ਖਰੜ ਤੋਂ ਰੋਪੜ ਹਾਵੀਏ ਮਾਰਗ ’ਤੇ ਪਿੰਡ ਸਹੌੜਾਂ ਖੱਬੇ ਹੱਥ ਸੜਕ ਤੋਂ ਹਟਵਾਂ ਸਥਿੱਤ ਹੈ। ਇਸ ਪਿੰਡ ਦੇ ਰਤਨ ਸਿੰਘ ਦਾ ਜਨਮ 18 ਅਗਸਤ, 1900 ਨੂੰ ਪਿਤਾ ਬਸੰਤ ਸਿੰਘ ਦਫ਼ੇਦਾਰ ਅਤੇ ਮਾਤਾ ਗਣੇਸ਼ ਕੌਰ ਦੇ ਘਰ ਉੜੀਸਾ ਰਾਜ ਵਿਚ ਹੋਇਆ, ਜਿੱਥੇ ਆਪ ਦੇ ਪਿਤਾ 32 ਲਾਂਸਰਜ਼ ਵਿਚ ਦਫ਼ੇਦਾਰ ਸਨ। ਗੁਰਮਤਿ ਦੀ ਲਗਨ ਆਪ ਨੂੰ ਆਪਣੇ ਪਿਤਾ ਤੋਂ ਲੱਗੀ, ਜਿਨ੍ਹਾਂ ਨੇ 1912 ਵਿਚ ਫ਼ੌਜ ਤੋਂ ਸੇਵਾ ਮੁਕਤ ਹੋਣ ਉਪਰੰਤ ਪਿੰਡ ਸਹੌੜਾਂ ਆ ਕੇ ਖੇਤੀ ਦੇ ਕੰਮਾਂ ਦੇ ਨਾਲ-ਨਾਲ ਸਿੱਖੀ ਪ੍ਰਚਾਰ ਦਾ ਕੰਮ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ। ਆਪ ਵੀ ਪਿਤਾ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾਉਂਦੇ ਅਤੇ ਨਾਲ ਹੀ ਖਰੜ ਵਿਖੇ ਪੜ੍ਹਾਈ ਕਰਦੇ ਰਹੇ।

ਗਿ. ਰਤਨ ਸਿੰਘ 1916 ਵਿਚ ਫ਼ੌਜ ਦੇ 32 ਲਾਂਸਰਜ਼ ਵਿਚ ਭਰਤੀ ਹੋਏ ਅਤੇ ਛੇਤੀ ਹੀ ਫ਼ੌਜ ਦੇ ਤਰੱਕੀ ਕੋਰਸ ਕਰਕੇ ਲਾਂਸ ਦਫ਼ੇਦਾਰ ਬਣ ਗਏ। ਇਨ੍ਹਾਂ ਦਿਨਾਂ ਵਿਚ ਫ਼ੌਜ ਵਿਚ ਿਪਾਨ ਪਹਿਨਣ ਦਾ ਮਸਲਾ ਉਠਿਆ ਅਤੇ ਸਿੱਖ ਫ਼ੌਜੀਆਂ ’ਤੇ ਿਪਾਨ ਪਹਿਨਣ ’ਤੇ ਪਾਬੰਦੀ ਲੱਗ ਗਈ, ਜਿਸ ਦਾ ਵਿਰੋਧ ਕਰਦਿਆਂ ਆਪ ਨੇ ਫ਼ੌਜ ਛੱਡਣ ਦਾ ਫ਼ੈਸਲਾ ਕੀਤਾ ਅਤੇ 31 ਮਾਰਚ, 1919 ਨੂੰ ਨਸੀਰਾਬਾਦ ਤੋਂ ਸੇਵਾਮੁਕਤ ਹੋ ਕੇ ਪੂਰੀ ਤਰ੍ਹਾਂ ਦੇਸ਼ ਦੀ ਆਜ਼ਾਦੀ ਲਹਿਰ ਵਿਚ ਸਰਗਰਮ ਹੋ ਗਏ। ਆਪ ਦੀ ਸ਼ਾਦੀ ਪਿੰਡ ਖੇੜੀ ਸਿਲਾਬਤਪੁਰ ਦੇ ਗੁਰਸਿੱਖ ਪਰਿਵਾਰ ਵਿਚ ਸਰਦਾਰ ਮੇਲਾ ਸਿੰਘ ਦੀ ਸਪੁੱਤਰੀ ਦਿਆਲ ਕੌਰ ਨਾਲ ਹੋਈ। ਆਪ ਦੇ ਦੋ ਬੱਚੇ ਹਰਿੰਦਰ ਕੌਰ ਅਤੇ ਜੀਵਨ ਸਿੰਘ ਹੋਏ।

