿੰਘਾਂ 'ਤੇ ਡਾਂਗਾਂ ਦੀ ਵਰਖਾ ਕਰ ਦਿੱਤੀ ਅਤੇ ਇਸ ਨਾਲ 18 ਸਿੰਘ ਜ਼ਖ਼ਮੀ ਹੋ ਗਏ। ਭਾਈ ਬਦਨ ਸਿੰਘ ਜੀ ਦਾ ਕੰਨ ਦੋਫਾੜ ਹੋ ਗਿਆ।

1 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਠਾਕਰ ਸਿੰਘ ਜੀ ਅਤੇ ਭਾਈ ਵਧਾਵਾ ਸਿੰਘ ਜੀ ਦੀ ਅਗਵਾਈ ਵਿਚ ਜੱਥਾ ਗੁਰੂ ਕੇ ਬਾਗ਼ ਲਈ ਰਵਾਨਾ ਹੋਇਆ। ਗੁਮਟਾਲਾ ਪੁਲ਼ ਕੋਲ ਪੁਲਿਸ ਨੇ ਸਿੰਘਾਂ ਦੀ ਮਾਰਕੁਟਾਈ ਕੀਤੀ, ਜ਼ਖ਼ਮੀ ਸਿੰਘਾਂ ਉੱਪਰ ਘੋੜੇ ਦੌੜਾਏ ਗਏ, ਦਾਹੜੀ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ।

2 ਸਤੰਬਰ : ਮਾਰਕੁਟਾਈ ਦਾ ਅੱਡਾ ਰਾਜਾਸਾਂਸੀ ਦੇ ਟਾਂਗਿਆਂ ਵਾਲੇ ਅੱਡੇ 'ਤੇ ਬਣਿਆ ਅਤੇ ਜਥੇ ਦੇ ਸਿੰਘਾਂ ਨੂੰ ਪੰਡਤ ਮਦਨ ਮੋਹਨ ਮਾਲਵੀਆ ਨੇ ਸੰਬੋਧਨ ਕੀਤਾ।

3 ਸਤੰਬਰ : ਪੁਲਿਸ ਵੱਲੋਂ ਮਾਰਕੁਟਾਈ ਦਾ ਪੜਾਅ ਡੀਕੇ ਪੁਲ਼ 'ਤੇ ਬਣਾਇਆ ਗਿਆ। ਇਸ ਦਿਨ ਜਥੇ ਦੇ ਸਿੰਘਾਂ 'ਤੇ ਸ਼ਿਕਾਰੀ ਕੁੱਤਾ ਵੀ ਛੱਡਿਆ ਗਿਆ। ਇਸ ਵਾਰ ਦਰਸ਼ਕਾਂ ਨੂੰ ਵੀ ਕੁੱਟਿਆ ਗਿਆ। ਪੁਲਿਸ ਨੇ ਨੇੜੇ ਖੇਤਾਂ ਵਿਚ ਕੰਮ ਕਰਦੇ ਸ. ਭਗਤ ਸਿੰਘ ਅਤੇ ਉਸ ਦੇ ਪੁੱਤਰ ਸ. ਤਾਰਾ ਸਿੰਘ ਨੂੰ ਵੀ ਬੇਰਹਿਮੀ ਨਾਲ ਕੁੱਟਿਆ।

4 ਸਤੰਬਰ : ਪੁਲਿਸ ਵੱਲੋਂ ਕੀਤੀ ਮਾਰਕੁਟਾਈ ਕਾਰਨ ਭਾਈ ਭਗਤ ਸਿੰਘ ਜ਼ਖ਼ਮਾਂ ਦਾ ਦਰਦ ਨਾ ਸਹਾਰਦੇ ਹੋਏ ਸ਼ਹੀਦੀ ਪਾ ਗਏ। ਇਸ ਦਿਨ 101 ਸਿੰਘਾਂ ਦਾ ਜਥਾ ਭਾਈ ਖੜਕ ਸਿੰਘ ਜੀ ਦੀ ਅਗਵਾਈ ਵਿਚ ਗੁਰੂ ਕੇ ਬਾਗ਼ ਵੱਲ ਰਵਾਨਾ ਹੋਇਆ।

5 ਸਤੰਬਰ : ਗੁਰੂ ਕੇ ਬਾਗ਼ ਲਈ ਜਥਾ ਭਾਈ ਪ੍ਰਿਥੀਪਾਲ ਸਿੰਘ ਦੀ ਅਗਵਾਈ ਵਿਚ ਤੁਰਿਆ। ਬੀਟੀ ਦੀ ਪੁਲਿਸ ਨੇ ਭਾਈ ਪ੍ਰਿਥੀਪਾਲ ਸਿੰਘ ਦੇ 96 ਡਾਂਗਾਂ ਮਾਰੀਆਂ।

6 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਪ੍ਰਤਾਪ ਸਿੰਘ ਖੁਰਦਪੁਰ ਦੀ ਅਗਵਾਈ ਵਿਚ ਜਥਾ ਗੁਰੂ ਤੇ ਬਾਗ਼ ਲਈ ਰਵਾਨਾ ਹੋਇਆ। ਪੁਲਿਸ ਵੱਲੋਂ ਖੇਤ ਵਿਚ ਕੰਮ ਕਰਦੇ ਸਿੰਘਾਂ 'ਤੇ ਤਸ਼ੱਦਦ ਕਾਰਨ ਭਾਈ ਭਗਤ ਸਿੰਘ ਦਾ ਸਪੁੱਤਰ ਭਾਈ ਤਾਰਾ ਸਿੰਘ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਸ਼ਹੀਦੀ ਪਾ ਗਿਆ।

7 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 100 ਸਿੰਘਾਂ ਦਾ ਜਥਾ ਭਾਈ ਲਾਭ ਸਿੰਘ ਜੀ ਦੀ

ਅਗਵਾਈ ਵਿਚ ਗੁਰੂ ਕੇ ਬਾਗ਼ ਲਈ ਰਵਾਨਾ ਹੋਇਆ।

8 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਨਿਰਵੈਰ ਸਿੰਘ ਚੋਹਲਾ ਸਾਹਿਬ ਦੀ ਅਗਵਾਈ

ਵਿਚ ਜਥਾ ਗੁਰੂ ਕੇ ਬਾਗ਼ ਲਈ ਰਵਾਨਾ ਹੋਇਆ।

9 ਸਤੰਬਰ : ਪੁਲਿਸ ਨੇ ਗੁਰੂ ਕੇ ਬਾਗ਼ ਦੇ ਰਾਹ ਵਿਚ ਜਥੇ 'ਤੇ ਮਾਰਕੁਟਾਈ ਬੰਦ ਕੀਤੀ ਅਤੇ ਇਸ ਤਰ੍ਹਾਂ ਪਹਿਲਾ ਜਥਾ ਸਿੱਧਾ ਗੁਰੂ ਕੇ ਬਾਗ਼ ਪਹੁੰਚਿਆ। ਹੁਣ ਜਥਾ ਹਰ ਰੋਜ਼ ਇਥੋਂ ਗੁਰਦੁਆਰੇ ਲਈ ਲੱਕੜਾਂ ਵੱਢਣ ਜਾਂਦਾ ਅਤੇ ਅੱਗੋਂ ਪੁਲਿਸ ਵੱਲੋਂ ਮਾਰਕੁਟਾਈ ਕੀਤੀ ਜਾਂਦੀ।

10 ਸਤੰਬਰ : ਜੱਲ੍ਹਿਆਂਵਾਲੇ ਬਾਗ਼ ਅੰਮ੍ਰਿਤਸਰ ਵਿਖੇ ਪੰਡਤ ਮਦਨ ਮੋਹਨ ਮਾਲਵੀਆ ਦੀ ਅਗਵਾਈ ਵਿਚ ਜਲਸਾ ਹੋਇਆ। ਪੰਡਤ ਜੀ ਨੇ ਪੁਲਿਸ ਵੱਲੋਂ ਗੁਰੂ ਕੇ ਬਾਗ਼ ਵਿਚ ਸਿੰਘਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਦੀ ਨਿਖੇਧੀ ਅਤੇ ਸਿੰਘਾਂ ਦੇ ਸ਼ਾਂਤਮਈ ਰਹਿ ਕੇ ਤਸ਼ੱਦਦ ਝੱਲਣ ਦੀ ਸ਼ਲਾਘਾ ਕੀਤੀ।

