ਪ੍ਰਸਿੱਧ ਸਿੱਖ ਵਿਦਵਾਨ, ਕਰਤਾ ਮਹਾਨ ਕੋਸ਼ ਅਨੁਸਾਰ 'ਗੁਰੂ ਕਾ ਬਾਗ' ਉਹ ਬਾਗ਼ ਹੈ, ਜੋ ਗੁਰੂ ਸਾਹਿਬਾਨ ਨੇ ਲਾਇਆ ਅਥਵਾ ਗੁਰੂ ਦੇ ਨਾਂ ਨਾਲ ਸਬੰਧ ਰੱਖਦਾ ਹੈ, ਇਸ ਨਾਂ ਦੇ ਹੇਠ ਲਿਖੇ ਬਾਗ਼ ਪ੍ਰਸਿੱਧ ਹਨ :

ਅੰਮ੍ਰਿਤ ਸਰੋਵਰ ਅਤੇ ਕੌਲਸਰ ਦੇ ਮੱਧ 'ਚ ਗੁਰੂ ਅਰਜਨ ਸਾਹਿਬ ਦਾ ਲਗਾਇਆ ਹੋਇਆ ਬਾਗ਼ ਹੈ।

ਕਾਂਸ਼ੀ ਵਿਚ ਉਹ ਅਸਥਾਨ, ਜਿਸ ਥਾਂ ਨੌਵੇਂ ਸਤਿਗੁਰੂ ਪਹਿਲਾਂ ਆ ਕੇ ਬਿਰਾਜੇ ਸਨ।

ਪਟਨੇ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਇਕ ਕੋਹ ਪੂਰਵ ਨੌਵੇਂ ਸਤਿਗੁਰੂ ਦਾ ਬਾਗ਼।

ਗੁਰੂ ਕਾ ਬਾਗ਼, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੰਗਤ ਪ੍ਰੇਮ-ਭਾਵ ਨਾਲ ਸਹਿਸਰੇ ਲੈ ਆਈ। ਗੁਰੂ ਜੀ ਕਈ ਦਿਨ ਇੱਥੇ ਰਹੇ। ਇਸ ਗੁਰ ਅਸਥਾਨ ਦਾ ਨਾਉਂ 'ਗੁਰੂ ਕੀ ਰੋੜ' ਸੀ। ਗੁਰਦੁਆਰਾ ਸਾਹਿਬ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਕ ਬਾਗ਼ ਲਗਵਾਇਆ। ਹੁਣ ਗੁਰਦੁਆਰਾ ਗੁਰੂ ਕਾ ਬਾਗ਼ ਘੁੱਕੇਵਾਲ ਨਾਂ ਨਾਲ ਪ੍ਰਸਿੱਧ ਹੈ। ਗੁਰਦੁਆਰਾ ਪ੍ਰਬੰਧ ਲਹਿਰ ਸਮੇਂ ਇਸੇ 'ਗੁਰੂ ਕੇ ਬਾਗ਼' ਹੀ ਮੋਰਚਾ ਲੱਗਾ ਸੀ।

ਹੁਣ 'ਗੁਰੂ ਕਾ ਬਾਗ਼' ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਤੇ ਗੁਰੂ ਰਾਮਦਾਸ ਲੰਗਰ ਹਾਲ ਦੇ ਦਰਮਿਆਨ ਦੋ ਪਾਰਕਾਂ ਦੇ ਰੂਪ ਵਿਚ ਸਥਿਤ ਹੈ। ਇਸ ਦੀ ਇਕ ਬਾਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨਾਲ ਤੇ ਦੂਸਰੀ ਬਾਹੀ, ਗੁਰੂ ਰਾਮਦਾਸ ਨਿਵਾਸ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਰਸਤੇ ਨਾਲ ਜੁੜਦੀ ਹੈ।

ਗੁਰੂ ਕੇ ਬਾਗ਼ ਦੀ ਵਿਲੱਖਣਤਾ

ਵਿਸ਼ਵ ਭਰ ਵਿਚ ਅਣਗਿਣਤ ਬਹੁਤ ਸੁੰਦਰ ਬਾਗ਼-ਬਗ਼ੀਚੇ ਹਨ ਜੋ ਸੈਰਗਾਹਾਂ ਵਜੋਂ ਵਿਕਸਿਤ ਕੀਤੇ ਗਏ ਤੇ ਹਜ਼ਾਰਾਂ ਦੀ ਗਿਣਤੀ 'ਚ ਯਾਤਰੂ ਇਨ੍ਹਾਂ ਬਾਗ਼-ਬਗ਼ੀਚਿਆਂ ਦੀ ਸੁੰਦਰਤਾ-ਸੁਗੰਧੀ ਮਾਣਨ ਲਈ ਜਾਂਦੇ ਹਨ। 'ਗੁਰੂ ਕੇ ਬਾਗ਼' ਦੀ ਫਿਰ ਕੀ ਵਿਲੱਖਣਤਾ ਹੈ? ਉੱਤਰ ਬਹੁਤ ਸਪੱਸ਼ਟ ਹੈ, 'ਗੁਰੂ ਕੇ ਬਾਗ਼' ਨਾਲ ਸ਼ਬਦ 'ਗੁਰੂ' ਆਸਥਾ, ਪਵਿੱਤਰਤਾ, ਇਤਿਹਾਸਕਤਾ ਤੇ ਵਿਰਾਸਤ ਦਾ ਪ੍ਰਤੀਕ ਹੈ। ਇਹ ਆਮ ਬਾਗ਼ ਨਹੀਂ ਇਸ ਨਾਲ ਆਸਥਾ ਤੇ ਪਵਿੱਤਰਤਾ ਜੁੜੀ ਹੈ। ਇਨ੍ਹਾਂ ਬਾਗ਼ਾਂ ਨੂੰ ਗੁਰੂ ਸਾਹਿਬਾਨ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੈ।

ਸਿੱਖ ਗੁਰੂ ਸਾਹਿਬਾਨ ਕਾਦਰ ਦੀ ਕੁਦਰਤ ਨੂੰ ਬੇਹੱਦ ਪਿਆਰ ਕਰਦੇ ਸਨ। ਇਹੀ ਕਾਰਨ ਹੈ ਕਿ ਪਾਵਨ ਪਵਿੱਤਰ ਗੁਰਬਾਣੀ ਵਿਚ ਕੁਦਰਤ ਦਾ ਵਰਣਨ ਬਾਖ਼ੂਬੀ ਕੀਤਾ ਗਿਆ ਹੈ। ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਪੇੜ-ਪੌਦਿਆਂ, ਦਰੱਖ਼ਤਾਂ ਦੇ ਨਾਵਾਂ 'ਤੇ ਵਿਸ਼ਵ ਪ੍ਰਸਿੱਧ ਹਨ, ਜਿਵੇਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ (ਜਿਸ ਥਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਪਹਿਲਾ ਮੋਰਚਾ ਲੱਗਾ) ਗੁਰਦੁਆਰਾ ਰੀਠਾ ਸਾਹਿਬ, ਬੀੜ ਬਾਬਾ ਬੁੱਢਾ ਜੀ, ਗੁਰਦੁਆਰਾ ਦਾਤਣ ਸਾਹਿਬ (ਕਟਕ), ਗੁਰਦੁਆਰਾ ਜੰਡ ਸਾਹਿਬ, ਗੁਰਦੁਆਰਾ ਨਿੰਮਸਰ ਸਾਹਿਬ ਕੈਂਥਲ, ਗੁਰਦੁਆਰਾ ਬੋਹੜੀ ਸਾਹਿਬ, ਗੁਰਦੁਆਰਾ ਫਲਾਹੀ ਸਾਹਿਬ, ਗੁਰਦੁਆਰਾ ਪਿੱਪਲੀ ਸਾਹਿਬ, ਗੁਰਦੁਆਰਾ ਰੇਰੂ ਸਾਹਿਬ ਰਾਮਪੁਰਾ, ਲੁਧਿਆਣਾ ਆਦਿ।

