ਧਨ ਪਿਰੁ ਨਾਵਲਕਾਰ ਕੁਲਦੀਪ ਸਿੰਘ ਬੇਦੀ ਦਾ ਛੇਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦਾਅ-ਪੇਚ, ਜੇਕਰ, ਕਾਸ਼!,ਰੰਗ ਤਮਾਸ਼ਾ,ਸੰਗਲ ਨਾ ਫੜ, ਨਾਵਲ ਛਪ ਚੁੱਕੇ ਹਨ। ਨਾਵਲ ਜਾਤੀਵਾਦ ਦੀ ਜਕੜ ਨੂੰ ਤੋੜਦਾ ਹੈ। ਸਦੀਆਂ ਤੋਂ ਚੱਲੀ ਆ ਰਹੀ ਵਿਆਹ ਪ੍ਰਥਾ ਨੂੰ ਮੁਹੱਬਤ ਦੇ ਪੱਧਰ ’ਤੇ ਰੱਦ ਕਰਦਾ ਹੈ। ਨਾਵਲਕਾਰ ਕਹਿੰਦਾ ਹੈ ਕਿ ਸਫਲ ਵਿਆਹ ਲਈ ਪਤੀ ਪਤਨੀ ਦੀ ਆਤਮਿਕ ਪਹਿਚਾਣ ਅਤੇ ਮਨ ਦੀ ਨੇੜਤਾ ਬੇਹੱਦ ਜ਼ਰੂਰੀ ਹੈ । ਨਾਵਲ ਵਿਚ ਗੈਵੀ ਤੇ ਨੋਨੀ ਇਕ ਕੰਪਨੀ ਵਿਚ ਇਕੱਠੇ ਨੌਕਰੀ ਕਰਦੇ ਹਨ। ਦੋਵੇਂ ਇਕ ਦੂਸਰੇ ਦੇ ਨੇੜੇ ਹਨ। ਬੀਅਰ ਵੀ ਪੀਂਦੇ ਹਨ। ਇਕ ਦੂਸਰੇ ਦੇ ਘਰ ਵੀ ਜਾਂਦੇ ਹਨ। ਦੋਵਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਨੇੜਤਾ ਦਾ ਪਤਾ ਹੈ ਪਰ ਮਾਪੇ ਬੁਰਾ ਨਹੀਂ ਮਨਾਉਦੇ।

ਗੈਵੀ ਜੋ ਘਰਦਿਆਂ ਦਾ ਇਕੱਲਾ ਪੁੱਤਰ ਹੈ। ਜੋ ਬ੍ਰਾਹਮਣ ਪਰਿਵਾਰ ਨਾਲ ਸਬੰਧਿਤ ਹੈ। ਗੈਵੀ ਦਾ ਪਿਤਾ ਜੋਤਿਸ਼ ਦਾ ਕੰਮ ਕਰਦਾ ਹੈ ਤੇ ਗੈਵੀ ਲਈ ਵੇਖੀਆਂ ਕੁੜੀਆਂ ਦੀਆਂ ਪੱਤਰੀਆਂ ਵਾਚਦਾ ਹੈ। ਪਰ ਕਿਸੇ ਕੁੜੀ ਨਾਲ ਗੱਲ ਸਿਰੇ ਨਹੀਂ ਚੜ੍ਹਦੀ। ਗੈਵੀ ਦੇ ਮਾਂ ਬਾਪ ਇਸ ਗੱਲੋਂ ਬਹੁਤ ਦੁਖੀ ਹਨ ਤੇ ਛੇਤੀ ਤੋਂ ਛੇਤੀ ਗੈਵੀ ਨੂੰ ਵਿਆਹਿਆ ਹੋਇਆ ਵੇਖਣਾ ਚਾਹੁੰਦੇ ਹਨ ਤੇ ਪੁੱਤਰ ਤੇ ਕਿਸੇ ਕਿਸਮ ਦਾ ਦਬਾਅ ਵੀ ਨਹੀਂ ਪਾਉਦੇ। ਗੈਵੀ ਦੀ ਮਾਂ ਰੁਕਮਣੀ ਪੰਡਿਤ ਪਰਿਵਾਰ ਵਿਚ ਪਲੀ ਹੋਣ ਕਰਕੇ ਜਾਤੀਵਾਦ ਪ੍ਰਤੀ ਪੂਰੀ ਕੱਟੜ ਹੈ। ਨੋਨੀ ਦਲਿਤ ਜਾਤੀ ਵਿਚੋਂ ਹੋਣ ਕਰਕੇ ਨੋਨੀ ਦਾ ਰਸੋਈ ਵਿਚ ਆਉਣਾ-ਜਾਣਾ ਚੰਗਾ ਨਹੀਂ ਸਮਝਦੀ ਪਰ ਪੁੱਤਰ ਮੋਹ ਅੱਗੇ ਬੇਵੱਸ ਹੈ ਪਰ ਐਲਾਨੀਆ ਵਿਰੋਧ ਨਹੀਂ ਕਰਦੀ। ਚੱੁਪ ਚਾਪ ਸਭ ਕੁੱਝ ਜਰਨ ਲਈ ਮਜਬੂਰ ਹੈ।