ਗਿ. ਰਤਨ ਸਿੰਘ ਨੇ ਭਰੇ ਇਕੱਠਾਂ ਵਿਚ ਸਰਕਾਰ ਵਿਰੁੱਧ ਤਕਰੀਰਾਂ ਕਰ ਕੇ ਲੋਕਾਂ ਵਿਚ ਜੋਸ਼ ਭਰਨਾ ਅਤੇ ਪੁਲਿਸ ਨੂੰ ਧੋਖਾ ਦੇ ਕੇ ਨਿਕਲ ਜਾਣਾ ਆਪ ਜੀ ਦੀ ਵਿਸ਼ੇਸ਼ ਖ਼ਾਸੀਅਤ ਸੀ। ਪੁਲਿਸ ਹਰ ਸਮੇਂ ਆਪ ਦਾ ਪਿੱਛਾ ਕਰਦੀ ਰਹਿੰਦੀ ਸੀ। 23 ਅਪ੍ਰੈਲ, 1922 ਨੂੰ ਮਨਸਾ ਦੇਵੀ ਦੇ ਮੇਲੇ ’ਤੇ ਦਫ਼ਾ 144 ਤੋੜਦਿਆਂ ਆਪ ਜੀ ਨੇ ਕਾਨਫਰੰਸ ਦਾ ਆਯੋਜਨ ਕੀਤਾ। ਸਟੇਜ ਸਕੱਤਰ ਵਜੋਂ ਅੰਗਰੇਜ਼ ਸਰਕਾਰ ਵਿਰੁੱਧ ਪ੍ਰਚਾਰ ਕਰਦਿਆਂ, ਆਪ ਨੂੰ 6 ਸਾਥੀਆਂ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਅਤੇ ਚੰਡੀ ਮੰਦਿਰ ਦੇ ਸਪੈਸ਼ਲ ਜੱਜ ਨੇ 2 ਸਾਲ ਕੈਦ (ਬਾਮੁਸ਼ੱਕਤ) ਅਤੇ 100 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਪਹਿਲਾਂ ਆਪ ਨੂੰ ਅੰਬਾਲਾ ਜੇਲ੍ਹ ਤੇ ਬਾਅਦ ਵਿਚ ਤਸ਼ੱਦਦ ਝੱਲਣ ਲਈ ਮਸ਼ਹੂਰ ਮਿੰਟਗੁਮਰੀ ਅਤੇ ਮੁਲਤਾਨ ਜੇਲ੍ਹਾਂ ਵਿਚ ਭੇਜਿਆ ਗਿਆ। ਮੁਲਤਾਨ ਜੇਲ੍ਹ ਵਿਚ ਗੋਕਲ ਚੰਦ ਦਰੋਗੇ ਨੇ ਅੰਗਰੇਜ਼ ਜੇਲ੍ਹ ਸੁਪਰਡੈਂਟ ਮਿਸਟਰ ਟਿਊਰ ਨੂੰ ਖੜ੍ਹੇ ਹੋ ਕੇ ਸਲਾਮ ਨਾ ਕਰਨ ਅਤੇ ਪਰੇਡ ਲਗਾ ਕੇ ਆਪਣੇ ਕੱਪੜੇ ਨਾ ਦਿਖਾਉਣ ਦੇ ਦੋਸ਼ ਵਿਚ ਆਪ ਨੰੂ ਫੜ ਕੇ ਦੋ ਆਦਮੀਆਂ ਵੱਲੋਂ ਲੱਤਾਂ ਅਤੇ ਬਾਹਵਾਂ ਤੋਂ ਫੜ ਕੇ ਧਰਤੀ ’ਤੇ ਲਗਾਤਾਰ ਉਦੋਂ ਤਕ ਪਟਕਾਇਆ, ਜਦੋਂ ਤੱਕ ਆਪ ਬੇਹੋਸ਼ ਨਾ ਹੋ ਗਏ। ਬੇਹੋਸ਼ੀ ਵਿਚ ਹੀ ਬੰਦ ਕੋਠੀ ਵਿੱਚ ਸੁੱਟ ਦਿੱਤਾ ਗਿਆ। ਆਪ ਨੂੰ ਮਰਿਆ ਸਮਝ ਕੇ ਸਾਇਰਨ ਵਜਾ ਕੇ ਫ਼ੌਜ ਬੁਲਾ ਲਈ ਗਈ, ਪ੍ਰੰਤੂ ਜਿੰਦਾ ਵੇਖ ਕੇ ਆਪ ਨੂੰ ਕੰਮ ਤੋਂ ਇਨਕਾਰੀ ਹੋਣ ਅਤੇ ਪਰੇਡ ਨਾ ਲਾਉਣ ਦੇ ਦੋਸ਼ ਵਿਚ 15 ਦਿਨ ਕੋਠੀ ਬੰਦ ਕੀਤਾ ਗਿਆ ਅਤੇ 18 ਸੇਰ ਆਟਾ ਰੋਜ਼ ਪੀਹਣ ਦੀ ਸਜ਼ਾ ਦਿੱਤੀ ਗਈ। ਆਜ਼ਾਦੀ ਲਹਿਰ ਦੇ ਇਨ੍ਹਾਂ ਮਰਜੀਵੜੇ ਕੈਦੀਆਂ ਨੂੰ ਰੋਜ਼ਾਨਾ ਸਰਕਾਰ ਤੋਂ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਜਾਂਦਾ ਅਤੇ ਇਨਕਾਰ ਕਰਨ ’ਤੇ ਅੰਗਰੇਜ਼ ਪਿੱਠੂ ਇਨ੍ਹਾਂ ’ਤੇ ਟੁੱਟ ਪੈਂਦੇ। ਪੋਹ-ਮਾਘ ਦੀਆਂ ਬਰਫੀਲੀਆਂ ਰਾਤਾਂ ਨੂੰ ਅੱਠ ਫੁੱਟ ਡੂੰਘੇ ਪਾਣੀ ਦੇ ਹੌਜਾਂ ਵਿਚ ਸੁੱਟ ਦੇਂਦੇ ਤੇ ਨੰਗਿਆਂ ਕਰਕੇ ਦਰਵਾਜ਼ਿਆਂ ਦੀਆਂ ਸਲਾਖ਼ਾਂ ਨਾਲ ਬੰਨ੍ਹ ਕੇ ਏਨਾ ਮਾਰਿਆ ਜਾਂਦਾ ਕਿ ਬਿਆਨ ਕਰਨਾ ਮੁਸ਼ਕਿਲ ਹੈ।

1924 ਵਿਚ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਆਪ ਨੂੰ ਇਲਾਕੇ ਦੀਆਂ ਸੰਗਤਾਂ ਨੇ ਵਾਜਿਆਂ-ਗਾਜਿਆਂ ਨਾਲ ਖਰੜ ਤੋਂ ਜਲੂਸ ਕੱਢ ਕੇ ਪਿੰਡ ਲਿਆਂਦਾ, ਉਦੋਂ ਆਪ ਦੀ ਉਮਰ 24 ਸਾਲ ਸੀ। ਆਪ ਦੀ ਵਿਗੜੀ ਸਿਹਤ ਨੂੰ ਵੇਖਦਿਆਂ ਪਿੰਡ ਦੇ ਲੋਕਾਂ ਨੇ ਦੁੱਧ ਇਕੱਠਾ ਕਰਕੇ ਖਾਣ ਲਈ ਪੰਜੀਰੀ ਤਿਆਰ ਕੀਤੀ ਅਤੇ ਪੂਰੀ ਸੇਵਾ ਕਰਕੇ ਤੰਦਰੁਸਤ ਕੀਤਾ। 1925 ਵਿਚ ਅਕਾਲ ਤਖ਼ਤ ਸਾਹਿਬ ਤੋਂ ਜੈਤੋਂ ਦੇ ਮੋਰਚੇ ਵਿਚ ਸ਼ਹੀਦੀ ਜੱਥੇ ਵਿਚ ਸ਼ਾਮਲ ਹੋਏ। ਜੂਨ 1926 ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ।

