ਹਾਸ ਵਿਅੰਗ

ਉਂਝ ਦੇਖੀਏ ਤਾਂ ਡਰਾਇੰਗ ਰੂਮ ਅਤੇ ਮੋਬਾਈਲ ਵਿਚ ਸਰੀਰਕ, ਮਾਨਸਿਕ ਕਿਸੇ ਕਿਸਮ ਦੀ ਸਾਂਝ ਨਹੀਂ ਦੀਹਦੀ ਸਿਵਾਇ ਇਸ ਦੇ ਕਿ ਦੋਹਾਂ ਵਿਚ 'ਈੜੀ' ਸਾਂਝੀ ਹੈ--ਪਰ ਇਕੱਲੀ ਈੜੀ ਦੀ ਵੁਕਤ ਕੀ ਹੈ। ਪਰ ਜਦੋਂ ਇਸ ਨੂੰ ਸਿਹਾਰੀ ਜਾਂ ਬਿਹਾਰੀ ਲੱਗ ਜਾਂਦੀ ਹੈ ਫਿਰ ਇਸ ਦੀ ਤਾਕਤ ਮਾਣ ਨੀਂ। ਇਸੇ ਤਰ੍ਹਾਂ ਡਰਾਇੰਗ ਰੂਮ ਅਤੇ ਮੋਬਾਈਲ ਦੋਵਾਂ ਵਿਚ ਇਸ ਦੀ ਮੌਜੂਦਗੀ ਦੋਵਾਂ ਨੂੰ ਤਾਕਤ ਬਖ਼ਸ਼ਦੀ ਹੈ ਪਰ ਡਰਾਇੰਗ ਰੂਮ ਦੀ ਤਾਕਤ ਮੋਬਾਈਲ ਦੇ ਸਾਹਮਣੇ ਗੋਡੇ ਟੇਕਦੀ ਲਗਦੀ ਹੈ। ਇਸੇ ਲਈ ਤਾਂ ਵਿਚਾਰਾ ਡਰਾਇੰਗ ਰੂਮ, ਮੋਬਾਈਲ ਨੂੰ ਬੁਰਾ ਭਲਾ ਕਹਿੰਦਿਆਂ ਉਸ ਨੂੰ ਗਾਲਾਂ ਕੱਢਦਾ ਰਹਿੰਦਾ ਹੈ। ਜੇ ਕੋਈ ਕਹੇ--ਬਈ ਕਿੱਦਾਂ ਮੰਨ ਲਈਏ? ਡਰਾਇੰਗ ਰੂਮ ਨੂੰ ਕਦੇ ਗਾਲਾਂ ਕੱਢਦਿਆਂ ਨਾ ਹੀ ਦੇਖਿਆ ਤੇ ਨਾ ਹੀ ਸੁਣਿਐ, ਪਰ ਜਨਾਬ ਇਸ ਸੱਚ ਨੂੰ ਮੰਨਣਾ ਹੀ ਪੈਣੈ। ਵੇਖੋ ਨਾ ਤੁਸੀਂ ਰਹਿੰਦੇ ਹੋ ਭਾਰਤ ਦੇਸ਼ ਮਹਾਨ 'ਚ ਤੇ ਜਿਸ ਨੂੰ ਮਾਣ ਹੈ- ਅਧਿਆਤਮਵਾਦੀ ਹੋਣ ਦਾ। ਇਸੇ ਲਈ ਇੱਥੋਂ ਦੇ ਸਾਰੇ ਹੀ ਅਧਿਆਤਮਵਾਦੀਆਂ ਦਾ ਤਾਂ ਕੀ, ਬੁੱਧੀਜੀਵੀਆਂ ਦਾ ਵੀ ਮੰਨਣਾ ਹੈ ਕਿ ਰੱਬ ਉਨ੍ਹਾਂ ਨੂੰ ਹੀ ਦਿਸਦੈ ਜਿਨ੍ਹਾਂ ਦੇ ਮਨਾਂ ਵਿਚ ਸ਼ਰਧਾ ਹੁੰਦੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਡਰਾਇੰਗ ਰੂਮ ਵੱਲੋਂ ਕੱਢੀਆਂ ਜਾਂਦੀਆਂ ਗਾਲ੍ਹਾਂ ਸੁਣਨ ਲਈ ਵੀ ਸ਼ਰਧਾ ਦੀ ਲੋੜ ਹੈ।

