ਪੰਜਾਬੀ ਲੇਖਕ ਗੁਰਪਾਲ ਸਿੰਘ ਨੂਰ ਦੀ ਜ਼ਿੰਦਗੀ ਅਨੇਕ ਰੰਗਾਂ ਦਾ ਮਿਸ਼ਰਣ ਸੀ। ਉਸ ਨੇ ਆਪਣੀ ਸਵੈ-ਜੀਵਨੀ ਦਾ ਨਾਂ ਵੀ ‘ਮਾਟੀ ਏਕ ਰੰਗ ਅਨੇਕ’ ਰੱਖਿਆ। ਇਸ ਸਵੈ-ਜੀਵਨੀ ਵਿਚ ਉਸਨੇ ਆਪਣੀ ਜ਼ਿੰਦਗੀ ਦੇ ਉਬੜ-ਖਾਬੜ ਰਸਤਿਆਂ ਦੇ ਸਫ਼ਰ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਹੈ ਜਿਸ ਨੂੰ ਪੜ੍ਹਕੇ ਪਾਠਕ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦਾ।

ਗੁਰਪਾਲ ਸਿੰਘ ਨੂਰ ਨੂੰ ਸਮੇਂ-ਸਮੇਂ ਕਿੰਨੀਆਂ ਹੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਿਹਾ। ਅਨੇਕਾਂ ਔਕੜਾਂ ਦੇ ਸਨਮੁੱਖ ਹੁੰਦਿਆਂ, ਆਪਣੀ ਜ਼ਿੰਦਗੀ ਨੂੰ ਪੈਰਾਂ ਸਿਰ ਕਰਨ ਲਈ ਉਸ ਨੂੰ ਇਕ ਲੰਮੀ ਘਾਲਣਾ ਘਾਲਣੀ ਪਈ। ਗੁਰਪਾਲ ਸਿੰਘ ਨੂਰ ਨੇ ਦੇਸ਼ ਦੀ ਵੰਡ ਉਪਰੰਤ, ਕੱਟਾ-ਵੱਢੀ ਦਾ ਮੰਜ਼ਿਰ ਆਪਣੇ ਅੱਖੀਂ ਦੇਖਿਆ ਸੀ। ਆਪਣੀ ਸਵੈ-ਜੀਵਨੀ ਵਿਚ ਇਕ ਥਾਂ ਉਹ ਲਿਖਦਾ ਹੈ, ‘‘ਇਕ ਦਿਨ ਜਦ ਮੈਂ ਆਪਣੇ ਖੇਤ ਜਾ ਰਿਹਾ ਸੀ ਤਾਂ ਬਾਜਰੇ ਦੇ ਖੇਤਾਂ ਵਿੱਚੋਂ ਇਕ ਮੁਸਲਮਾਨ ਔਰਤ ਦੇ ਰੋਣ-ਕੁਹਰਾਉਣ ਦੀ ਆਵਾਜ਼ ਕੰਨੀ ਪਈ ਜੋ ਪਿਆਸੀ ਹੋਣ ਕਾਰਨ ਪਾਣੀ-ਪਾਣੀ ਕਰ ਰਹੀ ਸੀ। ਦਰਅਸਲ ਔਰਤ ਇਕ ਬੱਚੇ ਨੂੰ ਜਨਮ ਦੇ ਰਹੀ ਸੀ। ਮੈਂ ਆਪਣੀ ਪੱਗ ਦੇ ਇਕ ਲੜ ਨਾਲ ਪੱਥਰ ਬੰਨ੍ਹਕੇ, ਖੂਹ ਵਿਚ ਲਮਕਾਈ ਤੇ ਲੜ ਨਿਚੋੜਕੇ ਪਾਣੀ ਔਰਤ ਦੇ ਮੂੰਹ ਵਿਚ ਪਾਇਆ। ਇਸ ਔਰਤ ਦਾ ਨਾਂ ਨੂਰਾਂ ਸੀ। ਮੈਂ ਆਪਣੇ ਨਾਂ ਨਾਲ ‘ਨੂਰ’ ਸ਼ਬਦ ਜੋੜ ਕੇ ਉਸ ਔਰਤ ਨਾਲ ਭੈਣ-ਭਰਾ ਦੇ ਰਿਸ਼ਤੇ ਦੀ ਸਦੀਵੀ ਸਾਂਝ ਬਣਾ ਲਈ ਸੀ।’’

