ਪੁਸਤਕ : ਕੋਲਕਾਤਾ ਦੇ ਪੰਜਾਬੀਆਂ ਦਾ ਕਰਮਾਂ ਵਾਲਾ ਗੁਰਮੇਜ ਸਿੰਘ ਖੋਸਾ

ਲੇਖਕ : ਬਲਦੇਵ ਸਿੰਘ

ਪੰਨੇ : 76 ਮੁੱਲ : 300/-

ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ।

‘ਕੋਲਕਾਤਾ ਦੇ ਪੰਜਾਬੀਆਂ ਦਾ ਕਰਮਾਂ ਵਾਲਾ ਗੁਰਮੇਜ ਸਿੰਘ ਖੋਸਾ’ ਪੁਸਤਕ ਬਲਦੇਵ ਸਿੰਘ ਸੜਕਨਾਮਾ ਦੁਆਰਾ ਲਿਖੀ ਗਈ ਹੈ ਅਤੇ ਗੁਰਮੇਜ ਸਿੰਘ ਖੋਸਾ ਦੀ ਜ਼ਿੰਦਗੀ ਦੀਆਂ ਮੁੱਖ ਘਟਨਾਵਾਂ ’ਤੇ ਆਧਾਰਿਤ ਹੈ। ਪੁਸਤਕ ਬਲਦੇਵ ਸਿੰਘ ਦੇ ਨਾਵਲਾਂ ਵਾਂਗ ਹੀ ਰੌਚਕ ਹੈ। ਉਸ ਕੋਲ ਸੜਕਾਂ ’ਤੇ ਲੰਬੇ ਸਫ਼ਰ ਦਾ ਨਿੱਜੀ ਅਨੁਭਵ ਹੈ। ਪੁਸਤਕ ਦੀ ਸ਼ੁਰੂਆਤ ‘ਬਚਪਨ ਤੇ ਪਿੰਡ ਲੱਲੇ ਦਾ ਸਕੂਲ’ ਨਾਮਕ ਪਾਠ ਤੋਂ ਹੁੰਦੀ ਹੈ ਜਿਸ ਵਿਚ ਲੇਖਕ ਨੇ ਗੁਰਮੇਜ ਸਿੰਘ ਖੋਸਾ ਦੇ ਪਿੰਡ ਲੱਲੇ ਵਿਚ ਗੁਜ਼ਾਰੇ ਬਚਪਨ ਅਤੇ ਮੁੱਢਲੇ ਸਕੂਲੀ ਦਿਨਾਂ ਦੀ ਗੱਲ ਕੀਤੀ ਹੈ। ਇਸ ਤੋਂ ਬਾਅਦ ਪਿੰਡ ਲੱਲੇ ਤੋਂ ਤੂੰਬੜਭੰਨ ਜਾ ਵੱਸਣ ਦੀ ਪੂਰੀ ਕਹਾਣੀ ਨੂੰ ਕਲਮਬੱਧ ਕੀਤਾ ਹੈ। ਮਾਛੀ ਬੁਗਰੇ ਦੇ ਸਕੂਲ ਵਿਚ ਗੁਰਮੇਜ ਵੱਲੋਂ ਅੱਠਵੀਂ ਪਾਸ ਕਰਨ, ਪੜ੍ਹਾਈ ਛੱਡ ਖੇਤੀ ਦੇ ਕੰਮ ਵਿਚ ਲੱਗਣ ਤੇ ਫਿਰ ਰੋਜ਼ਗਾਰ ਦੀ ਭਾਲ ਵਿਚ ਕੋਲਕਾਤਾ ਜਾਣ ਦੀ ਕਹਾਣੀ ਨੂੰ ਵੀ ਵਿਸਥਾਰ ਸਹਿਤ ਲਿਖਿਆ ਗਿਆ ਹੈ। ਉਸ ਨੇ ਕੋਲਕਾਤਾ ਜਾ ਕੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਅਤੇ ਲੇਖਕ ਨੇ ਇਕ ਟੈਕਸੀ ਡਰਾਈਵਰ ਵਜੋਂ ਗੁਰਮੇਜ ਸਿੰਘ ਖੋਸਾ ਦੁਆਰਾ ਝੱਲੀਆਂ ਖੱਜਲ ਖੁਆਰੀਆਂ ਬਾਰੇ ਵੀ ਦੱਸਿਆ ਹੈ।

ਕੋਲਕਾਤਾ ਵਿਚ ਕੀਤੀ ਕਮਾਈ ਦੇ ਕਾਰਨ ਹੀ ਗੁਰਮੇਜ ਸਿੰਘ ਖੋਸਾ ਤਲਵੰਡੀ ਮੁੱਦਕੀ ਰੋਡ ’ਤੇ ਖੋਸਾ ਫਾਰਮ ਹਾਊਸ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ। ਕੋਲਕਾਤਾ ਵਿਚ ਵੱਸਣ ਵਾਲੇ ਸਿੱਖ ਭਾਈਚਾਰੇ ਵਿਚ ਉਹ ਬਹੁਤ ਮਕਬੂਲ ਹੋਇਆ ਅਤੇ ਉਸ ਭਾਈਚਾਰੇ ਦੀ ਬਿਹਤਰੀ ਲਈ ਉਸ ਨੇ ਆਪਣੀ ਰਾਜਨੀਤਕ ਪਹੁੰਚ ਵੀ ਸਿੱਧ ਕੀਤੀ। ਇਸ ਪੁਸਤਕ ਦੇ ਅੰਤ ਵਿਚ ਖੋਸਾ ਪਰਿਵਾਰ ਦੀਆਂ ਤਸਵੀਰਾਂ ਅਤੇ ਹੋਰ ਵਿਦਵਾਨਾਂ ਦੁਆਰਾ ਗੁਰਮੇਜ ਸਿੰਘ ਖੋਸਾ ਬਾਰੇ ਲਿਖੇ ਲੇਖ ਸ਼ਾਮਲ ਕੀਤੇ ਗਏ ਹਨ। ਇਸ ਢੰਗ ਨਾਲ਼ ਗੁਰਮੇਜ ਸਿੰਘ ਖੋਸਾ ਦਾ ਜੀਵਨ ਬਿਓਰਾ ਬਹੁਤ ਸਰਲ ਅਤੇ ਖ਼ੂਬਸੂਰਤ ਢੰਗ ਨਾਲ਼ ਦਿੱਤਾ ਗਿਆ ਹੈ ਜਿਸ ਵਿਚ ਸਰਲ ਸ਼ਬਦਾਵਲੀ ਦੀ ਵਰਤੋਂ ਉਸ ਨੂੰ ਹੋਰ ਉਤਮਤਾ ਪ੍ਰਦਾਨ ਕਰਦੀ ਹੈ। ਲੇਖਕ ਦੀ ਵਾਰਤਕ ਦਿਲਚਸਪ ਹੈ।

- ਡਾ. ਸੰਦੀਪ ਰਾਣਾ

Posted By: Harjinder Sodhi