ਅਪ੍ਰੈਲ 23 ਸਵੇਰੇ ਅਵਤਾਰ ਸਿੰਘ ਬਿਲਿੰਗ ਵਲੋਂ ਸੂਚਨਾ ਮਿਲੀ ਕਿ ਆਪਣੇ ਪਿਆਰੇ ਮਿੱਤਰ ਮਾਨੂੰਪੁਰੀ ਜੀ ਨਹੀਂ ਰਹੇ। ਮੈਂ ਹੈਰਾਨ ਕਿ ਅਜੇ ਚਾਰ ਪੰਜ ਦਿਨ ਪਹਿਲਾਂ ਸਾਡੀ ਲੰਮੀ ਗੱਲਬਾਤ ਹੋਈ ਸੀ। ਉਹ ਦੱਸ ਰਹੇ ਸਨ ਕਿ ਕਿਸਾਨੀ ਉਜਾੜੇ ਬਾਰੇ ਅਮਰੀਕੀ ਲੇਖਕ ਜੌਹਨ ਸਟੇਨ ਬੈੱਕ ਦਾ ਨਾਵਲ ‘ਦਿ ਗ੍ਰੇਪਸ ਆਫ ਰੈਥ’ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੁੰਦੇ ਹਨ। ਉਹ ਪੜ੍ਹਨ ਲਈ ਕਹਿ ਰਹੇ ਸਨ। ਮੈਂ ਇਕ ਅੱਧੇ ਦਿਨ ’ਚ ਲੈ ਕੇ ਆਉਣਾ ਸੀ ਪਰ..। ਉਨ੍ਹਾਂ ਦਾ ਦਿਲ ਇੰਨਾ ਕੋਮਲ ਸੀ ਕਿ ਦੂਜਿਆਂ ਦੀ ਤਕਲੀਫ਼ ਵੇਖ ਕੇ ਭਾਵਕ ਹੋ ਜਾਂਦੇ। ਉਨ੍ਹਾਂ ਨੇ ਸਮੇਂ ਦੀ ਨਬਜ਼ ਪਛਾਣਦਿਆਂ ‘ਲੋਹੇ ਦੀ ਔਰਤ’ ਨਾਵਲਿਟ 1972/1975 ਵਿਚ ਲਿਖਿਆ ਜੋ ਕਿਸਾਨੀ ਸੰਘਰਸ਼ ਦੀ ਤਰਜਮਾਨੀ ਕਰਦਾ ਹੈ। ਪਿੰਡ ਵਿਚ ਰਹਿਣ ਕਰਕੇ ਉਨ੍ਹਾਂ ਦੀ ਖੇਤੀ ਨਾਲ ਡੂੰਘੀ ਸਾਂਝ ਸੀ। ਹੁਣ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਿਟਾਂਦਰਾ ਕਰਦੇ ਰਹਿੰਦੇ। ਉਨ੍ਹਾਂ ਨੂੰ ਅਧਿਆਪਕ ਅਤੇ ਗਿਆਨ ਦਾ ਭੰਡਾਰੀ ਹੋਣ ਕਰਕੇ ਸਾਰੇ ਇੱਜ਼ਤ ਨਾਲ ਗਿਆਨੀ ਜੀ ਕਹਿੰਦੇ ਸਨ।

