ਡਾ. ਗੁਰਚਰਨ ਕੌਰ ਕੋਚਰ ਨੂੰ ਲਿਖਣ ਦੀ ਪ੍ਰੇਰਨਾ ਆਪਣੇ ਮਰਹੂਮ ਪਿਤਾ ਸਰਦਾਰ ਸਿੰਘ ਤੋਂ ਪ੍ਰਾਪਤ ਹੋਈ, ਜੋ ਆਪਣੇ ਸਮੇਂ ਦੇ ਉਰਦੂ ਤੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਨ। ਫਿਰ ਉਸ ਨੇ ਰਾਜ ਦੁਲਾਰ ਦੀ ਪ੍ਰੇਰਨਾ ਨਾਲ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਸਿੱਖਿਆ ਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਉਸ ਦੇ ਲੇਖ ਪ੍ਰਕਾਸ਼ਿਤ ਹੋਣੇ ਸ਼ੁਰੂ ਹੋਏ। ਗ਼ਜ਼ਲ ਲਿਖਣ ਲਈ ਸਰਦਾਰ ਪੰਛੀ, ਐੱਸ. ਤਰਸੇਮ, ਸੁਲੱਖਣ ਸਰਹੱਦੀ, ਅਮਰਜੀਤ ਸਿੰਘ ਸੰਧੂ, ਗੁਰਦਿਆਲ ਰੌਸ਼ਨ, ਰਾਜਿੰਦਰ ਪਰਦੇਸੀ, ਰਾਜਿੰਦਰ ਬਿਮਲ ਆਦਿ ਨੇ ਉਸ ਨੂੰ ਉਤਸ਼ਾਹਿਤ ਕੀਤਾ। ਉਸ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਵੱਖ-ਵੱਖ ਗਾਇਕਾਂ ਨੇ ਆਪਣੀ ਆਵਾਜ਼ ਪ੍ਰਦਾਨ ਕੀਤੀ ਹੈ।

ਡਾ. ਕੋਚਰ ਦੀਆਂ ਹੁਣ ਤਕ 13 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ 5 ਗ਼ਜ਼ਲ ਸੰਗ੍ਰਹਿ (‘ਅਹਿਸਾਸ ਦੀ ਖ਼ੁਸ਼ਬ’-2003; ‘ਅਹਿਸਾਸ ਦਾ ਸਫ਼ਰ’-2005; ‘ਅਹਿਸਾਸ ਦੀਆਂ ਰਿਸ਼ਮਾਂ’-2008; ‘ਹਰਫ਼ਾਂ ਦੀ ਮਹਿਕ’-2015 ਅਤੇ ‘ਗ਼ਜ਼ਲ ਅਸ਼ਰਫੀਆਂ’-2020), ਇਕ ਸੰਪਾਦਿਤ ਕਾਵਿ-ਸੰਗ੍ਰਹਿ (‘ਧੀਰਜ, ਸਹਿਜ ਤੇ ਸ਼ਕਤੀ’-2006), ਦੋ ਨਿਬੰਧ ਸੰਗ੍ਰਹਿ (‘ਦੀਵਿਆਂ ਦੀ ਕਤਾਰ’-2007; ‘ਜਗਦੇ ਚਿਰਾਗ਼’- 2010), ਦੋ ਅਨੁਵਾਦਿਤ ਪੁਸਤਕਾਂ (‘ਸਾਡੀ ਸਿਹਤ- ਸੰਸਕਾਰੀ ਤੇ ਸਿਹਤਮੰਦ ਪਰਿਵਾਰ’-2014;‘ਇਕ ਦਿ੍ਰਸ਼ਟੀਕੋਣ ਇਹ ਵੀ’-2016), ਵੱਖ-ਵੱਖ ਸੂਬਿਆਂ ਦੀਆਂ ਸੰਪਾਦਿਤ ਲੋਰੀਆਂ (‘ਲੋਕ ਸਾਹਿਤ ਵਿਚ ਲੋਰੀ’-2015), ਸੰਪਾਦਿਤ ਗ਼ਜ਼ਲ ਸੰਗ੍ਰਹਿ (‘ਚੋਣਵੀਂ ਪੰਜਾਬੀ ਨਾਰੀ ਗ਼ਜ਼ਲ’-2018), ਅਨੁਵਾਦਿਤ ਕਾਵਿ ਸੰਗ੍ਰਹਿ (‘ਅਵਧੇਸ਼ ਸਿੰਘ ਦੀਆਂ ਚੋਣਵੀਆਂ ਹਿੰਦੀ ਕਵਿਤਾਵਾਂ- ਮੇਰੇ ਅਹਿਸਾਸ’-2020) ਸ਼ਾਮਲ ਹਨ। ਇਸ ਸੂਚੀ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਕਾਵਿ ਨੂੰ ਆਪਣੇ ਪਸੰਦੀਦਾ ਮਾਧਿਅਮ ਵਜੋਂ ਚੁਣਿਆ ਹੈ ਤੇ ਇਸ ਵਿੱਚੋਂ ਵੀ ਗ਼ਜ਼ਲ ਦੀ ਸਿਨਫ਼ ਪ੍ਰਮੁੱਖ ਹੈ। ‘ਗ਼ਜ਼ਲ ਅਸ਼ਰਫੀਆਂ’ ਉਸ ਦੀਆਂ ਪਹਿਲਾਂ ਲਿਖੀਆਂ ਗਈਆਂ ਚਾਰ ਗ਼ਜ਼ਲ-ਪੁਸਤਕਾਂ ਦਾ ਹੀ ਸੰਗ੍ਰਹਿ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ ਕੁੱਲ 264 ਗ਼ਜ਼ਲਾਂ ਸ਼ਾਮਲ ਹਨ। ਇਹ ਪੁਸਤਕ ਡਾ. ਕੋਚਰ ਦੇ ਹੁਣ ਤਕ ਦੇ ਗ਼ਜ਼ਲ-ਕਾਵਿ ਦਾ ਸੰਪੂਰਨ ਗੁਲਦਸਤਾ ਕਹੀ ਜਾ ਸਕਦੀ ਹੈ।