ਵਿਰਾਸਤੀ ਰੁੱਖਾਂ ਦਾ ਖ਼ਾਤਮਾ

ਕੁਦਰਤ ਪਿਆਰ ਨੂੰ ਦਰਸਾਉਂਦੇ ਇਤਿਹਾਸਕ ਦਰੱਖ਼ਤਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਮਾਨਵਤਾ ਦੀ ਆਸਥਾ ਦੇ ਕੇਂਦਰੀ ਅਧਿਆਤਮਕ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਬਹੁਤ ਸਾਰੇ ਦਰੱਖ਼ਤਾਂ ਦਾ ਜ਼ਿਕਰ ਮਿਲਦਾ ਹੈ। ਕੁਝ ਚਸ਼ਮਦੀਦ ਤਾਂ ਅੱਜ ਵੀ ਮਿਲ ਜਾਂਦੇ ਹਨ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ, ਸ੍ਰੀ ਦਰਬਾਰ ਸਾਹਿਬ, ਮੁਕਤਸਰ ਸਾਹਿਬ ਆਦਿ ਪਵਿੱਤਰ ਅਸਥਾਨਾਂ ਦੀਆਂ ਪਰਿਕਰਮਾ ਵਿੱਚੋਂ ਵਿਰਾਸਤੀ ਬੂਟਿਆਂ ਦੀ ਭਰਮਾਰ ਨੂੰ ਤੱਕਿਆ ਹੈ। ਸਮੇਂ ਦੇ ਗੇੜ ਨਾਲ ਅਸੀਂ ਕੁਦਰਤ ਪਿਆਰ ਤੋਂ ਵਿਹੂਣੇ ਹੁੰਦੇ ਗਏ। ਗੁਰਦੁਆਰਿਆਂ, ਸਰੋਵਰਾਂ ਦੀਆਂ ਪਰਿਕਰਮਾ 'ਚੋਂ 'ਬਲਿਹਾਰੀ ਕੁਦਰਤਿ ਵਸਿਆ' ਦੇ ਪ੍ਰਤੱਖ ਦਰਸ਼ਨ ਕਰਵਾਉਂਦੇ ਪਵਿੱਤਰ ਦਰੱਖ਼ਤ, ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ, ਹਰਿਆ ਭਰਿਆ, ਸੁੰਦਰ, ਸੁਹਜਮਈ ਤੇ ਸੁਗੰਧੀ ਭਰਪੂਰ ਬਣਾਉਂਦੇ ਸਨ।

ਕਾਰ ਸੇਵਾ ਦੇ ਨਾਂ 'ਤੇ ਜੜ੍ਹ ਤੋਂ ਪੁੱਟ ਕੇ ਪੰਜਾਬ ਦੇ ਵਿਰਾਸਤੀ ਦਰੱਖ਼ਤ ਖ਼ਤਮ ਕਰ ਦਿੱਤੇ। ਠੰਢਕ ਦੇਣ ਵਾਲੇ ਹਰੇ ਭਰੇ ਦਰੱਖ਼ਤਾਂ ਦੀ ਥਾਂ ਰਾਜਸਥਾਨ ਤੋਂ ਮਹਿੰਗੇ ਭਾਅ ਮਾਰਬਲ-ਪੱਥਰ ਲਿਆ ਕੇ ਜੜ੍ਹ ਦਿੱਤਾ। ਮਾਰਬਲ-ਪੱਥਰ ਕਾਰਨ ਪਰਿਕਰਮਾ ਵਿਚ ਤਪਸ਼ ਵਧੀ, ਚਿੱਟੇ ਪੱਥਰ ਦੀ ਲਿਸ਼ਕੋਰ ਨੇ ਅੱਖਾਂ ਨੂੰ ਬੰਦ-ਨੀਵਾਂ ਕਰ ਕੇ ਚੱਲਣ ਲਈ ਮਜਬੂਰ ਕਰ ਦਿੱਤਾ। ਫੁੱਲਾਂ, ਫਲਾਂ, ਛਾਂਦਾਰ ਦਰੱਖ਼ਤਾਂ ਦੀ ਹਰਿਆਵਲ ਨੂੰ ਤੱਕ ਕੇ ਜੋ ਅੱਖਾਂ ਨੂੰ ਸਕੂਨ ਮਿਲਦਾ ਸੀ, ਉਹ ਖ਼ਤਮ ਹੋ ਗਿਆ। ਸਾਨੂੰ ਆਪਣੇ ਉਨ੍ਹਾਂ ਬਜ਼ੁਰਗਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਚੌੜੀ ਕਰਨ ਸਮੇਂ ਇਤਿਹਾਸਕ ਬੇਰੀਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਇਤਿਹਾਸਕ ਇਮਲੀ ਦੇ ਦਰੱਖ਼ਤ ਨੂੰ ਬਚਾਇਆ, ਇਤਿਹਾਸਕ ਹਵਾਲੇ ਵਜੋਂ। ਜੂਨ, 1984 'ਚ ਵਾਪਰੇ ਘੱਲੂਘਾਰੇ ਸਮੇਂ ਇਮਲੀ ਦਾ ਦਰੱਖ਼ਤ ਭਾਰਤੀ ਫ਼ੌਜ ਦੇ ਕਹਿਰ ਦਾ ਸ਼ਿਕਾਰ ਹੋ ਗਿਆ, ਜਿਸ ਦੀ ਥਾਂ ਨਵਾਂ ਬੂਟਾ ਲਗਾਇਆ ਗਿਆ ਹੈ। ਇਹ ਇਮਲੀ ਦਾ ਉਹੀ ਵਿਰਾਸਤੀ-ਇਤਿਹਾਸਕ ਦਰੱਖ਼ਤ ਸੀ ਜਿਸ ਨਾਲ ਬੰਨ੍ਹ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ, ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਜੀ, ਜੱੱਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਣਾਈ ਸੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਸਥਿਤ ਆਸਥਾ ਦੀਆਂ ਤਿੰਨ ਬੇਰੀਆਂ, ਸਾਡੀ ਅਮੀਰ ਵਿਰਾਸਤ ਤੇ ਇਤਿਹਾਸ ਨੂੰ ਸੰਭਾਲੀ ਖੜ੍ਹੀਆਂ ਹਨ। ਇਹ ਬੇਰੀਆਂ ਆਮ ਨਹੀਂ। 'ਦੁਖ ਭੰਜਨੀ ਬੇਰੀ' ਚਸ਼ਮਦੀਦ ਹੈ, ਬੀਬੀ ਰਜਨੀ ਨਾਲ ਵਾਪਰੇ ਚਮਤਕਾਰੀ ਕੌਤਕ ਦੀ। 'ਬੇਰ ਬਾਬਾ ਬੁੱਢਾ ਜੀ' ਸੇਵਾ-ਸਿਮਰਨ, ਸ਼ਰਧਾ-ਭਾਵਨਾ ਨੂੰ ਪ੍ਰਗਟ ਕਰਦੀ ਹੈ। 'ਲਾਚੀ ਬੇਰੀ' ਮੱਸੇ ਰੰਗੜ ਦੇ ਕੀਤੇ ਨੂੰ ਸਜ਼ਾ ਦੇਣ ਲਈ, ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਸੂਰਬੀਰਤਾ ਦੀ ਸ਼ਾਹਦੀ ਭਰਦੀ ਹੈ।

