ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਰੇ ਤਿਉਹਾਰ ਧਾਰਮਿਕ, ਸਮਾਜਿਕ ਅਤੇ ਲੋਕ ਕਲਿਆਣ ਦੇ ਸਰੋਕਾਰਾਂ ਨਾਲ ਜੁੜੇ ਹੋਏ ਹਨ। ਮਕਰ ਸੰਕ੍ਰਾਂਤੀ ਅਨੇਕਤਾ 'ਚ ਏਕਤਾ ਦਾ ਤਿਉਹਾਰ ਹੈ। ਇਹ ਅਜਿਹਾ ਤਿਉਹਾਰ ਹੈ ਜਿਸ ਦੀ ਗ੍ਰੇਗੇਰੀਅਨ ਅੰਗਰੇਜ਼ੀ ਕੈਲੰਡਰ 'ਚ ਤਰੀਕ ਤੈਅ ਹੈ ਅਤੇ ਹਰੇਕ ਸਾਲ ਲਗਪਗ 14 ਜਨਵਰੀ ਨੂੰ ਹੀ ਹੁੰਦਾ ਹੈ।

ਰਿਵਾਇਤੀ ਭਾਰਤੀ ਕੈਲੰਡਰ ਚੰਦਰਮਾ ਦੀਆਂ ਅਵਸਥਾਵਾਂ 'ਤੇ ਅਧਾਰਿਤ ਹੈ ਪਰ ਮਕਰ ਸੰਕ੍ਰਾਂਤੀ ਸੂਰਜ ਦੀ ਅਵਸਥਾ 'ਤੇ ਅਧਾਰਤ ਹੁੰਦੀ ਹੈ। ਇਸੇ ਕਾਰਨ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਸਾਰੇ ਤਿਉਹਾਰਾਂ ਦੀ ਤਰੀਕ ਬਦਲਦੀ ਰਹਿੰਦੀ ਹੈ ਪਰ ਮਕਰ ਸੰਕ੍ਰਾਂਤੀ ਦੀ ਤਰੀਕ ਕਾਫੀ ਸਮੇਂ ਤੋਂ ਹਰੇਕ ਸਾਲ ਦੀ 14 ਤਰੀਕ ਨੂੰ ਹੀ ਸਥਿਰ ਹੈ। ਵਿਗਿਆਨਕ ਦ੍ਰਿਸ਼ਟੀ ਤੋਂ ਇਹ ਇਕ ਖਗੋਲੀ ਘਟਨਾ ਹੈ। ਜਦ ਸੂਰਜ ਮਕਰ ਰਾਸ਼ੀ 'ਤੇ ਹੁੰਦਾ ਉਦੋਂ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਤੋਂ ਹੀ ਸੂਰਜ ਉੱਤਰ ਦਿਸ਼ਾ 'ਚ ਗਤੀ ਕਰਦਾ ਹੈ। ਸੂਰਜੀ ਕੈਲੰਡਰ ਅਨੁਸਾਰ ਇਸ ਸਮੇਂ 'ਚ ਦਿਨ ਅਤੇ ਰਾਤ ਬਿਲਕੁਲ ਬਰਾਬਰ ਹੁੰਦੇ ਹਨ। ਜੋਤਿਸ਼ ਅਨੁਸਾਰ ਮਕਰ ਤੋਂ ਭਾਵ ਮਕਰ ਰਾਸ਼ੀ ਤੋਂ ਹੈ ਅਤੇ ਸੰਕ੍ਰਾਂਤੀ ਦਾ ਮਤਲਬ ਤਬਦੀਲੀ ਤੋਂ ਹੈ। ਸੰਕ੍ਰਾਂਤੀ ਹਰੇਕ ਸਾਲ ਦੇ ਜਨਵਰੀ ਮਹੀਨੇ ਦੀ ਲਗਪਗ 14 ਤਰੀਕ ਨੂੰ ਹੁੰਦੀ ਹੈ ਜਦਕਿ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ 'ਚ ਦਾਖ਼ਲ ਹੁੰਦਾ ਹੈ।

