ਗੁਰਦੀਪ ਭਾਟੀਆ ਉਹ ਨਾਂ ਹੈ ਜੋ ਗ਼ਜ਼ਲ ਵਿਧਾ ਨੂੰ ਪ੍ਰਣਾਇਆ ਹੋਇਆ ਹੈਉਸ ਦੀ ਕਲਮ ਨੇ ਅੱਜ ਤਕ ਜੋ ਵੀ ਲਿਖਿਆ, ਉਹ ਸਿਰਫ਼ ਤਾਂ ਸਿਰਫ਼ ਗ਼ਜ਼ਲਾਂ ਰਾਹੀਂ ਹੀ ਲਿਖਿਆ ਹੈਉਸ ਦੇ ਦੋ ਗ਼ਜ਼ਲ ਸੰਗ੍ਰਹਿ 'ਸੁਲਘਦੇ ਅਹਿਸਾਸ' ਤੇ 'ਸ਼ੀਸ਼ੇ ਦਾ ਕੀ ਕਸੂਰ' ਪਾਠਕ ਪੜ੍ਹ ਚੁੱਕੇ ਹਨਭਾਟੀਆ ਦੀਆਂ ਗ਼ਜ਼ਲਾਂ ਦੇ ਸ਼ਿਅਰ ਪਾਠਕ/ਸਰੋਤੇ ਨੂੰ ਸਬਜ਼ਬਾਗ਼ ਨਹੀਂ ਦਿਖਾਉਂਦੇ ਬਲਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਉਂਦੇ ਹਨਬਹਿਰ-ਵਜ਼ਨ ਪੱਖੋਂ ਉਸ ਦੇ ਸ਼ਿਅਰਾਂ ਵਿਚ ਉਸਤਾਦੀ ਹੈਬਿੰਬ ਵਿਧਾਨ, ਅਲੰਕਾਰ ਅਤੇ ਉਸ ਦੀ ਭਾਸ਼ਾ-ਸ਼ੈਲੀ ਵਾਰਤਕ ਦਾ ਭੁਲੇਖਾ ਪਾਉਂਦੀ ਹੈ, ਇਹ ਹੁਨਰ ਕਿਸੇ-ਕਿਸੇ ਸ਼ਾਇਰ ਦੇ ਹਿੱਸੇ ਆਉਂਦਾ ਹੈ ਜਾਂ ਕਹਿ ਲਓ ਇਹ ਗੁਣ ਬਿਰਲੇ-ਟਾਵੇਂ ਸ਼ਾਇਰ ਕੋਲ ਹੀ ਹੁੰਦਾ ਹੈ


(1)


