ਸਾਲ 1964 ਵਿਚ ਮੈਂ ਰੁਮਾਂਟਿਕ ਕਿਸਮ ਦੀ ਕਹਾਣੀ ਦਾ ਰੁਝਾਨ ਛੱਡ ਕੇ ਸਨਅਤੀ ਮਜ਼ਦੂਰਾਂ ਦੇ ਘੋਲ ਨਾਲ਼ ਸਬੰਧਤ ਪਹਿਲੀ ਕਹਾਣੀ ਲਿਖੀ ਜੋ ਲੋਕ ਲਹਿਰ ਅਖ਼ਬਾਰ ਵਿਚ ਛਪੀ ਸੀ, ਫਗਵਾੜੇ ਦੀ ਟੈਕਸਟਾਈਲ ਮਿੱਲ ਦੇ ਮਜ਼ਦੂਰਾਂ ਨੇ ਮੈਨੇਜਮੈਂਟ ਦੇ ਵਿਰੁੱਧ ਹੜਤਾਲ ਕੀਤੀ ਹੋਈ ਸੀ। ਮੈਨੇਜਮੈਂਟ ਨੇ ਹੜਤਾਲ ਨੂੰ ਸਾਬੋਤਾਜ ਕਰਨ ਲਈ ਪ੍ਰਧਾਨ ਦੇ ਨਾਂ ਬੰਬ ਪਾਰਸਲ ਕਰ ਦਿੱਤਾ ਜੋ ਖੋਲ੍ਹਣ ਸਾਰ ਫਟ ਗਿਆ ਸੀ ਧਰਨੇ ’ਤੇ ਬੈਠੇ ਸਾਰੇ ਮਜ਼ਦੂਰ ਤੇ ਆਗੂ ਸ਼ਹੀਦ ਹੋ ਗਏ ਸਨ। ਇਸ ਕਹਾਣੀ ਦਾ ਅੱਜ ਮੇਰੇ ਕੋਲ ਕੋਈ ਸਬੂਤ ਨਹੀਂ ਬਚਿਆ। ਮਰਹੂਮ ਕਾਮਰੇਡ ਨੌਨਿਹਾਲ ਸਿੰਘ, ਜਲੰਧਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਤਤਕਾਲੀ ਸਕੱਤਰ ਨੇ ਮੈਨੂੰ ਦਫ਼ਤਰ ਵਿਚ ਬੁਲਾ ਕੇ ਦੱਸਿਆ ਸੀ ਕਿ ਸੰਤ ਸਿੰਘ ਸੇਖੋਂ ਨੇ ਕਿਤੇ ਲਿਖਿਆ ਸੀ ਕਿ ਸਨਅਤੀ ਮਜ਼ਦੂਰਾਂ ਉੱਪਰ ਪੰਜਾਬੀ ਦੀ ਇਹ ਪਹਿਲੀ ਕਹਾਣੀ ਹੈ। ਮੇਰੇ ਲਈ ਇਸ ਤੋਂ ਵੱਡਾ ਹੋਰ ਕਿਹੜਾ ਸਰਟੀਫਿਕੇਟ ਹੋ ਸਕਦਾ ਸੀ। ਮਾਰਕਸੀ ਪਾਰਟੀ ਦੇ ਜਲੰਧਰ ਦਫ਼ਤਰ ਵਿਚ ਵੀ ਤੇ ਫਿਰ ਚੰਡੀਗੜ੍ਹ ਦੇ ਦੇਸ਼ ਸੇਵਕ ਅਖ਼ਬਾਰ ਦੇ ਦਫ਼ਤਰ ਵਿਚ ਵੀ ਪਤਾ ਕਰ ਲਿਆ ਪਰ ਉਹ ਫਾਈਲ ਨਹੀਂ ਮਿਲੀ। ਜਿੱਧਰ ਗਿਆ ਬਾਣੀਆਂ ਉਧਰੇ ਗਿਆ ਬਾਜ਼ਾਰ ਹੋ ਗਿਆ ਹੋਣੈ। ਸੰਨ ਸਤਾਹਠ ਵਿਚ ਭਾਰਤ ਦੀ ਰਾਜਨੀਤੀ ਵਿਚ ਵੱਡਾ ਧਮਾਕਾ ਹੋਇਆ ਜਿਸ ਨੇ ਸਾਹਿਤ ਨੂੰ ਵੀ ਬਹੁਤ ਪ੍ਰਭਾਵਤ ਕੀਤਾ। ਜਗ੍ਹਾ-ਜਗ੍ਹਾ ਤੋਂ ਮੈਗਜ਼ੀਨ ਨਿਕਲਣ ਲੱਗੇ। ਮੇਰੇ ਅੰਦਰ ਸਾਹਿਤ ਦਾ ਖੱਬੇ ਪੱਖੀ ਰੁਝਾਨ ਪੈਦਾ ਹੋ ਚੁੱਕਾ ਸੀ। ਮੈਂ ਜੋ ਕੁੱਝ ਵੀ ਭੇਜਦਾ ਸਾਂ ਉਸੇ ਅੰਕ ਵਿਚ ਛਪਿਆ ਹੁੰਦਾ। ਕਾਲ਼ਾ ਸੰਘਿਆ ਦੇ ਪ੍ਰੋ. ਹਰਭਜਨ ਨੇ ‘ਰੋਹਲੇ ਬਾਣ’, ਪਾਸ਼ ਵੱਲੋਂ ‘ਸਿਆੜ’, ਸੀ. ਮਾਰਕੰਡਾ ਨੇ ‘ਕਿੰਤੂ’, ਅਜਮੇਰ ਸਿੰਘ ਔਲਖ ਨੇ ‘ਨਾਗ ਨਿਵਾਸ’, ਹਰਦੇਵ ਸਿੰਘ ਗਰੇਵਾਲ ਨੇ ਕਲਕੱਤੇ ਤੋਂ ‘ਸੱਜਰੀ ਪੈੜ’, ਗੁਰਸ਼ਰਨ ਸਿੰਘ ਭਾਅ ਜੀ ਨੇ ‘ਸਰਦਲ’ ਆਦਿ ਮੈਗਜ਼ੀਨ ਸ਼ੁਰੂ ਕੀਤੇ ਹੋਏ ਸਨ। ਇਨ੍ਹਾਂ ਪਰਚਿਆਂ ਦੇ ਸੰਪਾਦਕਾਂ ਦੇ ਖ਼ਤ ਵੀ ਆਉਣ ਲੱਗ ਪਏ। ਇਹ ਸਮਾਂ ਸੀ ਜਦੋਂ ਜੁਝਾਰ ਸਾਹਿਤ ਦੀ ਸੰਗਿਆ ਦਿੱਤੇ ਗਏ ਹਰ ਪਰਚੇ ਵਿਚ ਮੇਰਾ ਨਾਂ ਚਮਕ ਉੱਠਿਆ।

1972 ਵਿਚ ਬਹੁਤ ਵਧੀਆ ਦਿੱਖ ਵਿਚ ਗੁਰਸ਼ਰਨ ਸਿੰਘ ਭਾਅ ਜੀ ਨੇ ਪਹਿਲੀ ਕਿਤਾਬ ‘ਮਾਸ ਖੋਰੇ’ ਛਾਪੀ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਦਲਿਤ ਤੇ ਕਿਸਾਨੀ ਦੇ ਯਥਾਰਥ, ਸਕੂਲਾਂ ਵਿਚ ਫੈਲੇ ਭਿ੍ਰਸ਼ਟਾਚਾਰ, ਅਫ਼ਸਰਸ਼ਾਹੀ, ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿਚ ਲਹਿਰ ਵਿਚ ਕੁੱਦੇ ਨੌਜਵਾਨਾਂ ਨੂੰ ਅਤਿਵਾਦੀ ਕਹਿ ਕੇ ਸ਼ਹੀਦ ਕਰਨਾ ਆਮ ਵਰਤਾਰਾ ਸੀ। 75-76 ਵਿਚ ਗੁਰਸ਼ਰਨ ਸਿੰਘ ਭਾਅ ਜੀ ਨੇ ਹੀ ਮੇਰਾ ਦੂਜਾ ਕਹਾਣੀ ਸੰਗ੍ਰਹਿ- ‘ਟੁਟਦੇ ਬਣਦੇ ਰਿਸ਼ਤੇ’-ਛਾਪਿਆ। ਉਸ ਵੇਲ਼ੇ ਮੈਂ ਆਪਣੀ ਕਹਾਣੀ ਦੀ ਦਿਸ਼ਾ ਬਦਲ ਦਿੱਤੀ। ‘ਟੁਟਦੇ ਬਣਦੇ ਰਿਸ਼ਤੇ’ ਕਹਾਣੀ ਤਾਂ ਖ਼ੂਨ ਦੇ ਰਿਸ਼ਤਿਆਂ ਵਿਚ ਪੈਸੇ ਦੇ ਦਖ਼ਲ ਅਤੇ ਲਾਲਚ ਨੂੰ ਮੁਖ਼ਾਤਿਬ ਸੀ ਜਦੋਂ ਕਿ ‘ਬਠਲੂ ਚਮਿਆਰ’ ਅਤੇ ‘ਸਰਪੰਚੀ’ ਕਹਾਣੀਆਂ ਪਹਿਲੀ ਵਾਰ ਦਲਿਤ ਸਰੋਕਾਰਾਂ ਨੂੰ ਲੈ ਕੇ ਪਿੜ ਵਿਚ ਉਤਰੀਆਂ ਸਨ। ਪੇਂਡੂ ਸ਼ਿਸ਼ਟਾਚਾਰ ਦੇ ਪਰਦੇ ਵਿਚ ਦਲਿਤ ਸਮਾਜ ਦਾ ਸਾਧਨ ਸੰਪੰਨ ਵਰਗ ਕਿਵੇਂ ਸ਼ੋਸ਼ਣ ਕਰਦਾ ਹੈ, ਗ਼ਰੀਬ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ। ਇਸ ਕਹਾਣੀ ਦਾ ਨਾਇਕ ਸੁੰਦਰ ‘ਬੱਠਲ਼ੂ ਚਮਿਆਰ’ ਦਾ ਰੁਤਬਾ ਪਾ ਕੇ ਵੀ- ‘‘ਓ ਚੱਲ ਨੱਗਰ ਦੀ ਸੇਵਾ ਈ ਸਹੀ’’- ਕਹਿ ਕੇ ਸਬਰ ਕਰਨਾ ਹੀ ਜਾਣਦਾ ਹੈ ਅਤੇ ਉਹ ਇਹ ਸਮਝਣ ਦੇ ਉੱਕਾ ਹੀ ਅਸਮਰੱਥ ਹੈ ਕਿ ਪਿੰਡਾਂ ਦਾ ਸ਼ਿਸ਼ਟਾਚਾਰ ਕਿਵੇਂ ਦਲਿਤ ਦੀ ਲੁੱਟ ਚੋਂਗ ਕਰਨ ਦਾ ਵਧੀਆ ਸੰਦ ਹੈ। ਇਸ ਕਹਾਣੀ ਨੇ ਸਾਹਿਤ ਵਿਚ ਮੇਰੀ ਪੈਂਠ ਬਿਠਾ ਦਿੱਤੀ। ਇਸੇ ਸੰਗ੍ਰਹਿ ਦੀਆਂ ਬਾਕੀ ਕਹਾਣੀਆਂ ‘ਸਰਪੰਚੀ’ ਅਤੇ ‘ਰੱਤੀ ਰੱਤੀ ਭਰ’ ਤੇ ਹੋਰ ਕਹਾਣੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। 1980 ਵਿਚ ਮੈਂ ਇਕ ਨਾਵਲ ਲਿਖਿਆ ‘ਨਵੀਆਂ ਸੋਚਾਂ ਨਵੀਆਂ ਲੀਹਾਂ’ ਜੋ ਗੁਰਸ਼ਰਨ ਭਾਅ ਜੀ ਨੇ ਹੀ ਪ੍ਰਕਾਸ਼ਤ ਕੀਤਾ।