3 ਅਕਤੂਬਰ, 1926 ਨੂੰ ਹੋਈ ਕਮੇਟੀ ਮੀਟਿੰਗ ਵਿਚ ਗਿਆਨੀ ਜੀ ਨੂੰ ਸਰਬਸੰਮਤੀ ਨਾਲ ਦਰਬਾਰ ਸਾਹਿਬ ਦਾ ਕਮੇਟੀ ਮੈਂਬਰ ਚੁਣਿਆ ਗਿਆ। ਗੁ. ਪ੍ਰਬੰਧਕ ਕਮੇਟੀ ਦੇ ਮੈਂਬਰ ਹੁੰਦਿਆਂ ਆਪ ਜੀ ਨੂੰ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸਰਦਾਰ ਬਹਾਦੁਰ ਮਹਿਤਾਬ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਜਿਹੇ ਨਾਮਵਰ ਪੰਥਕ ਆਗੂਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਆਪ ਜੀ 1931 ਤਕ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਇਸੇ ਦੌਰਾਨ ਆਪ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 1928 ਵਿਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਮਈ 1928 ਤੋਂ ਅਧਿਆਪਨ ਦਾ ਕੰਮ ਖਾਲਸਾ ਹਾਈ ਸਕੂਲ ਰੋਪੜ ਤੋਂ ਆਰੰਭ ਕੀਤਾ, ਜਿੱਥੇ ਆਪ ਨਵੰਬਰ 1929 ਤਕ ਰਹੇ ਅਤੇ ਬਾਅਦ ਵਿਚ ਸਤੰਬਰ 1943 ਤਕ ਖਾਲਸਾ ਹਾਈ ਸਕੂਲ ਚਮਕੌਰ ਸਾਹਿਬ ਵਿਚ ਪੜ੍ਹਾਉਂਦੇ ਰਹੇ। ਇਸ ਸਮੇਂ ਦੌਰਾਨ ਆਪ ਨੇ 1940 ਵਿਚ ਬਹੁਤ ਹੀ ਵਿਲੱਖਣ ਪੁਸਤਕ ‘ਨਿਰਾਲੀ ਚਮਕ’ ਲਿਖ ਕੇ ਪੰਥ ਦਾ ਧਿਆਨ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਇਤਿਹਾਸ ਵੱਲ ਦਿਵਾ ਕੇ ਉਸ ਦੀ ਮੁੜ ਉਸਾਰੀ ਦਾ ਉਪਰਾਲਾ ਕੀਤਾ। ਇਸ ਤੋਂ ਬਿਨਾਂ ‘ਇਮਲੀ ਵਾਲੇ ਬਾਬਾ ਸੇਢਾ ਸਿੰਘ ਜੀ ਦੀ ਸੰਖੇਪ ਜੀਵਨੀ’ 1973 ਵਿਚ ਛਪਵਾਈ। ਆਰਥਿਕ ਤੰਗੀਆਂ ਕਾਰਨ ਆਪ ਜੀ ਦਾ ਅਣਛਪਿਆ ਗੁਰਮਤਿ ਸਾਹਿਤ ਲਗਪਗ 13 ਹੱਥ ਲਿਖਤ ਕਾਪੀਆਂ ’ਚ ਆਪ ਦੇ ਸਪੁੱਤਰ ਗਿ. ਜੀਵਨ ਸਿੰਘ ਨੇ ਸਾਂਭਿਆ ਹੋਇਆ ਹੈ, ਜਿਨ੍ਹਾਂ ਲਿਖਤਾਂ ਨੂੰ ਪੜ੍ਹ ਕੇ ਗੁਰਬਾਣੀ ਦੇ ਗਿਆਤਾ ਵਜੋਂ ਆਪ ਦੀ ਵਿਦਵਤਾ ਅਤੇ ਦਿ੍ਰਸ਼ਟੀ ਹੈਰਾਨ ਕਰ ਦੇਣ ਵਾਲੀ ਹੈ। ਸ੍ਰੀ ਚਮਕੌਰ ਸਾਹਿਬ ਤੋਂ ਬਾਅਦ ਪੰਜ ਸਾਲ (30 ਸਤੰਬਰ, 1943 ਤੋਂ 1948 ਤਕ) ਖਾਲਸਾ ਹਾਈ ਸਕੂਲ ਅੰਬਾਲਾ ਸ਼ਹਿਰ ਵਿਖੇ ਸੇਵਾ ਨਿਭਾਈ ਅਤੇ ਇੱਥੇ ਰਹਿੰਦਿਆਂ ਦੇਸ਼ ਦੇ ਬਟਵਾਰੇ ਸਮੇਂ ਰਿਫਊਜੀ ਕੈਂਪਾਂ ਵਿਚ ਰਿਫਊਜੀਆਂ ਦੀ ਸਾਂਭ-ਸੰਭਾਲ ਵਿਚ ਫਿਊਲ ਇੰਚਾਰਜ ਵਜੋਂ ਸ਼ਲਾਘਾਯੋਗ ਹਿੱਸਾ ਪਾਇਆ। ਕੈਂਪ ਕਮਾਂਡਰ ਅੰਬਾਲਾ ਸ਼ਹਿਰ ਨੇ 22 ਫਰਵਰੀ, 1948 ਨੂੰ ਬੇਹੱਦ ਮੁਸ਼ਕਿਲ ਹਾਲਾਤ ਵਿਚ ਕੰਮ ਕਰਨ ਲਈ ਆਪ ਨੂੰ ਪ੍ਰਸੰਸਾ ਪੱਤਰ ਜਾਰੀ ਕੀਤਾ।

ਇੱਥੋਂ ਆਪ ਨੂੰ ਪਿ੍ਰੰ. ਤਾਰਾ ਸਿੰਘ ਨੇ ਪ੍ਰੇਰ ਕੇ ਖਾਲਸਾ ਹਾਇਰ ਸੈਕੰਡਰੀ ਸਕੂਲ ਦੇਵ ਨਗਰ ਦਿੱਲੀ ਵਿਖੇ ਬੁਲਾ ਲਿਆ, ਜਿੱਥੇ ਆਪ 23 ਅਗਸਤ, 1948 ਤੋਂ 1965 ਤੱਕ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਸੇਵਾ-ਮੁਕਤ ਹੋਏ।ਦੇਸ਼ ਪ੍ਰਤੀ ਆਪ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਵੱਲੋਂ ਆਪ ਨੂੰ ਤਾਮਰ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। 15 ਜਨਵਰੀ, 1995 ਨੂੰ ਆਪ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ।

- ਮਨਮੋਹਨ ਸਿੰਘ ਦਾਊਂ

Posted By: Harjinder Sodhi