ਪੰਜਾਬੀ ਨਾਰੀ ਗ਼ਜ਼ਲ ਦੀ ਇਤਿਹਾਸਕਾਰੀ ਵਿਚ ਜਿਨ੍ਹਾਂ ਨਾਰੀ ਗ਼ਜ਼ਲਕਾਰਾਂ ਨੇ ਅਹਿਮ ਯੋਗਦਾਨ ਪਾਇਆ ਹੈ, ਉਨ੍ਹਾਂ ਵਿੱਚੋਂ ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਵਧੇਰੇ ਗੌਲਣਯੋਗ ਹੈ। ਕੋਚਰ ਦੀ ਗ਼ਜ਼ਲ ਸਿਰਜਣਾ ਦਾ ਮੁੱਖ ਪ੍ਰੇਰਨਾ-ਸਰੋਤ ਯੁੱਗ-ਚੇਤਨਾ ਦਾ ਬੋਧ ਹੈ। ਉਸ ਦੀਆਂ ਗ਼ਜ਼ਲਾਂ ਵਿਚ ਜੀਵਨ, ਸਾਹਿਤ, ਸਮਾਜ, ਸੱਭਿਆਚਾਰ, ਪਰਵਾਸ ਆਦਿ ਕੋਈ ਵੀ ਵਿਸ਼ਾ ਅਜਿਹਾ ਨਹੀਂ, ਜੋ ਅਣਛੋਹਿਆ ਰਿਹਾ ਹੋਵੇ ਤਾਂ ਵੀ ਇਨ੍ਹਾਂ ਵਿਚ ਅਮਨ-ਚੈਨ, ਪਿਆਰ-ਮੁਹੱਬਤ, ਵਿਛੋੜਾ-ਵਸਲ, ਲੋਕਾਈ ਦਾ ਦਰਦ, ਪਦਾਰਥਵਾਦ, ਨਿੱਜਵਾਦ, ਨਿੱਜੀਕਰਨ, ਬਾਜ਼ਾਰੀਕਰਨ, ਵਪਾਰੀਕਰਨ, ਵਿਸ਼ਵੀਕਰਨ, ਨੈਤਿਕ ਕਦਰਾਂ- ਕੀਮਤਾਂ ਦਾ ਪਤਨ, ਰਿਸ਼ਤਿਆਂ ਦੀ ਟੁੱਟ-ਭੱਜ, ਭਿ੍ਰਸ਼ਟ ਨਿਜ਼ਾਮ, ਬੇਰੁਜ਼ਗਾਰੀ, ਨਸ਼ਿਆਂ ਦਾ ਵਧਦਾ ਰੁਝਾਨ, ਔਰਤ ਦੀ ਸਥਿਤੀ, ਵਧਦੀ ਮਹਿੰਗਾਈ, ਵਧਦਾ ਪ੍ਰਦੂਸ਼ਣ, ਮਾਦਾ ਭਰੂਣ ਹੱਤਿਆ ਆਦਿ ਨੂੰ ਤਰਜੀਹੀ ਤੌਰ ’ਤੇ ਪੇਸ਼ ਕੀਤਾ ਗਿਆ ਹੈ। ਕੋਚਰ ਨੇ ਨਾਰੀ ਹੋਣ ਦੇ ਨਾਤੇ ਨਾਰੀ ਸੰਵੇਦਨਾ ਨੂੰ ਬੜੀ ਸੂਖ਼ਮਤਾ ਨਾਲ ਬਿਆਨ ਕੀਤਾ ਹੈ :