ਇਸ ਨਾਵਲ ਨੂੰ ਕੋਈ ਬਹੁਤੀ ਮਾਣਤਾ ਨਹੀਂ ਮਿਲੀ। ਇਸ ਨਾਵਲ ਦਾ ਵਿਸ਼ਾ ਕਿਸਾਨੀ ਦੁਆਰਾ ਧੀਆਂ ਦੀਆਂ ਭਾਵਨਾਵਾਂ, ਉਦਗਾਰਾਂ ਨੂੰ ਦਰਕਿਨਾਰ ਕਰ ਕੇ ਸਿਰਫ਼ ਜ਼ਮੀਨ ਨਾਲ਼ ਵਿਆਹੁਣ ਨਾਲ਼ ਸਬੰਧਤ ਸੀ। ਇਸ ਤੋਂ ਅਗਲਾ ਕਹਾਣੀ ਸੰਗ੍ਰਹਿ ‘ਅਦਨਾ ਇਨਸਾਨ’ ਮੋਹਨ ਸਿੰਘ ਰਾਹੀ (ਰਵੀ ਸਾਹਿਤ ਪ੍ਰਕਾਸ਼ਨ) ਤੋਂ ਪੈਸਿਆਂ ਵਿਚ ਰਿਆਇਤ ਕਰਵਾ ਕੇ ਛਪਵਾਉਣਾ ਪਿਆ। ਇਸ ਵਿਚ ਛੇ ਕਹਾਣੀਆਂ ਹਨ -‘ਅਦਨਾ ਇਨਸਾਨ, ਰੇਤੇ ਦਾ ਮਹਿਲ, ਸਬੂਤੇ ਕਦਮ, ਖੋਲ਼ ਵਿਚਲਾ ਮਨੁੱਖ, ਅੱਖਾਂ ਦੀ ਦਾਰੂ, ਤੇ ਆਪਣੇ ਪਰਾਏ।’ ‘ਅਦਨਾ ਇਨਸਾਨ’ ਕਹਾਣੀ ਬਾਰੇ ਮੈਂ ਕਹਿ ਸਕਦਾ ਹਾਂ ਕਿ ਇਸ ਦੇ ਨਾਇਕ ਵਿਚ ਮੇਰੀ ਆਪਣੀ ਰੂਹ ਰਮੀ ਹੋਈ ਹੈ। ਮੈਂ ਉਦੋਂ ਭੁੱਚੋ ਕਲਾਂ (ਬਠਿੰਡਾ) ਦੇ ਸਕੂਲ ਵਿਚ ਪੜ੍ਹਾ ਰਿਹਾ ਸਾਂ ਕਿ ਮੇਰੇ ਦਫ਼ਤਰ ਵਿਚ ਬੈਠਿਆਂ ਇਕ ਸੁਕੜੂ ਜਿਹੇ ਹੱਡੀਆਂ ਦੀ ਮੁੱਠ ਨੇ ਇਕ ਕਾਗਜ਼ ਹੈੱਡ ਮਾਸਟਰ ਦੇ ਮੇਜ਼ ’ਤੇ ਰੱਖਿਆ। ਹੈੱਡ ਮਾਸਟਰ ਨੇ ਕਾਗ਼ਜ਼ ਪੜ੍ਹਿਆ, ਉਸ ਚੌਥਾ ਦਰਜਾ ਕਰਮਚਾਰੀ ਦੇ ਪ੍ਰਬੰਧਕੀ ਆਧਾਰ ’ਤੇ ਕੀਤੀ ਗਈ ਬਦਲੀ ਦੇ ਆਰਡਰ ਸਨ। ਲਿਖਿਆ ਸੀ ਇਹ ਝਗੜਾਲੂ ਤਬੀਅਤ ਦਾ ਵਿਅਕਤੀ ਹੈ। ਹੈੱਡ ਮਾਸਟਰ ਨੇ ਉਸ ਨੂੰ ਜੁਆਇਨ ਨਾ ਕਰਾਇਆ।

ਉਹ ਵਿਅਕਤੀ ਬਗ਼ੈਰ ਦੁਆ ਸਲਾਮ ਕੀਤੇ ਜਿਵੇੇਂ ਨੇਰ੍ਹੀ ਵਾਂਗ ਆਇਆ ਸੀ ਉਵੇਂ ਵਾਪਸ ਚਲਾ ਗਿਆ ਤੇ ਉਹ ਧੁੱਸ ਦੇ ਕੇ ਮੇਰੀ ਰੂਹ ਵਿਚ ਉੱਤਰ ਗਿਆ।

‘ਸਬੂਤੇ ਕਦਮ’ ਕਹਾਣੀ ਉੱਪਰ ਮੇਰੇ ਧੀ ਜੁਆਈ (ਬਹੁਤ ਹੀ ਮੰਝੇ ਹੋਏ ਡਾਇਰੈਕਟਰ) ਨੇ ਤਕਰੀਬਨ ਪੌਣੇ ਦੋ ਘੰਟਿਆਂ ਦੀ ਫਿਲਮ ਬਣਾ ਕੇ ਕਹਾਣੀ ਦੇ ਅਰਥਾਂ ਨੂੰ ਸੰਘਣੇ ਕਰ ਦਿੱਤਾ ਹੈ। ‘ਬੱਠਲੂ ਚਮਿਆਰ’ ਕਹਾਣੀ ਤੋਂ ਬਾਅਦ ਜੇ ਵੱਡੇ ਪੱਧਰ ’ਤੇ ਚਰਚਾ ਹੋਈ ਤਾਂ ‘ਅਦਨਾ ਇਨਸਾਨ’ ਦੀ ਹੋਈ। ਫਿਰ ਅੱਸੀਵਿਆਂ ਦਾ ਭਿਆਨਕ ਸਮਾਂ ਆਪਣਾ ਖੂੰਖਾਰ ਚਿਹਰਾ ਲੈ ਕੇ ਆਇਆ। ਖ਼ਾਲਿਸਤਾਨੀ ਲਹਿਰ ਸਮੇਂ ਦੁਪਾਸੜ ਦਹਿਸ਼ਤਗਰਦੀ ਦੇ ਦੌਰ ਵਿਚ ਕੁਝ ਕਹਾਣੀਆਂ ਲਿਖੀਆਂ ਜੋ ‘ਕਹਾਣੀ ਕੌਣ ਲਿਖੇਗਾ’ ਕਹਾਣੀ ਸੰਗ੍ਰਹਿ ਵਿਚ ਛਪੀਆਂ। ਇਸ ਦੀ ਭੂਮਿਕਾ- ‘ਤੇ ਟੋਟਿਆਂ ਵਾਲੀ ਤਸਵੀਰ’- ਗੁਰਬਚਨ ਸਿੰਘ ਭੁੱਲਰ ਨੇ ਲਿਖੀ। ਕਈ ਪਰਚਿਆਂ ਵਿਚ ਛਪੀਆਂ।

