ਦੋ ਅਪਰੈਲ 2020 ਦਾ ਦਿਨ। ਕੋਰੋਨਾ ਵਾਇਰਸ ਦੇ ਕਹਿਰ ਦਾ ਦੌਰ ਹੈ। ਆਮ ਤੌਰ 'ਤੇ ਸਭ ਲੋਕ ਘਰਾਂ ਅੰਦਰ ਤੜੇ ਬੈਠੇ ਹਨ। ਮੈਂ ਵੀ ਆਪਣੇ ਘਰ 'ਚ ਬੈਠਾ ਹਾਂ। ਫ਼ਤਿਹਜੀਤ ਦੀ ਚੌਥੀ ਕਿਤਾਬ 'ਰੇਸ਼ਮੀ ਧਾਗੇ' ਵਿੱਚੋਂ ਕੁਝ ਕਵਿਤਾਵਾਂ ਦਾ ਪਾਠ ਕੀਤਾ ਹੈ। ਸਬੱਬ ਦੇਖੋ। ਮੋਬਾਈਲ ਫੋਨ ਦੀ ਘੰਟੀ ਵੱਜੀ ਹੈ। ਦੇਖਦਾ ਹਾਂ ਬੀਬੀ ਜੀ ਦਾ ਫੋਨ ਹੈ। ਮੈਂ ਫ਼ਤਿਹਜੀਤ ਹੁਰਾਂ ਦੀ ਜੀਵਨ ਸਾਥਣ ਨੂੰ ਬੀਬੀ ਜੀ ਕਹਿੰਦਾ ਹਾਂ ਤੇ ਅਸੀਂ ਸਾਰੇ ਮਿੱਤਰ ਫ਼ਤਿਹਜੀਤ ਨੂੰ ਭਾਅ ਜੀ। ਗੁਰਸ਼ਰਨ ਸਿੰਘ ਭਾਅ ਜੀ ਵਾਂਗ। ਫੋਨ ਆਨ ਕੀਤਾ। ਬੀਬੀ ਜੀ ਹੁਰਾਂ ਨੇ ਸਭ ਦਾ ਹਾਲ ਪੁੱਛਿਆ। ਗੱਲਾਂ ਕਰਦੇ ਕਹਿਣ ਲੱਗੇ ਆਵਦੇ ਭਾਅ ਜੀ ਨਾਲ ਗੱਲ ਕਰ। ਮੈਂ ਪੁੱਛਿਆ ਭਾਅ ਜੀ ਸਿਹਤ ਕਿਵੇਂ ਹੈ?' 'ਸਿਹਤ ਤਾਂ ਹੁਣ ਠੀਕ ਠਾਕ ਹੀ ਹੈ', ਦੱਸ ਕੇ ਉਨ੍ਹਾਂ ਨੇ ਕੁਝ ਹੋਰ ਕਹਿਣਾ ਚਾਹਿਆ ਪਰ ਮੇਰੀ ਸਮਝ ਨਾ ਆਇਆ। ਮੈਂ ਉਨ੍ਹਾਂ ਨੂੰ ਦੱਸਿਆ ਕਿ 'ਰੇਸ਼ਮੀ ਧਾਗੇ' ਵਿੱਚੋਂ ਮੈਂ ਤੁਹਾਡੀ ਕਵਿਤਾ 'ਮੈਂ ਪੰਛੀ ਬਣਨਾ ਲੋਚਦਾ ਹਾਂ' ਪੜ੍ਹ ਕੇ ਹਟਿਆ ਹਾਂ। ਉਹ ਮੈਨੂੰ ਬੜੀ ਚੰਗੀ ਲੱਗੀ। ਝੱਟ ਕਹਿਣ ਲੱਗੇ, 'ਪ੍ਰੋ. ਮੋਹਨ ਸਿੰਘ ਨੇ ਪੰਜ ਦਰਿਆ ਵਿਚ ਤਾਂ ਇਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ।' ਮੈਨੂੰ ਖ਼ੁਸ਼ੀ ਭਰੀ ਹੈਰਾਨੀ ਹੋਈ, ਇਸ ਹਾਲਤ ਵਿਚ ਵੀ ਉਨ੍ਹਾਂ ਦੀ ਤੇਜ਼ ਯਾਦਦਾਸ਼ਤ ਜਾਣ ਕੇ। ਬੀਬੀ ਰਣਧੀਰ ਕੌਰ ਨੇ ਜਲੰਧਰ ਆਣ ਕੇ ਮਿਲ ਜਾਣ ਦੀ ਹੁਕਮ ਵਰਗੀ ਤਾਗੀਦ ਕੀਤੀ।