ਨੋਨੀ ਜਲੰਧਰ ਦੀ ਹੈ ਜਿਸਦਾ ਬਾਪ ਰਾਮ ਆਸਰਾ ਪਸ਼ੂਆਂ ਦਾ ਮਾਸ ਲਾਹੁਣ ਦਾ ਕੰਮ ਕਰਦਾ ਸੀ ਤੇ ਉਸਦੇ ਭਰਾਵਾਂ ਦੀ ਚਮੜੇ ਦੀ ਫੈਕਟਰੀ ਤੇ ਭਾਈ ਵੰਡ ਵਿਚ ਆਏ ਪੈਸੇ ਨਾਲ ਉਹ ਨੋਇਡਾ ਵਿਚ ਛੋਟਾ ਜਿਹਾ ਫਲੈਟ ਲੈ ਲੈਂਦਾ ਹੈ। ਪਹਿਲਾਂ ਕਿਸੇ ਬਿਹਾਰੀ ਵਿਅਕਤੀ ਦੇ ਬਣੇ ਨਾਮੀ ਕੁਲਚੇ ਤੇ ਵਰਗਰ ਵੇਚਦਾ ਹੈ। ਫੇਰ ਰੇਹੜੀ ਲਾਉਣੀ ਛੱਡ ਕੇ ਆਪਣੀ ਵੱਖਰੀ ਦੁਕਾਨ ਕਰ ਲੈਂਦਾ ਹੈ, ਜੋ ਚੱਲ ਪੈਂਦੀ ਹੈ। ਨੋਨੀ ਵੀ ਗੈਵੀ ਵਾਲੀ ਫਰਮ ਛੱਡ ਕੇ ਕਿਸੇ ਹੋਰ ਫਰਮ ਵਿਚ ਡੇਢੀ ਤਨਖਾਹ ਤੇ ਨੌਕਰੀ ਕਰਨ ਲੱਗ ਪੈਂਦੀ ਹੈ। ਭਾਵੇਂ ਨੋਨੀ ਦਾ ਪਰਿਵਾਰ ਆਰਥਿਕ ਤੌਰ ’ਤੇ ਉੱਚਾ ਉਠ ਪੈਂਦਾ ਹੈ।

ਨੋਨੀ ਦੇ ਪਿਤਾ ਦਾ ਪੁਰਾਤਨ ਕਿੱਤਾ ਵੀ ਨਵੀਂ ਦੁਕਾਨਦਾਰੀ ਦੇ ਅਸਰ ਹੇਠ ਦੱਬ ਜਾਂਦਾ ਹੈ ਪਰ ਨੋਨੀ ਦੇ ਵਿਆਹ ਦਾ ਰਾਹ ਪੱਧਰਾ ਫੇਰ ਵੀ ਨਹੀਂ ਹੁੰਦਾ ਪਰ ਮਿਲਦੇ ਉਹ ਫੇਰ ਵੀ ਰਹਿੰਦੇ ਹਨ। ਗੈਵੀ ਦੇ ਮਾਪਿਆਂ ਵੱਲੋਂ ਕੁੜੀ ਲੱਭਣ ਦੇ ਯਤਨ ਅਜੇ ਵੀ ਜਾਰੀ ਹਨ । ਉਹ ਇਕ ਕੁੜੀ ਹੋਰ ਲੱਭਦੇ ਹਨ ।