ਕੀਮਤੀ ਸੁਝਾਅ ਆਏ ਅਮਲ 'ਚ

25 ਫਰਵਰੀ, 2004 ਨੂੰ ਤ੍ਰਿਲੋਚਨ ਸਿੰਘ ਚੇਅਰਮੈਨ, ਘੱਟ ਗਿਣਤੀ ਕਮਿਸ਼ਨ ਨੇ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਬਾਰੇ ਕੁਝ ਸੁਝਾਅ ਦਿੱਤੇ ਸਨ। ਜਿਨ੍ਹਾਂ 'ਚ ਪਰਿਕਰਮਾ ਦੇ ਵਰਾਂਡਿਆਂ 'ਤੇ ਬੂਟੇ ਲਗਾਉਣ, ਤਾਰਾਂ ਨੂੰ ਕਵਰ ਕਰਨ, ਭੰਗੀਆਂ ਵਾਲੀ ਤੋਪ ਦਾ ਇਤਿਹਾਸ ਲਿਖਣ ਤੇ ਤੋਸ਼ੇਖਾਨੇ ਬਾਰੇ। ਪੱਤਰ 'ਤੇ ਅਮਲ ਕੇਵਲ ਇੰਨਾ ਹੀ ਹੋਇਆ ਕਿ ਮਤਾ ਨੰ: 610 ਮਿਤੀ 28 ਮਈ, 2004 ਰਾਹੀਂ ਸੁਝਾਵਾਂ ਨੂੰ ਪ੍ਰਵਾਨ ਕਰ ਲਿਆ। ਇਸ 'ਤੇ ਅਮਲ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਗਿਆ।

ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ ਸੇਵਾ ਕਰਨ ਸਮੇਂ ਮੇਰਾ ਸੁਪਨਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਰਾਂਡਿਆਂ, ਪਰਿਕਰਮਾ 'ਚ ਹਰਿਆਵਲ ਹੋਵੇ ਤਾਂ ਜੋ ਪ੍ਰਦੂਸ਼ਣ ਤੋਂ ਨਿਜ਼ਾਤ ਪ੍ਰਾਪਤ ਕਰ, ਰੂਹਾਨੀ ਵਾਤਾਵਰਨ ਨੂੰ ਹਰਿਆ-ਭਰਿਆ, ਸੁਹਜਮਈ-ਸੁਗੰਧੀ ਭਰਪੂਰ ਬਣਾਇਆ ਜਾ ਸਕੇ। ਇਸ ਸੋਚ ਨੂੰ ਹੋਰ ਬਲ ਉਸ ਸਮੇਂ ਮਿਲਿਆ, ਜਦੋਂ ਵਰਿੰਦਰ ਸਿੰਘ ਵਾਲੀਆ, ਜੋ ਉਸ ਸਮੇਂ ਅੰਗਰੇਜ਼ੀ ਟ੍ਰਿਬਿਊਨ ਦੇ ਅੰਮ੍ਰਿਤਸਰ ਦੇ ਪ੍ਰਤੀਨਿਧ ਸਨ ਨੇ ਮੈਨੂੰ ਇਹ ਸੁਪਨਾ ਹਕੀਕਤ ਬਣਾਉਣ ਦੀ ਪ੍ਰੇਰਨਾ ਦਿੱਤੀ। ਇਸ ਕਾਰਜ ਵਾਸਤੇ ਅਸੀਂ ਵਾਤਾਵਰਨ ਪ੍ਰੇਮੀਆਂ ਤੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਦੀ ਰਾਇ ਨਾਲ ਵਰਾਂਡਿਆਂ 'ਤੇ ਵਿਸ਼ੇਸ਼ ਗਮਲੇ ਰਖਵਾ ਕੇ ਬੂਟੇ ਲਾਉਣ ਦੀ ਯੋਜਨਾ ਬਣਾਈ। ਅਸੀਂ ਸਹਾਰਨਪੁਰ ਯੂ. ਪੀ. ਤੋਂ ਵਿਸ਼ੇਸ਼ ਪੌਦਿਆਂ ਦਾ ਇਕ ਟਰੱਕ ਲਿਆਂਦਾ ਤੇ ਪਰਿਕਰਮਾ ਦੇ ਬਰਾਂਡਿਆਂ 'ਤੇ ਬੂਟੇ ਲਾਉਣ ਦੀ ਸੇਵਾ ਗਿਆਨੀ ਗੁਰਬਚਨ ਸਿੰਘ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਾਬਾ ਜਗਤਾਰ ਸਿੰਘ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਦੁਆਰਾ ਆਰੰਭ ਕੀਤੀ ਗਈ। ਪਰ ਮੇਰੇ ਤੋਂ ਬਾਅਦ ਹੋਏ ਕਾਰਜਾਂ ਨਾਲ ਇਨ੍ਹਾਂ ਸਧਰਾਂ ਨੂੰ ਬੂਰ ਨਾ ਪਿਆ।

ਮੇਰਾ ਅਹੁਦਾ ਬਦਲਣ ਪਿੱਛੋਂ ਇਹ ਸੁਪਨਾ ਉਸ ਸਮੇਂ ਸਾਕਾਰ ਨਾ ਹੋ ਸਕਿਆ। ਇਸ ਪਿੱਛੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੇ ਬਰਾਂਡਿਆਂ 'ਤੇ ਲੱਗੇ ਫੁੱਲਾਂ, ਝਾੜੀਆਂ ਦੇ ਵੱਡੇ ਗਮਲੇ ਸੰਗਤ ਨੂੰ ਦਿੱਕਤ ਪੇਸ਼ ਆਉਣ ਦਾ ਬਹਾਨਾ ਲਾ ਕੇ ਬਾਹਰ 'ਗੁਰੂ ਕੇ ਬਾਗ਼' 'ਚ ਰੱਖਣ ਦੀ ਤਜਵੀਜ਼ 'ਤੇ ਅਮਲ ਹੋਇਆ। ਇਸ ਕਰਕੇ ਮੇਰਾ ਸੁਪਨਾ ਫਿਰ ਤਿੜਕ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਤਾ ਪਾ ਕੇ ਕਾਰ ਸੇਵਾ ਵਾਲੇ ਇਕ ਬਾਬਾ ਜੀ ਨੂੰ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਦੇ ਗਮਲਿਆਂ ਦੇ ਬੂਟਿਆਂ ਦੀ ਸੇਵਾ-ਸੰਭਾਲ ਕਰਨ ਦੀ ਸੇਵਾ ਸੌਂਪੀ ਗਈ ਪਰ ਹੋਇਆ ਕੁਝ ਨਹੀਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ 'ਗੁਰੂ ਕੇ ਬਾਗ਼' ਦੀ ਹਾਲਤ ਨਿਰਾਸ਼ਾਜਨਕ ਹੋਣ ਕਰਕੇ ਅੰਤਰ

