ਗੁਰਭਜਨ ਗਿੱਲ ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਖੇਤਰ ਦੀ ਜਾਣੀ ਪਛਾਣੀ ਸ਼ਖ਼ਸੀਅਤ ਹੈ ਜਿਸ ਨੇ ਸਾਹਿਤ ਦੇ ਹਰ ਖੇਤਰ ਵਿਚ ਆਪਣੀ ਗੂੜ੍ਹੀ ਪਛਾਣ ਬਣਾਈ ਹੈਉਸ ਦੀ ਰਹਿਣੀ-ਸਹਿਣੀ, ਕਹਿਣੀ-ਕਰਨੀ ਅਤੇ ਲੇਖਣੀ ਨੇ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਚੁੱਕਿਆ ਹੈਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਕਈ ਸੰਸਥਾਵਾਂ ਦੀ ਪ੍ਰਧਾਨਗੀ ਅਤੇ ਸਰਪ੍ਰਸਤੀ ਕਰਦਿਆਂ ਉਸ ਨੇ ਨਰੋਆ ਸਮਾਜ ਸਿਰਜਣ ਵਿਚ ਅਹਿਮ ਰੋਲ ਨਿਭਾਉਂਦਿਆਂ ਹਮੇਸ਼ਾ ਹੀ ਸ਼ਬਦ ਸੱਭਿਆਚਾਰ ਦਾ ਹੋਕਾ ਦਿੱਤਾ ਹੈਪੰਜਾਬੀ ਸਾਹਿਤ ਜਗਤ ਨੂੰ ਪੰਦਰਾਂ ਕਾਵਿ ਸੰਗ੍ਰਹਿ ਦੇਣ ਵਾਲੇ ਸ਼੍ਰੋਮਣੀ ਪੰਜਾਬੀ ਕਵੀ ਨੇ ਗੀਤ, ਗ਼ਜ਼ਲ ਤੇ ਨਜ਼ਮ ਦੇ ਖੇਤਰ ਵਿਚ ਤਾਂ ਝੰਡੇ ਗੱਡੇ ਹੀ ਹਨ ਸਗੋਂ ਉਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਲਿਖੇ ਕੁਝ ਲੇਖ ਚੰਗੇ ਵਾਰਤਕ ਲਿਖਾਰੀ ਹੋਣ ਦਾ ਵੀ ਸਬੂਤ ਦਿੰਦੇ ਹਨਉਸ ਦੀ ਸ਼ਾਇਰੀ ਕੁਦਰਤ, ਇਤਿਹਾਸਕ ਪ੍ਰਸੰਗਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰਜਮਾਨੀ ਕਰਦੀ ਹੋਈ ਸਮਾਜਿਕ ਸਰੋਕਾਰਾਂ ਦੇ ਬਹੁਤ ਨੇੜੇ ਹੈ

