ਮੇਰੇ ਬਚਪਨ ਦੀ ਅਮੀਰੀ ਹੋਰਨਾਂ ਬੱਚਿਆਂ ਵਰਗੀ ਸੀ ਤੇ ਉਨ੍ਹਾਂ ਤੋਂ ਕੁਝ ਵੱਖਰੀ ਵੀ। ਮੈਂ ਤੇ ਮੇਰੇ ਭੈਣ-ਭਰਾ ਦਾਦੀ ਤੋਂ ਬਾਤਾਂ ਵੀ ਸੁਣਦੇ ਸੀ ਤੇ ਸਾਡੇ ਘਰ ਦੇ ਵਿਹੜੇ ’ਚ ‘ਦੀਵਾ ਬਲੇ ਸਾਰੀ ਰਾਤ’ ਦੀਆਂ ਬਾਤਾਂ ਭਾਵੇਂ ਸਾਡੀ ‘ਸਮਝੋ ਪਰੇ੍ਹ’ ਸੀ ਪਰ ਫਿਰ ਵੀ ਉਸ ਰਾਤ ਵਿਚਲੀਆਂ ਕਵਿਤਾਵਾਂ, ਕਹਾਣੀਆਂ ਦੇ ਕੁਝ ਅੰਸ਼, ਬਾਲ ਮਨ ਨੇ ਸਾਂਭ ਲਏ। ਗੱਲ ਸ਼ਾਇਦ 1984 ਤੋਂ ਬਾਅਦ ਦੀ ਹੈ। ਬਚਨਜੀਤ ਹੁਰਾਂ ਦੀ ਉਸ ਵੇਲੇ ਸੁਣੀ ਕਵਿਤਾ ਸ਼ਾਇਦ ਕੁਝ ਇਸ ਤਰ੍ਹਾਂ ਸੀ।

ਇਕ ਪਾਸੇ ਪੈਟਰੋਲ ’ਚ

ਦਿੱਲੀ ਬਲਦੀ ਰਹੀ

ਦੂਜੇ ਪਾਸੇ ਚੰਦਨ ਦੀ

ਖ਼ੁਸ਼ਬੋਈ ਹੈ।

ਜਦ ਵੀ ਸਾਡੇ ਪਿੰਡ ਤਾਰਾਗੜ੍ਹ ਵਿਖੇ ਡੈਡ ਦੇ ਦੋਸਤ ਜਸਬੀਰ ਭੁੱਲਰ, ਜੋਗਿੰਦਰ ਕੈਰੋਂ, ਕਿਰਪਾਲ ਕਜ਼ਾਕ ਆਉਂਦੇ ਤਾਂ ਅਸੀਂ ਉਨ੍ਹਾਂ ਦੀਆਂ ਗੱਲਾਂ ਬੜੇ ਉਚੇਚ ਨਾਲ ਸੁਣਦੇ। ਉਨ੍ਹਾਂ ਦੇ ਕਈ ਦੋਸਤ ਬੀਬਾ ਬਲਵੰਤ, ਡਾ. ਰਵਿੰਦਰ, ਪ੍ਰਮਿੰਦਰਜੀਤ, ਸੁਰਜੀਤ ਪਾਤਰ ਹੁਰਾਂ ਨੂੰ ਉਨ੍ਹਾਂ ਦੀਆਂ ਕਵਿਤਾਵਾਂ ਮੂੰਹ ਜ਼ਬਾਨੀ ਸੁਣਾਉਂਦੇ ਹੁੰਦੇ ਸੀ।

ਇਕ ਅਮੀਰੀ ਦਾ ਅਹਿਸਾਸ ਬਚਪਨ ਤੋਂ ਮੇਰੇ ਨਾਲ ਹੈ। ਇਸ ਅਮੀਰੀ ’ਚ ਉਹ ਸਬਕ ਹਨ ਜੋ ਡੈਡ ਨੇ ਮੈਨੂੰ ਗੱਲੀਬਾਤੀਂ ਦਿੱਤੇ ਤੇ ਕੁਝ ਇਬਾਰਤਾਂ ਵੀ ਜੋ ਜ਼ਿੰਦਗੀ ਦੇ ਸੱਚ ਨੂੰ ਸਮਝਾ ਦਿੰਦੀਆਂ ਹਨ।

