(ਦੂਜੀ ਤੇ ਆਖ਼ਰੀ ਕਿਸ਼ਤ )

ਉਹ ਵੀ ਕਾਫ਼ੀ ਦੂਰ ਕੋਡਾ-ਕੋਡਾ ਭੱਜਦਾ ਗਿਆ। ਸੂਏ ਦੇ ਵਿਚ ਵੜ ਕੇ ਕਾਫ਼ੀ ਦੂਰ ਤੁਰਦਾ ਰਿਹਾ ਤੇ ਫੇਰ ਬਾਹਰ ਨਿਕਲ ਗਿਆ। ਗੁਰਦੁਆਰੇ ਦੇ ਸਪੀਕਰ ਵਿਚ ਕਿਸੇ ਨੇ ਸੂਚਨਾ ਬੋਲ ਦਿੱਤੀ। ਘਰੇ ਜਾਂਦੇ ਨੇ ਸੱਬਲ ਵਗਾਹ ਕੇ ਟੋਬੇ ਵਿਚ ਮਾਰੀ। ਘਰੇ ਜਾ ਕੇ ਕੱਪੜੇ ਬਦਲੇ। ਫੇਰ ਥੋੜ੍ਹਾ ਸਮਾਂ ਸਿਰ ਫੜ ਕੇ ਬੈਠਾ ਰਿਹਾ। ਹੁਣ ਉਸ ਦੀਆਂ ਅੱਖਾਂ ਸਾਹਮਣੇ ਰਜਿੰਦਰ ਦਾ ਬਟਰੂਪ ਚਿਹਰਾ ਸੀ। ਫੇਰ ਅਚਾਨਕ ਦਿਲ ਦੀ ਧੜਕਣ ਦਾ ਧਿਆਨ ਆਇਆ, ਉਸ ਨੇ ਸੋਚਿਆ ਕਿਤੇ ਬਚ ਹੀ ਨਾ ਗਿਆ ਹੋਵੇ। ਉਹ ਉਠਿਆ ਤੇ ਖ਼ੁਦ ਵੀ ਉੱਥੇ ਪਹੁੰਚ ਗਿਆ।

ਸਾਰਾ ਪਿੰਡ ਪਹੁੰਚਿਆ ਹੋਇਆ ਸੀ। ਰਾਜਿੰਦਰ ਦੇ ਮੁੰਡੇ ਧਾਹਾਂ ਮਾਰ ਰਹੇ ਸੀ। ਉਸ ਨੇ ਵਾਰਦਾਤ ਵਾਲੀ ਥਾਂ ਵੱਲ ਦੂਰੋਂ ਹੀ ਦੇਖਿਆ। ਕਿਸੇ ਨੇ ਉਸ ਦੇ ਆਉਣ ਤੋਂ ਪਹਿਲਾਂ ਹੀ ਚਿੱਟਾ ਖੇਸ ਉੱਪਰ ਦੇ ਦਿੱਤਾ ਸੀ।

‘‘ਬਾਹਲੀ ਬੇਕਿਰਕੀ ਨਾਲ ਕਿਸੇ ਨੇ ਸੱਟ ਮਾਰੀ ਹੈ, ਮੂੰਹ ਤੋਂ ਤਾਂ ਪਛਾਣ ਨਹੀਂ ਆਉਂਦੀ, ‘‘ਲੋਕ ਗੱਲਾਂ ਕਰ ਰਹੇ ਸਨ। ਪੁਲਸ ਪਹੁੰਚ ਗਈ ਅਤੇ ਲਾਸ਼ ਨੂੰ ਚੁੱਕ ਕੇ ਹਸਪਤਾਲ ਲੈ ਗਏ। ਉਹ ਵੀ ਨਾਲ ਹਸਪਤਾਲ ਗਿਆ ਸ਼ਰੀਕੇ ਦਾ ਕੰਮ ਸੀ। ਰਾਜਿੰਦਰ ਦੇ ਮੁੰਡੇ ਉਸ ਦੀ ਸਲਾਹ ਲੈ ਰਹੇ ਸਨ। ਅਗਲੇ ਦਿਨ ਬਾਰਾਂ ਕੁ ਵਜੇ ਤਕ ਪੋਸਟਮਾਰਟਮ ਹੋ ਗਿਆ ਅਤੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਪੁਲਿਸ ਨੇ ਮੁੰਡਿਆਂ ਦੇ ਬਿਆਨ ਲਏ, ਉਨ੍ਹਾਂ ਨੂੰ ਕਿਸੇ ’ਤੇ ਸ਼ੱਕ ਨਹੀਂ ਸੀ।

ਉਹ ਬੇਸੁਰਤ ਹੋਇਆ ਨਾਲ ਹੀ ਤੁਰਿਆ ਫਿਰਦਾ ਰਿਹਾ। ਜਦੋਂ ਰਜਿੰਦਰ ਦੀ ਅਰਥੀ ਉੱਠੀ ਤਾਂ ਘਰ ਵਿਚ ਪੈਂਦੇ ਵੈਣਾਂ ਦੀ ਆਵਾਜ਼ ਉੱਚੀ ਹੋ ਗਈ। ਉਸ ਦੇ ਮਨ ਨੂੰ ਕੁਝ ਹੋਇਆ,‘ਸੀ ਤਾਂ ਭਰਾ ਹੀ ਕੋਹੜਿਆਂ, ਕੀ ਪਾਪ ਕਰਵਾ ਦਿੱਤਾ, ਮੇਰੇ ਕੋਲੋਂ,’ ਉਸ ਨੇ ਸੋਚਿਆ।