12 ਸਤੰਬਰ : ਪੁਲਿਸ ਵੱਲੋਂ ਅਕਾਲੀ ਸਿੰਘਾਂ 'ਤੇ ਗੁਰੂ ਕੇ ਬਾਗ਼ ਵਿਚ ਕੀਤੇ ਜਾ ਰਹੇ ਤਸ਼ੱਦਦ ਨੂੰ ਵੇਖਣ ਵਾਸਤੇ ਪਾਦਰੀ ਸੀਐੱਫ ਐਂਡਰਿਊਜ਼ ਖ਼ੁਦ ਗੁਰੂ ਕੇ ਬਾਗ਼ ਪਹੁੰਚਿਆ।

13 ਸਤੰਬਰ : ਗਵਰਨਰ ਪੰਜਾਬ ਅੰਮ੍ਰਿਤਸਰ ਆਇਆ ਅਤੇ ਗੁਰੂ ਕੇ ਬਾਗ਼ ਗਿਆ। ਪਾਦਰੀ ਸੀਐੱਫ ਐਂਜਰਿਊਜ਼ ਵੱਲੋਂ ਗਵਰਨਰ ਨੂੰ ਮਿਲਣ 'ਤੇ ਦੂਸਰੇ ਦਿਨ ਤੋਂ ਮਾਰਕੁਟਾਈ ਬੰਦ ਕਰ ਦਿੱਤੀ ਗਈ।

15 ਸਤੰਬਰ : ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਚੱਲ ਰਹੇ ਵਿਵਾਦ ਨੂੰ ਖ਼ਤਮ ਕਰ ਕੇ ਸਾਂਝਾ ਰਸਤਾ ਲੱਭਣ ਲਈ ਪਾਦਰੀ ਸੀਐੱਫ ਐਂਡਰਿਊਜ਼, ਪੰਡਤ ਮਦਨ ਮੋਹਨ ਮਾਲਵੀਆ ਨੂੰ ਮਿਲਿਆ। ਇਸ ਦਿਨ ਤੋਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ ਅਤੇ ਮਾਰਕੁਟਾਈ ਪੂਰੀ ਤਰ੍ਹਾਂ ਬੰਦ ਹੋਈ।

17 ਸਤੰਬਰ : ਕਾਂਗਰਸ ਵਰਕਿੰਗ ਕਮੇਟੀ ਨੇ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦੀ ਪੜਤਾਲ ਕਰਨ ਲਈ ਇਕ ਸਬ ਕਮੇਟੀ ਸ੍ਰੀ ਐੱਸ. ਸ੍ਰੀਨਿਵਾਸਾ ਮਾਇਗਰ ਮਦਰਾਸ ਦੀ ਪ੍ਰਧਾਨਗੀ ਹੇਠ ਬਣਾਈ। ਇਸ ਕਮੇਟੀ ਦੇ ਮੈਂਬਰ ਐੱਸਆਰ ਜਾਇਆਕਰ ਬੰਬਈ, ਮੌਲਾਨਾ ਮੁਹੰਮਦ ਤੱਕੀ ਦਿੱਲੀ, ਜੇਐੱਸ ਸੇਨ ਗੁਪਤਾ ਕਲਕੱਤਾ ਅਤੇ ਐੱਸਟੀ ਸਟੋਕਸ ਸ਼ਿਮਲਾ ਨੂੰ ਬਣਾਇਆ ਗਿਆ। ਇਹ ਰਿਪੋਰਟ ਜੂਨ 1924 ਨੂੰ ਪ੍ਰਕਾਸ਼ਿਤ ਹੋਈ।

18 ਸਤੰਬਰ : ਗੁਰੂ ਕੇ ਬਾਗ਼ ਵਿਚ ਪੁਲਿਸ ਤਸ਼ੱਦਦ ਨਾਲ ਜ਼ਖ਼ਮੀ ਹੋਏ ਸਿੰਘਾਂ ਦੀ ਦੇਖਭਾਲ ਲਈ ਇਕ ਟੀਮ ਡਾ. ਜੇਐੱਸ ਗੁਪਤਾ ਦੀ ਅਗਵਾਈ ਵਿਚ ਬੰਗਾਲ ਤੋਂ ਪਹੁੰਚੀ।

24 ਸਤੰਬਰ : ਗੁਰੂ ਕੇ ਬਾਗ਼ ਦੇ ਮੋਰਚੇ ਲਈ ਪਹਿਲਾਂ 30 ਸਿੰਘਾਂ ਦਾ ਜਥਾ ਅਤੇ ਫਿਰ 40 ਅਤੇ ਫਿਰ 80 ਤੋਂ 100 ਸਿੰਘਾਂ ਦਾ ਜਥਾ ਗ੍ਰਿਫ਼ਤਾਰੀ ਦਿੰਦਾ ਰਿਹਾ।

16 ਅਕਤੂਬਰ : ਸ਼ਾਰਦਪੀਠ ਦੇ ਸੁਆਮੀ ਸ਼ੰਕਰਾਚਾਰੀਆ, ਜੋ ਅਕਾਲੀਆਂ ਵੱਲੋਂ ਚਲਾਈ ਗੁਰਦੁਆਰਾ ਸੁਧਾਰ ਲਹਿਰ ਦੇ ਹਿਮਾਇਤੀ ਸਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਅਤੇ ਗੁਰੂ ਕੇ ਬਾਗ਼ ਦੇ ਜ਼ਖ਼ਮੀਆਂ ਨੂੰ ਮਿਲਣ ਆਏ।

29 ਅਕਤੂਬਰ : ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਫ਼ੌਜੀ ਪਿਨਸ਼ਨੀਆਂ ਦੇ ਜਥੇ ਨੂੰ ਢਾਈ ਸਾਲ ਸਖ਼ਤ

ਕੈਦ ਹੋਈ ਅਤੇ ਇਸ ਦਿਨ ਰਾਤ ਦੀ ਗੱਡੀ ਅੰਮ੍ਰਿਤਸਰ ਤੋਂ ਅਟਕ ਜੇਲ੍ਹ ਭੇਜਿਆ ਗਿਆ।

30 ਅਕਤੂਬਰ : ਪੰਜਾ ਸਾਹਿਬ ਦਾ ਸਾਕਾ 30 ਅਕਤੂਬਰ 1922 ਈਸਵੀ ਨੂੰ ਵਾਪਰਿਆ। ਇਸ ਸਾਕੇ ਵਿਚ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਸ਼ਹੀਦੀ ਪਾ ਗਏ।

31 ਅਕਤੂਬਰ : ਸ. ਦਸੌਂਧਾ ਸਿੰਘ ਨੇ ਗੁਰੂ ਕੇ ਬਾਗ਼ ਦੇ ਮੋਰਚੇ ਸਬੰਧੀ ਪੰਜਾਬ ਲੈਜਿਸਲੇਟਿਵ ਕੌਂਸਲ 'ਚ ਮੋਰਚੇ ਵਿਚ ਵਿਚ ਗ੍ਰਿਫ਼ਤਾਰੀਆਂ ਬੰਦ ਕਰਨ, ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਨੂੰ ਰਿਹਾਅ ਕਰਨ ਬਾਰੇ ਮਤਾ ਵਿਚਾਰ ਕਰਨ ਲਈ ਪੇਸ਼ ਕੀਤਾ ਗਿਆ।

1 ਨਵੰਬਰ : ਭਾਈ ਹਰਦਿਤ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੜਕਾਊ ਭਾਸ਼ਣ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ।

7 ਨਵੰਬਰ : ਪੰਜਾਬ ਲੈਜਿਸਲੇਟਿਵ ਕੌਂਸਲ ਵਿਚ ਸਰਕਾਰ ਵੱਲੋਂ ਗੁਰਦੁਆਰਾ ਬਿੱਲ ਪਾਸ ਹੋਇਆ।

14 ਨਵੰਬਰ : ਗੁਰੂ ਕੇ ਬਾਗ਼ ਵਿਚ ਗ੍ਰਿਫ਼ਤਾਰੀ ਦੇਣ ਜਾ ਰਹੇ ਜਥੇ ਨਾਲ ਚੱਲ ਰਹੇ ਮਹਾਂ ਸਿੰਘ ਸਿਪਾਹੀ ਨੇ ਜੋਸ਼ ਵਿਚ ਆ ਕੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ। ਅੰਗਰੇਜ਼ ਪੁਲਿਸ ਅਫਸਰ ਨੇ ਉਸੇ ਸਮੇਂ ਉਸ ਦੀ ਪੇਟੀ ਲੁਹਾ ਦਿੱਤੀ।

