ਗੁਰਬਖ਼ਸ਼ ਸਿੰਘ ਕੇਸਰੀ ਦਾ ਜਨਮ ਪੁਆਧ ਖੇਤਰ ਦੇ ਇਤਿਹਾਸਕ ਪਿੰਡ ਘੜੂੰਆਂ ਦੇ ਸਾਹਮਣੇ ਕੁਝ ਕਿਲੋਮੀਟਰ ਦੂਰੀ ’ਤੇ ਉੱਤਰ ਦਿਸ਼ਾ ਵੱਲ ਸਥਿਤ ਪਿੰਡ ਹਸਨਪੁਰ (ਮੁਹਾਲੀ) ਵਿਖੇ ਫਰਵਰੀ, 1881 ਈ. ਨੂੰ ਧਿਆਨ ਸਿੰਘ ਦੇ ਘਰ ਹੋਇਆ। ਆਪ ਜੀ ਦੀ ਮਾਤਾ ਦਾ ਨਾਂ ਨੰਦ ਕੌਰ ਸੀ। ਆਪ ਨੇ ਮੁੱਢਲੀ ਵਿੱਦਿਆ ਪਿੰਡ ਘੜੂੰਆਂ ਤੇ ਮੈਟਿ੍ਰਕ, ਖ਼ਾਲਸਾ ਹਾਈ ਸਕੂਲ ਕੁਰਾਲੀ ਤੋਂ ਪ੍ਰਾਪਤ ਕੀਤੀ। ਆਪ ਜੀ ਦੇ ਦਾਦਾ ਅਤੇ ਪਿਤਾ ਜੀ ਵੀ ਬੜੇ ਗੁਣਵਾਨ ਸਾਹਿਤਕ ਵਿਅਕਤੀ ਸਨ, ਜਿਸ ਕਾਰਨ ਆਪ ਵੀ ਉਰਦੂ, ਫ਼ਾਰਸੀ ਤੇ ਸਿੱਖ ਸਾਹਿਤ ਦਾ ਗੂੜ੍ਹਾ ਗਿਆਨ ਰੱਖਦੇ ਸਨ। ਆਪ 1906 ਈ. ਵਿਚ ਮਲਾਇਆ ਚਲੇ ਗਏ ਅਤੇ ਉੱਥੇ ਪੰਥ ਖ਼ਾਲਸਾ ਦੀਵਾਨ ਦੇ ਪ੍ਰਚਾਰਕ ਰਹੇ। ਉੱਥੋਂ ਵਾਪਸ ਆ ਕੇ 1908 ਈ. ਵਿਚ ਭਾਈ ਦਿੱਤ ਸਿੰਘ ਕੰਨਿਆ ਪਾਠਸ਼ਾਲਾ ਰੋਪੜ ਖੋਲ੍ਹੀ, ਜਿਹੜਾ ਉਨ੍ਹਾਂ ਸਮਿਆਂ ਵਿਚ ਇਕ ਵੱਡਾ ਪਰਉਪਕਾਰੀ ਤੇ ਅਗਾਂਹਵਧੂ ਸੋਚ ਵਾਲਾ ਕਦਮ ਸੀ। ਇਸੇ ਦੌਰਾਨ 1910 ਈ. ਵਿਚ ‘ਦਿੱਤ ਸਿੰਘ ਮੈਗਜ਼ੀਨ’ ਮਾਸਿਕ ਪੱਤਰ ਆਰੰਭ ਕੀਤਾ। ਕੁਝ ਚਿਰ ਆਪ ਨੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੀ ਨੌਕਰੀ ਕੀਤੀ ਅਤੇ ਰਾਜ ਕਵੀ ਦਾ ਸਨਮਾਨ ਮਿਲਿਆ। ਅਕਾਲੀ ਦਲ ਦਾ ਗਠਨ ਪੂਰੇ ਜ਼ੋਰਾਂ ’ਤੇ ਹੋਣ ਕਾਰਨ, ਆਪ ਨੇ ਇਸ ਲਹਿਰ ਨਾਲ ਹਮਦਰਦੀ ਹੋਣ ਕਾਰਨ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਲਾਹੌਰ ਤੋਂ 1920 ਈ. ਵਿਚ ਛਪਣ ਵਾਲੇ ‘ਰਣਜੀਤ’ (ਪੱਤਰ) ਦੇ ਸੰਪਾਦਕ ਵੀ ਰਹੇ।