ਟਹਿਣੀ ਨਾਲੋਂ ਟੁੱਟ ਚਲੀਆਂ ਨੇ

ਕਲੀਆਂ ਇਹ ਗੁਲਜ਼ਾਰ ਦੀਆਂ।

ਡੋਲੀ ਦੇ ਵਿਚ ਬੈਠਣ ਲੱਗੀਆਂ

ਕੁੜੀਆਂ ਭੁੱਬਾਂ ਮਾਰਦੀਆਂ।

ਦੁਖਾਂ ਦੇ ਵਿਚ ਜੰਮੀ,

ਖੇਡੀ, ਦਰਦ ਹੰਢਾਏ ‘ਕੋਚਰ’ ਨੇ

ਤਾਈਓਂ ਤਾਂ ਹੋ ਗਈ ਹੈ

ਉਸਨੂੰ ਪੀੜਾਂ ਦੀ ਪਹਿਚਾਨ ਬਹੁਤ।

ਘੂੰਗਰੂਆਂ ਨੂੰ ਕੀ ਪਤਾ,

ਇਹ ਜਾਣਦੀ ਬਸ ਭੁੱਖ ਹੀ

ਕਿੰਨੀਆਂ ਮਜਬੂਰੀਆਂ ਨੇ

ਉਹਨਾਂ ਦੀ ਛਣਕਾਰ ਵਿਚ।

ਸਮਕਾਲੀ ਪੂੰਜੀਵਾਦੀ ਯੁੱਗ ਵਿੱਚ ਔਰਤ ਦੀ ਸਥਿਤੀ ਵਧੇਰੇ ਤਰਸਯੋਗ ਹੋਈ ਹੈ। ਜੇ ਔਰਤ ਕਿਸੇ ਗ਼ਰੀਬ ਤਬਕੇ ਨਾਲ ਸਬੰਧਿਤ ਹੋਵੇ ਤਾਂ ਸਥਿਤੀ ਉਸ ਤੋਂ ਵੀ ਵਧੇਰੇ ਤ੍ਰਾਸਦਿਕ ਹੋ ਜਾਂਦੀ ਹੈ। ਫਿਰ ਔਰਤ ਸਿਰਫ਼ ਪੇਟ ਭਰਨ ਲਈ ਨੁਮਾਇਸ਼ ਵਜੋਂ ਭੂਮਿਕਾ ਨਿਭਾਉਂਦੀ ਹੈ :

ਸ਼ਾਮ ਤੋਂ ਲੈ ਸੁਬੱਹ ਤੀਕਰ

ਸ਼ੋਹਦਿਆਂ ਦੀ ਭੀੜ ਵਿਚ,

ਖ਼ੁਦ ਨਹੀਂ ਨੱਚੀ ਉਹ

ਪੈਸੇ ਨੇ ਨਚਾਈ ਜ਼ਿੰਦਗੀ।

ਭੁੱਖ-ਨੰਗ ਦੇ ਜਾਲ ’ਚ ਫਾਥੀ

ਮਾਂ ਦੀ ਵੀ ਮਜਬੂਰੀ ਵੇਖੋ,

ਬੱਚਿਆਂ ਦਾ ਢਿੱਡ ਭਰਨ ਦੀ ਖਾਤਿਰ

ਅਪਣੀ ਪੱਤ ਰੁਲਾਈ ਜਾਏ।

ਉਹ ਖ਼ੁਦ ਵੀ ਆਪਣੇ ਫ਼ਰਜ਼ ਨੂੰ ਪਛਾਣਦੀ ਨਜ਼ਰ ਆਉਂਦੀ ਹੈ :

ਮੈਂ ਨਾਰੀ ਹਾਂ ਤੇ ਨਾਰੀ ਹੋਣ ਦੀ

ਮੈਂ ਲਾਜ ਰੱਖੀ ਹੈ,

ਕਿਸੇ ਦੀ ਭੈਣ, ਮਾਂ, ਪਤਨੀ

ਤੇ ਚਾਹੇ ਧੀ ਰਹੀ ਹਾਂ ਮੈਂ।

ਗ਼ਰੀਬੀ-ਅਮੀਰੀ ਵਿਚ ਵੱਧ ਰਹੇ ਨਿਰੰਤਰ ਪਾੜੇ ਨੂੰ ਸ਼ਾਇਰਾ ਨੇ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ:

