ਮੇਰਾ ਕੀ ਹਾਲ ਹੋ ਗਿਆ ਤੇਰੇ ਬਿਨਾਂ?

ਜੀਣਾ ਸਵਾਲ ਹੋ ਗਿਆ ਤੇਰੇ ਬਿਨਾਂ।


ਧੜਕਣ ਵੀ ਰੁਕਦੀ ਜਾ ਰਹੀ ਹੈ, ਦਿਲ ਮੇਰਾ,

ਤਾਲੋਂ ਬੇਤਾਲ ਹੋ ਗਿਆ ਤੇਰੇ ਬਿਨਾਂ।


ਚੰਗਾ ਨਾ ਲੱਗੇ ਕੁਝ ਵੀ ਹੁਣ ਤੇਰੇ ਬਗ਼ੈਰ,

ਦਿਲ ਵੀ ਨਿਢਾਲ ਹੋ ਗਿਆ ਤੇਰੇ ਬਿਨਾਂ।


ਤੈਨੂੰ ਖ਼ਬਰ ਕੀ ਬੇਖ਼ਬਰ! ਜੀਣਾ ਮੇਰਾ,

ਕਿੰਨਾ ਮੁਹਾਲ ਹੋ ਗਿਆ ਤੇਰੇ ਬਿਨਾਂ।


ਰੱਖਿਆ ਬੁਲੰਦ ਹੌਸਲਾ ਹੁਣ ਤੀਕ ਜੋ,

ਚਾਲੋਂ ਬੇ-ਚਾਲ ਹੋ ਗਿਆ ਤੇਰੇ ਬਿਨਾਂ।


ਤੂੰ ਵੇਖ ਤਾਂ ਸਹੀ ਕਦੇ ਖ਼ੁਦ ਆ ਕੇ, ਮੈਂ,

ਕਿੰਨਾ ਬੇਹਾਲ ਹੋ ਗਿਆ ਤੇਰੇ ਬਿਨਾਂ।


'ਬੱਲ' ਵੇਖ ਲੈ ਮੈਂ ਬਿਨ ਤੇਰੇ ਵੀ ਜੀ ਲਿਆ,

ਇਹ ਵੀ ਕਮਾਲ ਹੋ ਗਿਆ ਤੇਰੇ ਬਿਨਾਂ।


-------------ਪਤਾ ਸੀ ਜਦ ਨਹੀਂ ਨਿਭਣੀ ਤੇਰੀ ਦੋ ਪਲ ਇਨ੍ਹਾਂ ਦੇ ਨਾਲ।

ਮੁਹੱਬਤ ਪਾ ਲਈ ਫਿਰ ਕਿਉਂ ਦਿਲਾ! ਪਰਛਾਵਿਆਂ ਦੇ ਨਾਲ।


ਉਨ੍ਹਾਂ ਨੇ ਡਿੱਗਣਾ ਹੈ ਵੇਖਿਓ ਧਰਤੀ 'ਤੇ ਮੂੰਹ ਦੇ ਭਾਰ,

ਜੋ ਉੱਚੇ ਅੰਬਰੀਂ ਉੱਡਦੇ ਨੇ ਅੱਜ ਮੰਗਵੇਂ ਪਰਾਂਦੇ ਨਾਲ।


ਇਨ੍ਹਾਂ ਨੇ ਚੂਸ ਲੈਣੈ, ਤੇਰੀਆਂ ਨਾੜਾਂ 'ਚੋਂ ਸਾਰਾ ਖ਼ੂਨ,

ਤੂੰ ਬਹੁਤਾ ਉਲਝਿਆ ਜੇਕਰ ਅਰੂਜ਼ੀ ਨੁਕਤਿਆਂ ਦੇ ਨਾਲ।


ਜਦੋਂ ਤੇਰੇ ਦਰਾਂ 'ਤੇ ਸਿਰ ਝੁਕੇ ਤਾਂ ਲੱਗਦਾ ਹੈ ਇੰਜ,

ਕੋਈ ਸਦੀਆਂ ਪੁਰਾਣੀ ਸਾਂਝ ਹੈ ਤੇਰੇ ਦਰਾਂ ਦੇ ਨਾਲ।


ਤੂੰ ਹੁਣ ਚੁਪ-ਚਾਪ 'ਬੱਲ' ਉਹਨਾਂ ਦੀਆਂ ਉਂਗਲਾਂ ਦੇ ਉੱਤੇ ਨੱਚ,

ਮੁਹੱਬਤ ਪਾ ਹੀ ਬੈਠਾ ਏਂ ਜੇ ਤੂੰ ਜਾਦੂਗਰਾਂ ਦੇ ਨਾਲ।

------------------ਤੇਰੇ ਕੋਲੋਂ ਜੇ ਨਾ ਨਿਭਾਈ ਗਈ ਤਾਂ?

