ਅੰਗਰੇਜ਼ਾਂ ਦੇ 1947 ਵਿਚ ਭਾਰਤ 'ਚੋਂ ਜਾਣ ਦੇ ਨਾਲ ਹੀ ਦੇਸ਼ ਦੀ ਵੰਡ ਹੋਣ ਕਾਰਨ ਵੱਡੀ ਗਿਣਤੀ 'ਚ ਲੋਕਾਂ ਨੂੰ ਘਰੋਂ-ਬੇਘਰ ਹੋ ਕੇ ਏਧਰ-ਓਧਰ ਜਾਣਾ ਪਿਆ ਸੀ। ਦੇਸ਼ ਵੰਡ ਨਾਲ ਹੋਂਦ 'ਚ ਆਏ ਪਾਕਿਸਤਾਨ 'ਚ ਏਧਰੋਂ ਜਾ ਕੇ ਵਸੇ ਲੋਕਾਂ ਨੂੰ ਜਿਉਂਦੇ ਜੀਅ ਆਪਣੀ ਜਨਮ ਭੂਮੀ ਦੇ ਵਿਛੋੜੇ ਦਾ ਝੋਰਾ ਲੱਗਾ ਰਿਹਾ ਪਰ ਅਗਲੀਆਂ ਪੀੜ੍ਹੀਆਂ ਦੇ ਜ਼ਿਹਨ 'ਚੋਂ ਇਹ ਯਾਦਾਂ ਫਿੱਕੀਆਂ ਪੈ ਗਈਆਂ। ਫਿਰ ਵੀ ਕੁਝ ਅਜਿਹੇ ਲੋਕ ਸਨ, ਜਿਨ੍ਹਾਂ ਨੇ ਆਪਣੇ ਵੱਡੇ-ਵਡੇਰਿਆਂ ਦੀ ਜਨਮ ਭੂਮੀ ਨੂੰ ਨਹੀਂ ਭੁਲਾਇਆ ਅਤੇ ਸਰਹੱਦਾਂ ਦੀਆਂ ਲੀਕਾਂ ਪਕੇਰੀਆਂ ਹੋਣ ਦੇ ਬਾਵਜੂਦ ਉਨ੍ਹਾਂ ਦੇ ਦਿਲਾਂ ਦੀਆਂ ਤੰਦਾਂ ਆਪਣੇ ਪੁਰਖਿਆਂ ਦੀ ਜਨਮ ਭੂਮੀ ਨਾਲ ਜੁੜੀਆਂ ਰਹੀਆਂ। ਉਨ੍ਹਾਂ ਵਿੱਚੋਂ ਕਈ ਤਾਂ ਗਾਹੇ-ਬਗਾਹੇ ਆਪਣੇ ਦਾਦਿਆਂ-ਪੜਦਾਦਿਆਂਦੇ ਰੈਣ-ਬਸੇਰਿਆਂ ਨੂੰ ਦੇਖਣ ਲਈ ਵੀ ਆਉਂਦੇ ਰਹੇ ਹਨ। ਪਾਕਿਸਤਾਨ ਦੇ ਅਹਿਮ ਅਹੁਦਿਆਂ 'ਤੇ ਬਿਰਾਜਮਾਨ ਹੋਣ ਵਾਲੇ ਕੁਝ ਸਿਆਸਤਦਾਨਾਂ ਤੇ ਫ਼ਨਕਾਰਾਂ ਦੇ ਪੁਰਖਿਆਂ ਦੀਆਂ ਯਾਦਗਾਰਾਂ ਪੂਰਬੀ ਪੰਜਾਬ 'ਚ ਹਾਲੇ ਵੀ ਉਨ੍ਹਾਂ ਦੀਆਂ ਯਾਦਾਂ ਸਮੋਈ ਬੈਠੀਆਂ ਹਨ।

ਅਮਾਨਤ ਮੰਜ਼ਿਲ

ਮਹਾਨਗਰ ਜਲੰਧਰ ਜੋ ਕਿ ਪੁਰਾਤਨ ਸਮਿਆਂ ਵਿਚ ਮੁਗ਼ਲਾਂ ਤੇ ਪਠਾਨਾਂ ਦਾ ਗੜ੍ਹ ਹੁੰਦਾ ਸੀ, ਵਿਚ ਕੁਝ ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਦਾ ਸਬੰਧ ਪਾਕਿਸਤਾਨ ਦੇ ਕੁਝ ਮਸ਼ਹੂਰ ਲੋਕਾਂ ਨਾਲ ਹੈ। ਇਨ੍ਹਾਂ ਵਿੱਚੋਂ ਬਸਤੀ ਦਾਨਿਸ਼ਮੰਦਾਂ ਵਿਚ ਦਾਖ਼ਲ ਹੁੰਦਿਆਂ ਹੀ ਇਕ ਪੀਲੇ ਰੰਗ ਦੀ ਵਿਸ਼ਾਲ ਤੇ ਪੁਰਾਤਨ ਕੋਠੀ ਸਥਿਤ ਹੈ। ਇਹ ਕੋਠੀ ਆਜ਼ਾਦੀ ਤੋਂ ਪਹਿਲਾਂ ਸ਼ਹਿਰ ਦੇ ਇਕ ਪ੍ਰਸਿੱਧ ਵਕੀਲ ਤੇ ਅਮੀਰ ਮੁਸਲਮਾਨ ਅਮੀਰ-ਉੱਦ-ਦੀਨ ਖ਼ਾਨ ਨੇ 1940 ਦੇ ਸ਼ੁਰੂਆਤੀ ਸਮੇਂ ਦੌਰਾਨ ਤਿਆਰ ਕਰਵਾਈ ਸੀ। ਉਨ੍ਹਾਂ ਵੱਲੋਂ ਬੜੇ ਹੀ ਚਾਵਾਂ ਤੇ ਸੱਧਰਾਂ ਨਾਲ ਉਸਾਰੀ ਗਈ ਇਸ ਤਿੰਨ ਮੰਜ਼ਿਲੀ ਕੋਠੀ ਦਾ ਨਾਂ ਉਨ੍ਹਾਂ ਨੇ 'ਅਮਾਨਤ ਮੰਜ਼ਿਲ' ਰੱਖਿਆ ਸੀ। ਆਪਣੇ ਸਮੇਂ ਦੇ ਪ੍ਰਸਿੱਧ ਵਕੀਲ ਅਮੀਰ-ਉੱਦ-ਦੀਨ ਖ਼ਾਨ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਤੇ ਕੌਮਾਂਤਰੀ ਕ੍ਰਿਕਟਰ ਰਹਿ ਚੁੱਕੇ ਇਮਰਾਨ ਖ਼ਾਨ ਦੇ ਨਾਨਾ ਜੀ ਸਨ। ਇਮਰਾਨ ਦੀ ਮਾਂ ਸ਼ੌਕਤ ਖ਼ਾਨਮ ਆਪਣੇ ਭਰਾਵਾਂ ਹਰੂਨ ਅਖ਼ਤਾਰ ਖ਼ਾਨ ਅਤੇ... ਨਾਲ ਹੀ ਇਸ ਪੀਲੀ ਕੋਠੀ ਵਿਚ ਰਹਿੰਦੀ ਸੀ। ਇਤਿਹਾਸਕ ਤੱਥ ਇਹ ਦੱਸਦੇ ਹਨ ਕਿ ਵਕੀਲ ਅਮੀਰ-ਉੱਦ-ਦੀਨ ਖ਼ਾਨ ਸਮਾਜ ਸੇਵਾ ਦੇ ਕਾਰਜਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਸਮਾਜ ਸੇਵਾ ਦੇ ਕਾਰਜਾਂ ਵਿਚ ਉਹ ਲੋਕਾਂ ਨੂੰ ਸਿੱਖਿਅਤ ਕਰਨ ਵੱਲ ਉਚੇਚਾ ਧਿਆਨ ਦਿੰਦੇ ਸਨ ਅਤੇ ਇਸੇ ਹੀ ਸਮਾਜ ਭਲਾਈ ਕਾਰਜ ਨੂੰ ਅਮਲੀ ਰੂਪ ਦੇਣ ਲਈ ਐਡਵੋਕੇਟ ਖ਼ਾਨ ਅਤੇ ਉਨ੍ਹਾਂ ਦੇ ਹੋਰ ਪੜ੍ਹੇ ਲਿਖੇ ਮੁਸਲਿਮ ਸਾਥੀਆਂ ਨੇ ਮਿਲ ਕੇ ਕਪੁਰਥਲਾ ਰੋਡ ਉੱਪਰ ਇਸਲਾਮੀਆ ਕਾਲਜ ਦੀ ਸਥਾਪਨਾ ਕੀਤੀ ਸੀ, ਜਿੱਥੇ ਮੁਸਲਿਮ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਨੂੰ ਅਨਪੜ੍ਹਤਾ ਦੇ ਜੰਜਾਲ ਵਿੱਚੋਂ ਬਾਹਰ ਕੱਢਣ ਲਈ ਵਿੱਦਿਆ ਦਾ ਦਾਨ ਦੇਣਾ ਆਰੰਭ ਕੀਤਾ ਸੀ। 