ਡਾ. ਅਮਰ ਕੋਮਲ ਦਾ ਨਾਂ ਉਨ੍ਹਾਂ ਚੰਦ ਸ਼ਖ਼ਸੀਅਤਾਂ ਵਿਚ ਸ਼ਾਮਲ ਹੈ ਜੋ ਲਿਖਣ-ਪ੍ਰਕਿਰਿਆ ਨੂੰ ਇਕ ਇਸ਼ਟ ਵਾਂਗ ਅਪਣਾ ਲੈਂਦੇ ਹਨ। ਉਹ ਰੋਜ਼ ਮਰਾ ਦੀ ਜ਼ਿੰਦਗੀ ਦੇ ਕੰਮਾਂ ਨੂੰ ਤਾਂ ਅੱਗੇ ਪਿੱਛੇ ਕਰ ਦਿੰਦੇ ਹਨ ਪਰ ਸਿਰਜਣ ਪ੍ਰਕਿਰਿਆ ਨੂੰ ਕੱਲ੍ਹ ’ਤੇ ਨਹੀਂ ਛੱਡਦੇ। ਲਿਖਣਾ ਉਨ੍ਹਾਂ ਲਈ ਸਾਹ ਲੈਣ ਵਾਂਗ ਹੋ ਨਿਬੜਦਾ ਹੈ। ਇਹੀ ਕਾਰਨ ਹੈ ਕਿ ਡਾ. ਅਮਰ ਕੋਮਲ ਦੀਆਂ ਪੁਸਤਕਾਂ ਦੀ ਗਿਣਤੀ ਸੈਂਕੜੇ ਨੂੰ ਪਾਰ ਕਰ ਗਈ ਹੈ। 89 ਸਾਲ ਦੇ ਹੋਣ ਦੇ ਬਾਵਜੂਦ, ਉਹ ਅੱਜ ਵੀ ਕੁਝ ਨਾ ਕੁਝ ਲਿਖਦੇ ਰਹਿੰਦੇ ਹਨ। ਉਹ ਅਨੁਸ਼ਾਸਨਬੱਧ ਜੀਵਨ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਹਨ। ਇਹੀ ਕਾਰਨ ਹੈ ਕਿ ਉਹ ਕਿਸੇ ਨਾ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ, ਨਿਯਮਬੱਧ ਤਰੀਕੇ ਨਾਲ, ਸਾਹਿਤ ਦੀ ਸਿਰਜਣਾ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਲਿਖੀ ਸਵੈ-ਜੀਵਨੀ ‘ਠਰੀ ਚਾਨਣੀ ਦਾ ਗੀਤ’ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ।
ਇਸ ਪੁਸਤਕ ਵਿਚ ਡਾ. ਅਮਰ ਕੋਮਲ ਨੇ ਆਪਣੇ ਸੰਘਰਸ਼ਮਈ ਜੀਵਨ ਨੂੰ ਵਿਸਥਾਰ ਪੂਰਬਕ ਵਿਅਕਤ ਕੀਤਾ ਹੈ। ਇਹ ਪੁਸਤਕ ਮਨੁੱਖ ਨੂੰ ਔਖੇ ਤੋਂ ਔਖੇ ਹਾਲਾਤ ਵਿਚ ਵੀ ਸਮਤੋਲ ਬਣਾਈ ਰੱਖਣ ਲਈ ਉਤਸ਼ਾਹਿਤ ਕਰਦੀ ਹੈ। ਡਾ. ਅਮਰ ਕੋਮਲ ਦਾ ਜਨਮ 29 ਨਵੰਬਰ, 1933 ਵਿਚ ਮਾਤਾ ਗਿਆਨ ਦੇਵੀ ਅਤੇ ਪਿਤਾ ਸਾਵਣ ਰਾਮ ਦੇ ਘਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਵਿਖੇ ਹੋਇਆ। ਉਨ੍ਹਾਂ ਦਿਨਾਂ ਵਿਚ ਅੱਜ ਵਾਂਗ ਪਿੰਡ ਪਿੰਡ ਵਿਚ ਮਿਡਲ ਜਾਂ ਹਾਈ ਸਕੂਲ ਨਹੀਂ ਸਨ ਹੁੰਦੇ। ਅੱਠਵੀਂ ਤੱਕ ਦੀ ਵਿਦਿਆ ਪਿੰਡ ਦੇ ਸਕੂਲ ਵਿਚੋਂ ਪਾਸ ਕਰਨ ਉਪਰੰਤ, ਉਨ੍ਹਾਂ ਨੇ ਦਸਵੀਂ ਜਮਾਤ ਰਾਏਕੋਟ ਦੇ ਸਕੂਲ ਵਿਚੋਂ ਪਾਸ ਕੀਤੀ। ਦਸਵੀਂ ਵਿਚ ਪੜ੍ਹਦਿਆਂ ਹੀ ਉਨਾਂ ਦਾ ਲਗਾਉ ਪੰਜਾਬੀ ਸਾਹਿਤ ਵੱਲ ਹੋ ਗਿਆ ਸੀ। ਘਰਦਿਆਂ ਵਲੋਂ ਮਿਲਦੇ ਖਰਚੇ ਵਿਚੋਂ ਉਹ ਕੁਝ ਪੈਸੇ ਬਚਾ ਕੇ ਰੱਖ ਲੈਂਦੇ ਤੇ ਫਿਰ ਰਾਏਕੋਟ ਜਾ ਕੇ ਇਨ੍ਹਾਂ ਪੈਸਿਆਂ ਦੇ ‘ਕਿੱਸੇ’ ਖਰੀਦ ਲਿਆਉਂਦੇ ਸਨ। ਸਾਹਿਤ ਪੜ੍ਹਨ ਦੀ ਰੁਚੀ ਨੇ ਉਹਨਾ ਦੇ ਮਨ ਵਿਚ ਅੱਗੇ ਪੜ੍ਹਨ ਦੀ ਰੀਝ ਜਗਾ ਦਿੱਤੀ। ਸਿਰਫ ਰਿਝ ਹੀ ਨਹੀਂ ਜਗਾਈ ਸਗੋਂ ਮਿਹਨਤ ਕਰਨ ਦੇ ਰਾਹ ਵੀ ਪਾ ਦਿੱਤਾ। ਦਸਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਗਿਆਨੀ ਦੀ ਪ੍ਰੀਖਿਆ ਪਾਸ ਕਰਨ ਦਾ ਮਨ ਬਣਾਇਆ। ਪਰ ਉਨ੍ਹਾਂ ਕੋਲ ਤਾਂ ਪ੍ਰੀਖਿਆ ਦੀ ਫੀਸ ਭਰਨ ਜੋਗੇ ਵੀ ਪੈਸੇ ਨਹੀਂ ਸਨ। ਇਹ ਪੈਸੇ ਪ੍ਰਾਪਤ ਕਰਨ ਲਈ ਕਿਸੇ ਅੱਗੇ ਹੱਥ ਅੱਡਣ ਦੀ ਬਜਾਏ ਉਹਨਾਂ ਨੇ ਇਕ ਡਾਕੀਏ ਦੀ ਥਾਂ ’ਤੇ ਡਾਕ ਵੰਡਣ ਨੂੰ ਤਰਜੀਹ ਦਿੱਤੀ। ਗਿਆਨੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਾਹਿਤ ਦੇ ਲਗਾਉ ਨੇ ਉਹਨਾਂ ਹੱਥ ਕਲਮ ਫੜਾ ਦਿੱਤੀ ਤੇ ਉਹ ਕਵਿਤਾਵਾਂ ਵੀ ਲਿਖਣ ਲੱਗ ਗਏ ਸਨ ਪਰ ਕਵਿਤਾ ਸਿਰਫ਼ ਲਿਖਣ ਨਾਲ ਹੀ ਸੰਪੂਰਨ ਨਹੀਂ ਹੁੰਦੀ, ਉਸ ਨੂੰ ਪੜ੍ਹਨ ਜਾਂ ਸੁਣਨ ਵਾਲੇ ਵੀ ਹੋਣੇ ਚਾਹੀਦੇ ਹਨ। ਪੜ੍ਹਨ ਦੀ ਇੱਛਾ ਤਾਂ ਇਹਨਾਂ ਕਵਿਤਾਵਾਂ ਨੇ ਪੰਜਾਬੀ ਦੇ ਪਰਚਿਆਂ ’ਚ ਪ੍ਰਕਾਸ਼ਿਤ ਹੋ ਕੇ ਪੂਰੀ ਕਰ ਦਿੱਤੀ ਪਰ ਸੁਣਾਉਣ ਲਈ ਉਹਨਾਂ ਨੂੰ ਬਰਨਾਲਾ ਵਿਖੇ ਪੰਜਾਬੀ ਸਾਹਿਤ ਸਭਾ ਦੇ ਲੇਖਕਾਂ ਦੀਆਂ ਹੁੰਦੀਆਂ ਮਾਸਿਕ ਇਕੱਤਰਤਾਵਾਂ ਵਿਚ ਹਾਜ਼ਰੀ ਭਰਨੀ ਪਈ ਸੀ। ਇਸ ਸ਼ਹਿਰ ਨਾਲ ਇਹ ਰਿਸ਼ਤਾ ਓਦੋਂ ਹੋਰ ਵੀ ਗੂੜ੍ਹਾ ਹੋ ਗਿਆ, ਜਦੋਂ ਉਹਨਾਂ ਦੀ ਸ਼ਾਦੀ ਬਰਨਾਲਾ ਨਿਵਾਸੀ ਪੰਡਤ ਮੋਤੀ ਰਾਮ ਦੀ ਸਪੁੱਤਰੀ ਚਾਂਦ ਰਾਣੀ ਨਾਲ ਹੋ ਗਈ। ਬਰਨਾਲਾ ਵਿਖੇ ਰਿਹਾਇਸ਼ ਕਰਨ ਤੋਂ ਬਾਅਦ ਉਹ ਪੰਜਾਬੀ ਸਾਹਿਤ ਸਭਾ ਦੀਆਂ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗੇ। ਸਭਾ ਦੇ ਮੈਂਬਰਾਂ ਵੱਲੋਂ ਜਦੋਂ ਵੀ ਉਹਨਾਂ ਨੂੰ ਪ੍ਰਧਾਨ, ਜਨਰਲ ਸਕੱਤਰ, ਮੀਤ ਪ੍ਰਧਾਨ ਜਾਂ ਖਜ਼ਾਨਚੀ ਦੀ ਜ਼ਿੰਮੇਵਾਰੀ ਸੰਭਾਲੀ ਗਈ, ਉਹ ਪੂਰੀ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਂਦੇ ਰਹੇ। ਉਨ੍ਹਾਂ ਦੀ ਦੇਖ ਰੇਖ ਹੇਠ ਸਭਾ ਨੇ ਦਿਨ-ਬ-ਦਿਨ ਵਿਕਾਸ ਕੀਤਾ।

ਦਰਅਸਲ ਇਹ ਸਾਹਿਤ ਹੀ ਸੀ ਜਿਸ ਤੋਂ ਉਹਨਾ ਨੂੰ ਊਰਜਾ ਮਿਲਦੀ ਰਹੀ ਤੇ ਉਹ ਆਪਣੀ ਜ਼ਿੰਦਗੀ ਵਿਚ ਨਿਤ ਨਵੀਆਂ ਪੁਲਾਂਘਾਂ ਪੁਟਦੇ ਰਹੇ। ਡਾ. ਅਮਰ ਕੋਮਲ ਆਪਣੀ ਸਵੈ-ਜੀਵਨੀ ਵਿਚ ਲਿਖਦੇ ਹਨ--ਪੰਜਾਬੀ ਸਾਹਿਤ ਵੱਲ ਸਵੈ-ਪ੍ਰੇਰਨਾ ਸਦਕੇ ਰੁਚਿਤ ਹੋਣ ਦਾ ਇਕ ਲਾਭ ਇਹ ਹੋਇਆ ਕਿ ਮੈਂ ਸੰਵੇਦਨਸ਼ੀਲ ਕਲਪਨਿਕ ਸੁਪਨਿਆਂ ਦਾ ਸਿਰਜਕ ਬਣ ਕੇ ਵੀ ਆਪਣੇ ਅੰਦਰ ਕੁਝ ਕਰਨ ਕੁਝ ਬਣਨ ਤੇ ਅੱਗੇ ਵੱਧਣ ਦੀ ਲਾਲਸਾ ਪੈਦਾ ਕਰਨ ਲੱਗਾ। ਦਰਅਸਲ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਜੀਵਨ ਨੂੰ ਭੱਖਦਾ ਰੱਖਣ ਵਾਲੀਆਂ ਰਚਨਾਵਾਂ ਮੇਰੇ ਲਈ ਉਤਸ਼ਾਹ ਬਣਨ ਲੱਗੀਆਂ।