ਫ਼ਤਿਹਜੀਤ ਹੁਰਾਂ ਨੂੰ ਜਲੰਧਰ ਜਾ ਕੇ ਮਿਲਣ ਦਾ ਇਕਰਾਰ ਪੰਜ ਮਹੀਨੇ ਬਾਅਦ ਪੂਰਾ ਹੋਇਆ। ਮੈਂ, ਸ਼ਾਇਰ ਜਗੀਰ ਜੋਸਨ ਅਤੇ ਤਰਕਸ਼ੀਲ ਆਗੂ ਬਿੱਟੂ ਰੂਪੇਵਾਲੀ ਲੰਘੀ ਦੋ ਸਤੰਬਰ ਨੂੰ ਪੰਜਾਬੀ ਬਾਗ਼ ਜਲੰਧਰ ਪਹੁੰਚ ਗਏ। ਉੱਥੇ ਉਹ ਆਪਣੀ ਵੱਡੀ ਧੀ ਬਲਜੀਤ ਕੋਲ ਪਤਨੀ ਰਣਧੀਰ ਕੌਰ ਸਮੇਤ ਰਹਿੰਦੇ ਹਨ।

ਉਹ ਅਰਧ ਚੇਤਨ ਜਿਹੀ ਅਵਸਥਾ ਵਿਚ ਬਿਸਤਰੇ 'ਤੇ ਲੰਮੇ ਪਏ ਨਜ਼ਰ ਆਏ। ਜਦੋਂ ਅਸੀਂ ਉਨ੍ਹਾਂ ਨਾਲ ਗੱਲਾਂਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਆਉਣੀ ਸ਼ੁਰੂ ਹੋ ਗਈ। ਉਹ ਪਿਛਲੇ ਦੋ ਸਾਲਾਂ ਤੋਂ ਮੰਜੇ ਨਾਲ ਮੰਜਾ ਹੋਏ ਪਏ ਹਨ ਹੁਣ ਉਹ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਗਏ ਹਨ। ਉਹ ਬਹੁਤ ਕੁਝ ਕਹਿਣਾ ਚਾਹੁੰਦੇ ਲਗਦੇ ਹਨ ਪਰ ਸਰੀਰਕ ਕਮਜ਼ੋਰੀ ਅਤੇ ਗੱਲ ਕਰਨ 'ਚ ਹੁੰਦੀ ਤਕਲੀਫ਼ ਕਾਰਨ ਉਹ ਬੇਵੱਸ ਹੋ ਜਾਂਦੇ ਹਨ। ਕੁਝ ਇਸ਼ਾਰਿਆਂ ਅਤੇ ਉੱਖੜੀ-ਉੱਖੜੀ ਜ਼ੁਬਾਨ ਵਿਚ ਕਹਿੰਦੇ ਹਨ, ਉਸ ਗੱਲ ਨੂੰ ਉਨ੍ਹਾਂ ਦੀ ਧੀ ਗੁਗਨ(ਬਲਜੀਤ ਕੌਰ) ਕਾਫ਼ੀ ਹੱਦ ਤਕ ਸਮਝ ਲੈਂਦੀ ਹੈ ਅਤੇ ਦੂਸਰਿਆਂ ਨੂੰ ਸਮਝਾ ਦਿੰਦੀ ਹੈ।