1940 ਵਿਚ ਇਸ ਕਾਲਜ ਦੇ ਨਿਰਮਾਣ ਵਿਚ ਇਮਰਾਨ ਖ਼ਾਨ ਦੀ ਵਾਲਿਦਾ ਸ਼ੌਕਤ ਖ਼ਾਨਮ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ ਪਰ ਸਮੇਂ ਦੀ ਮਾਰ ਅਤੇ ਹਾਲਾਤ ਨੇ ਇਸਲਾਮੀਆ ਕਾਲਜ ਜ਼ਿਆਦਾ ਦੇਰ ਤਕ ਨਾ ਚੱਲਣ ਦਿੱਤਾ ਕਿਉਂਕਿ ਖ਼ਾਨ ਪਰਿਵਾਰ ਵੀ ਜਲੰਧਰ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ। ਇਸੇ ਪਰਿਵਾਰ ਦੇ ਮੈਂਬਰ ਬਸ਼ੀਰ-ਉੱਦ-ਦੀਨ ਖ਼ਾਨ ਪਾਕਿਸਤਾਨ ਵਿਚ ਜੱਜ ਰਹਿ ਚੁੱਕੇ ਹਨ। 2004 ਵਿਚ ਇਮਰਾਨ ਖ਼ਾਨ ਜਦੋਂ ਕ੍ਰਿਕਟ ਖੇਡਦੇ ਸਨ ਤਾਂ ਆਪਣੇ ਭਾਰਤ ਦੌਰੇ ਦੌਰਾਨ ਜਲੰਧਰ ਵਿਖੇ ਆਪਣੇ ਨਾਨਕਿਆਂ ਦੀ ਇਹ ਵਿਰਾਸਤੀ ਕੋਠੀ ਦੇਖਣ ਲਈ ਵਿਸ਼ੇਸ਼ ਤੌਰ ਉੱਤੇ ਆਏ ਸਨ ਅਤੇ ਪੁਰਖਿਆਂ ਦੀ ਰਿਹਾਇਸ਼ ਨੂੰ ਸਿਜਦਾ ਕੀਤਾ ਸੀ। 2014 ਵਿਚ ਵੀ ਇਮਰਾਨ ਖ਼ਾਨ ਦੇ ਨਾਨਕਿਆਂ ਨਾਲ ਸਬੰਧਤ ਪਰਿਵਾਰ ਵਿੱਚੋਂ 25 ਪਰਿਵਾਰਕ ਮੈਂਬਰ ਆਪਣੇ ਬਜ਼ੁਰਗਾਂ ਦੀ ਇਸ ਵਿਰਾਸਤੀ ਕੋਠੀ 'ਅਮਾਨਤ ਮੰਜ਼ਿਲ' ਅਤੇ ਜਨਮ ਭੂਮੀ ਦੇ ਦਰਸ਼ਨ ਕਰਨ ਲਈ ਆਏ ਸਨ। ਇਸੇ ਤਰ੍ਹਾਂ ਪਾਕਿਸਤਾਨ ਦੇ ਫ਼ੌਜੀ ਜਰਨੈਲ ਅਤੇ ਸਾਬਕਾ ਰਾਸ਼ਟਰਪਤੀ ਜਨਰਲ ਜ਼ੀਆ-ਉੱਲ-ਹੱਕ ਦੀ ਜਨਮ ਭੂਮੀ ਵੀ ਜਲੰਧਰ ਸੀ ਅਤੇ ਉਨ੍ਹਾਂ ਦਾ ਨਾਨਕਾ ਘਰ ਵੀ ਇਥੇ ਹੀ ਸੀ, ਜਿਹੜੇ ਕਿ ਦੇਸ਼ ਵੰਡ ਤੋਂ ਬਾਅਦ ਲਹਿੰਦੇ ਪੰਜਾਬ 'ਚ ਚਲੇ ਗਏ ਸਨ। ਉਨ੍ਹਾਂ ਦਾ ਜਨਮ 12 ਅਗਸਤ 1924 ਨੂੰ ਇੱਥੇ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਮੁਹੰਮਦ ਅਕਬਰ ਅੰਗਰੇਜ਼ ਫ਼ੌਜ 'ਚ ਅਫਸਰ ਸਨ ਅਤੇ ਉਨ੍ਹਾਂ ਦੇ ਪੁਰਖੇ 711 ਏਡੀ ਵਿਚ ਅਰਬ ਹਮਲਾਵਰ ਮੁਹੰਮਦ ਬਿਨ ਕਾਸਿਮ ਦੀ ਫ਼ੌਜ ਨਾਲ ਭਾਰਤ ਆਏ ਸਨ ਜੋ ਕਿ ਅਰਬ ਦੇਸ਼ ਦੇ ਜਨਜਾਤੀ ਕਬੀਲੇ ਨਾਲ ਸਬੰਧ ਰੱਖਦੇ ਸਨ। ਜ਼ੀਆ ਉੱਲ ਹੱਕ ਨੇ ਆਪਣੀ ਸਕੂਲ ਵਿੱਦਿਆ ਸ਼ਿਮਲਾ ਤੋਂ ਲਈ ਸੀ ਅਤੇ ਇਤਿਹਾਸ ਦੇ ਵਿਸ਼ੇ 'ਚ ਗਰੈਜੂਏਸ਼ਨ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਕੀਤੀ ਸੀ। ਗਰੈਜੂਏਸ਼ਨ ਤੋਂ ਬਾਅਦ 1943 ਵਿਚ ਉਨ੍ਹਾਂ ਨੇ ਰਾਇਲ ਮਿਲਟਰੀ ਅਕੈਡਮੀ ਦੇਹਰਾਦੂਨ ਜੁਆਇਨ ਕਰ ਲਈ ਸੀ ਤੇ 1945 ਵਿਚ ਕਮਿਸ਼ਨਡ ਪ੍ਰਾਪਤ ਕੀਤਾ ਸੀ। ਜ਼ੀਆ ਉੱਲ ਹੱਕ ਨੇ ਬਰਤਾਨਵੀ ਹਕੂਮਤ ਦੌਰਾਨ ਦੂਜੇ ਵਿਸ਼ਵ ਯੁੱਧ 'ਚ ਬਰਮਾ, ਮਲੇਸ਼ੀਆ ਤੇ ਇੰਡੋਨੇਸ਼ੀਆ 'ਚ ਸੇਵਾਵਾਂ ਨਿਭਾਈਆਂ ਸਨ। 1947 ਵਿਚ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਅਤੇ ਜ਼ੀਆ ਉੱਲ ਹੱਕ ਨੇ ਪਾਕਿਸਤਾਨ ਫ਼ੌਜ ਜੁਆਇਨ ਕਰ ਲਈ ਸੀ। 1965 ਦੀ ਭਾਰਤ-ਪਾਕਿ ਜੰਗ ਵੇਲੇ ਕਸ਼ਮੀਰ 'ਚ ਜ਼ੀਅ ਉੱਲ ਹੱਕ ਦੀਆਂ ਪਾਕਿਸਤਾਨੀ ਫ਼ੌਜਾਂ ਵੱਲੋਂ ਭਾਰਤ ਨਾਲ ਜੰਗ ਲੜੀ ਸੀ। ਜਲੰਧਰ ਸ਼ਹਿਰ ਦੇ ਜੰਮਪਲ ਤੇ ਪ੍ਰਸਿੱਧ ਸਾਹਿਤਕਾਰ ਬਲਰਾਜ ਵਰਮਾ ਨੇ ਆਪਣੀ ਇਕ ਪੁਸਤਕ ਵਿਚ 1947 ਦੀ ਵੰਡ ਦੌਰਾਨ ਧਾਰਮਿਕ ਜਨੂੰਨੀਆਂ ਵੱਲੋਂ ਕੀਤੇ ਜਾ ਰਹੇ ਕਤਲੇਆਮ ਦੌਰਾਨ ਆਪਣੀ ਮਾਂ ਹੀਰਾ ਦੇਵੀ ਵੱਲੋਂ ਇਕ ਮੁਸਲਿਮ ਪਰਿਵਾਰ ਦੀ ਦੋ ਮਹੀਨੇ ਤਕ ਆਪਣੇ ਘਰ ਅੰਦਰ ਲੁਕਾ ਹਿਫਾਜ਼ਤ ਕਰਨ ਦੀ ਕਹਾਣੀ ਬਿਆਨ ਕੀਤੀ ਹੈ। ਦੇਸ਼ ਵੰਡ ਮੌਕੇ ਬਲਰਾਜ ਵਰਮਾ ਦਿੱਲੀ ਵਿਖੇ ਭਾਰਤ ਦੇ ਸਿੱਖਿਆ ਵਿਭਾਗ 'ਚ ਕਲਰਕ ਸਨ, ਨੇ ਲਿਖਿਆ ਹੈ ਕਿ ਉਕਤ ਪਰਿਵਾਰ ਨੂੰ ਸੁਰੱਖਿਅਤ ਭੇਜਣ ਲਈ ਜਦੋਂ ਉਨ੍ਹਾਂ ਨੇ ਸ਼ਹਿਰ ਦੇ ਬਾਹਰਵਾਰ ਪਾਕਿ ਸ਼ਰਨਾਰਥੀਆਂ ਲਈ ਬਣਾਏ ਗਏ ਕੈਂਪ ਵਿਚ ਜਾ ਕੇ ਫ਼ੌਜੀ ਅਧਿਕਾਰੀਆਂ ਨੂੰ ਦੱਸਿਆ ਤਾਂ ਉਨ੍ਹਾਂ ਵਿਚ ਜ਼ੀਆ ਉੱਲ ਹੱਕ ਵੀ ਸ਼ਾਮਲ ਸਨ। ਜ਼ੀਆ ਉੱਲ ਉਕਤ ਮੁਸਲਿਮ ਪਰਿਵਾਰ ਨੂੰ ਲੈਣ ਉਨ੍ਹਾਂ ਦੇ ਘਰ ਪੁੱਜੇ ਅਤੇ ਜਾਣ ਵੇਲੇ ਉਨ੍ਹਾਂ ਦੀ ਮਾਤਾ ਹੀਰਾ ਦੇਵੀ ਦੇ ਪੈਰੀਂ ਹੱਥ ਲਾਏ ਸਨ।

ਪਾਕਿਸਤਾਨ ਦੀ ਸਿਆਸਤ ਦਾ ਅਹਿਮ ਧੁਰਾ ਰਹੇ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪੁਰਖੇ ਵੀ ਚੜ੍ਹਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਾਤੀ ਉਮਰਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਵਾਲਿਦ ਮੁਹੰਮਦ ਸ਼ਰੀਫ਼ ਨੇ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਹੋਂਦ 'ਚ ਆਉਣ ਕਾਰਨ ਆਪਣੀ ਜਨਮ ਭੂਮੀ ਤਾਂ ਛੱਡ ਦਿੱਤੀ ਪਰ ਉਹ ਇਸ ਦੀ ਸਦੀਵੀ ਯਾਦ ਕਾਇਮ ਕਰ ਗਏ ਅਤੇ ਲਾਹੌਰ ਨੇੜੇ ਜਾਤੀ ਉਮਰਾ ਨਾਂ ਦਾ ਪਿੰਡ ਵਸਾ ਲਿਆ ਤਾਂ ਜੋ ਉਹ ਆਪਣੀ ਜਨਮ ਭੂਮੀ ਨਾਲ ਹਮੇਸ਼ਾ ਜੁੜੇ ਰਹਿਣ। ਨਵਾਜ਼ ਸ਼ਰੀਫ 1985 ਵਿਚ ਪੰਜਾਬ ਦੇ ਮੁੱਖ ਮੰਤਰੀ ਨਾਮਜ਼ਦ ਹੋਏ ਸਨ ਅਤੇ 1988 ਵਿਚ ਨਵਾਜ਼ ਸ਼ਰੀਫ਼ ਪਾਕਿਸਤਾਨ ਦੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ ਵਿਚ ਉਸ ਵੇਲੇ ਜਾਤੀ ਉਮਰਾ ਪਿੰਡ ਦੇ ਲੋਕਾਂ ਨੇ ਖ਼ੁਸ਼ੀ 'ਚ ਭੰਗੜੇ ਪਾਏ ਸਨ।