ਮੈਂ ਖ਼ਾਬਾਂ ਖਿਆਲਾਂ 'ਚ ਵਿਚਰਾਂ ਤਾਂ ਕਿੱਦਾਂ,

ਮਿਰੀ ਝੋਲੀ ਜੀਵਨ ਦੇ ਸੰਸੇ ਬੜੇ ਨੇ

ਹਕੀਕਤ ਤੋਂ ਮੁਨਕਰ ਜੇ ਹੋਵਾਂ ਤਾਂ ਕਿਸ ਬਿਧ,

ਕਿਵੇਂ ਆਖਾਂ ਮਿਤਰੋ, ਮਿਰੇ ਹੱਥ ਖੜ੍ਹੇ ਨੇ


ਦਿਸਣ ਨੂੰ ਤਾਂ ਸਾਰੇ ਹੀ ਦਿਸਦੇ ਨੇ ਸਾਬਤ,

ਮਗਰ ਕਿਹੜਾ ਹਿੱਸਿਆਂ 'ਚ ਵੰਡਿਆ ਨਹੀਂ ਹੈ,

ਕਿਤੇ ਦੁੱਧ ਹਾਵੀ, ਕਿਤੇ ਖ਼ੂਨ ਭਾਰੂ,

ਸਕੇ ਰਿਸ਼ਤਿਆਂ ਵਿਚ ਵੀ ਅੱਜ ਕੱਲ੍ਹ ਧੜੇ ਨੇ


ਮੁਹੱਬਤ ਦੇ ਸੋਹਲੇ, ਇਬਾਦਤ ਦਾ ਰੌਲਾ,

ਅਡੰਬਰ ਬਿਨਾਂ ਕਿਧਰੇ ਕੁਝ ਵੀ ਨਹੀਂ ਹੈ,

ਜਦੋਂ ਕਿ ਹਕੀਕਤ ਹੈ ਐਸੀ ਕਿ ਐ ਦਿਲ,

ਮਿਰੇ ਵਾਂਗ ਅੰਦਰੋਂ ਸਭੇ ਸਿਰ-ਸੜੇ ਨੇ


ਅਸੂਲਾਂ ਦੀ ਚਰਚਾ ਤਾਂ ਹਰ ਕੋਈ ਕਰਦੈ,

ਮਗਰ ਪਹਿਰਾ ਦੇਵੇ ਅਸੂਲਾਂ 'ਤੇ ਕਿਹੜਾ,

ਸਭੇ ਅਪਣੇ-ਅਪਣੇ ਨਿਸ਼ਾਨੇ 'ਤੇ ਕਾਇਮ,

ਸਭੇ ਅਪਣੀ-ਅਪਣੀ ਅੜੀ 'ਤੇ ਅੜੇ ਨੇ


ਜੇ ਝਖੜਾਂ ਤੂਫ਼ਾਨਾਂ ਦਾ ਅਪਣਾ ਸੁਭਾਅ ਹੈ,

ਤਾਂ ਰੁੱਖਾਂ ਦਾ ਜਿਗਰਾ ਵੀ ਅਪਣਾ ਹੈ ਮੁੱਢੋਂ,

ਸ਼ਿਕਾਇਤ ਨ ਸ਼ਿਕਵਾ ਕੋਈ ਵੀ ਕਦੇ ਵੀ,

ਕਿਵੇਂ ਟਾਹਣ ਟੁੱਟੇ, ਕਿਵੇਂ ਪੱਤ ਝੜੇ ਨੇ


ਜੋ ਅਪਣੇ ਨੇ ਸੱਚ-ਮੁੱਚ ਉਹ ਕਿੰਨੇ ਕੁ ਅਪਣੇ,

ਖੁਲਾਸਾ ਸਮੇਂ ਨਾਲ ਹੁੰਦਾ ਰਿਹਾ ਹੈ,

ਭਲਾ ਕੌਣ ਸੜਦਾ ਏ ਦੂਜੇ ਦੀ ਅੱਗ ਵਿਚ,

ਕਦੋਂ ਪਾਰ ਲਾਉਂਦੇ ਜੋ ਕੱਚੇ ਘੜੇ ਨੇ


ਨਜ਼ਰ ਨੂੰ ਜੋ ਦਿਸਦੈ, ਉਹੀ ਸੱਚ ਨਹੀਂ ਹੈ,

ਕਈ ਸੱਚ ਨੇ ਐਸੇ, ਜੋ ਦਿਸਦੇ ਨਹੀਂ ਹਨ,

ਹਰਿੱਕ ਸ਼ੈ 'ਤੇ ਏਦਾਂ ਹੈ ਚੜ੍ਹਿਆ ਮੁਲੰਮਾਂ

ਜਿਵੇਂ ਚਿਹਰਿਆਂ 'ਤੇ ਮੁਖੌਟੇ ਚੜ੍ਹੇ ਨੇ


ਹੋਏ ਪੋਲ ਜਿਸ ਵਿਚ ਉਹੀ ਬਣਦੈ 'ਮੁਰਲੀ',

ਜਿਹੀ ਫੂਕ ਵੱਜੇ ਤਿਹੇ ਰਾਗ ਗਾਉਂਦੈ,

ਇਹ ਕਲਮਾਂ ਦੇ ਸਿਰਜਕ, ਨਹੀਂ ਸਾਡੇ ਕੰਮ ਦੇ,

ਰਹੋ ਬਚ ਕੇ ਇਨ੍ਹਾਂ ਤੋਂ, ਇਹ 'ਸਰਕੜੇ' ਨੇ


ਬਿਨਾਂ ਟੁੱਭੀ ਸਾਗਰ 'ਚੋਂ ਲਭਦੇ ਨਾ ਮੋਤੀ,

ਸਮਰਪਣ ਬਿਨਾਂ ਕਿਧਰੇ ਕੁਝ ਵੀ ਨਾ ਹਾਸਿਲ,

ਪਤਾ ਹੈ ਜਦੋਂ 'ਦੀਪ' ਤੈਨੂੰ ਤਾਂ ਦੱਸੀਂ,

ਤੂੰ ਫਿਰ ਵੀ ਕਿਉਂ ਸੌ-ਸੌ ਬਹਾਨੇ ਘੜੇ ਨੇ


............


(2)