ਮਾਨੂੰਪੁਰੀ ਜੀ ਚੰਗਾ ਸਾਹਿਤ ਪੜ੍ਹਦੇ ਤੇ ਬੱਚਿਆਂ ਅਤੇ ਦੋਸਤਾਂ ਮਿੱਤਰਾਂ ਨੂੰ ਪੜ੍ਹਨ ਲਈ ਪ੍ਰੇਰਦੇ। ਉਨ੍ਹਾਂ ਕੋਲ ਕਿਤਾਬਾਂ ਦਾ ਨਿੱਜੀ ਭੰਡਾਰ ਹੋਣ ਦੇ ਨਾਲ-ਨਾਲ ਉਹ ਪਿੰਡ ਵਿਚ ਆਪਣੇ ਯਤਨਾਂ ਦੁਆਰਾ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਸਹਾਇਤਾ ਨਾਲ ਲਾਇਬ੍ਰੇਰੀ ਚਲਾਉਂਦੇ ਵਿੱਦਿਆ ਦਾ ਚਾਨਣ ਵੰਡਦੇ ਰਹੇ। ਅਵਤਾਰ ਸਿੰਘ ਬਿਲਿੰਗ ਉਨ੍ਹਾਂ ਕੋਲ ਪੜ੍ਹਿਆ ਤੇ ਆਪਣੇ ਆਪ ਨੂੰ ਕਹਾਣੀਕਾਰ ਅਤੇ ਨਾਵਲਕਾਰ ਬਣਾਉਣ ਲਈ ਮਾਨੂੰਪੁਰੀ ਨੂੰ ਪਹਿਲੇ ਰਾਹ ਦਸੇਰੇ ਮੰਨਦੇ ਹਨ। ਮਾਨੂੰਪੁਰੀ ਨੇ ਅਨੇਕ ਦੀਵੇ ਜਗਾਏ। ਲੇਖਕ ਜਗਜੀਤ ਸਿੰਘ ਸੇਖੋਂ ਮਾਨੂੰਪੁਰ ਉਨ੍ਹਾਂ ਨੂੰ ਗੁਰੂ ਮੰਨਦੇ ਹਨ। ਪ੍ਰਸਿੱਧ ਕਹਾਣੀਕਾਰ ਬਲਵਿੰਦਰ ਗਰੇਵਾਲ ਵੀ ਉਨ੍ਹਾਂ ਦਾ ਵਿਦਿਆਰਥੀ ਹੋਣ ਦਾ ਮਾਣ ਮਹਿਸੂਸ ਕਰਦਾ ਕਹਿੰਦਾ ਹੈ, ਇਸ ਘਾਟੇ ਦਾ ਖਲਾਅ ਪੂਰਾ ਨਹੀਂ ਹੋਣਾ। ਮਾਨੂੰਪੁਰੀ ਵਰਗੇ ਗੁਣੀ ਬੰਦੇ ਦਾ ਤੁਰ ਜਾਣਾ ਵੱਡਾ ਰੂਹਾਨੀ ਤੇ ਸੰਸਾਰਕ ਵਿਗੋਚਾ ਹੈ। ਚੰਗੇ ਇਨਸਾਨ, ਸੁਹਿਰਦ ਮਿੱਤਰ, ਅਤਿਅੰਤ ਸੂਝਵਾਨ ਪਾਠਕ ਅਤੇ ਸਾਹਿਤਕਾਰ ਹੋਣ ਤੋਂ ਵੀ ਵੱਧ ਉਹ ਲਾਸਾਨੀ ਅਧਿਆਪਕ ਸਨ। ਸੋ ਉਹ ਆਪ ਗੁਣੀ ਗਿਆਨੀ ਹੋਣ ਕਰਕੇ ਮਿੱਠ ਬੋਲੜੇ, ਸ਼ਾਂਤ ਚਿਤ ਅਤੇ ਨਰਮ ਸੁਭਾਅ ਵਾਲੇ ਇਨਸਾਨ ਸਨ। ਮੈਂ ਅਤੇ ਅਵਤਾਰ ਸਿੰਘ ਬਿਲਿੰਗ ਉਨ੍ਹਾਂ ਕੋਲ ਕਈ ਘੰਟੇ ਬੈਠੇ ਆਪਣੀ ਵਾਕਫੀਅਤ ’ਚ ਵਾਧਾ ਕਰਦੇ ਤੇ ਆਪਣੀਆਂ ਕਹਾਣੀਆਂ ਅਤੇ ਨਾਵਲਾਂ ਬਾਰੇ ਰਾਇ ਲੈਂਦੇ।

