ਅਖਾੜਾ ਪੂਰਾ ਮਘਿਆ ਹੋਇਆ ਸੀ, ਕਈ ਭਲਵਾਨ, ਲੰਗੋਟੇ ਲਾ ਕੇ ਕੁਸ਼ਤੀ ਲੜਨ ਲਈ ਹਾਲੇ ਡੰਡ ਬੈਠਕਾਂ ਕੱਢ ਕੇ, ਤਿਆਰ ਹੋ ਰਹੇ ਸਨ ਅਤੇ ਕਈ ਛੋਟੇ-ਮੋਟੇ ਪਹਿਲਵਾਨ ਕੁਸ਼ਤੀ ‘ਲੜ’ ਵੀ ਚੁੱਕੇ ਸਨ।ਅਖੀਰਲੀ ਕੁਸ਼ਤੀ ਦੇ, ਵੱਡੀ ਝੰਡੀ ਵਾਲੇ ਦੋਵੇਂ ਪਹਿਲਵਾਨ ਕੁਸ਼ਤੀ ਲੜਨ ਤੋਂ ਪਹਿਲਾਂ, ਦੋ ਢੋਲੀਆਂ ਨੂੰ ਆਪਣੇ ਨਾਲ ਲੈ ਕੇ, ਦਰਸ਼ਕਾਂ ਦੇ ਘੇਰੇ ਕੋਲ ਦੀ ਗੇੜਾ ਕੱਢ ਰਹੇ ਸਨ। ਦੂਰੋਂ ਨੇੜਿਓਂ, ਅਨੇਕਾਂ ਪਿੰਡਾਂ ਤੋਂ, ਛਿੰਝ ਦੇਖਣ ਆਏ ਲੋਕ, ਭਲਵਾਨਾਂ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕਰਦੇ ਹੋਏ, ਦਸ, ਵੀਹ, ਪੰਜਾਹ ਤੇ ਸੌ ਰੁਪਏ ਦੇ ਕੇ ਕੁਸ਼ਤੀ ਲੜਨ ਲਈ, ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਸਨ, ਫੇਰ ਵੀ ਉਨ੍ਹਾਂ ਭਲਵਾਨਾਂ ਨਾਲ ਘੁੰਮ ਰਹੇ ਦੋਵੇਂ ਢੋਲੀ, ਡੱਗੇ ਤੇ ਡੱਗਾ ਮਾਰਦੇ ਹੋਏ, ਦਰਸ਼ਕਾਂ ਨੂੰ ਕਹਿ ਰਹੇ ਸਨ, ਖੁੱਲ੍ਹ ਕੇ ਕਰੋ ਭਾਈ ਮਾਣ-ਤਾਣ ਭਲਵਾਨਾਂ ਦਾ ਖੁੱਲ੍ਹਕੇ, ਇਉਂ ਕਹਿੰਦੇ ਹੋਏ ਉਹ ਅੱਗੇ ਨਿਕਲ ਗਏ। ਝੰਡੀ ਵਾਲੇ ਪਹਿਲਵਾਨਾਂ ਦੇ ਲੰਘਣ ਤੋਂ ਬਾਅਦ, ਭੀੜ ਵਿੱਚ ਆ ਕੇ ਖੜ੍ਹੇ ਇਕ ਬਜ਼ੁਰਗ ਪਹਿਲਵਾਨ ਗੁਰਮੇਲ ਮੇਲੀ ਦੀਆਂ ਨਜ਼ਰਾਂ ਕਰਤਾਰ ਸਿਹੁੰ ਭਲਵਾਨ ਨੂੰ ਲੱਭਣ ਲੱਗੀਆਂ। ਆਸੇ ਪਾਸੇ ਦੇਖਣ ਤੋਂ ਪਿੱਛੋਂ, ਮੇਲੀ ਨੂੰ ਕਰਤਾਰ ਸਿਹੁੰ ਸਾਹਮਣੀ ਸਟੇਜ ’ਤੇ ਬੈਠਾ ਨਜ਼ਰੀਂ ਪਿਆ। ਉਹ ਕਰਤਾਰ ਸਿਹੁੰ ਨੂੰ ਦੇਖਦੀ ਸਾਰ, ਉਸ ਨੂੰ ਮਿਲਣ ਲਈ ਅਖਾੜੇ ਵਿੱਚਦੀ ਹੀ ਸਟੇਜ ਵੱਲ ਨੂੰ ਹੋ ਤੁਰਿਆ।