ਪਿੰਡ ਦੇ ਪੁਰਾਣੇ ਬਜ਼ੁਰਗਾਂ ਨੇ ਰਹਿੰਦੀ ਉਮਰ ਤਕ ਸ਼ਰੀਫ਼ ਖ਼ਾਨਦਾਨ ਨਾਲ ਰਾਬਤਾ ਕਾਇਮ ਰੱਖਿਆ ਸੀ। ਨਵਾਜ਼ ਸ਼ਰੀਫ਼ ਦੇ ਪੁਰਖੇ ਵੀ ਜਾਤੀ ਉਮਰਾ 'ਚ ਵੱਸਣ ਤੋਂ ਪਹਿਲਾਂ ਕਸ਼ਮੀਰ ਦੇ ਬਸ਼ਿੰਦੇ ਸਨ ਅਤੇ ਉਹ ਕਸ਼ਮੀਰੀ ਪੰਡਤ ਸਨ। ਉਨ੍ਹਾਂ ਦੇ ਪੁਰਖਿਆਂ ਨੂੰ ਮੀਆਂ ਦਾ ਖ਼ਿਤਾਬ ਵੀ ਹਾਸਲ ਸੀ। ਇਸੇ ਲਈ ਉਨ੍ਹਾਂ ਦੇ ਪਿਤਾ ਨੂੰ ਮੀਆਂ ਮੁਹੰਮਦ ਸ਼ਰੀਫ ਤੇ ਨਵਾਜ਼ ਸ਼ਰੀਫ ਦੇ ਨਾਂ ਅੱਗੇ ਮੀਆਂ ਲਾਇਆ ਜਾਂਦਾ ਹੈ।

ਮੀਆਂ ਨਵਾਜ਼ ਸ਼ਰੀਫ਼ ਕਾਰੋਬਾਰੀ ਵੀ ਹਨ, ਜਿਨ੍ਹਾਂ ਨੇ 1969 ਵਿਚ ਇਤਫਾਕ ਗਰੁੱਪ ਦੀ ਸਥਾਪਨਾ ਕੀਤੀ ਸੀ ਤੇ ਬਾਅਦ 'ਚ ਸ਼ਰੀਫ਼ ਗਰੁੱਪ ਵੀ ਕਾਇਮ ਕੀਤਾ ਸੀ। ਉਨ੍ਹਾਂ ਦੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ਼ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਸ਼ਹਿਬਾਜ਼ ਸ਼ਰੀਫ਼ ਦਸੰਬਰ 2013 ਵਿਚ ਆਪਣੇ ਪੁਰਖਿਆਂ ਦੀ ਇਸ ਜਨਮ ਭੂਮੀ ਵਿਖੇ ਆਏ ਸਨ ਤਾਂ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਸੀ, ਜਿਸ ਨੂੰ ਦੇਖ ਕੇ ਸ਼ਹਿਬਾਜ਼ ਸ਼ਰੀਫ ਗਦਗਦ ਹੋ ਗਏ ਸਨ। ਦੱਸਦੇ ਹਨ ਕਿ ਜਾਤੀ ਉਮਰਾ ਪਿੰਡ 'ਚ ਜ਼ਿਆਦਾ ਵਸੋਂ ਸਿੱਖਾਂ ਦੀ ਸੀ ਅਤੇ ਉਸ ਵੇਲੇ ਪਿੰਡ 'ਚ ਮੀਆਂ ਮੁਹੰਮਦ ਸ਼ਰੀਫ਼ ਦਾ ਇਕੋ-ਇਕ ਮੁਸਲਿਮ ਪਰਿਵਾਰ ਰਹਿੰਦਾ ਸੀ।

ਜਲੰਧਰ ਦੀਆਂ ਨੌਂ ਬਸਤੀਆਂ