ਮਾਨੂੰਪੁਰੀ ਯਾਰਾਂ ਦੇ ਯਾਰ ਸਨ। ਹਮੇਸ਼ਾ ਸੱਚ ’ਤੇ ਖੜ੍ਹਨ ਵਾਲੇ। ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਗਿਆਨ ਵੰਡਣ ਲਈ ਪੂਰੇ ਅਤੇ ਪੂਰੀ ਜ਼ਿੰਦਗੀ ਸਮਰਪਤ ਰਹੇ। ਸਕੂਲੀ ਸਿੱਖਿਆ ਦੇ ਨਾਲ ਨਾਲ ਸਚੱਜੀਆਂ ਜੀਵਨ ਕਦਰਾਂ ਕੀਮਤਾਂ ਦੇ ਲੜ ਲਾਉਣ ਵਾਲੇ। ਕਵਿਤਾ,ਕਹਾਣੀ ਤੇ ਨਾਵਲ ਵਿਚ ਪੂਰੀ ਦਿਲਚਸਪੀ ਰੱਖਣ ਵਾਲੇ ਸਨ। ਜੇ ਕਿਤੇ ਉਨ੍ਹਾਂ ਨੂੰ ਕਹਾਣੀ, ਨਾਵਲ ਜਾਂ ਕੋਈ ਲੇਖ ਪੜ੍ਹਦਿਆਂ ਉਸ ਸਬੰਧੀ ਪਿਛੋਕੜ ਜਾਨਣ ਦੀ ਇੱਛਾ ਮਨ ’ਚ ਆ ਜਾਂਦੀ ਤਾਂ ਉਥੇ ਹੀ ਪੜ੍ਹਨਾ ਛੱਡ ਕੇ ਉਸ ਸਬੰਧੀ ਕਿਤਾਬ ਲੱਭ ਕੇ ਪੜ੍ਹਨ ਲੱਗ ਪੈਂਦੇ। ਉਹ ਕਿਤਾਬ ਚਾਹੇ ਜਿੱਥੋਂ ਮਰਜ਼ੀ ਲਿਆਉਣੀ ਪਵੇ। ਇਕ ਵਾਰ ਪ੍ਰੇਮ ਪ੍ਰਕਾਸ਼ ਦੀ ਕੋਈ ਕਹਾਣੀ ਪੜ੍ਹ ਰਹੇ ਸੀ। ਮਨ ’ਚ ਆਇਆ ਕਿ ਪ੍ਰੇਮ ਪ੍ਰਕਾਸ਼ ਦੀ ਜੀਵਨੀ ਪੜ੍ਹੀ ਜਾਵੇ ਕਿ ਕਿਹੋ ਜਿਹੀ ਹੋਵੇਗੀ। ਸੋ ਪੜ੍ਹਨ ਲੱਗ ਪਏ। ਕਈ ਵਾਰ ਤਾਂ ਉਸੇ ਵੇਲੇ ਪਤਾ ਕਰਨ ਲਈ ਉਸ ਲੇਖਕ ਨੂੰ ਝੱਟ ਫੋਨ ਮਿਲਾ ਲੈਂਦੇ। ਵਾਕਫੀਅਤ ਇਕੱਠੀ ਕਰਨ ਲਈ ਹਮੇਸ਼ਾ ਤਾਂਘ ਰਹਿੰਦੀ। ਲਿਖਣ ਨਾਲੋਂ ਬਹੁਤਾ ਪੜ੍ਹਨ ਵੱਲ ਤਵੱਜੋ ਦਿੰਦੇ ਸਨ। ਉਨ੍ਹਾਂ ਦੇ ਕੋਮਲ ਦਿਲ ਨੇ ਮਾਨੂੰਪੁਰ ਸਕੂਲ ਵਿਚ ਬੱਚਿਆਂ ਦੀਆਂ ਭਾਵਨਾਵਾਂ ਦੀ ਨਬਜ਼ ਨੂੰ ਡੂੰਘੀ ਨੀਝ ਨਾਲ ਵਿਚਾਰਦਿਆਂ ਬਾਲਾਂ ਦੇ ਹਰ ਪੱਖ ਨੂੰ ਲੈ ਕੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਲਈ ਬਾਲ ਸਾਹਿਤ ਵੱਲ ਮੋੜਾ 1956-57 ਤੋਂ ਕਵਿਤਾ ਆਰੰਭ ਕਰਕੇ ਲਗਾਤਾਰ ਜਾਰੀ ਰਹੀ।

