'ਪੰਜਾਬੀ ਜਾਗਰਣ' ਦੇ ਸ਼ਾਨਾਮੱਤੇ ਸਫ਼ਰ ਦੇ ਨੌ ਸਾਲ ਪੂਰੇ ਹੋਣ ਜਾ ਰਹੇ ਹਨ। ਪੇਸ਼ ਹਨ ਇਸ ਮੌਕੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਤਿਹਾਸਕ ਤੇ ਵਿਰਾਸਤੀ ਨੌਂ ਇਮਾਰਤਾਂ ਬਾਰੇ ਵਿਸ਼ੇਸ਼ ਅਤੇ ਦਿਲਚਸਪ ਜਾਣਕਾਰੀ...

ਦੁਆਬੇ ਦੇ ਧੁਰੇ ਅਤੇ ਪੰਜਾਬ ਦੇ ਦਿਲ ਵਜੋਂ ਜਾਣੇ ਜਾਂਦੇ ਜਲੰਧਰ ਜ਼ਿਲ੍ਹੇ ਦਾ ਇਤਿਹਾਸ ਜਿੰਨਾ ਪੁਰਾਣਾ ਹੈ, ਓਨੀਆਂ ਪੁਰਾਣੀਆਂ ਹਨ ਜ਼ਿਲ੍ਹੇ 'ਚ ਪੈਂਦੀਆਂ ਕਈ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ। ਇਹ ਇਮਾਰਤਾਂ ਇਸ ਪੁਰਾਤਨ ਜ਼ਿਲ੍ਹੇ ਦੀਆਂ ਇਤਿਹਾਸਕ ਘਟਨਾਵਾਂ ਦੀਆਂ ਗਵਾਹ ਹਨ, ਜੋ ਕਿ ਇਸ ਦੇ ਪੁਰਾਤਨ ਤੇ ਵਿਰਾਸਤੀ ਹੋਣ ਦੀ ਸ਼ਾਹਦੀ ਭਰਦੀਆਂ ਹਨ। ਇਤਿਹਾਸਕਾਰ ਜਲੰਧਰ ਸ਼ਹਿਰ ਦੀ ਉਤਪਤੀ ਨੂੰ ਸ਼ਿਵ ਪੁਰਾਣ ਵਿਚ ਦਰਜ ਪੁਰਾਤਨ ਕਥਾਵਾਂ ਦੇ ਆਧਾਰ 'ਤੇ ਜਲੰਧਰ ਰਾਖਸ਼ ਅਤੇ ਕੁਝ ਲੋਕ ਯੋਗੀ ਜਲੰਧਰ ਨਾਥ ਨਾਲ ਵੀ ਜੋੜਦੇ ਹਨ। ਯੋਗੀ ਜਲੰਧਰ ਨਾਥ ਬਾਰੇ ਵੀ ਵੱਖ-ਵੱਖ ਵਿਚਾਰਧਾਰਾਵਾਂ ਮਿਲਦੀਆਂ ਹਨ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਲੰਧਰ ਨਾਥ ਯੋਗੀ ਸੀ, ਜਿਸ ਨੇ ਯੋਗ ਵਿਧੀਆਂ ਦੀ ਖੋਜ ਕੀਤੀ ਸੀ। ਹਾਲਾਂਕਿ ਕੁਝ ਇਤਿਹਾਸਕਾਰ ਜਲੰਧਰ ਨਾਥ ਯੋਗੀ ਨੂੰ ਬੋਧੀ ਭਿਕਸ਼ੂ ਵੀ ਕਹਿੰਦੇ ਹਨ। ਸ਼ਹਿਰ ਦੇ ਪੁਰਾਣੀ ਕੇਂਦਰੀ ਜੇਲ੍ਹ ਨੇੜੇ ਸਥਿਤ ਨਾਥਾਂ ਦੀ ਬਗ਼ੀਚੀ ਮੰਦਰ ਨੂੰ ਜਲੰਧਰ ਨਾਥ ਦਾ ਅਸਥਾਨ ਵੀ ਮੰਨਿਆ ਜਾਂਦਾ ਹੈ।

ਜਲੰਧਰ ਜੋ ਕਿ ਪੁਰਾਤਨ ਸਮਿਆਂ ਵਿਚ ਮੁਗ਼ਲਾਂ ਤੇ ਪਠਾਨਾਂ ਦਾ ਗੜ੍ਹ ਹੁੰਦਾ ਸੀ, ਵਿਚ ਕੁਝ ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਦਾ ਸਬੰਧ ਪਾਕਿਸਤਾਨ ਦੇ ਕੁਝ ਮਸ਼ਹੂਰ ਲੋਕਾਂ ਨਾਲ ਹੈ। ਇਨ੍ਹਾਂ ਵਿੱਚੋਂ ਬਸਤੀ ਦਾਨਿਸ਼ਮੰਦਾਂ ਵਿਚ ਦਾਖ਼ਲ ਹੁੰਦਿਆਂ ਹੀ ਇਕ ਪੀਲੇ ਰੰਗ ਦੀ ਵਿਸ਼ਾਲ ਤੇ ਪੁਰਾਤਨ ਕੋਠੀ ਸਥਿਤ ਹੈ। ਇਹ ਕੋਠੀ ਆਜ਼ਾਦੀ ਤੋਂ ਪਹਿਲਾਂ ਸ਼ਹਿਰ ਦੇ ਇਕ ਪ੍ਰਸਿੱਧ ਵਕੀਲ ਤੇ ਅਮੀਰ ਮੁਸਲਮਾਨ ਅਮੀਰ-ਉੱਦ-ਦੀਨ ਖ਼ਾਨ ਨੇ 1940 ਦੇ ਸ਼ੁਰੂਆਤੀ ਸਮੇਂ ਦੌਰਾਨ ਤਿਆਰ ਕਰਵਾਈ ਸੀ। ਉਨ੍ਹਾਂ ਵੱਲੋਂ ਬੜੇ ਹੀ ਚਾਵਾਂ ਤੇ ਸੱਧਰਾਂ ਨਾਲ ਉਸਾਰੀ ਗਈ ਇਸ ਤਿੰਨ ਮੰਜ਼ਿਲੀ ਕੋਠੀ ਦਾ ਨਾਂ ਉਨ੍ਹਾਂ ਨੇ 'ਅਮਾਨਤ ਮੰਜ਼ਿਲ' ਰੱਖਿਆ ਸੀ। ਆਪਣੇ ਸਮੇਂ ਦੇ ਪ੍ਰਸਿੱਧ ਵਕੀਲ ਅਮੀਰ-ਉੱਦ-ਦੀਨ ਖ਼ਾਨ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਤੇ ਕੌਮਾਂਤਰੀ ਕ੍ਰਿਕਟਰ ਰਹਿ ਚੁੱਕੇ ਇਮਰਾਨ ਖ਼ਾਨ ਦੇ ਨਾਨਾ ਜੀ ਸਨ।

ਇਸੇ ਤਰ੍ਹਾਂ ਪਾਕਿਸਤਾਨ ਦੇ ਫ਼ੌਜੀ ਜਰਨੈਲ ਅਤੇ ਸਾਬਕਾ ਰਾਸ਼ਟਰਪਤੀ ਜਨਰਲ ਜ਼ੀਆ-ਉੱਲ-ਹੱਕ ਦੀ ਜਨਮ ਭੂਮੀ ਵੀ ਜਲੰਧਰ ਸੀ ਅਤੇ ਉਨ੍ਹਾਂ ਦਾ ਨਾਨਕਾ ਘਰ ਵੀ ਇਥੇ ਹੀ ਸੀ, ਜਿਹੜੇ ਕਿ ਦੇਸ਼ ਵੰਡ ਤੋਂ ਬਾਅਦ ਲਹਿੰਦੇ ਪੰਜਾਬ 'ਚ ਚਲੇ ਗਏ ਸਨ। ਸ਼ਹਿਰ ਦੀਆਂ ਨੌਂ ਬਸਤੀਆਂ ਹਨ, ਜਿਨ੍ਹਾਂ ਦੀ ਸਥਾਪਨਾ ਮੁਗ਼ਲਕਾਲ ਵੇਲੇ ਇੱਥੋਂ ਦੇ ਅਮੀਰ ਪਠਾਨਾਂ ਵੱਲੋਂ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਹੀ ਬਸਤੀ ਸ਼ੇਖ਼ ਵੀ ਪਾਕਿਸਤਾਨ ਦੇ ਮਸ਼ੂਹਰ ਉਸਤਾਦ ਸੂਫ਼ੀ ਗਾਇਕ ਨੁਸਰਤ ਫ਼ਤਹਿ ਅਲੀ ਖ਼ਾਂ ਦੀ ਜਨਮ ਭੂਮੀ ਹੈ। ਉਨ੍ਹਾਂ ਦੇ ਪੁਰਖੇ ਗਾਇਕੀ ਦੇ ਪਟਿਆਲਾ ਘਰਾਣੇ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਂ ਤੇ ਮਾਂ ਪ੍ਰਵੇਜ਼ ਬਸਤੀ ਸ਼ੇਖ਼ ਵਿਖੇ ਰਹਿੰਦੇ ਸਨ, ਜਿਨ੍ਹਾਂ ਦੇ ਪੁਰਖੇ ਅਫਗਾਨਿਸਤਾਨ ਤੋਂ ਆਏ ਸ਼ੇਖ਼ ਦਰਵੇਸ਼ ਦੇ ਨਾਲ ਹੀ ਭਾਰਤ ਆਏ ਸਨ। ਸ਼ੇਖ਼ ਦਰਵੇਸ਼ ਦੇ ਨਾਂ 'ਤੇ ਹੀ ਇਹ ਬਸਤੀ ਵਸਾਈ ਗਈ ਸੀ ਤੇ ਇਸੇ ਲਈ ਇਸ ਦਾ ਨਾਂ ਬਸਤੀ ਸ਼ੇਖ਼ ਰੱਖਿਆ ਗਿਆ ਸੀ।

