ਜਿਹੜਾ ਦੇਸ਼ ਜਿੰਨਾ ਹੀ ਅਮੀਰ ਹੁੰਦਾ ਹੈ, ਸੁੱਖੀ ਹੰੁਦਾ ਹੈ, ਗ਼ਰੀਬੀ ਤੋਂ ਮੁਕਤ ਹੁੰਦਾ ਹੈ ਓਨੀ ਹੀ ਉਸਦੀ ਸਿਰਜਣਾਤਮਕ ਸ਼ਕਤੀ ਅਤਿ ਵਿਕਸਤ ਹੁੰਦੀ ਹੈ। ਇਹ ਸ਼ਕਤੀ ਕਵਿਤਾ, ਮੂਰਤੀਕਲਾ, ਕਿ੍ਰਤਕਲਾ, ਸੰਗੀਤਕਲਾ ਆਦਿ ਦੇ ਅਧਿਐਨ ਨਾਲ ਵੱਧ ਤੋਂ ਵੱਧ ਪ੍ਰਸਿੱਧੀ ਪਾਉਂਦੀ ਹੈ ਅਤੇ ਗਿਆਨ ਦੀ ਸੰਸਕਿ੍ਰਤੀ ਨੂੰ ਜੀਵਨ ਪ੍ਰਦਾਨ ਕਰਦੀ ਹੈ। ਪੱਛੜੇ ਹੋਏ ਅਤੇ ਅਸੱਭਿਅ ਦੇਸ਼ਾਂ ਦੀ ਸੰਸਕਿ੍ਰਤੀ ਵੀ ਗ਼ਰੀਬ ਹੁੰਦੀ ਹੈ। ਪੰਜਾਬ ਭਾਵੇਂ ਸਰਹੱਦੀ ਸੂਬਾ ਰਿਹਾ ਹੈ, ਪਰ ਇੱਥੋਂ ਦੇ ਨਿਵਾਸੀ ਸੰਗੀਤ, ਸਹਿਤ ਤੇ ਕਲਾ ਪ੍ਰੇਮੀ ਹੋਏ ਹਨ। 1500 ਪੂ.ਈ. ਦੇ ਨੇੜੇ ਤੇੜੇ ਆਰੀਆ ਲੋਕਾਂ ਦੇ ਪੰਜਾਬ ਵਿਚ ਆਉਣ ਨਾਲ ਲਗਪਗ ਇਕ ਹਜ਼ਾਰ ਵਰ੍ਹਿਆਂ ਲਈ ਜੋ ਇਤਿਹਾਸਕ ਤਸਵੀਰ ਉਘੜਦੀ ਹੈ ਉਹ ਸਰਾਸਰ ਉਨ੍ਹਾਂ ਧਾਰਮਿਕ ਗ੍ਰੰਥਾਂ ਉਤੇ ਅਧਾਰਿਤ ਹੈ ਜੋ ਆਰੀਆ ਲੋਕਾਂ ਦੀ ਕਿਰਤ ਮੰਨੀ ਜਾ ਸਕਦੀ ਹੈ। ਪੰਜਾਬ ਅੰਦਰ ਕਲਾ ਦੇ ਵਿਕਾਸ ਅੰਦਰ ਲੋਕ-ਕਲਾ (ਫੋਕ) ਦਾ ਵੱਡਾ ਯੋਗਦਾਨ ਰਿਹਾ ਹੈ। ਫੋਕ-ਕਲਾ ਦੀ ਸਿਰਜਣਹਾਰ ਸਾਡੀ ਪੰਜਾਬਣ ਹੈ ਜਿਸ ਨੇ ਇਸਤਰੀ ਨੂੰ ਕਈ ਤਰ੍ਹਾਂ ਦੀਆਂ ਹੀਣ-ਭਾਵਨਾਵਾਂ ਤੋਂ ਬਚਾ ਰੱਖਿਆ। ਬੱਚੇ ਦੇ ਜੰਮਣ ’ਤੇ ਉਹ ਦਰਵਾਜ਼ੇ ਉਤੇ ਸੱਜੇ-ਖੱਬੇ ਹੱਥਾਂ ਦੇ ਪੰਜੇ ਲਾਉਂਦੀ ਹੈ, ਕਾਲੇ ਰੰਗ ਨਾਲ ਲਾਇਆ ਠੱਪਾ, ਵਿਆਹ-ਸ਼ਾਦੀਆਂ ਸਮੇਂ ’ਤੇ ਉਲੀਕੇ ਗਏ ਨਮੂਨੇ, ਬਿੰਬ ਤੇ ਪ੍ਰਤੀਕ ਹੀ ‘ਭਾਸ਼ਾ’ ਦਾ ਰੂਪ ਧਾਰਦੇ ਗਏ ਹਨ। ਉਹ ਗੱਲਾਂ ਜਿਨ੍ਹਾਂ ਨੂੰ ਮੂੰਹੋਂ ਨਹੀਂ ਸਮਝਾਇਆ ਜਾ ਸਕਦਾ, ‘ਇਹ ਬਿੰਬ ਹੀ ਸਮਝਾਉਂਦੇ ਹਨ ਜੋ ਇਸਤਰੀ ਦੀ ਅੰਦਰੂਨੀ ਮਾਨਸਿਕਤਾ (ਸਾਈਕੀ) ਦਾ ਪ੍ਰਤੀਕ ਹਨ।

ਇਸਤਰੀ ਦੇ ਅਰਧ ਚੇਤਨ ਅਤੇ ਚੇਤਨ ਮਨ ’ਚ ਉਭਰਦੇ ਹਾਵ-ਭਾਵ, ਸਮਾਜ ਦੇ ਤਸੀਹੇ, ਨਾਇਕ ਨੂੰ ਮਿਲਣ ਦੀ ਪ੍ਰਬਲ ਇੱਛਾ, ਸੰਯੋਗ-ਵਿਯੋਗ ਦੀਆਂ ਪ੍ਰਵਿਰਤੀਆਂ, ਇਸਤਰੀ ਦੀ ਸੁੰਦਰਤਾ ਲਈ ਨਕਸ਼ ਵਰਣਨ, ਤਰ੍ਹਾਂ-ਤਰ੍ਹਾਂ ਦੀਆਂ ਸਰੀਰਕ ਅੰਗ-ਭੰਗਿਆਵਾਂ, ਮੌਸਮ ਤਬਦੀਲ ਹੋਣ ਦੇ ਨਾਲ-ਨਾਲ ਇਸਤਰੀ-ਮਰਦ ਅੰਦਰ ਆਈ ਤਬਦੀਲੀ ਨੂੰ ਪੰਜਾਬ ਦੇ ਸਾਹਿਤਕ ਖੇਤਰ ਅੰਦਰ ਦੋਹਾਂ ਹੀ ਇਸਤਰੀ ਤੇ ਮਰਦ ਨੂੰ ਸਮੇਂ-ਸਮੇਂ ਅੰਦਰ ਕਾਵਿ ਰਚਨਾਵਾਂ ਲਈ ਜਨਮ ਦਿੱਤਾ। ਸਮੁੱਚੇ ਪੰਜਾਬ ਦੇ ਸਾਹਿਤਕ ਖੇਤਰ ਦੇ ਇਤਿਹਾਸ ਅੰਦਰ ਅੱਜ ਇਸਤਰੀ ਕਵੀਆਂ, ਉਨ੍ਹਾਂ ਦੀਆਂ ਕਾਵਿ ਰਚਨਾਵਾਂ ਅਤੇ ਕਲਾਵਾਂ ਦਾ ਸਮਾਜ ਅੰਦਰ ਵੱਡਾ ਯੋਗਦਾਨ ਰਿਹਾ ਹੈ। ਉਸ ਦਾ ਪੰਜਾਬੀ ਸੱਭਿਆਚਾਰ, ਵੰਨ-ਸੁਵੰਨਤਾ ਤੇ ਵਿਲੱਖਣਤਾ ਅੰਦਰ ਪੂਰੀ ਹਿੱਸੇਦਾਰੀ ਵੀ ਰਹੀ ਹੈ, ਪਰ ਸਮਾਜ ਅੰਦਰ ਮਰਦ-ਪ੍ਰਧਾਨ ਮਾਨਸਿਕਤਾ ਨੇ ਇਸਤਰੀ ਦੀ ਕਾਵਿ ਪ੍ਰਤਿਭਾ ਨੂੰ ਨਾ ਪਨਪਣ ਦਿੱਤਾ ਤੇ ਨਾ ਹੀ ਉਸਰਨ ਦਿੱਤਾ ?

