ਪੰਜਾਬੀ ਰੰਗਮੰਚ ਦੇ ਗਗਨ ਮੰਡਲ ਵਿਚ ਭਾਅ ਗੁਰਸ਼ਰਨ ਸਿੰਘ ਇਕ ਅਜਿਹੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਪੰਜਾਬੀ ਨਾਟਕ ਨੂੰ ਇਕ ਨਵਾਂ ਮੋੜ ਦਿੱਤਾ। ਘੱਟ ਤੋਂ ਘੱਟ ਮੰਚ ਸਮੱਗਰੀ ਨਾਲ ਸਾਧਾਰਨ ਤੋਂ ਸਾਧਾਰਨ ਸਟੇਜਾਂ ਉੱਤੇ, ਚੰਗੇ ਤੋਂ ਚੰਗੇ ਨਾਟਕ ਪੇਸ਼ ਕਰਨ ਵਾਲੇ ਇਸ ਮਹਾਨ ਨਾਟਕਕਾਰ ਨੇ ਲੋਕਾਂ ਵਿਚ ਇਕ ਨਵੀਂ ਚੇਤਨਾ ਦੇ ਸੰਚਾਰ ਲਈ ਪੰਜਾਬ ਦੇ ਪਿੰਡ-ਪਿੰਡ ਜਾ ਕੇ, ਇੰਨੀ ਵੱਡੀ ਪੱਧਰ 'ਤੇ ਨਾਟਕ ਖੇਡੇ ਕਿ ਥੋੜ੍ਹੇ ਸਮੇਂ ਵਿਚ ਹੀ ਆਪ ਪੰਜਾਬੀ ਰੰਗ-ਮੰਚ ਦੇ ਉੱਘੇ ਸ਼ਾਹਅਸਵਾਰ ਦੇ ਤੌਰ 'ਤੇ ਜਾਣੇ-ਜਾਣ ਲੱਗ ਪਏ। ਉੱਘੇ ਰੰਗਕਰਮੀ ਗੁਰਸ਼ਰਨ ਸਿੰਘ (ਭਾਅ ਜੀ) ਜਿਨ੍ਹਾਂ ਨੂੰ ਪੰਜਾਬ ਵਿਚ ਤਰਕਸ਼ੀਲ ਲਹਿਰ ਦੇ ਧੁਰੇ ਵਜੋਂ ਵੀ ਜਾਣਿਆ ਜਾਂਦਾ ਹੈ, ਪ੍ਰਗਤੀਸ਼ੀਲ ਲਹਿਰ ਦੇ ਇਸ ਪ੍ਰਤੀਬੱਧ ਮਹਾਂਨਾਇਕ ਦਾ ਜਨਮ 16 ਸਤੰਬਰ, 1929 ਈ. ਨੂੰ ਸਿਆਲਕੋਟ (ਪਾਕਿਸਤਾਨ) ਵਿਚ ਹੋਇਆ। ਆਪਣੀਆਂ ਨਾਟਕੀ ਸਰਗਰਮੀਆਂ ਸਦਕਾ, ਉਨ੍ਹਾਂ ਨੇ ਸਮਾਜ ਵਿਚ ਵਿਚਰਦੇ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆ ਕੇ, ਹਰ ਪਾਸਿÀੁਂ ਵਾਹ-ਵਾਹ ਪ੍ਰਾਪਤ ਕੀਤੀ।