ਰਾਸ਼ਟਰੀ ਪੱਧਰ ਦਾ ਬਾਗ਼ ਬਗ਼ੀਚਾ ਵਿਕਸਿਤ ਕਰਨ ਲਈ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦੇਣ ਸਬੰਧੀ ਸਕੱਤਰ (ਡਾ. ਰੂਪ ਸਿੰਘ) ਦਾ ਨੋਟ ਪੇਸ਼ ਹੋਣ 'ਤੇ ਪ੍ਰਵਾਨ ਤਾਂ ਹੋਇਆ ਪਰ ਕੋਈ ਕਾਰਜ ਨਾ ਹੋ ਸਕਿਆ। ਫਿਰ 8 ਨਵੰਬਰ, 2017 ਨੂੰ ਮੈਨੂੰ ਬਤੌਰ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਫਿਰ ਮੈਂ ਅਧੂਰੇ ਸੁਪਨੇ ਨੂੰ ਸਾਕਾਰ ਕਰਨ ਵੱਲ ਲੱਗ ਗਿਆ।

7 ਮਾਰਚ, 2018 ਨੂੰ ਪਾਸ ਮਤੇ ਰਾਹੀਂ ਬਾਗ਼ਬਾਨੀ ਵਿਭਾਗ ਦੀ ਰਾਇ ਅਨੁਸਾਰ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਸਾਹਮਣੇ ਦੋ ਪਾਰਕਾਂ ਨੂੰ ਲੈਂਡ ਸਕੇਪਿੰਗ ਕਰ ਕੇ ਫੁੱਲ-ਬੂਟੇ ਲਾਉਣ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਲਿਆਂ ਨੂੰ ਦਿੱਤੀ ਗਈ। ਮੁਸ਼ਕਲਾਂ ਬਹੁਤ ਆਈਆਂ ਪਰ ਸਹਿਜੇ-ਸਹਿਜੇ ਇਹ ਕਾਰਜ ਸੰਪੂਰਨ ਹੋਣ ਜਾ ਰਿਹਾ ਹੈ। ਜਦ ਵੀ ਸਮਾਂ ਮਿਲਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਵਰਾਂਡਿਆਂ, ਗੁਰੂ ਕੇ ਬਾਗ਼ ਤੇ ਸ੍ਰੀ ਦਰਬਾਰ ਸਾਹਿਬ ਸਮੂਹ 'ਚ ਹਰਿਆਵਲ ਲਈ ਯਤਨਸ਼ੀਲ ਰਹੇ।

ਨਵੇਂ ਸਿਰਿਓਂ ਯੋਜਨਾਬੰਦੀ

18 ਮਾਰਚ, 2018 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੂੰ, ਸੁਗੰਧਿਤ ਤੇ ਪ੍ਰਦੂਸ਼ਣ ਮੁਕਤ ਕਰਨ ਲਈ 'ਗੁਰੂ ਕੇ ਬਾਗ਼' ਦੀ ਪੁਨਰ ਸੁਰਜੀਤੀ ਲਈ ਮੀਟਿੰਗ ਕੀਤੀ ਜਿਸ ਵਿਚ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਵਾਤਾਵਰਨ ਪ੍ਰੇਮੀ ਸੁਆਮੀ ਹੁਸ਼ਿਆਰਪੁਰ ਤੋਂ ਡਾ. ਜਸਵਿੰਦਰ ਸਿੰਘ ਬਿਲਗਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਲੁਧਿਆਣਾ ਦੇ ਸਾਬਕਾ ਡੀਨ ਡਾ. ਜੇ. ਐੱਸ. ਅਰੋੜਾ, ਮੈਨੇਜਰ ਸ੍ਰੀ ਦਰਬਾਰ ਸਾਹਿਬ, ਸੁਲੱਖਣ ਸਿੰਘ ਭੰਗਾਲੀ ਤੇ ਉੱਚ ਅਧਿਕਾਰੀ ਸ਼ਾਮਲ ਹੋਏ।

ਗੁਰੂ ਕੇ ਬਾਗ਼ ਦੀ ਮੁੜ ਸੁਰਜੀਤੀ ਵਾਸਤੇ ਵਿਰਾਨ ਪਏ ਬਾਗ਼ 'ਚੋਂ ਗੁ: ਦੀਵਾਨ ਹਾਲ ਮੰਜੀ ਸਾਹਿਬ ਤੇ ਗੁਰੂ ਰਾਮਦਾਸ ਜੀ ਦੇ ਲੰਗਰ ਵਿਚਲੇ ਰਸਤੇ ਨੂੰ ਪੁੱਟ, ਦੋਨੋ ਪਾਰਕਾਂ ਨੂੰ ਇਕ ਕਰ ਕੇ ਪੁਰਾਣੀ ਮਿੱਟੀ ਸਾਰੀ ਚੁੱਕੀ ਗਈ। ਨਵੇਂ ਸਿਰਿਓਂ ਮਿੱਟੀ ਪਾਈ ਗਈ। ਪਹਿਲੇ ਰਸਤੇ ਨਵੇਂ ਰੂਪ ਵਿਚ ਤਿਆਰ ਕੀਤੇ ਤਾਂ ਕਿ ਪੁਰਾਤਨ ਰਸਤੇ ਨੂੰ ਵੀ ਕਾਇਮ ਰੱਖਿਆ ਜਾ ਸਕੇ। ਦੋਨਾਂ ਕਿਆਰੀਆਂ ਦੀ ਵੰਡ ਕਰ ਕੇ ਵੱਖ-ਵੱਖ ਉੱਚੀਆਂ-ਨੀਵੀਆਂ ਖੇਲਾਂ ਤਿਆਰ ਕੀਤੀਆਂ ਗਈਆਂ ਤਾਂ ਜੋ ਇਕ ਨਿਸ਼ਚਿਤ ਤਰਤੀਬ 'ਚ ਪੌਦੇ ਲੱਗ ਸਕਣ।