- ਦੋਸਤੀ ਦੀ ਵਹੀ ’ਚ ਸਿਰਫ਼ ਦੇਣਾ ਹੀ ਹੁੰਦਾ ਹੈ। ਉੱਥੇ ਮੰਗਣ ਜਾਂ ਲੈਣ ਵਰਗੀ ਟਰਾਂਜੈਕਸ਼ਨ ਨਹੀਂ ਹੁੰਦੀ।

- ਮੁਹੱਬਤ ਦੇ ਦੀਵੇ ਭਾਵੇਂ ਬਾਰ੍ਹੀਂ ਕੋਹੀਂ ਬਲ਼ ਰਹੇ ਹੋਣ ਦੀ ਲੋਅ ਨਫ਼ਰਤ ਦੇ ਹਨੇਰਿਆਂ ਨੂੰ ਚੀਰਨ ਦੇ ਸਮਰੱਥ ਹੁੰਦੀ ਹੈ।

- ਸੂਰਜ ਨੂੰ ਮੁਹੱਬਤ ਕਰਨੀ ਬਹੁਤ ਚੰਗੀ ਗੱਲ ਹੈ ਪਰ ਸੂਰਜ ਦੀ ਗ਼ੈਰਹਾਜ਼ਰੀ ਵਿਚ ਦੀਵਾ ਬਾਲ ਲੈਣ ’ਚ ਵੀ ਕੋਈ ਹਰਜ਼ ਨਹੀਂ।

- ਜ਼ਿੰਦਗੀ ’ਚ ਜੁਗਾਲੀ ਕਰਨ ਵਰਗਾ ਕੁਝ ਨਹੀਂ ਹੁੰਦਾ। ਕੁਝ ਐਸਾ ਹੈ ਜੋ ਤੁਸੀਂ ਨਿਗਲਿਆ ਤੇ ਕੁਝ ਐਸਾ ਜੋ ਤੁਸੀਂ ਥੁੱਕ ਦਿੱਤਾ।

ਆਪਣੀ ਸਿਰਜਣ ਪ੍ਰਕਿਰਿਆ ਬਾਰੇ ਲਿਖਦਿਆਂ ਕਈ ਕੁਝ ਚੇਤਿਆਂ ਨਾਲ ਖਹਿ ਰਿਹਾ ਹੈ। ਕਿਤੇ ਬਚਪਨ ਦਾ ਘਰ... ਕਿਤੇ ਦਾਦੀ ਦੀਆਂ ਕਹਾਣੀਆਂ ਹਨ ਤੇ ਕਿਤੇ ਡੈਡ ਦਾ ਲਿਖਣ ਵਾਲਾ ਕਮਰਾ ਹੈ। ਖ਼ੈਰ... ਇਹ ਸਵਾਲ ਆਪਣੇ ਆਪ ਨੂੰ ਪਾਉਂਦੀ ਹਾਂ-ਮੈਂ ਕਿਉਂ ਤੇ ਕਿਵੇਂ ਲਿਖਦੀ ਹਾਂ?’ ਤਾਂ ਜਵਾਬ ਆਉਂਦਾ ਹੈ ਇਹਦੇ ਬਿਨਾਂ ਤੇਰਾ ਗੁਜ਼ਾਰਾ ਨਹੀਂ ਸੀ। ਵਾਕਿਆ ਹੀ ਮੇਰਾ ਗੁਜ਼ਾਰਾ ਨਹੀਂ ਸੀ। ਖਿੜੇ ਫੁੱਲਾਂ ਦੀ, ਮੁਰਝਾਏ ਪੱਤਿਆਂ ਦੀ, ਆਪਣੀ-ਆਪਣੀ ਲੀਲ੍ਹਾ ਹੈ। ਪਤਝੜ ’ਚ ਵੀ ਜੇ ਕੋਈ ਫੁੱਲ ਖਿੜ ਰਿਹਾ ਹੈ ਤਾਂ ਉਹਦੀ ਵੀ ਕੋਈ ਕਹਾਣੀ ਹੈ, ਬਹਾਰ ਰੁੱਤੇ ਵੀ ਜੇ ਪੱਤ ਕੁਮਲਾ ਰਹੇ ਹਨ ਤਾਂ ਉਨ੍ਹਾਂ ਦੀ ਵੀ ਕੋਈ ਗਾਥਾ ਹੈ। ਬਸ ਇਸ ਅਮਲ ਵਿਚ ਹੀ ਸਿਰਜਕ ‘ਸਮਝੋਂ ਪਰੇ’ ਦੀ ਸੋਚ ਨੂੰ ਲੱਭਣ ਤੁਰ ਪੈਂਦਾ ਹੈ। ਆਲੇ-ਦੁਆਲੇ ਵਾਪਰਦੀਆਂ ਕਈ ਹੋਣੀਆਂ ਸਹਿਜੇ ਹੀ ਪਚਾ ਲੈਂਦੀ ਸੀ ਤੇ ਕੁਝ ਅਣਹੋਣੀਆਂ ਜੋ ਹਜ਼ਮ ਯੋਗ ਨਹੀਂ ਹੁੰਦੀਆਂ ਉਨ੍ਹਾਂ ਦਾ ਖੁਰਾ ਖੋਜ ਲੱਭਣ ਤੁਰ ਪੈਂਦੀ ਸਾਂ। ਬਸ ਇਸੇ ਤਰ੍ਹਾਂ ਦੀ ਲੱਭਤ ਵਿੱਚੋਂ ਕਹਾਣੀਆਂ ਫੁੱਟਣ ਲੱਗਦੀਆਂ ਹਨ।