1—

ਬਿਨ ਰੰਗਾਂ ਤੋਂ, ਰੀਝਾਂ ਦੇ ਫੁੱਲ,

ਕੰਧਾਂ 'ਤੇ ਵੀ ਬੋਲ ਰਹੇ ਨੇ

ਮਾਏ! ਤੇਰੇ ਸੁਪਨ ਪਰਿੰਦੇ ਵੇਖ,

ਕਿਵੇਂ ਪਰ ਤੋਲ ਰਹੇ ਨੇ

ਕਿਹੜਾ ਕਹਿੰਦੈ, ਰੇਸ਼ਮ ਅੱਟੀ,

ਬਣ ਸਕਦੀ ਏ ਫੁੱਲ ਫੁਲਕਾਰੀ,

ਵੇਖ ਲਵੋ ਮਿੱਟੀ ਦੇ ਕਣ ਵੀ,

ਦਿਲ ਦੇ ਵਰਕੇ ਫ਼ੋਲ ਰਹੇ ਨੇ

ਮਿੱਟੀ ਅੰਦਰ ਮਿੱਟੀ ਹੋ ਕੇ,

ਮਿੱਟੀ ਕੀ ਕੁਝ ਬੋਲੇ ਸੁਣ ਲਉ,

ਇਕ ਰੰਗ ਦੀ ਫੁਲਕਾਰੀ ਕੰਧ 'ਤੇ,

ਕਿੰਨਾ ਦਰਦ ਫ਼ਰੋਲ ਰਹੇ ਨੇ

ਮੀਂਹ ਆਵੇਗਾ, ਖ਼ੁਰ ਜਾਵੇਗਾ,

ਚਾਵਾਂ ਦਾ ਇਹ ਬਾਗ਼ ਬਗ਼ੀਚਾ,

ਲਿੱਸੇ ਘਰ ਨੂੰ ਲੱਭ ਕੇ ਦੇਵੋ,

ਰੰਗ ਫੁੱਲ ਕਲੀਆਂ ਟੋਲ੍ਹ ਰਹੇ ਨੇ

ਜਿਸ ਦੇ ਬਾਗ਼ ਹਵਾਲੇ ਕੀਤਾ,

ਓਹੀ ਆਰੀ ਫੇਰ ਰਿਹਾ ਹੈ,

ਰਖਵਾਲੇ ਹੀ ਪੱਤਾ-ਪੱਤਾ,

ਪੈਰਾਂ ਹੇਠ ਮਧੋਲ ਰਹੇ ਨੇ

ਮਾਣ, ਮਰਤਬੇ, ਕਲਗੀ, ਕੌਡਾਂ,

'ਕੱਠੀਆਂ ਕਰਦੇ ਮਰ ਚੱਲੇ ਜੋ,

ਮਿੱਟੀ ਦੇ ਇਹ ਮਹਿਲ ਮੁਨਾਰੇ,

ਪੁੱਛੋ ਕਿਸ ਦੇ ਕੋਲ ਰਹੇ ਨੇ

ਚੜ੍ਹੀ ਹਨ੍ਹੇਰੀ, ਧੂੜਾਂ ਭਾਵੇਂ,

ਅੱਖੀਆਂ ਅੱਗੇ ਗਹਿਰ ਚੁਫ਼ੇਰੇ,

ਦੀਵੇ ਆਸ ਉਮੀਦਾਂ ਵਾਲੇ,

ਜਗਦੇ ਨੇ ਪਰ ਡੋਲ ਰਹੇ ਨੇ

--------------

2—

ਪਿਆਰ ਦੇ ਰਾਹ ਵਿਚ ਦੱਸੋ ਤਾਂ ਸਹੀ,

ਕਿਸ ਨੂੰ ਨਹੀਂਉਂ ਦਰਦ ਮਿਲੇ

ਵੱਖਰੀ ਗੱਲ ਹੈ, ਵਣ ਹਰਿਆਲੇ,

ਬਣ ਕੇ ਕੁਝ ਹਮਦਰਦ ਮਿਲੇ

ਸਿਰ 'ਤੇ ਸੂਰਜ, ਤਪਦੀ ਧਰਤੀ,

ਜਦ ਪੈਰਾਂ ਵਿਚ ਛਾਲ਼ੇ ਸੀ,