ਪੇਸ਼ ਹਨ ਜ਼ਿਲ੍ਹੇ ਅੰਦਰ ਮੌਜੂਦ ਇਤਿਹਾਸਕ ਤੇ ਵਿਰਾਸਤੀ 9 ਇਮਾਰਤਾਂ।

ਬਿਕਰਮ ਮਹੱਲ

ਸ਼ਹਿਰ ਦੇ ਕੇਂਦਰੀ ਹਿੱਸੇ 'ਚ ਸਥਿਤ ਕਿਤਾਬਾਂ ਦੀ ਮਾਰਕੀਟ ਮਾਈ ਹੀਰਾਂ ਗੇਟ ਦੇ ਨਾਲ ਹੀ ਮੁਹੱਲਾ ਬਿਕਰਮਪੁਰਾ ਪੈਂਦਾ ਹੈ। ਇਸ ਮੁਹੱਲੇ ਦਾ ਨਾਂ ਬਿਕਰਮਪੁਰਾ ਪੈਣ ਦੀ ਇਕ ਇਤਿਹਾਸਕ ਦਾਸਤਾਂ ਹੈ, ਜਿਸ ਦਾ ਗਵਾਹ ਹੈ ਕਿ ਇਥੇ ਸਥਿਤ ਬਿਕਰਮ ਮਹੱਲ। ਪੁਰਾਤਨ ਤੇ ਵਿਸ਼ਾਲ ਆਕਾਰ ਦੀ ਇਹ ਵਿਰਾਸਤੀ ਇਮਾਰਤ ਮਹਾਰਾਜਾ ਕਪੂਰਥਲਾ ਦੇ ਖਾਨਦਾਨ 'ਚੋਂ ਕੁੰਵਰ ਬਿਕਰਮ ਸਿੰਘ ਦੇ ਨਾਂ 'ਤੇ ਬਣੀ ਹੋਈ ਹੈ। ਇਸ ਦਾ ਨਾਂ ਬਿਕਰਮ ਮਹੱਲ ਰੱਖਿਆ ਗਿਆ ਸੀ ਅਤੇ ਇਹ ਇਮਾਰਤ ਖ਼ੁਦ ਕੁੰਵਰ ਬਿਕਰਮ ਸਿੰਘ ਨੇ 1855 'ਚ ਬਣਵਾਈ ਸੀ। ਇਸ ਮਹਿਲ ਦੀ ਉਸਾਰੀ ਲਈ ਉਸ ਵੇਲੇ ਦੇ ਮਾਹਿਰ ਕਾਰੀਗਰ ਲਿਆਂਦੇ ਗਏ, ਜਿਨ੍ਹਾਂ ਨੇ ਚੂਨਾ ਤੇ ਕੇਰੀ ਦਾ ਮਿਸ਼ਰਣ ਬਣਾ ਕੇ ਇੱਟਾਂ ਦੀ ਚਿਣਾਈ ਕੀਤੀ। ਇਸ ਮਹੱਲ ਦੀਆਂ ਕੰਧਾਂ 3-3 ਫੁੱਟ ਚੌੜੀਆਂ ਹਨ। ਮਹੱਲ ਦੇ ਅੰਦਰ ਕਈ ਕਮਰੇ ਉਸਾਰੇ ਹੋਏ ਹਨ, ਜਿਨ੍ਹਾਂ ਵਿਚ ਇਕ ਪਾਸੇ ਮਹੱਲ ਦੇ ਨੌਕਰਾਂ ਵਾਸਤੇ ਵੀ ਜਗ੍ਹਾ ਬਣਾਈ ਗਈ। ਮਹੱਲ ਦੇ ਵਿਚਕਾਰ ਵੱਡਾ ਵਿਹੜਾ ਛੱਡਿਆ ਗਿਆ। ਮਹੱਲ ਦੀ ਉਪਰਲੀ ਮੰਜ਼ਿਲ ਦੇ ਆਲੇ-ਦੁਆਲੇ ਮਹਿਰਾਬਾਂ ਵੀ ਬਣਵਾਈਆਂ ਗਈਆਂ ਜੋ ਕਿ ਉਸ ਦੌਰ ਦੀ ਇਮਾਰਤਸਾਜ਼ੀ ਦਾ ਅਹਿਮ ਨਮੂਨਾ ਸੀ।

ਮਹਿਲ ਦਾ ਵਿਸ਼ਾਲ ਦਰਵਾਜ਼ਾ ਬਣਾਇਆ ਗਿਆ ਸੀ ਅਤੇ ਇਥੇ ਡਿਓਢੀ ਦਾ ਨਿਰਮਾਣ ਵੀ ਕਰਵਾਇਆ ਗਿਆ ਜੋ ਕਿ ਅੱਜ ਵੀ ਜਿਉਂ ਦੀ ਤਿਉਂ ਹੈ। ਕੁੰਵਰ ਬਿਕਰਮ ਸਿੰਘ ਨੇ ਮਹੱਲ ਦੇ ਅੰਦਰ ਹੀ ਦਰਬਾਰ ਵੀ ਬਣਵਾਇਆ ਹੋਇਆ ਸੀ, ਜਿੱਥੇ ਉਹ ਜਨਤਾ ਨੂੰ ਮਿਲਦੇ ਸਨ ਅਤੇ ਵੱਖ-ਵੱਖ ਕੇਸਾਂ ਦੇ ਫ਼ੈਸਲੇ ਕਰਿਆ ਕਰਦੇ ਸਨ। ਉਨ੍ਹਾਂ ਨੇ ਮਹੱਲ ਦੇ ਨੇੜੇ ਹੀ ਕਚਹਿਰੀ ਵੀ ਬਣਵਾਈ ਸੀ, ਜਿੱਥੇ ਲੋਕ ਆਪਣੇ ਕੇਸ ਲੈ ਕੇ ਆਉਂਦੇ ਸਨ ਅਤੇ ਜਲੰਧਰ ਦਾ ਪ੍ਰਸ਼ਾਸਨਿਕ ਤੇ ਮਾਲੀ ਕੰਮਕਾਜ ਚੱਲਦਾ ਸੀ। ਕੁੰਵਰ ਬਿਕਰਮ ਸਿੰਘ ਕਪੂਰਥਲਾ ਦੇ ਰਾਜਾ ਨਿਹਾਲ ਸਿੰਘ ਦੇ ਦੂਜੇ ਪੁੱਤਰ ਸਨ। ਉਨ੍ਹਾਂ ਦਾ ਜਨਮ 1835 ਵਿਚ ਹੋਇਆ ਸੀ। 19ਵੀਂ ਸਦੀ 'ਚ ਸਿੱਖੀ ਨੂੰ ਪੁਨਰ-ਸੁਰਜੀਤ ਕਰਨ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਉਹ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਵੀ ਇਕ ਸਨ। 1 ਅਕਤੂਬਰ 1873 ਨੂੰ ਬਣਾਈ ਗਈ ਸਿੰਘ ਸਭਾ ਦੇ ਤਿੰਨ ਮੋਢੀਆਂ 'ਚ ਸ਼ਾਮਲ ਸਨ, ਜਿਸ ਵਿਚ ਉਨ੍ਹਾਂ ਤੋਂ ਇਲਾਵਾ ਠਾਕੁਰ ਸਿੰਘ ਸੰਧਾਵਾਲੀਆ ਤੇ ਬਾਬਾ ਖੇਮ ਸਿੰਘ ਸ਼ਾਮਲ ਸਨ। ਕੁੰਵਰ ਬਿਕਰਮ ਦਾ ਸੰਗੀਤ ਨਾਲ ਬਚਪਨ ਤੋਂ ਹੀ ਕਾਫੀ ਮੋਹ ਸੀ। ਉਹ ਜਲੰਧਰ ਦੇ ਆਨਰੇਰੀ ਮੈਜਿਸਟ੍ਰੇਟ ਵੀ ਰਹੇ ਅਤੇ 1879 ਵਿਚ ਉਨ੍ਹਾਂ ਨੂੰ ਆਨਰੇਰੀ ਸਹਾਇਕ ਕਮਿਸ਼ਨਰ ਲਾਇਆ ਗਿਆ ਸੀ। ਉਨ੍ਹਾਂ ਨੇ ਜਲੰਧਰ ਸ਼ਹਿਰ ਵਿਚ ਨਵੇਂ ਮਿਊਂਸਪਲ ਬੋਰਡ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਨੂੰ ਅੰਗਰੇਜ਼ੀ, ਪਾਰਸੀ, ਸੰਸਕ੍ਰਿਤ ਤੇ ਪੰਜਾਬੀ ਦਾ ਚੰਗਾ ਗਿਆਨ ਸੀ। ਔਰਤਾਂ ਨੂੰ ਸਿੱਖਿਅਤ ਕਰਨ ਦੇ ਵੱਡੇ ਹਾਮੀ ਸਨ। 1882 ਵਿਚ ਖਾਲਸਾ ਕਾਲਜ ਦੀ ਸਥਾਪਤੀ ਲਈ ਪੇਸ਼ ਕੀਤੇ ਗਏ ਪ੍ਰਸਤਾਵ 'ਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਸੀ। ਲਾਹੌਰ ਵਿਖੇ ਖ਼ਾਲਸਾ ਪ੍ਰੈੱਸ ਲਾਉਣ ਲਈ ਭਾਈ ਗੁਰਮੁਖ ਸਿੰਘ ਦਾ ਉਨ੍ਹਾਂ ਨੇ ਵਿੱਤੀ ਸਹਿਯੋਗ ਕੀਤਾ ਸੀ, ਜਿਸ ਨੇ 1886 ਵਿਚ ਪੰਜਾਬੀ ਹਫ਼ਤਾਵਾਰੀ 'ਖ਼ਾਲਸਾ ਅਖ਼ਬਾਰ' ਪ੍ਰਕਾਸ਼ਤ ਕਰਨੀ ਸ਼ੁਰੂ ਕੀਤੀ ਸੀ। ਸੰਖੇਪ ਬਿਮਾਰੀ ਤੋਂ ਬਾਅਦ ਕੁੰਵਰ ਬਿਕਰਮ ਸਿੰਘ ਦੀ ਮੌਤ 8 ਮਈ 1887 'ਚ ਹੋਈ ਸੀ।