ਇਨ੍ਹਾਂ ਕਹਾਣੀਆਂ ਵਿਚ ਮੈਂ ਬੜੀ ਬੇਬਾਕੀ ਨਾਲ ਖ਼ਾਲਿਸਤਾਨੀ ਅਤੇ ਪੁਲਸੀ ਦਹਿਸ਼ਤ ਨਾਲ ਜਨ ਜੀਵਨ ਵਿਚ ਵਰਤਾਏ ਗਏ ਨਰਕ ਦਾ ਚਿੱਤਰਨ ਕੀਤਾ। ਇਹ ਸਾਰੀਆਂ ਹੀ ਉੱਚੀ ਸੁਰ ਦੀਆਂ ਕਹਾਣੀਆਂ ਸਨ। ਮੈਂ ਇਹ ਮੰਨ ਕੇ ਚੱਲਿਆ ਕਿ ਜਿੰਨੀ ਉੱਚੀ ਸੁਰ ਦੀ ਆਤੰਕਵਾਦੀ ਉਹ ਲਹਿਰ ਸੀ, ਉਸ ਨਾਲੋਂ ਉੱਚੀ ਸੁਰ ਰੱਖ ਕੇ ਨਿਪਟਿਆ ਜਾ ਸਕਦਾ ਸੀ। ਇਨ੍ਹਾਂ ਕਹਾਣੀਆਂ ਬਾਰੇ ਮਰਹੂਮ ਨਾਵਲਕਾਰ ਰਾਮ ਸਰੂਪ ਅਣਖੀ ਅਤੇ ਮੋਹਨ ਭੰਡਾਰੀ ਵੀ ਰਾਇ ਦਿੱਤੀ ਸੀ ਕਿ ਮੈਂ ਆਪਣੇ ਬੱਚਿਆਂ ਦਾ ਖ਼ਿਆਲ ਰੱਖਦਿਆਂ ਸੁਰ ਮੱਧਮ ਕਰਾਂ। ਉਨ੍ਹੀਂ ਦਿਨੀਂ ਅੰਨ੍ਹੀ ਹਨੇਰੀ ਦੀ ਮਾਰ ਮਨਾਂ ਨੂੰ ਝੰਜੋੜ ਰਹੀ ਸੀ। ਵੱਡੇ-ਵੱਡੇ ਵਿਦਵਾਨ ਕਵੀ ਡਾ. ਵਿਸ਼ਵ ਨਾਥ ਤਿਵਾੜੀ, ਸੁਮੀਤ ਪ੍ਰੀਤ ਲੜੀ, ਡਾ. ਰਵਿੰਦਰ ਰਵੀ, ਜੈਮਲ ਪੱਡਾ, ਪਾਸ਼ ਆਦਿ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਮੈਂ ਬਹੁਤ ਰੰਜ ਵਿਚ ਲਿਖਿਆ। ਮਰਹੂਮ ਕਹਾਣੀਕਾਰ ਰਘਬੀਰ ਢੰਡ ਨੇ ਪ੍ਰੀਤ ਲੜੀ ਵਿਚ ਲਿਖਿਆ-ਪੰਜਾਬੀ ਦੇ ਲੇਖਕ ਕਿਉਂ ਡਰ ਗਏ ਹਨ? ਸ਼ੁਕਰ ਹੈ ਅਤਰਜੀਤ ਦੀ ਕਲਮ ਵਕਤ ਦੀ ਗੱਲ ਕਰ ਰਹੀ ਹੈ। ਢੰਡ ਹੁਰਾਂ ਦੇ ਛੋਟੇ ਭਾਈ ਸੋਹਣ ਢੰਡ ਨੇ ਆਰਟੀਕਲ ਦਾ ਉਤਾਰਾ ਵੀ ਭੇਜਿਆ ਸੀ ਜੋ ਕਿਧਰੇ ਗੰੁਮ ਗੁਆਚ ਗਿਆ ਹੈ। ‘ਕਹਾਣੀ ਕੌਣ ਲਿਖੇਗਾ, ਬਾਬਾ ਪੰਜਾਬ ਸਿੰਘ, ਵਿੱਥ, ਧਮਕੀ ਪੱਤਰ, ਅਤਿਵਾਦੀ, ਅਸਤੀਫ਼ਾ’ ਆਦਿ ਪਾਠਕਾਂ ਵਿਚ ਬਹੁਤ ਮਕਬੂਲ ਹੋਈਆਂ। ‘ਅਸਤੀਫ਼ਾ’ ਕਹਾਣੀ ਆਰਸੀ ਵਿਚ ਛਪੀ ਸੀ ਜਿਸ ਬਾਰੇ ਭਾਪਾ ਪ੍ਰੀਤਮ ਸਿੰਘ ਜੀ ਨੇ ਬਹੁਤ ਹੌਸਲਾ ਅਫ਼ਜ਼ਾਈ ਕੀਤੀ ਸੀ।

.ਜਦ ਚੇਤਨਾ ਪ੍ਰਕਾਸ਼ਨ ਅਧੀਨ ਮੇਰਾ ਕਹਾਣੀ ਸੰਗ੍ਰਹਿ ‘ਤੀਜਾ ਯੁੱਧ’ ਛਪਿਆ, ਜਿਸ ਬਾਰੇ ਡਾ. ਗੁਰਇਕਬਾਲ ਸਿੰਘ ਨੇ ਬਹੁਤ ਹੀ ਖੁੱਭ ਕੇ ਵਿਸਥਾਰ ਪੂਰਬਕ ਚਰਚਾ ਕੀਤੀ ਸੀ ਜੋ ਨਵਾਂ ਜ਼ਮਾਨਾ ਵਿਚ ਵੱਡੇ ਕੈਨਵਸ ’ਤੇ ਛਪਿਆ। ਕਾ. ਜਗਜੀਤ ਸਿੰਘ ਆਨੰਦ ਹੁਰਾਂ ਨੂੰ ਮਿਲ਼ਦਾ ਤਾਂ ਪਹਿਲਾਂ ਵੀ ਰਿਹਾ ਸਾਂ ਪਰ ਇਸ ਵਾਰ ਤਾਂ ਆਨੰਦ ਸਾਹਿਬ ਮੇਰੇ ਕੋਲ਼ ਆਪ ਚੱਲ ਕੇ ਆਏੇ ਸਨ ਇਕੱਠ ਵਿਚ ਖੜ੍ਹੇ ਨੂੰ ਮੈਨੂੰ ਉਨ੍ਹਾਂ ਨੇ ਬੁੱਕਲ ਵਿਚ ਲੈ ਕੇ ਪਿਆਰ ਦਿੱਤਾ ਸੀ। ਮੇਰੇ ਲਈ ਇਸ ਤੋਂ ਵੱਡਾ ਸਰਟੀਫਿਕੇਟ ਹੋਰ ਕੀ ਹੋ ਸਕਦਾ ਸੀ। ਇਸ ਦੀਆਂ ਦਸ ਦੀਆਂ ਦਸ ਕਹਾਣੀਆਂ ਹੀ ਇਸ ਸੰਗ੍ਰਹਿ ਦੀ ਪ੍ਰਾਪਤੀ ਗਿਣੀ ਗਈ ਤੇ ‘ਠੂੰਹਾਂ’ ਕਹਾਣੀ ਨੇ ਐਮ. ਏ. ਭਾਗ ਪਹਿਲਾ ਦੀ ਕਲਾਸ ਲਈ ਕਈ ਯੂਨੀਵਰਸਿਟੀਆਂ ਵਿਚ ਥਾਂ ਬਣਾਈ ਹੈ ਤੇ ਦੋ ਤਿੰਨ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਮੇਰੀ ਇਕ ਹੋਰ ਧਾਰਨਾ ਵੀ ਜ਼ਿੰਦਗੀ ਦੇ ਅਨੁਭਵ ਵਿਚ ਬਣ ਚੁੱਕੀ ਹੈ ਕਿ ਸਾਡੇ ਭਾਈਚਾਰੇ ਦੇ ਵੱਡੀਆਂ ਥਾਵਾਂ ’ਤੇ ਪੁੱਜੇ ਲੋਕ ਆਪਣੀਆਂ ਜੜ੍ਹਾਂ ਭੁੱਲ ਜਾਂਦੇ ਹਨ। ਇਸ ਤਰ੍ਹਾਂ ਦੇ ਵਰਤਾਰੇ ਵਿਚੋਂ ਹੀ ‘ਰਸਗੁੱਲੇ’ ਅਤੇ ‘ਠੂੰਹਾਂ’ ਕਹਾਣੀਆਂ ਨੇ ਜਨਮ ਲਿਆ ਹੈ।