ਹੱਡਬੀਤੀ ਤੇ ਜੱਗਬੀਤੀ ਦੀ ਜ਼ਰਖੇਜ਼ ਧਰਤ ’ਚੋਂ ਹੀ ਰਚਨਾਵਾਂ ਪੁੰਗਰਦੀਆਂ ਹਨ। ਲੇਖਕ ਦੀ ਕਲਾਤਮਕ ਸਮਰੱਥਾ ਰਾਹੀਂ ਉਸ ਦੀ ਹੱਡਬੀਤੀ, ਜਗਬੀਤੀ ਤਕ ਫੈਲ ਜਾਂਦੀ ਹੈ ਤੇ ਜਗਬੀਤੀ ਨੂੰ ਲੇਖਕ ਆਪਣੇ ਹੱਡਾਂ ’ਤੇ ਹੰਢਾਅ ਕੇ ਜ਼ਿੰਦਗੀ ਦੇ ਸੱਚ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਸਿਰਜਣਾਤਮਕ ਪਲਾਂ ਦੌਰਾਨ ਮਨ ਹੌਲਾ ਵੀ ਹੁੰਦਾ ਹੈ ਤੇ ਇੰਜ ਭੋਗਦਾ ਹੈ ਜਿਵੇਂ ਤਪਦੀ ਰੂਹ ਨੂੰ ਆਰਾਮ ਮਿਲ ਗਿਆ ਹੋਵੇ।