ਹਿੰਦੂ ਗ੍ਰੰਥਾਂ ਵਿਚ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਭੀਮਸ਼ ਪਿਤਾਮਾ ਨੇ ਮੌਤ ਦੀ ਸੇਜ 'ਤੇ ਲੇਟਿਆਂ ਇਸ ਦਿਨ ਨੂੰ ਆਪਣੇ ਪ੍ਰਾਣ ਤਿਆਗਣ ਲਈ ਚੁਣਿਆ ਸੀ। ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੋ ਵਿਅਕਤੀ ਉਤਰਾਇਣ ਸਮੇਂ 'ਚ ਮੌਤ ਨੂੰ ਪ੍ਰਾਪਤ ਕਰਦਾ ਹੈ ਉਹ ਜਨਮ-ਮੌਤ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ। ਗੀਤਾ ਅਨੁਸਾਰ ਜੋ ਵਿਅਕਤੀ ਉਤਰਾਇਣ 'ਚ ਸਰੀਰ ਦਾ ਤਿਆਗ ਕਰਦਾ ਹੈ ਉਹ ਸ਼੍ਰੀ ਕ੍ਰਿਸ਼ਨ ਦੇ ਪਰਮ ਧਾਮ 'ਚ ਵਾਸ ਕਰਦਾ ਹੈ। ਪੁਰਾਣਾਂ ਅਨੁਸਾਰ ਇਸ ਦਿਨ ਸੂਰਜ ਭਗਵਾਨ ਇਕ ਪਿਤਾ ਦੇ ਰੂਪ 'ਚ ਆਪਣੇ ਪੁੱਤਰ ਸ਼ਨੀ ਨੂੰ ਮਿਲਣ ਜਾਂਦੇ ਹਨ ਅਤੇ ਉੱੱਥੇ ਇਕ ਮਹੀਨਾ ਨਿਵਾਸ ਵੀ ਕਰਦੇ ਹਨ। ਇਸ ਲਈ ਇਹ ਦਿਨ ਪਿਤਾ-ਪੁੱਤਰ ਦੇ ਸਬੰਧਾਂ ਲਈ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ।

ਤਮਿਲਨਾਡੂ 'ਚ ਇਸ ਨੂੰ ਪੋਂਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦਕਿ ਕਰਨਾਟਕ, ਕੇਰਲ ਅਤੇ ਆਂਧਰਾ ਪ੍ਰਦੇਸ਼ 'ਚ ਇਸ ਨੂੰ ਸਿਰਫ਼ ਸੰਕ੍ਰਾਂਤੀ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਨੇਪਾਲ 'ਚ ਇਸ ਮਾਧੇ ਸੰਕ੍ਰਾਂਤੀ, ਸੂਰਯੋਉਤਰਾਯਣ ਅਤੇ ਥਾਰੂ ਸਮੁਦਾਇ 'ਚ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਭਾਰਤ ਦੇ ਕੁਝ ਹਿੱਸਿਆਂ 'ਚ ਪਤੰਗ ਉਡਾਉਣ ਦਾ ਵੀ ਵਿਸ਼ੇਸ਼ ਮਹੱਤਵ ਹੈ। ਮਕਰ ਸੰਕ੍ਰਾਂਤੀ ਦਾ ਜੋਤਿਸ਼ ਦੇ ਨਜ਼ਰੀਏ ਤੋਂ ਵੀ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਦਿਨ ਸੂਰਜ ਮਕਰ ਰਾਸ਼ੀ 'ਚ ਪ੍ਰਵੇਸ਼ ਕਰਦਾ ਹੈ। ਉੱਤਰ ਪ੍ਰਦੇਸ਼ 'ਚ ਇਹ ਮੌਕਾ ਦਾਨ ਪੁਰਬ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਇਲਾਹਾਬਾਦ 'ਚ ਇਸ ਪੁਰਬ ਨੂੰ ਮਾਘ ਮੇਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਾਘ ਮੇਲੇ ਦਾ ਪਹਿਲਾ ਇਸ਼ਨਾਨ ਮਕਰ ਸੰਕ੍ਰਾਂਤੀ ਤੋਂ ਸ਼ੁਰੂ ਹੋ ਕੇ ਸ਼ਿਵਰਾਤਰੀ ਤਕ ਚਲਦਾ ਹੈ। ਸੰਕ੍ਰਾਂਤੀ ਦੇ ਦਿਨ ਪਵਿੱਤਰ ਨਦੀਆਂ 'ਚ ਇਸ਼ਨਾਨ ਪਿਛੋਂ ਦਾਨ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਉੱਤਰ ਭਾਰਤ 'ਚ ਪਹਿਲਾਂ ਇਸ ਮਹੀਨੇ 'ਚ ਵਿਆਹ ਨਹੀਂ ਹੁੰਦੇ ਸਨ ਪਰ ਸਮੇਂ ਦੇ ਨਾਲ ਪ੍ਰੰਪਰਾਵਾਂ ਵੀ ਬਦਲ ਗਈਆਂ ਹਨ। ਇਸ ਦਿਨ ਤਿਲਾਂ ਦੀ ਮਠਿਆਈ ਦਾਨ ਦਿੱਤੀ ਜਾਂਦੀ ਹੈ।