ਹੜੱਪਾ ਦੀ ਖੁਦਾਈ ਤੋਂ ਪ੍ਰਾਚੀਨ ਪੰਜਾਬ ਦੇ ਗੌਰਵ ਦਾ ਬੇਅੰਤ ਭੰਡਾਰ ਮਿਲਿਆ ਹੈ। ਪੱਥਰ ਤੇ ਤਾਂਬੇ ਦੇ ਹਥਿਆਰ, ਖੇਤੀ ਸੰਦ, ਚਿੱਤਰ, ਮੂਲ ਲਿਪੀ ਦੇ ਨਿਸ਼ਾਨ, ਲਲਿਤ ਕਲਾਵਾਂ ਦੇ ਹਥਿਆਰ, ਬਰਤਨ, ਸੁੰਦਰ ਮੂਰਤੀਆਂ, ਗਹਿਣੇ, ਨੱਚਦੀ ਮੂਰਤੀ, ਦੇਵੀ ਮਾਤਾ ਦੀ ਮੂਰਤੀ ਅਤੇ ਹੋਰ ਕਈ ਤਰ੍ਹਾਂ ਦੇ ਚਿੰਨ੍ਹ ਜੋ ਉਸ ਸਮੇੇਂ ਦੀ ਉਨਤ ਸੱਭਿਅਤਾ ਦਾ ਪ੍ਰਤੀਕ ਹਨ ਮਿਲੇ।

ਹੜੱਪਾ ਸੱਭਿਅਤਾ ਅੰਦਰ ਮਰਦ-ਇਸਤਰੀ ਦੋਨੋਂ ਕਲਾ-ਪ੍ਰਣਾਲੀ ਅੰਦਰ ਨਿਪੁੰਨ ਸਨ। ਬੁੱਧਾ-ਕਾਲ ਦੌਰਾਨ ਮਿਲੀਆਂ ਮੂਰਤੀਆਂ, ਸ਼ਿਲਾ-ਲੇਖ ਤੇ ਸਤੰਭਾਂ ਉਪਰ ਉਕਰੀਆਂ ਕਲਾ-ਕਿਰਤੀਆਂ ਦੀ ਅਗਵਾਨੀ ਹੜੱਪਾ ਤੋਂ ਉਤਾਰੀ ਲੱਗਦੀ ਹੈ। ਰਿਗਵੇਦ ਵਿਚ ਜੋ ਭੂਗੋਲਿਕ ਹਵਾਲੇ ਹਨ ਉਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਵਰਣਨ ਸਪਤ ਸਿੰਧੂ ਦਾ ਹੈ, ਜੋ ਅੱਜ ਦੇ ਪੰਜਾਬ ਦਾ ਪ੍ਰਾਚੀਨ ਨਾਮ ਹੈ। ਰਿਗਵੇਦ ਤੋਂ ਤਤਕਾਲੀ ਪੰਜਾਬੀ ਸੱਭਿਆਚਾਰ ’ਤੇ ਜੀਵਨ ਦੀ ਝਲਕ ਮਿਲਦੀ ਹੈ। ਉਦੋਂ ਪਰਿਵਾਰ ਆਧਾਰਤ ਸਮਾਜ ਸੀ ਤੇ ਪਤਨੀ ਦਾ ਪੂਰਾ ਸਤਿਕਾਰ ਸੀ। ਮਰਦ ਅਤੇ ਇਸਤਰੀ ਦੇ ਸਬੰਧਾਂ ਦੀ ਮਨੋ-ਵਿਗਿਆਨਕ ਚਰਚਾ ਪਰੂਰਵਾ (ਨਾਇਕ) ਤੇ ਉਰਵਸ਼ੀ (ਨਾਇਕਾ), ਅਗਸਤਯ ਅਤੇ ਲੋਪਾਮੁਦ੍ਰਾ ਅਤੇ ਯਮ ਤੇ ਯਮੀ ਦੇ ਸੰਵਾਦਾਂ ਰਾਹੀਂ ਪੇਸ਼ ਕੀਤੀ ਗਈ ਸੀ (ਸੋਸਦੀਸ: ਰਿਤਵਜਾ ਪ੍ਰਚਰੰਤਿ) ਮਿਲਦੀ ਹੈ। ਭਾਵ ਇਸਤਰੀ ਵੀ ਆਪਣੇ ਵਿਚਾਰ ਸੰਵਾਦਾਂ ਰਾਹੀਂ ਪ੍ਰਗਟ ਕਰਦੀ ਸੀ।

ਪੰਜਾਬ ਦਾ ਇਤਿਹਾਸ ਲੰਬੇ ਸਮੇਂ ਤੋਂ ਕਬੀਲਦਾਰੀ, ਰਾਜਾਸ਼ਾਹੀ, ਜਾਗੀਰਦਾਰੀ, ਬਸਤੀਵਾਦ ਦੇ ਕਾਲ ਅੰਦਰ ਮਰਦ ਪ੍ਰਧਾਨ ਸਮਾਜ ਹੀ ਕਾਬਜ਼ ਰਿਹਾ ਹੈ, ਜੋ ਮਨੁੱਖੀ ਸਬੰਧਾਂ ਉਪਰ ਵੀ ਪ੍ਰਭਾਵ ਪਾਉਂਦਾ ਰਿਹਾ ਹੈ। ਸ਼ੁਰੂ ਤੋਂ ਹੀ ਇਸਤਰੀ ਨੂੰ ਇਨ੍ਹਾਂ ਯੁੱਗਾਂ ਅੰਦਰ ਅਧੀਨਗੀ ਹੇਠ, ਮਨ-ਪਰਚਾਵਾਂ ਅਤੇ ਘਰ ਦੀ ਚਾਰਦੀਵਾਰੀ ਅੰਦਰ ਹੀ ਡੱਕ ਕੇ ਰੱਖਿਆ ਗਿਆ। ਉਸ ਤੋਂ ਸਦਾ ਤਿਆਗ, ਕੁਰਬਾਨੀ ਤੇ ਮਮਤਾ ਦੀ ਉਮੀਦ ਰੱਖੀ। ਭਾਵੇਂ ਉਸ ਦੇ ਮਨੋ-ਸੰਵਾਦਨਾ ਅੰਦਰ ਉਠਾਨ ਆਇਆ, ਵਲਵਲੇ ਪੈਦਾ ਹੋਏ, ਗੁੱਸਾ ਤੇ ਵਿਦਰੋਹ ਨੇ ਵੀ ਜਨਮ ਲਿਆ, ਪਰ ਸਦੀਆਂ ਦੀ ਲਤਾੜੀ ਉਹ ਨਾ ਬੋਲ ਸਕੀ, ਬੋਲੀ ਤਾਂ ਸੁਣੀ ਨਾ ਗਈ ਜਾਂ ਫਿਰ ਉਸ ਦੀ ਭਾਵਨਾ ਦੇ ਉਲਟ ਅਰਥ ਕੱਢ ਲਏ ਗਏ ? ਸਗੋਂ! ਤਾਂ ਇਸਤਰੀ ਨੇ ਆਪਣੇ ਵਲਵਲਿਆਂ, ਵਿਦਰੋਹ ਅਤੇ ਗੁੱਸੇ ਨੂੰ ਆਪਣੇ ਢੰਗ ਨਾਲ ਬਿੰਬਾਂ, ਇਸ਼ਾਰਿਆਂ ਅਤੇ ਲੋਕ ਗੀਤਾਂ ਰਾਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਸਦੀਆਂ ਤੋਂ ਇਸਤਰੀ ਦੇ ਮਨ ਦੀ ਵੇਦਨਾ ਨੂੰ ਲਿਖਤੀ ਰੂਪ ਵਿਚ ਆਉਣ ਲਈ ਕਈ ਸਦੀਆਂ ਲੱਗ ਗਈਆਂ। ਇਸਤਰੀ ਨੂੰ ਸਿੱਖਿਅਤ ਹੋਣ ’ਤੇ ਅਤੇ ਆਪਣੀ ਪਛਾਣ ਬਣਾਉਣ ਲਈ ਲਿਖਤੀ ਵੇਦਨਾ ਕਹਿਣ ਲਈ ਲੰਮਾ ਸਮਾਂ ਉਡੀਕਣਾ ਪਿਆ।

