ਸਿੱਖ ਜਗਤ ਤੇ ਪੰਜਾਬੀ ਸਾਹਿਤ ’ਚ ਗਿਆਨੀ ਦਿੱਤ ਸਿੰਘ ਦਾ ਨਾਂ ਪ੍ਰਤਿਭਾਸ਼ਾਲੀ ਵਿਦਵਾਨ ਵਜੋਂ ਜਾਣਿਆ ਜਾਂਦਾ ਹੈ। ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ, 1850 ਈ. ਨੂੰ ਭਾਈ ਜੀਵਨ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁੱਖ ਤੋਂ ਪਿੰਡ ਕਲੌੜ (ਫ਼ਤਹਿਗੜ੍ਹ ਸਾਹਿਬ) ਵਿਖੇ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ‘ਰਾਮ ਦਿੱਤ’ ਰੱਖਿਆ ਜੋ ਮਗਰੋਂ ਦਿੱਤ ਰਾਮ ਤੋਂ ਦਿੱਤ ਸਿੰਘ ਕਰਕੇ ਪ੍ਰਵਾਨ ਹੋਇਆ। ਮੁੱਢਲੀ ਵਿੱਦਿਆ ਆਪਣੇ ਸੰਤ ਰੂਪੀ ਗੁਰੂ ਦੀਵਾਨ ਸਿੰਘ ਤੋਂ ਹਾਸਲ ਕੀਤੀ। ਦੀਵਾਨ ਸਿੰਘ ਦਾ ਪਿਛੋਕੜ ਝੱਲੀਆਂ ਕਲਾਂ (ਰੋਪੜ) ਪਿੰਡ ਦਾ ਸੀ, ਜੋ ਖ਼ੁਦ ਇਕ ਚੰਗੇ ਵਿਦਵਾਨ ਸਨ। ਉਨ੍ਹਾਂ ਸਮਿਆਂ ਵਿਚ ਪੜ੍ਹਾਈ ਦਾ ਮਾਧਿਅਮ ਸਾਧੂਆਂ ਦੇ ਡੇਰੇ ਜਾਂ ਧਾਰਮਿਕ ਅਸਥਾਨ ਹੀ ਹੁੰਦੇ ਸਨ, ਜਿਸ ਕਾਰਨ ਦਿੱਤ ਸਿੰਘ ਨੂੰ ਪੰਜ ਗ੍ਰੰਥੀ ਪੜ੍ਹਨ ਮਗਰੋਂ ਕੁਝ ਸਮਾਂ ਸੰਤ ਭਾਗ ਸਿੰਘ ਕੋਲ ਪਿੰਡ ਬਡਾਲਾ (ਖਰੜ ਨੇੜੇ) ਭੇਜਿਆ ਗਿਆ। ਦਿੱਤ ਸਿੰਘ ਬਚਪਨ ਤੋਂ ਹੀ ਬਹੁਤ ਤੀਖਣ ਬੁੱਧੀ ਦੇ ਮਾਲਕ ਸਨ। ਉਨ੍ਹਾਂ ਨੂੰ ਗਿਆਨ ਪ੍ਰਾਪਤ ਕਰਨ ਦੀ ਬਹੁਤ ਲਾਲਸਾ ਸੀ। ਇਸ ਲਈ ਉਨ੍ਹਾਂ ਨੂੰ ਸੰਤ ਕੌਲ ਦਾਸ ਦੇ ਡੇਰੇ ਪਿੰਡ ਤਿਊੜ (ਤਹਿਸੀਲ ਖਰੜ) ਵਿਖੇ ਗੁਲਾਬ ਦਾਸ ਦਾ ਸਾਥ ਪ੍ਰਾਪਤ ਹੋਇਆ। ਇੱਥੇ ਇਕ ਪੰਡਿਤ ਤੋਂ ਸੰਸਿਤ ਸਿੱਖੀ। ਉਰਦੂ ਤੇ ਫ਼ਾਰਸੀ ਦੀ ਕੁਝ ਜਾਣਕਾਰੀ ਖਰੜ ਦੇ ਇਕ ਪੰਡਿਤ ਮੁਨਸ਼ੀ ਸਯਦ ਪਾਸੋਂ ਪ੍ਰਾਪਤ ਕੀਤੀ।