ਸ਼ੁਰੂਆਤੀ ਗੱਲਬਾਤ ਦੌਰਾਨ ਫ਼ਤਿਹਜੀਤ ਨੇ ਸਟੇਜੀ ਕਵੀ ਗੁਰਦਿੱਤ ਸਿੰਘ ਕੁੰਦਨ ਨਾਲ ਆਪਣੀ ਕੋਈ ਸਾਂਝ ਤਾਜ਼ਾ ਕਰਨੀ ਚਾਹੀ, ਪਰ ਸ਼ਪਸ਼ਟ ਨਾ ਕਰ ਸਕੇ। ਇਸੇ ਦੌਰਾਨ ਬੀਬੀ ਰਣਧੀਰ ਕੌਰ ਨੇ ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਫ਼ਤਿਹਜੀਤ ਹੁਰਾਂ ਦੇ ਸਨਮਾਨ ਦੀ ਗੱਲ ਛੋਹ ਲਈ। ਉਨ੍ਹਾਂ ਕਿਹਾ ਕਿ 'ਕਲਮ' ਵਲੋਂ ਦਿੱਤੀ ਗਈ ਨਕਦ ਰਕਮ ਅਸੀਂ ਲੈਣਾ ਨਹੀਂ ਚਾਹੁੰਦੇ ਸਾਂ, ਪਰ ਸਨਮਾਨਿਤ ਕਰਨ ਵਾਲਿਆਂ ਵਲੋਂ ਪ੍ਰਗਟ ਕੀਤੇ ਗਏ ਸਤਿਕਾਰ ਨਾਲ ਬਣੀ ਮਨੋ ਅਵਸਥਾ ਵਿਚ ਇਨਕਾਰ ਨਾ ਹੋ ਸਕਿਆ।

ਇੱਥੇ ਦੱਸਣ ਯੋਗ ਹੈ ਕਿ 'ਏਕਮ, ਕੱਚੀ ਮਿੱਟੀ ਦੇ ਬੌਣੇ, ਨਿੱਕੀ ਜਿਹੀ ਚਾਨਣੀ ਅਤੇ ਰੇਸ਼ਮੀ ਧਾਗੇ' ਪੰਜਾਬੀ ਸੰਸਾਰ ਦੀ ਝੋਲੀ ਪਾਉਣ ਵਾਲੇ ਕਵੀ ਫਤਿਹਜੀਤ ਦਾ ਸੁਖਵਿੰਦਰ ਕੰਬੋਜ (ਕਨੇਡਾ) ਦੀ ਅਗਵਾਈ ਵਿਚ ਜਨਵਰੀ 2019 ਵਿਚ ਬਾਪੂ ਜਗੀਰ ਸਿੰਘ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਸੀ। ਇਸ ਵਿਚ ਇੱਕੀ ਹਜ਼ਾਰ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ।

ਨਿੱਕੀਆਂ-ਨਿੱਕੀਆਂ ਗੱਲਾਂ ਦੇ ਚਲਦੇ ਸਿਲਸਿਲੇ ਦੌਰਾਨ ਫ਼ਤਿਹਜੀਤ ਕੁਝ ਹੋਰ ਚੰਗੇ ਰੌਂਅ ਵਿਚ ਆ ਚੁੱਕੇ ਸਨ। ਉਨ੍ਹਾਂ ਨੇ ਜਗੀਰ ਜੋਸਨ ਨੂੰ ਕੋਈ ਕਵਿਤਾ ਸੁਣਾਉਣ ਦੀ ਫਰਮਾਇਸ਼ ਕੀਤੀ। ਜੋਸਨ ਨੇ ਕੋਰੋਨਾ ਦੌਰ ਬਾਰੇ ਲਿਖੀ ਕਵਿਤਾ 'ਰਾਮੂ ਪਰਤ ਆਵੇਗਾ' ਸੁਣਾਈ ਜੋ ਫ਼ਤਿਹਜੀਤ ਨੇ ਬੜੇ ਗੁਹ ਨਾਲ ਸੁਣੀ।

ਲੰਬੀ ਬਿਮਾਰੀ ਕਾਰਨ ਸਰੀਰਕ ਪੱਖੋਂ ਬੇਹੱਦ ਕਮਜ਼ੋਰ ਹੋ ਚੁੱਕੇ ਪਰ ਪੂਰੀ ਤਰ੍ਹਾਂ ਚੇਤਨ ਫ਼ਤਿਹਜੀਤ ਦੇ ਅੰਦਰਲਾ ਫਰੋਲਣ ਦੇ ਮਨਸ਼ੇ ਨਾਲ ਜਗੀਰ ਜੋਸਨ ਨੇ ਪੁੱਛਿਆ ਕਿ ਕੀ ਉਹ ਜ਼ਿੰਦਗੀ ਤੋਂ ਸੰਤੁਸ਼ਟ ਹਨ। ਜਵਾਬ ਇਕ ਸ਼ਬਦੀ ਸੀ, 'ਨਹੀਂ।'