ਉਹ ਕਾਨੀ ਲੱਗ ਕੇ ਅੱਗੇ ਤੁਰ ਪਿਆ। ਸੰਸਕਾਰ ਹੋਣ ਤੋਂ ਬਾਅਦ ਘਰੇ ਆ ਪਿਆ। ਕੱਲ੍ਹ ਵੀ ਸਾਰੀ ਰਾਤ ਨੀਂਦ ਨਹੀਂ ਆਈ ਸੀ। ਉਹ ਸੌਣਾ ਚਾਹੁੰਦਾ ਸੀ। ਦਿਮਾਗ਼ ਦੀਆਂ ਨਾੜਾਂ ਜ਼ੋਰ-ਜ਼ੋਰ ਦੀ ਉੱਛਲ ਰਹੀਆਂ ਸਨ। ਅਚਾਨਕ ਉਸ ਨੂੰ ਟਾਈਮ ਪੀਸ ਦੀ ਟਿਕ-ਟਿਕ ਸੁਣਾਈ ਦਿੱਤੀ। ਉਸ ਨੂੰ ਯਾਦ ਆਇਆ ਕਿਵੇਂ ਰਜਿੰਦਰ ਦਾ ਦਿਲ ਟਿਕ ਟਿਕ ਕਰ ਰਿਹਾ ਸੀ। ਉਸ ਨੂੰ ਲੱਗਿਆ ਆਵਾਜ਼ ਉੱਚੀ ਹੁੰਦੀ ਜਾ ਰਹੀ ਹੋਵੇ। ਥੋੜ੍ਹੇ ਸਮੇਂ ਬਾਅਦ ਹਥੌੜੇ ਵਾਂਗ ਸਿਰ ਵਿਚ ਵੱਜ ਰਹੀ ਪ੍ਰਤੀਤ ਹੋਣ ਲੱਗੀ।

ਪਹਿਲਾਂ ਵਹਿਮ ਸਮਝ ਕੇ ਭੁਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਉੱਠ ਕੇ ਵਿਹੜੇ ਵਿਚ ਤੁਰਨ ਫਿਰਨ ਲੱਗਿਆ। ਸਵੇਰੇ ਮੀਤੇ ਨੇ ਫੁੱਲਾਂ ’ਤੇ ਜਾਣ ਲਈ ਕਿਹਾ ਤਾਂ ਉਸ ਨੇ ਕਿਹਾ ਤੂੰ ਹੀ ਆਪਣੀ ਮਾਂ ਨਾਲ ਵੱਗ ਜਾਹ। ਸਤਨਾਮ ਤੇ ਮੀਤਾ ਫੁੱਲਾਂ ’ਤੇ ਜਾ ਕੇ ਆ ਵੀ ਗਏ ਸੀ ਪਰ ਉਹ ਵਿਹੜੇ ਵਿਚ ਗੇੜੇ ਦਿੰਦਾ ਰਿਹਾ। ਫਿਰ ਉਹ ਅੰਦਰ ਜਾ ਕੇ ਪੈ ਗਿਆ ਪਰ ਟਿਕ ਟਿਕ ਨੇ ਸੌਣ ਨਹੀਂ ਦਿੱਤਾ। ਉਸ ਨੂੰ ਟਾਈਮ ਪੀਸ ਦੀ ਟਿਕ-ਟਿਕ ਰਾਜਿੰਦਰ ਦੇ ਦਿਲ ਦੀ ਧੜਕਣ ਵਾਂਗ ਪ੍ਰਤੀਤ ਹੋ ਰਹੀ ਸੀ। ਆਖਿਰ ਤੰਗ ਆ ਕੇੇ ਉਸ ਨੇ ਟਾਈਮ ਪੀਸ ਨੂੰ ਵਿਹੜੇ ਵਿਚ ਪਟਕਾ ਮਾਰਿਆ।

ਫੁੱਲਾਂ ਵਾਲੇ ਦਿਨ ਜਦੋਂ ਉਸ ਨੇ ਦੇਖਿਆ ਪੁਲਸ ਸੂਹੀਏ ਕੁੱਤੇ ਲੈ ਕੇ ਲੱਭ ਰਹੀ ਸੀ। ਉਹ ਹੋਰ ਘਬਰਾ ਗਿਆ ਸੀ। ਕੁੱਤੇ ਸੂਏ ਤਕ ਜਾ ਕੇ ਰੁਕ ਜਾਂਦੇ ਸਨ। ਅੱਗੇ ਨਾਮੋ ਨਿਸ਼ਾਨ ਮਿਟ ਜਾਂਦਾ ਸੀ। ਦਰਸ਼ੀ ਨੇ ਆਖਿਆ ਵੀ ਸੀ,‘‘ਚੱਲ ਚਾਚਾ ਦੇਖੀਏ ਪੁਲਸ ਕੀ ਕਰਦੀ ਹੈ।’’

ਉਸਨੇ ਕਿਹਾ ਸੀ ,‘‘ਐਵੇਂ ਕਤੀੜ ਲਈ ਫਿਰਦੇ ਨੇ ਕਿਸੇ ਦੇ ਵੀ ਮੂੰਹ ਲਾ ਦੇਣਗੇ, ਮੈਂ ਨਹੀਂ ਜਾਂਦਾ।’’

ਉਹ ਘਰ ਨੂੰ ਦੌੜ ਆਇਆ ਸੀ। ਕਾਣਾ ਮਕਾਣਾਂ ਆਉਂਦੀਆਂ ਰਹੀਆਂ । ਪਰ ਉਹ ਰਾਜਿੰਦਰ ਦੇ ਘਰ ਵਾਲੀ ਗਲੀ ਵੀ ਨਹੀਂ ਗਿਆ ਸੀ। ਤੀਜੀ ਰਾਤ ਵੀ ਜਦੋਂ ਨੀਂਦ ਨਾ ਆਈ ਤੇ ਟਿਕ-ਟਿਕ ਦੀ ਆਵਾਜ਼ ਸਿਰ ਵਿਚ ਗੂੰਜਣ ਲੱਗੀ ਤਾਂ ਉਸ ਨੇ ਕੰਨਾਂ ਵਿਚ ਰੂੰ ਦੇ ਲਈ ਦਿਮਾਗ਼ ਨੂੰ ਸ਼ਾਂਤੀ ਫੇਰ ਵੀ ਨਾ ਆਈ। ਮੀਤਾ ਵੀ ਪਿਓ ਦੇ ਹਾਲ ਨੂੰ ਦੇਖ ਕੇ ਚਿੰਤਤ ਹੋ ਰਿਹਾ ਸੀ। ਉਸ ਨੇ ਪਿੰਡ ਵਾਲੇ ਡਾਕਟਰ ਨੂੰ ਬੁਲਾ ਕੇ ਉਸ ਦੇ ਟੀਕਾ ਲਵਾਇਆ ਕਿ ਉਹ ਸੌਂ ਜਾਵੇ। ਥੋੜ੍ਹੇ ਸਮੇਂ ਬਾਅਦ ਉਹ ਘੂਕ ਸੌਂ ਗਿਆ। ਡਾਕਟਰ ਨੇ ਮੀਤੇ ਨੂੰ ਕਿਹਾ ਸੀ ਕਿ ਉਹ ਸਵੇਰ ਤਕ ਨਹੀਂ ਉੱਠੇਗਾ।

ਅਜੀਬ ਅਜੀਬ ਸੁਪਨੇ ਦਿਮਾਗ਼ ਵਿਚ ਚੱਲਦੇ ਰਹੇ। ਜਿਵੇਂ ਹੱਥ ਵਿਚ ਸੱਬਲ ਫੜੀ ਰਜਿੰਦਰ ਹੱਸ ਰਿਹਾ ਹੋਵੇ ਤੇ ਉਹ ਉਸ ਤੋਂ ਬਚਣ ਲਈ ਹੱਥ ਪੈਰ ਮਾਰ ਰਿਹਾ ਹੋਵੇ। ਪਰ ਕੁੱਝ ਵੀ ਕਰਨ ਤੋਂ ਅਸਮਰਥ ਹੋਵੇ। ਉਹ ਉਭੜਵਾਹੇ ਉਠਿਆ ਤਾਰੇ ਖੜ੍ਹੇ ਸਨ ਰਾਤ ਦਾ ਪਿਛਲਾ ਪਹਿਰ ਹਾਲੇ ਸ਼ੁਰੂ ਹੋ ਰਿਹਾ ਸੀ। ਇਕ ਵਾਰ ਤਾਂ ਉਸ ਨੂੰ ਥੋੜ੍ਹਾ ਠੀਕ ਲੱਗਿਆ। ਪਰ ਹੌਲੀ-ਹੌਲੀ ਸਾਰਾ ਘਟਨਾਕ੍ਰਮ ਉਸ ਦੇ ਦਿਮਾਗ਼ ਵਿਚ ਘੁੰਮਣ ਲੱਗਾ। ਉਹ ਵਿਹੜੇ ਵਿਚ ਫੇਰ ਗੇੜੇ ਦੇਣ ਲੱਗਾ। ਉਸ ਦੀ ਹਾਲਤ ਫੇਰ ਅਜੀਬ ਹੋ ਗਈ।

ਉਹ ਸਵੇਰੇ ਹੀ ਖੇਤਾਂ ਵੱਲ ਤੁਰ ਗਿਆ। ਖੇਤਾਂ ਦੇ ਵਿਚ ਜਾ ਕੇ ਸਕੂਨ ਨਾ ਮਿਲਿਆ। ਉਸ ਦੇ ਦਿਮਾਗ਼ ਵਿਚ ਵਾਰ-ਵਾਰ ਇਕ ਗੱਲ ਆ ਰਹੀ ਸੀ, ਰਜਿੰਦਰ ਨੇ ਉਸ ਨਾਲ ਮਾੜਾ ਕਿਉਂ ਕੀਤਾ ਉਹ ਕਾਤਲ ਬਣ ਗਿਆ ਤੇ ਉਸ ਦੇ ਦਿਲ ਦੀ ਧੜਕਣ ਉਸਨੂੰ ਵਾਰ-ਵਾਰ ਕਿਉਂ ਸੁਣਾਈ ਦਿੰਦੀ ਹੈ। ਉਸ ਨੂੰ ਲੱਗਿਆ ਕਿ ਉਸ ਦਾ ਦਿਮਾਗ਼ ਕੰਮ ਨਹੀਂ ਕਰ ਰਿਹਾ। ਉਸ ਨੂੰ ਲਗਦਾ ਕੰਨਾਂ ਵਿਚ ਸਾਂ-ਸਾਂ ਹੋ ਰਹੀ ਹੋਵੇ ਤੇ ਟਿਕ-ਟਿਕ ਦੀ ਆਵਾਜ਼ ਉਸ ਦੇ ਦਿਮਾਗ਼ ਵਿਚ ਹਥੌੜੇ ਭਾਵੇਂ ਵੱਜ ਰਹੀ ਸੀ।