ਉੱਤਰ ਪ੍ਰਦੇਸ਼ 'ਚ ਇਹ ਪੁਰਬ ਖਿੱਚੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਦਿਨ ਤਿਲ ਅਤੇ ਤਿਲਾਂ ਤੋਂ ਬਣੀਆਂ ਚੀਜ਼ਾਂ ਦੇ ਨਾਲ-ਨਾਲ ਖਿਚੜੀ ਦਾ ਦਾਨ ਵੀ ਅਹਿਮ ਮੰਨਿਆ ਜਾਂਦਾ ਹੈ। ਮਹਾਰਾਸ਼ਟਰ 'ਚ ਨਵਵਿਆਹੇ ਇਸ ਦਿਨ ਕਪਾਹ, ਤੇਲ ਅਤੇ ਲੂਣ ਆਦਿ ਚੀਜ਼ਾਂ ਹੋਰ ਸੁਹਾਗਣ ਔਰਤਾਂ ਨੂੰ ਦਾਨ ਕਰਦੀਆਂ ਹਨ। ਤਿਲ-ਗੁੜ ਨਾਮੀ ਕੜਾਹ ਨੂੰ ਵੰਡਣ ਦੀ ਵੀ ਪ੍ਰਥਾ ਹੈ। ਲੋਕ ਇਕ-ਦੂਜੇ ਨੂੰ ਤਿਲ-ਗੁੜ ਦਿੰਦੇ ਹਨ ਅਤੇ ਕਹਿੰਦੇ ਹਨ ਤਿਲ ਗੁੜ ਲਓ ਅਤੇ ਮਿੱਠਾ-ਮਿੱਠਾ ਬੋਲੋ।

ਧਾਰਮਿਕ ਗ੍ਰੰਥਾਂ 'ਚ ਮਕਰ ਸੰਕ੍ਰਾਂਤੀ

- ਸੂਰਜ ਦੀ ਉੱਤਰ ਦਿਸ਼ਾ 'ਚ ਗਤੀ ਨਾਲ ਦੇਵਤਿਆਂ ਦੀ ਬ੍ਰਹਮ ਮਹੂਰਤ ਪੂਜਾ ਦਾ ਪੁੰਨਕਾਲ ਆਰੰਭ ਹੋ ਜਾਂਦਾ ਹੈ। ਇਸ ਨੂੰ ਸਾਧਨਾ ਦਾ ਸਿੱਧੀਕਾਲ ਵੀ ਕਿਹਾ ਗਿਆ ਹੈ। ਇਕ ਕਾਲ 'ਚ ਦੇਵ ਸਨਮਾਨ, ਗ੍ਰਹਿ ਨਿਰਮਾਣ ਆਦਿ ਪਵਿੱਤਰ ਕਾਰਜ ਕੀਤੇ ਜਾਂਦੇ ਹਨ। ਮਕਰ ਸੰਕ੍ਰਾਂਤੀ ਦੇ ਇਕ ਦਿਨ ਪਹਿਲਾਂ ਹੀ ਵਰਤ ਰੱਖ ਕੇ ਯੋਗ ਪਾਤਰਾਂ ਨੂੰ ਦਾਨ ਦੇਣਾ ਚਾਹੀਦਾ ਹੈ।