ਡੈਡ ਦੇ ਲਿਖਣ ਕਮਰੇ ’ਚ ਜਗਜੀਤ ਸਿੰਘ ਦੀ ਆਵਾਜ਼ ਗੂੰਜਦੀ ਰਹਿੰਦੀ ਸੀ,‘ਯੇਹ ਮੇਰੇ ਖ਼ਾਬੋਂ ਕੀ ਦੁਨੀਆਂ ਨਾ ਸਹੀ ਲੇਕਿਨ ਅਬ ਆ ਗਿਆ ਹੂੰ, ਸੋਚਾ ਕਯਾਮ ਕਰਤਾ ਚਲੂੰ।’ ਇਸੇ ਤਰ੍ਹਾਂ ਲੇਖਕ ‘ਯੇਹ ਮੇਰੇ ਖਾਬੋਂ ਕੀ ਦੁਨੀਆਂ ਨਹੀਂ’ ਲੇਕਿਨ ਆਪਣੇ ਖਾਬਾਂ ਵਰਗੀ ਬਣਾਉਣਾ ਚਾਹੁੰਦਾ ਹੈ। ਇਸ ਧਰਤ ਨੂੰ ਰਹਿਣਯੋਗ ਬਣਾਉਣ ਦੀ ਲੋਚਾ ਰੱਖਦਾ ਹੈ। ਇਸ ਧਰਤ ਦੇ ਵਰਤਾਰੇ ਨਾਲ ਲੇਖਕ ਇਕ ਸੁਰ ਨਹੀਂ ਹੁੰਦਾ। ‘ਜੋ ਹੈ’ ਉਹ ਲੇਖਕ ਦੇ ਮਤਲਬ ਦਾ ਨਹੀਂ, ‘ਜੋ ਹੋਣਾ ਚਾਹੀਦਾ ਹੈ’ ਉਹ ਲੇਖਕ ਨੂੰ ਕਿਧਰੇ ਲੱਭਦਾ ਨਹੀਂ ਤੇ ਲੇਖਕ ‘ਜੋ ਹੋਣਾ ਚਾਹੀਦਾ ਹੈ’’ ਲਈ ਕਲਮ ਚੁੱਕਦਾ ਹੈ। ਉਹ ਆਪਣੀਆਂ ਲਿਖਤਾਂ ਰਾਹੀਂ ਆਪਣੀਆਂ ਸੋਚਾਂ ਦੇ ਹਾਣ ਦਾ ਅੰਬਰ ਸਿਰਜਦਾ ਹੈ। ਇਸੇ ਤਰ੍ਹਾਂ ਸਮਾਜ ’ਚ ਵਾਪਰ ਰਿਹਾ ਕੋਈ ਵੀ ਗ਼ਲਤ ਵਰਤਾਰਾ ਮੇਰੇ ਦਿਲ ’ਤੇ ਝਰੀਟ ਪਾ ਜਾਂਦਾ ਹੈ। ਬਹੁਤ ਕੁਝ ਕਹਿਣਾ ਚਾਹੁੰਦੇ ਹੋਏ ਵੀ ਬੋਲਿਆ ਨਹੀਂ ਜਾਂਦਾ। ‘ਤੁਮ ਅਕੇਲੇ ਦੁਨੀਆਂ ਸੇ ਲੜੋਗੇ, ਬੱਚੋਂ ਸੀ ਬਾਤੇਂ ਕਰਤੇ ਹੋ।’’ ਸਥਿਤੀ ’ਚ ਮੈਂ ਕਲਮ ਚੁੱਕਦੀ ਹਾਂ...ਤੇ ਫਿਰ ਦਿਲ ’ਤੇ ਪਈਆਂ ਝਰੀਟਾਂ ’ਚੋਂ ਹੀ ਕਹਾਣੀਆਂ ਫੁੱਟਦੀਆਂ ਹਨ। ਜੋ ਮੈਂ ਕਹਿਣਾ ਚਾਹੁੰਦੀ ਸੀ, ਮੇਰੇ ਪਾਤਰ ਕਹਿਣ ਲੱਗਦੇ ਹਨ ਤੇ ਉਹ ਦੁਨਿਆਵੀ ਰਿਸ਼ਤਿਆਂ ਨੂੰ ਸਵਾਲ ਕਰਦੇ ਹਨ। ਧਾਰਮਿਕ, ਰਾਜਨੀਤਕ ਰਹਿਬਰਾਂ ਨਾਲ ਦਸਤਪੰਜਾ ਲੈਂਦੇ ਹਨ।

ਲੇਖਕ ਦੀ ਸਿਰਜਣ ਪ੍ਰਕਿਰਿਆ ਨੂੰ ਕਿਉਂ ਤੇ ਕਿਵੇਂ ਪ੍ਰਸ਼ਨਾਂ ਰਾਹੀਂ ਸਮਝਿਆ ਜਾ ਸਕਦਾ ਹੈ। ਜਿੰਨੀ ਕੁ ਮੇਰੀ ਸਮਰੱਥਾ ਸੀ, ਕਿਉਂ ਦਾ ਜਵਾਬ ਦੇ ਦਿੱਤਾ ਹੈ। ਹੁਣ ਸਵਾਲ ਹੈ ਮੈਂ ਕਿਵੇਂ ਲਿਖਦੀ ਹਾਂ। ਅੰਮਿ੍ਰਤ ਵੇਲਾ ਮੇਰਾ ਲਿਖਣ ਵੇਲਾ ਹੈ... ਮਨ ’ਚ ਟਿਕਾਉ ਹੈ ਕੋਈ ਬਿਲਕੁਲ ਸ਼ਾਂਤ ਚਿੱਤ..ਫਿਰ ਉਸ ਵੇਲੇ ਕਦੇ-ਕਦੇ ਵਿਚਾਰਾਂ ਦਾ ਹੜ੍ਹ ਆਉਂਦਾ ਹੈ ਤੇ ਕਦੇ-ਕਦੇ ਔੜ ਲੱਗ ਜਾਂਦੀ ਹੈ। ਜਦ ਔੜ ਲੱਗਦੀ ਹੈ ਤਾਂ ਮੈਂ ਕੁਝ ਪੜ੍ਹਨ ਲੱਗਦੀ ਹਾਂ।