ਉਸ ਨੂੰ ਬਾਪੂ ਦਾ ਕਿਹਾ ਯਾਦ ਆਇਆ ਕਿ ਬੰਦਾ ਆਪਣੇ ਪਾਪ ਰਾਜੇ ਵਿਕ੍ਰਮਦਿਤਿਆ ਦੇ ਬੇਤਾਲ ਵਾਂਗ ਮੋਢੇ ’ਤੇ ਢਂੋਹਦਾ ਹੈ। ਇਸ ਤੋਂ ਛੁਟਕਾਰਾ ਪ੍ਰਾਸਚਿਤ ਕਰਕੇ ਜਾਂ ਮਰ ਕੇ ਹੀ ਮਿਲਦਾ ਹੈ। ਇਕ ਵਾਰੀ ਮਨ ਕੀਤਾ ਕਿ ਪਰਨਾ ਬੰਨ੍ਹ ਕੇ ਲਟਕ ਜਾਵੇ ਤੇ ਸਾਰਾ ਮਸਲਾ ਖ਼ਤਮ ਹੋ ਜਾਵੇ। ਫੇਰ ਦਿਮਾਗ਼ ਨੇ ਕਿਹਾ ਨਹੀਂ ਤੈਨੂੰ ਕੁਝ ਨਹੀਂ ਹੋ ਸਕਦਾ। ਤੇਰਾ ਕਿਹੜਾ ਪਤਾ ਲੱਗਣਾ। ਪੁਲਿਸ ਆਪੇ ਮੱਥਾ ਮੁਥਾ ਮਾਰ ਕੇ ਹਟ ਜਾਵੇਗੀ। ਦੋ ਢਾਈ ਘੰਟੇ ਆਪਣੇ ਹੀ ਵਹਿਣਾਂ ਵਿਚ ਵਹਿ ਕੇ ਉਹ ਕਿਤੇ ਮਹਿਲ ਉਸਾਰ ਲੈਂਦਾ ਕਿਤੇ ਉਨ੍ਹਾਂ ਨੂੰ ਢਾਹ ਦਿੰਦਾ। ਸੋਚਾਂ ਦੇ ਘੋੜੇ ਦੌੜਦੇ ਰਹੇ ਕਦੇ, ਉਸਨੂੰ ਲੱਗਦਾ ਪੁਲਿਸ ਨੂੰ ਪਤਾ ਲੱਗ ਹੀ ਜਾਵੇਗਾ , ਉਹ ਫੜ੍ਹਿਆ ਜਾਵੇਗਾ ਤੇ ਕਦੇ ਲਗਦਾ ਕਿ ਪੁਲਿਸ ਨੂੰ ਕੀ ਪਤਾ ਲੱਗਣਾ, ਕੁੱਤਿਆਂ ਤਕ ਵੀ ਕੋਈ ਸੂਹ ਨਹੀਂ ਮਿਲੀ ਸੀ। ਉਹ ਸੋਚਦਾ ਰਜਿੰਦਰ ਨੇ ਕਿਹੜਾ ਪਾਪ ਨਹੀਂ ਕੀਤਾ। ਉਹ ਤਾਂ ਇਸ ਤਰ੍ਹਾਂ ਕਦੇ ਪ੍ਰੇਸ਼ਾਨ ਨਹੀਂ ਹੋਇਆ ਸੀ, ਸਗੋਂ ਦੂਜਿਆਂ ਨੂੰ ਹੀ ਤੰਗ ਕਰਦਾ ਰਿਹਾ। ਸ਼ਾਇਦ ਉਸ ਦਾ ਪਾਪ ਸਭ ਤੋਂ ਵੱਡਾ ਹੈ। ਇਸੇ ਲਈ ਦਿਮਾਗ਼ ਵਿਚ ਲਗਾਤਾਰ ਹੋ ਰਹੀ ਟਿਕ ਟਿਕ ਉਸ ਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਹੈ। ਫੇਰ ਕੋਈ ਆਵਾਜ਼ ਕੰਨਾਂ ਵਿਚ ਗੂੰਜਣ ਲੱਗੀ। ਉਸਨੇ ਸਿਰ ਝਟਕਿਆ ਤਾਂ ਦੇਖਿਆ ਮੋਟਰ ਚੱਲ ਰਹੀ ਸੀ। ਉਸ ਨੇ ਉਹ ਬੰਦ ਕਰ ਦਿੱਤੀ ਪਰ ਉਸ ਨੂੰ ਚੈਨ ਨਹੀਂ ਆਇਆ। ਉਹ ਘਰ ਨੂੰ ਤੁਰ ਪਿਆ। ਛੱਪੜ ਕੋਲ ਦੀ ਲੰਘਦੇ ਦੇਖਿਆ ਕਿ ਸੱਬਲ ਤਾਂ ਨਹੀਂ ਲੱਭੀ। ਪਸ਼ੂਆਂ ਦੇ ਨਾਲ ਤਾਰੀਆਂ ਲਾਉਂਦੇ ਮੁੰਡੇ ਦੇਖ ਸਮਝ ਗਿਆ, ਇੱਥੇ ਕੋਈ ਹਿਲ ਜੁਲ ਨਹੀਂ।