- ਰਾਮਾਇਣ ਕਾਲ ਤੋਂ ਭਾਰਤੀ ਸੰਸਕ੍ਰਿਤੀ 'ਚ ਦਿਨ ਦੀ ਸੂਰਜ ਪੂਜਾ ਦਾ ਰਿਵਾਜ ਚਲਿਆ ਆ ਰਿਹਾ ਹੈ। ਰਾਮ ਕਥਾ 'ਚ ਮਰਿਆਦਾ ਪਰਸ਼ੋਤਮ ਸ੍ਰੀਰਾਮ ਦੁਆਰਾ ਰੋਜ਼ ਸੂਰਜ ਪੂਜਾ ਦਾ ਵਰਣਨ ਮਿਲਦਾ ਹੈ। ਰਾਮਚਰਿਤ ਮਾਨਸ 'ਚ ਹੀ ਭਗਵਾਨ ਸ੍ਰੀਰਾਮ ਦੁਆਰਾ ਪਤੰਗ ਉਡਾਏ ਜਾਣ ਦਾ ਵੀ ਜ਼ਿਕਰ ਹੈ। ਮਕਰ ਸੰਕ੍ਰਾਂਤੀ ਦਾ ਜ਼ਿਕਰ ਮਹਾਰਿਸ਼ੀ ਵਾਲਮਿਕੀ ਰਚਿਤ ਰਾਮਾਇਣ 'ਚ ਵੀ ਮਿਲਦਾ ਹੈ।

- ਰਾਜਾ ਭਗੀਰਥ ਸੂਰਜਵੰਸ਼ੀ ਸਨ, ਜਿਨ੍ਹਾਂ ਨੇ ਭਗੀਰਥ ਤਪ ਸਾਧਨਾ ਦੇ ਸਿੱਟੇ ਵਜੋਂ ਪਾਪਨਾਸ਼ਨੀ ਗੰਗਾ ਨੂੰ ਧਰਤੀ 'ਤੇ ਲਿਆ ਕੇ ਆਪਣੇ ਪੂਰਵਜਾਂ ਨੂੰ ਮੁਕਤੀ ਪ੍ਰਦਾਨ ਕਰਵਾਈ ਸੀ। ਰਾਜਾ ਭਗੀਰਥ ਨੇ ਆਪਣੇ ਪੂਰਵਜਾਂ ਦਾ ਗੰਗਾਜਲ, ਅਕਸ਼ਤ, ਤਿਲ ਨਾਲ ਸ਼ਰਾਧ ਕੀਤਾ ਸੀ। ਉਦੋਂ ਤੋਂ ਮਕਰ ਸੰਕ੍ਰਾਂਤੀ ਇਸ਼ਨਾਨ ਅਤੇ ਮਕਰ ਸੰਕ੍ਰਾਂਤੀ ਸ਼ਰਾਧ ਕਰਨ ਦੀ ਪ੍ਰਥਾ ਅੱਜ ਤਕ ਪ੍ਰਚਲਿਤ ਹੈ।

- ਕਪਿਲ ਮੁਨੀ ਦੇ ਆਸ਼ਰਮ 'ਤੇ ਜਿਸ ਦਿਨ ਮਾਤਾ ਗੰਗੇ ਦਾ ਪੈਰ ਪਿਆ ਸੀ, ਉਹ ਮਕਰ ਸੰਕ੍ਰਾਂਤੀ ਦਾ ਦਿਨ ਸੀ। ਪਵਿੱਤਰ ਗੰਗਾ ਜਲ ਦੀ ਛੋਹ ਨਾਲ ਰਾਜਾ ਭਗੀਰਥ ਦੇ ਪੂਰਵਜਾਂ ਨੂੰ ਸਵਰਗ ਦੀ ਪ੍ਰਾਪਤੀ ਹੋਈ ਸੀ। ਕਪਿਲ ਮੁਨੀ ਨੇ ਵਰਦਾਨ ਦਿੰਦੇ ਹੋਏ ਕਿਹਾ ਸੀ,' ਮਾਤਾ ਗੰਗਾ ਤ੍ਰਿਕਾਲ ਤਕ ਜਨ-ਜਨ ਦਾ ਪਾਪਹਰਣ ਕਰੇਗੀ ਅਤੇ ਭਗਤਾਂ ਦੀਆਂ ਸੱਤ ਪੀੜ੍ਹੀਆਂ ਨੂੰ ਮੁਕਤੀ ਪ੍ਰਦਾਨ ਕਰੇਗੀ। ਗੰਗਾ ਜਲ ਦੀ ਛੋਹ, ਪਾਨ, ਇਸ਼ਨਾਨ ਅਤੇ ਦਰਸ਼ਨ ਸਾਰੇ ਪੁੰਨਦਾਇਕ ਫਲ ਪ੍ਰਦਾਨ ਕਰੇਗਾ।'