ਕਿਸੇ ਦੇ ਵਿਚਾਰ ਤੁਹਾਡੇ ਵਿਚਾਰਾਂ ਨੂੰ ਹੁਲਾਰਾ ਦੇਣ ਲੱਗਦੇ ਹਨ। ਤੇ ਜਦ ਵਿਚਾਰਾਂ ਦਾ ਹੜ੍ਹ ਆਉਂਦਾ ਹੈ ਤਾਂ ਕਹਾਣੀਆਂ ਦੇ ਪਾਤਰ ਮੇਰੇ ਨਾਲ ਆਢਾ ਲਾਉਣ ਲੱਗਦੇ ਹਨ ਤੇ ਕਈ ਆਗਿਆਕਾਰੀ ਬੱਚੇ ਵਾਂਗ ਜੋ ਮੈਂ ਕਹਿੰਦੀ ਹਾਂ... ਉਹ ਕਰੀ ਜਾਂਦੇ ਨੇ। ਪਰ ਆਢਾ ਲਾਉਣ ਵਾਲੇ ਪਾਤਰ ਮੈਨੂੰ ਚੰਗੇ ਲੱਗਦੇ ਹਨ। ਕਈ ਵਾਰ ਇਹੋ ਜਿਹੇ ਪਾਤਰ ਐਨੇ ਅੜਬੰਗ ਹੋ ਜਾਂਦੇ ਹਨ ਕਿ ਜਿਨ੍ਹਾਂ ਨੂੰ ਫੜਨ ਲੱਗਿਆਂ ਕਲਮ ਵੀ ਡੌਰ-ਭੌਰ ਹੋ ਜਾਂਦੀ ਹੈ। ਇਹ ਪਾਤਰ ਮੇਰੇ ਨਾਲ ਤੁਰਦੇ ਹਨ। ਬਿਲਕੁਲ ਲੋਕਗੀਤ ਦੇ ‘ਗਿਰਧਾਰੀ ਲਾਲ ਵਾਂਗਰਾਂ...। ਫਿਰ ਮੈਂ ਤੇ ਪਾਤਰ ਇਕਸੁਰ ਹੋਣ ਲੱਗਦੇ ਹਨ। ਉਹ ਮੇਰੀ ਮੰਨਣ ਲੱਗਦੇ ਹਨ ਤੇ ਮੈਂ ਉਨ੍ਹਾਂ ਦੀ ਮੰਨਣ ਲੱਗਦੀ ਹਾਂ। ਕਈ ਵਾਰ ਇਹ ਗੁਸੈਲ ਜਿਹੇ ਪਾਤਰ ਰੁਸ ਕੇ ਦੂਰ ਵੀ ਜਾ ਬੈਠਦੇ ਹਨ। ਮੈਂ ਉਨ੍ਹਾਂ ਨੂੰ ਭੱਜ ਕੇ ਆਪਣੇ ਗਲ ਨਾਲ ਲਾਉਂਦੀ ਹਾਂ ਤੇ ਕਹਿੰਦੀ ਹਾਂ ਮੇਰੇ ਪਿਆਰਿਉ! ਬਹੁਤੇ ਬਾਗ਼ੀ ਬਣਿਆਂ ਗੁਜ਼ਾਰਾ ਨਹੀਂ... ਬਹੁਤ ਸੱਚ ਇਸ ਦੁਨੀਆ ਦੇ ਹਲਕ ’ਚੋਂ ਨਹੀਂ ਲੰਘਣਾ...ਪਰ ਫਿਰ ਵੀ ਉਹ ਮੇਰੇ ਕੋਲੋਂ ਆਪਣੇ ਹਿੱਸੇ ਦਾ ਸੱਚ ਲਿਖਵਾ ਕੇ ਹੀ ਸਾਹ ਲੈਂਦੇ ਹਨ। ਜਿਵੇਂ ਰਬਾਬ ਦਾ ਰਬਾਬਜੀਤ ਮੇਰੇ ਨਾਲ ਕਈ ਵਾਰ ਰੁੱਸਿਆ ਤੇ ਇਸ ਰੋਸੇ ’ਚੋਂ ਹੀ ‘ਬਾਗ਼ੀ ਸੁਰ’ ਬੁਲੰਦ ਕਰਨ ਬਹਿ ਗਿਆ। ਫਿਰ ਉਹਨੂੰ ਆਪੇ ਹੀ ਮਹਿਸੂਸ ਹੋਇਆ ਕਿ ਇਹੋ ਜਿਹੇ ਖਰਵੇ ਬੋਲ, ਉੱਚੇ ਬੋਲ ‘ਮਰਦਾਨੇ ਦੀ ਰਬਾਬ’ ਦੇ ਮੇਚ ਨਹੀਂ। ਉਸ ਇਹ ਜੰਗ ਸੁਰਾਂ ਨਾਲ ਹੀ ਜਿੱਤਣੀ ਹੈ। ਇਹ ਵੀ ਮਹਿਸੂਸ ਕੀਤਾ ਕਿ ਮੇਰੀਆਂ ਕਹਾਣੀਆਂ ਦੇ ‘ਔਰਤ ਪਾਤਰ’ ਮਰਦ ਪਾਤਰਾਂ ਨਾਲੋਂ ਵਧੇਰੇ ਮਜ਼ਬੂਤ ਹਨ। ਸ਼ਾਇਦ ਮੇਰੇ ਅੰਦਰ ਖੱਬੇ ਪਾਸੇ ਬੈਠੀ ਔਰਤ ਨੇ ਹੀ ਸਮਝਾਇਆ ਹੈ ਕਿ ਮਰਦ ਸਰੀਰਕ ਤੌਰ ’ਤੇ ਬਲਵਾਨ ਹੈ ਤੇ ਔਰਤ ਮਾਨਸਿਕ ਤੌਰ ’ਤੇ ਮਜ਼ਬੂਤ ਹੈ। ਇਹੋ ਜਿਹੀ ਸਿਰਜਤ ਮਜ਼ਬੂਤ ਔਰਤ ਆਪਣੇ ਵਜੂਦ ਦੀ ਸ਼ਨਾਖ਼ਤ ਕਰਦਿਆਂ ਹੋਇਆਂ ਜੀਣ ਦਾ ਸੁਨੇਹਾ ਦਿੰਦੀਆਂ ਹਨ।