ਸੱਥ ਕੋਲ ਗਿਆ ਤਾਂ ਦੇਖਿਆ ਕਾਫ਼ੀ ਬੰਦੇ ਬੈਠੇ ਗੱਲਾਂ ਕਰ ਰਹੇ ਸਨ। ਉਹ ਵੀ ਗੱਲਬਾਤ ਸੁਣਨ ਅਤੇ ਭੇਤ ਲੈਣ ਲਈ ਉਥੇ ਬੈਠ ਗਿਆ। ਉਹ ਤਖ਼ਤ ਪੋਸ਼ ’ਤੇ ਜਾ ਬੈਠਾ। ਉਸ ਨੂੰ ਲੱਗਿਆ ਸਾਰੇ ਜਾਣੇ ਉਸ ਵੱਲ ਹੀ ਦੇਖ ਰਹੇ ਹੋਣ। ਉਸ ਨੇ ਨੀਵੀਂ ਪਾ ਲਈ ਤੇ ਸਿਰ ਗੋਡਿਆਂ ਅੰਦਰ ਲੈ ਲਿਆ। ਸ਼ਰੀਕੇ ਵਿੱਚੋਂ ਭਰਾ ਲੱਗਦਾ ਦਰਬਾਰਾ ਵੀ ਬੈਠਾ ਸੀ। ਜਿਹੜਾ ਖਰੀ ਗੱਲ ਕਰਨ ਵਾਲਾ ਬੰਦਾ ਤੇ ਸੁਖਦੇਵ ਦਾ ਹਮਦਰਦ ਸੀ। ਉਥੇ ਚੱਲਦੀਆਂ ਗੱਲਾਂ ਵਿਚ ਦਰਬਾਰੇ ਨੇ ਰਾਜਿੰਦਰ ਦੀਆਂ ਗੱਲਾਂ ਛੇੜਦੇ ਕਿਹਾ,‘‘ਬੰਦਾ ਤਾਂ ਚੰਗਾ ਸੀ, ਸਹੁਰੇ ਨੂੰ ਪਿੱਠ ਪਿੱਛੇ ਗੱਲ ਕਰਨ ਦੀ ਆਦਤ ਸੀ।’’

‘‘ਕਿਸੇ ਹੋਰ ਨੇ ਕਿਹਾ ਛੱਡੋ ਯਾਰ , ਮਰੇ ਪਿੱਛੋਂ ਕਿਉਂ ਸਿਵੇ ਫਰੋਲਦੇ ਹੋ, ਮਾੜਾ ਹੋਇਆ ਬੰਦਾ ਮਰ ਗਿਆ ਅਤੇ ਕਾਤਲ ਦਾ ਪਤਾ ਨਹੀਂ ਲੱਗਿਆ, ਜਿੰਨਾ ਸਮਾਂ ਕਾਤਿਲ ਨਹੀਂ ਮਿਲਦਾ, ਪੁਲਿਸ ਪਿੰਡ ਦਾ ਖਹਿੜਾ ਨਹੀਂ ਛੱਡਦੀ, ਅੱਜ ਵੀ ਆਏ ਫਿਰਦੇ ਨੇ।’’

ਉਹ ਇਕਦਮ ਉੱਠਿਆ ਜਿਵੇਂ ਕਰੰਟ ਲੱਗਿਆ ਹੋਵੇ,‘‘ਉਏ ਪੁਲਿਸ ਕਿਸੇ ਨੂੰ ਫੜ ਸਕਦੀ, ਤੁਸੀਂ ਵੀ ਘਰਾਂ ਨੂੰ ਜਾਓ ਥੋਨੂੰ ਨਾ ਫੜ ਲਵੇ, ਕੀ ਪਤਾ ਲੱਗਦੈ ,‘‘ਉਹ ਉੱਚੀ ਉੱਚੀ ਬੋਲਦਾ ਘਰ ਨੂੰ ਤੁਰ ਗਿਆ।

ਸੱਥ ਵਿਚ ਬੈਠੇ ਬੰਦੇ ਹੈਰਾਨੀ ਨਾਲ ਝਾਕੇ ਦਰਬਾਰਾ ਬੋਲਿਆ,‘‘ਭਾਈ ਘੱਟ ਤਾਂ ਰਜਿੰਦਰ ਨੇ ਇਸ ਨਾਲ ਵੀ ਨਹੀਂ ਗੁਜਾਰੀ ਸੀ, ਪਰ ਇਹ ਵਿਚਾਰਾ ਦਿਲ ’ਤੇ ਲਾਈ ਫਿਰਦਾ।’’