ਸੰਤ ਭਾਗ ਸਿੰਘ ਨਾਲ ਦੌਰਿਆਂ ’ਤੇ ਜਾਣ ਕਾਰਨ ਉਨ੍ਹਾਂ ਨੂੰ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਸੁਭਾਗ ਹਾਸਲ ਹੁੰਦਾ ਗਿਆ ਤੇ ਇਲਾਕੇ ਵਿਚ ਆਪ ਦੀ ਵਿਦਵਤਾ ਦਾ ਚੰਗਾ ਪ੍ਰਭਾਵ ਬੱਝਿਆ। ਫਿਰ ਉਹ 19 ਸਾਲ ਦੀ ਉਮਰ ’ਚ ਪਿੰਡ ਕਲੌੜ ਆ ਗਏ ਤੇ ਇੱਥੋਂ ਸੰਤ ਭਾਗ ਸਿੰਘ ਉਨ੍ਹਾਂ ਨੂੰ ਚੱਠਿਆਂ ਵਾਲੇ (ਲਾਹੌਰ) ਗੁਲਾਬਦਾਸੀਆਂ ਦੇ ਡੇਰੇ ਛੱਡ ਆਏ, ਜਿੱਥੇ ਉਨ੍ਹਾਂ ਨੇ ਗ੍ਰੰਥਾਂ ਦਾ ਅਧਿਐਨ ਕੀਤਾ। ਦਲਿਤ ਵਰਗ ’ਚੋਂ ਹੁੰਦਿਆਂ ਉਨ੍ਹਾਂ ਨੇ ਮੜੀ-ਮਸਾਣੀ, ਦੇਵੀ- ਦੇਵਤਿਆਂ ਦੀ ਮੂਰਤੀ ਪੂਜਾ, ਜਾਤ-ਪਾਤ, ਊਚ-ਨੀਚ ਆਦਿ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਕੇਵਲ ਇਕ ਈਸ਼ਵਰ ਦੀ ਭਗਤੀ ’ਤੇ

ਜ਼ੋਰ ਦਿੱਤਾ।ਉਨ੍ਹਾਂ ਦਾ ਵਿਆਹ ਜੂਨ, 1872 ਵਿਚ ਸੰਤ ਭਾਗ ਸਿੰਘ ਬਡਾਲਾ ਦੀ ਸਪੁੱਤਰੀ ਬਿਸ਼ਨਦੇਈ ਨਾਲ ਹੋਇਆ, ਜਿਸ ਦੀ ਕੁੱਖੋਂ ਇਕ ਪੁੱਤ ਤੇ ਇਕ ਧੀ ਨੇ ਜਨਮ ਲਿਆ। ਗ੍ਰਹਿਸਥੀ ਜੀਵਨ ਬਿਤਾਉਣ ਤੇ ਆਪਣੇ ਜੀਵਨ ਉਦੇਸ਼ ਲਈ ਉਨ੍ਹਾਂ ਨੇ ਲਾਹੌਰ ਰਹਿਣਾ ਵਧੇਰੇ ਠੀਕ ਸਮਝਿਆ। ਇੱਥੋਂ ਹੀ ਉਨ੍ਹਾਂ ਨੇ ਓਰੀਐਂਟਲ ਕਾਲਜ ਲਾਹੌਰ ਤੋਂ ਪਹਿਲੇ ਸਥਾਨ ’ਤੇ ਰਹਿ ਕੇ ਗਿਆਨੀ ਪਾਸ ਕੀਤੀ।