ਲੁੱਟ ਰਿਹਾ ਨਿਰਧਨ ਨੂੰ ਹੈ

ਧਨਵਾਨ ਤੇਰੇ ਸ਼ਹਿਰ ਦਾ।

ਕਿਸ ਤਰ੍ਹਾਂ ਦਾ ਬਣ ਗਿਆ

ਇਨਸਾਨ ਤੇਰੇ ਸ਼ਹਿਰ ਦਾ।

ਕਿਸੇ ਕੋਲ ਰੋਟੀ, ਕਿਸੇ ਕੋਲ ਭੁੱਖਾਂ,

ਕਿਵੇਂ ਆਖਾਂ?

ਇਹ ਵੰਡ ਕਾਣੀ ਨਹੀਂ ਹੈ।

ਸ਼ਾਇਰਾ ਗ਼ਜ਼ਲ-ਕਾਵਿ ਵਿਧਾ ਪ੍ਰਤੀ ਸਮਰਪਿਤ ਭਾਵ ਨਾਲ ਉਸ ਦੇ ਹਰੇਕ ਤੱਤ ਨੂੰ ਬੜੀ ਸ਼ਿੱਦਤ ਨਾਲ ਚਿਤਰਦੀ ਹੈ। ਉਹ ਸਿਰਫ਼ ਕਾਫ਼ੀਆ ਪੈਮਾਈ ਨੂੰ ਹੀ ਗ਼ਜ਼ਲ ਮੰਨਣ ਦੇ ਖ਼ਿਲਾਫ਼ ਹੈ। ਉਹ ਅਰੂਜ਼ ਦੇ ਸਥਾਪਤ ਨੇਮਾਂ ਨੂੰ ਤੋੜਦੀ ਨਜ਼ਰ ਆਉਂਦੀ ਹੈ ਪਰ ਉਹ ਗ਼ਜ਼ਲ ਦੇ ਇਸ ਬੰਧਨ ਨੂੰ ਮੂਲੋਂ ਨਕਾਰਦੀ ਵੀ ਨਹੀਂ ਜਿਸ ਕਾਰਨ ਉਸ ਦੀ ਗ਼ਜ਼ਲ ਵਿਚ ਵਿਭਿੰਨ ਸਰੋਕਾਰਾਂ ਦੇ ਸਮਵਿੱਥ ਗ਼ਜ਼ਲ-ਕਾਵਿ-ਰੂਪ ਦਾ ਗਿਆਨ ਵੀ ਸੰਗਮ ਬਣ ਕੇ ਸੰਚਾਰਿਤ ਹੁੰਦਾ ਹੈ।

ਸ਼ਾਇਰਾ ਹਮੇਸ਼ਾ ਸਿਰਜਣਾ ਵਿਚ ਲੀਨ ਰਹਿੰਦੀ ਹੈ, ਜਿਸ ਕਾਰਨ ਉਹ ਕਲਮ ਚਲਾਉਣ ਨੂੰ ਹੀ ਆਪਣਾ ਧਰਮ ਮੰਨਦੀ ਹੈ:

ਨਾ ਬੁੱਤ ਪੂਜਾ, ਨਾ ਤੀਰਥ ਯਾਤਰਾ,

ਨਾ ਦਾਨ ਪੁੰਨ ਕੋਈ,

ਮੈਨੂੰ ਤਾਂ ਕਲਮ ਨੇ ਦੱਸਿਆ ਕਿ

ਅਸਲੀ ਬੰਦਗੀ ਕੀ ਹੈ।

ਗ਼ਜ਼ਲ ਦੇ ਅਰਸ਼ ਨੂੰ ਛੂਹੇਗੀ

ਇਕ ਦਿਨ ਕਲਮ ‘ਕੋਚਰ’ ਦੀ

ਭਰੋਸਾ ਓਸ ਨੂੰ ਪੂਰਾ ਹੈ

ਆਪਣੀ ਹਰ ਉਡਾਨ ਉੱਤੇ।

ਲਿਖੇ ਨੇ ਗੀਤ ਵੀ ਇਸ ਨੇ

ਅਤੇ ਕਵਿਤਾਵਾਂ ਵੀ,

ਐਪਰ ਗ਼ਜ਼ਲ ਲਿਖ ਕੇ ਕਲਮ

ਮੈਨੂੰ ਬੜਾ ਮਸ਼ਹੂਰ ਕਰਦੀ ਹੈ।

ਉਹ ਸਿਰਫ਼ ਹੋਰਾਂ ਵਾਂਗ ਕਲਮ ਚਲਾਉਣਾ ਨਹੀਂ ਚਾਹੁੰਦੀ ਸਗੋਂ ਆਪਣੇ ਭਾਵ-ਸੰਚਾਰ ਰਾਹੀਂ

ਆਪਣੇ ਅਸਤਿਤਵ ਲਈ ਵੀ ਸੰਘਰਸ਼ਸ਼ੀਲ ਹੈ:

ਮੇਰੀ ਕਾਨੀ ਦਾ ਰੰਗ ਤੇ ਰੂਪ

ਕਈਆਂ ਵਰਗਾ ਹੋਊ ਪਰ

ਮੇਰੀ ਕੋਸ਼ਿਸ਼ ਹੈ ਇਸ ਨੂੰ

ਵੱਖਰੀ ਪਹਿਚਾਨ ਮਿਲ ਜਾਏ।

ਹੱਕ ਬਰਾਬਰ ਮੰਗ ਰਹੀ ਅੱਜ ਨਾਰ ਵੀ

ਨਾਰ ਵਿਚ ਏਨਾ ਕੁ ਜੇਰਾ ਆ ਗਿਆ।

ਮੈਂ ਔਰਤ ਹਾਂ ਤੇ ਲੜਨਾ ਹੈ ਮਾਂ ਅਪਣੇ ਹੱਕ ਦੀ ਖਾਤਿਰ

ਮੇਰੀ ਆਵਾਜ਼ ਨੂੰ ਤੂੰ ਆਪਣੀ ਲਲਕਾਰ ਦੇ ਜਾਵੀਂ।

ਡਾ. ਕੋਚਰ ਆਧੁਨਿਕ ਮਨੁੱਖੀ ਜੀਵਨ ਨਾਲ ਸਬੰਧਿਤ ਸਮੱਗਰੀ ਨੂੰ ਆਧੁਨਿਕ ਸੰਵੇਦਨਾ ਦੇ ਸੁਹਜ ਅਧੀਨ ਚਿਤਰਿਤ ਕਰਦੀ ਹੈ:

ਜੁਦਾਈ ਦੇ ਪਲਾਂ ਵਿਚ ਵੀ,

ਰਹੇਗਾ ਦਿਲ ਤਸੱਲੀ ਵਿਚ,

ਤੁਸੀਂ ਬਸ ਫੋਨ, ਚਿੱਠੀ ਰਾਹੀਂ

ਥੋੜ੍ਹਾ ਰਾਬਤਾ ਰੱਖਣਾ।

ਜਦੋਂ ਉਹ ਫੋਨ ਕਰਦਾ ਹੈ ਤਾਂ

ਮੈਨੂੰ ਇਸ ਤਰ੍ਹਾਂ ਲੱਗਦੈ,

ਜਿਵੇਂ ਬੋਲਾਂ ਦੇ ਰਾਹੀਂ ਮਹਿਕ

ਉਸ ਦੀ ਆ ਗਈ ਹੁੰਦੀ।

ਪੰਜਾਬੀ ਸਮਾਜ ਵਿਚ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਨੌਜਵਾਨ ਦੀ ਮਾਰਮਿਕ ਸਥਿਤੀ ਨੂੰ ਉਹ ਲਫ਼ਜ਼ਾਂ ਵਿਚ ਢਾਲਦੀ ਕਹਿੰਦੀ ਹੈ :

ਜਿਵੇਂ ਘੁਣ ਖਾਂਦਾ ਹੈ ਲਕੜੀ ਦੇ

ਤਾਈਂ ਉਸ ਤਰ੍ਹਾਂ ਅੱਜਕਲ੍ਹ

ਨਸ਼ਾ ਚੜ੍ਹਦੀ ਜਵਾਨੀ ਖਾ ਰਿਹੈ,

ਤੌਬਾ ਮੇਰੀ ਤੌਬਾ

ਨਸ਼ੇ ਦੀ ਪੂਰਤੀ ਖ਼ਾਤਿਰ ਉਹ

ਘਰ ਦਾ ਹੀ ਹਰਿਕ ਭਾਂਡਾ

ਜਦੋਂ ਵੀ ਹੋਈ ਉਸਦੀ ਜੇਬ

ਖ਼ਾਲੀ ਵੇਚ ਦੇਵੇਗਾ।

ਸ਼ਾਇਰਾ ਨੇ ਕਾਵਿ-ਵਿਧਾ ਨਾਲ ਸਬੰਧਿਤ ਤੱਤਾਂ ਨੂੰ ਸੁਯੋਗ ਵਰਤਿਆ ਹੈ। ਉਸ ਨੇ ਢੁੱਕਵੇਂ ਕਾਫੀਏ ਵਰਤ ਕੇ ਆਪਣੇ ਭਾਵ-ਬੋਧ ਨੂੰ ਵਧੇਰੇ ਤੀਖਣਤਾ ਪ੍ਰਦਾਨ ਕੀਤੀ ਹੈ। ਉਸ ਦੁਆਰਾ ਵਰਤੀ ਗਈ ਰਦੀਫ ਲੰਬੀ ਹੋਣ ਕਾਰਨ ਗ਼ਜ਼ਲ ਵਧੇਰੇ ਪ੍ਰਗੀਤਕ ਹੋਈ ਹੈ :