ਲਾਲ ਕੋਠੀ

ਡੀਏਵੀ ਕਾਲਜ ਨਹਿਰ ਤੇ ਗੰਦੇ ਨਾਲ਼ੇ ਦੇ ਵਿਚਕਾਰ ਬਣੀ ਲਾਲ ਰੰਗ ਦੀ ਵਿਸ਼ਾਲ ਇਮਾਰਤ ਉੱਥੋਂ ਲੰਘਣ ਵਾਲੇ ਹਰੇਕ ਵਿਅਕਤੀ ਦਾ ਧਿਆਨ ਖਿੱਚ ਲੈਂਦੀ ਹੈ। ਵੱਡੇ ਸਾਰੇ ਗੇਟ ਤੇ ਖੁੱਲ੍ਹੀ ਥਾਂ ਵਿਚ ਬਣੀ ਇਹ ਲਾਲ ਰੰਗ ਦੀ ਇਮਾਰਤ ਲਾਲ ਕੋਠੀ ਤੇ 'ਆਤਮਾ ਨਿਵਾਸ' ਵਜੋਂ ਜਾਣੀ ਜਾਂਦੀ ਹੈ ਜੋ ਕਿ ਬੁਧੀਆ ਘਰਾਣੇ ਦਾ ਨਿਵਾਸ ਸਥਾਨ ਹੋਣ ਦੇ ਨਾਲ-ਨਾਲ ਸੂਬੇ ਦਾ ਪ੍ਰਸ਼ਾਸਨਿਕ ਕੇਂਦਰ ਵੀ ਰਹਿ ਚੁੱਕੀ ਹੈ। 12 ਏਕੜ ਦੇ ਰਕਬੇ ਵਿਚ ਫੈਲੀ ਲਾਲ ਕੋਠੀ ਦੀ ਇਮਾਰਤ 1932 ਵਿਚ ਉਸ ਵੇਲੇ ਦੇ ਸ਼ਹਿਰ ਦੇ ਸੇਠਾਂ ਵਿਚ ਸ਼ੁਮਾਰ ਕਰਨ ਵਾਲੇ ਸੇਠ ਹੁਕਮ ਚੰਦ ਬੁਧੀਆ ਨੇ ਤਿਆਰ ਕਰਵਾਈ ਸੀ। ਇਸ ਕੋਠੀ ਵਿਚ ਕਰੀਬ 30 ਬੈੱਡਰੂਮ ਹਨ ਅਤੇ ਇਸ ਤੋਂ ਇਲਾਵਾ ਡਰਾਇੰਗ ਰੂਮ, ਡਾਇਨਿੰਗ ਰੂਮ, ਸਟੋਰ ਅਤੇ ਰਸੋਈ ਬਣਾਈ ਹੋਈ ਹੈ।

ਇਹ ਕੋਠੀ ਆਜ਼ਾਦੀ ਤੋਂ ਪਹਿਲਾਂ ਦੀ ਇਮਾਰਤਸਾਜ਼ੀ, ਸ਼ਿਲਪਕਾਰੀ ਤੇ ਮੀਨਾਕਾਰੀ ਦਾ ਅਹਿਮ ਨਮੂਨਾ ਹੈ। ਇਸ ਦੀਆਂ ਕੰਧਾਂ ਏਨੀਆਂ ਮੋਟੀਆਂ ਹਨ, ਉਨ੍ਹਾਂ ਵਿਚ ਛੇਕ ਮਾਰਨਾ ਬਹੁਤ ਔਖਾ ਹੈ। ਇਸ ਦੇ ਨਾਲ ਹੀ ਸਫ਼ੈਦ ਰੰਗ ਦੀ ਇਮਾਰਤ ਗੈਸਟ ਹਾਊਸ ਵਜੋਂ ਬਣਵਾਈ ਗਈ ਸੀ। ਕੋਠੀ ਦਾ ਡਰਾਇੰਗ ਰੂਮ ਛੱਤ ਤੋਂ ਜ਼ਮੀਨ ਤਕ ਬਰਮਾ ਟੀਕ ਦੀ ਲੱਕੜੀ ਨਾਲ ਬਣਾਇਆ ਗਿਆ ਹੈ, ਜਿਸ ਨੂੰ ਉਸ ਵੇਲੇ ਪਾਲਿਸ਼ ਦੀ ਵੀ ਲੋੜ ਨਹੀਂ ਪਈ ਸੀ। ਕੋਠੀ ਦੇ ਇਕ ਹਿੱਸੇ ਵਿਚ ਰਾਮਤਲਾਈ (ਜੋ ਉਸ ਜ਼ਮਾਨੇ ਦਾ ਸਵਿਮਿੰਗ ਪੂਲ) ਵੀ ਬਣਾਇਆ ਹੋਇਆ ਹੈ। ਇਸ ਕੁੰਡਨੁਮਾ ਰਾਮਤਲਾਈ ਵਿਚ ਛੋਟੀਆਂ-ਛੋਟੀਆਂ ਪੌੜੀਆਂ ਹਨ। ਇਸ ਤੋਂ ਇਲਾਵਾ ਕੋਠੀ ਅੰਦਰ ਧੋਬੀ ਘਾਟ ਤਿਆਰ ਕਰਵਾਇਆ ਗਿਆ ਸੀ ਤਾਂ ਜੋ ਨੌਕਰ-ਚਾਕਰ ਪਰਿਵਾਰਕ ਮੈਂਬਰਾਂ ਦੇ ਕੱਪੜੇ ਇਥੇ ਹੀ ਧੋ ਸਕਣ। ਕੋਠੀ ਦੇ ਆਸ-ਪਾਸ ਵੱਡੇ-ਵੱਡੇ ਬਗੀਚੇ ਹਨ।

ਕੋਠੀ ਤਿਆਰ ਕਰਨ ਵੇਲੇ ਇਸ ਦੀ ਖ਼ੂਬਸੂਰਤ ਬਣਾਵਟ ਦਾ ਧਿਆਨ ਰੱਖਣ ਦੇ ਨਾਲ-ਨਾਲ ਧਾਰਮਿਕ ਪਹਿਲੂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਸੀ। ਸੇਠ ਹੁਕਮ ਚੰਦ ਨੇ ਆਪਣੇ ਦਾਦਾ ਦੇਵੀ ਸਹਾਏ ਦੀ ਯਾਦ ਵਿਚ ਇਕ ਮੰਦਰ ਦਾ ਨਿਰਮਾਣ ਵੀ ਕਰਵਾਇਆ ਸੀ। ਲੱਕੜੀ ਦੀ ਖ਼ੂਬਸੂਰਤ ਮੀਨਾਕਾਰੀ ਵਾਲੀ ਇਹ ਸਮਾਧੀ ਅੱਜ ਵੀ ਆਤਮਾ ਨਿਵਾਸ ਵਿਚ ਖਿੱਚ ਦਾ ਕੇਂਦਰ ਅਤੇ ਸਮੁੱਚੇ ਪਰਿਵਾਰ ਲਈ ਆਸਥਾ ਦਾ ਅਸਥਾਨ ਹੈ। ਇਸ ਸਮਾਧੀ ਦੀ ਸ਼ਿਲਪਕਾਰੀ ਉਸ ਵੇਲੇ ਦੇ ਮੁਸਲਿਮ ਕਾਰੀਗਰਾਂ ਨੇ ਕੀਤੀ ਸੀ। ਉਦੋਂ ਇਸ ਪੂਰੀ ਕੋਠੀ ਨੂੰ ਤਿਆਰ ਕਰਨ ਉੱਪਰ ਤਿੰਨ-ਚਾਰ ਲੱਖ ਰੁਪਏ ਖ਼ਰਚ ਕੀਤੇ ਗਏ ਸਨ ਜੋ ਕਿ ਅੱਜ ਦੇ ਜ਼ਮਾਨੇ ਕਰੋੜਾਂ ਰੁਪਏ ਬਣਦੇ ਹਨ। ਲਾਲ ਕੋਠੀ ਦੇ ਮੁੱਖ ਗੇਟ ਉੱਪਰ ਇਸ ਨੂੰ ਬਣਾਉਣ ਦਾ ਸੰਨ 1932 ਤੇ ਨਾਮ 'ਆਤਮਾ ਨਿਵਾਸ' ਉਕਰਿਆ ਹੋਇਆ ਹੈ, ਜੋ ਇਸ ਵਿਰਾਸਤੀ ਇਮਾਰਤ ਦੇ ਇਤਿਹਾਸ ਦੀ ਗਵਾਹੀ ਭਰਦੀ ਹੈ।