ਸ਼ਹਿਰ ਦੀਆਂ ਨੌਂ ਬਸਤੀਆਂ ਹਨ, ਜਿਨ੍ਹਾਂ ਦੀ ਸਥਾਪਨਾ ਮੁਗ਼ਲਕਾਲ ਵੇਲੇ ਇੱਥੋਂ ਦੇ ਅਮੀਰ ਪਠਾਨਾਂ ਵੱਲੋਂ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਹੀ ਬਸਤੀ ਸ਼ੇਖ਼ ਵੀ ਪਾਕਿਸਤਾਨ ਦੇ ਮਸ਼ੂਹਰ ਉਸਤਾਦ ਸੂਫ਼ੀ ਗਾਇਕ ਨੁਸਰਤ ਫ਼ਤਹਿ ਅਲੀ ਖ਼ਾਂ ਦੀ ਜਨਮ ਭੂਮੀ ਹੈ। ਉਨ੍ਹਾਂ ਦੇ ਪੁਰਖੇ ਗਾਇਕੀ ਦੇ ਪਟਿਆਲਾ ਘਰਾਣੇ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਂ ਤੇ ਮਾਂ ਪ੍ਰਵੇਜ਼ ਬਸਤੀ ਸ਼ੇਖ਼ ਵਿਖੇ ਰਹਿੰਦੇ ਸਨ, ਜਿਨ੍ਹਾਂ ਦੇ ਪੁਰਖੇ ਅਫਗਾਨਿਸਤਾਨ ਤੋਂ ਆਏ ਸ਼ੇਖ਼ ਦਰਵੇਸ਼ ਦੇ ਨਾਲ ਹੀ ਭਾਰਤ ਆਏ ਸਨ। ਸ਼ੇਖ਼ ਦਰਵੇਸ਼ ਦੇ ਨਾਂ 'ਤੇ ਹੀ ਇਹ ਬਸਤੀ ਵਸਾਈ ਗਈ ਸੀ ਤੇ ਇਸੇ ਲਈ ਇਸ ਦਾ ਨਾਂ ਬਸਤੀ ਸ਼ੇਖ਼ ਰੱਖਿਆ ਗਿਆ ਸੀ। 1947 ਦੀ ਵੰਡ ਵੇਲੇ ਫ਼ਤਹਿ ਅਲੀ ਖ਼ਾਂ ਆਪਣੇ ਕੁਨਬੇ ਸਮੇਤ ਪਾਕਿਸਤਾਨ ਦੇ ਫ਼ੈਸਲਾਬਾਦ ਚਲੇ ਗਏ ਅਤੇ ਉਥੇ ਵੱਸ ਗਏ ਸਨ। ਉੱਥੇ ਹੀ 13 ਅਕਤੂਬਰ, 1948 ਨੂੰ ਨੁਸਰਤ ਫ਼ਤਹਿ ਅਲੀ ਖ਼ਾਂ ਦਾ ਜਨਮ ਹੋਇਆ ਸੀ। ਇਕ ਵਾਰ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਜਦੋਂ ਉਸਤਾਦ ਗਾਇਕ ਨੂੰ ਉਨ੍ਹਾਂ ਦੇ ਪੁਰਖਿਆਂ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਜਲੰਧਰ ਦੀ ਬਸਤੀ ਸ਼ੇਖ਼ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਪੁਰਖੇ ਪਾਕਿਸਤਾਨ ਬਣਨ ਤੋਂ ਪਹਿਲਾਂ ਉੱਥੇ ਹੀ ਰਹਿੰਦੇ ਸਨ ਅਤੇ ਇਹ ਥਾਂ ਗਾਇਕੀ ਦਾ ਗੜ੍ਹ ਬਣੀ ਹੋਈ ਸੀ। ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤਕ ਆਪਣੇ ਪੁਰਖਿਆਂ ਦੀ ਇਸ ਜਨਮ ਭੂਮੀ ਨਾਲ ਜੁੜੇ ਰਹੇ।

- ਜਤਿੰਦਰ ਪੰਮੀ,

97818-00213

Posted By: Harjinder Sodhi