ਅੰਗਰੇਜ਼ ਹਕੂਮਤ ਦੇ ਸਮਿਆਂ ਵਿਚ ਭਸੌੜ (ਸੰਗਰੂਰ) ਵਿਖੇ ਪੰਚ ਖ਼ਾਲਸਾ ਦੀਵਾਨ ਵਿੱਦਿਆ ਭੰਡਾਰ ਦੀਆਂ ਗਤੀਵਿਧੀਆਂ ਦਾ ਬਹੁਤ ਬੋਲਬਾਲਾ ਸੀ। ਇਹ ਸਮਾਂ ਲਗਪਗ 1935 ਈ. ਦੇ ਨੇੜੇ-ਤੇੜੇ ਦਾ ਸੀ, ਜਿੱਥੋਂ ‘ਖ਼ਾਲਸਾ ਪਾਰਲੀਮੈਂਟ ਗ਼ਜ਼ਟ’ ਛਪਦਾ ਸੀ। ਇਸ ਗ਼ਜ਼ਟ ਵਿਚ ਉਸ ਸਮੇਂ ਦੀਆਂ ਮਹਾਨ ਸਿੱਖ ਸ਼ਖ਼ਸੀਅਤਾਂ ਦੀਆਂ ਰਚਨਾਵਾਂ ਛਪਦੀਆਂ ਸਨ। ਸ੍ਰੀ ਕੇਸਰੀ ਜੀ ਦੀਆਂ ਲਿਖਤਾਂ ਵਿਸ਼ੇਸ਼ ਤੌਰ ’ਤੇ ਸਲਾਹੀਆਂ ਜਾਂਦੀਆਂ ਸਨ। 1948 ਈ. ਵਿਚ ਆਪ ਇਸ ਗ਼ਜ਼ਟ (ਪੱਤਰ) ਦੇ ਸੰਪਾਦਕ ਵੀ ਰਹੇ। ਆਪ ਰੰਗੂਨ ਤੋਂ ਛਪਣ ਵਾਲੇ ਸਪਤਾਹਿਕ ਪੱਤਰ ‘ਬਰਮਾ ਸਿੱਖ ਸਮਾਚਾਰ’ ਦੇ ਵੀ ਆਨਰੇਰੀ ਸੰਪਾਦਕ ਰਹੇ। ਆਪ ਜੀ ਦੀ ਵਾਰਤਕ ਤੇ ਕਵਿਤਾ ’ਤੇ ਪੂਰੀ ਪਕੜ ਸੀ।

‘ਸੱਤ ਸਾਦਿਕ’ ਸ੍ਰੀ ਕੇਸਰੀ ਜੀ ਦੀਆਂ ਲਿਖਤਾਂ ਦੀ ਪੁਸਤਕ ਰੂਪ ਵਿਚ ਪਹਿਲੀ ਰਚਨਾ ਹੈ, ਜਿਹੜੀ ਉਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਨਾਲ ਪ੍ਰਕਾਸ਼ਿਤ ਕਰਵਾਈ। ਉਨ੍ਹਾਂ ਦਾ ਰਚਿਆ ਬਹੁਤ ਸਾਰਾ ਸਾਹਿਤ ਸਾਡੇ ਕੋਲੋਂ ਗੁੰਮ-ਗੁਆਚ ਗਿਆ ਹੈ, ਜਿਸ ਨੂੰ ਲੱਭਣ ਤੇ ਸੰਗ੍ਰਹਿਣ ਲਈ ਉਨ੍ਹਾਂ ਦੇ ਉੱਦਮੀ ਦੋਹਤਰੇ ਰਣਜੋਧ ਸਿੰਘ ਗਿੱਲ (ਪਿਛੋਕੜ ਲਾਂਡਰਾ ਪਿੰਡ ਤੇ ਵਰਤਮਾਨ ਵਾਸੀ ਫਰੀਦਾਬਾਦ ਹਰਿਆਣਾ) ਪੂਰੀ ਸ਼ਿੱਦਤ ਨਾਲ ਯਤਨਸ਼ੀਲ ਹਨ। ਇਸ ਦੇ ਫਲਸਰੂਪ ਪੁਆਧੀ ਪੰਜਾਬੀ ਸੱਥ ਮੁਹਾਲੀ ਦੇ ਯਤਨਾਂ ਸਦਕਾ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਸ੍ਰੀ ਕੇਸਰੀ ਜੀ ਦੀ ਚਰਚਿਤ ਪੁਸਤਕ ‘ਸੰਖਿਆ ਕੋਸ਼’ (1960 ਈ.) ਨੰੂ ਮੁੜ ਅਪ੍ਰੈਲ 2007 ਈ. ਵਿਚ ਪ੍ਰਕਾਸ਼ਿਤ ਕੀਤਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਣਜੋਧ ਸਿੰਘ ਗਿੱਲ ਪਰਿਵਾਰ ਵੱਲੋਂ ਪੁਆਧੀ ਪੰਜਾਬੀ ਸੱਥ ਮੁਹਾਲੀ ਰਾਹੀਂ 2006 ਈ. ਤੋਂ ਸਾਹਿਤਕਾਰ ਗੁਰਬਖ਼ਸ਼ ਸਿੰਘ ਕੇਸਰੀ ਯਾਦਗਾਰੀ ਪੁਰਸਕਾਰ, ਇਲਾਕੇ ਦੇ ਨਾਮਵਰ ਸਾਹਿਤਕਾਰ ਨੂੰ ਨਿਰੰਤਰ ਭੇਟ ਕੀਤਾ ਜਾਂਦਾ ਹੈ। ਆਪਣੇ ਆਪ ਵਿੱਚ ਇਹ ਇਕ ਅਤਿ ਸਲਾਹੁਣਯੋਗ ਉੱਦਮ ਹੈ। ਆਪਣੇ ਪੁਰਖਿਆਂ ਦੀ ਦੇਣ ਅਤੇ ਉਨ੍ਹਾਂ ਦੀਆਂ ਮੁੱਲਵਾਨ ਨਿਸ਼ਾਨੀਆਂ ਨੂੰ ਸਾਂਭਣਾ, ਪੁਨਰ ਸੁਰਜੀਤ ਕਰਨ ਵਾਲਾ ਕਾਰਜ ਹੈ। ਇੱਥੇ ਅਸੀਂ ਸ੍ਰੀ ਕੇਸਰੀ ਜੀ ਦੀ ਸਾਹਿਤ ਰਚਨਾਵਲੀ ਦੀ ਸੂਚੀ ਜੋ ਉਪਲਬਧ ਹੋਈ ਦੇ ਰਹੇ ਹਾਂ ਤਾਂ ਜੋ ਭੁੱਲੇ ਵਿਸਰੇ ਮਹਾਨ +ਸਾਹਿਤਕਾਰ ਦੀ ਵਡਮੁੱਲੀ ਦੇਣ ਬਾਰੇ ਜਾਣੂ ਕਰਵਾਇਆ ਜਾ ਸਕੇ।