ਕੋਸ ਮੀਨਾਰ

ਮੁਗਲ ਸ਼ਹਿਨਸ਼ਾਹ ਅਕਬਰ ਤੋਂ ਬਾਅਦ ਸ਼ਹਿਨਸ਼ਾਹ ਜਹਾਂਗੀਰ ਤੇ ਸ਼ਾਹ ਜਹਾਨ ਦੇ ਸ਼ਾਸਨਕਾਲ ਵੇਲੇ ਦੇ ਸੜਕੀ ਤੇ ਡਾਕ ਸਿਸਟਮ ਦੀ ਗਵਾਹੀ ਭਰ ਰਿਹਾ ਹੈ। ਇਸ ਨੂੰ ਕੋਸ ਮੀਨਾਰ ਕਿਹਾ ਜਾਂਦਾ ਹੈ, ਜਿਹੜਾ ਕਿ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੇ ਪੁਰਾਣੇ ਜੀਟੀ ਰੋਡ 'ਤੇ ਸਥਿਤ ਹੈ, ਜਿਸ ਦੇ ਰਾਹ ਵਿਚ ਨਕੋਦਰ, ਨੂਰਮਹਿਲ ਤੇ ਫਿਲੌਰ ਕਸਬੇ ਪੈਂਦੇ ਸਨ। ਇਤਿਹਾਸਕ ਤੱਥ ਦੱਸਦੇ ਹਨ ਕਿ ਕੋਸ ਮੀਨਾਰ 16ਵੀਂ ਸਦੀ ਵਿਚ ਅਫਗਾਨ ਤੋਂ ਭਾਰਤ 'ਚ ਆਏ ਵਿਦੇਸ਼ੀ ਹਮਲਾਵਰ ਸ਼ਾਸਕ ਸ਼ੇਰ ਸ਼ਾਹ ਸੂਰੀ ਅਤੇ ਬਾਅਦ ਵਿਚ ਮੁਗ਼ਲ ਬਾਦਸ਼ਾਹਾਂ ਨੇ ਉਸਾਰੇ ਸਨ। ਇਹ ਕੋਸ ਮੀਨਾਰ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੇ ਪੁਰਾਣੇ ਜੀਟੀ ਰੋਡ 'ਤੇ ਇਕ-ਇਕ ਕੋਹ ਦੀ ਦੂਰੀ 'ਤੇ ਬਣਾਏ ਗਏ ਸਨ ਜੋ ਕਿ ਮੁਗ਼ਲ ਬਾਦਸ਼ਾਹਾਂ ਵੱਲੋਂ ਆਪਣੇ ਲਾਮ-ਲਸ਼ਕਰ ਸਮੇਤ ਸਫ਼ਰ ਦੀ ਅਗਵਾਈ ਕਰਨ ਵਾਲੇ ਸਿਪਾਹ-ਸਲਾਰਾਂ ਲਈ ਰਾਹ-ਦਸੇਰੇ ਦਾ ਕੰਮ ਕਰਦੇ ਸਨ। ਇਨ੍ਹਾਂ ਕੋਸ ਮੀਨਾਰਾਂ ਨੂੰ ਦੇਖ ਕੇ ਹੀ ਸਫ਼ਰ ਅੱਗੇ ਵਧਾਇਆ ਜਾਂਦਾ ਸੀ ਕਿਉਂਕਿ ਇਲਾਕੇ ਵਿਚ ਜ਼ਿਆਦਾਤਰ ਜੰਗਲ ਹੀ ਹੁੰਦੇ ਸੀ ਅਤੇ ਇਹ ਕੋਸ ਮੀਨਾਰ ਆਬਾਦੀ ਵਾਲੀਆਂ ਥਾਵਾਂ ਤੋਂ ਥੋੜ੍ਹੇ ਹਟਵੇਂ ਹੁੰਦੇ ਸਨ। ਇਹ ਕੋਸ ਮੀਨਾਰ ਛੋਟੀਆਂ ਇੱਟਾਂ ਦੇ ਉਸਾਰੇ ਗਏ ਸਨ, ਜਿਨ੍ਹਾਂ ਉੱਪਰ ਚੂਨੇ ਤੇ ਹੋਰ ਸਮੱਗਰੀ ਨਾਲ ਪਲੱਸਤਰ ਕੀਤਾ ਹੋਇਆ ਸੀ। ਇਹ ਮਜ਼ਬੂਤ ਗੋਲ ਥੰਮ੍ਹ ਹੈ, ਜਿਹੜਾ ਕਿ ਇੱਟਾਂ ਦੇ ਬਣਾਏ ਗਏ ਥੜ੍ਹੇ ਉੱਪਰ ਉਸਾਰਿਆ ਹੋਇਆ ਹੈ ਜੋ ਕਿ ਕਰੀਬ 20 ਤੋਂ 30 ਫੁੱਟ ਉੱਚੇ ਸਨ। ਮੁਗ਼ਲ ਕਾਲ 'ਚ ਇਹ ਕੋਸ ਮੀਨਾਰ ਆਵਾਜਾਈ ਅਤੇ ਡਾਕ ਆਦਿ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਸਨ।

ਕੋਸ ਮੀਨਾਰਾਂ ਵਿਚਾਲੇ ਦੂਰੀ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖੋ-ਵੱਖਰੇ ਅੰਦਾਜ਼ੇ ਤੇ ਵਿਚਾਰ ਮਿਲਦੇ ਹਨ। ਇਨ੍ਹਾਂ ਵਿਚਾਲੇ ਦੂਰੀ ਬਾਰੇ 1.8 ਕਿਲੋਮੀਟਰ, 3.2 ਕਿਲੋਮੀਟਰ ਅਤੇ 4.17 ਕਿਲੋਮੀਟਰ ਦਾ ਜ਼ਿਕਰ ਮਿਲਦਾ ਹੈ। ਪੁਰਾਤਤਵ ਸਰਵੇ ਆਫ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਹਰਿਆਣਾ ਵਿਚ 49 ਦੇ ਕਰੀਬ ਮੀਨਾਰ ਹਾਲੇ ਵੀ ਮੌਜੂਦ ਹਨ ਜਦੋਂਕਿ ਪੰਜਾਬ ਵਿਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ ਤੇ ਲੁਧਿਆਣਾ ਜ਼ਿਲ੍ਹਿਆਂ ਵਿਚ 11 ਦੇ ਕਰੀਬ ਕੋਸ ਮੀਨਾਰ ਮੌਜੂਦ ਹਨ। ਇਨ੍ਹਾਂ ਵਿੱਚੋਂ ਪੰਜ ਲੁਧਿਆਣਾ ਜ਼ਿਲ੍ਹੇ 'ਚ ਹਨ ਜਦੋਂਕਿ ਸੁਲਤਾਨਪੁਰ ਲੋਧੀ, ਮੱਲ੍ਹੀਆਂ ਕਲਾਂ ਨਕੋਦਰ, ਲਸ਼ਕਰ ਖਾਂ ਸਰਾਂ ਕੋਟ ਪਨੇਚ ਲੁਧਿਆਣਾ, ਰਾਜਾ ਤਾਲ, ਭਰੋਵਾਲ ਤੇ ਸਰਾਏ ਅਮਾਨਤ ਖ਼ਾਂ ਤਰਨਤਾਰਨ ਦਾ ਜ਼ਿਕਰ ਮਿਲਦਾ ਹੈ। ਇਹ ਸ਼ਾਹ ਮਾਰਗ ਨਾ ਸਿਰਫ਼ ਮੁਗ਼ਲ ਬਾਦਸ਼ਾਹਾਂ, ਉਨ੍ਹਾਂ ਦੀਆਂ ਬੇਗਮਾਂ, ਸਿਪਾਹ-ਸਲਾਰਾਂ, ਫ਼ੌਜਾਂ, ਮੁਸਾਫਿਰਾਂ ਲਈ ਮਹੱਤਵਪੂਰਨ ਸਨ ਬਲਕਿ ਇਨ੍ਹਾਂ ਰਸਤੇ ਸਾਮਾਨ ਦੀ ਢੋਆ-ਢੁਆਈ ਵੀ ਕੀਤੀ ਜਾਂਦੀ ਸੀ।

ਚਰਨਜੀਤ ਮਹੱਲ

ਕਪੂਰਥਲਾ ਰਿਆਸਤ ਦੇ ਸ਼ਾਸਕਾਂ ਨੇ ਜਲੰਧਰ ਸ਼ਹਿਰ ਅਤੇ ਆਸ-ਪਾਸ ਦੇ ਖੇਤਰ 'ਚ ਚਾਰ-ਪੰਜ ਮਹੱਲਾਂ ਦਾ ਨਿਰਮਾਣ ਕੀਤਾ। ਇਨ੍ਹਾਂ ਮਹੱਲਾਂ ਦਾ ਨਿਰਮਾਣ ਹੋਣ ਨਾਲ ਕਪੂਰਥਲਾ ਰਿਆਸਤ ਦੀ ਚੰਗੀ ਠੁੱਕ ਬੱਝ ਗਈ। ਉਨ੍ਹਾਂ ਮਹੱਲਾਂ ਵਿੱਚੋਂ ਹੀ ਇਕ ਮਹੱਲ ਕੁੰਵਰ ਚਰਨਜੀਤ ਦੇ ਨਾਂ 'ਤੇ ਉਸਾਰਿਆ ਗਿਆ। ਚਰਨਜੀਤਪੁਰਾ 'ਚ ਇਹ ਮੁੱਖ ਮਹੱਲ ਹੈ ਅਤੇ ਥੋੜ੍ਹਾ ਜਿਹਾ ਅੱਗੇ ਜਾ ਕੇ ਇਕ ਹੋਰ ਛੋਟੀ ਇਮਾਰਤ ਉਸਾਰੀ ਗਈ। ਚਰਨਜੀਤ ਮਹੱਲ ਦੀਆਂ ਬਾਹਰਲੀਆਂ ਕੰਧਾਂ ਢਾਈ-ਤਿੰਨ ਫੁੱਟ ਚੌੜੀਆਂ ਬਣਾਈਆਂ ਹੋਈਆਂ ਹਨ ਅਤੇ ਮਹੱਲ ਦੀਆਂ ਕੰਧਾਂ ਤੇ ਅੰਦਰ ਬਣਾਏ ਗਏ ਕਮਰਿਆਂ ਦੇ ਨਿਰਮਾਣ ਵਿਚ ਚੂਨੇ ਤੇ ਕੇਰੀ ਦਾ ਮਿਸ਼ਰਣ ਬਣਾ ਕੇ ਛੋਟੀ ਇੱਟ ਨਾਲ ਚਿਣਾਈ ਕੀਤੀ ਹੋਈ ਸੀ।