ਇਹ ਗੱਲ ਤਾਂ ਪ੍ਰਮਾਣਿਕ ਹੈ ਕਿ ਕਾਵਿ ਰਚਨਾ ਵਾਰਤਕ ਤੋਂ ਪਹਿਲਾ ਜਨਮੀ ਹੈ। ਕਵਿਤਾ ਦਾ ਸਬੰਧ ਵਲਵਲੇ ਨਾਲ ਹੁੰਦਾ ਹੈ ਜੋ ਬੌਧਿਕ ਕਾਲ ਨਾਲੋਂ ਪਹਿਲਾਂ ਉਛਾਲਾਂ ਮਾਰਦੀ ਹੈ ਪਰ ਜਦੋਂ ਕਿਸੇ ਵਿਅਕਤੀ ਪਾਸ ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਾਸ਼ਾ ਦਾ ਮਾਧਿਅਮ ਤਾਂ ਹੋਵੇ ਪਰ ਅੱਖਰਾਂ ਦੇ ਗਿਆਨ ਦਾ ਉਸ ਨੂੰ ਅਭਾਵ ਹੋਵੇ ਫਿਰ ਉਸ ਦੇ ਅੰਦਰਲੇ ਜਜ਼ਬੇ ਜਦੋੋਂ ਉਸ ਦੀ ਹਿੱਕ ਦਾ ਕੜ ਪਾੜ ਕੇ ਬਾਹਰ ਆਉਂਦੇ ਹਨ ਤਾਂ ਉਹ ਲੋਕਾਂ ਦੀ ਜ਼ਬਾਨ ਦੇ ਰਾਜੇ ਹੋ ਜਾਂਦੇ ਹਨ। ਉਸ ਸਮੇੇਂ ਦੀਆਂ ਸਮਾਜਕ ਤੇ ਆਰਥਿਕ ਵਿਵਸਥਾਵਾਂ ਅਨੁਸਾਰ ਆਪਣੇ ਅੰਦਰ ਸਮੋਅ ਕੇ ਉਹ ਬੋਲ ਲੋਕਾਂ ਦੇ ਹੋ ਜਾਂਦੇ ਹਨ ਅਤੇ ਇੰਝ ਲੋਕ ਗੀਤਾਂ ਨੇ ਜਨਮ ਲਿਆ। ਇਸਤਰੀ ਨੇ ਜਨਮ ਤੋਂ ਲੈ ਕੇ ਅੰਤਲੇ ਪਲਾਂ ਤਕ ਆਪਣੇ ਮਨ ਦੀ ਵੇਦਨਾ ਨੂੰ ਬੋਲਾਂ ਨਾਲ ਤਾਂ ਪੰਜਾਬੀ ਸਾਹਿਤ ਦੇ ਲੋਕ ਗੀਤਾਂ ਰਾਹੀ ਅਮੀਰ ਬਣਾਇਆ ਹੈ, ਪਰ ਕਾਵਿ ਦੇ ਬੌਧਿਕ ਕਾਰਜ ਅੰਦਰ ਬਹੁਤ ਸਾਰੀਆਂ ਦੁਸ਼ਵਾਰੀਆਂ ਕਾਰਨ ਇਸ ਖੇਤਰ ’ਚ ਮਰਦਾਂ ਦੇ ਮੁਕਾਬਲੇ ਉਹ ਬਹੁਤ ਪਿੱਛੇ ਰਹਿ ਗਈ। ਇਸ ਘਾਟ ਨੂੰ ਦਰਸਾਉਂਦੀ ਮਾਂ ਦੀ ਧੀ ਨੂੰ ਸਿੱਖਿਆ ਇਹ ਕਹਿੰਦੀ ਹੈ :

‘‘ਸੁਣ ਨੀ ਧੀਏ ਬੜੀ ਪਛਤਾਈ

ਨਾਓਂ ਸੁਰਜੀਤੋ ਧਰ ਕੇ;

ਸੁੱਤੀ ਪਈ ਨੂੰ ਜਾਗ ਨੀ ਆਉਂਦੀ

ਦਿਨ ਨਾ ਜਾਂਦੈ ਚੜ੍ਹ ਕੇ;

ਅੱਧੀਆਂ ਨੇ ਤਾਂ ਦੁੱਧ ਨੀ ਰਿੜਕ ਲਏ

ਅੱਧੀਆਂ ਨੇ ਡਾਹ ਲੇ ਚਰਖੇ;

ਅੰਦਰੋੋਂ ਨਿਕਲੇ ਨੀ ਤੂੰ

ਚੀਨਾ ਕਬੂਤਰ ਬਣ ਕੇ;

ਅੱਖੀਆਂ ਪੂੰਝੇਗੀ ਫਿਰ

ਲੜ ਢਾਡੀ ਦੇ ਫੜਕੇ!

ਰਿਗ-ਵੇਦ ਕਿਉਂਕਿ ਇਹ ਪੰਜਾਬ ਅੰਦਰ ਹੀ ਰੱਚਿਆ ਗਿਆ ਤੇ ਇਸ ਅੰਦਰਲੀ ਰਚਨਾ ਵੀ ਅਨੇਕਾਂ ਵਿਦਵਾਨਾਂ (ਰਿਸ਼ੀਆਂ) ਦੀ ਸਮੂਹਿਕ ਰਚਨਾ ਕਹੀ ਜਾ ਸਕਦੀ ਹੈ। ਰਿਗਵੇਦ ਅੰਦਰ ਰਿਸ਼ੀਆਂ ਦੇ ਨਾਲ -ਨਾਲ ਰਿਸ਼ਿਕਾਵਾਂ (ਭਾਵ ਪੰਜਾਬੀ ਕਵਿੱਤਰੀਆਂ) ਦਾ ਵਰਣਨ ਕਰਨਾ ਵੀ ਜ਼ਰੂਰੀ ਹੈ ਜਿਨ੍ਹਾਂ ਦੀ ਕਿਰਤ ਇਨ੍ਹਾਂ ਵੇਦਾਂ ਅੰਦਰ ਅੰਕਿਤ ਹੈ। ਇੰਦਰਾਣੀ, ਸ਼ਾਦਰੀਮਾਤਾ, ਰੋਮਾ, ਸ਼ੇਰਵਸੀ, ਲੋਪਮੁਦਰਾ, ਨਾਟਿਅਮਯਮੀ, ਨਾਰੀ, ਸ਼ਰਮਵਤੀ, ਸ਼ਰੀਰ, ਲਕਸ਼ਮੀ, ਸਰਪਰਜਨੀ, ਵਾਕਸ਼ਰਥਾ, ਅੋਸ਼ਾ, ਸੂਰੀਆ, ਸਵਿੱਤਰੀ, ਕੱਤਰੀ, ਦਕਸ਼ਿਣਾ, ਸੇਧਾ ਸਿਕਤਾ, ਕਿਦਾਵਰੀ, ਬ੍ਰਹਮਾ ਦਨਯਾ, ਤਿ੍ਰਪਤਾ, ਰਿਸ਼ਿਕਾ, ਘੋਸ ਆਦਿ ਅਤਿ ਸੁੰਦਰ ਇਸਤਰੀਆਂ ਜਿਨ੍ਹਾਂ ਨੂੰ ਗਿਆਨ ਅਤੇ ਸ਼ਕਤੀ ਨਾਲ ਏਨਾ ਪ੍ਰੇਮ ਸੀ ਕਿ ਉਨ੍ਹਾਂ ਦੀਆਂ ਰਚਨਾਵਾਂ ਰਿਗਵੇਦ ਦਾ ਅੰਗ ਬਣ ਗਈਆਂ।

ਰਿਸ਼ਿਕਾ ਘੋਸ਼ ਦੇ ਦੋ ਸੰਪੂਰਨ ਸਲੋਕ ਰਿਗਵੇਦ ਵਿਚ ਸ਼ਾਮਲ ਹਨ। ਘੋਸ਼ ਦਾ ਦੁਖਾਤ ਸੀ ਕਿ ਉਹ ਇਕ ਅਸਾਧ ਰੋਗ ਨੇ ਬਦਸੂਰਤ ਬਣਾ ਦਿੱਤੀ ਸੀ। ਉਹ ਰਿਸ਼ੀ ਦੀਰਘਤਮਸ ਦੀ ਪੋਤੀ ਤੇ ਰਿਸ਼ੀ ਕਕਸ਼ਵੀਤ ਦੀ ਪੁੱਤਰੀ ਸੀ। ਉਸ ਦਾ ਇਕ ਸਲੋਕ ਅਸ਼ਵਿਨ ਦੀ ਮਹਿਮਾ ’ਚ ਤੇ ਦੂਸਰਾ ਸਲੋਕ ਉਸ ਨੇ ਆਪਣੇ ਦਿਲ ਦੀ ਵੇਦਨਾ ਅਤੇ ਵਿਆਹੁਤਾ ਜੀਵਨ ਦੀ ਕਾਮਨਾ ਉਜਾਗਰ ਕਰ ਕੇ ਉਚਾਰਿਆ ਸੀ।

ਰਿਸ਼ੀ ਵਾਚਕਨੂੰ ਦੀ ਪੁੱਤਰੀ ਗਾਰਗੀ ਨੂੰ ਕਾਵਿਕ-ਦਾਰਸ਼ਨਿਕ ਨਿਪੁੰਨਤਾ ਦੇ ਪੱਖੋ ਸਭ ਤੋਂ ਸਿਰ-ਕੱਢ ਰਿਸ਼ੀਕਾ ਕਹਿਣਾ ਨਾਵਾਜਬ ਨਹੀਂ ਹੋਵੇਗਾ। ਉਹ ਅਨੇਕ ਸਲੋਕਾਂ ਦੀ ਕਰਤਾ ਹੈ ਜਿਸ ਵੱਲੋਂ ਸੰਸਾਰ ਦੇ ਆਰੰਭ ਬਾਰੇ ਗੰਭੀਰ ਚਰਚਾ ਕੀਤੀ ਗਈ ਹੈ। ਉਹ ਸੰਵਾਦਾਂ ਦੇ ਜਵਾਬ ਵਿੱਚੋਂ ਨਵਾਂ ਸਵਾਲ ਕੱਢਣ ਦੀ ਨਿਪੁੰਨ ਮੰਨੀ ਜਾਂਦੀ ਸੀ। ਭਾਵ ਵੇਦਕਾਲ ਦੇ ਪੰਜਾਬ ਅੰਦਰ ਪੰਜਾਬਣਾਂ ਦੀ ਕਾਵਿ-ਪ੍ਰਤਿਭਾ ਸਾਨੀ ਹੁੰਦੀ ਸੀ। ਪਾਰ ਕਾਲ ਦੇ ਬੀਤਣ ਬਾਦ ਪੰਜਾਬ ਦੀਆਂ ਪ੍ਰਸਥਿਤੀਆਂ ’ਚ ਕਈ ਤਬਦੀਲੀਆਂ ਆਉਂਦੀਆਂ ਗਈਆਂ। ਪੰਜਾਬ ਅੰਦਰ ਦਾਰਸ਼ਨਿਕ ਕਾਵਿ-ਰਚਨਾਵਾਂ ਅੰਦਰ ਨਵੇਂ ਤੋਂ ਨਵੇਂ ਖੱਪੇ ਆਉਂਦੇ ਗਏ ਅਤੇ ਰਚਨਾਕਾਰੀ ਅੰਦਰ ਬੰਜਰਤਾ ਵੀ ਆਉਂਦੀ ਗਈ। ਪਰ ਫਿਰ ਵੀ ਪੰਜਾਬ ’ਚ ਬਨਾਂਵੀਆਂ, ਅਣਜਾਣੀਆਂ ਅਤੇ ਵਿਸਰੀਆਂ ਪੰਜਾਬਣਾਂ ਨੇ ਆਪਣੇ ਦਿਲ ਦੀਆਂ ਡੂੰਘਾਈਆਂ ਅੰਦਰ ਉਠੀਆਂ ਭਾਵਨਾਵਾਂ ਨੂੰ ਵੱਖੋ ਵੱਖ ਰੂਪਾਂ ’ਚ ਚਿਤਰਣ, ਅੱਗੋ ਆਪਣੇ ਧੀਆਂ-ਪੁੱਤਰਾਂ ਅਤੇ ਸਮਾਜ ਨੂੰ ਸੌਂਪੇ ਬੇਸ਼ੁਮਾਰ ਲੋਕ ਗੀਤਾਂ, ਬਾਤਾਂ ਅਤੇ ਟੋਟਕਿਆਂ ਰਾਹੀ ਪੰਜਾਬੀ ਅੰਦਰ ਅਨਮੋਲ, ਕਾਵਿ ਪੂੰਜੀ ਨੂੰ ਸਾਡੇ ਤਕ ਪੁੱਜਦਾ ਕੀਤਾ ਹੈ। ਇਸਤਰੀ ਨੇ ਜਨਮ ਤੋਂ ਲੈ ਕੇ ਮਰਨ ਤਕ, ਜੀਵਨ ਦੇ ਹਰ ਦੌਰ ਅੰਦਰ ਲੋਕ-ਗੀਤਾਂ ਰਾਹੀਂ ਇਸਤਰੀ ਕਾਵਿ ਦੇ ਇਤਿਹਾਸ ਨੂੰ ਮਜ਼ਬੂਤ ਕੀਤਾ।