ਗੁਰਬਖਸ਼ ਸਿੰਘ ਕੇਸਰੀ ਰਚਨਾਵਲੀ ਦਾ ਵੇਰਵਾ: ਮੌਲਿਕ ਰਚਨਾਵਾਂ1. ਸੱਤ ਸਾਦਿਕ, 2. ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ (ਇਹ ਪੁਸਤਕ ਸਿੰਘ ਬ੍ਰਦਰਜ਼ ਅੰਮਿ੍ਰਤਸਰ ਨੇ ਹੁਣੇ ਨਵੀਂ ਦਿੱਖ ਵਾਲੀ ਛਾਪੀ ਹੈ), 3. ਸੰਖਿਆ ਕੋਸ਼, 4. ਭੁੱਲੜ ਜੱਟ, 5. ਪੁਜਾਰੀ ਪ੍ਰਬੰਧ (ਦੂਜਾ ਨਾਂ ਮਨੋਹਰ ਬਾਗ ਦੇ ਗੰਦੇ ਫ਼ਲ), 6. ਮਨੋਹਰ ਮੰਤਰ (ਗਿਆਨ ਕੌਰ), 7. ਪੰਥ ਜਗਾਵਾਂ, 8. ਅਨੁਪਮ ਕਲਗੀ, 9. ਧੂਰਤ ਕਹਾਣੀਆਂ, 10. ਸੁਗੰਧਿ ਅਸਥਾਨ (‘ਬੋਸਤਾਂ’ ਦਾ ਪੰਜਾਬੀ ਅਨੁਵਾਦ) 11. ਜੀਵਨ ਸੰਤ ਭਗਤ ਸਿੰਘ, 12. ਸਾਡੇ ਪੰਥਕ ਗੀਤ, 13. ਕਲਮ ਤੇ ਤਲਵਾਰ ਦਾ ਸੰਵਾਦ, 14. ਸਿੰਧੀ ਬੱਚਾ, 15. ਚਾਹ ਤੇ ਨਸਵਾਰ, 16. ਗੁਰੂ ਦਰਸ਼ਨ ਦੀ ਸਿੱਕ, 17. ਪ੍ਰਸੰਗ ਭਾਈ ਗੋਂਦਾ, 18. ਰੋਪੜੀਆ ਪੀਰ ਤੇ ਨੌਵੇਂ ਗੁਰੂ ਸਾਹਿਬ, 19 ਸ਼ਾਹ ਭੀਖਣ, 20 ਗੁਰੂ ਸੰਗਤ ਮਹਿਮਾ। ਅਣਛਪੀਆਂ ਅਨੁਵਾਦਿਤ ਰਚਨਾਵਾਂ: 21. ਸ੍ਰੀ ਮਦ ਭਗਵਤ ਗੀਤਾ, 22. ਚਾਨਕੀਆ ਰਾਜਨੀਤੀ, 23. ਵਰਿੰਦ ਸਤ ਸਈ। ਅਣਛਪੀਆਂ ਪੁਸਤਕਾਂ: 24 ਸਭਯਤਾ ਸਾਗਰ, 25. ਸਾਹਿਤ ਸਾਗਰ, 26. ਵਿਗਿਆਨਕ ਲੇਖ, 27. ਕੇਸਰੀ ਝਲਕਾਂ, 28. ਗੁਰਮਤਿ ਸਿਧਾਂਤ।