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ

5 ਮਾਰਚ, 2020 ਨੂੰ 'ਗੁਰੂ ਕੇ ਬਾਗ' 'ਚ 86 ਕਿਸਮ ਦੇ ਗੁਲਾਬ ਦੇ ਪੰਜ-ਪੰਜ ਬੂਟੇ ਲਗਾਏ ਗਏ। ਜਿਸ ਦਿਨ 'ਗੁਰੂ ਕੇ ਬਾਗ' 'ਚ 400 ਕਿਸਮ ਦਾ ਗੁਲਾਬ ਲਗਾਇਆ ਜਾਣਾ ਸੀ, ਉਸੇ ਦਿਨ ਮੇਰੇ ਮਨ 'ਚ ਖ਼ਿਆਲ ਆਇਆ, ਕਿ ਕਿਉਂ ਨਾ 486 ਕਿਸਮ ਦਾ ਗੁਲਾਬ ਲਗਾਇਆ ਜਾਵੇ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ 2 ਨਵੰਬਰ, 2020 ਨੂੰ ਆ ਰਹੇ 486ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੁੰਦਿਆਂ! ਇਸਦੀ ਪੂਰਤੀ ਵਾਸਤੇ 86 ਕਿਸਮ ਦੇ ਹੋਰ 5-5 ਗੁਲਾਬ ਦੇ ਬੂਟੇ ਬੰਗਲੌਰ ਤੋਂ ਹੀ ਮੰਗਵਾਏ ਗਏ। ਜਿਨ੍ਹਾਂ ਨੂੰ ਵਿਸ਼ੇਸ਼ ਰੂਪ 'ਚ ਲਗਾਇਆ, ਜਿਵੇਂ ਕਿ ਪੜ੍ਹਿਆ ਜਾਵੇ 'ਧੰਨ ਸ੍ਰੀ ਗੁਰੂ ਰਾਮਦਾਸ ਜੀ'। ਸਤਿਗੁਰੂ ਜੀ ਨੇ ਇਹ ਰੀਝ ਵੀ ਪੂਰੀ ਕਰਵਾ ਦਿੱਤੀ। ਸੇਵਾ ਸਵਿੰਦਰਪਾਲ ਸਿੰਘ ਸਪੁੱਤਰ ਪ੍ਰਭਜੋਤ ਸਿੰਘ ਦੇ ਪਰਿਵਾਰ ਵੱਲੋਂ ਹੀ ਕੀਤੀ ਗਈ। ਇਸ ਕਾਰਜ 'ਚ ਸਹਿਯੋਗੀ ਬਣੇ ਸਕੱਤਰ ਮਨਜੀਤ ਸਿੰਘ, ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ, ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ, ਸਕੱਤਰ ਸਿੰਘ, ਸੁਖਜਿੰਦਰ ਸਿੰਘ, ਤਜਿੰਦਰ ਸਿੰਘ ਅੈਕਸੀਅਨ ਤੇ ਮਲਕੀਅਤ ਸਿੰਘ ਬਹਿੜਵਾਲ ਆਦਿ ਉੱਚ ਅਧਿਕਾਰੀ। 'ਗੁਰੂ ਕਾ ਬਾਗ' 'ਚ ਲੱਗੇ ਵੱਖ-ਵੱਖ ਫੁੱਲਦਾਰ, ਫਲਦਾਰ ਬੂਟਿਆਂ ਅਤੇ ਅਨੇਕਾਂ ਕਿਸਮ ਦੇ ਮੌਸਮੀ ਫੁੱਲਾਂ ਨੂੰ ਮੌਲਦਿਆਂ ਤਕ ਗੁਰਬਾਣੀ ਦੀ ਪਾਵਨ ਪੰਕਤੀ ਰੂਹਾਨੀ ਵਾਤਾਵਰਨ, ਅਧਿਆਤਮਿਕਤਾ ਅਤੇ ਕੁਦਰਤ ਦੇ ਸੁਮੇਲ ਨੂੰ ਪ੍ਰਗਟ ਕਰਦੀ ਯਾਦ ਆਉਂਦੀ ਹੈ :

ਅਖੀ ਕੁਦਰਤਿ ਕੰਨੀ ਬਾਣੀ

ਮੁਖਿ ਆਖਣੁ ਸਚੁ

ਪਤਿ ਕਾ ਧਨੁ ਪੂਰਾ ਹੋਆ

ਲਾਗਾ ਸਹਜਿ ਧਿਆਨੁ

ਮਾਹਾ ਰੁਤੀ ਆਵਣਾ

ਵੇਖਹੁ ਕਰਮ ਕਮਾਇ

ਨਾਨਕ ਹਰੇ ਨ ਸੂਕਹੀ

ਜਿ ਗੁਰਮੁਖਿ ਰਹੇ ਸਮਾਇ

'ਗੁਰੂ ਕਾ ਬਾਗ਼' ਦੀ ਪੁਨਰ ਸੁਰਜੀਤੀ

'ਗੁਰੂ ਕਾ ਬਾਗ' 'ਚ ਇਕ ਪੁਰਾਣੀ ਤੋਪ ਵਿਸ਼ੇਸ਼ ਥੜ੍ਹੇ 'ਤੇ ਸੰਭਾਲੀ ਹੋਈ ਹੈ, ਕਿਹਾ ਜਾਂਦਾ ਹੈ ਕਿ ਇਹ ਭੰਗੀ ਮਿਸਲ ਨਾਲ ਸਬੰਧਤ ਹੈ। ਇਸਨੂੰ ਭੰਗੀਆਂ ਵਾਲੀ ਤੋਪ ਕਿਹਾ ਜਾਂਦਾ ਹੈ। ਭੰਗੀਆਂ ਵਾਲੀ ਇਕ ਤੋਪ ਲਾਹੌਰ 'ਚ ਵੀ ਹੈ, ਜਿਸ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ 'ਚ ਵਿਸ਼ੇਸ਼ ਜ਼ਿਕਰ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ਿਸ਼ ਕਰ ਕੇ 'ਗੁਰੂ ਕੇ ਬਾਗ਼' ਦੀ ਪੁਨਰ ਸੁਰਜੀਤੀ ਕਰਵਾਈ ਹੈ। ਰੂਹਾਨੀ ਵਾਤਾਵਰਨ ਨਾਲ ਸਬੰਧਤ ਇਹ ਇਤਿਹਾਸਕ ਬਾਗ਼ ਦੀ ਸਹੀ ਦੇਖਭਾਲ ਨਾ ਹੋਣ ਕਾਰਨ, ਵੀਰਾਨ ਹੋ ਰਿਹਾ ਸੀ। 'ਗੁਰੂ ਕੇ ਬਾਗ਼' 'ਚ ਕੁਝ ਪੁਰਾਣੇ ਬੂਟੇ ਗੁਰੂ ਕ੍ਰਿਪਾ ਸਦਕਾ ਬਚੇ ਸਨ। ਜਿਨ੍ਹਾਂ 'ਚੋਂ ਅੰਬ, ਰਬੜ ਪਲਾਂਟ, ਚਨਾਰ, ਨਿੰਮ, ਸਿੰਬਲ, ਕਚਨਾਰ ਦੇ ਦਰੱਖ਼ਤ ਪ੍ਰਮੁੱਖ ਸਨ। ਮੁੜ ਸੁਰਜੀਤੀ ਸਮੇਂ-ਮੌਲਸਰੀ, ਸੱਤਪਤੀਆ, ਅੰਜ਼ੀਰ, ਬਦਾਮ, ਆੜੂ, ਪਾਮ, ਕਿੰਨੂ, ਲੀਚੀ, ਕਾਲਾ ਅਮਰੂਦ, ਰੀਠਾ, ਚੰਦਨ (ਚਿੱਟਾ-ਕਾਲਾ), ਹਰੜ, ਆਮਲਾ, ਬਹੇੜਾ, ਚੀਕੂ, ਜਾਮਨ, ਨਿੰਬੂ, ਆਲੂਬੁਖਾਰਾ ਤੇ ਵਿਸ਼ੇਸ਼ ਕਰਕੇ ਵੀਹ ਦੇ ਕਰੀਬ ਅੰਬ (ਅਮਰਪਾਲੀ) ਕਿਸਮ ਬੂਟੇ ਲਗਾਏ ਗਏ ਸਨ। ਬਿਨਾਂ ਕਿਸੇ ਪਹਿਲੇ ਲੱਗੇ ਬੂਟੇ ਨੂੰ ਨੁਕਸਾਨ ਪਹੁੰਚਾਏ ਤਿੰਨ ਕਿਸਮ ਦੀਆਂ ਕਿਆਰੀਆਂ 'ਚ ਇਹ ਬੂਟੇ ਲਗਾਏ ਹਨ। ਬੂਟੇ ਲਗਾਉਣ ਲੱਗਿਆਂ ਪਹਿਲੀ ਕਿਆਰੀ ਦੇ ਬੂਟਿਆਂ ਦੀ ਉਚਾਈ ਸਭ ਤੋਂ ਵੱਧ-ਦੂਸਰੀ ਕਿਆਰੀ ਦੇ ਬੂਟਿਆਂ ਦੀ ਉੱਚਾਈ ਉਨ੍ਹਾਂ ਤੋਂ ਘੱਟ ਤੇ ਤੀਸਰੀ ਕਿਆਰੀ ਦੇ ਬੂਟਿਆਂ ਦੀ ਉੱਚਾਈ ਸਭ ਤੋਂ ਘੱਟ ਤਾਂ ਕਿ ਦਿੱਖ ਸੋਹਣੀ ਬਣ ਸਕੇ। ਚੁਫੇਰੇ ਤਿੰਨ ਕਿਆਰੀਆਂ ਤੋਂ ਇਲਾਵਾ ਵਿਚਕਾਰ ਬਚੀ ਜਗ੍ਹਾ ਨੂੰ ਵੀ ਕਿਆਰੀਆਂ 'ਚ ਵੰਡਿਆ ਗਿਆ ਹੈ ਤਾਂ ਕਿ ਵੱਖ-ਵੱਖ ਕਿਸਮ ਦੇ ਫੁੱਲ ਲਗਾਏ ਜਾ ਸਕਣ।