ਸਾਡੇ ਮੰਗੂ 'ਚ ਇਹ ਸ਼ਰਧਾ ਕੁੱਟ- ਕੁੱਟ ਕੇ ਭਰੀ ਹੋਈ ਹੈ ਇਸੇ ਲਈ ਤਾਂ ਉਸ ਨੂੰ ਹਰ ਇਕ ਦੇ ਡਰਾਇੰਗ ਰੂਮ 'ਚੋਂ ਸਭ ਦੇ ਦਿਲਾਂ ਦੀ ਦਾਸਤਾਂ ਸੁਣਾਈ ਦਿੰਦੀ ਹੈ। ਹੁਣ ਤੁਸੀਂ ਪੁੱਛੋਗੇ ਬਈ ਇਹਦਾ ਕੋਈ ਕਾਰਨ ਤਾਂ ਹੋਊ? ਐਵੇਂ ਤਾਂ ਕੋਈ ਕਿਸੇ ਨੂੰ ਗਾਲ੍ਹਾਂ ਨਹੀਂ ਕੱਢਦਾ। ਸਾਡਾ ਪੁਲਿਸ ਮਹਿਕਮਾ ਤਾਂ ਗਾਲ੍ਹਾਂ ਤੋਂ ਬਿਨਾਂ ਲਗਦਾ ਹੀ ਨਹੀਂ ਕਿ ਜਿਉਂਦਾ ਜਾਗਦਾ ਹੈ। ਪਰ ਡਰਾਇੰਗ ਰੂਮ ਦਾ ਮੋਬਾਈਲ ਨੂੰ ਗਾਲ੍ਹਾਂ ਕੱਢਣ ਦਾ ਬਹੁਤ ਵੱਡਾ ਕਾਰਨ ਹੈ। ਡਰਾਇੰਗ ਰੂਮ ਦਾ ਮੰਨਣਾ ਹੈ ਕਿ ਜਦੋਂ ਦਾ ਮੋਬਾਈਲ ਨੇ ਅਵਤਾਰ ਧਾਰਿਆ ਹੈ ਕੁੱਤਿਆਂ ਵਾਂਗ ਲੋਕਾਂ 'ਚ ਪੂਛ ਹਿਲਾਉਂਦਾ ਫਿਰ ਰਿਹਾ ਹੈ। ਉਦੋਂ ਤੋਂ ਸਾਡੀ ਬੁਕਤ ਘਟਣੀ ਸ਼ੁਰੂ ਹੋਈ। ਹੁਣ ਜ਼ੀਰੋ ਲੈਵਲ ਤੋਂ ਵੀ ਥੱਲੇ ਪਹੁੰਚ ਗਈ ਹੈ। ਹੁਣ ਤਾਂ ਸਾਨੂੰ ਵੇਖ ਕੇ ਕਿਸੇ ਦੀਆਂ ਅੱਖਾਂ ਦੀਆਂ ਪੁਤਲੀਆਂ ਫੈਲਦੀਆਂ ਨਹੀਂ, ਕੋਈ ਪੁੱਛਦਾ ਨਹੀਂ, ਕੋਈ ਕਹਿੰਦਾ ਨਹੀਂ,

“ਹੈਂ! ਬੜਾ ਸੁੰਦਰ ਹੈ ਡਰਾਇੰਗ ਰੂਮ! ਕੀਹਦੇ ਕੋਮਲ ਹੱਥਾਂ ਨੇ ਸਜਾਇਆ ਹੈ? ਕਿੱਥੋਂ ਲਿਆਂਦਾ ਹੈ ਇਹ ਸਜਾਵਟੀ ਸਮਾਨ?”

ਚੰਦਰੇ ਮੋਬਾਈਲ ਨੇ ਸਾਡੀ ਆਨ ਬਾਨ ਸ਼ਾਨ ਸਭ ਮਿੱਟੀ 'ਚ ਮਿਲਾ ਕੇ ਰੱਖ ਦਿੱਤੀ। ਸਾਡੀ ਚੌਧਰ ਖ਼ਤਮ ਕਰ 'ਤੀ, ਸਾਨੂੰ ਮਿਲਦੇ ਪਿਆਰ 'ਤੇ ਡਾਕਾ ਮਾਰ ਲਿਆ।

