ਕਿਰਪਾਲ ਕਜ਼ਾਕ ਉਨ੍ਹਾਂ ਕਹਾਣੀਕਾਰਾਂ 'ਚੋਂ ਹੈ ਜਿਹੜੇ ਕਹਾਣੀ ਨੂੰ ਜਿਉੁਂਦੇ ਨੇ। ਕਜ਼ਾਕ ਨੇ ਕਹਾਣੀ ਨੂੰ

ਜੀਅ ਕੇ ਦੇਖਿਆ ਅਤੇ ਕਹਾਣੀ ਹੀ ਉਸ ਦੀ ਥੰਮ੍ਹੀ ਬਣ ਗਈ ਜਿਸ ਨੇ ਕਦੀ ਵੀ ਉਸ ਨੂੰ ਡੋਲਣਾ ਨਾ ਦਿੱਤਾ। ਜ਼ਿੰਦਗੀਆਂ 'ਚ ਔਖਾ ਵਕਤ ਬਹੁਤ ਆਇਆ ਪਰ ਕਜ਼ਾਕ ਰੋਇਆ ਨਾ ਉਸ ਨੇ ਸ਼ਬਦਾਂ ਨਾਲ ਸਾਂਝ ਪਾਈ।

ਕਿਰਪਾਲ ਕਜ਼ਾਕ ਨੇ ਸਿਕਲੀਗਰਾਂ, ਬਾਜ਼ੀਗਰਾਂ ਵਰਗੇ ਕਬੀਲਿਆਂ ਦੇ ਲੋਕਾਂ ਵਿਚ ਆਪਣਾ ਸਮਾਂ ਬੀਤਤ ਕੀਤਾ। ਉਨ੍ਹਾਂ 'ਤੇ ਖੋਜ ਕਾਰਜ ਕੀਤੇ। ਉਨ੍ਹਾਂ ਦੀ ਰਹਿਣੀ-ਸਹਿਣੀ ਸੱਭਿਆਚਾਰ ਨੂੰ ਸਮਝਿਆ। ਇਨ੍ਹਾਂ ਦਿਨਾਂ ਵਿਚ ਉਹ ਕਹਾਣੀ ਤੋਂ ਦੂਰ ਹੋ ਗਿਆ ਪਰ ਕਹਾਣੀ ਉਸ ਕੋਲੋਂ ਦੂਰ ਨਾ ਹੋਈ। ਇਸ ਗੱਲ ਦੀ ਗਵਾਹੀ 2018 ਵਿਚ ਆਇਆ ਉਸ ਦਾ ਕਹਾਣੀ ਸੰਗ੍ਰਹਿ 'ਸ਼ਰੇਆਮ' ਭਰਦਾ ਹੈ। ਘਰ ਦੀ ਤੰਗੀ ਕਰ ਕੇ ਉਹ ਬਹੁਤਾ ਪੜ੍ਹ ਨਾ ਸਕਿਆ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਤਾਂ ਪੜ੍ਹਾਉਣ ਲਈ ਜੰਮਿਆ ਹੈ।

ਕਜ਼ਾਕ ਦਾ ਮੰਨਣਾ ਹੈ ਕਿ ਜਦੋ-ਜਹਿਦ ਹੀ ਜ਼ਿੰਦਗੀ ਹੈ। ਉਸ ਨੂੰ ਹੁਣ ਖਹਿਣਾ ਆ ਗਿਆ। 1970 ਤੋਂ ਕਹਾਣੀ ਲਿਖਣ ਵਾਲੇ ਕਜ਼ਾਕ 'ਤੇ ਪਿਛਲੀ ਦਿਨੀਂ ਸਾਹਿਤ ਅਕਾਦਮੀ ਦੀ ਨਜ਼ਰ ਪਈ ਤੇ ਉਸ ਦੀ ਕਿਤਾਬ 'ਅੰਤਹੀਣ' ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਦੇ ਦਿੱਤਾ। ਹੁਣ ਕਜ਼ਾਕ ਤੇ ਕਹਾਣੀ ਦਾ ਨਾਤਾ ਹੋਰ ਵੀ ਗੂੜ੍ਹਾ ਹੋ ਗਿਆ ਹੈ। ਮੈਂ ਉਸਨੂੰ ਆਪ ਦੀ ਕਹਾਣੀ ਤੇ ਜ਼ਿੰਦਗੀ ਬਾਰੇ ਇਕ ਰਾਗ ਛੇੜਨ ਲਈ ਕਿਹਾ ਤੇ ਕਜ਼ਾਕ ਨੇ ਐਸੇ ਆਲਾਪ ਲਾਏ ਜੋ ਬਹੁਤ ਹੀ ਵੈਰਾਗੀ ਹਨ ਤੁਸੀ ਵੀ ਦੇਖੋ।

- ਸਭ ਤੋਂ ਪਹਿਲਾਂ ਪੁਸਤਕ 'ਅੰਤਹੀਣ' ਨੂੰ ਮਿਲੇ ਸਾਹਿਤ ਅਕਾਦਮੀ ਪੁਰਸਕਾਰ ਲਈ ਮੁਬਰਾਕਬਾਦ। ਲੇਟ ਹੋਇਆ ਫ਼ੈਸਲਾ ਕਿੰਨੀ ਕੁ ਖ਼ੁਸ਼ੀ ਦੇ ਰਿਹਾ ਹੈ?

ਮੇਰੇ ਲਈ ਬੇਹੱਦ ਖ਼ੁਸ਼ੀ ਦੀ ਗੱਲ ਹੈ। ਅੱਧੀ ਸਦੀ ਦੀ ਮਿਹਨਤ ਬਦਲੇ ਮਾਣ ਸਤਿਕਾਰ ਮਿਲਿਆ।

- ਕਹਾਣੀ ਲਿਖਣ ਦੇ ਦਿਨਾਂ ਵਿਚ ਗ਼ੁਰਬਤ ਬਹੁਤ ਸੀ ਫਿਰ ਕਹਾਣੀ ਲਿਖਣ ਨੂੰ ਮਨ ਕਿਵੇਂ ਮੰਨਿਆ, ਕਹਿੰਦੇ ਨੇ ਭੁੱਖਿਆਂ ਭਗਤੀ ਨਹੀਂ ਹੁੰਦੀ?

ਮੈਂ ਗ਼ੁਰਬਤ ਨੂੰ ਕਦੇ ਹੀਣਤਾ ਭਾਵ ਵਿਚ ਨਹੀਂ ਲਿਆ। ਮੇਰੇ ਪਿਤਾ ਜੀ ਵੱਡੇ ਦਾਨਿਸ਼ਵਰ ਸਨ। ਉਹ ਅਕਸਰ ਕਬੀਰ ਸਾਹਿਬ ਦੀ ਸਤਰ ਦੁਹਰਾਉਦੇ। 'ਗਰੀਬੀ ਸਦਾ ਹਮਾਰੀ' ਮੁਫ਼ਲਸੀ ਅਤੇ ਤੰਗ-ਦਸਤੀ ਅਨੁਭਵ ਨੂੰ ਹਮੇਸ਼ਾ ਡੂੰਘਾ ਅਤੇ ਵਿਸ਼ਾਲ ਕਰਦੀ ਹੈ।

- ਚਿਤਰ-ਗੁਪਤ ਕਹਾਣੀ ਦੇ ਮੁੱਖ ਪਾਤਰ ਦੀ ਅਗਲੇਰੀ ਤਾਂਘ ਦੀ ਮਨੋਦਸ਼ਾ ਨੂੰ ਕਿਸ ਤਰੀਕੇ ਨਾਲ ਫੜਿਆ ਤੁਸੀਂ?

ਇਸਤਰੀਆਂ ਅਤੇ ਖ਼ਾਸ ਕਰ ਮਾਵਾਂ ਬਹੁਤ ਸੰਵੇਦਨਸ਼ੀਲ ਅਤੇ ਦੂਰਦਰਸ਼ੀ ਹੁੰਦੀਆਂ ਹਨ। ਉਨ੍ਹਾਂ ਤੋਂ ਕੁਝ ਨਹੀਂ ਲੁੱਕਦਾ।

- ਪੰਜਾਬ ਦੇ ਬਹੁਤੇ ਸਟੂਡੈਂਟਸ ਪਰਵਾਸ ਵੱਲ ਰੁਖ ਕਰ ਰਹੇ ਨੇ ਪੰਜਾਬੀ ਕਹਾਣੀ ਇਸ ਨੂੰ ਕਿਵੇਂ ਬਿਆਨ ਕਰ ਰਹੀ ਹੈ?

ਸਰਕਾਰਾਂ ਨੇ ਰੋਜ਼ੀ ਦੇ ਵਸੀਲੇ ਪੈਦਾ ਕੀਤੇ ਹੁੰਦੇ ਤਾਂ ਇੰਝ ਦਾ ਪਰਵਾਸ ਨਾ ਵਾਪਰਦਾ। ਪੰਜਾਬ ਇਕ ਤਰ੍ਹਾਂ ਉੱਜੜ ਰਿਹਾ ਹੈ। ਸਾਹਿਤ ਨੇ ਤਾਂ ਆਉਣ ਵਾਲੇ ਖ਼ਤਰੇ ਬਾਰੇ ਸੰਕੇਤ ਕਰਨਾ ਹੁੰਦਾ ਹੈ।

- ਗੁਰਬਚਨ ਸਿੰਘ ਭੁੱਲਰ ਆਖਦੇ ਨੇ ਕਿ ਲੇਖਕ ਹੱਡਬੀਤੀ ਨੂੰ ਜੱਗਬੀਤੀ ਬਣਾ ਕੇ ਲਿਖਦਾ ਹੈ ਕੀ ਤੁਹਾਡੀ ਕਹਾਣੀ ਵੀ ਹੱਡਬੀਤੀ ਤੋਂ ਜੱਗਬੀਤੀ ਵੱਲ ਪਰਤੀ ਹੈ?