1959 ਵਿਚ ਪਹਿਲੀ ਕਵਿਤਾ ‘ਜੀਵਨ ਪ੍ਰੀਤੀ’ ਵਿਚ ਪਟਿਆਲੇ ਤੋਂ ਛਪੀ। ਉਹ ਸਾਹਿਤ ਵੱਲ ਆਉਣ ਦੀ ਪ੍ਰੇਰਨਾ ਪ੍ਰੀਤਲੜੀ ਦੇ ਪੜ੍ਹਨ ਨੂੰ ਮੰਨਦੇ ਸਨ। ਉਨ੍ਹਾਂ ਦੀਆਂ ਬਾਲ ਕਵਿਤਾਵਾਂ ਵੱਖ ਵੱਖ ਰਸਾਲਿਆਂ ਅਤੇ ਅਖਬਾਰਾਂ ਵਿਚ ਤਾਂ ਛਪਦੀਆਂ ਰਹੀਆਂ ਪਰ ਕਿਤਾਬੀ ਰੂਪ ਵਿਚ 1995 ਪਿੰਡ ਦੇ ਸਕੂਲ ਤੋਂ ਸੇਵਾ ਮੁਕਤ ਹੋ ਕੇ 1996 ਵਿਚ ‘ਬੋਲ ਪਿਆਰੇ ਬਾਲਾਂ ਦੇ’ ਛਪੀ। ਫਿਰ ਲਗਾਤਾਰ ਬਾਲ ਪੁਸਤਕਾਂ ਆਈਆਂ, ‘ਬਾਲ ਬਗ਼ੀਚਾ’, ‘ਬਾਲ ਉਡਾਰੀਆਂ’, ‘ਮਾਮੇ ਦੀ ਚਿੜੀ’, ‘ਹੰਕਾਰੀ ਕੁੱਕੜ’, ‘ਫੁੱਲ ਰੰਗ ਬਰੰਗੇ’, ‘ਸੱਚ ਖੜ੍ਹਾ ਨੀਂਹ ਵਿਚ ਉੱਚਾ’, ‘ਜ਼ਖਮੀ ਹੰਸ ਤੇ ਰਾਜ ਕੁਮਾਰ’, ‘ਮਿੱਤਰਤਾ ਬਚਪਨ ਦੀ’, ‘ਚੰਨ ਨੂੰ ਚਿੱਠੀ’, ‘ਰੁੱਖ ਤੇ ਮਨੁੱਖ’ ਤੇ ‘ਅੱਖਰਾਂ ਦੀ ਮੀਟਿੰਗ’ (2018) ਵਿਚ ਆਖਰੀ ਪੁਸਤਕ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਏ। ‘ਬਾਲੜੀਆਂ’ ਦਾ ਸੁਨੇਹਾ ਕਵਿਤਾ ਵਿਚ ਬਹੁਤ ਸੌਖੇ ਤਰੀਕੇ ਨਾਲ ਸੁਨੇਹਾ ਦਿੰਦੇ ਹਨ,