ਹਰਿਕ ਡਾਢੇ ਦੀ ਖ਼ਾਹਿਸ਼ ਹੈ, ਮੈਂ ਓਸੇ ਦੀ ਹਵਾ ਸਮਝਾਂ

ਜੋ ਖ਼ੁਦ ਮੁਹਤਾਜ਼ ਹੈ ਸਾਹ ਦਾ, ਕਿਵੇਂ ਉਸ ਨੂੰ ਖ਼ੁਦਾ ਸਮਝਾਂ


ਕਿਸੇ ਖ਼ੰਜਰ, ਕਿਸੇ ਤਲਵਾਰ ਦੀ ਦਹਿਸ਼ਤ ਜੇ ਹੋਵੇ ਵੀ,

ਕਿਵੇਂ ਜ਼ਾਲਿਮ ਦੇ ਕੀਤੇ ਜ਼ੁਲਮ ਨੂੰ 'ਰਬ ਦੀ ਰਜ਼ਾ' ਸਮਝਾਂ


ਜਦੋਂ ਕਠ-ਪੁਤਲੀਆਂ ਬਣਨਾ ਪਸੰਦ ਆਉਂਦਾ ਹੈ ਸਾਨੂੰ ਹੀ,

ਨਚਾਉਂਦੈ ਜੇ ਕੋਈ ਸਾਨੂੰ, ਕਿਵੇਂ ਉਸ ਦੀ ਖ਼ਤਾ ਸਮਝਾਂ


ਕਿਸੇ ਹਾਕਮ ਦੀ ਮਰਜ਼ੀ ਤੇ ਕਿਵੇਂ ਮੋਹਰ ਲਗਾ ਦੇਵਾਂ,

ਮੈਂ ਉਜੜੇ ਬਾਗ਼ ਦਾ ਕਿੱਦਾਂ ਹਰਿਕ ਬੂਟਾ ਹਰਾ ਸਮਝਾਂ


ਨਿਰੇ ਖ਼ਾਬਾਂ ਖ਼ਿਆਲਾਂ ਵਿਚ ਹਕੀਕੀ ਜ਼ਿੰਦਗੀ ਕਿੱਥੇ,

ਜ਼ਰੂਰੀ ਹੈ ਹਕੀਕੀ ਜ਼ਿੰਦਗੀ ਦਾ ਫਲ਼ਸਫ਼ਾ ਸੁਮਝਾਂ


ਨਸ਼ਾ ਤਾਕਤ, ਨਸ਼ਾ ਦੌਲਤ, ਨਸ਼ਾ ਰੋਟੀ, ਨਸ਼ਾ ਬੋਟੀ,

ਨਸ਼ਾ ਕਿਹੜਾਂ ਭਲਾ ਸਮਝਾਂ, ਨਸ਼ਾ ਕਿਹੜਾ ਬੁਰਾ ਸਮਝਾਂ


ਕੋਈ ਮੰਦਰ 'ਚ ਖਿਚਦਾ ਹੈ ਕੁਈ ਮਸਜ਼ਿਦ ਜਾਂ ਗਿਰਜੇ ਵੱਲ,

ਕੋਈ ਨਿਰਪੱਖ ਨਾ ਦਿੱਸੇ, ਕਿਵੇਂ ਤੇਰਾ ਪਤਾ ਸਮਝਾਂ


ਬਿਨਾਂ ਤੇਰੇ ਨਹੀਂ ਲੱਗਦਾ ਕਿਸੇ ਸੂਰਤ ਵੀ ਮੇਰਾ ਦਿਲ,

ਮੁਹੱਬਤ ਦੀ ਤੜਪ ਸਮਝਾਂ ਕਿ ਉਲਫ਼ਤ ਦੀ ਸਜ਼ਾ ਸਮਝਾਂ


ਜ਼ਮਾਨੇ ਭਰ ਦੇ ਅੱਲ੍ਹੇ ਜ਼ਖ਼ਮ ਸੀਨੇ ਵਿਚ ਛੁਪਾ ਕੇ 'ਦੀਪ',

ਹਸਾਉਂਦੈ ਜੇ ਜ਼ਮਾਨੇ ਨੂੰ ਕਿਵੇਂ ਉਹ ਮਸਖ਼ਰਾ ਸਮਝਾਂ


----------------


(3)