ਉਨ੍ਹਾਂ ਦੀ ਯਾਦਦਾਸ਼ਤ ਬਹੁਤ ਚੰਗੀ ਸੀ। ਇਸੇ ਸਦਕਾ ਉਨ੍ਹਾਂ ਨੇ ਐਨਾ ਅਧਿਐਨ ਕੀਤਾ ਤੇ ਲਿਖਿਆ। ਕਹਿੰਦੇ ਸਨ ਕਿ ਉਹ ਪੰਜ ਸਾਲਾਂ ਦੀ ਉਮਰ ਤੋਂ ਪਾਠ ਕਰਦੇ ਹੁੰਦੇ ਸਨ ਤੇ ਬਹੁਤ ਸਾਰੀ ਗੁਰਬਾਣੀ ਕੰਠ ਸੀ ਤੇ ਗੁਰਬਾਣੀ ਦਾ ਗਿਆਨ ਵੀ ਬੇਅੰਤ ਸੀ। ਕੁਝ ਅਰਸਾ ਉਹ ਲਾਹੌਰ ਵਿਚ ਆਰਮੀ ਗੁਰਦੁਆਰੇ ਵਿਚ ਗ੍ਰੰਥੀ ਵੀ ਰਹੇ ਤੇ ਅੰਗਰੇਜ਼ ਕਮਾਂਡਰ ਉਨ੍ਹਾਂ ਤੋਂ ਬਹੁਤ ਮੁਤਾਸਰ ਸੀ, ਬੜੀ ਮੁਸ਼ਕਲ ਨਾਲ ਉਸ ਨੂੰ ਇਸ ਸੇਵਾ ਤੋਂ ਛੁਟਕਾਰਾ ਦਿੱਤਾ। ਰਣਜੋਧ ਸਿੰਘ ਗਿੱਲ ਨੇ ਦੱਸਿਆ ਕਿ ਮੇਰੀ ਨਾਨੀ ਗੁਜ਼ਰਨ ’ਤੇ ਉਨ੍ਹਾਂ ਦੇ ਨਮਿਤ ਜਦੋਂ ਸਾਧਾਰਨ ਪਾਠ ਆਰੰਭਿਆ ਤਾਂ ਭਾਈ ਨੂੰ ਅਸ਼ੁੱਧ ਗੁਰਬਾਣੀ ਪੜ੍ਹਨ ’ਤੇ ਬੜਾ ਟੋਕਿਆ। ਮੈਂ ਉਨ੍ਹਾਂ ਨੂੰ ਲਿਖਦੇ ਦੇਖਿਆ ਸੀ। ਮੇਜ਼ ਕੁਰਸੀ ’ਤੇ ਨਹੀਂ, ਫਰਸ਼ ’ਤੇ ਬਹਿ ਕੇ ਕਾਗਜ਼ ਦਸਤਰਖ਼ਾਨ ’ਤੇ ਰੱਖ ਕੇ ਜਾਂ ਫਿਰ ਪੱਟ ’ਤੇ ਰੱਖ ਕੇ। ਜੀਵਨ ਬਹੁਤ ਸਾਦਾ ਸੀ। ਜਦੋਂ ਕੋਈ ਖਾਣਾ ਚੰਗਾ ਲੱਗਦਾ ਤਾਂ ਕਹਿੰਦੇ ਹੁੰਦੇ ਸਨ ‘‘ਅੱਜ ਤਾਂ ਪੈਰ ਚੁੱਕ ਦਿੱਤੇ।’’ ਇਹ ਉਕਤ ਸ਼ਬਦ ਰਣਜੋਧ ਸਿੰਘ ਗਿੱਲ ਨੇ ਮੈਨੂੰ ਬੜੀ ਹੁੱਭ ਨਾਲ ਦੱਸੇ। ਯਤਨ ਕੀਤਾ ਜਾ ਰਿਹਾ ਹੈ ਕਿ ਸ੍ਰੀ ਕੇਸਰੀ ਜੀ ਦੀਆਂ ਪ੍ਰਮੁੱਖ ਰਚਨਾਵਾਂ ਨੂੰ ਪੁਸਤਕਾਂ ਦੇ ਰੂਪ ਵਿਚ ਸਾਂਭਿਆ ਜਾ ਸਕੇ। ਕੇਸਰੀ ਜੀ ਦਾ ਦਿਹਾਂਤ ਪਿੰਡ ਹਸਨਪੁਰ, 12 ਮਾਰਚ, 1958 ਨੂੰ ਹੋਇਆ। ਉਹ ਇਕ ਦਰਵੇਸ਼, ਪ੍ਰਬੁੱਧ ਤੇ ਸਿਰੜੀ ਸਾਹਿਤਕਾਰ ਸਨ।

- ਮਨਮੋਹਨ ਸਿੰਘ ਦਾਊਂ

Posted By: Harjinder Sodhi