‘ਆਪਣੇ ਆਪਣੇ ਮਰਸੀਏ’ ਮੇਰੀ ਪਲੇਠੀ ਕਿਤਾਬ ਪਿਛਲੇ ਸਾਲ ਪ੍ਰਕਾਸ਼ਤ ਹੋਈ। ਉਸ ਕਿਤਾਬ ਨੂੰ ਪਾਠਕਾਂ ਨੇ ਮਣਾਂਮੂੰਹੀ ਪਿਆਰ ਦਿੱਤਾ। ਡਾ. ਬਲਦੇਵ ਸਿੰਘ ਧਾਲੀਵਾਲ ਹੁਰਾਂ ਇਸ ਕਿਤਾਬ ਬਾਰੇ ਆਪਣੀ ਰਾਇ ਦਿੰਦੇ ਹੋਏ ਲਿਖਦੇ ਹਨ,‘ਸਰਘੀ ਦੀ ਗਲਪੀ ਸਮਰੱਥਾ ਸਭ ਤੋਂ ਵੱਧ ਇਸ ਗੱਲ ਨਾਲ ਉਜਾਗਰ ਹੋਈ ਹੈ ਕਿ ਉਸ ਨੇ ਪੰਜਾਬੀ ਨਾਰੀਵਾਦ ਨੂੰ ਨਵਾਂ ਮੁਹਾਂਦਰਾ ਦੇਣ ਵਿਚ ਆਪਣਾ ਨਿੱਗਰ ਯੋਗਦਾਨ ਪਾਇਆ ਹੈ।’’ ਪ੍ਰੇਮ ਪ੍ਰਕਾਸ਼ ਹੁਰੀਂ ਜਦ ਵੀ ਕੋਈ ਕਹਾਣੀ ਛਪਦੀ ਹੈ ਤਾਂ ਫੋਨ ਦੀ ਘੰਟੀ ਖੜਕਾ ਕਹਿੰਦੇ ਹਨ,‘ਕਹਾਣੀ ਸੋਹਣੀ ਹੈ ਤੇਰੀ।’ ਤੇ ਮੈਂ ਉਨ੍ਹਾਂ ਦੇ ਸ਼ਬਦ ਦੁਹਰਾਉਂਦੀ ਹਾਂ। ਕਈ ਵਾਰ ਸੋਹਣੀ ਲਿਖ ਹੋ ਜਾਂਦੀ ਹੈ ਕਹਾਣੀ।’’ ਤੇ ਮੇਰੇ ਕੋਲੋਂ ਜੋ ਵੀ ਅੱਖਰ ਲਿਖੇ ਗਏ ਉਨ੍ਹਾਂ ਨੇ ਮੈਨੂੰ ਮਾਣ ਕਰਨ ਯੋਗ ਦੋਸਤੀਆਂ ਨਿਵਾਜੀਆਂ, ਸੱਤ ਸਮੁੰਦਰੋਂ ਪਾਰ ਇਨ੍ਹਾਂ ਕਹਾਣੀਆਂ ਦੇ ਅੱਖਰ ਗੁਰਮੀਤ ਪਨਾਗ, ਹਰਕੀਰਤ ਚਾਹਲ, ਸੁਰਜੀਤ ਕੌਰ, ਪ੍ਰੇਮ ਮਾਨ, ਅਜੈ ਤਨਵੀਰ, ਰਾਣੋ ਨਾਲ ਦੋਸਤੀ ਦੀ ਗੰਢ ਪੀਡੀ ਕਰ ਆਏ।