ਪੰਜਾਬ ਅੰਦਰ ਲੋਕਗੀਤ ਵੀ ਵੱਡੀ ਹੱਦ ਤਕ ਇਸਤਰੀਆਂ ਦੇ ਰਚਨਾ-ਖੇਤਰ ਹੀ ਰਹੇ, ਮਰਦ-ਪ੍ਰਧਾਨ ਸਮਾਜ ਅੰਦਰ ਭਾਵੇਂ ਇਸਤਰੀਆਂ ਦਾ ਲੋਕਗੀਤ ਕਾਵਿ ਖੇਤਰ ਵੀ ਸਾਹ-ਘੁਟਵਾਂ ਰਿਹਾ, ਫਿਰ ਵੀ ਉਨ੍ਹਾਂ ਨੇ ਇਸ ਅੰਦਰ ਵੰਨ-ਸੁਵੰਨੇ ਜਜ਼ਬਿਆਂ ਦਾ ਖੁੱਲ੍ਹਕੇ ਕਾਰਗਰ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਹਿੱਸੇ ਭਾਵੇਂ ਰੋਹ ਤੇ ਰੋਸ ਸੀ, ਫਿਰ ਵੀ ਉਨ੍ਹਾਂ ਦੀ ਹੂਕ ਅੰਦਰ ਪਿਆਰ ਹੈ, ਵਿਛੋੜਾ ਹੈ, ਸੁਹਣੇ ਪ੍ਰਤੀ ਕਾਮਨਾ ਤੇ ਤਾਂਘ ਸੀ। ਲੋਕ ਗੀਤ ਸੰਪੂਰਨ ਸਾਹਿਤਕ, ਵਿਚਾਰਾਂ ਅੰਦਰ ਜਜ਼ਬਾਤੀ ਅਤੇ ਜ਼ਮਾਨੇ ਨਾਲ ਪੂਰਾ-ਮੇਲ ਖਾਂਦੇ ਸਨ। ਆਰਥਿਕਤਾ ਅੰਦਰ ਟੁੱਟਿਆ ਪੇਂਡੂ ਜੀਵਨ ਕਿਸੇ ਅਣਦਿਸਦੇ ਦੁਸ਼ਮਣ ਵਿਰੁੱਧ ਲੋਕ ਗੀਤਾਂ ਅੰਦਰ ਆਪਣੀ ਧਾਂਕ ਰੱਖਦਾ ਹੈ।

‘‘ਮੰਦੇ ਪਿਆ ਪੁਰਾਣਾ ਕੱਪੜਾ,

ਕੋਈ ਨਾ ਸੀਵੇ ਦਰਜ਼ੀ ਹੋ,

ਕੋਈ ਨਾ ਮਿਲਿਆ ਦਿਲ ਦਾ ਮਹਿਰਮ,

ਜੋ ਮਿਲਿਆ ਅਲਗ਼ਰਜੀ ਹੋ !

ਕੋਠੇ ਚੜ੍ਹ ਕੇ ਕੇਸ ਸੁਕਾਵਾਂ,

ਰੋ ਰੋ ਚਿੱਠੀ ਵਾਚੀ ਹੋ,

ਹੱਥੋਂ ਫਰ ਫਰ ਕਾਗ਼ਜ਼ ਉਡਦੇ,

ਸੋਝੀ ਸੂਰਤ ਗੁਆਚੀ ਹੋ।’’

ਪ੍ਰੇ੍ਰਮੀ ਦਾ ਵਿਛੋੜਾ, ਬੰਦਿਸ਼ਾਂ ਅਤੇ ਪੀੜਾਂ ਦੇ ਪ੍ਰਗਟਾਵੇਂ ਰਾਹੀ ਵਿਯੋਗੀ ਹਾਲਤ;

ਤੰਦ ਤੇਰਿਆਂ ਦੁੱਖਾਂ ਦਾ ਪਾਵਾਂ,

ਲੋਕਾਂ ਭਾਵੇ ਕੱਤਾਂ ਪੂਣੀਆਂ,

ਪੀੜਾ ਡਾਹੀਏ ਗੋਰੀਏ,

ਵਿਹੜੇ ਬਹਿ ਜਾਈਏ ਗੋਰੀਏ,

ਦੋ ਦੀਆਂ ਚਾਰ ਸੁਣਾਈਏ।

ਪੰਜਾਬ ਦੇ ਸਾਹਿਤਕ ਪਿੜ ਅੰਦਰ ਹੋਈ ਨਿਰੰਤਰ ਖੋਜ ਨੇ ਕਵਿਤਰੀਆਂ ਦੇ ਇਤਿਹਾਸ ਅੰਦਰ ਸ਼ਰੁਤੀ-ਸਿਮ੍ਰਤੀ ਭਾਵ ਕਿਸੇ ਰਚਨਾ ਨੂੰ ਸੁਣ ਕੇ ਕੰਠ ਕਰਨ ਦੀ ਰੀਤ ਦਾ ਅਤੇ ਕਾਗਜ਼ ਉਤੇ ਰਚਨਾ ਨੂੰ ਉਤਾਰ ਕੇ ਭਵਿੱਖ ਲਈ ਸੰਭਾਲ ਕੇ ਰੱਖਣ ਨਾਲ ਸ਼ੁਰੂਆਤ ਹੋਈ। ਇਸ ਤੋਂ ਪਹਿਲਾਂ 1526 ਤੋਂ 1658 ਤੱਕ ਬਾਬਰ ਤੋਂ ਸ਼ਾਹਜਹਾਨ ਦੇ ਕਾਲ ਅੰਦਰ ਹਿੰਦੂ ਰਿਆਇਆ ਨਾਲ ਕੁਝ ਨਰਮੀ ਵਾਲਾ ਰਵੱਈਆ ਅਪਣਾਉਣ ਕਾਰਨ ਪੰਜਾਬ ਅੰਦਰ ਸਾਹਿਤ ਅਤੇ ਹੋਰ ਹੁਨਰ ਪਨਪੇ। ਸੂਫ਼ੀ-ਸੰਤ ਸਾਹਿਤ, ਸਿੱਖ-ਗੁਰਬਾਣੀ, ਰਾਜ ਸਾਹਿਤ ਤੇ ਕਲਾ, ਲਿਖਣ ਕਲਾ, ਚਿੱਤਰਕਾਰੀ ਆਦਿ ਵੱਧੇ-ਫੁੱਲੇ। ਪਰ ਔਰੰਗਜ਼ੇਬ ਦੇ ਕਾਲ ਦੌਰਾਨ ਸਾਰੀਆਂ ਕਲਾਵਾਂ ਪਿੱਛੇ ਧੱਕੀਆਂ ਗਈਆਂ। ਫਿਰ ਵੀ ਭਗਤੀ ਕਾਵਿ ਜਿਸ ਦਾ ਸਬੰਧ ਇਤਿਹਾਸਕ/ਮਿਥਿਹਾਸਕ ਘਟਨਾਵਾਂ ਨਾਲ ਸੀ ਪੰਜਾਬੀ ਸਾਹਿਤ ਵਿਚ (ਮੱਧਕਾਲੀਨੀ) ਉਪਲੱਬਧ ਹੈ। ਸਾਧੂ-ਸੰਤਾਂ ਦਾ ਆਪਣੀਆਂ ਭਾਵਨਾਵਾਂ ਕਵਿਤਾਵਾਂ ਰਾਹੀਂ ਪ੍ਰਗਟ ਕਰਨ ਦੀ ਇਕ ਰੀਤ ਸੀ। ਇਸ ਪ੍ਰੰਪਰਾ ਅਧੀਨ ਡੇਰਿਆਂ, ਧਰਮਸ਼ਲਾਵਾਂ, ਮੱਠਾਂ ਅੰਦਰ ਸੰਤਾਂ-ਸੰਤਨੀਆਂ ਦੇ ਸ਼ਰਧਾਲੂ ਉਨ੍ਹਾਂ ਕਾਵਿ-ਰਚਨਾ ਨੂੰ ਬਾਣੀ ਮੰਨ ਕੇ ਸੰਭਾਲਦੇ ਸਨ। ਭਾਵੇਂ ਇਨ੍ਹਾਂ ਡੇਰਿਆਂ ਅੰਦਰ ਇਸਤਰੀਆਂ ਵਰਜਿਤ ਸਨ ਪਰ ਹੌਲੀ-ਹੌਲੀ ਉਹ ਵੀ ਇਨ੍ਹਾਂ ਡੇਰਿਆਂ ਦਾ ਇਕ ਹਿੱਸਾ ਬਣ ਗਈਆਂ। ਉਨ੍ਹਾਂ ਅੰਦਰ ਵੀ ਪੜ੍ਹਨ, ਲਿਖਣ ਅਤੇ ਕਾਵਿ ਰਚਨਾ ਦੀ ਕਿਰਤ ਦੀ ਲਗਨ ਵੀ ਪੈਦਾ ਹੋ ਗਈ।