ਮੇਲੀ ਸੱਜੇ ਹੱਥ ਨਾਲ ਆਪਣੇ ਚਾਦਰੇ ਦੀ ਕੰਨੀ ਫੜੀ, “ਛਿੰਝ ਦੇ ਕੜੇ’’ ਵਿੱਚਦੀ ਸਿੱਧਾ ਸਟੇਜ ਨੂੰ ਨਿਕਲ ਰਿਹਾ ਸੀ ਕਿ ਉਸਦੇ ਜਾਣ ਪਛਾਣ ਵਾਲੇ ਕਈ ਪਹਿਲਵਾਨ, ਉਸ ਨੂੰ ਅਖਾੜੇ ਵਿੱਚ ਦੀ ਤੁਰੇ ਜਾਂਦੇ ਨੂੰ ਦੇਖਕੇ ਹੱਥ ਖੜ੍ਹਾ ਕਰ, ਸਤਿ ਸ੍ਰੀ ਆਕਾਲ ਬੁਲਾ ਰਹੇ ਸਨ ਅਤੇ ਛੋਟੀ ਉਮਰ ਦੇ ਮੁੰਡੇ ਉਸ ਵੱਲ ਨੂੰ ਭੱਜ ਕੇ ਆਉਂਦੇ, ਉਸ ਦੇ ਗੋਡੀ ਹੱਥ ਲਾ ਕੇ ਅਸ਼ੀਰਵਾਦ ਲੈਂਦੇ, ਤੇ ਵਾਪਸ ਆਪਣੀ ਥਾਂ ਉੱਤੇ ਆ ਬੈਠਦੇ। ਸਟੇਜ ’ਤੇ ਬੈਠੇ ਕਰਤਾਰ ਸਿਹੁੰ ਨੇ ਵੀ ਅਖਾੜੇ ’ਚ ਤੁਰੇ ਆਉਂਦੇ ਮੇਲੀ ਦੀ ਦੂਰੋਂ ਹੀ ਤੋਰ ਪਛਾਣ ਲਈ, ਉਹ ਆਪਣੀ ਕੁਰਸੀ ਤੋਂ ਉਠ ਖੜ੍ਹਾ ਹੋਇਆ ਅਤੇ ਅਗਲੇ ਪਲ ਸਟੇਜ ਤੋਂ ਥੱਲੇ ਉਤਰ, ਅੱਗੇ ਹੋ ਕੇ ਮੇਲੀ ਨੂੰ ਜੱਫੀ ਪਾ ਕੇ ਮਿਲਿਆ।

ਉਨ੍ਹਾਂ ਨੂੰ ਜੱਫੀ ਪਾਈ ਖੜ੍ਹਿਆ ਨੂੰ ਦੇਖ ਕੇ, ਸਟੇਜ ਸੈਕਟਰੀ ਦਰਸ਼ਕਾਂ ਨੂੰ ਸੰਬੋਧਨ ਹੋਇਆ, ‘ਦੋਸਤੋ, ਏਧਰ ਆਪਸੀ ਪ੍ਰੇਮ ਪਿਆਰ ਵਾਲੀ ਕੁਸ਼ਤੀ ਵੀ ਦੇਖੋ, ਅਸੀਂ ਆਪਣੀ ਕਮੇਟੀ ਵੱਲੋਂ ਰੁੜਕੀਓ ਚੱਲ ਕੇ ਆਏ “ਮੇਲੀ’’ ਭਲਵਾਨ ਜੀ ਨੂੰ “ਜੀ ਆਇਆਂ ਨੂੰ’’ ਆਖਦੇ ਹਾਂ ਜੀ, ਦੋਵੇਂ ਮਿੱਤਰ ਸਟੇਜ ’ਤੇ ਪਧਾਰੋ, ਤੁਹਾਡਾ ਸੁਆਗਤ ਹੈ।’’ ਵਿੱਚ-ਵਿੱਚ ਕੁਸ਼ਤੀਆਂ ਦਾ ਦੌਰ ਚੱਲ ਰਿਹਾ ਸੀ, ਨਵੇਂ ਪੁਰਾਣੇ ਭਲਵਾਨ ਆਪੋ ਆਪਣੀ ਸਮਰੱਥਾ ਮੁਤਾਬਕ ਆਪਣੀ ਤਾਕਤ ਦੇ ਜੌਹਰ ਦਿਖਾ ਰਹੇ ਸਨ।

ਸਟੇਜ ਸੈਕਟਰੀ ਫੇਰ ਬੋਲਿਆ, ‘ਦੋਸਤੋ, ਕਿਸੇ ਸਮੇਂ ਗੁਰਮੇਲ ਮੇਲੀ ਭਲਵਾਨ ਅਤੇ ਕਰਤਾਰ ਸਿਹੁੰ ਦਾ ਆਪਸ ਵਿੱਚ ਬੜਾ ਤਕੜਾ ਜੱਫਾ ਪੈਂਦਾ ਹੁੰਦਾ ਸੀ, ਦੋਵੇਂ ਮੱਲ ਅਨੇਕਾਂ ਅਖਾੜਿਆਂ ਵਿੱਚ ਘੁਲਦੇ ਰਹੇ ਸਨ, ਪਰ ਢਿਹਾ ਦੋਹਾਂ ਜਣਿਆਂ ਵਿੱਚੋਂ ਕਦੇ ਕੋਈ ਵੀ ਨਹੀਂ ਸੀ। ਕਰਤਾਰ ਸਿਹੁੰ ਘੁਲਦੇ ਘੁਲਦੇ ਮੇਲੀ ਨੂੰ ਅਕਸਰ ਕਹਿੰਦਾ ਹੁੰਦਾ, ‘ਮੇਲੀਆ ਜਿੱਦਣ ਤੈਥੋਂ ਢਹਿ ਗਿਆ ਨਾ, ਤਾਂ ਤੂੰ ਸਮਝ ਲੈ ਓਦਣੇ ਘੁਲਣਾ ਬੰਦ।’

ਅੱਗੋਂ ਇਹੀ ਬੋਲ ਮੇਲੀ ਦੇ ਵੀ ਹੁੰਦੇ। ਦੋਹਾਂ ਜਣਿਆਂ ਦੀ ਜੱਟਾਂ ਵਾਲੀ ਅੜੀ ਪੱਕੀ ਰਹੀ। ਦੋਹਾਂ ਜਣਿਆਂ ਨੂੰ ਜਦੋਂ ਅਖਾੜੇ ਵਿੱਚ ਕੁਸ਼ਤੀ ਲੜਦੇ ਹੋਏ, ਬਹੁਤ ਸਮਾਂ ਲੰਘ ਜਾਣਾ ਤਾਂ ਦਰਸ਼ਕਾਂ ਦੇ ਕਹਿਣ ਤੇ ਦੋਵਾਂ ਜਣਿਆਂ ਨੂੰ ਥਾਪੀ ਦੇ ਕੇ ਪਰ੍ਹੇ ਪਰ੍ਹੇ ਕਰਿਆ ਜਾਂਦਾ ਅਤੇ ਇਨਾਮ ਬਰਾਬਰ ਵੰਡ ਦਿੱਤਾ ਜਾਂਦਾ।

ਅਨੇਕਾਂ ਛਿੰਝਾਂ ਉੱਤੇ ਜਦੋਂ ਦੋਵੇਂ ਹੋਰਨਾਂ ਭਲਵਾਨਾਂ ਵਾਂਗ ਕਿਸੇ ਵੀ ਆਪਸੀ ਸਮਝੌਤੇ (ਮਿਲੀ ਭੁਗਤ) ਉੱਤੇ ਇੱਕ ਦੂਜੇ ਤੋਂ ਢਹਿਣ ਲਈ ਤਿਆਰ ਨਾ ਹੋਏ ਤਾਂ ਇਨ੍ਹਾਂ ਆਪਸ ਵਿੱਚੀਂ ਕੁਸ਼ਤੀ ਲੜਨ ਦੀ ਅੜੀ ਛੱਡ ਕੇ “ਆੜੀ’’ ਪਾ ਲਈ। ਫਿਰ ਇੱਕ ਦਿਨ ਕਰਤਾਰ ਸਿਹੁੰ ਨੇ ਕਿਹਾ, ‘ਵਥੇਰਾ ‘ਘੁਲ’ ਲਿਆ ਮੇਲੀਆ ਹੁਣ, ਯਾਰਾ ਹੁਣ ਅਖਾੜਿਆਂ ਵਿੱਚ ਘੁਲਣ ਨਹੀਂ, ਦਰਸ਼ਕ ਬਣ ਕੇ ਆਇਆ ਕਰਾਂਗੇ, ਫਿਰ ਦੋਵੇਂ ਇਕ ਦੂਜੇ ਨਾਲ ਸਹਿਮਤ ਹੋ ਕੇ ਕੁਸ਼ਤੀ ਲੜਨੀ ਛੱਡ ਗਏ, ਉਸ ਦਿਨ ਦੀ ਆਖ਼ਰੀ ਕੁਸ਼ਤੀ ਵੇਲੇ, ਇਨ੍ਹਾਂ ਇਹ ਗੱਲ ਸਟੇਜ ਸੈਕਟਰੀ ਨੂੰ ਦੱਸ ਕੇ, ਸਾਰੇ ਦਰਸ਼ਕਾਂ ਵਿੱਚ ਕਹਾ ਵੀ ਦਿੱਤੀ ਸੀ। ਦੇਖੋ ਅੱਜ ਇਹ ਦੋਵੇਂ ਜਣੇ ਦਰਸ਼ਕ ਬਣ ਕੇ ਹੀ ਆਏ ਨੇ, ਇਨ੍ਹਾਂ ਦੇ ਨਾਂ ਦੀਆਂ ਤਾੜੀਆਂ ਹੋ ਜਾਣ ਕੇਰਾਂ... ਸੈਕਟਰੀ ਇਹ ਗੱਲ ਦੱਸਦਾ ਹੋਇਆ, ਦੂਸਰੇ ਭਲਵਾਨਾਂ ਦੀ ਸ਼ੁਰੂ ਹੋਣ ਜਾ ਰਹੀ ਨਵੀਂ ਕੁਸ਼ਤੀ ਦੀ ਦਰਸ਼ਕਾਂ ਨਾਲ ਜਾਣ ਪਛਾਣ ਕਰਵਾਉਣ ਲੱਗ ਪਿਆ ਸੀ।