ਬਹੁਤੀ ਵਾਰੀ, ਕੋਲ ਖੜ੍ਹੇ ਨਾ,

ਜਿੰਨੇ ਰਿਸ਼ਤੇ, ਸਰਦ ਮਿਲੇ

ਮੈਂ ਮਿੱਠੇ ਖ਼ਰਬੂਜ਼ੇ ਵਾਂਗੂ,

ਜਿਨ੍ਹਾਂ ਸਨਮੁਖ ਹਾਜ਼ਰ ਸੀ,

ਚਾਕੂ, ਤੇਜ਼ ਕਟਾਰ ਕਦੇ,

ਕੁਝ ਬਣ ਕੇ ਮੈਨੂੰ ਕਰਦ ਮਿਲੇ

ਕਾਲੇ ਮੈਂਡੇ ਕੱਪੜੇ ਭਾਵੇਂ,

ਚਿੱਟੇ ਵਸਤਰ ਪਾ ਤੁਰਿਆ,

ਸਮਝ ਪਵੇ ਨਾ ਸਾਰੇ ਰਾਹੀਂ,

ਮਗਰੇ ਉੱਡਦੀ ਗਰਦ ਮਿਲੇ

ਚੂਸ ਗਿਆ ਰੱਤ ਚੰਦਰਾ ਮੌਸਮ,

ਸੁਰਖ਼ ਗੁਲਾਬ ਦੀ ਵਾੜੀ ਦਾ,

ਮੇਰੇ ਦੇਸ਼ ਪੰਜਾਬ ਦਾ ਚਿਹਰਾ,

ਪੀਲਾ ਭੂਕ ਤੇ ਜ਼ਰਦ ਮਿਲੇ

ਕੁਰਸੀ 'ਤੇ ਭਗਵਾ ਜਾਂ ਸੂਹਾ,

ਨੀਲਾ ਪੀਲਾ ਜੋ ਬਹਿੰਦਾ,

ਜਿੱਤਣ ਲਈ ਸ਼ਤਰੰਜ ਦੀ ਬਾਜ਼ੀ,

ਰੰਗ ਬੇਰੰਗੀ ਨਰਦ ਮਿਲੇ

ਵਕਤ ਉਡੀਕ ਰਿਹਾ ਏ ਚਿਰ ਤੋਂ,

ਰੂਹ ਦਾ ਦਰਦ ਨਿਵਾਰਨ ਲਈ,

ਮੋਈ ਮਿੱਟੀ ਜਾਗ ਪਵੇ ਇਹ,

ਫੇਰ ਅਗੰਮੜਾ ਮਰਦ ਮਿਲੇ

3—

ਵਾਤਾਵਰਣ ਵਿਗੜਦਾ ਜਾਵੇ,

ਲਾ ਦੇਈਏ ਵਿਸ਼ਵਾਸ ਦਾ ਬੂਟਾ

ਬਹੁਤ ਜ਼ਰੂਰੀ ਮਨ ਵਿਚ ਲਾਉਣਾ,

ਖੇੜੇ ਵੰਡਦੀ ਆਸ ਦਾ ਬੂਟਾ

ਮਨ ਪਰਦੇਸੀ ਘਰ ਨਹੀਂ ਮੁੜਿਆ,

ਡਗਮਗ-ਡਗਮਗ ਡੋਲ ਰਿਹਾ ਹੈ,

ਰੋਜ਼ ਦਿਹਾੜੀ ਫ਼ੈਲ ਰਿਹਾ ਹੈ,

ਅਜਬ ਜਹੇ ਬਨਵਾਸ ਦਾ ਬੂਟਾ

ਆਪਣੀ ਧਰਤ ਪਰਾਈ ਲੱਗਦੀ,

ਨਜ਼ਰ ਜਿਵੇਂ ਪਥਰਾ ਚੱਲੀ ਹੈ,

ਕੰਕਰੀਟ ਦੇ ਜੰਗਲ ਅੰਦਰ,

ਇਕ ਵੀ ਨਹੀਂ ਧਰਵਾਸ ਦਾ ਬੂਟਾ

ਚਾਤਰ ਚਤੁਰ ਕਰੇ ਚਤੁਰਾਈ,

ਪਿਆਰ ਵਿਖਾਵੇ ਜਿਸਮ ਪਲੋਸੇ,

ਡੰਗਦਾ ਖ਼ੂਨ ਜਿਗਰ ਦਾ ਮੰਗਦਾ,