ਸੰਤ-ਇਸਤਰੀ ਪੰਜਾਬੀ ਕਵਿੱਤਰੀਆਂ ਜਿਨ੍ਹਾਂ ਨੇ ਸਾਧ-ਭਾਸ਼ਾ ਵਿਚ ਪੰਜਾਬੀ ਸ਼ਬਦਾਂ ਦੇ ਛਿੱਟੇ ਖੁੱਲੇ੍ਹ ਦਿਲ ਨਾਲ ਮਾਰੇ। ਦੋ ਸਕੀਆਂ ਭੈਣਾਂ ਸੰਤ ਸਹਿਜੋ ਬਾਈ ਅਤੇ ਉਸ ਦੀ ਛੋਟੀ ਭੈਣ ਸੰਤ ਦਯਾ ਬਾਈ ਜੋ ਗੁਰੂ ਚਰਨਦਾਸ ਦੀਆਂ ਚੇਲੀਆਂ ਸਨ। ਸਹਿਜੋ ਦੀ ਰਚਨਾ ’ਚ :

‘‘ਸਭ ਪਰਬਤ ਸਿਆਹੀ ਨਹੂੰ,

ਘੋਲੂ ਸਮੁੰਦਰ ਜਾਇ।

ਧਰਤੀ ਕਾ ਕਾਗਦ ਕਰੂੰ,

ਗੁਰੂ ਅਸਤੁਤਿ ਨਾ ਸਮਾਇ।’

ਸਹਿਜੋ ਦੀ ਛੋਟੀ ਭੈਣ, ਦਯਾ ਬਾਈ ਦੀ ਰਚਨਾ ਦੋ ਪੋਥੀਆਂ ਅੰਦਰ ਮਿਲਦੀ ਹੈ :

‘‘ਚਾਰ ਬੇਦ, ਛੇ ਸਾਸਤ੍ਰ ਹੈ; ਅਰ ਦਸ ਆਠ ਪੁਰਾਨ। ਸਭ ਗੁੰਥਨ ਕੋ ਸੋਧਿ ਕੇ, ਕੀਨੋ ਬਿਨਯ ਬਖਾਨ।’’

ਗੁਲਾਬਦਾਸੀ ਪ੍ਰੰਪਰਾ ਅੰਦਰ ਸੰਤਣੀਆਂ ਬਣਨ ਵਾਲੀਆਂ ਨੁਰੰਗੀ ਦੇਵੀ, ਪੀਰੋ ਪ੍ਰੇਮਣ ਅਤੇ ਕਈ ਹੋਰ ਵੀ ਸੰਤਣੀਆਂ ਸਨ। ਨੁਰੰਗੀ ਦੇਵੀ ਦੇ ਕਰੀਬ ਦਸ ਹੱਥ ਲਿਖਤ ਖਰੜੇ ਹਨ। ਕਿਉਂਕਿ ਗੁਲਾਬਦਾਸੀ ਪ੍ਰੰਪਰਾ ਕੁਝ ਉਦਾਰਵਾਦੀ ਸੀ, ਉਨ੍ਹਾਂ ਦੇ ਦੁਆਰ ਅੰਦਰ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਖੁੱਲ੍ਹ ਸੀ। ਗੁਲਾਬਦਾਸੀ ਕਵਿੱਤਰੀ ਵਜੋਂ ਪਹਿਲਾਂ-ਪਹਿਲ ਪੀਰੋ ਪ੍ਰੇਮਣ ਉਜਾਗਰ ਹੋਈ। ਸਹਿਜੋ ਸੰਤਣੀ 80 ਸਾਲ ਦੀ ਉਮਰ ਭੋਗ ਕੇ 1805 ਈ. ਨੂੰ ਪੂਰੀ ਹੋਈ ਸੀ। ਸਹਿਜੋ ਬਾਈ ਦੇ ਕਾਵਿ ਅੰਦਰ ਸੋਚ ਦਾ ਕੇਂਦਰ ਗੁਰੂ ਹੈ ਤੇ ਉਹ ਹੀ ਉਸ ਦੀ ਮੰਜ਼ਿਲ ਹੈ। ਉਹ ਸਾਫ਼ ਕਹਿੰਦੀ ਹੈ ਕਿ ਮੈਂ ਰਾਮ ਨੂੰ ਤਜ ਸਕਦੀ ਹਾਂ ਗੁਰੂ ਨੂੰ ਨਹੀਂ ।

ਜੋਗੀ ਪਾਵੇ ਜੋਗ ਸੂ, ਗਿਆਨੀ ਲਹੈ ਵਿਚਾਰ।

ਸਹਜੋ ਪਾਵੇ ਭਗਤੀ ਸੂੰ, ਜਾਕੇ ਪ੍ਰੇਮ ਅਧਾਰ।

ਜਦੋਂ ਗੁਲਾਬਦਾਸੀ ਕਵਿਤਰੀ ਵੱਜੋ ਪੀਰੋ ਪ੍ਰੇਮਣ ਉਜਾਗਰ ਹੋਈ ਤਾਂ ਛੇਤੀ ਹੀ ਇਕ ਹੋਰ ਗੁਲਾਬਦਾਸੀ ਕਵਿਤਰੀ ਨੁਰੰਗੀ ਦੇਵੀ ਪ੍ਰਗਟ ਹੋ ਗਈ ਜੋ ਪੀਰੋ ਤੋਂ ਦਸ-ਸਾਲ ਵੱਡੀ ਸੀ। ਨੁਰੰਗੀ ਦੇਵੀ ਵੀ ਪੀਰੋ ਵਾਂਗ ਜਾਤਾਂ ਤੇ ਧਰਮਾਂ ਦੀ ਕਥਿਤ ਲੱਜਾ ’ਚ ਨਿਕਲ ਕੇ ਸਵੈਮਾਣ ਮਹਿਸੂਸਦੀ ਹੈ;