ਸ਼ੀਸ਼ੇ ਦਾ ਘਰ ਬਣਾ ਨਹੀਂ

ਪੱਥਰਾਂ ਦੇ ਸ਼ਹਿਰ ਵਿਚ।

ਫੁੱਲਾਂ ਦੇ ਬੂਟੇ ਲਾ ਨਹੀਂ

ਪੱਥਰਾਂ ਦੇ ਸ਼ਹਿਰ ਵਿਚ।

ਤੇਰੀ ਮੁਸਕਾਨ ਦਾ ਜੇਕਰ

ਸਹਾਰਾ ਮਿਲ ਗਿਆ ਹੁੰਦਾ।

ਤਾਂ ਬੇੜੀ ਨੂੰ ਭੰਵਰ ਵਿਚ ਹੀ

ਕਿਨਾਰਾ ਮਿਲ ਗਿਆ ਹੁੰਦਾ।

ਉਸ ਨੇ ਗ਼ਜ਼ਲ ਨੂੰ ਵਧੇਰੇ ਸੁਹਜਮਈ ਬਣਾਉਣ ਲਈ ਵਿਭਿੰਨ ਪ੍ਰਕਾਰ ਦੇ ਅਲੰਕਾਰਾਂ, ਰੂਪਕਾਂ ਦੀ ਵਰਤੋਂ ਕੀਤੀ ਹੈ :