17 ਨਵੰਬਰ : ਇਸ ਦਿਨ ਸਰਕਾਰ ਨੇ ਸਰ ਗੰਗਾ ਰਾਮ ਨੂੰ ਵਿਚ ਪਾ ਕੇ ਫ਼ੈਸਲਾ ਕੀਤਾ। ਪੁਲਿਸ ਗੁਰੂ ਕੇ ਬਾਗ਼ ਤੋਂ ਵਾਪਸ ਗਈ, ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਮੋਰਚਾ ਫ਼ਤਹਿ ਹੋ ਗਿਆ।

11 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਖਡੂਰ ਸਾਹਿਬ ਦਾ ਪ੍ਰਬੰਧ ਸੰਭਾਲਿਆ।

13 ਦਸੰਬਰ : ਗੁਰਦੁਆਰਾ ਸੰਗਤ ਸਾਹਿਬ ਭਾਈ ਫੇਰੂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਸੰਭਾਲਿਆ।

1923

17 ਫਰਵਰੀ : ਸ. ਤੇਜਾ ਸਿੰਘ ਸਮੁੰਦਰੀ ਅਤੇ ਕੈਪਟਨ ਰਾਮ ਸਿੰਘ ਜੀ ਦੀ ਅਗਵਾਈ ਵਿਚ 100 ਸਿੰਘਾਂ ਦੇ ਜਥੇ ਨੇ ਮੁਕਤਸਰ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲੀ।

19 ਫਰਵਰੀ: ਸਿੰਘਾਂ ਨੇ ਮੁਕਤਸਰ ਗੁਰਦੁਆਰਾ ਸਾਹਿਬ ਦੇ ਲੰਗਰ ਅਤੇ ਬੁੰਗਿਆਂ ਦੀ ਪ੍ਰਬੰਧ ਲਿਆ।

15 ਮਾਰਚ : ਜਥੇਦਾਰ ਮੂਲਾ ਸਿੰਘ ਦੀ ਅਗਵਾਈ ਵਿਚ ਸਿੰਘਾਂ

ਨੇ ਅਨੰਦਪੁਰ ਸਾਹਿਬ ਅਤੇ

ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਿਆ।

20 ਮਾਰਚ : ਸਰਕਾਰ ਨੇ ਗੁਰੂ

ਕੇ ਬਾਗ਼ ਦੇ ਮੋਰਚੇ ਵਿਚ ਕੈਦ ਸਿੱਖਾਂ ਨੂੰ ਕੀਤੇ ਗਏ ਜੁਰਮਾਨਿਆਂ ਦਾ ਐਲਾਨ ਕੀਤਾ।

1 ਅਪ੍ਰੈਲ : ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਨਨਕਾਣਾ ਸਾਹਿਬ ਦੇ ਸ਼ਹੀਦੀ ਫੰਡ ਨਾਲ ਅੰਮ੍ਰਿਤਸਰ ਸਿੱਖ ਮਿਸ਼ਨਰੀ ਕਾਲਜ ਖੋਲ੍ਹਣ ਦਾ ਫ਼ੈਸਲਾ ਲਿਆ। ਸਿੱਖ ਮਿਸ਼ਨਰੀ ਕਾਲਜ ਲਈ ਕੋਠੀ 35000 ਰੁਪਏ ਦੀ ਖ਼ਰੀਦੀ ਗਈ। ਪ੍ਰੋ. ਸਾਹਿਬ ਸਿੰਘ ਇਸ ਦੇ ਪਹਿਲੇ ਇੰਚਾਰਜ ਬਣੇ।

11 ਅਪ੍ਰੈਲ : ਸਰਕਾਰ ਦੀ ਮੰਗ 'ਤੇ ਸ਼੍ਰੋਮਣੀ ਅਕਾਲੀ ਦਲ ਨੇ

ਸ੍ਰੀ ਅੰਮ੍ਰਿਤਸਰ ਹਿੰਦੂ-ਮੁਸਲਿਮ ਫ਼ਸਾਦ ਰੋਕਣ ਲਈ ਸਰਕਾਰ ਦੀ ਮਦਦ ਕੀਤੀ।

12 ਅਪ੍ਰੈਲ : ਡੀਸੀ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਸਾਦ ਸਮੇਂ ਕੀਤੀ ਗਈ ਮਦਦ ਬਾਰੇ ਪ੍ਰਸ਼ੰਸਾ ਪੱਤਰ ਭੇਜਿਆ।

22 ਅਪ੍ਰੈਲ : ਸਰਕਾਰ ਨੇ ਅੰਮ੍ਰਿਤਸਰ ਵਿਖੇ ਨਿਭਾਏ ਸਿੱਖਾਂ ਦੇ ਰੋਲ ਦੀ ਸ਼ਲਾਘਾ ਕੀਤੀ ਅਤੇ ਇਸ ਬਹਾਨੇ ਨਾਲ ਗੁਰੂ ਕੇ ਬਾਗ਼ ਦੇ ਅਕਾਲੀ ਕੈਦੀ ਰਿਹਾਅ ਕਰਨ ਦਾ ਐਲਾਨ ਕੀਤਾ।

29 ਅਪ੍ਰੈਲ : ਗੁਰੂ ਕੇ ਬਾਗ਼ ਦੇ ਮੋਰਚੇ 'ਚ ਕੈਦ ਸਿੰਘਾਂ ਨੂੰ ਸਰਕਾਰ ਨੇ ਬਿਨਾਂ ਸ਼ਰਤ ਰਿਹਾਅ ਕਰਨਾ

ਸ਼ੁਰੂ ਕੀਤਾ।

3 ਮਈ : ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਵੱਖ-ਵੱਖ ਜੇਲ੍ਹਾਂ ਵਿਚ ਬਾਕੀ ਰਹਿੰਦੇ ਕੈਦੀ ਸਿੰਘਾਂ ਨੂੰ ਵੀ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ।

17 ਜੂਨ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ 17 ਜੂਨ 1923 ਨੂੰ ਹੋਈ। ਗੁਰਦੁਆਰਾ ਪਿਪਲੀ ਸਾਹਿਬ ਤੋਂ ਜਲੂਸ ਆਰੰਭ ਹੋਇਆ। ਪੰਜ ਪਿਆਰਿਆਂ ਨੇ ਕਾਰ ਸੇਵਾ ਆਰੰਭ ਕਰਨ ਲਈ ਅਰਦਾਸ ਕਰਨ ਉਪਰੰਤ ਟੱਕ ਲਾਇਆ। ਪੰਜ ਪਿਆਰਿਆਂ ਦੇ ਟੱਕ ਲਗਾਉਣ ਲਈ ਪੰਜ ਸੋਨੇ ਦੀਆਂ ਕਹੀਆਂ ਅਤੇ ਪੰਜ ਚਾਂਦੀ ਦੇ ਬਾਟੇ ਤਿਆਰ ਕਰਵਾਏ ਗਏ। ਸਾਰੇ ਧਰਮਾਂ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

7 ਜੁਲਾਈ : ਕਰਨਲ ਮਿੰਚਨ ਨੇ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਤੋਂ ਤਖ਼ਤ ਛੱਡਣ ਦੇ ਕਾਗ਼ਜ਼ਾਂ 'ਤੇ ਦਸਤਖ਼ਤ ਲਏ।

8 ਜੁਲਾਈ : ਕਰਨਲ ਮਿਚਨ ਅੰਗਰੇਜ਼ ਫ਼ੌਜ, ਪੂਰਾ ਫ਼ੌਜੀ ਅਮਲਾ ਤੇ ਗੱਡੀਆਂ ਲੈ ਕੇ ਨਾਭੇ ਪਹੁੰਚਿਆ ਅਤੇ ਨਾਭਾ ਰਿਆਸਤ ਦਾ ਪ੍ਰਬੰਧ ਸੰਭਾਲ ਲਿਆ।

9 ਜੁਲਾਈ : ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਜਲਾਵਤਨ ਕਰ ਕੇ ਸਰਕਾਰ ਦੀ ਨਿਗਰਾਨੀ ਹੇਠ ਡੇਹਰਾਦੂਨ ਲਿਜਾਇਆ ਗਿਆ।

15 ਜੁਲਾਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਹੋਈ।

25 ਜੁਲਾਈ : ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਇਕੱਤਰਤਾ ਹੋਈ ਅਤੇ ਹੋਰ ਮੈਂਬਰ ਰਲਾਏ ਗਏ।

2 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨੂੰ ਚੈਲਿੰਜ ਕੀਤਾ ਕਿ ਉਹ ਸਾਬਤ ਕਰੇ ਕਿ ਮਹਾਰਾਜਾ ਨਾਭਾ ਨੇ ਗੱਦੀ ਮਨਮਰਜ਼ੀ ਨਾਲ ਛੱਡੀ ਹੈ।