ਰੂਹ ਦੇ ਅੰਦਰ ਲਾਸ ਦਾ ਬੂਟਾ

ਫ਼ਸਲਾਂ ਵਾਲੀ ਧਰਤੀ ਬੰਜਰ,

ਉੱਜੜ ਚੱਲੇ ਸੁਪਨ ਬਗ਼ੀਚੇ,

ਬਿਰਖਾਂ ਨਾਲ ਲਮਕਦੇ ਅੱਥਰੂ,

ਖਾ ਚੱਲਿਆ ਸਲਫ਼ਾਸ ਦਾ ਬੂਟਾ

ਚਤੁਰ ਸ਼ੈਤਾਨ ਦੀ ਹਰਕਤ ਵੇਖੋ,

ਕਰ ਲਿਆ ਹੈ ਵਿਗਿਆਨ ਪਾਲਤੂ,

ਗਮਲੇ ਅੰਦਰ ਲਾ ਦਿੱਤਾ ਹੈ,

ਹੱਡੀਆਂ ਬਿਨ ਹੀ ਮਾਸ ਦਾ ਬੂਟਾ

ਆਪੋ ਆਪਣੀ ਜ਼ਾਤ ਵਡੇਰੀ,

ਅਮਰਵੇਲ ਜਦ ਫ਼ੈਲਰਦੀ ਹੈ,

ਏਸ ਤਰ੍ਹਾਂ ਹੀ ਸੁੱਕ ਜਾਂਦਾ ਹੈ,

ਸਾਂਝਾਂ ਦੇ ਇਤਿਹਾਸ ਦਾ ਬੂਟਾ

4—

ਬਿਰਖ ਕਿਹਾ ਬਿਨ ਪਾਣੀ ਤੋਂ,

ਮੈਂ ਇੰਜ ਤਾਂ ਪੁੱਤਰਾ ਮਰ ਜਾਵਾਂਗਾ

ਰੜੇ ਮੈਦਾਨ ਸੰਭਾਲੀਂ ਮਗਰੋਂ,

ਧਰਤੀ ਸੁੰਨੀ ਕਰ ਜਾਵਾਂਗਾ

ਬਿਨ ਫ਼ਲ, ਫੁੱਲਾਂ,ਪੱਤ ਵਿਹੂਣੇ,

ਜੀਂਦੇ ਰਹਿਣ ਆਸਾਨ ਨਹੀਂ ਹੈ,

ਸੱਤ ਜਨਮ ਵੀ ਸੋਚਿਆ ਨਾ ਸੀ,

ਆਪਣੇ ਹੱਥੋਂ ਹਰ ਜਾਵਾਂਗਾ

ਚੌਕ ਬਰੋਟੇ ਵਾਲਾ ਕਹਿੰਦੇ,

ਮੇਰੇ ਕਰਕੇ ਸਮਝ ਲਿਆ ਕਰ,

ਮੈਂ ਹੋਇਆ ਨਾ ਹੋਇਆ ਮਗਰੋਂ,

ਯਾਦ ਨਿਸ਼ਾਨੀ ਧਰ ਜਾਵਾਂਗਾ

ਕੰਕਰੀਟ ਦਾ ਜੰਗਲ ਤੈਨੂੰ,

ਖਾਂਦਾ-ਖਾਂਦਾ ਖਾ ਜਾਵੇਗਾ,

ਤੂੰ ਜਾਗੇਂ ਨਾ ਜਾਗੇਂ ਪਰ

ਮੈਂ ਸਾਵਧਾਨ ਤਾਂ ਕਰ ਜਾਵਾਂਗਾ

ਫ਼ਰਜ਼ਾਂ ਦੀ ਥਾਂ ਗਰਜ਼ ਪਿਆਰੀ,

ਚੁੱਕੀ ਫਿਰਦੈਂ ਹੱਥ 'ਚ ਆਰੀ,

ਇਹ ਨਾ ਸਮਝੀਂ ਤੇਰੇ ਕੋਲੋਂ,

ਏਸ ਤਰ੍ਹਾਂ ਮੈਂ ਡਰ ਜਾਵਾਂਗਾ

ਧੀਆਂ ਪੁੱਤ ਪਤਰਾਲ ਜਦੋਂ ਤੱਕ,

ਤਣਾ ਟਾਹਣੀਆਂ ਜੀਂਦੇ ਮੇਰੇ,