ਗਲਪ (ਸਾਹਿਤ) ਹੱਡਬੀਤੀ, ਜੱਗਬੀਤੀ ਵਿਚਾਲੇ ਲੀਕ ਨਹੀਂ ਖਿੱਚੀ ਜਾ ਸਕਦੀ। ਦੋਵੇਂ ਅਨੁਭਵ ਇਕ ਦੂਜੇ ਵਿਚ ਸਮਿਲਤ ਹੁੰਦੇ ਹਨ।

- 'ਲੋਕ ਵੇਦ' ਕਿਤਾਬ ਸਮਾਜਿਕ ਅਨੁਭਵ ਦੀ ਕਿਤਾਬ ਹੈ ਇਸ ਨੂੰ ਵੀ ਕਹਾਣੀ ਵਾਂਗ ਭਰਵਾਂ ਹੁੰਗਾਰਾ ਮਿਲਿਆ ਹੈ?

'ਲੋਕ ਵੇਦ' ਪੁਸਤਕ ਗਿਆਨ ਸੀਮਾਸਾ ਅਤੇ ਲੋਕ ਲੋਕਾਈ ਤੱਤ ਸਾਰ ਨਾਲ ਪਰੋਸਾਈ ਹੋਈ ਹੈ। ਮੈਂ ਜੋ ਸੁਣਿਆ, ਪੜ੍ਹਿਆ ਅਤੇ ਜਾਣਿਆ, ਉਹ ਪਰੋਸ ਦਿੱਤਾ। ਪਾਠਕਾਂ ਨੇ ਹਮੇਸ਼ਾ ਮੇਰੀ ਲਿਖਤ ਦਾ ਮਾਣ ਰੱਖਿਆ ਹੈ।

- ਸਿਕਲੀਗਰਾਂ, ਬਾਜ਼ੀਗਰਾਂ ਤੇ ਹੋਰ ਕਬੀਲਿਆਂ ਦੇ ਲੋਕਾਂ ਦੇ ਜੀਵਨ 'ਤੇ ਖੋਜ ਕਾਰਜ ਕਰਦਿਆਂ ਜ਼ਿੰਦਗੀ ਦਾ ਕਿਹੜਾ ਤੱਤ ਨੇੜਿਓਂ ਦੇਖਿਆ ਹੈ?

ਸੰਸਾਰ ਜਿੱਥੇ ਅਜੋਕੇ ਸਮੇਂ ਇਖਲਾਕਹੀਣਤਾ, ਸੁਆਰਥੀ ਰਾਜਨੀਤੀ ਅਤੇ ਮੁਨਾਫ਼ਾਖੋਰੀ ਦੇ ਵਸਤੂ ਜਗਤ ਵਿਚ ਖਚਿਤ ਹੈ। ਕਬੀਲੇ ਹਾਲੇ ਵੀ ਪ੍ਰਕਿਰਤੀ ਅਤੇ ਮਾਨਵੀ ਕਦਰਾਂ ਕੀਮਤਾਂ ਦੇ ਨੇੜੇ ਹਨ। ਕਤਲ, ਚੋਰੀ-ਠੱਗੀ, ਜਬਰ ਜਨਾਹ ਅਤੇ ਕਿਸੇ ਦੂਜੇ ਨੂੰ ਲਿਤਾੜ ਕੇ ਅੱਗੇ ਲੰਘਣ ਦੀਆਂ ਅਲਾਮਤਾਂ ਤੋਂ ਬਚੇ ਹੋਏ ਹਨ। ਪਰ ਹੁਣ ਦਿਨ ਬਦਿਨ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਇਨ੍ਹਾਂ ਨੂੰ ਜਾਣਨ ਲਈ ਲੰਮੀ ਗੱਲਬਾਤ ਦੀ ਲੋੜ ਹੈ?

- ਔਰਤ ਤੇ ਮਰਦ ਦੇ ਮਨ ਦੀ ਸਥਿਤੀ ਦੀ ਜੋ ਕਹਾਣੀ ਲਿਖੀ ਜਾ ਰਹੀ ਹੈ ਅਜਿਹੀ ਕਹਾਣੀ ਨੂੰ ਪਾਠਕ ਕਿੰਨੀ ਕੁ ਪ੍ਰਮਾਣਿਕਤਾ ਦਿੰਦਾ ਹੈ?