ਅੱਜ ਸਟੇਜ ਉੱਤੇ ਲੱਗੀਆਂ ਕੁਰਸੀਆਂ ’ਤੇ ਦੋਵੇਂ ਪਹਿਲਵਾਨ ਬੈਠੇ ਨਵੇਂ ਪੁਰਾਣੇ ਪਹਿਲਵਾਨ ਮੁੰਡਿਆਂ ਦੇ ਦਾਅ ਪੇਚ ਦੇਖਣ ਲੱਗੇ। ਕਈ ਮੱਲਾਂ ਦੇ ਪਿੰਡਿਆਂ ਨੂੰ ਤਾਂ ਮਿੱਟੀ ਤਕ ਵੀ ਨਹੀਂ ਸੀ ਲੱਗਦੀ, ਜਦੋਂ ਦੂਜਾ ‘ਮੱਲ੍ਹ’ ਦੂਜੇ ਭਲਵਾਨ ਦਾ ਮਿੰਟਾਂ ਸੈਕਿੰਡਾਂ ਵਿਚ ਹੀ ਘੋਗਾ ਚਿੱਤ ਕਰ ਦਿੱਤਾ। ਦੋ ਦੋ, ਚਾਰ-ਚਾਰ ਮਿੰਟਾਂ ਵਾਲੀਆਂ ਕੁਸ਼ਤੀਆਂ ਦੇਖ ਕੇ ਮੇਲੀ ਕਹਿਣ ਲੱਗਿਆ ਕਿ ਲੈ ਦੇਖ ਲੈ ਕਰਤਾਰ ਸਿੰਹਾਂ, ਅੱਜ ਕੱਲ੍ਹ ਦੀਆਂ ਕੁਸ਼ਤੀਆਂ, ਜਦੋਂ ਆਪਾਂ ਘੁਲਦੇ ਹੁੰਦੇ ਸਾਂ ਤਾਂ ਘੰਟਿਆਂ ਬੱਧੀ ਸਾਹੋ ਸਾਹੀ ਹੋਏ ਰਹਿਣਾ, ਦਰਸਕਾਂ ਨੇ ਤਾੜੀਆਂ ਤੇ ਤਾੜੀਆਂ ਮਾਰੀ ਜਾਣੀਆਂ, ਸ਼ਾਬਾਸ਼, ਸ਼ਾਬਾਸ਼ ਕਰੀ ਜਾਣਾ, ਹੁਣ ਤਾਂ ਕਿਸੇ ਨੂੰ ਤਾੜੀਆਂ ਵੀ ਨਹੀਂ ਮਾਰਨ ਦਿੰਦੇ ਮੁੰਡੇ, ਝੱਟ ਦੀ ਪਟੱਕ ਆਰ-ਪਾਰ ਦਾ ਫ਼ੈਸਲਾ ਕਰ ਦਿੰਦੇ ਨੇ। ਮੇਲੀ ਅਜੇ ਕਰਤਾਰ ਸਿਹੁੰ ਨਾਲ ਇਹ ਗੱਲ ਕਰ ਹੀ ਰਿਹਾ ਸੀ ਕਿ ਸਟੇਜ ਸੈਕਟਰੀ ਨੇ ਬੜੇ ਮਾਣ ਨਾਲ ਕਰਤਾਰ ਸਿਹੁੰ ਪਹਿਲਵਾਨ ਦਾ ਨਾਂ ਲੈ ਕੇ ਕਿਹਾ, ਇਨ੍ਹਾਂ ਦਾ ਪੋਤਰਾ ਨਵਜੋਤ ਸਿੰਘ ਅੱਜ ਪਹਿਲੀ ਵਾਰ ਅਖਾੜੇ ਵਿੱਚ ਆਪਣੀ ਕੁਸ਼ਤੀ ਦੇ ਕਰਤੱਵ ਦਿਖਾਏਗਾ। ਇਹ ਗੱਲ ਸੁਣ ਕੇ “ਮੇਲੀ’’ ਨੇ ਕਰਤਾਰ ਸਿਹੁੰ ਦੇ ਹੱਥ ’ਤੇ ਹੱਥ ਮਾਰਿਆ, ‘ਵਾਹ ਬਈ ਵਾਹ ਜੋਤ ਨੂੰ ਵੀ ਘੁਲਣ ਲਾ ਦਿੱਤੈ, ਤੂੰ ਦੱਸਿਆ ਈ ਨਹੀਂ ਕਦੀ ਯਾਰਾ?’