4 ਅਗਸਤ : ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਹੋਇਆ, ਜਿਸ ਵਿਚ ਮਹਾਰਾਜਾ ਨਾਭਾ ਨੂੰ ਹਟਾਏ ਜਾਣ ਬਾਰੇ ਕਾਰਵਾਈ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੂੰ ਹੱਕ ਦਿੱਤੇ ਗਏ।

6 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿਚ ਨਾਭਾ ਐਜੀਟੇਸ਼ਨ ਚਲਾਉਣ ਦਾ ਮਤਾ ਪਾਸ ਕੀਤਾ ਗਿਆ।

14 ਅਗਸਤ : ਅਕਾਲੀ ਸਿੰਘਾਂ ਨੇ ਨਾਗਪੁਰ ਕੌਮੀ ਝੰਡੇ ਦਾ ਸਤਿਆਗ੍ਰਹਿ ਕੀਤਾ।

27 ਅਗਸਤ : ਜੈਤੋ ਵਿਚ ਧਾਰਮਿਕ ਦੀਵਾਨ ਹੋਇਆ। ਇਸ ਦੀਵਾਨ ਵਿਚ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰਨ ਦਾ ਵਿਰੋਧ ਕੀਤਾ ਗਿਆ। ਨਾਭਾ ਸਰਕਾਰ ਨੇ ਇਸ ਦੀਵਾਨ ਵਿਚ ਹਿੱਸਾ ਲੈਣ ਵਾਲੇ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।

1 ਸਤੰਬਰ : ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਸਿੰਘਾਂ ਦਾ ਜਥਾ ਜੈਤੋ ਗਿਆ, ਇਹ ਹੱਕ ਮਨਾਉਣ ਲਈ ਕਿ ਗੁਰਦੁਆਰੇ ਵਿਚ ਧਾਰਮਿਕ ਦੀਵਾਨ ਦੀ ਕੋਈ ਰੋਕ ਨਹੀਂ।

4 ਸਤੰਬਰ : ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਇਕੱਤਰਤਾ ਵਿਚ ਜੈਤੋ ਦੇ ਦੀਵਾਨ ਸਬੰਧੀ ਮਾਮਲਾ ਵਿਚਾਰਿਆ ਗਿਆ ਅਤੇ ਫ਼ੈਸਲਾ ਜੈਤੋ ਦੀ ਸੰਗਤ ਦੇ ਹੱਕ ਵਿਚ ਹੋਇਆ।

9 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਭੇ ਦੇ ਮਹਾਰਾਜੇ ਵਾਸਤੇ 'ਨਾਭਾ ਰੋਸ ਦਿਵਸ' ਮਨਾਇਆ ਗਿਆ।

11 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 110 ਸਿੰਘਾਂ ਦਾ ਜਥਾ ਮੁਕਤਸਰ ਪਹੁੰਚਿਆ, ਉੱਥੋਂ ਜੈਤੋ ਜਾਣ ਵਾਸਤੇ।

13 ਸਤੰਬਰ : ਪੰਡਤ ਜਵਾਹਰ ਲਾਲ ਨਹਿਰੂ ਅਕਾਲੀ ਲਹਿਰ

ਸਬੰਧੀ ਅੰਮ੍ਰਿਤਸਰ ਪੁੱਜੇ ਅਤੇ

ਉਨ੍ਹਾਂ ਨੇ ਅਕਾਲੀ ਮੁਖੀਆਂ ਨਾਲ ਗੱਲਬਾਤ ਕੀਤੀ।

14 ਸਤੰਬਰ : ਗੁਰਦੁਆਰਾ ਗੰਗਸਰ ਜੈਤੋ ਵਿਖੇ ਅਖੰਡ ਪਾਠ ਰੱਖਿਆ ਗਿਆ। ਅੰਗਰੇਜ਼ ਫ਼ੌਜ ਨੇ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਪਾਠ ਕਰਦੇ ਗ੍ਰੰਥੀ ਗਿਆਨੀ ਇੰਦਰ ਸਿੰਘ ਸਮੇਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਅਖੰਡ ਪਾਠ ਖੰਡਤ ਕਰ ਦਿੱਤਾ।

15 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25-25 ਸਿੰਘਾਂ ਦੇ ਜਥੇ ਜੈਤੋ ਭੇਜਣੇ ਸ਼ੁਰੂ ਕੀਤੇ, ਜੈਤੋ ਵਿਚ ਜਥਿਆਂ ਨੂੰ ਗ੍ਰਿਫ਼ਤਾਰ ਕਰ ਕੇ ਨਾਭਾ ਬੀੜ, ਬਾਂਵਲ ਕਾਂਟੀ ਤੇ ਰਿਵਾੜੀ ਭੇਜ ਦਿੱਤਾ ਜਾਂਦਾ।

21 ਸਤੰਬਰ : ਜੈਤੋ ਜਥੇ ਨਾਲ ਗਏ ਪੰਡਤ ਜਵਾਹਰ ਲਾਲ ਨਹਿਰੂ, ਪ੍ਰੋ. ਗਿਡਵਾਨੀ, ਸੰਤਾਨਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ 3 ਅਕਤੂਬਰ 1923 ਨੂੰ ਢਾਈ-ਢਾਈ ਸਾਲ ਕੈਦ ਦਾ ਹੁਕਮ ਹੋਇਆ ਪਰ ਰਿਆਸਤੀ ਕਰਮਚਾਰੀਆਂ ਨੇ ਉੱਪਰੋਂ ਦਬਾਅ ਪੈਣ ਕਾਰਨ ਇਨ੍ਹਾਂ ਆਗੂਆਂ ਨੂੰ ਰਿਆਸਤ ਵਿੱਚੋਂ ਬਾਹਰ ਕੱਢ ਕੇ ਸੁੱਖ ਦਾ ਸਾਹ ਲਿਆ।

28 ਸਤੰਬਰ : ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਦੀ ਇਕੱਤਰਤਾ ਹੋਈ, ਪੰਜਾਬ ਲੈਜਿਸਲੇਟਿਵ ਕੌਂਸਲ ਵਿਚ ਭੇਜੇ ਜਾਣ ਵਾਲੇ ਸਿੱਖ ਚੁਣੇ ਗਏ। ਚੋਣ ਸਮੇਂ 13 ਵਿੱਚੋਂ 12 ਸ਼੍ਰੋਮਣੀ ਕਮੇਟੀ ਵਾਲੇ ਮੈਂਬਰ ਚੁਣੇ ਗਏ ਅਤੇ 13ਵੇਂ ਦੇ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਕੋਈ ਮੈਂਬਰ ਖੜ੍ਹਾ ਨਹੀਂ ਕੀਤਾ।

29 ਸਤੰਬਰ : ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤਰਤਾ ਹੋਈ। ਜੈਤੋ ਵਿਖੇ ਅਖੰਡ ਪਾਠ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਸਾਰੀ ਬੇਅਦਬੀ ਦਾ ਜ਼ਿੰਮੇਵਾਰ ਗੁਰਦਿਆਲ ਸਿੰਘ ਨੂੰ ਠਹਿਰਾਇਆ ਗਿਆ ਅਤੇ ਉਸ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ।

12 ਅਕਤੂਬਰ : ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗ਼ੈਰ-ਕਾਨੂੰਨੀ ਸੰਸਥਾਵਾਂ ਕਰਾਰ ਦਿੱਤਾ ਗਿਆ ਅਤੇ 60 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

15 ਅਕਤੂਬਰ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਲਈ ਸਿੱਧੇ ਜਥੇ ਜਾਣੇ ਸ਼ੁਰੂ ਹੋਏ।

16 ਅਕਤੂਬਰ : ਸੈਂਟਰਲ ਸਿੱਖ ਲੀਗ ਦਾ ਸਾਲਾਨਾ ਸਮਾਗਮ, ਜੋ ਜਲੰਧਰ ਵਿਖੇ ਹੋਣਾ ਸੀ, ਰੋਕ ਦਿੱਤਾ ਗਿਆ। ਦੂਜੇ ਦਿਨ ਲੀਗ ਦਾ ਸਾਲਾਨਾ ਸਮਾਗਮ ਜਲੰਧਰ ਦੀ ਹੱਦ ਦੇ ਬਾਹਰ ਕੀਤਾ ਗਿਆ।

17 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 9 ਮੈਂਬਰੀ ਨਵੀਂ ਕਾਰਜਕਾਰਨੀ ਕਮੇਟੀ ਬਣੀ ਕਿਉਂਕਿ ਸਰਕਾਰ ਨੇ 60 ਮੈਂਬਰ ਗ੍ਰਿਫ਼ਤਾਰ ਕਰ ਲਏ ਸਨ।