ਗੁਰਪਾਲ ਸਿੰਘ ਨੂਰ ਦਾ ਜਨਮ ਮਾਤਾ ਭਗਵਾਨ ਕੌਰ ਅਤੇ ਪਿਤਾ ਹਰਨਾਮ ਸਿੰਘ ਦੇ ਘਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਵਿਖੇ 1931ਵਿਚ ਹੋਇਆ। ਪਿੰਡ ਦੇ ਸਕੂਲ ਵਿੱਚੋਂ ਚੌਥੀ ਜਮਾਤ ਪਾਸ ਕਰਨ ਉਪਰੰਤ ਇਕ ਸਾਲ ਗੁਜਰਾਂਵਾਲਾ (ਪਾਕਿਸਤਾਨ) ਦੇ ਸਕੂਲ ਵਿਚ ਵੀ ਉਹ ਪੜ੍ਹਿਆ। ਦਸਵੀਂ ਜਮਾਤ ਉਸ ਨੇ ਪਿੰਡ ਦੇ ਖ਼ਾਲਸਾ ਹਾਈ ਸਕੂਲ ਵਿੱਚੋਂ 1950 ਵਿਚ ਪਾਸ ਕੀਤੀ।

ਮੁੱਢ ਤੋਂ ਹੀ ਇਹ ਪਰਿਵਾਰ ਫ਼ੌਜ ਦੀ ਸੇਵਾ ਨਾਲ ਜੁੜਿਆ ਹੋਇਆ ਸੀ। ਇਸ ਦੇ ਦਾਦਾ ਤੋਂ ਬਾਅਦ ਪਿਤਾ ਨੇ ਵੀ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲਿਆ ਤੇ ਮੈਡਲ ਵੀ ਪ੍ਰਾਪਤ ਕੀਤਾ ਸੀ। ਸ਼ਾਇਦ ਇਸੇ ਕਰਕੇ ਗੁਰਪਾਲ ਸਿੰਘ ਨੂੰ ਫ਼ੌਜ ਦੀ ਸੇਵਾ ਨੇ ਖਿੱਚ ਪਾਈ ਤੇ ਉਹ 1950 ਵਿਚ ਘਰਦਿਆਂ ਨੂੰ ਬਿਨਾਂ ਦੱਸੇ ਫ਼ੌਜ ਵਿਚ ਭਰਤੀ ਹੋ ਗਿਆ ਸੀ। ਉਸਨੇ 1962 ਵਿਚ ਚੀਨ ਅਤੇ 1965 ਵਿਚ ਪਾਕਿਸਤਾਨ ਨਾਲ ਹੋਈਆਂ ਜੰਗਾਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ। ਗੁਰਪਾਲ ਸਿੰਘ ਨੂਰ ਨੇ 20 ਸਾਲ ਫ਼ੌਜ ਵਿਚ ਸੇਵਾ ਨਿਭਾਈ। ਫ਼ੌਜ ਦੀ ਸੇਵਾ ਦੌਰਾਨ ਹੀ ਉਸ ਨੇ ਬੀ. ਓੇ. ਤਕ ਦੀ ਵਿੱਦਿਆ ਹਾਸਲ ਕੀਤੀ। ਫ਼ੌਜ ਦੀ ਕਠਿਨ ਸੇਵਾ ਦੌਰਾਨ ਵੀ ਉਸਦੇ ਅੰਦਰਲਾ ਲੇਖਕ ਜਿਉਂਦਾ ਰਿਹਾ। ਉਹ ਆਪਣੇ ਅੰਦਰ ਉਠਦੇ ਵਲਵਲਿਆਂ ਨੂੰ ਰੋਕ ਨਾ ਸਕਦਾ। ਇਹ ਵਲਵਲੇ ਮੱਲੋ ਜ਼ੋਰੀ ਉਸਦੀ ਜ਼ੁਬਾਨ ਉੱਤੇ ਆ ਜਾਂਦੇ ਤੇ ਉਹ ਗੁਣਗਣਾਉਣ ਲੱਗ ਜਾਂਦਾ। ਇਸ ਸੇਵਾ ਦੌਰਾਨ ਹੀ ਉਸਦੀਆਂ ਕਵਿਤਾਵਾਂ ਫ਼ੌਜ ਦੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਲੱਗੀਆਂ।

ਇਕ ਵਾਰ ਉਸਨੇ ਦੇਹਰਾਦੂਨ ਵਿਖੇ ਹੋਏ ਕਵੀ ਦਰਬਾਰ ਵਿਚ ਇਕ ਕਵਿਤਾ ਪੜ੍ਹੀ। ਇਸ ਕਵਿਤਾ ਨੇ ਉਸਦਾ ਮਿਲਾਣ ਭਾਈ ਵੀਰ ਸਿੰਘ ਦੇ ਭਰਾ ਡਾ. ਬਲਵੀਰ ਸਿੰਘ ਨਾਲ ਕਰਵਾ ਦਿੱਤਾ। ਉਨ੍ਹਾਂ ਨੇ ਇਨ੍ਹਾਂ ਬੋਲਾਂ ਨੂੰ ਪੁਸਤਕ ਦਾ ਰੂਪ ਦੇਣ ਦੀ ਸਲਾਹ ਦਿੱਤੀ। ਇਸ ਤਰ੍ਹਾਂ 1970 ਵਿਚ ਉਸਦਾ ਪਹਿਲਾ ਕਾਵਿ ਸੰਗ੍ਰਹਿ ‘ਗਿੱਲੀਆਂ ਪਲਕਾਂ’ ਪ੍ਰਕਾਸ਼ਿਤ ਹੋਇਆ। ਸੇਵਾ ਮੁਕਤ ਹੋਣ ਤੋਂ ਬਾਅਦ ਉਹ ਪੰਜਾਬੀ ਸਾਹਿਤ ਸਭਾ ਬਰਨਾਲਾ ਦੀਆਂ ਬੈਠਕਾਂ ਵਿਚ ਭਾਗ ਲੈਣ ਲੱਗਿਆ। ਸਭਾ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਨਾਲ ਉਸਦੀ ਕਲਮ ਨੂੰ ਹੋਰ ਬਲ ਮਿਲਿਆ। ਇਸ ਦਾ ਨਤੀਜਾ ਇਹ ਹੋਇਆ ਕਿ ਉਸ ਦਾ ਦੂਜਾ ਕਾਵਿ ਸੰਗ੍ਰਹਿ ‘ਪੱਤਣੋਂ ਲੰਘਿਆ ਪਾਣੀ’ ਸਾਲ 2000 ਵਿਚ ਛਪ ਗਿਆ। ਗੁਰਪਾਲ ਸਿੰਘ ਨੂਰ ਪਹਿਨਣ ਪਚਰਨ ਦਾ ਬਹੁਤ ਸ਼ੌਕੀਨ ਸੀ। ਦੇਖਣ ਪਾਖਣ ਨੂੰ ਉਹ ਪੰਜਾਬੀ ਗਾਇਕ ਮਰਹੂਮ ਆਸਾ ਸਿੰਘ ਮਸਤਾਨਾ ਦਾ ਭੁਲੇਖਾ ਪਾਉਂਦਾ। ਸਿਰਫ਼ ਦੇਖਣੀ ਪਾਖਣੀ ਹੀ ਨਹੀਂ, ਮੰਚ ’ਤੇ ਗੀਤ ਵੀ ਉਸੇ ਅੰਦਾਜ਼ ਤੇ ਆਵਾਜ਼ ਦੀ ਲੈਅ ਤਾਲ ਵਿਚ ਪੇਸ਼ ਕਰਦਾ। ਸ਼ੁਰੂ-ਸ਼ੁਰੂ ਵਿਚ ਗੁਰਪਾਲ ਸਿੰਘ ਨੂਰ ਨੇ ਧਾਰਮਿਕ ਕਵਿਤਾਵਾਂ ਵੀ ਲਿਖੀਆਂ। ਇਹ ਕਵਿਤਾਵਾਂ ਉਸਦੇ ਕਾਵਿ ਸੰਗ੍ਰਹਿ ‘ਨੂਰੀ ਜੋਤ’ ਵਿਚ ਸੰਕਲਿਤ ਹਨ।