ਬਾਤ ਇਕ ਅਰਸੇ ਤੋਂ ਦਰਪੇਸ਼ ਹੈ ਮੁੱਦਾ ਬਣ ਕੇ

ਕੋਈ ਕਿਉਂ ਜੀਵੇ ਕਿਸੇ ਹੋਰ ਦਾ ਪੁਤਲਾ ਬਣਕੇ


ਕੋਈ ਚਾਹੇ ਤਾਂ ਸਮੁੰਦਰ 'ਚ ਸਮਾਏ ਬੇਸ਼ੱਕ,

ਮੇਰੀ ਇੱਛਾ ਹੈ ਕਿ ਵਹਿੰਦਾ ਰਹਾਂ ਦਰਿਆ ਬਣ ਕੇ


ਅਪਣੀ ਹਸਤੀ ਹੈ ਤਾਂ ਸਭ ਕੁਛ ਹੈ, ਨਹੀਂ ਕੁਛ ਵੀ ਨਹੀਂ,

ਬਾਤ ਇਹ ਦਿਲ 'ਚ ਮਿਰੇ ਵਸ ਗਈ ਨੁਕਤਾ ਬਣ ਕੇ


ਕਿਉਂ ਨ ਪੱਥਰ ਦਿਸੇ ਉਹ ਸ਼ਖ਼ਸ, ਜੋ ਅੰਦਰਂੋ-ਅੰਦਰ,

ਇਕ ਸਮੰਦਰ ਦੀ ਜਗ੍ਹਾ, ਰਹਿ ਗਿਆ ਸਹਿਰਾ ਬਣ ਕੇ


ਵਕਤ ਹੀ ਚਿੜੀਆਂ ਜਿਹੀ ਸੋਚ ਬਣਾ ਦਿੰਦਾ ਹੈ,

ਵਕਤ ਹੀ ਦਸਦੈ ਕਿਵੇਂ ਜੀਣਾ ਹੈ ਸ਼ਿਕਰਾ ਬਣ ਕੇ


ਅਪਣੇ ਵਿਸ਼ਵਾਸ ਤੇ ਕਾਇਮ ਰਹੇ ਤਾਂ ਦੇਖ ਲਿਉ,

ਵਕਤ ਖ਼ੁਦ ਆਏਗਾ ਸਾਡੇ ਲਈ 'ਜ਼ਰੀਆ' ਬਣ ਕੇ


ਨੇੜਿਉਂ ਦੇਖੇ, ਦਿਸੇ ਪਾਣੀਉਂ ਪਤਲੇ ਓਹੀ,

ਜੋ ਸਦਾ ਦੂਰ ਤੋਂ ਦਿਸਦੇ ਰਹੇ ਦੁਧੀਆ ਬਣ ਕੇ


ਅਪਣੀ ਮਸਤੀ 'ਚ ਅਸੀਂ ਵਧਦੇ ਰਹੇ ਮੰਜ਼ਿਲ ਵੱਲ,

ਦੇਖਦੇ ਰਹਿ ਗਏ, ਜੋ ਆਏ ਸੀ ਖ਼ਤਰਾ ਬਣ ਕੇ