ਮਹੱਲ ਦੇ ਬਾਹਰਵਾਰ ਕੇਸਰੀ ਰੰਗ ਕੀਤਾ ਹੋਇਆ ਸੀ ਅਤੇ ਅੰਦਰਲਾ ਫ਼ਰਸ਼ ਕਾਲੇ ਤੇ ਲਾਲ ਰੰਗ ਦਾ ਡੱਬੀਦਾਰ ਪਾਇਆ ਹੋਇਆ ਸੀ। ਸਾਰੇ ਕਮਰਿਆਂ ਅੰਦਰ ਮੀਨਾਕਾਰੀ ਕੀਤੀ ਗਈ ਸੀ ਜੋ ਕਿ ਉਸ ਕਾਲ ਦੀ ਭਵਨ ਨਿਰਮਾਣ ਕਲਾ ਦਾ ਨਮੂਨਾ ਪੇਸ਼ ਕਰਦੀ ਹੈ। ਡਿਓਢੀ ਦੇ ਨੇੜੇ ਵਾਲਾ ਕਮਰਾ ਕਾਫ਼ੀ ਵੱਡਾ ਸੀ। ਮਹੱਲ ਦੇ ਅੰਦਰ ਇਕ ਗੁਫ਼ਾ ਵੀ ਬਣਾਈ ਹੋਈ ਹੈ, ਜਿਸ ਦੇ ਅੰਦਰ ਸ਼ਾਇਦ ਉਸ ਵੇਲੇ ਸ਼ਾਹੀ ਪਰਿਵਾਰ ਦੇ ਮੈਂਬਰ ਰਹਿੰਦੇ ਹੋਣਗੇ। ਬਾਹਰਲੀਆਂ ਕੰਧਾਂ ਤੇ ਅੰਦਰ ਬਣੇ ਕਮਰਿਆਂ ਦੀਆਂ ਕੰਧਾਂ ਮੋਟੀਆਂ ਹੋਣ ਕਾਰਨ ਮਹੱਲ ਅੰਦਰੋਂ ਠੰਢਾ ਰਹਿੰਦਾ ਸੀ। ਚਰਨਜੀਤ ਮਹੱਲ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਇਥੇ ਆਚਾਰੀਆ ਰਜਨੀਸ਼, ਜਿਹੜੇ ਬਾਅਦ ਵਿਚ ਓਸ਼ੋ ਦੇ ਨਾਂ ਨਾਲ ਪ੍ਰਸਿੱਧ ਹੋਏ ਸਨ, ਉਹ ਤਿੰਨ ਦਿਨ ਤਕ ਇਸ ਮਹੱਲ ਵਿਚ ਠਹਿਰੇ ਸਨ। ਉਨ੍ਹਾਂ ਨੇ ਇਥੇ ਪ੍ਰੈੱਸ ਕਾਨਫਰੰਸ ਕੀਤੀ ਸੀ ਅਤੇ ਸ਼ਹਿਰ ਦੇ ਪੱਤਰਕਾਰਾਂ ਦੇ ਰੂਬਰੂ ਹੋਏ ਸਨ ਕਿਉਂਕਿ ਉਹ ਜਬਲਪੁਰ ਤੋਂ ਪਹਿਲੀ ਵਾਰ ਬਾਹਰ ਆਏ ਸਨ। ਉਦੋਂ ਇਸ ਮਹੱਲ ਦੇ ਮਾਲਕ ਸਵਾਮੀ ਸੋਮ ਪ੍ਰਕਾਸ਼ ਸਨ ਜੋ ਕਿ ਸ਼ਹਿਰ ਦੇ ਖੰਡ ਦੇ ਵੱਡੇ ਵਪਾਰੀ ਸਨ।

ਮਹੱਲ ਦੇ ਸਾਹਮਣੇ ਖੁੱਲ੍ਹੀ ਸੜਕ ਸੀ, ਜਿੱਥੇ ਸਵਾਮੀ ਓਮ ਪ੍ਰਕਾਸ਼ ਦੀ ਬੱਘੀ ਖੜ੍ਹੀ ਰਹਿੰਦੀ ਸੀ, ਜਿਸ ਵਿਚ ਉਹ ਬਾਹਰ ਜਾਂਦੇ ਸਨ। ਇਥੋਂ ਇਕ ਰਸਤਾ ਬਾਹਰ ਨੂੰ ਨਿਕਲਦਾ ਸੀ ਅਤੇ ਇਕ ਪਾਸੇ ਇਮਾਮਨਾਸਰ ਦਰਗਾਹ ਹੈ, ਜਿਹੜੀ ਕਿ ਮਹਿਲ ਤੋਂ ਬਾਅਦ ਉਸਾਰੀ ਗਈ ਸੀ। ਬਾਅਦ ਇਸ ਮਹੱਲ ਦੇ ਨਾਲ ਹੌਲੀ-ਹੌਲੀ ਵੱਸੋਂ ਹੋਣੀ ਸ਼ੁਰੂ ਹੋ ਗਈ ਅਤੇ ਇਸ ਇਲਾਕੇ ਦਾ ਨਾਂ ਚਰਨਜੀਤਪੁਰਾ ਪੈ ਗਿਆ। ਇਸ ਇਲਾਕੇ 'ਚ ਰਹਿਣ ਲਈ ਜਿਹੜੀ ਆਬਾਦੀ ਆਈ ਉਹ ਧਨਾਢ ਲੋਕ ਸਨ। ਇਸ ਵੇਲੇ ਇਹ ਇਲਾਕਾ ਭੀੜ ਭਰੇ ਬਾਜ਼ਾਰ ਦਾ ਹਿੱਸਾ ਬਣਾ ਚੁੱਕਾ ਹੈ ਅਤੇ ਮਹਿਲ ਦੇ ਅਗਲੇ ਹਿੱਸੇ ਵਿਚ ਕਈ ਦੁਕਾਨਾਂ ਚੱਲਦੀਆਂ ਹਨ। ਮਹੱਲ ਦੀ ਇਮਾਰਤ 'ਤੇ ਕਈ ਲੋਕਾਂ ਦਾ ਕਬਜ਼ਾ ਹੈ ਅਤੇ ਇਸ ਦੇ ਪਿਛਲੇ ਹਿੱਸੇ ਦੀ ਅੱਧੀ ਇਮਾਰਤ ਹੁਣ ਤੋੜ ਦਿੱਤੀ ਗਈ ਹੈ ਜਿੱਥੋਂ ਮਹੱਲ ਦੀ ਗੁਫ਼ਾ ਨਜ਼ਰ ਆਉਂਦੀ ਹੈ। ਮਹੱਲ ਦੇ ਉਪਰਲੇ ਹਿੱਸੇ 'ਤੇ ਚਾਰੇ ਪਾਸੇ ਬਣਾਈਆਂ ਗਈਆਂ ਮਹਿਰਾਬਾਂ ਹਾਲੇ ਵੀ ਮੌਜੂਦ ਸਨ ਜੋ ਕਿ ਇਸ ਕਿਲ੍ਹੇ ਦੇ ਇਤਿਹਾਸ ਤੇ ਉਸ ਕਾਲ ਦੀ ਭਵਨ ਨਿਰਮਾਣ ਕਲਾ ਦਾ ਨਮੂਨਾ ਪੇਸ਼ ਕਰਦੀਆਂ ਹਨ।


ਦੱਖਣੀ ਸਰਾਂ

ਨਕੋਦਰ ਸ਼ਹਿਰ ਤੋਂ 12 ਕਿਲੋਮੀਟਰ ਦੂਰ ਕਪੂਰਥਲਾ ਨੂੰ ਜਾਣ ਵਾਲੇ ਮਾਰਗ 'ਤੇ ਪੈਂਦੇ ਅੱਡਾ ਮੱਲੀਆਂ ਕਲਾਂ ਨੇੜੇ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਨਾਂ 'ਤੇ ਵਸੇ ਪਿੰਡ 'ਚ ਪੈਂਦੇ ਕਿਲ੍ਹੇ ਨੂੰ ਦੱਖਣੀ ਸਰਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਦੱਖਣੀ ਸਰਾਂ ਮੁਗ਼ਲ ਸੈਨਿਕਾਂ ਦੇ ਠਹਿਰਨ ਲਈ ਉਸਾਰੀ ਗਈ ਸੀ, ਜਿਸ ਦਾ ਨਿਰਮਾਣ 1640 ਈਸਵੀ ਦੌਰਾਨ ਸ਼ਾਹਜਹਾਂ ਦੇ ਸ਼ਾਸਨਕਾਲ ਦੌਰਾਨ ਨੇਕਦਿਲ ਮੁਗ਼ਲ ਅਲੀ ਮਰਦਾਨ ਖ਼ਾਨ ਨੇ ਕਰਵਾਇਆ ਸੀ। ਛੋਟੀ ਇੱਟ, ਜਿਸ ਨੂੰ ਨਾਨਕਸ਼ਾਹੀ ਇੱਟ ਵੀ ਕਿਹਾ ਜਾਂਦਾ ਹੈ, ਨਾਲ ਉਸਾਰੀ ਹੋਈ ਹੈ ਅਤੇ ਇਸ ਦੀ ਉਸਾਰੀ ਵਿਚ ਚੂਨੇ ਤੇ ਇੱਟਾਂ ਦੀ ਕੇਰੀ ਵਰਤੀ ਗਈ ਹੈ। ਇਹ ਸਰਾਂ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸ਼ੇਰਸ਼ਾਹ ਸੂਰੀ ਮਾਰਗ 'ਤੇ ਬਣਵਾਈ ਗਈ ਜੋ ਕਿ ਪਿੰਡ ਜਹਾਂਗੀਰ ਨੇੜਿਓਂ ਲੰਘਦਾ ਸੀ। ਜਹਾਂਗੀਰ ਪਿੰਡ ਵਿਖੇ 12 ਏਕੜ ਰਕਬੇ ਵਿਚ ਬਣੀ ਇਸ ਸਰਾਂ ਦੇ ਅੰਦਰ 124 ਭੋਰੇ (ਸ਼ੈੱਲ) ਅਤੇ ਇਕ ਮਸਜਿਦ ਬਣਾਈ ਹੋਈ ਸੀ ਜੋ ਅੱਜ ਵੀ ਕਾਇਮ ਹਨ।

