ਮਹੀਨੇਵਾਰ ਸਾਹਿਤਕ ਰਸਾਲਾ 'ਨਾਗਮਣੀ' ਨੇ ਸਾਹਿਤ ਦੇ ਖੇਤਰ ਵਿਚ ਅਜਿਹੇ ਮੀਲ ਪੱਥਰ ਸਥਾਪਿਤ ਕੀਤੇ, ਜਿਸ ਦੇ ਲਈ ਇਹ ਅੱਜ ਵੀ ਪਾਠਕਾਂ ਦੇ ਹਿਰਦਿਆਂ 'ਚ ਖ਼ਾਸ ਮੁਕਾਮ ਰੱਖਦਾ ਹੈ। ਇਸ ਨੇ ਜਿੱਥੇ ਵਿਦੇਸ਼ੀ ਤੇ ਭਾਰਤੀ ਭਾਸ਼ਾਵਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਦੇ ਰੂਬਰੂ ਕੀਤਾ, ਉੱਥੇ ਨਵੇਂ ਲੇਖਕਾਂ ਨੂੰ ਵੀ ਖੁੱਲ੍ਹਦਿਲੀ ਨਾਲ ਥਾਂ ਦਿੱਤੀ।

------------

ਗੁਲਜ਼ਾਰ / ਗ਼ਾਲਿਬ

ਬੱਲੀ ਮਾਰਾਂ ਦੇ ਮੁਹੱਲੇ ਦੀ

ਉਹ ਪੇਚੀਦਾ ਦਲੀਲ ਜਹੀ ਗਲੀ

ਸਾਹਮਣੇ ਟਾਲ ਦੀ ਨੁੱਕਰ 'ਤੇ

ਬਟੇਰਿਆਂ ਦੇ ਕਸੀਦੇ

ਗੁੜਗੁੜਾਂਦੀਆਂ ਪਾਨ ਦੀਆਂ ਪੀਕਾਂ ਵਿਚ

ਉਹ ਦਾਦ... ਇਹ ਵਾਹ-ਵਾਹ

ਕੁਝ ਬੂਹਿਆਂ 'ਤੇ ਲਟਕਦੇ

ਪੁਰਾਣੇ ਜਹੇ ਟਾਟ ਦੇ ਪਰਦੇ

ਕੁਝ ਬੱਕਰੀ ਦੇ ਮਮਿਆਣ ਦੀ ਆਵਾਜ਼

ਅਤੇ ਧੁੰਦਲਾਂਦੀ ਤਰਕਾਰ ਦੇ ਬੇਨੂਰ ਹਨੇਰੇ

ਇੰਜ ਕੰਧਾਂ ਨਾਲ ਮੂੰਹ ਜੋੜ ਕੇ ਚੱਲਦੇ ਨੇ ਇੱਥੇ

ਜਿਵੇਂ ਚੂੜੀ ਵਾਲਾਂ ਦੇ ਕਟੜੇ ਦੀ 'ਬੜੀ ਬੀ'

ਆਪਣੀਆਂ ਬੁਝਦੀਆਂ ਅੱਖਾਂ ਨਾਲ ਬੂਹੇ ਨੂੰ ਟਟੋਲੇ...

ਇਸੇ ਬੇਨੂਰ ਹਨੇਰੀ ਜਹੀ 'ਗਲੀ ਕਾਸਿਮ' ਤੋਂ

ਚਿਰਾਗ਼ਾਂ ਦੀ ਇਕ ਤਰਤੀਬ ਸ਼ੁਰੂ ਹੁੰਦੀ ਹੈ

ਕੁਰਾਨ ਦੇ ਸੁਖ਼ਨ ਦਾ ਇਕ ਸਫ਼ਾ ਖੁੱਲ੍ਹਦਾ ਹੈ

ਤੇ 'ਅਸਦ ਉੱਲਾਹ ਖ਼ਾਂ ਗ਼ਾਲਿਬ' ਦਾ ਪਤਾ ਮਿਲਦਾ ਹੈ...

(ਨਾਗਮਣੀ, ਅੰਕ 230, ਜੂਨ 1985)

Posted By: Harjinder Sodhi