ਬਸ ਦੱਸਣਾ ਕੀ ਸੀ, ਏਨੇ ਸਾਲਾਂ ’ਚ ਆਪਣਾ ਮੇਲ ਹੀ ਨਹੀਂ ਹੋਇਆ ਕਦੀ, ਇਹੇ ਦੋ ਕੁ ਸਾਲ ਪਹਿਲਾਂ ਇਕ ਦਿਨ ਮੈਨੂੰ ਆ ਕੇ ਕਹਿਣ ਲੱਗਾ, ਦਾਦਾ ਜੀ ਮੈਨੂੰ ਵੀ ਆਪਣੇ ਵਾਲੇ ਸਾਰੇ ਦਾਅ ਪੇਚ ਸਿਖਾਉ, ਮੈਂ ਤੁਹਾਡੀ ਪਾਈ ਹੋਈ ਲੀਹ ਨੂੰ ਚਲਦੀ ਰੱਖ ਕੇ ਇਸ ਨੂੰ ਖ਼ਾਨਦਾਨੀ ਬਣਾ ਦੇਵਾਂਗਾ, ਸਹੁਰੀ ਦਾ ਰੋਜ਼-ਰੋਜ਼ ਅਖਾੜੇ ਵਿੱਚ ਆ ਬੈਠਦਾ, ਜਿਹੜੇ ਮੁੰਡੇ ਮੇਰੇ ਕੋਲ ਜ਼ੋਰ ਕਰਨ ਆਉਂਦੇ, ਉਨ੍ਹਾਂ ਨੂੰ ਦੇਖਦਾ ਰਹਿੰਦਾ, ਆਖ਼ਿਰ ਪੜ੍ਹਨੋਂ ਵੀ ਹਟ ਗਿਆ, ਜਦੋਂ ਮੈਨੂੰ ਇਸ ਦੇ ਪੜ੍ਹਾਈ ਛੱਡਣ ਦਾ ਪਤਾ ਲੱਗਿਆ, ਫਿਰ ਮੈਂ ਇਸ ਨੂੰ ਕਿਹਾ ਕਿ ਜੇਕਰ ਤੂੰ ਸਕੂਲ ਵੀ ਨਹੀਂ ਜਾਣਾ ਤਾਂ ਫਿਰ ਸਿੱਧਾ ਹੋ ਕੇ ਆ ਜਾ ਅਖਾੜੇ ਵਿੱਚ ਜਾਂ ਫਿਰ ਆਪਣੀ ਪੜ੍ਹਾਈ ਚਿੱਤ ਲਾ ਕੇ ਪੜ੍ਹ, ਪਰ ਇਹ ਤਾਂ ਜਿਵੇਂ ਇਸ ਗੱਲ ਨੂੰ ਉਡੀਕਦਾ ਹੀ ਸੀ, ਉਦੋਂ ਦਾ ਹੁਣ ਐ ਰੋਜ਼ ਘੁਲਦੈ, ਹਾਲੇ ਤਕ ਆਪਣੇ ਵਾਲੀ ਸਰਦਾਰੀ ਕਾਇਮ ਰੱਖੀ ਹੋਈ ਐ, ਸਭ ਦਾਅ ਪੇਚ ਸਿਖਾਏ ਨੇ ਇਸ ਨੂੰ, ਤੂੰ ਕੁਸ਼ਤੀ ਦੇਖੀ ਮੁੰਡੇ ਦੀ...?’ ਇਉਂ ਕਹਿ ਕੇ ਕਰਤਾਰ ਸਿਹੁੰ ਨੇ ਆਪਣੀਆਂ ਮੁੱਛਾਂ ’ਤੇ ਹੱਥ ਫੇਰਿਆ ਕਿ ਏਨੀ ਦੇਰ ਵਿੱਚ ਜੋਤ ਬਿਜਲੀ ਦੇ ਚਮਕਾਰੇ ਵਾਂਙੂ ਜ਼ਮੀਨ ਨੂੰ ਹੱਥ ਲਾ ਕੇ ਥਾਪੀਆਂ ਮਾਰਦਾ ਹੋਇਆ ਅਖਾੜੇ ਵਿੱਚ ਆ ਖੜਿਆ।

“ਮੇਲੀ’’ ਨੇ ਜੋਤ ਨੂੰ ਅੱਜ ਕਈ ਸਾਲਾਂ ਬਾਅਦ ਦੇਖਿਆ ਸੀ, ਮੁੰਡਾ ਦੇਖਣ ਪਾਖਣ ਨੂੰ ਚੁਸਤ ਦਰੁਸਤ ਅਤੇ ਫੁਰਤੀਲਾ ਲੱਗ ਰਿਹਾ ਸੀ, ਦੂਜੇ ਪਾਸੇ ਜੋਤ ਨਾਲ ਘੁਲਣ ਵਾਲਾ ਇਕ ਮਾੜਚੂ ਜਿਹਾ ਮੁੰਡਾ ਵੀ ਥਾਪੀ ਮਾਰ ਕੇ ਮੈਦਾਨ ਵਿਚ ਆ ਖੜ੍ਹਿਆ। ਉਨ੍ਹਾਂ ਵਿਚਕਾਰ ਖੜੇ੍ਹ ਰੈਫਰੀ ਨੇ ਦੋਹਵਾਂ ਭਲਵਾਨਾਂ ਦੀਆਂ ਬਾਹਵਾਂ ਖੜ੍ਹੀਆਂ ਕਰ ਕੇ, ਲੋਕਾਂ ਨੂੰ ਉਨ੍ਹਾਂ ਦੀ ਜਾਣ ਪਛਾਣ ਕਰਵਾਈ, ਇਹੇ ਨਵਜੋਤ ਸਿੰਘ ਇਸੇ ਪਿੰਡ ਤੋਂ ਕਰਤਾਰ ਸਿਹੁੰ ਦਾ ਹੋਣਹਾਰ ਪੋਤਰਾ ਅਤੇ ਇਹ ਮੁੰਡਾ ਖੇੜਿਆਂ ਤੋਂ ਬਾਬੇ ਬੂਟੇ ਦੇ ਅਖਾੜੇ ਦਾ ਚੋਬਰ ਪਹਿਲਵਾਨ ਤਰਸੇਮ ਸੇਮਾ, ਰੈਫਰੀ ਨੇ ਉਸ ਦੇ ਕਮਜ਼ੋਰ ਜਿਹੇ ਸਰੀਰ ਨੂੰ ਦੇਖਦੇ ਹੋਏ ਜਿਵੇਂ ਉਸ ਉੱਤੇ ਵਿਅੰਗ ਕੱਸਿਆ ਹੋਵੇ। ਰੈਫਰੀ ਦੇ ਇਉਂ ਕਹਿਣ ਦੀ ਦੇਰ ਸੀ ਕਿ ਦੋਵੇਂ ਮੁੰਡਿਆਂ ਨੇ ਇੱਕ ਦੂਜੇ ਦੇ ਪਿੰਡਿਆਂ ਨੂੰ ਮਿੱਟੀ ਮਲ ਕੇ ਅੱਖ ਝਪਕੇ ਨਾਲ ਕੁਸ਼ਤੀ ਲੜਨੀ ਸ਼ੁਰੂ ਕਰ ਦਿੱਤੀ, ਇੱਕ ਦਾਅ ਜੋਤ ਮਾਰਦਾ ਅਤੇ ਦੂਜਾ ਦਾਅ ਸੇਮਾ। ਦੋਵੇਂ ਇੱਕ ਦੂਜੇ ਦੀ ਪਿੱਠ ਲਾਉਣ ਲਈ ਤਰਲੋ ਮੱਛੀ ਹੋ ਗਏ, ਆਲੇ ਦੁਆਲਿਓਂ ਸ਼ਾਬਾਸ਼ ਬਈ ਸ਼ਾਬਾਸ਼ ਜਵਾਨਾਂ ਦੇ, ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੇਲੀ ਅਤੇ ਕਰਤਾਰ ਸਿਹੁੰ ਦੋਵੇਂ ਜਣੇ ਬੈਠੇ ਕੁਸ਼ਤੀ ਦੇਖ ਰਹੇ ਸਨ। ਹਾਲੇ ਪੰਜ-ਸੱਤ ਮਿੰਟ ਹੀ ਉਹੋ ਘੁਲੇ ਹੋਣਗੇ ਕਿ ਅਚਾਨਕ ਸੇਮੇ ਨੇ, ਜੋਤ ਨੂੰ ਅਜਿਹਾ ਧੋਬੀ ਪਟਕਾ ਮਾਰਿਆ ਤੇ ਜੋਤ ਪਿੱਠ ਭਾਰ ਜ਼ਮੀਨ ’ਤੇ ਡਿੱਗ ਪਿਆ, ਰੈਫਰੀ ਨੇ ਤੁਰੰਤ ਸੀਟੀ ਮਾਰ ਕੇ ਸੇਮੇ ਦੀ ਜਿੱਤ ’ਚ ਹੱਥ ਖੜ੍ਹਾ ਕਰ ਦਿੱਤਾ ਅਤੇ ਦੋਨਾਂ ਜਣਿਆਂ ਨੂੰ ਥਾਪੀ ਦੇ ਕੇ ਪਰ੍ਹੇ-ਪਰ੍ਹੇ ਕੀਤਾ।

ਇਹ ਸਭ ਕੁਝ ਦੇਖ ਕੇ ਕਰਤਾਰ ਸਿਹੁੰ ਨਿੰਮੋਝੂਣਾ ਜਿਹਾ ਹੋ ਕੇ ਬੈਠ ਗਿਆ। ਉਸ ਦਾ ਆਪਣਾ ਪੋਤਾ, ਉਹ ਵੀ ਆਪਣੇ ਹੀ ਪਿੰਡ ਵਿੱਚ...। ਪੋਤੇ ਦੀ ਜਿੱਤ ਵਾਲੀ ਕੁਸ਼ਤੀ ਦੇਖਣ ਵਾਲਾ ਉਸ ਦਾ ਸਾਰਾ ਚਾਅ, ਪਾਰੇ ਵਾਂਗ ਹੇਠ ਨੂੰ ਉਤਰ ਗਿਆ।