20 ਅਕਤੂਬਰ : ਪੰਜਾਬ ਨੇ ਅਖ਼ਬਾਰਾਂ ਦੇ ਸਮੁੱਚੇ ਐਡੀਟਰਾਂ ਨੂੰ ਹੁਕਮ ਦਿੱਤਾ ਕਿ ਅਖ਼ਬਾਰਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਐਲਾਨ ਨਾ ਛਾਪਿਆ ਜਾਵੇ।

25 ਅਕਤੂਬਰ : ਬੱਬਰ ਧੰਨਾ ਸਿੰਘ ਬਹਿਬਲਪੁਰ ਪੰਜ ਪੁਲਿਸ ਵਾਲਿਆਂ ਤੇ ਇਕ ਅਫਸਰ ਨੂੰ ਮਾਰ ਕੇ ਸ਼ਹੀਦੀ ਪਾ ਗਏ।

26 ਅਕਤੂਬਰ : ਸ਼੍ਰੋਮਣੀ ਕਮੇਟੀ ਦੇ ਪਹਿਲੇ ਗ੍ਰਿਫ਼ਤਾਰ ਕੀਤੇ ਸਿੰਘਾਂ ਦਾ ਮੁਕੱਦਮਾ ਅੰਮ੍ਰਿਤਸਰ ਵਿਖੇ ਸ਼ੁਰੂ ਹੋਇਆ। ਮੈਜਿਸਟ੍ਰੇਟ ਨੇ ਜਮਾਨਤ 'ਤੇ ਰਿਹਾਅ ਕਰਨ ਤੋਂ ਨਾਂਹ ਕਰ ਦਿੱਤੀ।

13 ਨਵੰਬਰ : ਸ਼੍ਰੋਮਣੀ ਕਮੇਟੀ ਦਾ ਮੁਕੱਦਮਾ ਰੋਜ਼ ਸੁਣਨਾ ਸ਼ੁਰੂ ਹੋਇਆ।

14 ਨਵੰਬਰ : ਕਾਂਗਰਸ ਦੇ ਨੇਤਾ ਅੰਮ੍ਰਿਤਸਰ ਵਿਖੇ ਇਕੱਤਰ ਹੋਏ ਅਤੇ ਅਕਾਲੀ ਲਹਿਰ ਦੀ ਸਹਾਇਤਾ ਕਰਨ ਲਈ ਅਕਾਲੀ ਸਹਾਇਕ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ।

25-26 ਨਵੰਬਰ : ਆਲ ਇੰਡੀਆ ਕਾਂਗਰਸ ਕਮੇਟੀ ਨੇ ਸਾਬਰਮਤੀ ਦੀ ਇਕੱਤਰਤਾ ਵਿਚ ਸਿੱਖ ਪੰਥ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਮਤਾ ਪਾਸ ਕੀਤਾ।

14 ਦਸੰਬਰ : ਪੰਡਤ ਮੋਤੀ ਲਾਲ ਨਹਿਰੂ ਸ਼੍ਰੋਮਣੀ ਕਮੇਟੀ ਦੇ ਪਹਿਲੇ ਜਥੇ ਦੇ ਮੁਖੀਆਂ ਨਾਲ ਜੇਲ੍ਹ ਵਿਚ ਮੁਲਾਕਾਤ ਕਰਨ ਲਈ ਅੰਮ੍ਰਿਤਸਰ ਆਏ ਪਰ ਸਰਕਾਰ ਨੇ ਉਨ੍ਹਾਂ ਨੂੰ ਅਕਾਲੀ ਨੇਤਾਵਾਂ ਨਾਲ ਮੁਲਾਕਾਤ ਕਰਨ ਦੀ ਆਗਿਆ ਨਹੀਂ ਦਿੱਤੀ।

29 ਦਸੰਬਰ : ਕਾਂਗਰਸ ਦਾ 38ਵਾਂ ਸਮਾਗਮ ਮੌਲਾਨਾ ਮੁਹੰਮਦ ਅਲੀ ਦੀ ਪ੍ਰਧਾਨਗੀ ਹੇਠ ਕੋਕਾ ਨਾਡਾ ਵਿਚ ਹੋਇਆ। ਇਸ ਸਮੇਂ ਅਕਾਲੀ ਲਹਿਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਖ਼ਾਸ ਸਮਾਗਮ ਹੋਇਆ।

1924

1 ਜਨਵਰੀ : ਕੋਕਾ ਨਾਡਾ ਕਾਂਗਰਸ ਦੇ ਖੁੱਲ੍ਹੇ ਸਮਾਗਮ ਵਿਚ ਸ੍ਰੀਮਤੀ ਸਰੋਜਨੀ ਨਾਇਡੂ ਨੇ ਮਤਾ ਪੇਸ਼ ਕੀਤਾ ਕਿ ''ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਉੱਪਰ ਹਮਲਾ ਉਨ੍ਹਾਂ ਸਾਰੀਆਂ ਜਮਾਤਾ ਵਿਰੁੱਧ ਹਮਲਾ ਹੈ, ਜੋ ਸ਼ਾਂਤਮਈ ਰਹਿ ਕੇ ਆਪਣੀ ਸੁਤੰਤਰਤਾ ਪ੍ਰਾਪਤ ਕਰਨਾ ਚਾਹੁੰਦੀਆਂ ਹਨ। ਕਾਂਗਰਸ ਉਨ੍ਹਾਂ ਦੀ ਇਸ ਜੱਦੋਜ਼ਹਿਦ ਨਾਲ ਪੂਰੀ ਹਮਦਰਦੀ ਰੱਖਦੀ ਹੈ।'' ਡਾ. ਸੈਫ਼-ਉਦ-ਦੀਨ ਕਿਚਲੂ ਤੇ ਉਮਰ ਅਲੀ ਸ਼ਾਹ ਨੇ ਇਸ ਮਤੇ ਦੀ ਤਾਈਦ ਕੀਤੀ ਅਤੇ ਮਤਾ ਸਰਬਸੰਮਤੀ ਨਾਲ ਪਾਸ ਹੋਇਆ।

2 ਜਨਵਰੀ : ਪੰਜਾਬ ਕੌਂਸਲ ਵਿੱਚੋਂ ਸਿੱਖ ਅਤੇ ਹਿੰਦੂ ਮੈਂਬਰਾਂ ਨੇ ਗਵਰਨਰ ਦੇ ਆਉਣ 'ਤੇ ਵਾਕਆਊਟ ਕੀਤਾ।

5 ਜਨਵਰੀ : ਭਾਈ ਫੇਰੂ ਦਾ ਮੋਰਚਾ ਸ਼ੁਰੂ ਹੋਇਆ।

7 ਜਨਵਰੀ : ਪੁਲਿਸ ਨੇ ਸ਼੍ਰੋਮਣੀ ਕਮੇਟੀ ਦੇ 62 ਮੈਂਬਰਾਂ ਦੇ ਦੂਜੇ ਜਥੇ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਵਰਦੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਣ ਦੀ ਕੋਸ਼ਿਸ਼ ਕੀਤੀ ਪਰ ਸੰਗਤਾਂ ਦੇ ਜੋਸ਼ ਕਾਰਨ ਨਾ ਜਾ ਸਕੀ।

21 ਜਨਵਰੀ : ਸ. ਹਰਬੰਸ ਸਿੰਘ ਸੀਸਤਾਨੀ, ਮੈਂਬਰ ਸ਼੍ਰੋਮਣੀ ਕਮੇਟੀ ਨੂੰ ਦੁਸ਼ਦਾਬ (ਈਰਾਨ) ਤੋਂ ਗ੍ਰਿਫ਼ਤਾਰ ਕਰ ਕੇ ਪੰਜਾਬ ਲਿਆਂਦਾ ਗਿਆ।

23 ਜਨਵਰੀ : ਸ. ਹਰਦਿਆਲ ਸਿੰਘ ਮੈਜਿਸਟ੍ਰੇਟ ਦੀ ਅਦਾਲਤ ਵਿਚ ਸ਼੍ਰੋਮਣੀ ਕਮੇਟੀ ਦੇ ਦੂਜੇ

ਜਥੇ ਦੇ 59 ਮੈਂਬਰਾਂ ਵਿਰੁੱਧ ਮੁਕੱਦਮਾ ਪੇਸ਼ ਹੋਇਆ।

24 ਜਨਵਰੀ : ਪੁਲਿਸ ਨੇ ਮਿ: ਸਮਿੱਥ ਜਾਫ਼ਰੇ ਅਤੇ ਕਲਬੋਰਨ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਤੇ ਛਾਪਾ ਮਾਰਿਆ ਅਤੇ ਦਫ਼ਤਰ ਦੀ ਤਲਾਸ਼ੀ ਲਈ।