ਏਸ ਸੰਗ੍ਰਹਿ ਤੋਂ ਬਾਅਦ ਉਸਨੇ ਸ਼ਿੱਦਤ ਨਾਲ ਆਪਣੇ ਆਪ ਨੂੰ ਸਾਹਿਤ ਸਿਰਜਣਾ ਨਾਲ ਜੋੜ ਲਿਆ ਸੀ। ਬਿਨਾਂ ਸ਼ੱਕ ਉਸ ਕੋਲ ਅਨੇਕਾਂ ਘਟਨਾਵਾਂ ਦਾ ਅਨੁਭਵ ਸੀ। ਇਸ ਅਨੁਭਵ ਨੂੰ ਸਿਰਫ਼ ਕਵਿਤਾ ਦੇ ਮਾਧਿਅਮ ਰਾਹੀਂ ਨਹੀਂ ਸੀ ਉਲੀਕਿਆ ਜਾ ਸਕਦਾ। ਇਹੀ ਵਜਾਹ ਸੀ ਕਿ ਕਵਿਤਾ ਦੇ ਨਾਲ-ਨਾਲ ਉਹ ਕਹਾਣੀਆਂ ਵੀ ਲਿਖਣ ਲੱਗਿਆ। ਉਸ ਦੀਆਂ ਕਵਿਤਾਵਾਂ ਤੇ ਕਹਾਣੀਆਂ ਪੰਜਾਬੀ ਦੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਲਗਾਤਾਰ ਛਪਣ ਲੱਗੀਆਂ। ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ‘ਕੇਸੂ ਦੀ ਟਹਿਕ’ 2003 ਵਿਚ ਛਪਿਆ। ਕਲਾਕਾਰ ਸੰਗਮ ਵੱਲੋਂ ਸਾਲ 2009 ਵਿਚ ਕਰਵਾਏ ਗਏ ਸਾਲਾਨਾ ਕਹਾਣੀ ਮੁਕਾਬਲੇ ਵਿਚ ਉਸਦੀ ਕਹਾਣੀ ‘ਅਧੂਰੇਪਣ ਦਾ ਅਹਿਸਾਸ’ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਸਾਲ ਹੀ ਉਸਦਾ ਦੂਜਾ ਕਹਾਣੀ-ਸੰਗ੍ਰਹਿ ‘ਸੁਪਨੇ ਤੇ ਹਕੀਕਤ’ ਵੀ ਛਪਿਆ।