ਬਈ ਗੱਲ ਵੀ ਸਹੀ ਹੈ-ਅੱਗੇ ਜਦੋਂ ਕਿਸੇ ਕਮਾਊ ਮੁਲਾਜ਼ਮ ਨੇ ਆਪਣੇ ਅਫਸਰ ਨੂੰ ਪਹੀਆਂ ਵਾਲੀ ਫਾਈਲ ਲੈ ਕੇ ਮਿਲਣਾ ਹੁੰਦਾ ਸੀ, ਕਿਸੇ ਨੇ ਅਟੈਚੀ ਉਪਰਲਿਆਂ ਨਾਲ ਅਟੈਚ ਕਰਨਾ ਹੁੰਦਾ ਸੀ, ਕਿਸੇ ਹੁਸੀਨਾ ਦੀਆਂ ਮਦਹੋਸ਼ ਅੱਖਾਂ ਰਾਹੀਂ ਉਸਦੇ ਦਿਲ ਵਿਚ ਉਤਰਨ ਦਾ ਕੋਈ ਰਾਹ ਲੱਭਣਾ ਹੁੰਦਾ ਸੀ ਤਾਂ ਅਫਸਰ ਦਾ ਡਰਾਇੰਗ ਰੂਮ ਸਭ ਤੋਂ ਢੁਕਵੀਂ ਜਗ੍ਹਾ ਮੰਨੀ ਜਾਂਦੀ ਸੀ। ਜੇ ਕਿਸੇ ਨੇਤਾ ਨੇ ਚੋਣਾਂ ਹਰ ਹਰਬੇ ਜਿੱਤਣ ਲਈ ਦੰਗੇ ਕਰਵਾਉਣ, ਬੂਥਾਂ ਦੀ ਖੋਹ-ਖੁਹਾਈ, ਨਸ਼ਿਆਂ ਦੀ ਸੀਰਣੀ, ਵਿਰੋਧੀਆਂ ਦੀ ਲੱਤਾਂ ਤੋੜਣਾ ਆਦਿ ਲਈ ਗੱਲਬਾਤ ਕਰਨੀ ਹੁੰਦੀ ਸੀ ਤਾਂ ਸਭ ਤੋਂ ਸੁਰੱਖਿਅਤ ਅਤੇ ਗੁਪਤ ਜਗ੍ਹਾ ਨੇਤਾ ਜੀ ਦਾ ਡਰਾਇੰਗ ਰੂਮ ਹੁੰਦਾ ਸੀ ਤਾਂ ਉਦੋਂ, ਡਰਾਇੰਗ ਰੂਮ ਦੇ ਕਹਿਣ ਮੁਤਾਬਕ 'ਮੇਰੀ ਵੀ ਟੌਹਰ ਬਣ ਜਾਂਦੀ ਸੀ। ਹੁਣ ਤਾਂ ਹਰ ਅਫਸਰ, ਨੇਤਾ, ਮੁਲਾਜ਼ਮ, ਗੁੰਡਾ-ਬਦਮਾਸ਼, ਸਾਧ-ਸੰਤ ਹੋਰ ਤਾਂ ਹੋਰ ਅਨਪੜ੍ਹ ਔਰਤਾਂ ਵੀ ੋਮੋਬਾਈਲ ਨੂੰ ਕੰਨ-ਮੂੰਹ ਨਾਲ ਲਾਈ ਚੌਵੀਂ ਘੰਟੇ ਘੁਸਰ ਮੁਸਰ ਕਰਦੇ ਦਿਲਾਂ ਦੇ ਰਾਜ਼ ਸਾਂਝੇ ਕਰਦੇ ਰਹਿੰਦੇ ਨੇ। ਸਕੀਮਾਂ ਬਣਾਉਣੀਆਂ-ਢਾਹਉਣੀਆਂ, ਲਾਗੂ ਕਰਨੀਆਂ-ਕਰਾਉਣੀਆਂ, ਪਿਆਰ-ਵਿਆਰ, ਚੁਗਲੀ-ਨਿੰਦਾ, ਲੈਣ-ਦੇਣ, ਗਾਲ਼ੀ-ਗਲੋਚ ਸਭ ਮੋਬਾਈਲਾਂ 'ਤੇ ਹੀ ਹੋ ਜਾਂਦਾ ਹੈ ਫਿਰ ਕੀਹਨੂੰ ਚੱਟੀ ਪਈ ਹੈ ਤੇ ਕੀਹਦੇ ਕੋਲ ਸਮਾਂ ਹੈ ਮੇਰੇ 'ਚ ਆ ਕੇ ਬੈਠਣ, ਗੱਲ ਬਾਤ ਕਰਨ, ਦਿਲ ਸਾਂਝਾ ਕਰਨ ਦਾ? ਹੁਣ ਤਾਂ ਘਰ ਦੀ ਮਾਲਕਣ ਵੀ ਮੇਰੀ ਸਾਫ਼-ਸਫ਼ਾਈ ਆਪ ਕਰਦਿਆਂ ਜਾਂ ਨੌਕਰਾਣੀ ਤੋਂ ਕਰਵਾਉਂਦਿਆਂ ਕੁੜ ਕੁੜ ਕਰੀ ਜਾਂਦੀ ਹੈ,“ਕਿਵੇਂ ਕਰਾਂ ਸਾਫ਼-ਸਫ਼ਾਈ ਦਾ ਸਿੜੀ ਸਿਆਪਾ ਇਹਦਾ? ਕੰਮ ਦਾ ਨਾ ਕਾਰ ਦਾ ਖ਼ਰਚਾ ਬੇਕਾਰ ਦਾ।”