‘ਪਿੰਡ ਮੇਰੇ ਦੀਆਂ ਬਾਲੜੀਆਂ,

ਪਿੰਡ ਮੇਰੇ ਦੀਆਂ ਬਾਲੜੀਆਂ।

ਪਿਉ ਦਾਦੇ ਦੀਆਂ ਲਾਲੜੀਆਂ ਜੀ,

ਪਿਉ ਦਾਦੇ ਦੀਆਂ ਲਾਲੜੀਆਂ।

ਵਿਦਿਆ ਪੜ੍ਹ ਪੜ੍ਹ ਅੱਗੇ ਵਧੀਆਂ,

ਨਾਂ ਚਮਕਾਉਂਦੀਆਂ, ਬਾਲੜੀਆਂ।

ਫੁੱਲਾਂ ਵਾਂਗੂੰ ਮਹਿਕਾਂ ਵੰਡਣ,

ਜਗ ਚਮਕਾਉਂਦੀਆਂ ਬਾਲੜੀਆਂ।

‘ਲੋਹੇ ਦੀ ਔਰਤ’ ਨਾਵਲ ਤੋਂ ਬਾਅਦ ਮਾਨੂੰਪੁਰੀ ਜੀ ਬਾਲ ਸਾਹਿਤ ਨੂੰ ਪੂਰੇ ਸਮਰਪਤ ਹੋ ਗਏ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ‘ਦਸਮ ਗ੍ਰੰਥ’ ਵਿਚ ਸਿਕੰਦਰ ਦੀ ਕਥਾ ਬਦਲੇ ਖ਼ਾਲਸਾ ਕਾਲਜ ਅੰਮਿ੍ਰਤਸਰ ਵਲੋਂ 1974 ਵਿਚ ਮੈਕਾਲਫ ਮੈਮੋਰੀਅਲ ਗੋਲਡ ਮੈਡਲ ਮਿਲਿਆ। ‘ਬੋਲ ਪਿਆਰੇ ਬਾਲਾਂ ਦੇ’ ਨੂੰ ਸਾਕਾ ਸਰਹਿੰਦ ਕਾਵਿ ਰਚਨਾ ਲਈ ਜੋਗੀ ਅੱਲਾ ਯਾਰ ਖਾਂ, ਫਿਰ ਲਾਭ ਸਿੰਘ ਚਾਤਿ੍ਰਕ ਪੁਰਸਕਾਰ ਲਿਖਾਰੀ ਸਭਾ ਰਾਮਪੁਰ ਵਲੋਂ, ਸ੍ਰੀ ਗੁਰੂ ਹਰਿਕਿ੍ਰਸ਼ਨ ਪੁਰਸਕਾਰ ਸਰਬੋਤਮ ਬਾਲ ਸਾਹਿਤ ਪੁਰਸਕਾਰ, ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਭਾਸ਼ਾ ਵਿਭਾਗ ਪੰਜਾਬ ਵਲੋਂ ਮਿਲਿਆ। ਪੰਜਾਬੀ ਸੱਥ ਬਰਵਾਲੀ, ਸੂਹੀ ਸਵੇਰ ਵਲੋਂ ਸਮੁੱਚੇ ਪੰਜਾਬੀ ਸਾਹਿਤ ਨੂੰ ਸਾਰਾ ਜੀਵਨ ਸਮਰਪਿਤ ਹੋਣ ਬਦਲੇ ਸਨਮਾਨ ਦਿੱਤਾ ਗਿਆ। ਅਨੇਕਾਂ ਹੋਰ ਸਨਮਾਨਾਂ ਨਾਲ ਸਮੇਂ-ਸਮੇਂ ਨਿਵਾਜਿਆ ਗਿਆ। ਮਾਨੂੰਪੁਰੀ ਜੀ ਸਾਹਿਤ ਸਭਾ ਸਮਰਾਲਾ ਦੇ ਮੋਢੀਆਂ ਵਿੱਚੋਂ ਸਨ ਜੋ ਸਕੱਤਰ ਰਹੇ। ਸਾਹਿਤ ਸਭਾ ਖੰਨਾ ਦੇ ਪ੍ਰਧਾਨ ਰਹੇ ਤੇ ਹੋਰ ਸਭਾਵਾਂ ਨਾਲ ਵੀ ਜੁੜੇ ਰਹੇ। ਪੰਜਾਬੀ ਸਾਹਿਤ ਆਕਡਮੀ ਦੇ ਜੀਵਨ ਮੈਂਬਰ ਸਨ।

‘ਬਾਰਾ ਮਾਹਾ’ ਸਮੇਤ ਉਨ੍ਹਾਂ ਦੀਆਂ ਕਈ ਬਾਲ ਕਵਿਤਾਵਾਂ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪਾਠ ਪੁਸਤਕਾਂ ਤੇ ਹੋਰ ਪ੍ਰਾਈਵੇਟ ਪਾਠ ਪੁਸਤਕਾਂ ਵਿਚ ਸ਼ਾਮਲ ਹਨ। ‘ਬਾਰਾ ਮਾਹਾ’ ਕਵਿਤਾ ਹਰ ਸਮੇਂ ਪੜ੍ਹੀ ਜਾਇਆ ਕਰੇਗੀ,

‘ਚੇਤ ਮਹੀਨਾ ਚੜ੍ਹਦਾ,

ਕਣਕੀਂ ਸੋਨਾ ਮੜ੍ਹਦਾ ਹੈ।

ਵੈਸਾਖ ਵਿਸਾਖੀ ਨਹਾਉਂਦੇ ਹਾਂ,

ਦਾਣੇ ਘਰ ਵਿਚ ਲਿਆਉਂਦੇ ਹਾਂ।


ਜੇਠ ਮਹੀਨਾ ਲੂੰਆਂ ਦਾ,

ਪਾਣੀ ਸੁੱਕਦਾ ਖੂਹਾਂ ਦਾ।


ਹਾੜ ਮਹੀਨਾ ਤਪਦਾ ਹੈ,

ਸਾਨੂੰ ਅੰਦਰੇ ਰੱਖਦਾ ਹੈ।

ਬਾਰਾ-ਮਾਹਾ ਪੜ੍ਹਦੇ ਜੋ,

ਗੱਲ ਸਿਆਣੀ ਕਰਦੇ ਉਹ।’