9 ਫਰਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 500 ਸੂਰਬੀਰ ਅਕਾਲੀ ਸਿੰਘਾਂ ਦਾ ਜਥਾ ਸ. ਊਧਮ ਸਿੰਘ 'ਵਰਪਾਲ' ਦੀ ਅਗਵਾਈ ਵਿਚ ਗੰਗਸਰ ਜੈਤੋ ਲਈ ਰਵਾਨਾ ਹੋਇਆ।

21 ਫਰਵਰੀ : ਗੰਗਸਰ ਜੈਤੋ ਦਾ ਸਾਕਾ ਵਾਪਰਿਆ। ਸਰਕਾਰ ਨੇ ਪਹਿਲੇ ਸ਼ਹੀਦੀ ਜਥੇ 'ਤੇ ਗੋਲੀ 2 ਵੱਜ ਕੇ 45 ਮਿੰਟ 'ਤੇ ਅਤੇ ਫਿਰ 2 ਵੱਜ ਕੇ 55 ਮਿੰਟ 'ਤੇ ਚਲਾਈ। ਗੋਲੀ ਚੱਲਣ ਨਾਲ ਸੈਂਕੜੇ ਸਿੰਘ ਜ਼ਖ਼ਮੀ ਹੋ ਗਏ ਅਤੇ 80 ਸਿੰਘ ਸ਼ਹੀਦੀਆਂ ਪਾ ਗਏ। ਜਥੇ ਦੇ ਨਾਲ 600 ਦੇ ਕਰੀਬ ਸੰਗਤਾਂ ਦਾ ਵੀ ਇਕੱਠ ਸੀ।

25 ਫਰਵਰੀ : ਮਹਾਤਮਾ ਗਾਂਧੀ ਨੇ ਅਕਾਲੀਆਂ ਨੂੰ ਜਥੇ ਨਾ ਭੇਜਣ ਲਈ ਲਿਖਿਆ।

27 ਫਰਵਰੀ : ਕੇਂਦਰੀ ਅਸੈਂਬਲੀ ਦੇ ਹਿੰਦੂ, ਸਿੱਖ, ਮੁਸਲਮਾਨ 47 ਮੈਂਬਰਾਂ ਨੇ ਜੈਤੋ ਦੇ ਸਾਕੇ ਸਬੰਧੀ ਪੜਤਾਲ ਕਰਨ ਲਈ ਚਿੱਠੀ ਲਿਖੀ ਅਤੇ ਅਸੈਂਬਲੀ ਵਿਚ ਤਹਿਰੀਕ ਪੇਸ਼ ਕੀਤੀ। ਸਰਕਾਰ ਨੇ ਅਸੈਂਬਲੀ ਵਿਚ ਤਹਿਰੀਕ ਪੇਸ਼ ਕਰਨ ਦੀ ਆਗਿਆ ਨਾ ਦਿੱਤੀ।

28 ਫਰਵਰੀ : ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦਾ ਸਮਾਗਮ ਮੌਲਾਨਾ ਮੁਹੰਮਦ ਅਲੀ ਦੀ ਪ੍ਰਧਾਨਗੀ ਹੇਠ ਦਿੱਲੀ ਵਿਖੇ ਹੋਇਆ, ਜਿਸ ਵਿਚ ਸਿੱਖ ਪੰਥ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਤੇ ਹਰ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿਵਾਇਆ ਗਿਆ।

28 ਫਰਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 500 ਅਕਾਲੀ ਸਿੰਘਾਂ ਦਾ ਜਥਾ ਸ. ਇੰਦਰ ਸਿੰਘ ਪਿੰਡ ਮਿਰਜ਼ਾ ਜ਼ਿਲਾ ਸਿਆਲਕੋਟ ਦੀ ਅਗਵਾਈ ਵਿਚ ਗੰਗਸਰ ਜੈਤੋ ਲਈ ਰਵਾਨਾ ਹੋਇਆ।

3 ਮਾਰਚ : ਸ਼੍ਰੋਮਣੀ ਕਮੇਟੀ ਦੇ ਪਹਿਲੇ ਜਥੇ ਦੇ ਮੁਖੀਆਂ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਲਾਹੌਰ ਜੇਲ੍ਹ ਲਿਜਾਇਆ ਗਿਆ।

11 ਮਾਰਚ : ਹਾਊਸ ਆਫ ਲਾਰਡਜ਼ ਵਿਚ ਜੈਤੋ ਵਿਖੇ ਗੋਲੀ ਚੱਲਣ ਸਬੰਧੀ ਬਹਿਸ ਹੋਈ।

12 ਮਾਰਚ : ਜੈਤੋ ਸਾਕੇ ਸਬੰਧੀ ਸਰਕਾਰੀ ਰਿਪੋਰਟ ਪ੍ਰਕਾਸ਼ਿਤ

ਕੀਤੀ ਗਈ।

14 ਮਾਰਚ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ ਦੂਜਾ ਸ਼ਹੀਦੀ ਜਥਾ ਗੰਗਸਰ ਜੈਤੋ ਪੁੱਜਾ। ਸਰਕਾਰ ਨੇ ਸ਼ਰਤਾਂ ਤਹਿਤ ਅਖੰਡ ਪਾਠ ਸ਼ੁਰੂ ਕਰਨ ਲਈ ਕਿਹਾ ਪਰ ਜਥੇ ਨੇ ਸ਼ਰਤਾਂ ਮੰਨਣ ਤੋਂ ਨਾਂਹ ਕਰ ਦਿੱਤੀ ਅਤੇ ਜਥੇ ਦੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

22 ਮਾਰਚ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 500 ਸਿੰਘਾਂ ਦਾ ਤੀਜਾ ਸ਼ਹੀਦੀ ਜਥਾ ਸ. ਸੰਤਾ ਸਿੰਘ ਸਰਗੋਧਾ ਦੀ ਅਗਵਾਈ ਵਿਚ ਗੰਗਸਰ ਜੈਤੋ ਲਈ ਰਵਾਨਾ ਹੋਇਆ।

27 ਮਾਰਚ : ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਤੋਂ 500 ਸਿੰਘਾਂ ਦਾ ਚੌਥਾ ਸ਼ਹੀਦੀ ਜਥਾ ਸ. ਪੂਰਨ ਸਿੰਘ ਬਾਹੋਵਾਲ ਦੀ ਅਗਵਾਈ ਵਿਚ ਗੰਗਸਰ ਜੈਤੋ ਲਈ

ਰਵਾਨਾ ਹੋਇਆ।

29 ਮਾਰਚ : ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਦੂਜੇ ਜਥੇ ਦੇ ਮੁਕੱਦਮੇ ਦਾ ਫ਼ੈਸਲਾ ਹੋਇਆ। ਕੁਝ ਬਿਰਧ

ਸਿੰਘਾਂ ਨੂੰ ਇਕ-ਇਕ ਸਾਲ ਦੀ ਸਜ਼ਾ ਹੋਈ, ਬਾਕੀ ਸਭ ਮੈਂਬਰਾਂ ਨੂੰ ਦੋ-ਦੋ ਸਾਲ ਕੈਦ ਤੇ ਪੰਜ-ਪੰਜ ਸੌ ਰੁਪਏ ਜੁਰਮਾਨਾ ਹੋਇਆ।

2 ਅਪ੍ਰੈਲ : ਗੁਰੂ ਕੇ ਬਾਗ਼ ਦੇ ਮੋਰਚੇ ਦੇ ਅਣਖੀਲੇ ਜਰਨੈਲ ਪ੍ਰਿਥੀਪਾਲ ਸਿੰਘ ਜੀ ਜ਼ਖ਼ਮਾਂ ਕਾਰਨ ਗੁਰੂ ਰਾਮ ਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਸ਼ਹੀਦੀ ਪਾ ਗਏ।

7 ਅਪ੍ਰੈਲ : ਤੀਸਰਾ ਸ਼ਹੀਦੀ ਜਥਾ ਸ਼ਾਮ ਨੂੰ 5 ਵਜੇ ਜੈਤੋ ਪਹੁੰਚ ਕੇ ਗ੍ਰਿਫ਼ਤਾਰ ਹੋਇਆ।

11 ਅਪ੍ਰੈਲ : ਸਰਕਾਰ ਨੇ ਸਿੱਖ ਗੁਰਦੁਆਰਿਆਂ ਦਾ ਸਮਝੌਤਾ ਕਰਵਾਉਣ ਲਈ ਬਰਡਵੁੱਡ ਕਮੇਟੀ ਦੇ ਗਠਨ ਦਾ ਐਲਾਨ ਕੀਤਾ।