ਵਿਚਕਾਰਲੀ ਕਿਆਰੀ 'ਚ ਹੀ ਵੰਡ ਕਰ ਕੇ 486 ਕਿਸਮ ਦੇ ਗੁਲਾਬ ਦੇ ਬੂਟੇ ਲਗਾਏ ਹਨ ਜੋ ਪਹਿਲੀ ਵਾਰ ਹੀ ਫੁੱਲਾਂ ਦੀ ਮਹਿਕ ਨੂੰ ਬਿਖੇਰ ਰਹੇ ਹਨ। ਇਸ ਤੋਂ ਇਲਾਵਾ 70 ਕਿਸਮ ਦੇ ਮੌਸਮੀ ਫੁੱਲ ਲਗਾਏ ਗਏ ਹਨ ਤਾਂ ਕਿ ਹਰ ਮੌਸਮ 'ਚ 'ਗੁਰੂ ਕੇ ਬਾਗ਼' 'ਚੋਂ ਮੌਸਮੀ ਫੁੱਲ ਮਹਿਕ ਵੰਡ ਸਕਣ। ਬਾਹਰਲੀ ਕਿਆਰੀ 'ਚ ਫਲਦਾਰ, ਛਾਂਦਾਰ ਤੇ ਸਜਾਵਟੀ ਪੌਦਿਆਂ ਤੋਂ ਇਲਾਵਾ 47 ਕਿਸਮ ਦੇ ਵਿਸ਼ੇਸ਼ ਕਿਸਮ ਦੇ ਪੌਦੇ ਲਗਾਏ ਗਏ ਹਨ। 'ਗੁਰੂ ਕੇ ਬਾਗ਼' ਦੇ ਨਵੇਂ ਪੁਰਾਣੇ-ਪੌਦਿਆਂ, ਫੁੱਲਾਂ ਬਾਰੇ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਬੋਰਡ ਲਗਾ ਦਿੱਤਾ ਹੈ ਤਾਂ ਜੋ ਯਾਤਰੂ, ਸ਼ਰਧਾਲੂ ਜਾਣਕਾਰੀ ਪ੍ਰਾਪਤ ਕਰ ਸਕਣ। 'ਗੁਰੂ ਕੇ ਬਾਗ਼' ਦੀ ਪੁਨਰ ਸੁਰਜੀਤੀ ਲਈ ਦਿਸ਼ਾ-ਨਿਰਦੇਸ਼ ਪ੍ਰਧਾਨ ਤੇ ਮੈਂਬਰ ਸਾਹਿਬਨ, ਸ਼੍ਰੋਮਣੀ ਕਮੇਟੀ ਦੇ ਸਨ। ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਸੇਵਕ ਪਰਿਵਾਰ ਪ੍ਰਭਜੋਤ ਸਿੰਘ, ਸਵਿੰਦਰਪਾਲ ਸਿੰਘ ਤੇ ਸਮੂਹ ਪ੍ਰੀਤਵਾਨ। ਮੇਰੇ ਸਾਥੀ ਸਕੱਤਰ ਸਾਹਿਬਾਨ, ਮੈਨੇਜਰ ਸਾਹਿਬਾਨ ਤੇ ਅਧਿਕਾਰੀਆਂ ਦੇ ਸਹਿਯੋਗ ਤੋਂ ਬਿਨਾਂ ਇਹ ਕਾਰਜ ਸੰਪੂਰਨ ਹੋਣਾ ਮੁਸ਼ਕਿਲ ਸੀ। ਸੁਪਨਾ ਸਾਕਾਰ ਹੋਣ 'ਤੇ ਮੈਂ ਆਪਣੇ ਸਤਿਗੁਰੂ ਸੀ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਰੋਮ-ਰੋਮ ਤੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਬਖਸ਼ਿਸ਼ ਸਦਕਾ ਇਹ ਕਾਰਜ ਆਰੰਭ ਤੇ ਸੰਪੂਰਨ ਕਰਵਾਇਆ ਹੈ।

ਲੋੜੀਂਦਾ ਹੈ ਸੰਗਤਾਂ ਦਾ ਸਹਿਯੋਗ

ਪੰਜਾਬ 'ਚ ਪ੍ਰਦੂਸ਼ਣ ਨੂੰ ਘਟਾਉਣ, ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਪ੍ਰੇਰਣਾ ਅਤੇ ਸਹਿਯੋਗ ਸਦਕਾ, ਗੁਰਦੁਆਰਾ ਪਾਤਸ਼ਾਹੀ ਪੰਜਵੀ, ਉਠੀਆ, ਬਟਾਲਾ ਵਿਖੇ 3 ਜੁਲਾਈ, 2020 ਨੂੰ ਇਕ ਏਕੜ ਵਿਚ ਜੰਗਲ ਲਾਉਣ ਦੀ ਸੇਵਾ ਆਰੰਭ ਹੋਈ। ਇਕ ਏਕੜ ਦੀ ਜ਼ਮੀਨ ਵਿਚ ਪੰਜਾਬ ਦੇ ਵਿਰਾਸਤੀ ਦਰੱਖ਼ਤਾਂ ਦੀਆਂ 50 ਕਿਸਮਾਂ ਦੇ 2500 ਦੇ ਕਰੀਬ ਪੌਦੇ ਲਗਾਏ ਗਏ। 6 ਜੁਲਾਈ, 2020 ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ, ਸਤਲਾਣੀ ਸਾਹਿਬ ਵਿਖੇ ਵੀ ਇਕ ਏਕੜ ਜ਼ਮੀਨ ਵਿਚ ਪ੍ਰਦੂਸ਼ਣ ਘਟਾਉਣ ਤੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਗਏ। ਯਤਨ ਜਾਰੀ ਹਨ, ਪੰਜਾਬ ਦੇ ਕੁਦਰਤੀ ਵਾਤਾਵਰਨ ਨੂੰ