ਪੱਥਰ ਤਰਾਸ ਦੀ ਨਜ਼ਰ

ਜਿਧਰ ਜਿਧਰ ਗਈ।

ਰਾਹਾਂ ਦੇ ਪੱਥਰਾਂ ਦੀ ਵੀ

ਕਿਸਮਤ ਸੰਵਰ ਗਈ।

ਬੜੇ ਕੋਮਲ ਸੀ ਜਦ ਤਕ

ਡਾਲ ਉੱਤੇ ਸੀ ਹਰੇ ਪੱਤੇ।

ਹਨੇਰੀ ਨਾਲ ਟੁੱਟ ਕੇ ਡਿੱਗੇ,

ਹੋਏ ਅਧ-ਮਰੇ ਪੱਤੇ।

ਗ਼ਜ਼ਲ ਕਾਵਿ-ਰੂਪ ਲਈ ਛੰਦ ਬਹਿਰ ਦੀ ਪਾਬੰਦੀ ਹੀ ਅਸਲ ਵਿਚ ਕਿਸੇ ਮਾਨਵ ਨੂੰ ਕਲਾਕਾਰ ਬਣਾਉਂਦੀ ਹੈ। ਇਸ ਕਸਵੱਟੀ ਉੱਤੇ ਕੋਚਰ ਨੇ ਆਪਣੇ ਭਾਵਾਂ ਨੂੰ ਅਰੂਜ਼ ਦੀਆਂ ਬਹਿਰਾਂ ਵਿਚ ਅਭਿਵਿਅਕਤ ਕੀਤਾ ਹੈ। ਸੁੱਕੇ ਬਿਰਖਾਂ ਨੂੰ ਹੰਝੂਆਂ ਨਾਲ ਸਿੰਜਦੀ, ਮਜ਼੍ਹਬਾਂ ਦੇ ਝਗੜਿਆਂ ਤੋਂ ਉੱਚੀ ਉੱਠ ਕੇ ਪਿਆਰ ਦੀ ਸਾਂਝ ਪਾਉਂਦੀ, ਪਹਾੜਾਂ ਨਾਲ ਟਕਰਾਉਂਦੀ, ਲਾਰੇ ਲੱਪੇ ਲਾਉਣ ਵਾਲੀ ਸਰਕਾਰ ’ਤੇ ਵਿਅੰਗ ਕਰਦੀ ਡਾ. ਕੋਚਰ ਨਿਰੰਤਰ ਗ਼ਜ਼ਲ ਲਿਖਣ ਵਿਚ ਮਸ਼ਰੂਫ ਹੈ। ਉਸ ਨੂੰ ਸਿੱਖਿਆ ਤੇ ਸਾਹਿਤ ਦੇ ਖੇਤਰ ਵਿਚ ਬਹੁਤ ਸਾਰੇ ਵੱਕਾਰੀ ਇਨਾਮ-ਸਨਮਾਨ ਤੇ ਪੁਰਸਕਾਰ ਮਿਲ ਚੁੱਕੇ ਹਨ, ਜਿਨ੍ਹਾਂ ਵਿਚ ਰਾਜ ਪੁਰਸਕਾਰ, ਕੌਮੀ ਪੁਰਸਕਾਰ, ਲਾਈਫਟਾਈਮ ਐਜੂਕੇਸ਼ਨ ਅਚੀਵਮੈਂਟ ਅਵਾਰਡ, ਪਦਮਸ਼੍ਰੀ ਬੀਬੀ ਹਰਪ੍ਰਕਾਸ਼ ਕੌਰ ਯਾਦਗਾਰੀ ਐਵਾਰਡ, ਸਿਕਸ਼ਾ ਭੂਸ਼ਣ ਨੈਸ਼ਨਲ ਐਵਾਰਡ, ਵਿਰਸੇ ਦੇ ਵਾਰਿਸ, ਅੱਖਰਾਂ ਦੀ ਰੋਸ਼ਨੀ, ਚੌਮੁਖੀਆ ਦੀਪ, ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਐਵਾਰਡ, ਦੇਸ਼ ਸੇਵਾ ਰਤਨ ਐਵਾਰਡ, ਡਾ. ਰਣਧੀਰ ਸਿੰਘ ਚੰਦ ਯਾਦਗਾਰੀ ਅਵਾਰਡ, ਸਮਰੱਥ ਗ਼ਜ਼ਲਗੋ ਐਵਾਰਡ, ਦਾ ਗ੍ਰੇਟੈਸਟ ਵੁਮਨ ਰਾਈਟਰ ਐਵਾਰਡ, ਵਿਰਸਾ ਪੰਜਾਬ ਦਾ ਪੁਰਸਕਾਰ, ਧੀ ਪੰਜਾਬ ਦੀ ਪੁਰਸਕਾਰ, ਬਾਵਾ ਬਲਵੰਤ ਯਾਦਗਾਰੀ ਪੁਰਸਕਾਰ, ਡਾ. ਗੁਰਚਰਨ ਸਿੰਘ ਸਾਕੀ ਯਾਦਗਾਰੀ ਪੁਰਸਕਾਰ, ਸਾਹਿਤ ਸ਼੍ਰੋਮਣੀ ਰਾਸ਼ਟਰੀ ਪੁਰਸਕਾਰ, ਇੰਡੋ-ਨੇਪਾਲ ਸਮਰਸਤਾ ਅਵਾਰਡ, ਅੰਮਿ੍ਰਤਾ ਪ੍ਰੀਤਮ ਯਾਦਗਾਰੀ ਨੈਸ਼ਨਲ ਐਵਾਰਡ, ਡਾ. ਹਰਭਜਨ ਸਿੰਘ ਕੋਮਲ ਯਾਦਗਾਰੀ ਅਵਾਰਡ, ਇੱਕੀਵੀਂ ਸ਼ਤਾਬਦੀ ਸਾਹਿਤ ਰਤਨ ਪੁਰਸਕਾਰ, ਕਵੀ ਸ਼੍ਰੋਮਣੀ ਪੁਰਸਕਾਰ- ਬਿਕਰਮਸ਼ਿਲਾ ਯੂਨੀਵਰਸਿਟੀ ਭਾਗਲਪੁਰ, ਮਹਿਲਾ ਲੇਖਕ ਸ਼ਕਤੀ ਸ਼੍ਰੋਮਣੀ ਐਵਾਰਡ, ਕੈਨੇਡਾ ਸਰਕਾਰ ਵੱਲੋਂ ਸਰਟੀਫਿਕੇਟ ਆਫ ਐਪਰੀਸੀਏਸ਼ਨ (ਸਾਰੇ ਸਾਹਿਤ ਦੇ ਖੇਤਰ ਲਈ) ਸਮੇਤ ਕਰੀਬ ਅੱਧਾ ਸੈਂਕੜਾ ਪੁਰਸਕਾਰ ਸ਼ਾਮਲ ਹਨ। ਕਈ ਮਾਣਮੱਤੀਆਂ ਪ੍ਰਾਪਤੀਆਂ