ਮਸਜਿਦ ਦੇ ਸਾਹਮਣੇ ਖੂਹ ਵੀ ਹੈ। ਇਸ ਤੋਂ ਇਲਾਵਾ ਸਰਾਂ ਦੇ ਅੰਦਰ ਤਿੰਨ ਖੂਹ ਹੋਰ ਹਨ। ਸਰਾਂ ਦੇ ਅੰਦਰ ਆਉਣ-ਜਾਣ ਲਈ ਦੋਵਾਂ ਪਾਸਿਆਂ 'ਤੇ ਦੋ ਵਿਸ਼ਾਲ ਗੇਟ ਉਸਾਰੇ ਗਏ ਸਨ ਜਿਨ੍ਹਾਂ ਵਿੱਚੋਂ ਲਾਹੌਰ ਵਾਲੇ ਪਾਸੇ ਦੇ ਗੇਟ ਲਾਹੌਰੀ ਗੇਟ ਅਤੇ ਦਿੱਲੀ ਵਾਲੇ ਪਾਸੇ ਦੇ ਗੇਟ ਨੂੰ ਦਿੱਲੀ ਗੇਟ ਕਿਹਾ ਜਾਂਦਾ ਰਿਹਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਮੁਗ਼ਲ ਸਮਰਾਟ ਵੱਲੋਂ ਦੱਖਣੀ ਸਰਾਂ 'ਚ ਕਈ ਗੁਪਤ ਰਸਤੇ ਅਤੇ ਸੁਰੰਗਾਂ ਦਾ ਵੀ ਨਿਰਮਾਣ ਕਰਵਾਇਆ ਗਿਆ ਸੀ। ਸਰਾਂ ਦੇ ਅੰਦਰ ਵੜਦਿਆਂ ਹੀ ਸਾਹਮਣੇ ਖੁੱਲ੍ਹਾ ਵਿਹੜਾ ਹੈ ਅਤੇ ਥੋੜ੍ਹਾ ਅੱਗੇ ਜਾ ਕੇ ਸੱਜੇ ਹੱਥ ਮਸਜਿਦ ਬਣੀ ਹੋਈ ਹੈ ਜਦੋਂਕਿ ਸੈਨਿਕਾਂ ਦੇ ਠਹਿਰਨ ਲਈ ਬਣਾਏ ਗਏ ਭੋਰੇ ਸਰਾਂ ਦੀਆਂ ਚਾਰੇ ਪਾਸੇ ਦੀਆਂ ਦੀਵਾਰਾਂ ਦੇ ਨਾਲ-ਨਾਲ ਉਸਾਰੇ ਗਏ ਹਨ। ਇਨ੍ਹਾਂ ਭੋਰਿਆਂ ਨੂੰ ਲੱਕੜ ਦੇ ਦਰਵਾਜ਼ੇ ਤੇ ਖਿੜਕੀਆਂ ਲੱਗੀਆਂ ਹੋਈਆਂ ਸਨ ਅਤੇ ਭੋਰੇ ਦਾ ਆਕਾਰ ਗੁੰਬਦ ਦੇ ਅੱਧੇ ਹਿੱਸੇ ਵਰਗਾ ਬਣਾਇਆ ਹੋਇਆ ਜੋ ਕਿ ਟਾਈਲਾਂ ਨਾਲ ਸਜਾਇਆ ਗਿਆ ਸੀ ਜਦੋਂਕਿ ਅੰਦਰਲੇ ਪਾਸੇ ਚੂਨੇ ਦੇ ਪਲੱਸਤਰ ਉਪਰ ਮੀਨਾਕਾਰੀ ਕੀਤੀ ਹੋਈ ਹੈ।

ਤਿੰਨ ਮੰਜ਼ਿਲੀ ਮੱਥੇ ਵਾਲੇ ਗੇਟ ਦੋਵਾਂ ਪਾਸਿਓਂ ਤੋਂ ਦਿਖਾਈ ਦਿੰਦੇ ਹਨ ਅਤੇ ਦੋਵਾਂ ਪਾਸਿਓਂ ਨੂੰ ਖੁੱਲ੍ਹਦੇ ਹਨ ਜੋ ਕਿ ਛੋਟੇ ਲਾਲ ਬਲੂਆ ਪੱਥਰ 'ਚ ਬਰੀਕ ਛੇਕ ਕਰ ਕੇ ਸਜਾਵਟੀ ਸਕਰੀਨ ਨਾਲ ਬੰਦ ਹਨ। ਦੀਵਾਰ ਤੋਂ ਬਾਹਰ ਨਿਕਲਣ ਲਈ ਅਠਕੋਣੀ ਟਾਵਰਾਂ ਦੇ ਨਾਲ ਮਜ਼ਬੂਤੀ ਪ੍ਰਦਾਨ ਕੀਤੀ ਗਈ ਹੈ, ਜਿਹੜਾ ਕਿ ਗੁੰਬਦਦਾਰ ਕਪੋਲਾਂ ਨਾਲ ਵਲ਼ਿਆ ਹੋਇਆ ਹੈ। ਕੇਂਦਰੀ ਮਹਿਰਾਬ ਅਤੇ ਪਾਸੇ ਤੋਂ ਖੁੱਲ੍ਹਣ ਵਾਲੇ ਆਰਕ ਸਪੈਂਡਰਲ ਤੇ ਪੈਨਲ ਨੂੰ ਚਮਕਦੀ ਹੋਈ ਟਾਈਲ ਨਾਲ ਸਜਾਇਆ ਗਿਆ ਹੈ। ਮੁੱਖ ਗੇਟਾਂ 'ਤੇ ਚੜ੍ਹਨ ਲਈ ਪੌੜੀਆਂ ਬਣਾਈਆਂ ਗਈਆਂ ਅਤੇ ਗੇਟਾਂ ਦੇ ਉੱਪਰ ਸਿਖ਼ਰ 'ਤੇ ਗੁੰਬਦ ਉਸਾਰੇ ਗਏ ਹਨ, ਜਿੱਥੇ