ਪੰਜਾਬ ਵਿਚ ਉਸ ਵੇਲੇ ਧਰਮ ਪ੍ਰਚਾਰ ਕਰਨ ਲਈ ਕਈ ਜਥੇਬੰਦੀਆਂ ਉੱਭਰ ਰਹੀਆਂ ਸਨ, ਜਿਨ੍ਹਾਂ ’ਚੋਂ ਆਰੀਆ ਸਮਾਜ ਲਹਿਰ ਦੇ ਨਾਲ-ਨਾਲ ਸਿੰਘ ਸਭਾ ਲਹਿਰ ਇਕ ਪ੍ਰਮੁੱਖ ਲਹਿਰ ਬਣ ਰਹੀ ਸੀ। 30 ਜੁਲਾਈ, 1873 ਵਿਚ ਸਿੰਘ ਸਭਾ ਲਹਿਰ ਦੀ ਸਥਾਪਨਾ ਹੋਈ, ਜਿਸ ਵਿਚ ਮੁੱਢਲੇ ਸੰਸਥਾਪਕਾਂ ਵਿਚ ਗਿਆਨੀ ਦਿੱਤ ਸਿੰਘ ਦੀ ਭੂਮਿਕਾ ਬਹੁਤ ਮਹੱਤਵ ਰੱਖਦੀ ਹੈ। ਪੰਜਾਬੀਆਂ ਨੂੰ ਈਸਾਈ, ਇਸਲਾਮ ਤੇ ਹਿੰਦੂ ਧਰਮ ਗ੍ਰਹਿਣ ਕਰਵਾਉਣ ਲਈ ਧਾਰਮਿਕ ਜਥੇਬੰਦੀਆਂ ਆਪੋ- ਆਪਣੇ ਪ੍ਰਭਾਵ ਅਧੀਨ ਲਿਆਉਣ ਲਈ ਪੂਰਾ ਟਿੱਲ ਲਾ ਰਹੀਆਂ ਸਨ। ਗਿਆਨੀ ਦਿੱਤ ਸਿੰਘ ਉਦੋਂ ਤਕ ਗੁਰਬਾਣੀ, ਵੇਦਾਂਤ, ਮੀਮਾਂਸਾ, ਪਿੰਗਲ ਤੇ ਕਈ ਭਾਸ਼ਾਵਾਂ ਦੇ ਪ੍ਰਬੀਨ ਗਿਆਤਾ ਬਣ ਚੁੱਕੇ ਸਨ। ਉਹ ਵੱਡੇ-ਵੱਡੇ ਵਿਦਵਾਨਾਂ ਨਾਲ ਸੰਪਰਕ ਕਰਦੇ ਤੇ ਸਮਾਜਿਕ ਕੁਰੀਤੀਆਂ, ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਸਦਾ ਤੱਤਪਰ ਰਹਿੰਦੇ।

ਉਨ੍ਹਾਂ ਦੀ ਹਮੇਸ਼ਾ ਇਹ ਤਮੰਨਾ ਹੁੰਦੀ ਸੀ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਜਗਤ ਵਿਚ ਜਾਗਰੂਕਤਾ ਲਿਆਂਦੀ ਜਾਵੇ। ਇਸੇ ਕਰਕੇ ਸਿੰਘ ਸਭਾ ਲਹਿਰ ਦੇ ਮੋਢੀ ਸੁਧਾਰਕਾਂ ਤੇ ਪ੍ਰਚਾਰਕਾਂ ਵਿਚ ਉਨ੍ਹਾਂ ਦੀ ਅਲੌਕਿਕ ਸ਼ਖ਼ਸੀਅਤ ਬਹੁਤ ਸਨਮਾਨਯੋਗ ਹੈ। ਆਰੀਆ ਸਮਾਜ ਦੇ ਥੰਮ੍ਹ ਪੰਡਿਤ ਦਯਾ ਨੰਦ ਨਾਲ ‘ਸੰਵਾਦ’ ਰਚਾ ਕੇ ਉਨ੍ਹਾਂ ਨੇ ਆਪਣੀ ਦਿੱਬ-ਦਿ੍ਰਸ਼ਟੀ ਦਾ ਸਿੱਕਾ ਕਾਇਮ ਕੀਤਾ, ਜਿਸ ਨਾਲ ਉਨ੍ਹਾਂ ਦੀ ਵਿਗਿਆਨਕ ਸੋਚ ਨੇ ਲੋਕਾਂ ਅੰਦਰ ਚੁੰਬਕੀ ਖਿੱਚ ਦਾ ਪ੍ਰਮਾਣ ਦਿੱਤਾ।