ਜੱਸੀ ਪਾਉ ਵਾਲ਼ੀ ਰਹਿੰਦਿਆਂ ਦੋ ਅਧਿਆਪਕਾਵਾਂ ਨਾਲ਼ ਘਰ ਵਿਚ ਹੁੰਦੇ ਦੁਰਵਿਹਾਰ ਨੇ ਮੈਨੂੰ ਇਕ ਨਵਾਂ ਵਿਸ਼ਾ ਦਿੱਤਾ ਕਿ ਔਰਤ ਦੇ ਉਦਗਾਰਾਂ, ਅਕਾਂਖਿਆਵਾਂ ਦਾ ਮਰਦ ਖ਼ਿਆਲ ਹੀ ਨਹੀਂ ਰੱਖਦਾ। ਵਿਆਹੁਤਾ ਜੀਵਨ ਦਾ ਮਤਲਬ ਸਿਰਫ਼ ਸਰੀਰਕ ਭੁੱਖ ਹੀ ਨਹੀਂ ਹੁੰਦੀ, ਰੂਹ ਦੀ ਤੇਹ ਵੀ ਹੁੰਦੀ ਹੈ। ‘ਅੰਦਰਲੀ ਔਰਤ’ ਕਹਾਣੀ ਸੰਗ੍ਰਹਿ ਦੀਆਂ ਚਰਚਿਤ ਕਹਾਣੀਆਂ ਸੇਜ ਸੁਖਾਲੀ ਕਾਮਨਿ, ਗਿੱਲੀ ਪੰਡ ਦਾ ਬੋਝ, ਮੂਸਲ, ਚੂੜਾ ਆਦਿ ਕਹਾਣੀਆਂ ਨੇ ਪਾਠਕਾਂ ਵਿਚ ਵੱਡੀ ਥਾਂ ਬਣਾਈ ਹੈ, ਖ਼ਾਸ ਕਰਕੇ ਪੜ੍ਹੀਆਂ ਲਿਖੀਆਂ ਕੁੜੀਆਂ ਜੋ ਕਿਸਾਨ-ਮਜ਼ਦੂਰ ਜਥੇਬੰਦੀਆਂ ਵਿਚ ਸੰਘਰਸ਼ਸ਼ੀਲ ਹਨ। ਮੈਨੂੰ ਕਿਸਾਨ ਜਥੇਬੰਦੀਆਂ ਦੀਆਂ ਆਗੂ ਲੜਕੀਆਂ ਦੇ ਪ੍ਰਸੰਸਾਮਈ ਫੋਨ ਆਉਂੇਦੇ ਰਹਿੰਦੇ ਹਨ। ਹਿੰਦੁਸਤਾਨ ਦਾ ਰਾਹ ਸੰਤਾਲੀ ਦੇ ਸੰਤਾਪ ਦੀ ਕਲਾਮਈ ਕਹਾਣੀ ਹੈ। ਇਸ ਤੋਂ ਇਲਾਵਾ ‘ਅੱਬਾ ਜਾਨ ਆ ਗਏ’ ਅਤੇ ‘ਜਨਾਜ਼ਾ’ ਸੰਤਾਲ਼ੀ ਦੇ ਦੁਖਾਂਤ ਦੀਆਂ ਮਾਰਮਿਕ ਕਹਾਣੀਆਂ ਹਨ। ਸੇਵਾ ਮੁਕਤੀ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚਲਦੀ ਫਿਰਦੀ ਲਾਇਬਰੇਰੀ ਲੈ ਕੇ ਤੁਰਿਆ ਤਾਂ ਜਿੱਥੇ ਮੈਂ ਆਪਣੀ ਲੇਖਣੀ ਨੂੰ ਅੱਗੇ ਵਧਾਉਣ ਤੋਂ ਪੱਛੜ ਗਿਆ, ਉੱਥੇ ਜੀਵਨ ਅਨੁਭਵ ਬਹੁਤ ਵਿਸ਼ਾਲ ਹੋਇਆ। ਲੋਕ ਮਨ ਨੂੰ ਸਮਝਣ ਦਾ ਖੁੱਲ੍ਹਾ ਅਵਸਰ ਮਿਲਿਆ। ਦਿੱਲੀ ਸਾਹਿਤ ਸਭਾ ਨੂੰ ਵੱਡਾ ਘਾਟਾ ਸਹਿਣਾ ਪਿਆ। ਜਿਸ ਕਰਕੇ ਬੱਸ ਵੇਚ ਦਿੱਤੀ ਗਈ। ਮੈਂ ਕਿਉਂਕਿ ਘੁਮੰਤਰੀ ਬਿਰਤੀ ਦਾ ਮਾਲਕ ਸਾਂ ਆਪਣੀ ਪੈਨਸ਼ਿਨ ਵਿਚੋਂ ਸਾਢੇ ਚਾਰ ਲੱਖ ਲਾ ਕੇ ਵੈਨ ਖ਼ਰੀਦ ਲਈ ਜਿਸ ਨਾਲ 21 ਅਪ੍ਰੈਲ 2002 ਤੋਂ ਚੱਲ ਤਕਰੀਬਨ 2700 ਸਕੂਲ, ਕਾਲਜ ਅਤੇ ਜਨਤਕ ਇਕੱਠਾਂ ਵਿਚ ਲੱਖਾਂ ਪੁਸਤਕਾਂ ਪਾਠਕਾਂ ਦੇ ਹੱਥਾਂ ਵਿਚ ਦੇ ਸਕਿਆ ਹਾਂ। ਇਸ ਤੋਰੇ ਫੇਰੇ ਨਾਲ ਜੀਵਨ ਅਤੇ ਸੱਭਿਆਚਾਰ ਨੂੰ ਸਮਝਣ ਦਾ ਵੱਡਾ ਅਨੁਭਵ ਹੋਇਆ ਤੇ ਖ਼ਾਸ ਕਰਕੇ ਅਧਿਆਪਕ ਵਰਗ ਦੇ ਬੌਧਿਕ ਪੱਧਰ ਦੀਆਂ ਬਹੁਤ ਝਲਕਾਂ ਮਿਲੀਆਂ-ਜਦੋਂ ਸਾਧਾਰਨ ਗੱਲ ਬਾਰੇ ਵੀ ਕਈ ਦੰਦਾਂ ’ਚ ਉਂਗਲਾਂ ਟੁੱਕਣ ਲੱਗ ਪੈਂਦੇ ਸਨ। ਸਮਾਜਿਕ ਗਤੀਵਿਧੀਆਂ ਦੇ ਇਸ ਦੌਰ ਕਾਰਨ ਮੈਂ ਸਾਹਿਤ ਦੇ ਖੇਤਰ ਵਿਚ ਫਿਰ ਪੱਛੜ ਗਿਆ। ਇਸ ਸਮੇਂ ਨੇ ਮੈਨੂੰ ਇਕ ਨਵਾਂ ਵਿਸ਼ਾ ਦਿੱਤਾ, ਧਰਾਤਲ ’ਤੇ ਵਿਚਰਦੇ ਸੱਭਿਆਚਾਰ ਦਾ। ਪਿੰਡਾਂ ਸ਼ਹਿਰਾਂ ਦੇ ਸਕੂਲਾਂ ਕਾਲਜਾਂ ਦੇ ਭਰਮਣ ਨਾਲ਼ ਸਿਰਜਣਕਾਰੀ ਵਿਚ ਤਾਂ ਪੱਛੜ ਗਿਆ ਪਰ ਜ਼ਿੰਦਗੀ ਨੇ ਮੇਰਾ ਅਨੁਭਵ ਬਹੁਤ ਵਿਸ਼ਾਲ ਕੀਤਾ।

