ਪੁਸਤਕ : ਮੇਰੀਆਂ ਲੜੀਆਂ ਤਿੰਨ ਜੰਗਾਂ (1962, 1965 ਅਤੇ 1971)

ਲੇਖਕ : ਕੈਪਟਨ ਦਰਬਾਰਾ ਸਿੰਘ

ਪੰਨੇ : 232 ਮੁੱਲ : 300/-

ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।

ਕੈਪਟਨ ਦਰਬਾਰਾ ਸਿੰਘ ਰਚਿਤ ‘ਮੇਰੀਆਂ ਲੜੀਆਂ ਤਿੰਨ ਜੰਗਾਂ’ 1962, 1965 ਅਤੇ 1971 ਪੁਸਤਕ ਵਿਚ ਜਿੱਥੇ ਤਿੰਨੋਂ ਜੰਗਾਂ ਦੇ ਵੇਰਵੇ ਦਿੱਤੇ ਹਨ ਉੱਥੇ ਉਸ ਨੇ ਸਿੱਖ ਰੈਜਮੈਂਟ ਦੇ ਇਤਿਹਾਸਕ ਵੇਰਵੇ ਵੀ ਦਿੱਤੇ ਹਨ। ਆਪਣੀਆਂ ਲੜੀਆਂ ਜੰਗਾਂ ਦੇ ਨਾਲ-ਨਾਲ ਉਹ ਬਿਰਤਾਂਤਕ ਸ਼ੈਲੀ ਵਿਚ ਬਹੁਤ ਹੀ ਰੌਚਿਕਤਾ ਨਾਲ ਹੋਰ ਵੀ ਨਿੱਕੇ-ਨਿੱਕੇ ਦਿ੍ਰਸ਼ ਵੀ ਪਾਠਕ ਨਾਲ ਸਾਂਝੇ ਕਰਦਾ ਹੈ। ਲੇਖਕ ਦੀ ਯਾਦ ਸ਼ਕਤੀ ਵੀ ਕਮਾਲ ਦੀ ਹੈ। ਕਦੇ-ਕਦੇ ਲੇਖਕ ਸ੍ਵੈ-ਜੀਵਨੀਕਾਰ ਤੋਂ ਸਫ਼ਰਨਾਮਾਕਾਰ ਵੀ ਲਗਦਾ ਹੈ। ਉਹ ਆਪਣੀ ਪਹਿਲੀ ਫੇਰੀ ਆਸਾਮ, ਗੁਹਾਟੀ ਤੋਂ ਅੱਗੇ ਪਹਾੜੀ ਇਲਾਕੇ ਜਹਾਜ਼ ਦੇ ਸਫ਼ਰ ਬਾਰੇ ਖੁੱਲ੍ਹ ਕੇ ਖੁਲਾਸੇ ਕਰਦਾ ਹੈ।