ਖੜ੍ਹੇ ਹੋ ਸੈਨਿਕ ਸਰਾਂ ਦੀ ਰਾਖੀ ਕਰਿਆ ਕਰਦੇ ਸਨ।


ਨੂਰਮਹਿਲ ਦੀ ਸਰਾਂ

ਕਸਬਾ ਨੂਰਮਹਿਲ 'ਚ ਸਥਿਤ ਸਰਾਂ ਇਮਾਰਤਸਾਜ਼ੀ ਦਾ ਅਹਿਮ ਨਮੂਨਾ ਹੈ। ਇਹ ਮਹਿਲ ਅਰਥਾਤ ਸਰਾਂ ਨੂਰ ਜਹਾਂ ਦੀ ਜਨਮ ਭੂਮੀ ਹੈ, ਜੋ ਕਿ 1619 ਵਿਚ ਦੁਆਬੇ ਦੇ ਨਵਾਬ ਜ਼ਕਰੀਆ ਖ਼ਾਨ ਵੱਲੋਂ ਉਸਾਰਿਆ ਗਿਆ ਸੀ ਜਦੋਂਕਿ ਕੁਝ ਦਾ ਕਹਿਣਾ ਹੈ ਕਿ ਇਹ ਸਰਾਂ ਨੂਰ ਜਹਾਂ ਦੇ ਵਾਲਦ ਮਿਰਜ਼ਾ ਗਿਆਸ ਬੇਗ ਨੇ ਆਪਣੀ ਧੀ ਨੂਰ ਜਹਾਂ ਦੇ ਇਸ ਕਸਬੇ 'ਚ ਪੈਦਾ ਹੋਣ 'ਤੇ ਉਸਾਰੀ ਸੀ। ਇਤਿਹਾਸਕ ਕਸਬਾ ਨੂਰਮਹਿਲ ਪੁਰਾਤਨ ਕਾਲ 'ਚ ਲਾਹੌਰ ਤੋਂ ਦਿੱਲੀ ਨੂੰ ਜਾਂਦੀ ਜਰਨੈਲੀ ਸੜਕ 'ਤੇ ਸੁਲਤਾਨਪੁਰ ਲੋਧੀ ਤੋਂ 25 ਮੀਲ ਦੂਰ ਦੱਖਣ-ਪੂਰਬ, ਜਲੰਧਰ ਤੋਂ 16 ਮੀਲ ਦੱਖਣ ਅਤੇ ਫਿਲੌਰ ਤੋਂ 13 ਮੀਲ ਪੂਰਬ 'ਚ ਸਥਿਤ ਸੀ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਕਸਬੇ ਦਾ ਪਹਿਲਾ ਨਾਂ ਕਿੱਤਾ-ਏ-ਗਹਿਲੂਰ ਸੀ ਪਰ ਮੁਗ਼ਲ ਬੇਗ਼ਮ ਨੂਰ ਜਹਾਂ ਦੇ ਜਨਮ ਉਪਰੰਤ ਇਸ ਦਾ ਨਾਂ ਬਦਲਕੇ ਨੂਰਮਹਿਲ ਰੱਖ ਦਿੱਤਾ ਗਿਆ। ਇਸ ਸਰਾਂ ਦਾ ਨਿਰਮਾਣ 551 ਵਰਗ ਫੁੱਟ ਖੇਤਰ 'ਚ ਕਰਵਾਇਆ ਗਿਆ ਸੀ ਜੋ 16ਵੀਂ ਸਦੀ ਦੀ ਭਵਨ ਨਿਰਮਾਣ ਕਲਾ ਦਾ ਅਹਿਮ ਨਮੂਨਾ ਹੈ। ਇਸ ਦੇ ਕੋਨਿਆਂ 'ਤੇ ਅੱਠ-ਭੁਜੀ ਮੀਨਾਰ ਬਣਾਏ ਹੋਏ ਹਨ ਅਤੇ ਸਰਾਂ ਦੇ ਪੱਛਮੀ ਦਰਵਾਜ਼ੇ ਨੂੰ ਲਾਹੌਰੀ ਗੇਟ ਆਖਿਆ ਜਾਂਦਾ ਹੈ ਕਿ ਜੋ ਕਿ ਦੋ-ਮੰਜ਼ਿਲੀ ਹੈ ਅਤੇ ਲਾਲ ਪੱਥਰ ਨਾਲ ਬਣਾਇਆ ਗਿਆ ਹੈ। ਇਸ ਦੀਆਂ ਮੁੱਖ ਦੀਵਾਰਾਂ ਡੇਢ ਫੁੱਟ ਤੋਂ ਵੀ ਮੋਟੀਆਂ ਹਨ ਜੋ ਕਿ ਛੋਟੀਆਂ ਇੱਟਾਂ ਨਾਲ ਚੂਨੇ ਤੇ ਮਾਂਹ ਦੇ ਆਟੇ ਦਾ ਮਿਸ਼ਰਣ ਬਣਾ ਕੇ ਚਿਣਵਾਈਆਂ ਗਈਆਂ ਹਨ। ਇਸ ਉਪਰ ਇਨਸਾਨਾਂ, ਜਾਨਵਰਾਂ ਤੇ ਪੰਛੀਆਂ ਦੀ ਚਿੱਤਰ ਬਣਾਏ ਗਏ ਹਨ ਜੋ ਕਿ ਮੁਗਲ ਕਾਲ ਦੀ ਮੀਨਾਕਾਰੀ ਕਲਾ ਦੀ ਜਿਊਂਦਾ-ਜਾਗਦਾ ਸਬੂਤ ਹਨ। ਇਨ੍ਹਾਂ ਮੂਰਤੀਆਂ ਤੋਂ ਇਲਾਵਾ ਦਰਵਾਜ਼ਿਆਂ 'ਤੇ ਫਾਰਸੀ ਭਾਸ਼ਾ 'ਚ ਲਿਖਿਆ ਹੋਇਆ ਹੈ ਜੋ ਕਿ ਉਸ ਵੇਲੇ ਦੇ ਆਪਸੀ ਭਾਈਚਾਰੇ ਦੀ ਅੰਤਰਭਾਵਨਾ ਅਤੇ ਇਤਿਹਾਸਕ ਤਵਾਰੀਖ ਦਾ ਪ੍ਰਗਟਾਵਾ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਦ੍ਰਿਸ਼ ਚਿੱਤਰੇ ਹੋਏ ਹਨ, ਜੋ ਕਿ ਹਾਥੀਆਂ ਦੀ ਲੜਾਈ ਜਾਂ ਚਾਰ ਘੋੜ-ਸਵਾਰਾਂ ਦੇ ਚੌਗਾਨ ਖੇਡਦਿਆਂ ਦੀ ਪੇਸ਼ਕਾਰੀ ਕਰਦੇ ਹਨ। ਇਸ ਦੇ ਮੁੱਖ ਦਰਵਾਜ਼ੇ ਤੋਂ ਅੰਦਰ ਵੜਦਿਆਂ ਹੀ ਉਸ ਉੱਪਰ ਜਾਨਵਰਾਂ ਦੇ ਆਪਸ 'ਚ ਲੜਨ ਦੇ ਦ੍ਰਿਸ਼ ਬਣਾਏ ਗਏ ਹਨ ਅਤੇ ਪੱਥਰ 'ਤੇ ਸ਼ਿਲਪਕਾਰੀ ਕਰ ਕੇ ਕਮਲ ਦੇ ਫੁੱਲ ਵੀ ਉਕਰੇ ਗਏ ਹਨ, ਨਾਲ ਹੀ ਸਰਾਂ ਬਾਰੇ ਫਾਰਸੀ ਵਿਚ ਲਿਖਿਆ ਗਿਆ ਹੈ, ਜਿਸ ਦਾ ਅਰਥ ਹੈ ਕਿ 'ਜਹਾਂਗੀਰ ਸ਼ਾਹ ਪੁੱਤਰ ਸ਼ਹਿਨਸ਼ਾਹ-ਏ-ਹਿੰਦ ਅਕਬਰ ਸ਼ਾਹ ਦੇ ਸ਼ਾਸਨਕਾਲ ਦੌਰਾਨ, ਜਿਸ ਨੂੰ ਨਾ ਸਵਰਗ ਜਾਣਦਾ ਹੈ ਨਾ ਧਰਤੀ।

ਕਾਰ ਵਾਲੀ ਕੋਠੀ

ਰੇਲਵੇ ਸਟੇਸ਼ਨ ਤੋਂ ਦੋਮੋਰੀਆ ਪੁਲ ਫਲਾਈਓਵਰ ਤੋਂ ਮਾਈ ਹੀਰਾਂ ਗੇਟ ਨੂੰ ਜਾਂਦਿਆਂ ਖੱਬੇ ਹੱਥ ਇਮਾਰਤ 'ਤੇ ਬਣੀ ਕਾਰ। ਇਸ ਵੇਲੇ ਇਹ ਟੁੱਟੀ-ਭੱਜੀ ਨਜ਼ਰ ਆਉਂਦੀ ਪਰ ਕਿਸੇ ਵੇਲੇ ਇਹ ਇਮਾਰਤ ਤੇ ਇਲਾਕਾ ਕਾਰ ਵਾਲੀ ਕੋਠੀ ਕਰਕੇ ਪ੍ਰਸਿੱਧ ਰਿਹਾ ਹੈ। ਇਸ ਕਾਰ ਵਾਲੀ ਕੋਠੀ ਦੇ ਚਰਚੇ ਦੇਸ਼ ਤੇ ਵਿਦੇਸ਼ ਵਿਚ ਹੋ ਚੁੱਕੇ ਹਨ। ਇਸ ਕਾਰ ਦਾ ਆਪਣਾ ਹੀ ਇਕ ਰੌਚਕ ਇਤਿਹਾਸ ਹੈ। ਇਸੇ ਨੇੜਿਓਂ ਹੀ ਅੰਮ੍ਰਿਤਸਰ ਰੇਲਵੇ ਟਰੈਕ ਹੈ, ਜਿਥੋਂ ਰੋਜ਼ਾਨਾ ਸੈਂਕੜੇ ਰੇਲਗੱਡੀਆਂ ਲੰਘੀਆਂ ਹਨ। ਇਨ੍ਹਾਂ ਰੇਲਗੱਡੀਆਂ ਵਿਚ ਬੈਠੇ ਮੁਸਾਫ਼ਰਾਂ ਦੀ ਨਜ਼ਰ ਸੁਭਾਵਕ ਹੀ ਇਸ ਕੋਠੀ ਉਪਰ ਬਣੀ ਕਾਰ 'ਤੇ ਪੈਂਦੀ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਕਾਰ ਵਾਲੀ ਕੋਠੀ ਦਾ ਨਿਰਮਾਣ ਰੁਲੀਆ ਰਾਮ ਜੋ ਕਿ ਆਪਣੇ ਵੇਲੇ ਦੇ ਪ੍ਰਸਿੱਧ ਰੇਲਵੇ ਦੇ ਠੇਕੇਦਾਰ ਸਨ, ਨੇ ਕਰਵਾਇਆ ਸੀ। ਰੁਲੀਆ ਰਾਮ ਬਹੁਤ ਹੀ ਸ਼ੌਕੀਨ ਮਿਜਾਜ਼ ਇਨਸਾਨ ਸਨ, ਜਿਨ੍ਹਾਂ ਨੇ ਆਪਣੇ ਸ਼ੌਕ ਲਈ ਕੋਠੀ ਦੀ ਉਪਰਲੀ ਮੰਜ਼ਿਲ 'ਤੇ ਇਸ ਕਾਰ ਦਾ ਨਿਰਮਾਣ ਕਰਵਾਇਆ। ਇਸ ਕਾਰ ਦੀ ਉਸਾਰੀ ਕਰਨ ਵਾਲੇ ਕਾਰੀਗਰਾਂ ਨੇ ਵੀ ਆਪਣੇ ਹੁਨਰ ਦਾ ਪੂਰਾ ਕਮਾਲ ਦਿਖਾਇਆ। ਇਹ ਕਾਰ ਦਾ ਮਾਡਲ ਉਸ ਵੇਲੇ ਵਿਸ਼ਵ ਪ੍ਰਸਿੱਧ ਕਾਰ ਕੰਪਨੀ ਸ਼ੈਵਰਲੈੱਟ ਦਾ ਹੈ, ਜੋ ਕਿ ਹੌਲ਼ੀ-ਹੌਲ਼ੀ ਵਿਰਾਸਤ ਦਾ ਰੂਪ ਧਾਰ ਚੁੱਕਾ ਹੈ। ਰੁਲੀਆ ਰਾਮ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਚਾਂਦ ਕਪੂਰ ਜਿਹੜੇ ਕਿ ਮੁੰਬਈ ਫਿਲਮ ਉਦਯੋਗ ਵਿਚ ਕੰਮ ਕਰਦੇ ਸਨ, ਨੇ ਇਸ ਇਮਾਰਤ ਨੂੰ ਵੱਖ-ਵੱਖ ਵਿਅਕਤੀਆਂ ਨੂੰ ਕਿਰਾਏ 'ਤੇ ਦੇ ਦਿੱਤਾ। ਚਾਂਦ ਕਪੂਰ ਨੇ ਫਿਰ ਇਸ ਇਮਾਰਤ ਦਾ ਕੁਝ ਹਿੱਸਾ ਵੇਚ ਦਿੱਤਾ। ਇਸ ਤਰ੍ਹਾਂ ਕਾਰ ਵਾਲੀ ਕੋਠੀ ਦੇ ਮਾਲਕ ਬਦਲਦੇ ਗਏ ਤੇ ਅਖੀਰ ਇਸ ਨੂੰ ਕਿਰਾਏ 'ਤੇ ਲੈ ਕੇ ਇਥੇ ਕਾਰੋਬਾਰ ਕਰਨ ਵਾਲੇ ਮੋਤੀ ਲਾਲ ਅਗਰਵਾਲ ਨੂੰ ਵੇਚ ਦਿੱਤੀ।