12 ਅਪ੍ਰੈਲ : ਪੰਜਵਾਂ ਸ਼ਹੀਦੀ ਜਥਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਾਇਲਪੁਰ ਤੋਂ ਅੰਮ੍ਰਿਤਸਰ ਲਈ ਚੱਲਿਆ।

18 ਅਪ੍ਰੈਲ : ਚੌਥਾ ਸ਼ਹੀਦੀ ਜਥਾ ਜੈਤੋ ਪਹੁੰਚ ਕੇ ਗ੍ਰਿਫ਼ਤਾਰ ਹੋਇਆ।

24 ਅਪ੍ਰੈਲ : ਸ਼੍ਰੋਮਣੀ ਕਮੇਟੀ ਵੱਲੋਂ 12 ਅਕਾਲੀ ਸਿੰਘਾਂ ਦਾ ਜਥਾ ਵੈਕਮ ਵਿਖੇ ਅਖੌਤੀ ਅਛੂਤ ਜਾਤੀਆਂ ਲਈ ਲੰਗਰ ਲਾਉਣ ਲਈ ਭੇਜਿਆ ਗਿਆ।

1 ਮਈ : ਪੰਜਵਾਂ ਸ਼ਹੀਦੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਲਈ ਤੁਰਿਆ।

7 ਮਈ : ਜੈਤੋ ਵਿਖੇ ਸ਼ਹੀਦੀ ਜਥੇ ਭੇਜਣ ਕਾਰਨ ਜਥੇਦਾਰ ਅੱਛਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

8 ਮਈ : ਛੇਵਾਂ ਸ਼ਹੀਦੀ ਜਥਾ ਫਿਰੋਜ਼ਪੁਰ ਤੋਂ ਸੰਤ ਪ੍ਰੇਮ ਸਿੰਘ ਕੋਕਰੀ ਦੀ ਅਗਵਾਈ ਵਿਚ ਅੰਮ੍ਰਿਤਸਰ ਲਈ ਰਵਾਨਾ ਹੋਇਆ।

10 ਮਈ : ਛੇਵਾਂ ਸ਼ਹੀਦੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਲਈ ਤੁਰਿਆ।

18 ਮਈ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਅਤੇ ਅੰਗਰੇਜ਼ ਸਰਕਾਰ ਵਿਚਾਲੇ ਜੈਤੋ ਦੇ ਮੋਰਚੇ ਸਬੰਧੀ ਗੱਲਬਾਤ ਹੋਈ।

21 ਮਈ : ਪੰਜਵਾਂ ਸ਼ਹੀਦੀ ਜਥਾ ਜੈਤੋ ਵਿਖੇ ਗ੍ਰਿਫ਼ਤਾਰ ਹੋਇਆ।

23 ਮਈ : ਬਾਬਾ ਕਰਤਾਰ ਸਿੰਘ ਬੇਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਤ ਕੇ ਮਾਫ਼ੀ ਮੰਗੀ ਅਤੇ ਸਜ਼ਾ ਪ੍ਰਵਾਨ ਕੀਤੀ।

30 ਮਈ : ਜਥੇਦਾਰ ਸ੍ਰੀ ਅਕਾਲ ਤਖ਼ਤ, ਭਾਈ ਅੱਛਰ ਸਿੰਘ ਜੀ ਨੂੰ ਡੇਢ ਸਾਲ ਕੈਦ ਤੇ 100 ਰੁਪਏ ਜੁਰਮਾਨੇ ਦੇ ਸਜ਼ਾ ਹੋਈ।

1 ਜੂਨ : ਸੱਤਵਾਂ ਸ਼ਹੀਦੀ ਜਥਾ ਜਥੇਦਾਰ ਪ੍ਰਤਾਪ ਸਿੰਘ ਖੁਰਦਪੁਰ ਦੀ ਅਗਵਾਈ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਜੈਤੋ ਲਈ ਤੁਰਿਆ।

2 ਜੂਨ : ਸਰ ਮੈਲਕਮ ਹੇਲੀ ਪੰਜਾਬ ਦਾ ਗਵਰਨਰ ਬਣ ਕੇ ਸ਼ਿਮਲੇ ਪੁੱਜਾ।

10 ਜੂਨ : ਨਨਕਾਣਾ ਸਾਹਿਬ ਤੋਂ ਆਇਆ 500 ਸਿੰਘਾਂ ਦਾ ਜਥਾ ਜੈਤੋ ਲਈ ਰਵਾਨਾ ਹੋਇਆ।

17 ਜੂਨ : ਸ. ਮਹਿੰਦਰ ਸਿੰਘ ਐੱਮਐੱਲਸੀ ਨੂੰ ਸ਼ਹੀਦੀ ਜਥੇ ਦੀ ਸੇਵਾ ਕਰਨ ਦੇ ਜੁਰਮ 'ਚ ਢਾਈ ਸਾਲ ਸਖ਼ਤ ਕੈਦ ਤੇ 1500 ਰੁਪਏ ਜੁਰਮਾਨਾ ਹੋਇਆ।

13 ਜੁਲਾਈ : ਦਸਵਾਂ ਤੇ ਗਿਆਰ੍ਹਵਾਂ ਸ਼ਹੀਦੀ ਜਥਾ ਜਥੇਦਾਰ ਵਸਾਖਾ ਸਿੰਘ ਤੇ ਸੰਤ ਸੰਤੋਖ ਸਿੰਘ ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੰਗਸਰ ਜੈਤੋ ਲਈ ਰਵਾਨਾ ਹੋਇਆ।

13 ਜੁਲਾਈ : ਕਲਕੱਤਾ ਤੋਂ ਸਿੰਘਾਂ ਦਾ ਜਥਾ ਜੈਤੋ ਮੋਰਚੇ 'ਚ ਜਾਣ ਲਈ ਅੰਮ੍ਰਿਤਸਰ ਪਹੁੰਚਿਆ।

17 ਜੁਲਾਈ : ਪੰਜ ਸੌ ਸਿੰਘਾਂ ਦਾ 12ਵਾਂ ਸ਼ਹੀਦੀ ਜਥਾ ਸ. ਸੁੱਚਾ ਸਿੰਘ ਮੋਗਾ ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਲਈ ਰਵਾਨਾ ਹੋਇਆ।

18 ਅਗਸਤ : ਪੰਜ ਸੌ ਸਿੰਘਾਂ ਦਾ ਜਥਾ ਭਾਈ ਫੇਰੂ ਗ੍ਰਿਫ਼ਤਾਰ ਹੋਇਆ।

3 ਸਤੰਬਰ : ਸ਼੍ਰੋਮਣੀ ਕਮੇਟੀ ਨੇ ਐੱਚਈ ਬਰਡਵੁੱਡ ਨਾਲ ਸਮਝੌਤਾ ਫੇਲ੍ਹ ਹੋਣ ਸਬੰਧੀ ਐਲਾਨ ਕੀਤਾ।

14 ਸਤੰਬਰ : ਜਥੇਦਾਰ ਸੁੱਚਾ ਸਿੰਘ ਮੋਗਾ ਦੀ ਅਗਵਾਈ ਵਿਚ 12ਵੇਂ ਸ਼ਹੀਦੀ ਜਥੇ ਨੂੰ ਜੈਤੋ ਵਿਖੇ ਗ੍ਰਿਫ਼ਤਾਰ ਕੀਤਾ ਗਿਆ।

18 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 500 ਸਿੰਘਾਂ ਦਾ ਸ਼ਹੀਦੀ ਜਥਾ ਭਾਈ ਲੱਖਾ ਸਿੰਘ ਜੀ ਦੀ ਅਗਵਾਈ ਵਿਚ ਜੈਤੋ ਲਈ ਤੁਰਿਆ।

30 ਸਤੰਬਰ : ਸੂਬਾ ਸਿੱਖ ਸੁਧਾਰ ਕਮੇਟੀ ਦੀ ਪਹਿਲੀ ਜਨਰਲ ਇਕੱਤਰਤਾ ਅੰਮ੍ਰਿਤਸਰ ਵਿਖੇ ਹੋਈ ਅਤੇ ਆਪਣਾ ਜਥਾ ਜੈਤੋ ਅਖੰਡ ਪਾਠ ਸੰਪੂਰਨ ਕਰਨ ਲਈ ਭੇਜਣ ਦਾ ਫ਼ੈਸਲਾ ਲਿਆ ਗਿਆ।