ਆਪਣੇ ਜੀਵਨ ਦੇ ਆਰੰਭਲੇ ਦੌਰ ਵਿਚ ਆਪ ਨੇ ਭਾਖੜਾ ਨੰਗਲ ਡੈਮ ਦੇ ਨਿਰਮਾਣ ਸਮੇਂ ਇੰਜੀਨੀਅਰ ਵਜੋਂ ਵੀ ਸੇਵਾ ਨਿਭਾਈ। ਇਥੇ ਹੀ ਕੰਮ ਕਰਦਿਆਂ ਉਨ੍ਹਾਂ ਦੇ ਜੀਵਨ ਵਿਚ ਇਕ ਨਵਾਂ ਮੋੜ ਆਇਆ ਅਤੇ ਮਜ਼ਦੂਰਾਂ ਦੇ ਹੱਕ ਲਈ ਕਈ ਨਾਟਕ ਲਿਖੇ। 'ਧਮਕ ਨਗਾਰੇ ਦੀ', 'ਚਾਂਦਨੀ ਚੌਂਕ ਤੋਂ ਸਰਹਿੰਦ ਤਕ', 'ਕਿਵ ਕੂੜੈ ਤੂਟੈ ਪਾਲਿ', 'ਬੰਦ ਕਮਰੇ', 'ਕੰਮੀਆਂ ਦਾ ਵਿਹੜਾ', 'ਬਾਬਾ ਬੋਲਦਾ ਹੈ', 'ਨਾਇਕ' ਅਤੇ 'ਸਮਾਜ' ਆਦਿ ਆਪ ਦੇ ਦਰਜਨਾਂ ਅਜਿਹੇ ਨਾਟਕ ਹਨ, ਜਿਹੜੇ ਕਿ ਵੱਖ-ਵੱਖ ਰੂਪਾਂ ਵਿਚ ਸਮਾਜਿਕ ਪ੍ਰਸਥਿਤੀਆਂ ਪ੍ਰਤੀ ਸਨਮੁੱਖ ਹਨ। ਸਮਾਨਤਾ ਦੇ ਸਿਧਾਂਤ ਨੂੰ ਪ੍ਰਚਾਰਨ ਵਾਲੇ ਇਸ ਮਹਾਨ ਸਮਾਜ ਸੇਵੀ ਨੂੰ, ਜਨ ਚੇਤਨਾ ਵਿਕਸਿਤ ਕਰਨ ਦਾ ਖਮਿਆਜਾ, 1975 ਵਿਚ ਐਮਰਜੈਂਸੀ ਦੌਰਾਨ ਸਰਕਾਰੀ ਨੌਕਰੀ ਤੋਂ ਬਰਖਾਸਤਗੀ ਦੇ ਰੂਪ ਵਿਚ ਭੁਗਤਣਾ ਪਿਆ।

ਦੇਸ਼ ਦੀ ਵੰਡ ਤੋਂ ਬਾਅਦ ਗੁਰਸ਼ਰਨ ਸਿੰਘ ਅੰਮ੍ਰਿਤਸਰ ਵਿਖੇ ਰਣਜੀਤ ਪੁਰਾ ਵਿਖੇ ਠਹਿਰੇ ਸਨ ਅਤੇ ਲੰਮਾ ਸਮਾਂ ਅੰਮ੍ਰਿਤਸਰ ਵਿਖੇ ਹੀ ਨਾਟਕਾਂ ਦਾ ਮੰਚਨ ਕੀਤਾ। ਲਗਪਗ ਚਾਰ ਦਹਾਕੇ ਇੱਥੇ ਠਹਿਰਣ ਉਪਰੰਤ ਆਪ ਚੰਡੀਗੜ੍ਹ ਚਲੇ ਗਏ। ਪਹਿਲਾਂ ਉਨ੍ਹਾਂ ਨੇ ਅੰਮ੍ਰਿਤਸਰ ਵਿਚ 'ਅੰਮ੍ਰਿਤਸਰ ਨਾਟਕ ਕਲਾ ਕੇਂਦਰ' ਸਥਾਪਤ ਕੀਤਾ, ਫਿਰ ਚੰਡੀਗੜ੍ਹ ਆ ਕੇ 'ਚੰਡੀਗੜ੍ਹ ਸਕੂਲ ਆਫ ਡਰਾਮਾ' ਸ਼ੁਰੂ ਕੀਤਾ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਵੀ ਸਨ। ਉੱਚ ਕੋਟੀ ਦੇ ਲੇਖਕ, ਨਿਰਦੇਸ਼ਕ, ਲੋਕ ਆਗੂ ਅਤੇ ਬੁਲਾਰੇ ਤੋਂ ਇਲਾਵਾ ਆਪ ਇਕ ਉੱਚ ਕੋਟੀ ਦੇ ਅਦਾਕਾਰ ਵੀ ਸਨ।