‘ਕਰਤਾਰ ਸਿੰਹਾਂ ਇਹ ਮੈਂ ਕੀ ਦੇਖਦਾ ਹਾਂ ਬਈ...? ਤੇਰੀ ਪਿੱਠ ਨੂੰ ਤਾਂ ਮਿੱਟੀ ਨੀਂ ਲਾਈ ਕਿਸੇ ਨੇ ਅਜੇ ਤਕ, ਪਰ ਅੱਜ ਆਪਣਾ ਹੀ ਮੁੰਡਾ...। ਕੀ ਗੱਲ ਮੁੰਡੇ ਨੂੰ ਖਵਾਉਂਦਾ ਪਿਆਉਂਦਾ ਨਹੀਂ ਹੁੰਦਾ ਕੁਝ ਕਿ ਤੇਰੇ ਸਿਖਾਏ ਹੋਏ ਸਾਰੇ ਦਾਅ ਪੇਚ ਭੁੱਲ ਗਿਆ ?’’ ਮੇਲੀ ਨੇ ਕਰਤਾਰ ਸਿਹੁੰ ਤੋਂ ਪੁੱਛਿਆ। ਕੋਲੇ ਬੈਠਾ ਸਟੇਜ ਸੈਕਟਰੀ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ। ਮੇਲੀ ਦੀ ਨਿਹੋਰੇ ਵਰਗੀ ਗੱਲ ਸੁਣ ਕੇ ਕਰਤਾਰ ਸਿਹੁੰ ਜਿਵੇਂ ਖੂਹ ਵਿੱਚ ਨੂੰ ਉਤਰ ਗਿਆ ਹੋਵੇ, ਫੇਰ ਉਹ ਹਲਕਾ ਜਿਹਾ ਬੋਲਿਆ, ‘ਕਾਹਨੂੰ ਗੁਰਮੇਲ ਸਿੰਹਾ, ਮੁੰਡੇ ਨੂੰ ਖਵਾਉਣ ਪਿਆਉਣ ਦੀ ਤਾਂ ਕੋਈ ਕਸਰ ਨਹੀਂ ਛੱਡਦਾ, ਹੁਣ ਸਹੁਰੀ ਦੀਆਂ ਆਪਣੇ ਵੇਲੇ ਵਰਗੀਆਂ ਖੁਰਾਕਾਂ ਹੀ ਹੈਨੀਗੀਆ ਕਿਤੇ...? ਸਭ ਥਾਂ ਤੇ ਮਿਲਾਵਟਾਂ ਰਲਗਡ ਹੋਈਆਂ ਪਈਆਂ ਨੇ, ਬਾਕੀ ਮੈਨੂੰ ਲੱਗਦਾ ਹੈ ਕਿ ਕੋਈ ਦਾਅ ਪੇਚ ਮਾਰਨ ਲੱਗਿਆ ਭੁਲੇਖਾ ਖਾ ਗਿਆ ਹੋਣੈ...। ਮਿਲਾਵਟਾਂ ਵਾਲੀਆਂ ਖੁਰਾਕਾਂ ਬਾਰੇ ਸੁਣ ਕੇ “ਮੇਲੀ’’ ਬੋਲਿਆ, ਇਹ ਤਾਂ ਤੇਰੀ ਗੱਲ ਲੱਖ ਰੁਪਏ ਦੀ ਆ, ਕਰਤਾਰ ਸਿੰਹਾਂ, ਮੈਂ ਕਹਿਨਾ ਕਿ ਇਹੋ ਜਿਹੀਆਂ ਖੁਰਾਕਾਂ ਦੇ ਸਿਰ ’ਤੇ ਭਲਵਾਨ, ਇਵੇਂ ਦੇ ਮਿੰਟਾਂ ਸੈਕਿੰਡਾਂ ਆਲੇ ਘੋਲ ਦਿਖਾਉਣ ਲੱਗ ਪਏ, ਫੇਰ ਕੀ ਨਜ਼ਾਰਾ ਆਉਣੈ ਘੋਲ ਦੇਖਣ ਆਉਣਦਾ, ਲੋਕ ਤਾਂ, ਪਹਿਲਵਾਨਾਂ ਨੂੰ ਘੁਲਦੇ ਹੋਏ, ਉਨ੍ਹਾਂ ਨੂੰ ਇਕ ਦੂਜੇ ਨੂੰ ਢਾਹੁਣ ਲਈ ਅੱਡੀ ਚੋਟੀ ਦਾ ਜ਼ੋਰ ਮਾਰਦੇ ਹੋਏ ਦੇਖਣ ਆਉਂਦੇ ਨੇ ਐਡੀ-ਐਡੀ ਦੂਰੋਂ, ਇਸ ਤਰ੍ਹਾਂ ਦੀਆਂ ਕੁਸ਼ਤੀਆਂ ਦੇਖ ਕੇ ਤਾਂ ਲੋਕਾਂ ਦੀ ਊਈਂ ਦਿਲਚਸਪੀ ਮਰ ਜਾਣੀ ਐ, ਫਿਰ ਹੌਲੀ- ਹੌਲੀ ਅਖਾੜਿਆਂ ਵਿਚ ਦਰਸ਼ਕਾਂ ਦਾ ਆਉਣਾ ਘੱਟ ਹੋ ਜਾਊ, ਕਿਸੇ ਦਿਨ ਨੂੰ ਛਿੰਝਾਂ ਲੱਗਣੀਆਂ ਆਖ਼ਰ ਬੰਦ ਹੋ ਜਾਣਗੀਆਂ, ਫਿਰ ਆਪਣੇ ਵਰਗੇ ਪਹਿਲਵਾਨ ਦੋਸ਼ ਕੱਢਣਗੇ ਮਾੜੀਆਂ ਖੁਰਾਕਾਂ ਦਾ ਜਾਂ ਭੁੱਲੇ ਹੋਏ ਦਾਅ ਪੇਚਾਂ ਦਾ, ਇਉਂ ਇਹ ਲੀਹ ਅੱਗੇ ਕਿਵੇਂ ਚੱਲੇਗੀ? ਮੈਨੂੰ ਡਰ ਹੈ ਕਿ ਕਿਤੇ ਛਿੰਝਾਂ ਵਾਲਾ ਦੀਵਾ ਗੁੱਲ ਹੀ ਨਾ ਹੋ ਜਾਵੇ ਕਿਸੇ ਦਿਨ? ਮੇਲੀ ਭਲਵਾਨ ਨੇ ਛਿੰਝਾਂ ਦੇ ਭਵਿੱਖ ਦੀ ਚਿੰਤਾ ਪ੍ਰਗਟਾਉਂਦੇ ਹੋਏ ਬੜੀ ਗੰਭੀਰਤਾ ਨਾਲ ਕਰਤਾਰ ਸਿਹੁੰ ਤੋਂ ਪੁੱਛਿਆ।

ਲੀਹ... ? ਲੀਹ ਤਾਂ ਚੱਲੇਗੀ ਗੁਰਮੇਲ ਸਿੰਹਾ, ਇਹ ਗੁਰੂਆਂ ਪੀਰਾਂ ਦੇ ਵੇਲਿਆਂ ਤੋਂ ਪਈ ਹੋਈ ਛਿੰਝਾਂ ਵਾਲੀ ਪਿ੍ਰਤ, ਕਦੇ ਬੰਦ ਨਹੀਂ ਹੋਵੇਗੀ, ਫੇਰ ਉਸ ਨੇ ਆਪਣੇ ਪੋਤੇ ਨਵਜੋਤ ਵੱਲ ਨੂੰ ਹੱਥ ਕਰ ਕੇ ਕਿਹਾ, ‘ਏਸੇ ਆਸ ਨਾਲ ਤਾਂ ਮੈਂ ਆਪਣਾ ਫ਼ਰਜ਼ ਨਿਭਾਉਂਦੇ ਹੋਏ, ਇੱਕ “ਨਿੱਕਾ ਜਿਹਾ ਦੀਵਾ’’ ਹੋਰ ਬਾਲ੍ਹ ਦਿੱਤੈ। ਨਾਲੇ ਤੂੰ ਕੀ ਸੋਚਦੈ? ਅੱਜ ਵਾਲੀ ਨਵਜੋਤ ਦੀ ਹਾਰ, ਇਸ ਨੂੰ ਨਮੋਸ਼ੀ ਦੇਵੇਗੀ? ਨਹੀਂ ਨਹੀਂ ਗੁਰਮੇਲ ਸਿਹਾਂ ਇਤਰਾ ਨਹੀਂ, ਬਲਕਿ ਇਸ ਅੰਦਰ ਤਕੜੇ ਹੋ ਕੇ, ਮਜ਼ਬੂਤ ਹੋ ਕੇ ਕੁਸ਼ਤੀਆਂ ਲੜ ਕੇ, ਅੱਗੋਂ ਨੂੰ ਹੋਰ ਜਿੱਤਾਂ ਜਿੱਤਣ ਦਾ ਅਹਿਸਾਸ ਪੈਦਾ ਕਰੇਗੀ, ਅਹਿਸਾਸ!! ਫਿਰ ਇਹ ਦੀਵਾ ਕਦੇ ਗੁੱਲ ਨਹੀਂ ਹੋਵੇਗਾ, ਛੋਟੇ ਵੀਰ।’

ਉਸ ਦਾ ਜਵਾਬ ਸੁਣ ਕੇ ਸਟੇਜ ਸੈਕਟਰੀ ਨੇ ਵੀ ਤਾੜੀ ਮਾਰ ਦਿੱਤੀ ਸੀ। ਮੇਲੀ ਪਹਿਲਵਾਨ ਉਸ ਦੇ ਮੂੰਹ ਵੱਲ ਝਾਕਣ ਲੱਗਿਆ, ਉਸ ਨੇ ਦੇਖਿਆ ਕਿ ਨਵਜੋਤ ਦੀ ਹਾਰ ਦੇ ਬਾਵਜੂਦ, ਕਰਤਾਰ ਸਿਹੁੰ ਦੇ ਚਿਹਰੇ ’ਤੇ ਰੌਣਕ ਪਰਤ ਆਈ ਸੀ ਅਤੇ ਓਧਰ ਅਖਾੜੇ ਵਿੱਚ, ਝੰਡੀ ਵਾਲੇ ਪਹਿਲਵਾਨਾਂ ਦੀ ਕੁਸ਼ਤੀ ਸ਼ੁਰੂ ਹੋ ਚੁੱਕੀ ਸੀ।

- ਰਵਿੰਦਰ ਰੁਪਾਲ ਕੌਲਗੜ੍ਹ

Posted By: Harjinder Sodhi