ਹੋਰ ਤਾਂ ਹੋਰ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਸਮਝਦੇ ਕਿਉਂ ਨਹੀਂ ਕਿ ਮੇਰੇ 'ਚ ਬੈਠ ਕੇ ਕੀਤੀ ਗੱਲਬਾਤ ਮਜ਼ਾਲ ਹੈ ਕਿਤੇ ਬਾਹਰ ਵੀ ਨਿਕਲਜੇ ਭਾਵੇਂ ਸਿਆਣੇ ਕਹਿੰਦੇ ਨੇ, 'ਕੰਧਾਂ ਦੇ ਵੀ ਕੰਨ ਹੁੰਦੇ ਨੇ' ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਅੱਜ ਕੱਲ੍ਹ ਮੇਰੀਆਂ ਕੰਧਾਂ ਪਰਦਿਆਂ ਅਤੇ ਕੂਲੀਆਂ- ਕੂਲੀਆਂ ਟਾਈਲਾਂ ਨਾਲ ਢਕ ਦਿੱਤੀਆਂ ਜਾਂਦੀਆਂ ਨੇ। 'ਗੱਲ' ਦੀ ਕੀ ਜ਼ੁਅਰਤ ਹੈ ਕਿ ਬਾਹਰ ਨਿਕਲਜੇ ਪਰ ਆਹ ਮੋਬਾਈਲ ਕੰਜਰ! ਉਂਝ ਹੀ ਭਰੜ-ਭਾਂਡੇ ਨੇ- ਮਜ਼ਾਲ ਐ, ਕੋਈ ਗੱਲ ਇਨ੍ਹਾਂ ਦੇ ਪਚ ਜੇ, ਆਪਣੇ ਢਿੱਡ 'ਚ ਤਾਂ ਬਾਅਦ 'ਚ ਪਾਉਂਦੇ ਨੇ, ਢਿਡੋਰਾ ਪਹਿਲਾਂ ਪੁੱਟ ਦਿੰਦੇ ਨੇ-- ਰਹਿੰਦੀ ਹੈ ਕਿਤੇ ਸੀਕਰੇਸੀ ਜਾਂ ਪਰਾਈਵੇਸੀ? ਪਰ ਲੋਕ ਫਿਰ ਵੀ ਇਨ੍ਹਾਂ ਨੂੰ ਹਿੱਕ ਨਾਲ ਲਾਈ ਰੱਖਦੇ ਨੇ। ਜੇ ਕਿਤੇ ਇਹ ਕੰਜਰ ਸਰਵ-ਵਿਆਪਕ ਨਾ ਹੋਏ ਹੁੰਦੇ ਤਾਂ ਆਪੇ ਆਸ਼ਕ ਆਪਣੀ ਮਾਸ਼ੂਕਾ ਨੂੰ ਮਿਲਣ ਦਾ ਕੋਈ ਬਹਾਨਾ ਲਾ ਕੇ ਘਰ ਆਉਂਦਾ, ਮੇਰੇ 'ਚ ਬਹਿੰਦਾ, ਮੇਰੀਆਂ ਸਿਫ਼ਤਾਂ ਦੇ ਪੁੱਲ ਬੰਨ੍ਹਦਾ, ਪਰਦੇ ਉਹਲੇ ਖਲੋਕੇ ਮਾਸ਼ੂਕਾ ਮੌਕਾ ਤਕਾਉਂਦੀ ਤੇ ਮੌਕਾ ਮਿਲਦਿਆਂ ਹੀ ਸਾਹਮਣੇ ਆ ਖੜ੍ਹਦੀ। ਇਧਰ ਉਧਰ ਦੀਆਂ ਗੱਲਾਂ ਤੋਂ ਬਾਅਦ ਪਿਆਰ-ਮੁਹੱਬਤ ਦੀਆਂ ਗੱਲਾਂ ਦਾ ਆਦਾਨ-ਪ੍ਰਦਾਨ ਕਰਦੇ। ਉਦੋਂ ਮੈਨੂੰ ਵੀ ਆਨੰਦ ਆ ਜਾਂਦਾ, ਮੇਰੀ ਧੌਣ ਵੀ ਗਿੱਠ ਉੱਚੀ ਹੋ ਜਾਂਦੀ ਪਰ ਅਫਸੋਸ! ਇਹ ਸਭ ਕੁਝ ਮੇਰੇ ਹੱਥੋਂ ਰੇਤ ਵਾਂਗ ਕਿਰ ਗਿਆ।