- ਮਹਾਭਾਰਤ ਦੇ ਪਿਤਾਮਾ ਭੀਸ਼ਮ ਦੇ ਸੂਰਜ ਉੱਤਰ ਦਿਸ਼ਾ 'ਚ ਗਮਨ ਸਮੇਂ ਹੀ ਸਵੈਇੱਛਾ ਨਾਲ ਸਰੀਰ ਦਾ ਤਿਆਗ ਕੀਤਾ ਸੀ। ਉਨ੍ਹਾਂ ਦਾ ਸ਼ਰਾਧ ਸੰਸਕਾਰ ਵੀ ਸੂਰਜ ਦੀ ਉੱਤਰ ਦਿਸ਼ਾ ਦੀ ਗਤੀ 'ਚ ਹੋਇਆ ਸੀ। ਇਸ ਲਈ ਅੱਜ ਤਕ ਪਿੱਤਰਾਂ ਦੀ ਖ਼ੁਸ਼ੀ ਲਈ ਤਿਲ ਅਰਘ ਅਤੇ ਜਲ ਅਰਪਣ ਦੀ ਪ੍ਰਥਾ ਮਕਰ ਸੰਕ੍ਰਾਂਤੀ ਦੇ ਮੌਕੇ ਪ੍ਰਚਲਿਤ ਹੈ।

- ਸੂਰਜ ਦੀ ਸੱਤਵੀ ਕਿਰਨ ਭਾਰਤ 'ਚ ਅਧਿਆਤਮਿਕ ਉੱਨਤੀ ਦੀ ਪ੍ਰੇਰਨਾ ਦੇਣ ਵਾਲੀ ਹੈ। ਸੱਤਵੀ ਕਿਰਨ ਦਾ ਅਸਰ ਭਾਰਤ 'ਚ ਗੰਗਾ-ਜਮੁਨਾ ਦੇ ਮੱਧ ਅਧਿਕ ਸਮੇਂ ਤਕ ਰਹਿੰਦਾ ਹੈ। ਇਸ ਭੂਗੋਲਿਕ ਸਥਿਤੀ ਕਾਰਨ ਹੀ ਹਰਿਦੁਆਰ ਅਤੇ ਪ੍ਰਯਾਗ 'ਚ ਮਾਘ ਮੇਲਾ ਭਾਵ ਮਕਰ ਸੰਕ੍ਰਾਂਤੀ ਜਾਂ ਪੂਰਣ ਕੁੰਭ ਅਤੇ ਅਰਧ ਕੁੰਭ ਦੇ ਵਿਸ਼ੇਸ਼ ਉਤਸਵ ਹੁੰਦੇ ਹਨ।

ਸਾਡੇ ਪਵਿੱਤਰ ਪੁਰਾਣਾਂ ਅਨੁਸਾਰ ਮਕਰ ਸੰਕ੍ਰਾਂਤੀ ਦਾ ਪੁਰਬ ਬ੍ਰਹਮਾ, ਵਿਸ਼ਣੂ, ਮਹੇਸ਼, ਗਣੇਸ਼, ਆਦਿਸ਼ਕਤੀ ਅਤੇ ਸੂਰਜ ਦੀ ਪੂਜਾ ਦਾ ਪਵਿੱਤਰ ਵਰਤ ਹੈ, ਜੋ ਤਨ-ਮਨ-ਆਤਮਾ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਸੰਤ-ਮਹਾਂਰਿਸ਼ੀਆਂ ਅਨੁਸਾਰ ਇਸ ਦੇ ਅਸਰ ਨਾਲ ਪ੍ਰਾਣੀਆਂ ਦੀ ਆਤਮਾ ਸ਼ੁਧ ਹੁੰਦੀ ਹੈ। ਸੰਕਲਪ ਸ਼ਕਤੀ ਵਧਦੀ ਹੈ। ਗਿਆਨ ਤੰਤੂ ਵਿਕਸਤ ਹੁੰਦੇ ਹਨ। ਮਕਰ ਸੰਕ੍ਰਾਂਤੀ ਇਸੇ ਚੇਤਨਾ ਨੂੰ ਵਿਕਸਤ ਕਰਨ ਵਾਲਾ ਤਿਉਹਾਰ ਹੈ। ਇਹ ਸਾਰੇ ਭਾਰਤ 'ਚ ਕਿਸੇ ਨਾ ਕਿਸੇ ਰੂਪ 'ਚ ਮਨਾਇਆ ਜਾਂਦਾ ਹੈ। ਵਿਸ਼ਣੂ ਧਰਮ ਸੂਤਰ 'ਚ ਕਿਹਾ ਗਿਆ ਹੈ ਕਿ ਪਿੱਤਰਾਂ ਦੀ ਆਤਮਾ ਦੀ ਸ਼ਾਂਤੀ, ਤੰਦਰੁਸਤੀ ਅਤੇ ਸਰਵ ਕਲਿਆਣ ਲਈ ਤਿਲ ਦੇ ਛੇ ਪ੍ਰਯੋਗ ਪੁੰਨਦਾਇਕ ਅਤੇ ਫਲਦਾਇਕ ਹੁੰਦੇ ਹਨ। ਤਿਲ ਜਲ ਨਾਲ ਇਸ਼ਨਾਨ ਕਰਨਾ, ਤਿਲ ਦਾਨ ਕਰਨਾ, ਤਿਲ ਤੋਂ ਬਣਿਆ ਭੋਜਨ, ਜਲ 'ਚ ਤਿਲ ਅਰਪਣ, ਤਿਲ ਨਾਲ ਆਹੂਤੀ ਤੇ ਤਿਲ ਦਾ ਵੱਟਣਾ ਲਾਉਣਾ।