ਇਨ੍ਹਾਂ ਪ੍ਰਭਾਵਾਂ ਅਧੀਨ ਮੈਂ ‘ਸੱਭਿਆਚਾਰ ਉਤਪਤੀ ਤੇ ਵਿਕਾਸ’ ਪੁਸਤਕ ਲਿਖੀ ਜਿਸ ਬਾਰੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਬਹੁਤ ਫੋਨ ਆਉਂਦੇ ਰਹਿੰਦੇ ਹਨ, ਪਰ ਜਿਸ ਵੀ ਵਿਦਵਾਨ ਨੂੰ ਇਹ ਪੁਸਤਕ ਦਿੱਤੀ...ਸ਼ਾਇਦ ਰੱਦੀ ਵਿਚ ਚਲੀ ਗਈ ਹੋਵੇ। ਇਸ ਦੇ ਨਾਲ਼ ਹੀ ਆਪਣੀ ਜ਼ਿੰਦਗੀ ਦੇ ਅਨੁਭਵਾਂ ਨੂੰ ਸੰਭਾਲਣ ਦੇ ਯਤਨ ਵਜੋਂ ਸਵੈ ਜੀਵਨੀ ‘ਅੱਕ ਦਾ ਦੁੱਧ’ ਨੇ ਪਾਠਕ ਵਰਗ ਦੇ ਹਵਾਲੇ ਕਰ ਸਕਿਆ ਹਾਂ, ਜਿਸ ਨੇ ਪਾਠਕਾਂ ਵਿਚ ਵੱਡੀ ਥਾਂ ਬਣਾਈ ਹੋਈ ਹੈ। ਮੇਰੀ ਕੋਸ਼ਿਸ਼ ਰਹੀ ਹੈ ਕਿ ਜੇ ਮੈਂ ਅਗਲਿਆਂ ਨੂੰ ਨਹੀਂ ਬਖਸ਼ਿਆ ਤਾਂ ਆਪਣੀ ਧੌੜੀ ਪੁੱਟਣ ਤੋਂ ਵੀ ਗੁਰੇੇਜ਼ ਨਾ ਕੀਤਾ ਜਾਵੇ। ਚੰਡੀਗੜ੍ਹ ਗੁਰਸ਼ਰਨ ਭਾਅ ਜੀ ਵੱਲੋਂ ਸਥਾਪਤ ਕੀਤੀ ਸਭਾ ‘ਸਾਹਿਤ ਚਿੰਤਨ’ ਨੇ ਇਸ ਪੁਸਤਕ ਉੱਪਰ ਗੋਸ਼ਟੀ ਕਰਵਾਈ ਸੀ ਜਿਸ ਵਿਚ ਪਰਚਾ ਸੁਪ੍ਰਸਿੱਧ ਆਲੋਚਕ ਰੌਣਕੀ ਰਾਮ ਨੇ ਪੜ੍ਹਿਆ ਸੀ ‘ਦਲਿਤ ਸਵੈ ਜੀਵਨੀ ਤੁਲਨਾਤਮਿਕ ਅਧਿਐਨ।’ ਇਸ ਦੀ ਪਹਿਲੀ ਐਡੀਸ਼ਨ ਵਿਚ ਹਜ਼ਾਰ ਕਾਪੀ ਛਪੀ ਸੀ ਦੂਸਰੀ ਜਿਲਦ ਵਿਚ ਵੀ ਪੰਜ ਸੌ ਕਾਪੀ ਦੀ ਵੱਡੀ ਮੰਗ ਹੈ। ਜਿੱਥੋਂ ਤਕ ਸਮਕਾਲੀ ਯਥਾਰਥ ਦਾ ਸੁਆਲ ਹੈ, ਮੈਂ ਸਮਕਾਲ ਨੂੰ ਅੱਖਾਂ ਖੋਲ੍ਹ ਕੇ ਨਿਹਾਰਿਆ ਹੈ ਤੇ ਨਿੱਠ ਕੇ ਲਿਖਿਆ ਹੈੇ।