ਕਸਮ ਨਾਲ ਹੁਣ ਤਾਂ ਮੈਂ ਡਰਾਇੰਗ-ਰੂਮ ਤੋਂ ਡਾਇੰਗ-ਰੂਮ ਬਣਦਾ ਜਾ ਰਿਹਾ ਹਾਂ ਅਤੇ ਆਹ ਮੇਰਾ ਕੱਟੜ ਦੁਸ਼ਮਣ ਮੋਬਾਈਲ ਲੋਕਾਂ ਦੇ ਦਿਲਾਂ ਦਾ ਆਇਲ ਬਣਦਾ ਜਾ ਰਿਹਾ ਹੈ। ਹੁਣ ਤਾਂ ਨੌਜਵਾਨ ਪੀੜੀ ਨੂੰ ਵੀ ਮੇਰੀ ਕੋਈ ਲੋੜ ਨਹੀਂ ਰਹਿ ਗਈ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਬੈੱਡ-ਰੂਮਾਂ ਨਾਲ ਚਿਪਕਾ ਲਿਆ ਹੈ। ਨਾਲੇ ਕੌਣ ਜਹਿਮਤ ਉਠਾਏ- ਬੈਡ-ਰੂਮ 'ਚੋਂ ਉਠ ਕੇ ਡਰਾਇੰਗ-ਰੂਮ 'ਚ ਜਾਣ ਦੀ--ਨਾਲੇ ਉਹ ਵੀ ਤੁਰ ਕੇ! ਵਾਕਿਆ ਹੀ ਲੋਕ ਸੋਚਣ ਲੱਗੇ ਨੇ,' ਬਈ ਕੀ ਕਰਨੇ ਨੇ ਡਰਾਇੰਗ-ਰੂਮ ਬਣਾਕੇ, ਸੱਤ ਬਿਗਾਨਿਆਂ ਨਾਲ ਤਾਂ ਸਾਰਾ ਕੁਝ ਮੋਬਾਈਲ 'ਤੇ ਹੀ ਹੋ ਜਾਂਦੈ ਤੇ ਜਿਹੜਾ ਕੋਈ ਭੁਲਿਆ-ਭਟਕਿਆ ਘਰ ਮਿਲਣ ਆਵੇਗਾ ਉਹ ਖ਼ਾਸ ਹੀ ਹੋਵੇਗਾ- ਬੈਡ-ਰੂਮ 'ਚ ਬੈਠ ਕੇ ਗੱਲਾਂ ਸਾਂਝੀਆਂ ਕਰਨ ਵਾਲਾ, ਫਿਰ ਮੈਨੂੰ ਬਣਾਕੇ, ਸਜਾਕੇ ਰੱਖਣ ਲਈ ਪੈਸੇ ਕਾਠ ਕਾਹਤੋਂ ਮਾਰਨੇ ਹੋਏ?'

ਉਂਝ ਚੰਗਾ ਵੀ ਹੈ ਕਿ ਬੁੜਿਆਂ ਵਾਂਗ ਇਕੱਲਤਾ ਦਾ ਭਾਰ ਢੋਅ- ਢੋਅ ਕੇ ਮਰਨ ਨਾਲੋਂ ਤਾਂ ਨਾ ਹੀ ਪੈਦਾ ਹੋਈਏ। ਜੇ ਅੱਗੇ ਬੋਹੜ-ਸੱਥਾਂ ਖ਼ਤਮ ਹੋ ਗਏ, ਸਾਡਾ ਵਜੂਦ ਵੀ ਖੁਰਦਾ ਜਾ ਰਿਹੈ ਤਾਂ ਇਕ ਦਿਨ ਰਹਿਣਾ ਮੋਬਾਈਲਾਂ ਨੇ ਵੀ ਨਹੀਂ....ਬਦਲਦੇ ਰਹਿਣਾ ਤਾਂ ਕੁਦਰਤ ਦਾ ਨਿਯਮ ਹੈ.. ਹੈ ਨਾ ਸੱਚ?

Posted By: Harjinder Sodhi