ਆਪ ਦੀ ਜਾਦੂਮਈ ਅਦਾਕਾਰੀ ਦਾ ਇਕ ਪ੍ਰਤੱਖ ਪ੍ਰਮਾਣ ਇਹ ਹੈ ਕਿ ਇਕ ਪ੍ਰਸਿੱਧ ਟੀ.ਵੀ. ਸੀਰੀਅਲ 'ਭਾਈ ਮੰਨਾ ਸਿੰਘ' ਵਿਚ ਮੁੱਖ ਰੋਲ ਅਦਾ ਕਰਨ ਕਰਕੇ ਆਪ ਲੋਕਾਂ ਵਿਚ 'ਭਾਈ ਮੰਨਾ ਸਿੰਘ' ਵਜੋਂ ਪਛਾਣੇ ਜਾਣ ਲੱਗ ਪਏ। ਆਪਣੇ ਸਹਿ ਕਲਾਕਾਰਾਂ ਤੇ ਨਵੇਂ ਉਭਰਦੇ ਕਲਾਕਾਰਾਂ ਨੂੰ ਉਹ ਆਪਣੇ ਧੀਆਂ-ਪੁੱਤਰ ਸਮਝ ਕੇ ਪਿਆਰਦੇ ਤੇ ਉਨ੍ਹਾਂ ਅੰਦਰਲੀ ਕਲਾ ਨੂੰ ਨਿਖਾਰਦੇ ਸਨ। ਭਾਅ ਜੀ ਬਚਪਨ ਤੋਂ ਹੀ ਲੋਕ-ਪੱਖੀ ਵਿਚਾਰਧਾਰਾ ਵਾਲੇ ਸਨ, ਖ਼ਾਸ ਕਰ ਕੇ ਔਰਤਾਂ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬੜਾ ਹੀ ਉਸਾਰੂ ਸੀ। ਉਹ ਆਖਦੇ ਸਨ ਕਿ ਸਮਾਜ ਵਿਚ ਜੋ ਕੁਝ ਚੰਗਾ ਹੈ ਉਹ ਸਾਡੀ ਪ੍ਰਾਪਤੀ ਹੈ, ਸਮਾਜ ਵਿਚ ਜੋ ਕੁਝ ਗ਼ਲਤ ਹੈ, ਉਸਦੀ ਸਾਡੀ ਜ਼ਿੰਮੇਵਾਰੀ ਹੈ ਤੇ ਗ਼ਲਤ ਇੱਥੇ ਬਹੁਤ ਕੁਝ ਹੈ, ਖ਼ਾਸ ਕਰ ਕੇ ਜਿਸ ਦਾ ਸਬੰਧ ਔਰਤਾਂ ਨਾਲ ਹੈ। ਇਹ ਮਰਦ ਪ੍ਰਧਾਨ ਸਮਾਜ ਹੈ, ਇਹ ਔਰਤ ਗ਼ੁਲਾਮ ਸਮਾਜ ਹੈ, ਜਦਕਿ ਔਰਤ ਹੀ ਸਮਾਜ ਨੂੰ ਜਨਮ ਦੇਂਦੀ ਹੈ। ਉਹ ਚਾਹੁੰਦੇ ਸਨ ਕਿ ਸਮਾਜ ਵਿਚ ਮਨੁੱਖ ਦੀ ਜਨਨੀ ਦਾ ਸਤਿਕਾਰ ਹੋਵੇ, ਕਿਉਂਕਿ ਇਹ ਉਸਦਾ ਅਧਿਕਾਰ ਹੈ। ਧੀਆਂ ਦਾਜ ਲਈ ਬਲੀ ਚੜ੍ਹ ਰਹੀਆਂ ਹਨ, ਸਮਾਜ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਾਨੂੰਨ ਨੂੰ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ।

ਲੋਕ ਪੱਖੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਲਈ ਰੰਗਮੰਚ ਤੋਂ ਇਲਾਵਾ ਉਨ੍ਹਾਂ ਲੰਮਾ ਸਮਾਂ ਇਕ ਮਾਸਿਕ ਪਰਚਾ 'ਸਮਤਾ' ਵੀ ਚਲਾਇਆ ਅਤੇ ਲੋਕ ਪੱਖੀ ਸਾਹਿਤ ਨੂੰ ਘੱਟ ਤੋਂ ਘੱਟ ਕੀਮਤ 'ਤੇ ਆਮ ਲੋਕਾਂ ਤੇ ਵਿਦਿਆਰਥੀਆਂ ਤਕ ਪਹੁੰਚਾਣ ਲਈ ਬਲਰਾਜ ਸਾਹਨੀ ਯਾਦਗਾਰੀ ਘਰੇਲੂ ਪੁਸਤਕਮਾਲਾ ਲੜੀ ਆਰੰਭ ਕੀਤੀ। ਗੁਰਸ਼ਰਨ ਸਿੰਘ ਨੇ ਜੀਵਨ ਦੇ ਜਿਸ ਪੱਖ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ, ਕਿਸੇ ਹੱਦ ਤਕ ਉਹ, ਉਨ੍ਹਾਂ ਦੇ ਨਿੱਜੀ ਜੀਵਨ ਵਿੱਚੋਂ ਉਪਜਿਆ ਗਹਿਰਾ ਅਨੁਭਵ ਹੈ। ਆਪਣੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਣ ਲਈ, ਆਪ ਨੇ ਮੰਚ ਕਲਾ ਦੀਆਂ ਬਾਰੀਕੀਆਂ ਵਿਚ ਜਾਣ ਦੀ ਥਾਂ ਨੁੱਕੜ ਨਾਟਕਾਂ ਨੂੰ ਮਾਧਿਅਮ ਬਣਾਇਆ। ਉਨ੍ਹਾਂ ਦਾ ਮੁੱਖ ਉਦੇਸ਼ ਸੀ ਕਿ ਸਵਾਰਥੀ ਲੋਕਾਂ ਵੱਲੋਂ ਕੀਤੀ ਜਾ ਰਹੀ ਸੌੜੀ ਰਾਜਨੀਤੀ ਦੇ ਗੰਧਲੇਪਣ, ਸਮਾਜਕ ਨਾ ਬਰਾਬਰੀ ਅਤੇ ਸਮਾਜਕ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਆਪਣੇ ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ ਆਪਣੇ ਨਾਟਕਾਂ ਨੂੰ ਪ੍ਰਾਪੇਗੰਡੇ ਦੇ ਰੂਪ ਵਿਚ ਪੇਸ਼ ਕੀਤਾ।

ਸਮਾਜਿਕ ਕੁਰੀਤੀਆਂ ਅਤੇ ਫਿਰਕੂਵਾਦ ਵਿਰੁੱਧ ਨਿਰੰਤਰ ਆਵਾਜ਼ ਬੁਲੰਦ ਕਰਨ ਵਾਲੇ ਗੁਰਸ਼ਰਨ ਸਿੰਘ/ਭਾਈ ਮੰਨਾ ਸਿੰਘ ਦਾ ਪੂਰਾ ਜੀਵਨ, ਲੋਕਾਈ ਨੂੰ ਜਾਗ੍ਰਿਤ ਕਰਨ ਪ੍ਰਤੀ ਸਮਰਪਿਤ ਰਿਹਾ। ਪੰਜਾਬੀ ਰੰਗਮੰਚ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਪਾਈਆਂ ਵਿਲੱਖਣ ਪੈੜਾਂ ਦੇ ਨਿਸ਼ਾਨ ਸਦੀਆਂ ਤਕ ਅਮਿੱਟ ਰਹਿਣਗੇ। ਲੋਕ ਦਿਲਾਂ ਦੀ ਧੜਕਨ ਇਸ ਮਹਾਨ ਸ਼ਖ਼ਸੀਅਤ ਨੂੰ 1993 ਵਿਚ ਸੰਗੀਤ ਨਾਟਕ ਐਵਾਰਡ, 1994 ਵਿਚ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਨਾਟਕਕਾਰ ਐਵਾਰਡ ਅਤੇ 2004 ਵਿਚ ਕੌਮੀ ਪ੍ਰਸਿੱਧੀ ਵਾਲੇ ਐਵਾਰਡ 'ਕਾਲੀਦਾਸ ਪੁਰਸਕਾਰ' ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਵੀ ਉਨ੍ਹਾਂ ਨੂੰ ਅਨੇਕ ਅਗਾਂਹਵਧੂ ਸੰਸਥਾਵਾਂ ਨੇ ਸ਼ਾਨਾਮੱਤੇ ਪੁਰਸਕਾਰਾਂ ਨਾਲ ਸਨਮਾਨਿਆ। ਆਪਣੇ ਜੀਵਨ ਦੇ ਅਖੀਰਲੇ ਪੜਾਅ 'ਤੇ ਪਹੁੰਚਦਿਆਂ, ਗੁਰਸ਼ਰਨ ਸਿੰਘ ਇਕ ਵਿਅਕਤੀ ਨਾ ਰਹਿ ਕੇ ਇਕ ਸੰਸਥਾ, ਇਕ ਲੋਕ ਨਾਇਕ ਜਾਂ ਯੁੱਗ ਪੁਰਸ਼ ਦਾ ਰੂਪ ਧਾਰ ਚੁੱਕੇ ਸਨ।