ਲਾਮ ਲੱਜਿਆ ਛੱਡ ਨਿਰਲੱਜ ਹੋਏ, ਬਰਨ ਆਸ਼ਮ ਕਾ ਪਿੰਜਰਾ ਛੋੜ ਕੇ ਜੀ।

ਸਾਰ-ਤੱਤ ਦੇ ਪੱਖੋਂ ਪੀਰੋ ਦੀ ਕਵਿਤਾ ਨੁਰੰਗੀ ਦੇਵੀ ਨਾਲੋਂ ਪਰਤੱਖ ਵੱਖਰੀ ਹੈ। ਪੀਰੋ ਨੇ ਆਪਣੇ ਜੀਵਨ ਅੰਦਰ ਮਾਨਸਿਕ, ਬਗ਼ਾਵਤੀ ਸੁਭਾਅ ਤੇ ਸੰਤ ਗ਼ੁਲਾਬ ਦਾਸ ਦੀ ਓਟ ਲੈ ਕੇ ਜੀਵਨ ’ਚ ਅਪਮਾਨ ਨੂੰ ਧੋ-ਪੂੰਝ ਕੇ ਸਵੈਮਾਨੀ ਜੀਵਨ ਜੀਵਿਆ। ਪੰਜਾਬੀ ਕਵੀ ਮਹਿਮੂਦ ਆਵਾਨ ਦੇ ਕਥਨ ਅਨੁਸਾਰ ਪੀਰੋ ਤੋਂ ਪਹਿਲਾਂ ਦਾ ਦਾਈ ਖ਼ਫਲ ਖ਼ਾਤੂਨ ਹਿਫ਼ਜਾਨੀ ਬਲੋਚ ਦੀ ਭੈਣ ਜੀਵਨ ਖ਼ਾਤੂਨ ਜਿਨ੍ਹਾਂ ਨੇ ਧਾਰਮਿਕ ਰੰਗ ਦੀਆਂ ਕਵਿਤਾਵਾਂ ਦੀ ਥਾਂ ਪ੍ਰੇਮ ਰੰਗ ਨੂੰ ਪਹਿਲ ਦਿੱਤੀ। ਇਸ ਤੋਂ ਬਿਨਾਂ ਪੀਰੋ ਤੋਂ ਚੱਲ ਕੇ ਬਿਲਕੀਸ ਅਖਤਰ ਰਾਣੀ, ਇਮਾਮ ਬੀਬੀ ਤੇ ਜ਼ੀਨਤ ਕਵਿੱਤਰੀਆਂ ਵੀ ਹੋਈਆਂ ਹਨ (ਮਹਿਮੂਦ ਆਵਾਨ)। ਇਸ ਪਰਾਗੇ ’ਚੋਂ ਸਭ ਤੋਂ ਮਹੱਤਵਪੂਰਨ ਕਵਿੱਤਰੀ ਜ਼ੀਨਤ ਸੀ ਜਿਸ ਨੇ ਪਹਿਲੀ ਸੰਸਾਰ ਜੰਗ ਦੌਰਾਨ ਬਸਤੀਵਾਦੀਆਂ ਦੀ ਭਰਤੀ ਦਾ ਵਿਰੋਧ ਕੀਤਾ ਸੀ। ਨੁਰੰਗੀ ਤੇ ਪੀਰੋ ਕਵਿੱਤਰੀਆਂ ਦੇ ਦੌਰ ਤੋਂ ਬਾਦ ਹਰਨਾਮ ਕੌਰ ਨਾਭਾ ਦਾ ਸਮਾਂ ਆਉਂਦਾ ਹੈ। ਹਰਨਾਮ ਕੌਰ ਨਾਭਾ ਦੇ ਇਕ ਦਹਾਕੇ ਅੱਗੇ-ਪਿੱਛੇ ਹੋਰ ਕਈ ਸਮਕਾਲੀ ਕਵਿੱਤਰੀਆਂ ਦਾ ਜ਼ਿਕਰ ਆਉਂਦਾ ਹੈ (ਮਹਿਮੂਦ ਆਵਾਨ। ਜਿਨ੍ਹਾਂ ’ਚ ਬੀਬੀ ਮਖ਼ਫੀ (1872), ਹਾਜਨ ਨੂਰ ਬੇਗਮ, ਕਰਮ ਬੀਬੀ ਅਜੀਜ਼, ਫਜ਼ਲ ਨੂਰ, ਹਾਕਿਮ ਬੀਬੀ ਅਤੇ ਆਜ਼ਾਦੀ ਸੰਗਰਾਮਣ ਸਲਾਮ ਤਸੱਦੁਕ ਹੁਸੈਨ (1908) ਤੇ ਹੋਰ ਕਈ ਕਵਿੱਤਰੀਆਂ ਵੀ ਸਨ। 19-ਵੀਂ ਸਦੀ ਦੇ ਅੱਧ ਵਿਚ ਹੋਰ ਕਈ ਕਵਿੱਤਰੀਆਂ ਜਿਵੇਂ ਮਾਈ ਭਗਵਾਨ ਕੌਰ, ਜੈ ਦੇਵੀ, ਬੀਬੀ ਰਾਧੀ, ਚੇਤ ਕੌਰ, ਬੀਬੀ ਕਰਮੀ ਦੇਵੀ, ਆਇਸ਼ਾ, ਹਾਜ਼ਿਕਾ ਫਾਤਮਾ ਆਰਫ਼ਾ, ਮਰੀਅਮ ਬੇਗਮ, ਮਾਤਾ ਜੀਓ (ਜੀਵੀ), ਮਾਤਾ ਜਮਨਾ ਦੇਵੀ, ਸਾਹਿਬ ਦੇਵੀ ਅਰੋੜੀ। ਜਿਨ੍ਹਾਂ ਨੂੰ ਬੀਬੀ ਹਰਨਾਮ ਕੌਰ ਨਾਭਾ (1896-1976) ਤੋਂ ਅੰਮਿ੍ਰਤਾ ਪ੍ਰੀਤਮ ਤਕ ਪੰਜਾਬੀ ਅੰਦਰ ਕਾਵਿਕ, ਸਾਹਿਤਕ ਅਤੇ ਸਮਾਜ ਅੰਦਰ ਹੋ ਰਹੇ ਸਮਾਜਕ ਤੇ ਆਰਥਿਕ ਪ੍ਰੀਵਰਤਨਾਂ ਦੇ ਪ੍ਰਭਾਵ ਨੇ ਪੰਜਾਬੀ ਕਵਿੱਤਰੀਆਂ ਨੂੰ ਵੀ ਖੁੱਲ੍ਹ ਕੇ ਲਿਖਣ ਦੀਆਂ ਸੰਭਾਵਨਾਵਾਂ ਨੂੰ ਪੂਰਾ-ਪੂਰਾ ਮੌਕਾ ਦਿੱਤਾ। ਉਨ੍ਹਾਂ ਦੀਆਂ ਕਵਿਤਾਵਾਂ ਜਾਂ ਤਾਂ ਭਾਵੇਂ ਅਭਿਲਾਸ਼ੀ ਕਿਸਮ ਦੀਆਂ ਸਨ, ਧਾਰਮਿਕ ਤੇ ਇਤਿਹਾਸਕ ਵੰਨਗੀ ਵਾਲੀਆਂ, ਸਭ ਨੇ ਪੰਜਾਬੀ ਸਾਹਿਤ ਦੇ ਪਾਸਾਰ ਤੇ ਪ੍ਰਚਾਰ ’ਚ ਯੋਗਦਾਨ ਪਾਇਆ ਹੈ। ਇਸਤਰੀ ਕਵਿੱਤਰੀਆਂ ਦੀਆਂ ਰਚਨਾਵਾਂ ਨੇ ਮਰਦ ਪ੍ਰਧਾਨ ਮਾਨਸਿਕਤਾ ਦੇ ਕੜ ਨੂੰ ਤੋੜ ਕੇ, ਇਸਤਰੀ ਕਾਵਿ ਨੂੰ ਮਰਦ-ਪ੍ਰਧਾਨ ਪਰੰਪਰਾ ਅਤੇ ਮਰਦ ਵਿਰੋਧੀ ਨਾਰੀਵਾਦੀ ਸੋਚ ਤੋਂ ਵੀ ਮੁਕਤ ਕਰਾ ਕੇ ਸਮੁੱਚੀ ਕਿਰਤੀ-ਜਮਾਤ ਦੀ ਮੁਕਤੀ ਵਾਲੇ ਕਾਵਿ ਮੰਚ ’ਤੇ ਬਿਠਾ ਦਿੱਤਾ।