ਬਹਾਲ ਕਰਨ, ਪ੍ਰਦੂਸ਼ਣ ਘਟਾਉਣ, ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ। ਸੰਗਤਾਂ ਦੇ ਭਰਵੇਂ ਸਹਿਯੋਗ-ਮਿਲਵਰਤਣ ਦੀ ਅਤਿਅੰਤ ਲੋੜ ਹੈ, ਇਨ੍ਹਾਂ ਪੌਦਿਆਂ ਦੀ ਸਾਂਭ-ਸਭਾਲ ਵਾਸਤੇ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਆਈਆਂ ਲੱਖਾਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਹਰਿਆਵਲ, ਫੁੱਲ ਤੇ ਸ਼ਾਨਦਾਰ ਪੌਦਿਆਂ ਤੋਂ ਪ੍ਰੇਰਣਾ, ਉਤਸ਼ਾਹ ਪ੍ਰਾਪਤ ਕਰ, ਘਰਾਂ 'ਚ ਵੀ ਹਰਿਆਵਲ ਵਧਾਉਣ ਤੇ ਪ੍ਰਦੂਸ਼ਣ ਘਟਾਉਣ ਲਈ ਯਤਨਸ਼ੀਲ ਹੁੰਦੀ ਹੈ। ਵਿਰਾਸਤੀ 'ਗੁਰੂ ਕੇ ਬਾਗ਼' ਦੀ ਪੁਨਰ ਸੁਰਜੀਤੀ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਿਆਂ, ਜਿੱਥੇ ਵੀ ਜਗ੍ਹਾ ਹੋਵੇ ਦਰੱਖ਼ਤ ਲਗਾਉੇਣ ਲਈ ਉਦਮ ਕਰ ਰਹੀ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀ ਸਮੁੱਚੀ ਧਰਤੀ ਪਵਿੱਤਰ, ਵਿਰਾਸਤੀ ਤੇ ਬੇਸ਼ੁਮਾਰ ਕੀਮਤੀ ਹੈ। ਜਗ੍ਹਾ ਦੀ ਸਹੀ ਯੋਗ ਵਰਤੋਂ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਿਤ ਉੱਚੀਆਂ ਇਮਾਰਤਾਂ 'ਤੇ ਵਿਸ਼ੇਸ਼ ਕਿਸਮ ਦੇ 4 ਫੁੱਟ ਉੱਚੇ, ਤਿੰਨ ਫੁੱਟ ਚੌੜੇ ਗਮਲੇ ਬਣਵਾ ਕੇ ਉਨ੍ਹਾਂ 'ਚ ਵਿਸ਼ੇਸ਼ ਕਿਸਮ ਦੇ ਸਦਾਬਹਾਰ ਪੌਦੇ ਤੇ ਵੇਲਾਂ ਲਗਵਾਉਣ ਦਾ ਕਾਰਜ 3 ਮਾਰਚ, 2019 ਨੂੰ ਪ੍ਰਬੰਧਕੀ ਬਲਾਕ ਤੋਂ ਸ਼ੁਰੂ ਕੀਤਾ ਗਿਆ। ਗੁਰੂ ਕ੍ਰਿਪਾ ਸਦਕਾ ਹੁਣ ਸ੍ਰੀ ਗੁਰੂ ਰਾਮਦਾਸ ਨਿਵਾਸ, ਗੁਰੂ ਅਰਜਨ ਦੇਵ ਨਿਵਾਸ 'ਤੇ ਵਿਸ਼ੇਸ਼ ਗਮਲੇ ਬਣਵਾ ਕੇ ਫੁੱਲ, ਫਲਦਾਰ ਤੇ ਸਦਾਬਹਾਰ ਬੂਟੇ ਲਗਵਾਏ ਗਏ ਹਨ। ਜਿਨ੍ਹਾਂ ਦੀ ਹਰਿਆਵਲ ਨੂੰ ਦੂਰੋਂ ਤੱਕਿਆ ਜਾ ਸਕਦਾ ਹੈ।

ਜੰਗਲ ਲਾਉਣ ਦੀ ਯੋਜਨਾ

ਨਿੱਕੇ-ਨਿੱਕੇ ਯਤਨ ਕੀਤੇ ਜਾ ਰਹੇ ਹਨ ਪੰਜਾਬ 'ਚ ਵਿਰਾਸਤੀ ਇਮਾਰਤਾਂ, ਵਸਤਾਂ, ਵਿਰਾਸਤੀ ਦਰੱਖ਼ਤਾਂ, ਵਾਤਾਵਰਨ ਨੂੰ ਬਚਾਉਣ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮਤੇ ਅਨੁਸਾਰ ਇਤਿਹਾਸਕ ਗੁਰਦੁਆਰਾ ਸਾਹਿਬਾਨ-85 ਵਿਖੇ ਇਕ-ਇਕ ਏਕੜ ਵਿਚ ਸੰਘਣੇ ਰੁੱਖ (ਜੰਗਲ) ਲਗਾਉਣ ਦੀ ਸੇਵਾ, ਵਾਤਾਵਰਨ ਪ੍ਰੇਮੀ, ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਰਾਹੀਂ ਲਗਵਾਉਣ ਦੀ ਪ੍ਰਵਾਨਗੀ ਦਿੱਤੀ ਗਈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕ੍ਰਿਪਾ ਸਦਕਾ, ਗੁਰਦੁਆਰਾ ਬਾਬਾ ਵੀਰ ਸਿੰਘ 'ਰੱਤੋਕੇ' ਅਤੇ ਗੁਰਦੁਆਰਾ ਬਾਬਾ ਬੁੱਢਾ ਜੀ, ਝਬਾਲ ਵਿਖੇ ਇਹ ਸੇਵਾ ਸ਼ੁਰੂ ਕਰਨ ਦਾ ਸੁਭਾਗ 12 ਜੂਨ, 2020 ਨੂੰ ਉਪਰੋਕਤ ਟੀਮ ਨੂੰ ਹੀ ਮਿਲਿਆ। ਇਸ ਹੀ ਯਤਨ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਓਠੀਆਂ (ਨੇੜੇ ਬਟਾਲਾ) ਵਿਖੇ 11 ਜੂਨ, 2020 ਨੂੰ ਇਤਿਹਾਸਕ ਅੱਠ ਕੋਨੇ ਖੂਹ ਨੂੰ ਮੁੜ ਚਾਲੂ ਕੀਤਾ ਗਿਆ ਤਾਂ ਜੋ ਨੌਜੁਆਨ ਦੇਖ ਸਕਣ ਕਿ ਖੂਹ ਕਿਵੇਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਦੇ ਸਨ। ਇਸ ਨਾਲ ਹੀ ਇਕ ਏਕੜ 'ਚ ਜੰਗਲ ਲਗਾਉਣ ਲਈ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ। ਖੂਹ ਦੇ ਦੁਆਲੇ ਪੰਜ ਬੂਟੇ ਲਗਾਏ ਗਏ। ਇਹ ਸੇਵਾ ਵੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਤੇ ਰਜਿੰਦਰ ਸਿੰਘ ਮਹਿਤਾ ਦੇ ਯਤਨਾ ਸਦਕਾ ਸ਼ੁਰੂ ਹੋਈ। ਇਸੇ ਸਮੇਂ ਵੀ ਬਹੁਤ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ ਹਾਜ਼ਰ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤੇ ਅਨੁਸਾਰ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ ਅਤੇ ਸ੍ਰੀ ਦਰਾਬਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰਾਂ ਦੇ ਆਲੇ ਦੁਆਲੇ ਫੁੱਲ, ਫਲ ਅਤੇ ਵਿਰਾਸਤੀ ਪੌਦੇ ਲਗਾਉਣ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ।