ਆਪ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹੋਣ ਦਾ ਵੀ ਮਾਣ ਪ੍ਰਾਪਤ ਹੋਇਆ। ਜਨ ਸਮੱਸਿਆਵਾਂ ਨੂੰ ਆਪਣਿਆਂ ਲੋਕ ਨਾਟਕਾਂ ਰਾਹੀਂ ਅਰਪਿਤ ਕਰਨ ਵਾਲੇ ਮਹਾਨ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ (ਭਾਅ ਜੀ), ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਵੀ ਧਾਰਣੀ ਹਨ। ਉਹ ਪੂਰੀ ਉਮਰ ਆਪਣੇ ਸਮੇਤ ਸਾਰੀ ਦੁਨੀਆ ਨੂੰ ਆਜ਼ਾਦੀ ਦੇ ਮਹਾਨ ਸ਼ਹੀਦਾਂ ਦੀ ਸੋਚ 'ਤੇ ਚੱਲਣ ਲਈ ਪ੍ਰੇਰਦੇ ਰਹੇ। ਸ਼ਹੀਦਾਂ ਦੀ ਸੋਚ ਦੇ ਝਲਕਾਰੇ ਉਹ ਅਕਸਰ ਆਪਣੇ ਨਾਟਕਾਂ ਰਾਹੀਂ ਪੇਸ਼ ਕਰਦੇ ਸਨ। ਸ਼ਹੀਦਾਂ ਨੂੰ ਕੌਮ ਦੇ ਮਹਾਨ ਨਾਇਕ ਮੰਨਦਿਆਂ ਉਹ ਆਖਦੇ ਹੁੰਦੇ ਸਨ ਕਿ ਇਨ੍ਹਾਂ ਸ਼ਹੀਦਾਂ ਨੇ ਗ਼ਰੀਬੀ-ਅਮੀਰੀ ਦੇ ਪਾੜੇ ਨੂੰ ਖ਼ਤਮ ਕਰ ਕੇ, ਸਮਾਜ ਦੇ ਹਰ ਵਰਗ ਨੂੰ ਬਰਾਬਰੀ ਦਾ ਅਧਿਕਾਰ ਦਿਵਾਉਣ ਲਈ ਕੁਰਬਾਨੀਆਂ ਦਿੱਤੀਆਂ ਸਨ। ਆਪ ਕਈ ਦਹਾਕਿਆਂ ਤਕ ਧਰਮ ਨਿਰਪੱਖ ਤੇ ਖੱਬੇ ਪੱਖੀ ਸੋਚ ਦੇ ਧਾਰਨੀ ਲੋਕਾਂ ਦੇ ਆਦਰਸ਼ ਬਣੇ ਰਹੇ। ਸਮੇਂ ਦੀਆਂ ਹਕੀਕਤਾਂ ਨੂੰ ਪਛਾਣਦਿਆਂ ਉਨ੍ਹਾਂ ਦੀ ਵਿਚਾਰਧਾਰਾ ਇਕ ਨਿਸ਼ਚਿਤ ਦਿਸ਼ਾ ਵੱਲ ਵਿਕਸਿਤ ਹੋਈ।

27 ਸਤੰਬਰ 2011 ਦੀ ਰਾਤ ਲਗਪਗ ਗਿਆਰਾਂ ਵਜੇ ਆਪ 82 ਵਰ੍ਹਿਆਂ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਤੇ ਆਪਣੇ ਪਿੱਛੇ ਪਤਨੀ ਡਾ. ਕੈਲਾਸ਼ ਕੌਰ, ਧੀਆਂ ਨਵਰਸ਼ਰਨ ਕੌਰ ਅਤੇ ਡਾ. ਅਰੀਤ ਕੌਰ ਤੋਂ ਇਲਾਵਾ ਪੁੱਤਰ-ਧੀਆਂ ਵਰਗੇ ਕਲਾਕਾਰਾਂ ਦੀ ਇਕ ਵੱਡੀ ਗਿਣਤੀ ਨੂੰ ਰੋਂਦਿਆਂ ਛੱਡ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਕਲਾ ਸਿਰਫ਼ ਕਲਾ ਲਈ ਨਹੀਂ, ਕਲਾ ਜੀਵਨ ਦੇ ਸੁਧਾਰ ਲਈ ਅਤੇ ਜੀਵਨ ਨੂੰ ਸੁੰਦਰ ਬਣਾਉਣ ਲਈ ਹੈ। ਉਨ੍ਹਾਂ ਦਾ ਵਿਗਿਆਨਕ ਦ੍ਰਿਸ਼ਟੀਕੋਣ ਸੀ ਕਿ ਮਨੁੱਖ ਮੱਧ ਯੁੱਗ ਦੇ ਅੰਧ ਵਿਸ਼ਵਾਸ਼ਾਂ ਨੂੰ ਤਿਆਗ ਕੇ, ਸਮਾਜਕ ਭਲਾਈ ਲਈ ਆਧੁਨਿਕ ਯੁੱਗ ਦੇ ਨਵੇਂ ਸੰਕਲਪਾਂ ਦਾ ਧਾਰਣੀ ਬਣੇ।

ਡਾ. ਜਗਮੇਲ ਸਿੰਘ ਭਾਠੂਆਂ

98713-12541

Posted By: Harjinder Sodhi