‘ਹੌਲੀਡੇ ਵਾਈਫ’ ਕਹਾਣੀ ਪੜ੍ਹ ਪ੍ਰੇਮ ਗੋਰਖੀ ਹੁਰਾਂ ਖ਼ਤ ਲਿਖਿਆ ਸੀ ‘ਤੂੰ ਸਾਡੇ ਯਾਰ ਨੂੰ ਮਰਨ ਨਹੀਂ ਦਿੱਤਾ।’’ ‘ਰਬਾਬੀ’ ਕਹਾਣੀ ਪੜ੍ਹ ਕੇ ਸਤੀਸ਼ ਵਰਮਾ ਹੁਰਾਂ ਲਿਖ ਭੇਜਿਆ ਸੀ,‘ਵਾਹ! ਤੇਰੀ ਇਕੋ ਕਹਾਣੀ ਲੱਖ ਵਰਗੀ। ਰੂਹ ਦਾ ਰੱਜ ਆ ਗਿਆ... ਅੱਜ ਸਾਡਾ ਵੀਰ ਦਲਬੀਰ ਜਿਉਂਦਾ ਹੁੰਦਾ ਤਾਂ ਉਹ ਕੂਕ-ਕੂਕ ਕਹਿੰਦਾ,‘ਵੇਖੋ ਲੋਕੋ ਮੇਰੀ ਧੀ ਮੈਨੂੰ ਵੀ ਉਲੰਘ ਗਈ ਏ।’’

ਮੇਰੇ ਡੈਡ ਆਪਣੀਆਂ ਰਚਨਾਵਾਂ ਕਰ ਕੇ ਹਮੇਸ਼ ਜ਼ਿੰਦਾ ਰਹਿਣਗੇ। ਪਰ ਜਦ ਕੋਈ ਮੇਰੇ ਰਾਹੀਂ ਉਨ੍ਹਾਂ ਨੂੰ ਯਾਦ ਕਰਦੈੇ ਤਾਂ ਅੱਖ ਭਰ ਆਉਂਦੀ ਹੈ। ਇਹੋ ਜਿਹੇ ਵੇਲੇ ਮੇਰਾ ਜੀਅ ਕਰਦਾ ਹੈ, ਉਨ੍ਹਾਂ ਦੇ ਗਲ਼ ਲੱਗ ਆਖਾਂ।

‘ਮੁਝ ਮੇਂ ਜੋ ਕੁਝ ਅੱਛਾ ਹੈ, ਸਭ ਉਸਕਾ ਹੈ

ਮੇਰਾ ਜਿਤਨਾ ਚਰਚਾ ਹੈ,

ਵੋ ਉਸਕਾ ਹੈ।

ਮੇਰੀ ਆਂਖੇ ਉਸਕੇ ਨੂਰ ਸੇ ਰੋਸ਼ਨ ਹੈ

ਮੈਨੇ ਜੋ ਕੁਝ ਦੇਖਾ ਹੈ,

ਸਭ ਉਸਕਾ ਹੈ।

- ਸਰਘੀ

Posted By: Harjinder Sodhi