ਵੇਹੜਾ ਵੰਡਿਆ, ਚੁੱਲ੍ਹਾ ਚੌਂਕਾ ਵੰਡ ਲਿਆ।

ਗ਼ਰਜ਼ਾਂ ਮਾਰਿਆ ਹਰ ਇਕ ਰਿਸ਼ਤਾ ਵੰਡ ਲਿਆ।


'ਕੱਠੇ ਸਾਂ ਤਾਂ ਬੁੱਕਲ ਕਿੱਡੀ ਵੱਡੀ ਸੀ ,

ਕੀ ਖੱਟਿਆ ਹੁਣ ਟੋਟਾ-ਟੋਟਾ ਵੰਡ ਲਿਆ।


ਕੱਲ੍ਹ ਦਾ ਫ਼ਿਕਰ ਭੁਲਾ ਕੇ ਸੌਂ ਗਏ, ਜਿਨ੍ਹਾਂ ਨੇ,

ਆਪਸ ਵਿਚ ਰੋਟੀ ਦਾ ਟੁਕੜਾ ਵੰਡ ਲਿਆ।


ਬੇਬੇ-ਬਾਪੂ ਕਿਸੇ ਵੀ ਖ਼ਾਤੇ ਚੜ੍ਹੇ ਨਹੀਂ,

ਪੁੱਤਰਾਂ, ਆਪੋ-ਅਪਣਾ ਹਿੱਸਾ ਵੰਡ ਲਿਆ।


ਨਵੀਂ ਗ਼ਜ਼ਲ ਦਾ ਮਤਲਾ ਲੋਚੀ ਮਿਲ ਜਾਂਦਾ,

ਕਿਸੇ ਦੁਖੀ ਦਾ ਜਦ ਵੀ ਦੁਖੜਾ ਵੰਡ ਲਿਆ।


-------


ਨਿਕਲੇ ਨਾ ਕੋਈ ਤੀਰ ਕਮਾਨੋਂ।

ਕਿਉਂ ਕੋਈ ਉੱਠੇ ਉਸ ਜਹਾਨੋਂ।


ਆਹਰ ਤਾਂ ਕਰਨਾ ਹੀ ਪੈਂਦਾ,

ਕਦ ਕੁਝ ਡਿੱਗਦਾ ਹੈ ਅਸਮਾਨੋਂ ।


ਮੇਜ਼ਬਾਨ ਤਾਂ ਲੁਕਿਆ ਕਿਧਰੇ,

ਹੁਣ ਕੀ ਸੋਚ ਰਹੇ ਮਹਿਮਾਨੋਂ।


ਇੰਜ ਲੱਗਿਆ ਜਿਉਂ ਪੁਰਖੇ ਮਿਲ 'ਗੇ,

ਕੌਣ ਇਹ ਆਇਆ ਪਾਕਿਸਤਾਨੋਂ।


ਤੂੰ ਸ਼ਾਇਰ ਨਾ ਥਿੜਕੀਂ 'ਲੋਚੀ',

ਥਿੜਕੀ ਜਾਵਣ ਲੋਕ ਜ਼ਬਾਨੋਂ ।


-------


ਪਈਆਂ ਢੇਰ ਕਿਤਾਬਾਂ ਕੋਈ ਪੜ੍ਹਦਾ ਹੀ ਨਹੀਂ।

ਤਾਂਹੀਓਂ ਮਨ ਦੇ ਵੇਹੜੇ ਸੂਰਜ ਚੜ੍ਹਦਾ ਹੀ ਨਹੀਂ।


ਚੇਹਰੇ ਤਾਂ ਲਿਸ਼ਕਾਏ ਸ਼ੀਸ਼ੇ ਵਾਂਗੂ, ਪਰ ,

ਸ਼ੀਸ਼ੇ ਮੂਹਰੇ ਡਰਦਾ ਕੋਈ ਖੜ੍ਹਦਾ ਹੀ ਨਹੀਂ।


ਮੈਂ ਵੀ ਅੰਨੀ ਦੌੜ 'ਚ ਏਦਾਂ ਦੌੜ ਰਿਹਾਂ,

ਅੱਜ ਕੱਲ੍ਹ ਤੇਰੇ ਖ਼ਤ ਵੀ ਬਹਿਕੇ ਪੜ੍ਹਦਾ ਹੀ ਨਹੀਂ।


ਕਿੰਨੇ ਜ਼ਹਿਰੀ ਬੋਲ ਜ਼ਬਾਨੋਂ ਨਿਕਲ ਰਹੇ,

ਬੁੱਲ੍ਹਾਂ ਉੁੱਤੇ ਜਿੰਦਰਾ ਕੋਈ ਜੜਦਾ ਹੀ ਨਹੀਂ।


ਹੱਕ, ਸੱਚ, ਇਨਸਾਫ਼ ਲਈ ਤਾਂ ਕੀ ਲੜਨਾ,

ਅੱਜ ਕੱਲ੍ਹ ਕੋਈ ਅਪਣੇ ਨਾਲ ਵੀ ਲੜਦਾ ਹੀ ਨਹੀਂ।


ਹਰ ਬੰਦਾ ਹੀ ਪਾਰੇ ਵਾਂਗੂ ਡੋਲ ਰਿਹਾ,

ਅੱਜ ਕੱਲ੍ਹ ਕੋਈ ਇੱਕੋ ਥਾਵੇਂ ਖੜ੍ਹਦਾ ਹੀ ਨਹੀਂ।


ਲਗਦੈ 'ਲੋਚੀ' ਤੇਰੇ ਅੰਦਰ ਖੋਟ ਕੋਈ,

ਸੱਚੇ ਬੰਦਿਆਂ ਕੋਲ ਤੂੰ ਤਾਂਹੀਓਂ ਖੜ੍ਹਦਾ ਹੀ ਨਹੀਂ।-------


ਕੁਝ ਲੋਕੀ ਤਾਂ ਤਰਸਣ ਦਾਣੇ-ਦਾਣੇ ਨੂੰ।

ਪਰ ਕੁਝ ਐਸੇ ਸੁੱਟਣ ਦਾਣੇ-ਦਾਣੇ ਨੂੰ।


ਅੰਨਦਾਤੇ ਦਾ ਖ਼ੂਨ ਪਸੀਨਾ ਵਿਹਦੇਂ ਨਹੀਂ ,

ਸ਼ਾਹੂਕਾਰ ਤਾਂ ਪਰਖਣ ਦਾਣੇ-ਦਾਣੇ ਨੂੰ।


ਧੀਆਂ ਵਾਂਗੂ ਪਾਲੀਆਂ ਫ਼ਸਲਾਂ ਜਿਨ੍ਹਾਂ ਨੇ,

ਮੋਤੀਆਂ ਵਾਂਗੂ ਸਾਂਭਣ ਦਾਣੇ-ਦਾਣੇ ਨੂੰ।


ਸੰਗਮਰਮਰ ਨੇ ਮਿੱਧਿਆ ਮਿੱਟੀ ਮਾਈ ਨੂੰ ,

ਧਰਤੀ ਦੇ ਜੀਅ ਤਰਸਣ ਦਾਣੇ-ਦਾਣੇ ਨੂੰ।


ਤੂੰ ਵੀ ਪਾ ਦੇ ਲੋਚੀ ਚੋਗ ਪਰਿੰਦਿਆਂ ਨੂੰ ,

ਰੋਜ਼ ਵਿਚਾਰੇ ਭਟਕਣ ਦਾਣੇ-ਦਾਣੇ ਨੂੰ।

Posted By: Harjinder Sodhi