ਘਰੇ ਆਉਣ ’ਤੇ ਸਤਨਾਮ ਨੇ ਰੋਟੀ ਲਈ ਪੁੱਛਿਆ। ਪਰ ਉਸ ਦਾ ਚਿੱਤ ਕੁਝ ਖਾਣ ਲਈ ਨਹੀਂ ਕਰਦਾ ਸੀ। ਉਹ ਅੰਦਰ ਜਾ ਕੇ ਪੈ ਗਿਆ। ਦਰਬਾਰੇ ਨੇ ਵੀ ਮੀਤੇ ਨੂੰ ਬੁਲਾ ਕੇ ਕਿਹਾ,‘‘ਆਪ ਦੇ ਪਿਓ ਵੱਲ ਧਿਆਨ ਕਰੋ, ਬੇਸੁਰਤ ਹੋਇਆ ਤੁਰਿਆ ਫਿਰਦਾ।’’

ਉਹ ਵੀ ਸੁਖਦੇਵ ਦੀ ਹਾਲਤ ਤੋਂ ਬਹੁਤ ਚਿੰਤਤ ਹੋ ਗਿਆ ਸੀ। ‘‘ਇਕ ਅੱਧੀ ਰੋਟੀ ਖਾ ਲੈ ਭਾਪਾ ਆਪਾਂ ਮੰਡੀ ਵਾਲੇ ਡਾਕਟਰ ਕੋਲ ਚਲਦੇ ਹਾ,’’ ਮੀਤਾ ਉਸ ਕੋਲ ਆ ਕੇ ਬੋਲਿਆ।

‘‘ਮੈਨੂੰ ਦਵਾਈ ਨੂੰ ਕੀ ਹੋਇਆ? ਮੈਂ ਨਹੀਂ ਮੰਡੀ ਜਾਂਦਾ, ਮੰਡੀ ਤਾਂ ਪੁਲਿਸ ਹੈ, ਪੁਲਸ ਦਾ ਕੀ ਪਤੈ ਕਦੋਂ ਕਿਸੇ ਨੂੰ ਫੜ ਲਵੇ।’’

‘‘ਭਾਪਾ ਤੇਰਾ ਪੁਲਿਸ ਨਾਲ ਕੀ ਕੰਮ ਉਹ ਤੈਨੂੰ ਕਿਉਂ ਫੜਨਗੇ,’’ ਮੀਤੇ ਬੋਲਿਆ।

ਉਸ ਨੂੰ ਲੱਗਿਆ, ਜਿਵੇਂ ਉਸਦੇ ਬਾਪ ਦਾ ਦਿਮਾਗ਼ੀ ਤਵਾਜ਼ਨ ਖ਼ਤਮ ਹੋ ਗਿਆ ਹੋਵੇ। ਸਾਰੇ ਟੱਬਰ ਨੇ ਬਹੁਤ ਕਿਹਾ ਪਰ ਉਹ ਮੰਡੀ ਜਾਣ ਲਈ ਨਹੀਂ ਮੰਨਿਆ । ਇੱਕੋ ਰੱਟ ਲਾਈ ਰੱਖੀ ਪੁਲਸ ਫੜ ਸਕਦੀ ਹੈ। ਟਿਕਟਿਕ ਨਾਲ ਹੁਣ ਪ੍ਰਾਸਚਿਤ ਜਾਂ ਮੌਤ ਵੀ ਦਿਮਾਗ਼ ਵਿਚ ਗੂੰਜਣ ਲੱਗੇ ਸਨ। ਮੀਤੇ ਆਖ਼ਰ ਪਿੰਡ ਵਾਲੇ ਡਾਕਟਰ ਬੁਲਾ ਕੇ ਉਸ ਨੂੰ ਦਵਾਈ ਦੁਵਾਈ। ਘੋਨਾ ਡਾਕਟਰ ਦਵਾਈ ਦਿੰਦਾ ਬੋਲਿਆ,‘‘ਖਾਸੀ ਤਿੱਖੀ ਦਵਾਈ ਦਿੱਤੀ ਹੈ, ਇਹ ਖਵਾਓ, ਜਦੋਂ ਨੀਂਦ ਆਉਣ ਲੱਗੀ ਇਹ ਠੀਕ ਹੋ ਜਾਵੇਗਾ।’’

ਮੀਤੇ ਨੇ ਧੱਕੇ ਨਾਲ ਇਕ ਰੋਟੀ ਖਵਾ ਕੇ ਦਵਾਈ ਦੇ ਦਿੱਤੀ। ਸੱਚਿਓ ਸੁਖਦੇਵ ਸੌਂਅ ਗਿਆ। ਖਾਸਾ ਸਮਾਂ ਸੌਅ ਕੇ ਉਠਿਆ। ਸਤਨਾਮ ਚਾਹ ਲੈ ਆਈ। ਉਹ ਪੀਣ ਲੱਗਿਆ। ਉਸਨੇ ਪੁੱਛਿਆ,‘‘ਮੀਤਾ ਕਿੱਥੇ ਹੈ?’’ ਸਤਨਾਮ ਨੇ ਕਿਹਾ,‘‘ਉਹ ਤਾਂ ਰਜਿੰਦਰ ਕੇ ਗਿਆ, ਪੁਲਿਸ ਆਈ ਹੈ, ਘਰਾਂ ਦੇ ਬੰਦੇ ਚਾਹੀਦੇ ਨੇ ਇਸ ਟਾਈਮ ਰਜਿੰਦਰ ਦੇ ਮੁੰਡੇ ਤਾਂ ਵਿਚਾਰੇ ਕੁਮਲਾਏ ਫਿਰਦੇ ਨੇ, ਤੈਨੂੰ ਪੁੱਛਦੇ ਸੀ, ਅਸੀਂ ਤੈਨੂੰ ਸੁਤੇ ਨੂੰ ਨਹੀਂ ਉਠਾਇਆ, ਮੀਤਾ ਕਹਿੰਦਾ ਮੈਂ ਚਲਾ ਜਾਂਦਾ।