'ਦੀਪ' ਜੇ ਚਾਹੁੰਨੈ ਜ਼ਰਾ ਹੋਰ ਨਿਖ਼ਰ ਜਾਵਾਂ ਮੈਂ,

ਆ ਕਦੇ ਬੈਠ ਮਿਰੇ ਸਾਮ੍ਹਣੇ ਸੀਸ਼ਾ ਬਣ ਕੇ


----------


(4)ਚਮੁਖੀਏ ਵਾਂਗ ਚੁਰਾਹੇ 'ਚ ਬਾਲ ਦੇ ਬੇਸ਼ੱਕ

ਦਿਆਲ ਹੋਇਐਂ ਤਾਂ ਰੋਸ਼ਨ ਖ਼ਿਆਲ ਦੇ ਬੇਸ਼ੱਕ


ਕਿਸੇ ਵੀ ਹਾਲ 'ਚ ਪਾਵੀਂ ਨ ਜੂਨ ਪੱਥਰ ਦੀ,

ਤੂੰ ਮੇਰਾ, ਹੌਂਦ 'ਚ ਆਉਣਾ ਹੀ ਟਾਲ ਦੇ ਬੇਸ਼ੱਕ


ਤਿਰੀ ਤਲਾਸ਼ ਹੀ ਮਕਸਦ ਰਹੇ ਨ ਜੀਵਨ ਦਾ,

ਇਤ੍ਹੋਂ ਅਗਾਹਾਂ ਵੀ ਹੋਵੇ ਜੇ ਭਾਲ ਦੇ ਬੇਸ਼ੱਕ


ਕਿਸੇ ਦੇ ਤੜਫ਼ਦੇ ਬੁੱਲਾਂ ਨੂੰ ਦੇ ਸਕਾਂ ਹਾਸਾ,

ਜੇ ਮੈਨੂੰ ਦੇ ਸਕੇਂ ਐਸਾ ਕਮਾਲ ਦੇ ਬੇਸ਼ੱਕ


ਮੈਂ ਅਪਣੀਂ ਹੋਂਦ ਦਾ ਅਹਿਸਾਸ ਮਾਣਨਾਂ ਚਾਹੁੰਨਾਂ,

ਭਲੇ ਹੀ ਮੈਨੂੰ ਤੂੰ ਝਰਨੇ 'ਚ ਢਾਲ ਦੇ ਬੇਸ਼ੱਕ


ਬਗ਼ੈਰ ਢਾਲ ਦੇ, ਦਰਿਆ ਦੀ ਜ਼ਿੰਦਗੀ ਕਿੱਥੇ,

ਤੂੰ ਬਹੁਤੀ ਨਾ ਸਹੀ, ਥੋੜ੍ਹੀ ਕੁ ਢਾਲ ਦੇ ਬੇਸ਼ੱਕ


ਬਗ਼ੈਰ ਤਾਲ ਦੇ ਕੋਈ ਗ਼ਜ਼ਲ ਨਹੀਂ ਹੁੰਦੀ,

ਸਮਝਦੈਂ 'ਦੀਪ' ਜੇ, ਸ਼ਬਦਾਂ ਨੂੰ 'ਤਾਲ' ਦੇ ਬੇਸ਼ੱਕ


---------


(5)