ਗਿਆਨੀ ਦਿੱਤ ਸਿੰਘ ਬਤੌਰ ਲੇਖਕ ਪੰਜਾਬੀ ਸਾਹਿਤ ਵਿੱਚ ਉੱਚਾ ਸਥਾਨ ਰੱਖਦੇ ਹਨ। ਉਹ ‘ਖ਼ਾਲਸਾ ਅਖ਼ਬਾਰ’ ਲਾਹੌਰ ਦੇ 1885 ਤੋਂ 1901 (ਅੰਤ ਸਮੇਂ) ਤਕ ਸੰਪਾਦਕ ਰਹੇ। ਉਨ੍ਹਾਂ ਦੇ ਲੇਖ ਧਾਰਮਿਕ, ਇਤਿਹਾਸਕ, ਰਾਜਨੀਤਕ ਤੇ ਸਾਹਿਤਕ ਪੱਖ ਤੋਂ ਉੱਚ ਪਾਏ ਦੇ ਸਮਝੇ ਜਾਂਦੇ ਸਨ। ਉਨ੍ਹਾਂ ਨੇ 25 ਸਾਲ ਆਪਣੀਆਂ ਰਚਨਾਵਾਂ ਰਾਹੀਂ ਸਿੱਖੀ ਸਿਧਾਂਤਾਂ ਨੂੰ ਮਨਮਤ ਨਾਲੋਂ ਨਿਖੇੜਨ ਦੇ ਲੇਖੇ ਲਾਏ। ਉਨ੍ਹਾਂ ਦੀ ਕਾਬਲੀਅਤ ਦੀ ਕਦਰ ਕਰਦਿਆਂ ਓਰੀਐਂਟਲ ਕਾਲਜ ਲਾਹੌਰ ਵਿਖੇ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾਉਣ ਦਾ ਸੁਨਹਿਰੀ ਮੌਕਾ ਦਿੱਤਾ ਗਿਆ। ਜਦੋਂ ਅਸੀਂ ਉਨ੍ਹਾਂ ਦੀ ਸਾਹਿਤਕ ਦੇਣ ’ਤੇ ਝਾਤੀ ਮਾਰਦੇ ਹਾਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਆਪ ਪੰਜਾਬੀ ਕਿੱਸਾ-ਕਾਵਿ ਤੇ ਆਧੁਨਿਕ-ਕਾਵਿ ਵਿਚਾਲੇ ਇਕ ਪੁਲ ਦੀ ਨਿਆਈਂ ਸਨ।

ਉਨ੍ਹਾਂ ਦੀ ਪਹਿਲੀ ਰਚਨਾ ਕਿੱਸਾ ‘ਸ਼ੀਰੀ-ਫਰਿਹਾਦ 1872 ’ਚ ਛਪੀ। ਉਪਰੰਤ ‘ਅਬਲਾ ਨੰਦ’, ‘ਆਤਮ ਸਿੱਧੀ’, ‘ਦਯਾ ਨੰਦ ਸੰਵਾਦ’, ‘ਸ੍ਵਪਨ-ਨਾਟਕ’, ‘ਰਾਜ ਪ੍ਰਬੋਧ ਨਾਟਕ’, ‘ਜੀਵਨ ਸ੍ਰੀ ਗੁਰੂ ਨਾਨਕ ਦੇਵ’, ‘ਸੈਲਾਨੀ ਸਿੰਘ’, ‘ਨਕਲੀ ਸਿੱਖ ਪ੍ਰਬੰਧ’, ‘ਕਲਗੀਧਰ ਉਪਕਾਰ’, ‘ਧਰਮ ਦਰਪਣ’, ‘ਸਿੰਘਣੀਆਂ ਦੇ ਸਿਦਕ’, ‘ਸਿੱਖ ਬੱਚੇ ਦੀ ਸ਼ਹੀਦੀ’, ‘ਗੁਰੂ ਅਰਜਨ ਪ੍ਰਬੋਧ’, ‘ਸ਼ਹੀਦੀ ਭਾਈ ਬੋਤਾ ਸਿੰਘ’, ‘ਸ਼ਹੀਦ ਭਾਈ ਸੁਬੇਗ ਸਿੰਘ’, ‘ਸ਼ਹੀਦ ਭਾਈ ਤਾਰੂ ਸਿੰਘ’, ‘ਬਹਾਦਰੀ ਭਾਈ ਮਹਿਤਾਬ ਸਿੰਘ’ ਆਦਿ ਕਿਤਾਬਾਂ ਛਪੀਆਂ। ਇਸ ਤੋਂ ਇਲਾਵਾ ‘ਜੀਵਨ ਕਥਾ ਗੁਰੂ ਅੰਗਦ ਦੇਵ ਜੀ’, ‘ਗੁਰੂ ਅਰਜਨ ਦੇਵ ਜੀ’, ‘ਗੁਰੂ ਹਰਿ ਰਾਇ ਜੀ’ ਤੇ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਲਿਖੀਆਂ। ਹੋਰ ਬਹੁਤ ਸਾਰੀਆਂ ਕਿਤਾਬਾਂ ਦੇ ਵੇਰਵੇ ਵੀ ਮਿਲਦੇ ਹਨ। ਪ੍ਰੀਤਮ ਸਿੰਘ ਐੱਮ.ਏ. ਨੇ ਉਨ੍ਹਾਂ ਦੀਆਂ 44 ਕਿਤਾਬਾਂ ਮੁੜ ਪ੍ਰਕਾਸ਼ਿਤ ਕਰਵਾ ਕੇ ਵੰਡੀਆਂ ਤੇ ਉਨ੍ਹਾਂ ਦੀ ਖੋਜ ਮੁਤਾਬਕ ਗਿਆਨੀ ਜੀ ਦੀਆਂ 72 ਕਿਤਾਬਾਂ ਬਣਦੀਆਂ ਹਨ।

ਇਸ ਲੇਖ ਵਿਚ ਗਿਆਨੀ ਜੀ ਦੀ ਅਦੁੱਤੀ ਸ਼ਖ਼ਸੀਅਤ ਬਾਰੇ ਗੱਲ ਕਰਨੀ ਮੇਰੇ ਲਈ ਵਿੱਤੋਂ ਬਾਹਰੀ ਗੱਲ ਹੈ। ਉਂਜ ਇਹ ਗੱਲ ਪ੍ਰਮਾਣਿਕ ਹੈ ਕਿ ਗਿਆਨੀ ਦਿੱਤ ਸਿੰਘ ਤਰਕਸ਼ੀਲ ਬੁਲਾਰਾ, ਰੋਸ਼ਨ ਦਿਮਾਗ਼ ਇਨਸਾਨ, ਚਿੰਤਨਸ਼ੀਲ ਵਿਅਕਤੀ, ਸਾਹਸ-ਜੁਰਅਤ-ਸਿਰੜ ਦੇ ਮੁਜੱਸਮੇ, ਗੁਰਬਾਣੀ ਦੇ ਪ੍ਰਬੀਨ ਵਿਆਖਿਆਕਾਰ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਉੱਘੇ ਡੀਬੇਟਰ, ਪ੍ਰਬੁੱਧ ਲੇਖਕ ਤੇ ਕਰਮਯੋਗੀ ਸਮਾਜ ਸੁਧਾਰਕ ਸਨ। 6 ਸਤੰਬਰ, 1901 ਨੁੂੰ ਇਹ ਨਿਧੜਕ ਵਿਦਵਾਨ ਕੁਝ ਚਿਰ ਬਿਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਏ।

ਪੁਆਧ ਖੇਤਰ ਦੇ ਇਸ ਸਾਹਿਤਕਾਰ ਦੀ ਕਦਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉੱਘੇ ਨਿਬੰਧਕਾਰ ਡਾ. ਕਰਨੈਲ ਸਿੰਘ ਸੋਮਲ ਤੋਂ ‘ਗਿਆਨੀ ਦਿੱਤ ਸਿੰਘ ਦੀ ਚੋਣਵੀਂ ਰਚਨਾਵਲੀ’ ਵੱਡ-ਆਕਾਰੀ ਖੋਜ ਭਰਪੂਰ ਪੁਸਤਕ ਤਿਆਰ ਕਰਵਾ ਕੇ 2016 ’ਚ ਛਾਪੀ। ਉਨ੍ਹਾਂ ਨੂੰ ਸਮਰਪਿਤ (ਮਾਸਿਕ ਪੰਜਾਬੀ) ਭਾਈ ਦਿੱਤ ਸਿੰਘ ਪੱਤਿ੍ਰਕਾ ਗਿਆਨੀ ਦਿੱਤ ਸਿੰਘ ਮੈਮੋਰੀਅਲ ਟਰੱਸਟ (ਰਜਿ.) ਦੀ ਸਰਪ੍ਰਸਤੀ ਅਧੀਨ ਪਹਿਲੀ ਜਨਵਰੀ, 2010 ਤੋਂ ਪਿ੍ਰੰਸੀਪਲ ਨਸੀਬ ਸਿੰਘ ਸੇਵਕ ਮੁੱਖ-ਸੰਪਾਦਕ ਵਜੋਂ ਪ੍ਰਕਾਸ਼ਿਤ ਕਰਵਾ ਰਹੇ ਹਨ, ਜਿਸ ਦੇ 120 ਅੰਕ ਛਪ ਚੁੱਕੇ ਹਨ।

- ਮਨਮੋਹਨ ਸਿੰਘ ਦਾਊਂ

Posted By: Harjinder Sodhi