ਤੇਰੀ ਯਾਰੀ ਹੋ ਗਈ ਜੇ ਆਈ ਗਈ ਤਾਂ?


ਝਮੇਲੇ ਨੇ ਪਹਿਲਾਂ ਹੀ ਸਾਨੂੰ ਬਥੇਰੇ,

ਪੁਗਾਵਾਂਗੇ ਜੇਕਰ ਪੁਗਾਈ ਗਈ ਤਾਂ।


ਬੜੀ ਔਖੀ ਗਾਉਣੀ ਗ਼ਜ਼ਲ ਜ਼ਿੰਦਗੀ ਦੀ,

ਕਰਾਂਗਾ ਮੈਂ ਕੋਸ਼ਿਸ਼ ਜੇ ਗਾਈ ਗਈ ਤਾਂ।


ਮੈਂ ਰੱਖਾਂਗਾ ਦਿਲ ਵਿਚ ਲੁਕਾ ਪੀੜ ਦਿਲ ਦੀ,

ਮਗਰ ਜੇ ਨਾ ਮੈਥੋਂ ਲੁਕਾਈ ਗਈ ਤਾਂ?


ਚੜ੍ਹੇ ਗ਼ਮ ਦੇ ਬੱਦਲ ਨਹੀਂ ਖ਼ੈਰ ਰਹਿਣੀ,

ਝੜੀ ਜੇ ਨਾ ਨੈਣੀਂ ਲੁਕਾਈ ਗਈ ਤਾਂ?


ਤੂੰ ਕਹਿਨੈ ਤਾਂ ਸੁਣ ਵਗਦੇ ਅਸ਼ਕਾਂ ਦੀ ਗਾਥਾ,

ਮਗਰ ਜੇ ਨਾ ਪੂਰੀ ਸੁਣਾਈ ਗਈ ਤਾਂ?


ਇਹ ਵਾਅਦਾ ਹੈ ਮੇਰਾ ਕਿ ਦਾਇਰੇ 'ਚ ਰਹਿ ਕੇ,

ਨਿਭਾਵਾਂਗਾ ਜੇਕਰ ਨਿਭਾਈ ਗਈ ਤਾਂ।

---------------ਸੂਲ਼ੀ ਉੱਤੇ ਟੰਗਣੈ? ਟੰਗੋ ਹਜ਼ੂਰ।

ਦੱਸਣਾ ਪੈਣੈ ਮਗ਼ਰ ਮੇਰਾ ਕਸੂਰ।


ਸ਼ੁਹਰਤਾਂ ਤੇ ਦੌਲਤਾਂ ਦਾ ਕਰ ਨਾ ਮਾਣ,

ਤੋੜ ਦਿੰਦੈ ਉਹ ਪਲਾਂ ਵਿਚ ਸਭ ਗ਼ਰੂਰ?


ਜੋ ਸਜਾਏ ਸੀ ਬੜੇ ਚਾਵਾਂਦੇ ਨਾਲ,

ਖ਼ਾਬ ਸਾਰੇ ਹੀ ਹੋਏ ਉਹ ਚੂਰ-ਚੂਰ।


ਹੁਸਨ ਬੇਸ਼ਕ ਅੱਗ ਹੈ ਤੇ ਇਸ਼ਕ ਮੋਮ,

ਰਹਿ ਨਹੀਂ ਸਕਦੇ ਇਹ ਤਾਂ ਵੀ ਦੂਰ-ਦੂਰ।


ਟਿਕਣ ਨਾ ਦੇਵੇ ਕਦੇ ਧਰਤੀ 'ਤੇ ਪੱਬ,

ਇਸ਼ਕ ਵਿਚ ਹੁੰਦਾ ਹੈ 'ਬੱਲ'! ਏਨਾ ਸਰੂਰ।

--------------ਉਹ ਮੁੱਦਤਾਂ ਪਿੱਛੋਂ ਮਿਲੇ, ਨਜ਼ਰਾਂ ਮਿਲਾ ਕੇ ਰੋ ਪਏ।

ਮੇਰੀ ਸੁਣੀ ਤੇ ਆਪਣੀ ਮੈਨੂੰ ਸੁਣਾ ਕੇ ਰੋ ਪਏ।


ਜਦ ਪੁੱਛਿਆ ਮੈਂ 'ਬਿਨ ਮੇਰੇ ਕਿੰਨਾ ਕੁ ਸੀ ਜੀਣਾ ਮੁਹਾਲ?'

ਕੁਝ ਦੇਰ ਤਾਂ ਉਹ ਚੁਪ ਰਹੇ, ਫਿਰ ਮੁਸਕਰਾ ਕੇ ਰੋ ਪਏ।


ਰਾਤੀਂ ਚਿਰਾਂ ਪਿੱਛੋਂ ਮਿਲੇ ਤੇਰੇ ਪੁਰਾਣੇ ਖ਼ਤ ਜਦੋਂ,

ਮੁੜ-ਮੁੜ ਅਸੀਂ ਚੁੰਮੇ, ਪੜ੍ਹੇ, ਹੱਥੀਂ ਜਲਾ ਕੇ ਰੋ ਪਏ।


ਮੈਂ ਆਖਿਆ 'ਦੱਸੋ ਤਾਂ ਸਹੀ ਕਾਹਤੋਂ ਹੋ ਅੱਜ ਏਨੇ ਉਦਾਸ',

ਉਹ ਕੁਝ ਨਾ ਬੋਲੇ ਦਿਲ ਦੀਆਂ ਦਿਲ ਵਿਚ ਦਬਾ ਕੇ ਰੋ ਪਏ।


'ਜਾਈਂ ਨਾ 'ਕੱਲਾ ਛੱਡ ਕੇ, ਕੁਝ ਹੋਣ ਨੂੰ ਫਿਰਦਾ ਈ ਅੱਜ',

ਮੈਨੂੰ ਇਹ ਕਹਿੰਦੇ ਸਾਰ ਉਹ ਨਜ਼ਰਾਂ ਝੁਕਾ ਕੇ ਰੋ ਪਏ।


'ਜਲਦੀ ਮਿਲਾਂਗੇ, ਝੱਲਿਆਂ ਵਾਂਗੂ ਨਾ ਦਿਲ ਛੋਟਾ ਕਰੀਂ',

ਗਲ਼ ਲਾ ਦਿਲਾਸਾ ਦੇ ਕੇ ਉਹ ਮੈਨੂੰ ਰੁਆ ਕੇ ਰੋ ਪਏ।

--------------


ਚਾਹੇ ਮਿਟਾ ਦੇਵੀਂ ਤੂੰ ਨਾਮੋ-ਨਿਸ਼ਾਨ ਮੇਰਾ।

ਨਾ ਜੀਂਦੇ ਜੀ ਕਦੇ ਵੀ ਬਦਲੂ ਬਿਆਨ ਮੇਰਾ।


ਧਰਤੀ ਵੀ ਸਾਰੀ ਮੇਰੀ, ਇਹ ਆਸਮਾਨ ਮੇਰਾ।

ਆਰਿਫ਼ ਲੁਹਾਰ ਮੇਰਾ, ਗੁਰਦਾਸ ਮਾਨ ਮੇਰਾ।


ਮੰਗਾਂ ਖ਼ੁਦਾ ਦੇ ਕੋਲੋਂ ਹਰ ਵਕਤ ਮੈਂ ਦੁਆਵਾਂ,

ਹਿੰਦੂਸਤਾਂ ਨਾ ਬਣਜੇ ਹਿੰਦੋਸਤਾਨ ਮੇਰਾ।


ਜੀ ਭਰ ਕੇ ਜ਼ੁਲਮ ਕਰ ਲੈ ਪਰ ਫੇਰ ਵੀ ਤੇਰੇ ਤੋਂ,

ਨਹੀਓਂ ਖ਼ਰੀਦ ਹੋਣਾ, ਦੀਨੋ-ਈਮਾਨ ਮੇਰਾ।


ਰੋਟੀ ਨਾ ਕੱਪੜਾ ਹੈ, ਸਿਰ 'ਤੇ ਨਾ ਛੱਤ ਕੋਈ,

ਆਖਣ ਦੀਆਂ ਨੇ ਗੱਲਾਂ ਸਾਰਾ ਜਹਾਨ ਮੇਰਾ।


ਜਾਣੇ ਖ਼ੁਦਾ ਕਦੋਂ ਤਕ ਰਹਿਣਾ ਨਸੀਬ ਹੋਵੇ,

ਸਾਹਾਂ ਸਮੇਤ ਗਿਰਵੀ ਹੈ ਘਰ ਮਕਾਨ ਮੇਰਾ।


ਨਾ ਪਰਖ ਸਬਰ ਮੇਰਾ, ਪਛਤਾਏਂਗਾ ਬੜਾ 'ਬੱਲ'!

ਛਡ ਵਾਰ-ਵਾਰ ਲੈਣਾ ਤੂੰ ਇਮਤਿਹਾਨ ਮੇਰਾ।


9041022345