ਉਹ ਚਾਹ ਛੱਡ ਕੇ ਉੱਠ ਖੜ੍ਹਿਆ ਤੇ ਬਾਹਰ ਨੂੰ ਤੁਰ ਪਿਆ,“ਹੁਣ ਤੂੰ ਕਿੱਧਰ ਨੂੰ ਤੁਰ ਪਿਆ,ਚਾਹ ਤਾਂ ਪੀ ਲੈਂਦਾ।’’ ਸਤਨਾਮ ਨੇ ਪੁੱਛਿਆ।

‘‘ਮੀਤੇ ਨੇ ਕਾਹਨੂੰ ਜਾਣਾ ਸੀ, ਉਹਨੂੰ ਨਿਆਣੇ ਨੂੰ ਨਾ ਬੰਨ੍ਹ ਲੈਣ, ਤੈਨੂੰ ਵਿਚਲੀ ਗੱਲ ਦਾ ਪਤਾ ਨਹੀਂ,’’ ਕਹਿੰਦਾ ਉਹ ਵਾਹੋਦਾਹੀ ਭੱਜ ਪਿਆ।

ਮੋੜ ’ਤੇ ਠੇਡਾ ਖਾ ਕੇ ਡਿੱਗ ਵੀ ਪਿਆ। ਕੱਪੜੇ ਲਿੱਬੜ ਗਏ ਪਰਨਾ ਢਹਿ ਗਿਆ। ਉਸ ਨੇ ਸਿਰ ’ਤੇ ਲਪੇਟਿਆ ਤਾਂ ਵਾਲਾਂ ਦੀਆਂ ਬੁਦਰਿਆ ਬਾਹਰ ਲਮਕਣ ਲੱਗਿਆ। ਸਿਰ ਵਿਚ ਆਵਾਜ਼ ਫੇਰ ਗੂੰਜਣ ਲੱਗ ਪਈ ਸੀ। ਜਿਹੜੀ ਪਲੋ ਪਲ ਵਧਦੀ ਜਾ ਰਹੀ ਸੀ। ਉਹ ਰਾਜਿੰਦਰ ਦੇ ਘਰ ਨੇੜੇ ਪਹੁੰਚਿਆ,ਖਾਸਾ ’ਕੱਠ ਹੋਇਆ ਖੜ੍ਹਾ ਸੀ। ਉਸਨੇ ਦੇਖਿਆ ਪੁਲਿਸ ਵਾਲੇ ਕੁਰਸੀਆਂ ’ਤੇ ਬੈਠੇ ਪੁੱਛ ਪੜਤਾਲ ਕਰ ਰਹੇ ਸਨ। ਪੁਲਿਸ ਦੀ ਜੀਪ ਨਾਲ ਹੀ ਖੜ੍ਹੀ ਸੀ।

ਪਿੰਡ ਦੇ ਲੋਕਾਂ ਨਾਲ ਉਹ ਕਤਲ ਸਬੰਧੀ ਗੱਲਬਾਤ ਕਰ ਰਹੇ ਸਨ। ਮੀਤਾ ਕਿਤੇ ਦਿਖਾਈ ਨਾ ਦਿੱਤਾ। ‘‘ਸਾਲਿਆ ਨੇ ਕਿਤੇ ਫੜ ਨਾ ਲਿਆ ਹੋਵੇ,’’ ਉਸ ਨੇ ਸੋਚਿਆ। ਸੁਖਦੇਵ ਦੇ ਹੁਲੀਏ ਨੂੰ ਦੇਖ ਕੇ ਕਈ ਬੰਦੇ ਉਸ ਵੱਲ ਝਾਕੇ। ਉਹ ਪੁਲਿਸ ਵਾਲਿਆਂ ਵੱਲ ਨੂੰ ਧੁਸ ਦੇ ਕੇ ਅੰਦਰ ਵੜ ਗਿਆ। ਥਾਣੇਦਾਰ ਦੇ ਸਾਹਮਣੇ ਪਹੁੰਚ ਕੇ ਰੁਕ ਗਿਆ। ਥਾਣੇਦਾਰ ਨੇ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਦੇਖਿਆ ਤਾਂ ਉਹ ਆਪ ਮੁਹਾਰੇ ਬੋਲਿਆ,‘‘ਥੋਨੂੰ ਸਾਰਾ ਤਾਂ ਪਤੈ ਹੈ, ਕਿਉਂ ਡਰਾਮੇ ਕਰੀ ਜਾਂਦੇ ਹੋ।’’