ਤਪਦੀ ਖਪਦੀ ਧਰਤੀ ਉੱਤੇ,

ਛਾਂ ਹਰਿਆਲੀ ਕਰ ਜਾਵਾਂਗਾ

ਬੀਜ ਪੁੰਗਰਨੇ ਮੇਰੇ ਮਗਰੋਂ,

ਪੌਦੇ ਵੇਖੀਂ ਬਿਰਖ਼ ਬਣਨਗੇ,

ਸੁਪਨੇ ਵਿਚ ਵੀ ਸੋਚੀਂ ਨਾ ਤੂੰ,

ਤੇਰੇ ਹੱਥੋਂ ਮਰ ਜਾਵਾਂਗਾ

5—

ਮਹਿੰਗੇ ਵਸਤਰ, ਸੋਨਾ, ਗਹਿਣੇ,

ਰੰਗ ਬਰੰਗਾ ਜਾਲ਼ ਕੁੜੇ

ਕਿੱਥੇ ਉਲਝੀ ਨਜ਼ਰ ਨੂਰਾਨੀ,

ਭੁੱਲ ਗਈ ਅਸਲੀ ਚਾਲ ਕੁੜੇ

ਸੱਚ ਦੇ ਨਾਲ ਦੂਰ ਦਾ ਰਿਸ਼ਤਾ,

ਤਨ ਦਾ ਵੀ ਤੇ ਮਨ ਦਾ ਵੀ,

ਸਿਰਫ਼ ਇਕੱਲੀ ਜੀਭ ਕਰੇ ਕਿੰਜ,

ਨਦਰੀ ਨਦਰਿ ਨਿਹਾਲ ਕੁੜੇ

ਨਰਮੇ ਪਿੱਛੋਂ ਬਾਸਮਤੀ ਤੇ

ਉਸ ਤੋਂ ਮਗਰੋਂ ਘਰ ਦੇ ਜੀਅ ,

ਮੰਡੀ ਦੇ ਵਿਚ ਰੁਲ਼ਦਾ ਫਿਰਦਾ,

ਸਾਡਾ ਮਹਿੰਗਾ ਮਾਲ ਕੁੜੇ

ਨਾਗਣੀਆਂ ਤੇ ਸਰਪ ਖੜੱਪੇ,

ਵੇਖ ਕਿਵੇਂ ਫੁੰਕਾਰਨ ਪਏ,

ਬੀਨਾਂ ਵਾਲੇ ਜੋਗੀ ਵੀ ਹੁਣ,

ਰਲ਼ ਗਏ ਇਨ੍ਹਾਂ ਨਾਲ ਕੁੜੇ

ਮੰਡੀ ਦੇ ਵਿਚ ਧਰ ਕੇ ਵੇਚਣ,

ਧਰਮ ਸਿਆਸਤ ਇੱਕੋ ਭਾਅ,

ਸਾਨੂੰ ਆਖਣ ਪੈ ਚੱਲਿਆ ਏ,

ਸ਼ਰਮ ਸ਼ਰ੍ਹਾ ਦਾ ਕਾਲ ਕੁੜੇ

ਬਾਗ਼ਬਾਨ ਬਦਨੀਤੇ ਹੋ ਗਏ,

ਧਰਮੀ ਬਾਬਲ ਡੋਲ ਗਏ,

ਚੋਰ ਲੁਟੇਰੇ ਮੱਲ ਕੇ ਬਹਿ ਗਏ,

ਹਰ ਪੱਤੀ ਹਰ ਡਾਲ ਕੁੜੇ

ਧੌਲ ਧਰਮ ਦੇ ਸਿਰ ਤੋਂ ਧਰਤੀ,

ਡੋਲ ਰਹੀ ਮਹਿਸੂਸ ਕਰਾਂ,

ਬਾਬਰਵਾਣੀ ਫਿਰ ਗਈ ਤਾਂਹੀਉਂ,

ਗਲ਼ ਵਿਚ ਉਲਝੇ ਵਾਲ ਕੁੜੇ

98726 -31199

----------------------------

Posted By: Harjinder Sodhi