ਜੋ ਬੜੀ ਤੇਜ਼ ਤਰਾਰ ਹੈ ਤੇ ਗੈਵੀ ਨੂੰ ਕਿਸੇ ਹੋਟਲ ਵਿਚ ਉਸਦੀ ਪਰਖ ਬਹਾਨੇ ਬੁਲਾ ਲੈਂਦੀ ਹੈ ਤੇ ਨਾਲ ਹੀ ਆਪਣੇ ਪ੍ਰਮੀ ਨੂੰ ਬੁਲਾ ਲੈਂਦੀ ਹੈ ਤੇ ਉਸ ਨਾਲ ਆਪਣੇ ਪ੍ਰੇਮ ਸਬੰਧਾਂ ਬਾਰੇ ਵੀ ਦੱਸ ਦਿੰਦੀ ਹੈ। ਉਹ ਵਿਆਹ ਵੀ ਉਸੇ ਨਾਲ ਕਰਵਾਉਣਾ ਚਾਹੁੰਦੀ ਹੈ। ਮਾਪਿਆਂ ਨੂੰ ਇਸ ਲਈ ਜਲੀਲ ਕਰ ਰਹੀ ਹੈ ਤਾਂ ਕਿ ਉਹ ਅੱਕ ਕੇ ਕਹਿ ਦੇਣ ਕਿ ਜਾਹ ਜੀਹਦੇ ਨਾਲ ਵਿਆਹ ਕਰਵਾਉਣਾ ਹੈ ਕਰਵਾ ਲੈ ।

ਇਸੇ ਦੌਰਾਨ ਗੈਵੀ ਤੇ ਉਸਦੇ ਕੁਲੀਗ ਨੋਨੀ ਨੂੰ ਵਿਦਾਇਗੀ ਪਾਰਟੀ ਦਿੰਦੇ ਨੇ ਤੇ ਉਸੇ ਫਰਮ ਦੀ ਇਕ ਹੋਰ ਮੁਲਾਜ਼ਮ ਰੂਪਾ ਤੇ ਫਰਮ ਦੇ ਮੁਖੀ ਹਰਨਾਮ ਦੀ ਸਿਲਵਰ ਜੁਬਲੀ ਹੈ। ਪਾਰਟੀ ਵਿਚ ਰੂਪਾ ਕਹਿੰਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਵਿਆਹ ਹੋਏ ਨੂੰ ਏਨੇ ਸਾਲ ਕਦੋਂ ਲੰਘ ਗਏ। ਉਨ੍ਹਾਂ ਦੋਵਾਂ ਦਾ ਅੰਤਰਜਾਤੀ ਵਿਆਹ ਹੈ। ਪਰ ਹਰਨਾਮ ਪਾਰਟੀ ਵਿਚ ਕਹਿੰਦਾ ਹੈ ਕਿ ਸਾਡਾ ਵਿਆਹ ਅਚਾਨਕ ਹੀ ਹੋ ਗਿਆ। ਇਕ ਦਿਨ ਅਸੀਂ ਦੋਵੇਂ ਇਕੱਲੇ ਬੈਠੇ ਸੀ ਤੇ ਸਾਡੇ ਦੋਵਾਂ ਦੇ ਦਿਲਾਂ ਦੀਆਂ ਘੰਟੀਆਂ ਇਕੱਠੀਆਂ ਵੱਜਣ ਲੱਗ ਪਈਆਂ ਤੇ ਅਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ।