'ਕੀ ਕੋਈ ਇੱਛਾ ਪੂਰੀ ਹੋਣੀ ਰਹਿ ਗਈ ਹੈ?' ਕਹਿਣ ਲੱਗੇ,'ਕੋਈ ਇੱਛਾ ਸੀ ਹੀ ਨਹੀਂ। ਪਹਿਲੀਆਂ ਕਾਵਿ ਪੁਸਤਕਾਂ ਤੋਂ ਛੱਤੀ ਸਾਲ ਬਾਅਦ 'ਰੇਸ਼ਮੀ ਧਾਗੇ' ਛਾਪਣ ਦੀ ਗੱਲ ਚੱਲੀ ਤਾਂ ਬਲਜੀਤ ਨੇ ਦੱਸਿਆ ਕਿ ਇਕ ਕਿਤਾਬ ਜੋਗਾ ਹੋਰ ਮੈਟਰ ਪਾਪਾ ਜੀ ਦੇ ਸੰਦੂਕ ਵਿੱਚੋਂ ਮਿਲਿਆ ਹੈ। ਉਸ ਨੂੰ ਕਿਤਾਬੀ ਰੂਪ ਦੇਣ ਦੀ ਸੋਚ ਰਹੇ ਹਾਂ। ਹੋ ਸਕਦਾ ਹੈ 'ਰੇਸ਼ਮੀ ਧਾਗੇ' ਦੀ ਭੂਮਿਕਾ ਵਿਚ ਉਸ ਨੂੰ ਆਖ਼ਰੀ ਕਿਤਾਬ ਕਹਿਣ ਦੀ ਪਾਪਾ ਦੀ ਗੱਲ ਝੂਠੀ ਸਾਬਤ ਹੋ ਜਾਵੇ।

ਢਾਈ ਘੰਟੇ ਦੀ ਜ਼ਿਆਰਤ ਤੋਂ ਬਾਅਦ ਅਸੀਂ ਜਾਣ ਲਈ ਉੱਠੇ ਤਾਂ ਫ਼ਤਿਹਜੀਤ ਹੁਰਾਂ ਨੇ ਆਪਣੇ ਦੋਹਤੇ ਨੂੰ ਵੀਲ੍ਹ ਚੇਅਰ ਬਾਹਰ ਲਿਜਾਣ ਲਈ ਇਸ਼ਾਰਾ ਕੀਤਾ। ਸਿਸ਼ਟਾਚਾਰ ਵਜੋਂ ਉਹ ਬੇਹੱਦ ਨਾਸਾਜ਼ਗਾਰ ਸਿਹਤ ਦੇ ਬਾਵਜੂਦ ਸਾਨੂੰ ਬਾਹਰ ਆ ਕੇ ਵਿਦਾਈ ਦੇ ਕੇ ਗਏ।

ਕਵੀ ਮੋਹਣ ਮਤਿਆਲਵੀ ਦਾ ਮੰਨਣਾ ਹੈ ਕਿ ਜਿੰਨਾ ਨਾਂ ਪਾਸ਼ ਤੇ ਪਾਤਰ ਨੇ ਲਿਖ ਕੇ ਕਮਾਇਆ ਹੈ, ਓਨਾ ਨਾਂ ਫ਼ਤਿਹਜੀਤ ਨੇ ਸਮਾਜਿਕ ਤੌਰ 'ਤੇ ਵਿਚਰ ਕੇ ਕਮਾਇਆ ਹੈ।

ਢਾਈ ਘੰਟੇ ਚੱਲੀਆਂ ਗੱਲਾਂ ਦੌਰਾਨ ਉਨ੍ਹਾਂ ਅੰਦਰਲੀ ਸਮਾਜਿਕਤਾ ਹੋਰ ਨਿਖਰ ਕੇ ਸਾਹਮਾਣੇ ਆਈ ਅਤੇ ਪਰਿਵਾਰ, ਸਮਾਜ ਤੇ ਸਵੈ ਵਿਚਕਾਰ ਇਕਸਾਰਤਾ ਰੱਖ ਕੇ ਜਿਊਣ ਦੀ ਉਨ੍ਹਾਂ ਦੀ ਤਰਜੀਹ ਵੀ।

- ਗਿਆਨ ਸੈਦਪੁਰੀ

98725-40447

Posted By: Harjinder Sodhi