ਕਵਿਤਰੀ ਅਰਤਿੰਦਰ ਸੰਧੂ ਨੇ ਆਪਣੇ ਤਿਮਾਹੀ-ਮਾਸਕ ਸਾਹਿਤਕ ਏਕਮ ਦੇ ਮਹੀਨਾ ਅਪ੍ਰੈਲ-ਜੂਨ-2018 ਦੇ ਅੰਕ, ‘ਨਾਰੀ ਕਾਵਿ ਵਿਸ਼ੇਸ਼ ਅੰਕ’’ ਅੰਦਰ 98-ਕਵਿਤਰੀਆਂ ਦੀਆਂ ਪੰਜਾਬੀ ਬੋਲੀ ਅੰਦਰ ਰਚਨਾ ਕਰਨ ਵਾਲੀਆਂ ਕਵਿੱਤਰੀਆਂ ਸਬੰਧੀ ਜਾਣਕਾਰੀ ਉਪਲੱਬਧ ਕਰਾਈ ਹੈ। ਪੰਜਾਬ ਦੀਆਂ ਦੋ ਕਵਿਤਰੀਆਂ ਪਹਿਲੀ ਅੰਮਿ੍ਰਤਾ ਪ੍ਰੀਤਮ ਤੇ ਦੂਸਰੀ ਪ੍ਰਭਜੋਤ ਕੌਰ ਸੀ , ਚਰਚਿਤ ਲੇਖਕਾਵਾਂ ਸਨ। ਅੱਜ ਦੇ ਪੰਜਾਬ ਦੇ ਸਾਹਿਤਕ ਪਿੜ ਅੰਦਰ ਕਵਿੱਤਰੀਆਂ ਵੱਜੋ ਸ਼ਰਨ ਮੱਕੜ, ਮਨਜੀਤ ਟਿਵਾਣਾ, ਕੁਲਦੀਪ ਕਲਪਨਾ, ਮਹਿੰਦਰ ਕੌਰ ਗਿੱਲ, ਮਨਜੀਤ ਪਾਲ ਕੌਰ, ਕੁਲਦੀਪ ਗਿੱਲ ਆਦਿ ਦੇ ਨਾਂ ਵਰਣਨ ਹਨ। ਇਸ ਤੋਂ ਬਿਨਾਂ ਕਈ ਦਰਜਨ ਕਵਿੱਤਰੀਆਂ ਹਨ ਜਿਨ੍ਹਾਂ ਦੀ ਕਲਮ ਨੇ ਖ਼ੂਬਸੂਰਤ ਕਾਵਿ ਰਚਨਾਵਾਂ ਰਾਹੀਂ ਮਾਂ ਬੋਲੀ ਨੂੰ ਨਿਖਾਰਿਆ ਤੇ ਸਾਹਿਤਕ ਪੱਖੋਂ ਅਮੀਰ ਬਣਾਇਆ। ਭਾਵੇਂ ਪੰਜਾਬੀ ਸਾਹਿਤ ਅੰਦਰ ਕਵਿੱਤਰੀਆਂ ਲਈ ਪੰਜਾਬੀ ਕਾਵਿ ਸਾਹਿਤਕ ਦੀ ਚੜ੍ਹਾਈ ਬੜੀ ਮੁਸ਼ਕਲ ਸੀ। ਉਨ੍ਹਾਂ ਨੂੰ ਕਈ ਫਰੰਟਾਂ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਦੀਆਂ ਤੋਂ ਅਣਗੌਲੀ ਤੇ ਜਿਨਸੀ ਦਮਨ ਦੀਆਂ ਜ਼ੰਜ਼ੀਰਾਂ ’ਚ ਬੱਝੀ, ਫਿਰ ਵੀ ਉਸ ਦੀ ਪੇਸ਼ਕਦਮੀ ਇਕ ਸ਼ਲਾਘਾਯੋਗ ਪ੍ਰਾਪਤੀ ਹੈ। ਜਿਉਂ-ਜਿਉਂ ਆਰਥਿਕ ਆਜ਼ਾਦੀ ਲਈ ਉਸ ਦਾ ਦਰਵਾਜ਼ਾ ਖੁੱਲ੍ਹਦਾ ਰਿਹਾ, ਉਹ ਸੁਤੰਤਰ ਭੂਮਿਕਾ ਨਿਭਾਉਂਦੀ ਗਈ। ਅੱਜ ਜਿਸ ਉਚਾਈ ’ਤੇ ਉਹ ਪੁੱਜ ਗਈ ਹੈ ਅੱਜ ਵੀ ਅੱਗੇ ਵੱਧਣ ਲਈ ਉਸ ਦੀ ਸੁਤੰਤਰ ਭੂਮਿਕਾ ਲਈ ਜਮਹੂਰੀ ਰਾਹ ਅਤੇ ਅੰਦੋਲਨ ਜ਼ਰੂਰੀ ਹੈ। ਸਾਹਿਤ ਦਾ ਅਕੀਦਾ ਭਾਵੇਂ ਕਿਸੇ ਵੀ ਸੇਧ ਵਾਲਾ ਹੋਵੇ, ਜਿਹੜਾ ਭੂਤ ਤੋਂ ਸਿੱਖਣ ਵਾਲਾ, ਵਰਤਮਾਨ ਉਸ ਨੂੰ ਹਾਣੀ ਬਣਾਏ ਅਤੇ ਭਵਿੱਖ ਨੂੰ ਸੁਚੇਤ ਕਰਨ ਵਾਲਾ ਹੋਣਾ ਚਾਹੀਦਾ ਹੈ।

ਜਦੋਂ ਉਸ ਦਾ ਕਾਵਿਕ ਸਾਹਿਤ ਲੋਕ ਪੱਖੀ, ਜਨ ਸਾਹਿਤ, ਕਿਰਤ ਦੀ ਕਦਰ ਕਰਨ, ਕਿਰਤ ਨੂੰ ਜੋੜਨ ਵਾਲਾ, ਧਰਮ ਨਿਰਪੱਖ ਤੇ ਸ਼ੋਸ਼ਣ ਵਿਰੁੱਧ ਹੋਵੇਗਾ, ਉਹ ਪੰਜਾਬੀ ਕਾਵਿ ਸਾਹਿਤ ਜਨ-ਸਾਹਿਤ ਦਾ ਕੁਦਰਤੀ ਰੁਤਬਾ ਵੀ ਪ੍ਰਾਪਤ ਕਰ ਲਵੇਗਾ।

ਹਵਾਲਾ : ਪੰਜਾਬੀ ਸਾਹਿਤ ਦੀ ਇਤਿਹਾਸ ਰੇਖਾ, ਪੰਜਾਬੀ ਸਾਹਿਤ ਦਾ ਇਤਿਹਾਸ, ਕਲਮ-ਸਿਆਹੀ)

- ਜਗਦੀਸ਼ ਸਿੰਘ ਚੋਹਕਾ

Posted By: Harjinder Sodhi