‘‘ਉਹ ਜੀ ਬੋਝ ਮੰਨ ਗਿਆ, ਸਕਿਆ ਵਿੱਚੋਂ ਭਰਾ ਹੈ ਮਰਨ ਵਾਲੇ ਦਾ।’’ ਕਿਸੇ ਨੇ ਕਿਹਾ ਤੇ ਨਾਲ ਹੀ ਕਈ ਬੰਦੇ ਉਸ ਵਲ ਫੜਨ ਲਈ ਅਹੁਲੇ।

‘‘ਹਾਂ ਹਾਂ ਹੈਗਾ ਬੋਝ, ਉਹਦਾ ਦਿਲ ਮੇਰਾ ਸਾਲਾ ਹਾਲੇ ਵੀ ਟਿਕ-ਟਿਕ ਕਰੀ ਜਾਂਦਾ, ਮੈਨੂੰ ਲੱਗਦਾ ਦਿਮਾਗ਼ ਪਾਟ ਕੇ ਖਖੜੀ ਕਰੇਲੇ ਹੋ ਜਾਊ, ਥੋਨੂੰ ਪਤਾ ਤਾਂ ਹੈ, ਮੈਂ ਕਤਲ ਕੀਤਾ, ਮੈਂ ਭੰਨਿਆ ਉਸਦਾ ਚਿਲਕਦਾ ਚਿਹਰਾ,‘‘ਫੇਰ ਉਹ ਕੰਨਾਂ ’ਤੇ ਹੱਥ ਰੱਖ ਕੇ ਚੀਖਿਆ,“ ਮੈਨੂੰ ਗਿ੍ਰਫ਼ਤਾਰ ਕਰ ਲਵੋ, ਬਸ ਆ ਟਿਕ ਟਿਕ ਬੰਦ ਕਰਵਾ ਦਿਓ।’’

ਦਰਬਾਰੇ ਨੇ ਕਿਹਾ,‘‘ਬੋਝ ਦਾ ਮਰੀਜ਼ ਹੈ ਜੀ, ਤੂੰ ਘਰੇ ਚੱਲ।’’ ਪਿਛਲਾ ਫ਼ਿਕਰਾ ਉਸ ਨੇ ਸੁਖਦੇਵ ਨੂੰ ਕਿਹਾ ਸੀ। ਪੁਲਿਸ ਵਾਲਿਆਂ ਦੇ ਕੰਨ ਖੜ੍ਹੇ ਹੋ ਗਏ ਸਨ। ਚਾਹ ਲੈ ਕੇ ਆਉਂਦਾ ਮੀਤਾ ਵੀ ਠਠੰਬਰ ਕੇ ਖੜ੍ਹ ਗਿਆ ਸੀ।

‘‘ਨਹੀਂ... ਨਹੀਂ ਮੈਂ ਹੀ ਮਾਰਿਆ ਉਸ ਨੂੰ ਇਹ ਕਹਿੰਦਾ,‘‘ਉਹ ਉਨ੍ਹਾਂ ਵੱਲ ਵਧਿਆ ਤੇ ਕੁਰਸੀਆਂ ਅੱਗੇ ਮੁੂਧੇ ਮੂੰਹ ਡਿੱਗ ਪਿਆ। ਕਈ ਜਣੇ ਭੱਜ ਕੇ ਆਏ ਨੱਕ ਵਿੱਚੋਂ ਖ਼ੂਨ ਵਗ ਕੇ ਧਰਤੀ ’ਤੇ ਜਾ ਰਿਹਾ ਸੀ। ਕਿਸੇ ਨੇ ਨਬਜ਼ ਦੇਖੀ ਤਾਂ ਸਿਰ ਹਿਲਾ ਦਿੱਤਾ, ਭੌਰ ਉਡਾਰੀ ਮਾਰ ਗਿਆ ਸੀ। ਮੀਤੇ ਨੇ ਦੇਖਿਆ ਉਸਦੇ ਸਿਰ ਦੀਆਂ ਕੱਸੀਆਂ ਨਾੜਾਂ ਢਿੱਲੀਆਂ ਪੈ ਗਈਆਂ ਸੀ ਜਿਵੇਂ ਟਿਕ ਟਿਕ ਬੰਦ ਹੋ ਗਈ ਹੋਵੇ। ਸਰਪੰਚ ਸਿਰ ਹਿਲਾਉਂਦਾ ਬੋਲਿਆ,‘‘ ਸਹੁਰੇ ਤੋਂ ਵਿਛੋੜਾ ਨਹੀਂ ਝੱਲਿਆ ਗਿਆ, ਦੇਖ ਲੌ ਕਹਿੰਦਾ ਸੀ, ਮੈਂ ਮਾਰਿਆ ਉਸ ਨੂੰ’’ ਇਹ ਵਿਚਾਰਾ ਤਾਂ ਮੱਖੀ ਨਹੀਂ ਮਾਰ ਸਕਦਾ ਸੀ।’’

ਪਿੰਡ ਵਾਲੇ ਸਿਰ ਹਿਲਾ ਕੇ ਹਾਮੀ ਭਰ ਰਹੇ ਸਨ। ਮੀਤੇ ਦੇ ਅਸਮਾਨ ਚੀਰਦੇ ਰੁਦਨ ਨੇ ਮਾਹੌਲ ਭਾਰਾ ਕਰ ਦਿੱਤਾ ਸੀ।

- ਭੁਪਿੰਦਰ ਸਿੰਘ ਮਾਨ

Posted By: Harjinder Sodhi