ਡਾ. ਕੋਚਰ ਦੂਰਦਰਸ਼ਨ ਅਤੇ ਰੇਡੀਓ ’ਤੇ 8 ਪ੍ਰੋਗਰਾਮ ਪੇਸ਼ ਕਰ ਚੁੱਕੀ ਹੈ। ਉਸ ਦੇ ਜੀਵਨ, ਸ਼ਖ਼ਸੀਅਤ ਅਤੇ ਸਾਹਿਤਕ ਖੇਤਰ ਦੀ ਪ੍ਰਾਪਤੀ ਲਈ ਉਸ ’ਤੇ ਦੂਰਦਰਸ਼ਨ ਜਲੰਧਰ, ਪੰਜਾਬੀ ਰੇਡੀਓ, ਟੀਵੀ ਲੰਡਨ, ਅਕਾਲ ਟੀਵੀ ਲੰਡਨ ਵੱਲੋਂ ਦਸਤਾਵੇਜ਼ੀ ਫਿਲਮਾਂ ਬਣ ਚੁੱਕੀਆਂ ਹਨ। ਇਤਿਹਾਸ, ਰਾਜਨੀਤੀ ਸ਼ਾਸਤਰ, ਅੰਗਰੇਜ਼ੀ ਵਿਚ ਐੱਮ. ਏ., ਬੀ. ਐੱਡ, ਐੱਲ.ਐੱਲ.ਬੀ., ਉਰਦੂ ਆਮੋਜ਼ ਦੀ ਵਿੱਦਿਆ ਹਾਸਲ ਕਰ ਚੁੱਕੀ ਡਾ. ਕੋਚਰ ਦੇ ਹੋਰ ਕਾਰਜਾਂ ਵਿਚ ਪੁਸਤਕ ਰੀਵਿਊ, ਖੋਜ-ਪੱਤਰਾਂ ਤੋਂ ਇਲਾਵਾ ਸਾਂਝੇ ਕਾਵਿ-ਸੰਕਲਨਾਂ, ਸਕੂਲ ਦੇ ਸਿਲੇਬਸ ਵਿਚ ਸ਼ਾਮਲ ਰਚਨਾਵਾਂ ਉਸ ਦੀਆਂ ਪ੍ਰਾਪਤੀਆਂ ਦਾ ਸ਼ਿੰਗਾਰ ਹਨ।

ਕਈ ਮਾਣਮੱਤੀਆਂ ਪ੍ਰਾਪਤੀਆਂ

ਡਾ. ਕੋਚਰ ਦੂਰਦਰਸ਼ਨ ਅਤੇ ਰੇਡੀਓ ’ਤੇ 8 ਪ੍ਰੋਗਰਾਮ ਪੇਸ਼ ਕਰ ਚੁੱਕੀ ਹੈ। ਉਸ ਦੇ ਜੀਵਨ, ਸ਼ਖ਼ਸੀਅਤ ਅਤੇ ਸਾਹਿਤਕ ਖੇਤਰ ਦੀ ਪ੍ਰਾਪਤੀ ਲਈ ਉਸ ’ਤੇ ਦੂਰਦਰਸ਼ਨ ਜਲੰਧਰ, ਪੰਜਾਬੀ ਰੇਡੀਓ, ਟੀਵੀ ਲੰਡਨ, ਅਕਾਲ ਟੀਵੀ ਲੰਡਨ ਵੱਲੋਂ ਦਸਤਾਵੇਜ਼ੀ ਫਿਲਮਾਂ ਬਣ ਚੁੱਕੀਆਂ ਹਨ। ਇਤਿਹਾਸ, ਰਾਜਨੀਤੀ ਸ਼ਾਸਤਰ, ਅੰਗਰੇਜ਼ੀ ਵਿਚ ਐੱਮ. ਏ., ਬੀ. ਐੱਡ, ਐੱਲ.ਐੱਲ.ਬੀ., ਉਰਦੂ ਆਮੋਜ਼ ਦੀ ਵਿੱਦਿਆ ਹਾਸਲ ਕਰ ਚੁੱਕੀ ਡਾ. ਕੋਚਰ ਦੇ ਹੋਰ ਕਾਰਜਾਂ ਵਿਚ ਪੁਸਤਕ ਰੀਵਿਊ, ਖੋਜ-ਪੱਤਰਾਂ ਤੋਂ ਇਲਾਵਾ ਸਾਂਝੇ ਕਾਵਿ-ਸੰਕਲਨਾਂ, ਸਕੂਲ ਦੇ ਸਿਲੇਬਸ ਵਿਚ ਸ਼ਾਮਲ ਰਚਨਾਵਾਂ ਉਸ ਦੀਆਂ ਪ੍ਰਾਪਤੀਆਂ ਦਾ ਸ਼ਿੰਗਾਰ ਹਨ।

- ਪ੍ਰੋ. ਨਵ ਸੰਗੀਤ ਸਿੰਘ

Posted By: Harjinder Sodhi