ਮਹਿਲ ਕਲਾਂ ਦਾ ਸ਼ਹੀਦ ਕਿਰਨਜੀਤ ਕੌਰ ਕਾਂਡ (ਕੰਧਾਂ ’ਤੇ ਲਿਖੀ ਇਬਾਰਤ) ਸ਼ਹਿਰਾਂ ਵਿਚ ਰੋਟੀ ਰੋਜ਼ੀ ਦੀ ਭਾਲ ਵਿਚ ਆਏ ਪੇਂਡੂ ਮਜ਼ਦੂਰ (ਕੈਲੂਫਰੂਨੀਆ) ਸ਼ੋਰ ਪ੍ਰਦੂਸ਼ਣ ਅਤੇ ਧਾਰਮਿਕ ਅਨਾਰਕੀ ਨੂੰ ਦਰਸਾਉਂਦੀ ਕਹਾਣੀ (ਰੱਬ ਦਾ ਕਤਲ) ਦਲਿਤ ਵਿਹੜਿਆਂ ਦੇ ਲੋਕਾਂ ਦੀ ਰੂੜੀਆਂ ਲਈ ਜਗ੍ਹਾ ਪ੍ਰਾਪਤੀ ਸੰਘਰਸ਼ ਦੀ ਕਹਾਣੀ (ਅਮਨ ਕਾਨੂੰਨ) ਕੰਧਾਂ ’ਤੇ ਲਿਖੀ ਇਬਾਰਤ ਕਹਾਣੀ ਸੰਗ੍ਰਹਿ ਵਿਚ ਸ਼ਾਮਲ ਹਨ, ਜੋ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਚ ਪੜ੍ਹਿਆ ਗਿਆ ਹੈ।

ਪੰਜ ਕੁ ਸਾਲ ਪਹਿਲਾਂ ਅਸੀਂ ਸਾਹਿਤ ਸੱਭਿਆਚਾਰ ਮੰਚ ਦਾ ਥੜ੍ਹਾ ਕਾਇਮ ਕਰ ਕੇ ਜਿੱਥੇ ਨਵੇਂ ਪੁੰਗਰਦੇ ਲੇਖਕਾਂ ਦੀ ਬਾਂਹ ਫੜੀ ਹੈ, ਉੱਥੇ ‘ਪਰਵਾਜ਼’ ਮੈਗਜ਼ੀਨ ਰਾਹੀਂ ਆਪਣਾ ਬਣਦਾ ਫ਼ਰਜ਼ ਅਦਾ ਕਰ ਰਹੇ ਹਾਂ। ਸੋਲਾਂ ਅੰਕਾਂ ਵਿਚ ਹਰ ਤਿੰਨ ਮਹੀਨਿਆਂ ਬਾਅਦ ਮੇਰੀ ਸੰਪਾਦਕੀ ਭਖਦੇ ਮਸਲੇ ਨੂੰ ਛੁੂੰਹਦੀ ਹੈ, ਮਸਲਾ ਚਾਹੇ ਭੀੜ ਤੰਤਰ ਦੁਆਰਾ ਕੀਤੀਆਂ ਹੱਤਿਆਵਾਂ ਦਾ ਹੋਵੇ, ਗਊ ਦੇ ਨਾਂ ’ਤੇ ਦਲਿਤਾਂ ਉੱਪਰ ਕੀਤੇ ਅੱਤਿਆਚਾਰਾਂ ਦਾ ਹੋਵੇ, ਮੈਂ ਨਿੱਠ ਕੇ ਲਿਖਿਆ ਹੈ। ਧਾਰਮਿਕ ਕੱਟੜਤਾ, ਸੰਕੀਰਣਤਾ, ਅਸਹਿਣਸ਼ੀਲਤਾ, ਆਦਿ ਵਿਸ਼ਿਆਂ ਨੂੰ ਛੰੂਹਦੀਆਂ ਸੰਪਾਦਕੀਆਂ ਮੇਰੀ ਬੇਬਾਕ ਕਲਮ ਵਿੱਚਂੋ ਜਨਮ ਲੈਂਦੀਆਂ ਰਹੀਆਂ ਹਨ। ਉਂਝ ਮੈਂ ਇਹ ਵੀ ਵੇਖ ਰਿਹਾ ਹਾਂ ਕਿ ਬਹੁਤ ਘੱਟ ਲੇਖਕ ਹਨ, ਜੋ ਸਮੇਂ ਦੇ ਦਰਦ ਦੀ ਬਾਂਹ ਫੜ ਕੇ ਕਲਮ ਚਲਾ ਰਹੇ ਹੋਣ। ਸਮਕਾਲ ਨੂੰ ਮੁਖ਼ਾਤਿਬ ਸੰਪਾਦਕੀਆਂ ਤੋਂ ਇਲਾਵਾ ਮੇਰੀ ਤਾਜ਼ੀ ਲਿਖੀ ਕਹਾਣੀ ‘ਸਾਡੇ ਹਿੱਸੇ ਦਾ ਹਿੰਦੁਸਤਾਨ’ ਅਤੇ ਇਕ ਕਹਾਣੀ ‘ਹੱਦਾਂ-ਬੰਨੇ’ ਪ੍ਰਕਾਸ਼ਤ ਹੋਈਆਂ ਹਨ।