20 ਅਕਤੂਬਰ : ਸਿੱਖ ਸੁਧਾਰ ਕਮੇਟੀ ਦਾ ਇਕ ਸੌ ਸਿੰਘਾਂ

ਦਾ ਜਥਾ ਅੰਮ੍ਰਿਤਸਰ ਤੋਂ ਚੱਲ ਕੇ

ਜੈਤੋ ਪਹੁੰਚਿਆ।

21 ਅਕਤੂਬਰ : ਸਿੱਖ ਸੁਧਾਰ ਕਮੇਟੀ ਦੇ ਮੈਂਬਰਾਂ ਨੇ ਨਾਭਾ ਦੇ ਹਾਕਮ ਦੀਆਂ ਸ਼ਰਤਾਂ ਮੰਨ ਕੇ ਸ੍ਰੀ ਅਖੰਡ ਪਾਠ ਜੈਤੋ ਦੇ ਗੁਰਦੁਆਰੇ ਵਿਚ ਰੱਖਿਆ ਅਤੇ 23 ਅਕਤੂਬਰ ਨੂੰ ਭੋਗ ਪਾਇਆ।

22 ਅਕਤੂਬਰ : ਸ਼੍ਰੋਮਣੀ ਕਮੇਟੀ ਵੱਲੋਂ 61 ਸਿੰਘਾਂ ਦਾ ਇਕ ਵਿਸ਼ੇਸ਼ ਜਥਾ ਜੈਤੋ ਭੇਜਿਆ। ਇਸ ਜਥੇ ਨੂੰ ਪੁਲਿਸ ਨੇ ਜੈਤੋ ਸ਼ਟੇਸ਼ਨ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਮਾਰਕੁਟਾਈ ਵੀ ਕੀਤੀ।

25 ਨਵੰਬਰ : ਪੰਜਾਬ ਸਰਕਾਰ ਵੱਲੋਂ ਮਿ: ਐਮਰਸਨ ਤੇ ਪਕਲ ਨੂੰ ਪੰਜਾਬ ਕੌਂਸਲ ਦੇ ਸਿੱਖ ਮੈਂਬਰਾਂ ਨਾਲ ਮਿਲ ਕੇ ਗੁਰਦੁਆਰਾ ਬਿੱਲ ਬਣਾਉਣ ਲਈ ਨਿਯੁਕਤ ਕੀਤਾ ਗਿਆ।

26 ਨਵੰਬਰ : ਜੈਤੋ ਮੋਰਚੇ ਸਮੇਂ ਭਾਈ ਅਰਜਨ ਸਿੰਘ ਜੀ ਸ਼ਹੀਦੀ ਪਾ ਗਏ।

10 ਦਸੰਬਰ : ਸਿੱਖ ਸੁਧਾਰ ਕਮੇਟੀ ਦੇ 80 ਮੈਂਬਰ ਗੁਰਦੁਆਰਾ ਬਿੱਲ ਸਬੰਧੀ ਗਵਰਨਰ ਨੂੰ ਮਿਲੇ।

15 ਦਸੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦੀ ਜਥਾ ਸ. ਦਰਸ਼ਨ ਸਿੰਘ 'ਫੇਰੂਮਾਨ' ਦੀ ਅਗਵਾਈ ਵਿਚ ਜੈਤੋ ਲਈ ਰਵਾਨਾ ਹੋਇਆ।

15 ਦਸੰਬਰ : ਕੈਨੇਡੀਅਨ ਸਿੰਘਾਂ ਦੇ ਜਥੇਦਾਰ ਭਾਈ ਭਗਵਾਨ ਸਿੰਘ ਜੀ ਤੇ ਮੀਤ ਜਥੇਦਾਰ ਸ. ਹਰਬੰਸ ਸਿੰਘ ਜੀ ਨੂੰ ਮਾਲ ਅਫਸਰ ਰਾਵਲਪਿੰਡੀ ਨੇ ਦੋ-ਦੋ ਸਾਲ ਕੈਦ ਅਤੇ ਇਕ-ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ।

1925

1 ਜਨਵਰੀ : ਭਾਈ ਫੇਰੂ ਦੇ ਮੋਰਚੇ ਵਿਚ ਗ੍ਰਿਫ਼ਤਾਰ ਹੋਏ ਸਿੰਘਾਂ ਦੀ ਗਿਣਤੀ 5191 ਸੀ।

2 ਜਨਵਰੀ : ਕੈਨੇਡਾ ਤੋਂ ਆਇਆ 39 ਸਿੰਘਾਂ ਦਾ ਸ਼ਹੀਦੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਲਈ ਤੁਰਿਆ।

13 ਜਨਵਰੀ : ਬੱਬਰ ਅਕਾਲੀਆਂ ਦਾ ਸਾਲ ਪਿੱਛੋਂ ਮੁਕੱਦਮਾ ਸਮਾਪਤ ਹੋਇਆ ਅਤੇ 67 ਮੁਲਜ਼ਮ ਮੰਨੇ ਗਏ ਤੇ 34 ਬੇਦੋਸ਼ੇ ਸਮਝ ਕੇ ਰਿਹਾਅ ਕਰ ਦਿੱਤੇ ਗਏ।

21 ਜਨਵਰੀ : ਗਵਰਨਰ ਪੰਜਾਬ ਨੇ ਗੁਰਦੁਆਰਾ ਬਿੱਲ ਦਾ ਖਰੜਾ ਪ੍ਰਕਾਸ਼ਿਤ ਕੀਤਾ।

21 ਫਰਵਰੀ : ਕੈਨੇਡੀਅਨ ਸਿੰਘਾਂ ਦੀ ਜਥਾ ਜੈਤੋ ਪਹੁੰਚ ਕੇ ਗ੍ਰਿਫ਼ਤਾਰ ਹੋਇਆ।

24 ਫਰਵਰੀ : ਸ਼੍ਰੋਮਣੀ ਕਮੇਟੀ ਦੇ ਦੂਜੇ ਜਥੇ ਦੇ ਮੈਂਬਰਾਂ ਨੂੰ ਦੋ-ਦੋ ਸਾਲ ਕੈਦ ਅਤੇ ਜੁਰਮਾਨਾ ਭਰਨਾ ਪਿਆ।

1 ਮਾਰਚ : ਅਕਾਲੀ ਸਿੰਘਾਂ ਦਾ ਪੰਦਰ੍ਹਵਾਂ ਸ਼ਹੀਦੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਲਈ

ਰਵਾਨਾ ਹੋਇਆ।

10 ਅਪ੍ਰੈਲ : ਗੁਰਦੁਆਰਾ ਬਿੱਲ ਦੋਹਾਂ ਧਿਰਾਂ ਦੇ ਸਮਝੌਤੇ ਨਾਲ

ਤਿਆਰ ਹੋਇਆ।

17 ਅਪ੍ਰੈਲ : ਪੰਜ ਸੌ ਅਕਾਲੀ ਸਿੰਘ ਦਾ 16ਵਾਂ ਸ਼ਹੀਦੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ. ਬਘੇਲ ਸਿੰਘ ਸਠਿਆਲਾ, ਭਾਈ ਝੰਡਾ

ਸਿੰਘ ਅਤੇ ਭਾਈ ਮੰਗਲ ਸਿੰਘ ਜੀ ਦੀ ਅਗਵਾਈ ਵਿਚ ਜੈਤੋ ਲਈ ਰਵਾਨਾ ਹੋਇਆ।

21 ਅਪ੍ਰੈਲ : ਸ਼੍ਰੋਮਣੀ ਕਮੇਟੀ

ਦੀ ਗੁਰਦੁਆਰਾ ਬਿੱਲ ਸਬੰਧ ਰਿਪੋਰਟ ਛਪੀ।

27 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਮਾਗਮ ਸ. ਮੰਗਲ

ਸਿੰਘ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਗੁਰਦੁਆਰਾ ਬਿੱਲ ਨੂੰ ਪ੍ਰਵਾਨ ਕੀਤਾ ਗਿਆ।

7 ਮਈ : ਪੰਜਾਬ ਕੌਂਸਲ ਵਿਚ ਗੁਰਦੁਆਰਾ ਬਿੱਲ ਸ. ਤਾਰਾ ਸਿੰਘ ਮੋਗਾ ਨੇ ਪੇਸ਼ ਕੀਤਾ।

20 ਮਈ : ਸੀਲੈਕਟ ਕਮੇਟੀ ਦੀ ਗੁਰਦੁਆਰਾ ਬਿੱਲ ਸਬੰਧੀ ਰਿਪੋਰਟ ਪੰਜਾਬ ਕੌਂਸਲ ਵਿਚ ਪੇਸ਼ ਹੋਈ।

- ਹਰਵਿੰਦਰ ਸਿੰਘ ਖ਼ਾਲਸਾ

Posted By: Harjinder Sodhi