ਮਹਿੰਦਰ ਸਿੰਘ ਮਾਨੂੰਪੁਰੀ ਜੀ ਦਾ ਜਨਮ 1 ਸਤੰਬਰ 1937 ਨੂੰ ਨਾਨਕੇ ਪਿੰਡ ਮਨੈਲੀ ਹੋਇਆ। ਮਾਨੂੰਪੁਰੀ ਨੇ 1949 ਵਿਚ ਪ੍ਰਾਇਮਰੀ ਪਿੰਡ ਮਾਨੂੰਪੁਰ ਵਿਚ ਤੇ ਮੈਟਿ੍ਰਕ ਪੰਜਾਬ ਯੂਨੀਵਰਸਿਟੀ (ਸੋਲਨ) ਸ਼ਿਮਲਾ ਤੋਂ 1955 ਵਿਚ ਕੀਤੀ। ਪ੍ਰਾਈਵੇਟਲੀ ਗਿਆਨੀ 1958 ’ਚ ਐਮ. ਏ. ਪੰਜਾਬੀ 1969’ਚ, ਡਰਾਇੰਗ ਟੀਚਰ ਟ੍ਰੇਨਿੰਗ ਕੋਰਸ 1955 ਵਿਚ ਕੀਤਾ। ਫਿਰ ਓ. ਟੀ., ਬੀ. ਐੱਡ. ਤੇ ਅੱੈਮ.ਐੱਡ. 1972 ਵਿਚ ਕਰ ਗਏ। 1955 ਵਿਚ ਹੀ ਪਿੰਡ ਮਾਨੂੰਪੁਰ ਸਕੂਲ ਵਿਚ ਅਧਿਆਪਕ ਲੱਗ ਗਏ। ਲਗਾਤਾਰ ਪਿੰਡ ਦੇ ਸਕੂਲ ਵਿਚ ਹੀ ਵਿਦਿਆ ਦਾ ਚਾਨਣ ਵੰਡਣ ਤੋਂ ਬਾਅਦ 1995 ਵਿਚ ਸੇਵਾ ਮੁਕਤ ਹੋਏ। ਕਿਤਾਬਾਂ ਪੜ੍ਹਨ ਦੇ ਚਸਕੇ ਕਰਕੇ ਖੰਨਾ ਦੀ ਮਿਊਂਸਪਲਟੀ ਲਾਇਬਰੇਰੀ ਦੇ ਮੈਂਬਰ ਸਨ। ਸੁਖਦੇਵ ਮਾਦਪੁਰੀ ਜੀ ਪਹਿਲੇ ਮਿੱਤਰਾਂ ਵਿਚੋਂ ਸਨ ਜੋ 27 ਅਪ੍ਰੈਲ 2020 ਨੂੰ ਚਲੇ ਗਏ ਤੇ ਹੁਣ ਮਾਨੂੰਪੁਰੀ ਜੀ ਵੀ 23 ਅਪ੍ਰੈਲ 2021 ਨੂੰ ਪੂਰੇ ਹੋ ਗਏ। ਉਨ੍ਹਾਂ ਦਾ ਰਚਿਆ ਬਾਲ ਸਾਹਿਤ ਹਮੇਸ਼ਾ ਪਾਠ ਪੁਸਤਕਾਂ ਵਿਚ ਬੱਚਿਆਂ ਨੂੰ ਚਾਨਣ ਵੰਡਦਾ ਰਹੇਗਾ।

ਸੱਚ ’ਤੇ ਪਹਿਰਾ ਦੇਣ ਵਾਲੇ

ਮਾਨੂੰਪੁਰੀ ਯਾਰਾਂ ਦੇ ਯਾਰ ਅਤੇ ਹਮੇਸ਼ਾ ਸੱਚ ’ਤੇ ਖੜ੍ਹਨ ਵਾਲੇ ਸਨ। ਉਹ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਸਨ ਅਤੇ ਗਿਆਨ ਵੰਡਣ ਲਈ ਪੂਰੀ ਜ਼ਿੰਦਗੀ ਸਮਰਪਤ ਰਹੇ। ਸਕੂਲੀ ਸਿੱਖਿਆ ਦੇ ਨਾਲ-ਨਾਲ ਉਹ ਸੁਚੱਜੀਆਂ ਜੀਵਨ ਕਦਰਾਂ-ਕੀਮਤਾਂ ਦੇ ਲੜ ਲਾਉਣ ਵਾਲੇ ਸਨ...

- ਮੁਖਤਿਆਰ ਸਿੰਘ

Posted By: Harjinder Sodhi