ਉਹਨੇ ਨੇ ਆਪਣੀਆਂ ਜ਼ਿੰਦਗੀ ਵਿਚ ਜੋ ਵੀ ਪ੍ਰਾਪਤੀਆਂ ਕੀਤੀਆਂ, ਉਹ ਮਿਹਨਤ ਦੇ ਸਹਾਰੇ ਹੀ ਪ੍ਰਾਪਤ ਕੀਤੀਆਂ। ਉਨ੍ਹਾਂ ਆਪਣੇ ਰੋਜ਼ਗਾਰ ਦੀ ਸ਼ੁਰੂਆਤ ਇਕ ਪ੍ਰਾਇਮਰੀ ਸਕੂਲ ਅਧਿਆਪਕ ਤੋਂ ਕੀਤੀ। ਅਧਿਆਪਕ ਦੀ ਨੌਕਰੀ ਕਰਦਿਆਂ ਹੋਇਆਂ ਵੀ ਉਹਨਾ ਨੇ ਅੱਗੇ ਪੜ੍ਹਨਾ ਜਾਰੀ ਰੱਖਿਆ ਤੇ ਪੀ. ਐਚ. ਡੀ. ਤੱਕ ਦੀ ਡਿਗਰੀ ਪ੍ਰਾਪਤ ਕਰਕੇ ਕਾਲਜ ਵਿਚੋਂ ਲੈਕਚਰਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਜੇ ਡਾ. ਅਮਰ ਕੋਮਲ ਦੇ ਖਾਤੇ ਵਿਚ ਬੋਲਦੀਆਂ ਪੁਸਤਕਾਂ ਦੀ ਗੱਲ ਕਰਨੀ ਹੋਵੇ ਤਾਂ ਇਹ ਸ਼ੁਰੂਆਤ ਅਨੁਵਾਦ ਤੋਂ ਹੁੰਦੀ ਹੈ। ਉਹਨਾ ਨੇ ਹੋਰ ਭਾਸ਼ਾਵਾਂ ਦੀਆਂ ਕਿੰਨੀਆਂ ਹੀ ਪ੍ਰਸਿੱਧ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ। 1955 ਵਿਚ ਉਹਨਾਂ ਨੇ ਪ੍ਰੋ. ਪ੍ਰੀਤਮ ਸਿੰਘ ਰਾਹੀ ਨਾਲ ਮਿਲ ਕੇ ਡਾ. ਰਵਿੰਦਰ ਨਾਥ ਟੈਗੋਰ ਦੀ, ਨੋਬਲ ਪੁਰਸਕਰ ਨਾਲ ਸਨਮਾਨਿਤ ਪੁਸਤਕ ‘ਗੀਤਾਂਜਲੀ’ ਦਾ ਆਪਣੀ ਮਾਤ ਭਾਸ਼ਾ ਵਿਚ ਅਨੁਵਾਦ ਕੀਤਾ।
2001 ਵਿਚ ਸ੍ਰੀਮਦ ਭਗਵਤ ਗੀਤਾ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਉਹਨਾਂ ਨੇ ਇਕ ਵੱਡੇ ਕਾਰਜ ਨੂੰ ਨੇਪਰੇ ਚਾੜਿਆ। ਇਸ ਕਾਰਜ ਲਈ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਈ। ਇਸ ਨੂੰ ਸੰਪੂਰਨ ਹੋਣ ਲਈ ਇਕ ਸਾਲ ਤੋਂ ਵੱਧ ਦਾ ਸਮਾਂ ਲੱਗਿਆ। ਉਹਨਾਂ ਨੇ ਆਪਣੀ ਮੌਲਿਕ ਸਿਰਜਣਾ ਦੀ ਸ਼ੁਰੂਆਤ ਬਾਲ- ਸਾਹਿਤ ਤੋਂ ਕੀਤੀ। 1960 ਵਿਚ ਉਹਨਾਂ ਦਾ ਬਾਲ ਕਾਵਿ-ਸੰਗ੍ਰਹਿ ‘ਬਾਲ ਬਹਾਰ’ ਤੇ 1962 ਵਿਚ ‘ਚਾਨਣ ਕਣੀਆਂ’ ਪ੍ਰਕਾਸ਼ਿਤ ਹੋਇਆ। ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ‘ਨੂਰ ਦੇ ਫੁੱਲ’ 1964 ਵਿਚ ਪ੍ਰਕਾਸ਼ਿਤ ਹੋਇਆ। ਇਸ ਤਰ੍ਹਾਂ ਉਹਨਾਂ ਦੇ ਹੁਣ ਤੱਕ 15 ਕਾਵਿ- ਸੰਗ੍ਰਹਿ, 9 ਕਹਾਣੀ-ਸੰਗ੍ਰਹਿ, 14 ਬਾਲ-ਸੰਗ੍ਰਹਿ, 4 ਸ਼ਬਦ ਚਿੱਤਰ- ਸੰਗ੍ਰਹਿ, 21 ਵਾਰਤਿਕ ਸੰਗ੍ਰਹਿ ਛਪ ਚੁੱਕੇ ਹਨ। ਮੌਲਿਕ ਸਿਰਜਣਾ ਦੇ ਨਾਲ ਨਾਲ ਉਹਨਾਂ ਦੀਆਂ ਅਨੁਵਾਦ ਦੀਆਂ 15, ਸੰਪਾਦਨ ਦੀਆਂ 20, ਆਲੋਚਨਾ ਦੀਆਂ 14 ਅਤੇ ਜੀਵਨੀ ਦੀਆਂ 9 ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਬਿਨਾਂ ਉਹ ਸੈਂਕੜੇ ਪੁਸਤਕਾਂ ’ਤੇ ਖੋਜ ਪੇਪਰ ਅਤੇ ਰੀਵਿਊ ਲਿਖ ਚੁੱਕੇ ਹਨ। ਉਹਨਾਂ ਦੀਆਂ ਰਚਨਾਵਾਂ ’ਤੇ ਵੀ ਕਿੰਨੇ ਹੀ ਵਿਦਿਆਰਥੀਆਂ ਨੇ ਐਮ. ਫਿਲ. ਅਤੇ ਪੀ. ਐਚ. ਡੀ. ਲਈ ਸ਼ੋਧ ਕਾਰਜ ਕੀਤੇ ਹਨ। ਉਹ ਨਵੇਂ ਲੇਖਕਾਂ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹੇ ਹਨ।
ਉਹਨਾ ਦੀ ਵਾਰਤਕ ਦਾ ਇਕ ਨਮੂਨਾ : ਕਿਸੇ ਵੀ ਵਿਅਕਤੀ ਦੀ ਮਹਾਨਤਾ ਇਹ ਨਹੀਂ ਕਿ ਉਹ ਕੀ ਹੈ ? ਬਲਕਿ ਇਸ ਤੱਤ ਵਿਚ ਹੈ ਕਿ ਉਹ ਕੀ ਕਰਦਾ ਹੈ, ਉਸਦੀ ਕਿਰਤ ਕਮਾਈ ਕਿਹੋ ਜਿਹੀ ਹੈ। ਕੀ ਉਹ ਦੂਜਿਆਂ ਲਈ ਕਦੇ ਲਾਭਕਾਰੀ ਸਾਬਤ ਹੋਇਆ ਹੈ? ਉਸ ਦੀ ਮਹਾਨਤਾ ਇਸ ਵਿਚ ਵੀ ਹੈ ਕਿ ਉਹ ਅਸੰਭਵ ਨੂੰ ਸੰਭਵ ਕਿਵੇਂ ਬਣਾਉਂਦਾ ਹੈ?
ਸਾਹਿਤ ਦੇ ਖੇਤਰ ਵਿਚ ਉਹਨਾ ਦੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਥੇ ਭਾਸ਼ਾ ਵਿਭਾਗ ਪੰਜਾਬ ਨੇ 1996 ਵਿਚ ਉਹਨਾਂ ਨੂੰ ‘ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ’ ਪ੍ਰਦਾਨ ਕੀਤਾ, ਓਥੇ ਕਈ ਹੋਰ ਸੰਸਥਾਵਾਂ ਨੇ ਵੀ ਸਮੇਂ ਸਮੇਂ ਸਨਮਾਨਿਤ ਕੀਤਾ। ਉਹ ਅੱਜ ਕੱਲ੍ਹ ਪਟਿਆਲਾ ਵਿਖੇ ਰਹਿ ਰਹੇ ਹਨ।
- ਭੋਲਾ ਸਿੰਘ ਸੰਘੇੜਾ
Posted By: Harjinder Sodhi