ਜਦੋਂ ਨੋਨੀ ਗੈਵੀ ਵਾਲੀ ਫਰਮ ਛੱਡ ਕੇ ਕਿਸੇ ਹੋਰ ਫਰਮ ਵਿਚ ਨੌਕਰੀ ਕਰਨ ਲੱਗ ਪੈਂਦੀ ਹੈ ਤਾਂ ਗੈਵੀ ਦੀ ਮਾਂ ਸੋਚਣ ਲੱਗ ਪੈਂਦੀ ਹੈ ਕਿ ਨੋਨੀ ਦੇ ਦੂਰ ਜਾਣ ਕਾਰਨ ਹੁਣ ਉਹ ਵਿਆਹ ਕਰਵਾ ਲਵੇਗਾ ਪਰ ਗੈਵੀ ਤੇ ਨੋਨੀ ਫੇਰ ਵੀ ਮਿਲਦੇ ਰਹਿੰਦੇ ਨੇ। ਪਰ ਇਕ ਦਿਨ ਰੂਪਾ ਤੇ ਹਰਨਾਮ ਵਾਂਗ ਇਕੱਲੇ ਬੈਠੇ ਹੁੰਦੇ ਨੇ ਤੇ ਉਨ੍ਹਾਂ ਦੇ ਦਿਲਾਂ ਦੀਆਂ ਘੰਟੀਆਂ ਵੱਜਣ ਲੱਗ ਪੈਂਦੀਆਂ ਹਨ ਤੇ ਉਹ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲੈਂਦੇ ਹਨ ।

ਨਾਵਲਕਾਰ ਕਹਿਣਾ ਚਾਹੁੰਦਾ ਹੈ ਕਿ ਵਿਆਹਾਂ ਦੇ ਪੁਰਾਤਨ ਢੰਗ, ਜੋ ਆਰਥਿਕ ਪੱਧਰ ’ਤੇ ਜਾਤ ਅਧਾਰਿਤ ਹਨ। ਹੁਣ ਜਦੋਂ ਕੁੜੀਆਂ-ਮੁੰਡੇ ਕਮਾਊ ਹੋ ਰਹੇ ਹਨ। ਹੁਣ ਪੁਰਾਣੇ ਵਿਆਹਾਂ ਦੇ ਢੰਗ ਕੋਈ ਅਰਥ ਨਹੀਂ ਰਖਦੇ। ਮਾਪਿਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਫ਼ੈਸਲੇ ਉਨ੍ਹਾਂ ’ਤੇ ਛੱਡ ਦੇਣੇ ਚਾਹੀਦੇ ਹਨ। ਨਾਵਲ ਵਿਚ ਅਸਿੱਧੇ ਤੌਰ ’ਤੇ ਅਹਿਸਾਸ ਕਰਵਾਇਆ ਹੈ ਕਿ ਵਿਆਹਾਂ ਵਿਚ ਜੋਤਿਸ਼ ਦੇ ਜੋੜ ਮੇਲ ਦਾ ਕੋਈ ਅਰਥ ਨਹੀਂ। ਗੁਣਾਂ ਦੇ ਮਿਲਾਨ ਦੀ ਬਜਾਏ ਸੁਭਾਅ ਦਾ ਮਿਲਣਾ ਚਾਹੀਦਾ ਹੈ। ਲੇਖਕ ਨੇ ਨਾਵਲ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ਸਮਰਪਿਤ ਕੀਤਾ ਹੈ ਕਿਉਕਿ ਕੜਿਆਲਵੀ ਦਾ ਵੀ ਅੰਤਰਜਾਤੀ ਵਿਆਹ ਹੈ।

ਜਾਤੀ ਵਿਵਸਥਾ ਦੀਆਂ ਭਾਰਤ ’ਚ ਜੜ੍ਹਾਂ ਏਨੀਆਂ ਡੂੰਘੀਆਂ ਹਨ ਕਿ ਇਨ੍ਹਾਂ ਨੂੰ ਹੂਲਣਨਾ ਸਾਹਿਤਕਾਰ ਦਾ ਫ਼ਰਜ਼ ਹੈ। ਨਾਵਲ ਹਰ ਪੱਖੋਂ ਸਫਲ ਕਿਹਾ ਜਾ ਸਕਦਾ ਹੈ। ਅਜਿਹੇ ਨਾਵਲ ਅਜੋਕੀ ਪੀੜ੍ਹੀ ਨੂੰ ਪ੍ਰੇਰਨਾ ਵੀ ਦਿੰਦੇ ਨੇ। ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਇਸ ਨਾਵਲ ਦੇ ਸਫੇ : 140 ਅਤੇ ਮੁੱਲ: 225 ਰੁਪਏ ਹੈ।

- ਬੂਟਾ ਸਿੰਘ ਚੌਹਾਨ

Posted By: Harjinder Sodhi