ਲੇਖਕ ਆਪਣੀ ਗੱਲ ਕਹਿਣ ਲਈ ਨਿੱਕੇ-ਨਿੱਕੇ ਸਿਰਲੇਖਾਂ ਰਾਹੀਂ ਘਟਨਾਵਾਂ ਨੂੰ ਤਰਤੀਬ ਦਿੰਦਾ ਹੈ। ਸ੍ਵੈ-ਜੀਵਨੀ ਦੇ ਗੁਣਾਂ ਤੋਂ ਜਾਣੂ ਲੇਖਕ ਬਹੁਤ ਹੀ ਬਾਰੀਕੀ ਨਾਲ ਆਪਣੇ ਜੀਵਨ ਨਾਲ ਜੁੜੀਆਂ ਘਟਨਾਵਾਂ ਬਿਆਨ ਕਰਦਾ ਹੈ। ਉਹ ਆਪਣੇ ਕਿਸੇ ਵੀ ਸਾਥੀ ਨੂੰ ਭੁੱਲਿਆ ਨਹੀਂ ਹੈ। ਯਾਤਰਾ ਦੇ ਵੇਰਵੇ ਦੇਣ ਸਮੇਂ ਕਿਸੇ ਨਾਵਲਕਾਰ ਵਾਂਗ ਆਪਣੀ ਵਾਰਤਾ ਨੂੰ ਰਸਦਾਇਕ ਬਣਾਉਦਾ ਹੈ। ਫ਼ੌਜ ਦੀ ਨੌਕਰੀ ਕਰਨਾ ਕੋਈ ਸੌਖਾ ਕੰਮ ਨਹੀਂ ਹੰੁਦਾ। ਕੈਪਟਨ ਦਰਬਾਰਾ ਸਿੰਘ ਦੀ ਇਹ ਜੀਵਨੀ ਪੜ੍ਹਦਿਆਂ ਇਹ ਅਹਿਸਾਸ ਹੰੁਦਾ ਹੈ ਕਿ ਲੇਖਕ ਖ਼ੁਦ ਵੀ ਬਹਾਦੁਰੀ ਨਾਲ ਲੜਿਆ ਅਤੇ ਉਹ ਨਾਲ ਦੇ ਸਾਥੀਆਂ ਨੂੰ ਵੀ ਚੜ੍ਹਦੀ ਕਲਾ ’ਚ ਰੱਖਦਾ ਰਿਹਾ। ਉਸ ਦੇ ਬਹੁਤ ਸਾਰੇ ਸਾਥੀ ਸ਼ਹੀਦ ਵੀ ਹੋਏ, ਜਿਨ੍ਹਾਂ ਦੀਆਂ ਅਭੁੱਲ ਯਾਦਾਂ ਇਸ ਪੁਸਤਕ ਵਿਚ ਫ਼ੋਟੋਆਂ ਨਾਲ ਦਰਜ ਕੀਤੀਆਂ ਗਈਆਂ ਹਨ। ਇਹ ਪੁਸਤਕ ਕੇਵਲ ਤਿੰਨ ਜੰਗਾਂ ਦਾ ਬਿਰਤਾਂਤ ਹੀ ਨਹੀਂ ਸਗੋਂ ਇਕ ਇਤਿਹਾਸਕ ਦਸਤਾਵੇਜ਼ ਵੀ ਹੈ। ਆਉਣ ਵਾਲੇ ਸਮੇਂ ਵਿਚ ਕਿਸੇ ਇਤਿਹਾਸਕਾਰ ਨੇ ਵੇਰਵੇ ਇਕੱਠੇ ਕਰਕੇ ਕੋਈ ਜੰਗਾਂ ਦਾ ਇਤਿਹਾਸ ਲਿਖਣਾ ਹੋਵੇ ਤਾਂ ਇਹ ਪੁਸਤਕ ਲਾਹੇਵੰਦ ਹੋਵੇਗੀ।

ਲੇਖਕ ਜਿੱਥੇ ਖੋਜੀ ਪਰਵਿਰਤੀ ਦਾ ਮਾਲਕ ਹੈ, ਇਤਿਹਾਸਕਾਰ ਵੀ ਹੈ, ਉੱਥੇ ਉਹ ਸੰਵੇਦਨਸ਼ੀਲ ਵੀ ਹੈ। ਬਹੁਤ ਸਾਰੇ ਪਰਿਵਾਰਾਂ ਦੇ ਵੇਰਵੇ ਇਕੱਤਰ ਕੀਤੇ ਹਨ। ਫ਼ੌਜੀ ਵਿਧਵਾਵਾਂ ਦੇ ਦੁੱਖ-ਦਰਦ ਵੀ ਆਪਣੀ ਹਿੱਕ ਵਿਚ ਸਾਂਭੀ ਬੈਠਾ ਹੈ। ਕੁਝ ਇਕ ਉਦਾਹਰਣਾਂ ਇਸ ਪੁਸਤਕ ਵਿਚ ਦਿੱਤੀਆਂ ਹਨ। ਫ਼ੌਜੀ ਪਰਿਵਾਰਾਂ ਦੇ ਦੁੱਖ-ਦਰਦ ਨੂੰ ਸਮਝਣਾ ਹਰ ਇਨਸਾਨ ਦਾ ਫ਼ਰਜ਼ ਹੋਣਾ ਚਾਹੀਦਾ ਹੈ।

- ਡਾ. ਭੁਪਿੰਦਰ ਸਿੰਘ ਬੇਦੀ

Posted By: Harjinder Sodhi