ਉਸਤਾਦ-ਸ਼ਾਗਿਰਦ ਦਾ ਮਕਬਰਾ


ਨਕੋਦਰ ਸ਼ਹਿਰ ਦੇ ਸਿਵਲ ਹਸਪਤਾਲ ਨੇੜੇ ਇਤਿਹਾਸਕ ਮਕਬਰਾ ਹੈ, ਜਿਸ ਨੂੰ ਉਸਤਾਦ-ਸ਼ਾਗਿਰਦ ਦਾ ਮਕਬਰਾ ਵੀ ਕਿਹਾ ਜਾਂਦਾ ਹੈ, ਜੋ ਕਿ ਮੁਗ਼ਲ ਕਾਲ 'ਚ ਬਾਦਸ਼ਾਹ ਜਹਾਂਗੀਰ ਤੇ ਸ਼ਾਹਜਹਾਂ ਨੇ ਤਿਆਰ ਕਰਵਾਏ ਸਨ। ਮਕਬਰੇ ਵਿਚ ਦੋ ਕਬਰਾਂ ਹਨ, ਜਿਨ੍ਹਾਂ ਵਿੱਚੋਂ ਇਕ ਕਬਰ ਉਸਤਾਦ ਤੇ ਦੂਜੀ ਸ਼ਾਗਿਰਦ ਦੀ ਹੈ। ਉਸਤਾਦ ਮੁਹੰਮਦ ਮੋਮਿਨ, ਜਿਨ੍ਹਾਂ ਦਾ ਪੂਰਾ ਨਾਂ ਉਸਤਾਦ ਮੁਹੰਮਦ ਹੁਸੈਨੀ ਉਰਫ਼ ਹਾਫੀਜ਼ਕ ਹੈ, ਜਿਹੜੇ ਕਿ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰ ਵਿਚਲੇ ਮਹਾਰਤਨਾਂ ਵਿੱਚੋਂ ਖ਼ਾਨ-ਆਈ-ਖ਼ਾਨਨ ਦੀ ਸੇਵਾ ਵਿਚ ਤਾਨਪੁਰਾ (ਤੰਬੂਰਾ) ਵਜਾਇਆ ਕਰਦੇ ਸਨ। 1612 ਈਸਵੀ ਵਿਚ ਉਨ੍ਹਾਂ ਦੇ ਫ਼ੌਤ ਹੋ ਜਾਣ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨੇ ਉਨ੍ਹਾਂ ਦਾ ਨਕੋਦਰ ਵਿਖੇ ਮਕਬਰਾ ਬਣਵਾਇਆ ਸੀ। ਉਸਤਾਦ ਮੁਹੰਮਦ ਮੋਮਿਨ ਦਾ ਇਹ ਮਕਬਰਾ ਇਕ ਥੜ੍ਹੇ ਉੱਪਰ ਉਸਾਰਿਆ ਗਿਆ ਹੈ, ਜਿਸ ਦੇ ਦੋ ਪਾਸਿਆਂ 'ਤੇ ਪੌੜੀਆਂ ਬਣਾਈਆਂ ਗਈਆਂ ਹਨ। ਭਾਵੇਂ ਕਿ ਇਹ ਇਕ ਕਬਰ ਬਣਾਈ ਗਈ ਸੀ ਪਰ ਉਸ ਵੇਲੇ ਦੇ ਇਰਾਨੀ ਕਾਰੀਗਰਾਂ ਨੇ ਇਸ ਦੀ ਉਸਾਰੀ ਇਮਾਰਤਸਾਜ਼ੀ ਦੇ ਅਹਿਮ ਨਮੂਨੇ ਵਜੋਂ ਕੀਤੀ ਸੀ। ਇਹ ਮਕਬਰਾ ਅੰਦਰੋਂ ਚਨੁੱਕਰਾ ਹੈ ਜਦੋਂਕਿ ਬਾਹਰੋਂ ਅੱਠ ਕੋਨਿਆਂ ਵਾਲਾ ਹੈ, ਜਿਸ 'ਤੇ ਬਹੁਤ ਹੀ ਵਧੀਆ ਢੰਗ ਨਾਲ ਮੀਨਾਕਾਰੀ ਕੀਤੀ ਗਈ ਜੋ ਕਿ ਇਸ ਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ-ਚੰਨ ਲਾਉਂਦਾ ਹੈ। ਇਸ ਦੇ ਉੱਪਰ ਵੱਡਾ ਗੁੰਬਦ ਬਣਾਇਆ ਗਿਆ ਹੈ ਜਦੋਂਕਿ ਚਾਰਾਂ ਪਾਸਿਆਂ 'ਤੇ ਚਾਰ ਛੋਟੇ ਗੁੰਬਦ ਉਸਾਰੇ ਗਏ ਹਨ। ਇਸ ਦੇ ਚਾਰੇ ਪਾਸੇ ਰੱਖੇ ਗਏ ਦੁਆਰ ਵੀ ਇਮਾਰਤਸਾਜ਼ੀ ਦੀ ਮਿਸਾਲ ਪੇਸ਼ ਕਰਦੇ ਹਨ। ਮੁਹੰਮਦ ਮੋਮਿਨ ਦੇ ਸ਼ਾਗਿਰਦ ਹਾਜੀ ਜਮਾਲ ਜੋ ਕਿ ਉਸ ਵੇਲੇ ਹੱਜ ਕਰ ਕੇ ਆਏ ਸਨ ਅਤੇ ਹਾਜੀ ਅਖਵਾਏ ਸਨ, ਦੀ ਮੌਤ 1657 ਈਸਵੀ ਵਿਚ ਆਪਣੇ ਉਸਤਾਦ ਤੋਂ 45 ਸਾਲ ਬਾਅਦ ਹੋਈ ਸੀ, ਦੀ ਕਬਰ ਵੀ ਉਸ ਵੇਲੇ ਦੇ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਉਸਤਾਦ-ਸ਼ਾਗਿਰਦ ਦੇ ਪਿਆਰ ਤੇ ਰਿਸ਼ਤੇ ਨੂੰ ਦੇਖਦਿਆਂ ਨਾਲ ਹੀ ਤਿਆਰ ਕਰਵਾਈ ਸੀ। ਹਾਜੀ ਜਮਾਲ ਨੇ ਮੁਹੰਮਦ ਮੋਮਿਨ ਕੋਲੋਂ ਤਾਨਪੁਰਾ ਵਜਾਉਣ ਦੀ ਸਿਖਲਾਈ ਲਈ ਸੀ ਅਤੇ ਉਹ ਵੀ ਮੁਗ਼ਲ ਸੁਲਤਾਨ ਸ਼ਾਹਜਹਾਂ ਦੇ ਦਰਬਾਰ ਵਿਚ ਰਾਗੀ ਸੀ ਅਤੇ ਤਾਨਪੁਰਾ ਵਜਾਉਣ 'ਚ ਮਾਹਰ ਸੀ। ਇਸ ਗੱਲ ਦੇ ਇਤਿਹਾਸਕ ਤੱਥ ਮਿਲਦੇ ਹਨ ਕਿ ਹਾਜੀ ਜਮਾਲ ਬਾਦਸ਼ਾਹ ਸ਼ਾਹਜਹਾਂ ਦੇ ਕਾਫ਼ੀ ਨੇੜੇ ਸੀ। ਹਾਜੀ ਦੀ ਮੌਤ ਤੋਂ ਬਾਅਦ ਸ਼ਾਹਜਹਾਂ ਨੇ ਉਸ ਦਾ ਮਕਬਰਾ ਉਸਤਾਦ ਮੁਹੰਮਦ ਮੋਮਿਨ ਦੀ ਕਬਰ ਦੇ ਨੇੜੇ ਹੀ ਬਣਵਾ ਦਿੱਤਾ ਤਾਂ ਜੋ ਉਸਤਾਦ-ਸ਼ਾਗਿਰਦ ਦੀ ਸਦੀਵੀ ਯਾਦ ਜੁੜੀ ਰਹੇ। ਇਸ ਮਕਬਰੇ ਦੀ ਬਣਾਵਟ ਮੋਮਿਨ ਦੇ ਮਕਬਰੇ ਨਾਲੋਂ ਬਿਲਕੁਲ ਉਲਟ ਤਿਆਰ ਕੀਤੀ ਗਈ ਹੈ। ਇਸ ਦਾ ਆਕਾਰ ਅੰਦਰੋਂ ਅੱਠ ਨੁੱਕਰਾਂ ਵਾਲਾ ਹੈ ਜਦੋਂਕਿ ਬਾਹਰੋਂ ਚਨੁੱਕਰਾ ਹੈ।


- ਜਤਿੰਦਰ ਪੰਮੀ

97818-00213

Posted By: Harjinder Sodhi