ਅਜਿਹੀ ਕਹਾਣੀ ਜੇ ਕਲਾਤਮਿਕਤਾ ਦੇ ਨੇੜੇ ਹੈ ਅਤੇ ਚਸਕੇ ਤੋਂ ਦੂਰ ਹੈ ਤਾਂ ਗੰਭੀਰ ਪਾਠਕ ਐਸੀ ਲਿਖਤ ਪਸੰਦ ਕਰਦਾ ਹੈ।

- ਇਕ ਕਹਾਣੀਕਾਰ ਦੇ ਤੌਰ 'ਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ?

ਪੰਜਾਬ ਦੀ ਨਿਮਨ ਕਿਸਾਨੀ ਤਾਂ ਸਾਂਝੇ ਪਰਿਵਾਰਾਂ ਦੇ ਵਿਗੜਨ ਨਾਲ ਹੀ ਸਹਿਕਣ ਲੱਗ ਪਈ ਸੀ। ਫਿਰ ਜਿਵੇਂ-ਜਿਵੇਂ ਨੌਜਵਾਨ ਪੀੜ੍ਹੀ ਕਿਰਤ ਕਰਨ ਤੋਂ ਪਾਸਾ ਵੱਟਦੀ ਗਈ ਤਿਵੇਂ ਤਿਵੇਂ ਪਰਵਾਸ ਵੱਲ ਚਲੀ ਗਈ। ਵਿਦੇਸ਼ ਵਿਚ ਕੀ ਕੰਮ ਨਹੀਂ ਕਰਨਾ ਪੈਦਾ? ਬਸ ਉਥੇ ਕੋਈ ਆਪਣਾ ਦੇਖਦਾ ਨਹੀਂ।

- ਗ਼ੁਰਬਤ ਦੀ ਜ਼ਿੰਦਗੀ ਜਿਊਂਦਿਆਂ ਕੋਈ ਐਸੀ ਘਟਨਾ ਵਾਪਰੀ ਹੋਵੇ ਜੋ ਅੱਜ ਵੀ ਅੱਖਾਂ ਸਿੱਲ੍ਹੀਆਂ ਕਰ ਦਿੰਦੀ ਹੈ?

ਮੇਰੀ ਤਾਂ ਪੂਰੀ ਜ਼ਿੰਦਗੀ ਹੀ ਔਖਿਆਈ ਅਤੇ ਜ਼ਿਲੱਤ ਵਿਚ ਬੀਤੀ ਹੈ। ਬਦਤਰ ਤੋਂ ਬਦਤਰ ਹਾਲਾਤ ਵਿਚ ਵੀ ਰੋਣ-ਧੋਣ 'ਤੇ ਟੇਕ ਨਹੀਂ ਰੱਖੀ। ਮੰਨ ਲਿਆ ਕਿ ਜਦੋ ਜਹਿਦ ਹੀ ਜ਼ਿੰਦਗੀ ਹੈ, ਇਸ ਲਈ ਡਿੱਗ ਢਹਿ ਕੇ ਵੀ ਤੁਰਦੇ ਰਹੇ।

- 'ਮਿੱਟੀ ਦਾ ਮਾਧੋ' ਕਹਾਣੀ ਦੇ ਮਾਧੋ ਪਾਤਰ ਵਰਗੇ ਅਨਪੜ੍ਹ ਪਰ ਸੰਵੇਦਨਸ਼ੀਲ ਹਿਰਦੇ ਵਾਲੇ ਬਹੁਤੇ ਪਾਤਰ ਹਨ ਜਿਨ੍ਹਾਂ ਨੂੰ ਜਾਤ-ਪਾਤ ਦਾ ਮਿਹਣਾ ਝੱਲਣਾ ਪੈ ਰਿਹਾ ਹੈ ਕੀ ਸੋਚਦੇ ਹੋ?

ਮਿੱਟੀ ਦਾ ਮਾਧੋ ਅਜੋਕੇ ਮਸਨੂਈ ਵਰਤਾਰੇ 'ਤੇ ਚਿੱਬ ਪਾਉਣ ਵਾਲੀ ਕਹਾਣੀ ਹੈ। ਇਸ ਕਹਾਣੀ ਨੂੰ ਬਹੁਤ ਪਸੰਦ ਕੀਤਾ ਗਿਆ, ਦਰਅਸਲ ਵਰਤਮਾਨ (ਸਮਕਾਲ) ਵਿਚ ਅਜਿਹੇ ਪਾਤਰ ਹੀ ਇਖਲਾਕੀ ਕਦਰਾਂ-ਕੀਮਤਾਂ ਨੂੰ ਸੰਭਾਲੀ ਬੈਠੇ ਹਨ।

- ਗੁਰਪ੍ਰੀਤ ਡੈਨੀ

97792-50653

Posted By: Harjinder Sodhi