ਜੋ ਹੋਈਆਂ ਬੀਤੀਆਂ, ਮਨ ਵਿਚ ਵਿਚਾਰਦਾ ਰਹਿਨਾਂ

ਮੈਂ ਜ਼ਿੰਦਗੀ ਦੀਆਂ ਜ਼ੁਲਫ਼ਾਂ ਸੁਆਰਦਾ ਰਹਿਨਾਂ


ਜੋ ਬੋਲ ਪਿਆਰ ਦੇ ਹੁੰਦੇ ਨੇ ਸਾਂਭ ਲੈਂਦਾ ਹਾਂ,

ਜੋ ਪੀੜ ਦੇਂਦੇ ਨੇ ਹਸ-ਹਸ ਵਿਸਾਰਦਾ ਰਹਿੰਨਾਂ


ਜਦੋਂ ਵੀ ਦੇਖਦਾਂ ਖ਼ੁਸ਼ ਖ਼ੁਸ਼ ਕਿਸੇ ਵੀ ਦੂਜੇ ਨੂੰ,

ਮੈਂ ਮਨ 'ਚ ਉਸ ਦੀਆਂ ਨਜ਼ਰਾਂ ਉਤਾਰਦਾ ਰਹਿਨਾਂ


ਕਿਸੇ ਵੀ ਪੰਛੀ ਦੇ ਖੋਹੇ ਨ ਖੰਭ ਕੋਈ ਵੀ,

ਹਮੇਸ਼ਾਂ ਏਹੋ ਹੀ ਅਰਜ਼ਾਂ ਗੁਜਾਰਦਾਂ ਰਹਿਨਾਂ


ਹਰੇਕ ਚਿਹਰੇ 'ਚੋਂ ਦਿਸਦਾ ਏ ਰੂਪ ਤੇਰਾ ਹੀ,

ਤਿਰੇ ਬਹਾਨੇ ਹੀ ਸਭ ਨੂੰ ਨਿਹਾਰਦਾ ਰਹਿੰਨਾਂ


ਜੋ ਦੇਵੇ ਰੋਸ਼ਨੀ, ਹੋਵੇ ਉਹ ਭਾਵੇਂ ਜੁਗਨੂੰ ਹੀ,

ਮੈਂ ਉਸ ਨੂੰ ਦਿਲ ਤੋਂ ਨਮਸਕਾਰਦਾ ਰਹਿਨਾਂ


ਜ਼ਮਾਨੇ ਭਰ ਦੀਆਂ ਪੀੜਾਂ ਦੀ ਸਾਂਭ, ਕੌਣ ਕਰੇ,

ਮੈਂ ਵੇਲੇ ਨਾਲ ਹੀ ਲਹਿਰਾਂ 'ਚ ਤਾਰਦਾ ਰਹਿੰਨਾਂ


ਉਨ੍ਹਾਂ ਨੇ ਰਾਖ ਵੀ ਦਰਿਆ 'ਚ ਤਾਰ ਆਉਣੀ ਹੈ,

ਜਿਨਾਂ ਲਈ ਮੈਂ ਦੁਮੰਜ਼ਿਲੇ ਉਸਾਰਦਾ ਰਹਿੰਨਾਂ


ਜੋ ਸੱਚ ਦਿਸਦਾ ਹੈ, ਕਹਿੰਦਾ ਹਾਂ 'ਦੀਪ' ਊਹੋ ਹੀ,

ਕਦੋਂ ਮੈਂ 'ਦੁੱਧ ਤੋਂ ਪਾਣੀ' ਨਿਤਾਰਦਾ ਰਹਿੰਨਾਂ

94648-89046

Posted By: Harjinder Sodhi