ਨਵੀਂ ਦਿੱਲੀ, ਲਾਈਫਸਟਾਈਲ ਡੈਸਕ: ਟਮਾਟਰ ਦੀ ਵਰਤੋਂ ਜ਼ਿਆਦਾਤਰ ਸਬਜ਼ੀਆਂ ਦੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਸਿਰਫ ਸੁਆਦ ਵਧਾਉਣ ਤਕ ਹੀ ਸੀਮਤ ਨਹੀਂ ਹੈ ਸਗੋਂ ਇਹ ਸਾਡੀ ਸਿਹਤ ਲਈ ਵੀ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ। ਟਮਾਟਰ ’ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੁੰਦੀ ਹੈ। ਚਾਹੇ ਸਲਾਦ ਹੋਵੇ ਜਾਂ ਸੂਪ ਜਾਂ ਸਬਜ਼ੀ, ਜ਼ਿਆਦਾਤਰ ਲੋਕ ਲਾਲ ਟਮਾਟਰ ਵਰਤਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰੇ ਟਮਾਟਰ ਵੀ ਗੁਣਾਂ ਦੀ ਖਾਨ ਹਨ, ਜਿਸ ਨੂੰ ਚਟਨੀ ਦੇ ਰੂਪ ਵਿਚ ਸਬਜ਼ੀਆਂ ਵਿੱਚ ਘੱਟ ਖਾਧਾ ਜਾਂਦਾ ਹੈ।

ਹਰੇ ਟਮਾਟਰ ’ਚ ਮੌਜੂਦ ਪੋਸ਼ਕ ਤੱਤ

ਹਰੇ ਟਮਾਟਰ ਵਿਚ ਵਿਟਾਮਿਨ, ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਆਇਰਨ ਸਮੇਤ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ ਕੇ, ਸੀ, ਬੀਟਾ ਕੈਰੋਟੀਨ, ਸੋਡੀਅਮ ਅਤੇ ਪੋਟਾਸ਼ੀਅਮ ਵੀ ਕਾਫੀ ਮਾਤਰਾ ’ਚ ਮੌਜੂਦ ਹੁੰਦਾ ਹੈ। ਲਾਲ ਟਮਾਟਰ ਦੇ ਮੁਕਾਬਲੇ ਹਰੇ ਟਮਾਟਰ ਸਵਾਦ ’ਚ ਥੋੜ੍ਹੇ ਖੱਟੇ ਹੁੰਦੇ ਹਨ।

ਹਰੇ ਟਮਾਟਰ ਖਾਣ ਦੇ ਫਾਇਦੇ

ਹਰੇ ਟਮਾਟਰ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਦੋਵੇਂ ਪੋਸ਼ਣ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦਾ ਕੰਮ ਕਰਦੇ ਹਨ। ਮਜ਼ਬੂਤ ਇਮਿਊਨਿਟੀ ਕਈ ਛੂਤ ਦੀਆਂ ਬਿਮਾਰੀਆਂ ਤੋਂ ਦੂਰ ਰੱਖਦੀ ਹੈ।

- ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਹਰੇ ਟਮਾਟਰ ਵਿਚ ਵਿਟਾਮਿਨ-ਕੇ ਵੀ ਚੰਗੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਇਸ ਲਈ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਉਨ੍ਹਾਂ ਦੀ ਘਣਤਾ ਨੂੰ ਵੀ ਵਧਾਉਂਦਾ ਹੈ।

- ਜੇ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਗਈ ਹੈ ਤਾਂ ਇਸ ਨੂੰ ਵਧਾਉਣ ’ਚ ਵੀ ਹਰੇ ਟਮਾਟਰ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ। ਬੀਟਾ ਕੈਰੋਟੀਨ ਨਾਲ ਭਰਪੂਰ ਹਰੇ ਟਮਾਟਰ ਸਿਹਤਮੰਦ ਚਿੱਟੇ ਖੂਨ ਦੇ ਸੈੱਲ ਬਣਾ ਕੇ ਅੱਖਾਂ ਨੂੰ ਸਿਹਤਮੰਦ ਰੱਖਦੇ ਹਨ।

- ਹਰੇ ਟਮਾਟਰ ਦੇ ਸੇਵਨ ਨਾਲ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਇਸ ’ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਾਰਨ ਇਹ ਬਲੱਡ ਪ੍ਰੈਸਰ ਨੂੰ ਕੰਟਰੋਲ ਕਰਨ ’ਚ ਮਦਦਗਾਰ ਹੁੰਦਾ ਹੈ।

- ਵਿਟਾਮਿਨ-ਸੀ ਦੀ ਮੌਜੂਦਗੀ ਕਾਰਨ ਹਰਾ ਟਮਾਟਰ ਚਮੜੀ ਲਈ ਬਹੁਤ ਵਧੀਆ ਹੈ। ਇਸ ਦੀ ਵਰਤੋਂ ਨਾਲ ਚਮੜੀ ਲੰਬੇ ਸਮੇਂ ਤਕ ਚਮਕਦਾਰ ਅਤੇ ਜਵਾਨ ਬਣੀ ਰਹਿੰਦੀ ਹੈ।

Posted By: Harjinder Sodhi