ਵਰਟੀਕਲ ਗਾਰਡਨ ਦੀ ਸ਼ੁਰੂਆਤ

15 ਸਤੰਬਰ, 2018 ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਵਰਟੀਕਲ ਗਾਰਡਨ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਹੁਣ ਤੀਕ 35 ਹਜ਼ਾਰ ਤੋਂ ਵਧੇਰੇ ਸਦਾਬਹਾਰ ਤੇ ਮੌਸਮੀ ਫੁੱਲ-ਬੂਟੇ ਲਗਾਏ ਗਏ। ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਰੋਹਿਤ ਮਹਿਰਾ ਦੀ ਪਹਿਲਕਦਮੀ ਨਾਲ ਇਹ ਕਾਰਜ ਸੰਪੂਰਨ ਹੋਇਆ। ਫਿਰ 03 ਮਾਰਚ, 2019 ਨੂੰ ਵੀ ਵਰਟੀਕਲ ਗਾਰਡਨ ਵਿਚ ਹੋਰ ਬਹੁਤ ਸਾਰੇ ਬੂਟੇ ਲਗਾਏ ਗਏ। 16 ਅਪ੍ਰੈਲ, 2019 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਇਮਾਰਤਾਂ ਦੀਆਂ ਛੱਤਾਂ 'ਤੇ ਪੌਦੇ ਲਗਾਏ ਗਏ। 7 ਅਗਸਤ, 2019 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਰਾਂਡਿਆਂ ਖ਼ਾਸ ਕਰ ਕੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਦਫ਼ਤਰ ਵਾਲੇ ਪਾਸੇ ਸਤਨਾਮ ਸਿੰਘ ਆਹਲੂਵਾਲੀਆ ਤੇ ਉਨ੍ਹਾਂ ਦੀ ਧਰਮ ਸੁਪਤਨੀ ਦੇ ਉਦਮ ਸਦਕਾ, ਮੁੱਖ ਗ੍ਰੰਥੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵੱਖ-ਵੱਖ ਕਿਸਮਾਂ ਦੀਆਂ ਸਦਾਬਹਾਰ ਹਰੀਆਂ-ਭਰੀਆਂ ਵੇਲਾਂ ਲਗਾਉਣ ਦੀ ਸੇਵਾ ਸ਼ੁਰੂ ਕੀਤੀ। ਮਨਜੀਤ ਸਿੰਘ, ਸਕੱਤਰ, ਸੁਖਦੇਵ ਸਿੰਘ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਮੈਨੇਜਰ, ਸ੍ਰੀ ਦਰਬਾਰ ਸਾਹਿਬ, ਜਸਵਿੰਦਰ ਸਿੰਘ ਜੀ ਦੀਨਪੁਰ, ਬੀਬੀ ਪਰਮਜੀਤ ਕੌਰ ਪਿੰਕੀ, ਹਰਮੀਤ ਸਿੰਘ ਵੀ ਹਾਜ਼ਰ ਸਨ। ਇਸ ਦਿਨ ਹੀ ਪਰਿਕਰਮਾ 'ਚ ਵਾਤਾਵਰਣ ਪ੍ਰੇਮੀ ਸਵਾਮੀ ਜੀ ਹੁਸ਼ਿਆਰਪੁਰ ਵੱਲੋਂ ਕੁਝ ਵਿਲੱਖਣ ਕਿਸਮ ਦੇ ਅੰਬਾਂ ਦੇ ਬੂਟੇ ਲਾਉਣ ਦੀ ਸੇਵਾ ਸ਼ੁਰੂ ਕਰਵਾਈ। ਸ੍ਰੀ ਹਰਿਮੰਦਿਰ ਸਾਹਿਬ ਦੀ ਪਰਿਕਰਮਾ ਦੇ ਬਰਾਂਡਿਆਂ 'ਤੇ ਇਕ ਵਿਸ਼ੇਸ਼ ਕਿਸਮ, ਟਿਕੋਮਾ ਦੇ ਫੁੱਲ ਚੁਫੇਰੇ ਲਗਾਏ ਗਏ, ਜੋ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ। 30 ਦਸੰਬਰ, 2019 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਮੁੰਬਈ ਤੋਂ ਤਿਆਰ ਕਰਵਾਏ ਵਿਸ਼ੇਸ਼ ਵੱਡੇ ਗਮਲਿਆਂ 'ਚ ਵਿਰਾਸਤੀ ਅੰਬਾਂ ਦੇ ਬੂਟੇ ਲਗਵਾਉਣ ਦੀ ਸੇਵਾ ਬਾਬਾ ਗੁਰਮਤਿ ਸਿੰਘ ਖੋਸਾ ਕੋਟਲਾ ਤੇ ਡਾ. ਬਲਵਿੰਦਰ ਸਿੰਘ ਲੱਖੋਵਾਲੀਆ ਦੇ ਯਤਨਾ ਸਦਕਾ ਆਰੰਭ ਹੋਈ। ਇਸ ਦਿਨ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਘੰਟਾ ਘਰ ਬਾਹੀ 'ਤੇ ਵਿਰਾਸਤੀ ਬੂਟੇ ਪਿੱਪਲ, ਬੋਹੜ, ਨਿੰਮ ਆਦਿ ਦੇ ਲਗਾਏ ਗਏ, ਤਾਂ ਕਿ ਸ਼ਰਧਾਲੂ-ਯਾਤਰੂ ਤਪਸ਼ ਅਤੇ ਲਿਸ਼ਕੋਰ ਤੋਂ ਰਾਹਤ ਮਹਿਸੂਸ ਕਰਨ।

ਵਾਤਾਵਰਨ ਦੀ ਸ਼ੁੱਧਤਾ ਤੇ ਪ੍ਰਦੂਸ਼ਣ ਮੁਕਤੀ ਵਾਸਤੇ ਹੀ 18 ਫਰਵਰੀ, 2019 ਨੂੰ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਸਾਹਿਬ ਦੀ ਪਰਿਕਰਮਾ ਵਿਚ 126 ਬੂਟੇ (ਅੰਬ, ਚੰਦਨ ਤੇ ਬੋਗਨ ਵਿਲੀਆ) ਲਗਾਏ ਗਏ। ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦਾ ਸਰੋਵਰ ਦੂਸਰਾ ਵੱਡਾ ਇਤਿਹਾਸਕ ਸਰੋਵਰ ਹੈ। ਇਸ ਦੀ ਪਰਿਕਰਮਾ 'ਚ ਇਕ ਵੀ ਫੁੱਲਦਾਰ, ਜਾਂ ਛਾਂਦਾਰ ਦਰੱਖ਼ਤ ਨਹੀਂ ਸੀ। ਇਸ ਕਰਕੇ ਵਿਸ਼ੇਸ਼ ਟੋਏ ਪੁਟਵਾ ਕੇ 85 ਬੂਟੇ (ਅਮਰਪਾਲੀ ਅੰਬ, ਚੰਦਨ ਤੇ ਬੋਗਨ ਵਿਲੀਆ) ਲਗਾਏ ਗਏ।

- ਡਾ. ਰੂਪ ਸਿੰਘ

98146-37979

Posted By: Harjinder Sodhi