ਉਸ ਦੀ ਸਵੈ-ਜੀਵਨੀ ‘ਮਾਟੀ ਏਕ ਰੰਗ ਅਨੇਕ’ 2011 ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਗੁਰਪਾਲ ਸਿੰਘ ਨੂਰ ਨੇ ਘਟਨਾਵਾਂ ਨੂੰ ਅਜਿਹੇ ਰੌਚਕ ਢੰਗ ਨਾਲ ਪੇਸ਼ ਕੀਤਾ ਹੈ ਕਿ ਪਾਠਕ ਪੜ੍ਹਦਿਆਂ ਕੋਈ ਅਕੇਵਾਂ ਜਾਂ ਥਕੇਵਾਂ ਮਹਿਸੂਸ ਨਹੀਂ ਕਰਦਾ। ਡਾ. ਅਮਰ ਕੋਮਲ ਦੇ ਸ਼ਬਦਾਂ ਵਿਚ, ‘‘ਇਸ ਵਿਚ ਲੇਖਕ ਦਾ ਸਵੈ ਚਿੱਤਰ ਅਨੇਕਾਂ ਰੂਪਾਂ, ਰੰਗਾਂ ਪ੍ਰਸੰਗਾਂ ਵਿਚ ਦੁੱਖ-ਸੁੱਖ ਹੰਢਾਉਂਦਾ ਹੈ। ਪ੍ਰਸੰਗ ਬਿਆਨ ਕਰਦਾ ਇਹ ਇਤਿਹਾਸ, ਸਮਾਜ ਸ਼ਾਸਤਰ, ਇਕ ਭੂਗੋਲ, ਅਤੇ ਮਾਨਵ ਜੀਵਨ ਦਾ ਮਨੋਵਿਗਿਆਨ ਵੀ ਪੇਸ਼ ਕਰ ਜਾਂਦਾ ਹੈ।’’ ਸਵੈ-ਜੀਵਨੀ ਤੋਂ ਬਿਨਾਂ ਉਸ ਨੇ ਇਕ ਨਾਵਲ ‘ਸਾਂਝ ਦਿਲਾਂ ਦੀ’ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਉਸ ਦੀਆਂ ਕਈ ਪ੍ਰਸਿੱਧ ਰਚਨਾਵਾਂ ਸਾਂਝੇ ਸੰਪਾਦਿਤ ਸੰਗ੍ਰਹਿਆਂ ਦਾ ਸ਼ਿੰਗਾਰ ਵੀ ਬਣਦੀਆਂ ਰਹੀਆਂ।

ਸਾਹਿਤ ਪ੍ਰਤੀ ਨਿਸ਼ਠਾ ਅਤੇ ਪੰਜਾਬੀ ਸਾਹਿਤ ਸਭਾ ਬਰਨਾਲਾ ਦੀਆਂ ਬੈਠਕਾਂ ਵਿਚ ਲਗਾਤਾਰ ਹਾਜ਼ਰੀ ਭਰਦਿਆਂ ਦੇਖ ਉਸਨੂੰ ਸਭਾ ਦੇ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਤੇ ਲੰਮਾ ਸਮਾਂ ਉਸਨੇ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ। ਅਖ਼ੀਰਲੇ ਦਿਨਾਂ ਵਿਚ ਸਿਹਤਯਾਬ ਨਾ ਹੋਣ ਦੇ ਬਾਵਜੂਦ ਉਹ ਸਾਹਿਤ ਸਿਰਜਣਾ ਨਾਲ ਜੁੜਿਆ ਰਿਹਾ। ਉਸਨੂੰ ਪੰਜਾਬ ਦੀਆਂ ਕਈ ਸਾਹਿਤਕ ਸੰਸਥਾਵਾਂ ਤੋਂ ਸਮੇਂ-ਸਮੇਂ ਸਨਮਾਨ ਪ੍ਰਾਪਤ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। 28 ਜੁਲਾਈ, 2022 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਉਹ ਆਪਣੇ ਪਿੱਛੇ ਬਹੁਤ ਕੁਝ ਅਣਛਪਿਆ ਛੱਡ ਗਿਆ ਹੈ।

- ਭੋਲਾ ਸਿੰਘ ਸੰਘੇੜਾ

Posted By: Harjinder Sodhi