ਚੁਣੌਤੀਪੂਰਨ ਵਰਤਾਰਾ

ਦੇਸ਼ ਦਾ ਸਮਕਾਲੀ ਵਰਤਾਰਾ ਹਰ ਸੰਵੇਦਨਸ਼ੀਲ ਬੰਦੇ ਦੀ ਜ਼ਮੀਰ ਨੂੰ ਹਲੂਣਦਾ ਹੈ। ਜਮਹੂਰੀਅਤ ਪਸੰਦ ਬੁੱਧੀਜੀਵੀ, ਤਰਕਸ਼ੀਲ ਵਿਚਾਰਾਂ ਦੇ ਧਾਰਨੀ ਤੇ ਖੱਬੀ ਸੋਚ ਰੱਖਣ ਵਾਲ਼ੇ ਲੇਖਕ ਵਿਦਵਾਨ, ਵਕੀਲ, ਪੱਤਰਕਾਰ ਆਦਿ ਸਭ ਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਮੇਰੀ ਕਲਮ ਚੁੱਪ ਨਹੀਂ ਰਹੀ। ਭੀਮਾ ਕੋਰੇ ਗਾਉਂ ਕਾਂਡ ਦੇ ਅਸਲ ਦੋਸ਼ੀਆਂ ਨੂੰੰ ਬਚਾਉਣ ਲਈ ਦੰਗੇ ਭੜਕਾਉਣ ਦਾ ਬਹਾਨਾ ਬਣਾ ਕੇ ਅੱਸੀ ਸਾਲਾ ਕਵੀ ਵਰਵਰਾ ਰਾਉ, ਪੱਤਰਕਾਰ ਗੌਤਮ ਨਵਲੱਖਾ ਤੇ ਦਰਜਨਾਂ ਹੀ ਹੋਰ ਲੇਖਕ ਪ੍ਰੋਫੈਸਰ, ਵਿਦਿਆਰਥੀ ਅਤੇ ਸਮਾਜਿਕ ਕਾਰਕੁਨ ਜੇਲ੍ਹਾਂ ਵਿਚ ਸੁੱਟ ਛੱਡੇ ਹਨ। ਮੈਂ ਸਮਝਦਾ ਹਾਂ ਕਿ ਸਾਡੇ ਲੇਖਕਾਂ ਬੁੱਧੀਜੀਵੀਆਂ ਨੂੰ ਆਪਣੀ ਕਲਮ ਦੀ ਧਾਰ ਇਸ ਪਾਸੇ ਮੋੜਨ ਦੀ ਜ਼ਰੂਰਤ ਹੈ।

ਦੇਣੀ ਪਈ ਵੱਡੀ ਕੁਰਬਾਨੀ

ਮੈਂ ਜਾਤ-ਪਾਤ ਦੇ ਮੁੱਦੇ ’ਤੇ ਨਿਧੜਕ ਹੋ ਕੇ ਲੜਿਆ ਹਾਂ, ਬੇਸ਼ੱਕ ਮੈਨੂੰ ਵੱਡੀ ਤੋਂ ਵੱਡੀ ਕੁਰਬਾਨੀ ਵੀ ਦੇਣੀ ਪਈ। ‘ਅਦਨਾ ਇਨਸਾਨ’ ਕਹਾਣੀ ਦੇ ਨਾਇਕ ਦੀ ਤਰ੍ਹਾਂ ਜਿਵੇਂ ਕਿ ਮੈਂ ਪਹਿਲਾਂ ਹੀ ਜ਼ਿਕਰ ਕਰ ਆਇਆ ਹਾਂ ਮੈਂ ਬਹੁਤ ਸੰਤਾਪ ਭੋਗਿਆ ਹੈ। ਹਮੇਸ਼ਾ ਅਣਖ ਦਾ ਝੰਡਾ ਨੀਵਾਂ ਨਹੀਂ ਹੋਣ ਦਿੱਤਾ। ਭੁੱਚੋ ਕਲਾਂ ਦੇ ਸਕੂਲ ਵਿਚ ਤੇਰਾਂ ਸਾਲ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਇਕ ਡੇਰੇ ਦਾ ਗੰਦ ਨੰਗਾ ਕਰਦੀ ਲੰਮੀ ਕਹਾਣੀ ‘ਅੰਨ੍ਹੀ ਥੇਹ’ ਦੇ ਛਪਣ ’ਤੇ ਟੁੱਟੇ ਬਿਪਤਾ ਦੇ ਪਹਾੜ ਮੋਢਿਆਂ ’ਤੇ ਲੱਦ ਲਏ ਪਰ ਹਾਰ ਨਹੀਂ ਮੰਨੀ। ਇਸ ਡੇਰੇ ਵਿਚ ਦਲਿਤ ਸ਼੍ਰੇਣੀ ਦੇ ਲੋਕਾਂ ਨੂੰ ਮੱਥਾ ਟੇਕਣ ਜਾਂ ਅੰਦਰ ਜਾਣ ਦਾ ਅਧਿਕਾਰ ਨਹੀਂ ਸੀ। ਜੇ ਕੋਈ ਮਜ਼੍ਹਬੀ ਰਾਮਦਾਸੀਆ ਪੰਗਤ ਵਿਚ ਲੰਗਰ ਛਕਣ ਲਈ ਬੈਠ ਜਾਂਦਾ ਤਾਂ ਉਸ ਨੂੰ ਬਹੁਤ ਬੇਇੱਜ਼ਤ ਕਰ ਕੇ ਪੰਗਤ ਵਿੱਚੋਂ ਬਾਹਰ ਕੱਢਿਆ ਜਾਂਦਾ ਸੀ। ਇਸ ਤੋਂ ਇਲਾਵਾ ਜੋ ਕੁੱਝ ਵੀ ਡੇਰਿਆਂ ਵਿਚ ਹੋ ਸਕਦਾ ਹੈ ਤੇ ਹੁੰਦਾ ਹੈ, ਮੈਂ ਚਿੱਠੇ ਫਰੋਲ਼ ਦਿੱਤੇ। ਮੇਰੇ ਨਾਲ਼ ਲਾਗਡਾਟ ਰੱਖਣ ਵਾਲ਼ੇ ਇਕ ਸ਼ਰਾਰਤੀ ਮਾਸਟਰ ਨੇ ਕਹਾਣੀ ਡੇਰੇ ਪਹੁੰਚਦੀ ਕਰ ਦਿੱਤੀ ਜਿਸ ਨਾਲ਼ ਡੇਰੇ ਦੀਆਂ ਅਖੌਤੀ ਸੰਗਤਾਂ ਅਤੇ ਦਹਿਸ਼ਤਗਰਦ ਹੱਥ ਧੋ ਕੇ ਮੇਰੇ ਮਗਰ ਪੈ ਗਏ ਸਨ। ਬਹੁਤ ਸਿਦਕ ਦਿਲੀ ਨਾਲ਼ ਉਨ੍ਹਾਂ ਹਾਲਾਤ ਦਾ ਟਾਕਰਾ ਕਰਨਾ ਪਿਆ ਸੀ।

- ਅਤਰਜੀਤ

Posted By: Harjinder Sodhi