ਰੋਚਕ ਖਗੋਲੀ ਤੱਥ

ਜਿਸ ਦਿਨ ਸੂਰਜ ਧਨ ਰਾਸ਼ੀ ਤੋਂ ਮਕਰ ਰਾਸ਼ੀ 'ਚ ਦਾਖ਼ਲ ਹੁੰਦਾ ਹੈ ਉਸ ਨੂੰ ਮਕਰ ਸੰਕ੍ਰਾਂਤੀ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਹਰ ਸਾਲ ਇਸ ਖਗੋਲੀ ਗਤੀ 'ਚ 20 ਮਿੰਟ ਦਾ ਅੰਤਰ ਆਉਂਦਾ ਹੈ ਭਾਵ ਸੂਰਜ ਦਾ ਮਕਰ ਰਾਸ਼ੀ 'ਚ ਪ੍ਰਵੇਸ਼ 365 ਦਿਨ ਅਤੇ 20 ਮਿੰਟ ਬਾਅਦ ਹੁੰਦਾ ਹੈ। ਇਸ ਹਿਸਾਬ

ਨਾਲ ਤਿੰਨ ਸਾਲ 'ਚ ਇਹ ਅੰਤਰ 1 ਘੰਟੇ ਦਾ ਹੋ ਜਾਂਦਾ ਹੈ ਅਤੇ 24 ਘੰਟੇ ਦਾ ਅੰਤਰ ਹੋਣ 'ਚ 72 ਸਾਲ ਦਾ ਸਮਾਂ ਲੱਗਦਾ ਹੈ। ਇਹੀ ਕਾਰਨ ਹੈ ਕਿ ਹਰੇਕ 72 ਸਾਲ ਪਿਛੋਂ ਮਕਰ ਸੰਕ੍ਰਾਂਤੀ ਦਾ ਤਿਉਹਾਰ ਅਗਲੀ ਤਰੀਕ 'ਚ ਤਬਦੀਲ ਹੋ ਜਾਂਦਾ ਹੈ। ਸਾਲ 2084 'ਚ ਮਕਰ ਸੰਕ੍ਰਾਂਤੀ ਦੀ ਤਰੀਕ ਤਬਦੀਲ ਹੋ ਕੇ 16 ਜਨਵਰੀ ਹੋ ਜਾਵੇਗੀ। ਇਸ ਤੋਂ ਪਹਿਲਾਂ 1950 'ਚ ਇਸ ਦੀ ਤਰੀਕ 13 ਜਨਵਰੀ ਤੋਂ ਤਬਦੀਲ ਹੋ ਕੇ 14 ਜਨਵਰੀ ਹੋਈ ਸੀ ਅਤੇ 2012 'ਚ ਇਸ ਦੀ ਤਰੀਕ 14 ਜਨਵਰੀ ਤੋਂ ਬਦਲ ਕੇ 15 ਜਨਵਰੀ ਹੋਈ ਸੀ। ਮਕਰ ਸੰਕ੍ਰਾਂਤੀ ਦੀ ਇਸ ਰੋਚਕ ਤਬਦੀਲੀ ਦਾ ਖਗੋਲੀ ਵਿਗਿਆਨਕ ਆਧਾਰ ਹੈ।

Posted By: Harjinder Sodhi